ਅਕਾਲ ਤਖ਼ਤ ਸਾਹਿਬ ਦਾ ਵਜੂਦ ਤੇ ਸ੍ਰੋਮਣੀ ਅਕਾਲੀ ਦਲ ਦਾ ਭਵਿੱਖ
ਕਿਰਪਾਲ ਸਿੰਘ (ਬਠਿੰਡਾ)-98554-80797
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੮ ਹਾੜ ਸੰਮਤ ੧੬੬੩ ਬਿਕ੍ਰਮੀ (15 ਜੂਨ 1606 ਈ:) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ। ਇਸ ਤਖ਼ਤ ਦੀ ਰਾਹੀਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਪੈਗ਼ਾਮ ਨੂੰ ਹੀ ਪ੍ਰਗਟ ਕੀਤਾ ਸੀ :
(1) ‘‘ਤਖਤਿ ਬਹੈ, ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥’’ (ਮਹਲਾ ੧/੧੦੨੨) ਭਾਵ ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉੱਤੇ ਬੈਠਾ ਹੋਇਆ ਹੈ, (ਜਿਸ ਦੀ ਮਿਹਰ ਨਾਲ ਜਗਤ ’ਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਿਮ ਦੂਰ ਹੁੰਦਾ ਹੈ।
(2) ‘‘ਤਖਤਿ ਬਹੈ, ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਦੀ ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥’’ (ਮਹਲਾ ੧/੧੦੩੯) ਭਾਵ ਜਿਹੜਾ ਮਨੁੱਖ ਗੁਰੂ ਦੀ ਮੱਤ ਪ੍ਰਾਪਤ ਕਰ ਆਪਣੇ ਪੰਜੇ ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਕਾਬੂ ਕਰ ਲੈਂਦਾ ਹੈ, ਉਹ ਆਪਣੇ ਹਿਰਦੇ-ਤਖ਼ਤ ’ਤੇ ਬੈਠਣਜੋਗ ਹੈ, ਹਿਰਦੇ-ਤਖ਼ਤ ਉੱਤੇ ਟਿਕ ਜਾਂਦਾ ਹੈ ਭਾਵ ਮੁੜ ਵਿਕਾਰਾਂ ਵੱਲ ਨਹੀਂ ਪਰਤਦਾ ਕਿਉਂਕਿ ਜੋ ਉਸ ਦਾ ਮਾਲਕ-ਪਤੀ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਭੀ ਸੀ, ਜੁਗਾਂ ਦੀ ਅਰੰਭਤਾ ਸਮੇਂ ਭੀ ਸੀ, ਹੁਣ ਭੀ ਮੌਜੂਦ ਹੈ ਤੇ ਉਹ ਅਗਾਂਹ ਭੀ (ਉਸ ਦਾ ਸਹਾਰਾ ਬਣਨ ਲਈ) ਸਦਾ ਕਾਇਮ ਰਹੇਗਾ। ਉਹ ਪਰਮਾਤਮਾ ਗੁਰੂ ਦੀ ਮੱਤ ’ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਡਰ-ਸਹਮ, ਉਸ ਦੀ ਭਟਕਣਾ ਆਦਿ ਦੂਰ ਕਰ ਦਿੰਦਾ ਹੈ। ਐਸੇ ਸਦੀਵੀ ਸਥਿਰ ਪ੍ਰਭੂ ਦਾ ਸਿਮਰਨ ਕਰਨ ਨਾਲ਼ ਹਰ ਇੱਕ ਦਾ ਫ਼ਿਕਰ ਤੇ ਵਹਿਮ ਦੂਰ ਹੋ ਜਾਂਦਾ ਹੈ।
(3) ‘‘ਤਖਤਿ (’ਤੇ) ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥ ਜਿਨੀ, ਸਚੁ ਪਛਾਣਿਆ; ਸਚੁ ਰਾਜੇ ਸੇਈ ॥ ਏਹਿ ਭੂਪਤਿ, ਰਾਜੇ ਨ ਆਖੀਅਹਿ; ਦੂਜੈ ਭਾਇ ਦੁਖੁ ਹੋਈ ॥ ਕੀਤਾ, ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ, ਸੁ ਨਿਹਚਲੁ ਹੋਈ ॥੬॥’’ (ਮਹਲਾ ੩/੧੦੮੮) ਭਾਵ ਜੋ ਮਨੁੱਖ ਤਖ਼ਤ ਦੇ ਬੈਠਣਜੋਗ ਹੁੰਦਾ ਹੈ, ਉਹੀ ਰਾਜਾ ਬਣ ਕੇ ਤਖ਼ਤ ’ਤੇ ਬੈਠਾ ਸ਼ੋਭਦਾ ਹੈ (ਉਹ ਮਾਇਆਵੀ ‘ਤ੍ਰਿਸ਼ਨਾ ਭੁੱਖ’ ਗਵਾ ਕੇ ਬੇਪਰਵਾਹ ਹੁੰਦਾ ਹੈ ਤੇ ਆਦਰ ਪਾਉਂਦਾ ਹੈ); ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹੀ ਅਸਲ ਰਾਜੇ ਹਨ। ਧਰਤੀ ਦੇ ਮਾਲਕ ਬਣੇ ਹੋਏ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਨ੍ਹਾਂ ਨੂੰ (ਇਕ ਤਾਂ) ਮਾਇਆ ਮੋਹ ਕਾਰਨ ਸਦਾ ਦੁੱਖ ਵਿਆਪਦਾ ਹੈ ਤੇ (ਦੂਜਾ ਅਸਲ ਮਾਲਕ-ਪ੍ਰਭੂ ਤੋਂ ਦੂਰ ਹੋ ਜਾਂਦਾ ਹੈ; ਫਿਰ) ਉਸ ਦੀ ਕਾਹਦੀ ਖ਼ੁਸ਼ਾਮਦ ਕਰਨੀ, ਜਿਸ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਸੋ ਅਟੱਲ ਰਾਜ ਵਾਲਾ ਕੇਵਲ ਇਕ ਪ੍ਰਭੂ ਹੀ ਹੈ। ਗੁਰੂ ਦੀ ਰਾਹੀਂ ਜਿਹੜਾ ਇਹ ਭੇਦ ਸਮਝ ਲੈਂਦਾ ਹੈ, ਉਹ ਮਾਇਆਵੀ ਹੁਲਾਰਿਆਂ ਵਿੱਚ ਭੀ ਅਡੋਲ ਰਹਿੰਦਾ ਹੈ।
ਸੋ ਮਾਣਮੱਤੇ ਇਸੇ ਤਖ਼ਤ (ਸਥਾਨ) ’ਤੇ ੬ ਸਾਵਣ ਸੰਮਤ ੧੬੬੩ (5 ਜੁਲਾਈ 1606 ਈ:) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਗੁਰੂ ਸਾਹਿਹ ਨੇ ਇਕ ਆਪਣੇ ਸੱਜੇ ਪਾਸੇ ਤੇ ਦੂਜੀ ਖੱਬੇ ਪਾਸੇ ਪਹਿਨਦਿਆਂ ਫ਼ੁਰਮਾਇਆ ਕਿ ਅਸੀਂ ਇਹ ਸਭ; ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦੀ ਪੁਸ਼ਟੀ ਢਾਡੀ ਅਬਦੁੱਲਾ ਜੀ ਨੇ ਇਸ ਤਰ੍ਹਾਂ ਕੀਤੀ ਹੈ :
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ (ਪੀਰੀ) ਤੇ ਸਿਪਾਹੀ (ਰਾਜਸੀ ਤਾਕਤ/ਮੀਰੀ); ਇਕ ਸਮਾਨ ਨਿਰੰਤਰ ਕਾਇਮ ਰਹਿਣਗੀਆਂ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਕੀਤਾ ਸੀ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੇ ਉਪਰਾਲੇ ਜ਼ਰੂਰ ਹੁੰਦੇ ਰਹੇ ਹਨ। ਧਾਰਨਾ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਗੁਰਮਤਿ ਧਰਮ ਤੇ ਰਾਜਨੀਤੀ ਇੱਕ ਹੋਣਗੇ, ਪਰ ਚੇਤੇ ਰਹੇ ਕਿ ਧਰਮ (ਪੀਰੀ); ਰਾਜਨੀਤੀ (ਮੀਰੀ) ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਭੀ ਇਹੀ ਸੰਕੇਤ ਦਿੰਦੇ ਹਨ, ਜਿਨ੍ਹਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਅਕਾਲ ਤਖ਼ਤ ਸਾਹਿਬ ਵਾਲ਼ੇ ਨਿਸ਼ਾਨ ਸਾਹਿਬ ਤੋਂ 10 ਫੁੱਟ ਵੱਧ ਹੈ। ਇਹੀ ਹੈ ਗੁਰੂ ਸਾਹਿਬਾਨ ਦੁਆਰਾ ਮਨੁੱਖਤਾ ਨੂੰ ਬਖ਼ਸ਼ਿਆ ਨਵਾਂ ਸਿਧਾਂਤ।
ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ 1606 ਈ: ਵਿੱਚ ਕੀਤੀ। ਆਪ ਪਹਿਲਾਂ ਸੰਨ 1609 ਤੱਕ ਤੇ ਫਿਰ 1617 ਤੋਂ 1631 ਤੱਕ ਬਹੁਤਾ ਸਮਾਂ ਅੰਮ੍ਰਿਤਸਰ ਵਿਖੇ ਹੀ ਰਹੇ ਸਨ। ਆਪ ਜੀ ਦੀ ਦੇਖ-ਰੇਖ ’ਚ ਤਖ਼ਤ ਸਾਹਿਬ ਦੀ ਕਾਰਵਾਈ ਸੁਚੱਜੀ ਚਲਦੀ ਰਹੀ। ਸੰਨ 1632 ਈ: ’ਚ ਆਪ ਕੀਰਤਪੁਰ ਸਾਹਿਬ ਚਲੇ ਗਏ। ਇਸ ਮਗਰੋਂ ਛੇਵੇਂ, 7ਵੇਂ ਤੇ 8ਵੇਂ ਪਾਤਿਸ਼ਾਹ ਵਧੇਰੇ ਕਰਕੇ ਕੀਰਤਪੁਰ ਸਾਹਿਬ ਹੀ ਰਹੇ। ਨਾਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਸੰਭਾਲਣ ਪਿੱਛੋਂ ਪ੍ਰਚਾਰ ਫੇਰੀਆਂ ਤੋਂ ਬਾਅਦ ਬਹੁਤਾ ਸਮਾ ਬਾਬਾ ਬਕਾਲਾ ਅਤੇ ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਰਹੇ; ਇਕ ਵਾਰ ਆਪ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਦੇ ਦਰਸ਼ਨਾਂ ਲਈ ਆਏ ਜ਼ਰੂਰ ਸਨ, ਪਰ ਓਥੇ ਕਾਬਜ ਮਸੰਦਾਂ ਨੇ ਦਰਵਾਜੇ ਬੰਦ ਕਰਕੇ ਗੁਰੂ ਜੀ ਨੂੰ ਅੰਦਰ ਦਾਖ਼ਲ ਨਾ ਹੋਣ ਦਿੱਤਾ, ਇਸ ਲਈ ਆਪ ਬਾਹਰੋਂ ਹੀ ਸੀਸ ਝੁਕਾ ਕੇ ਵਾਪਸ ਚਲੇ ਗਏ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ, ਪਾਉਂਟਾ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਹਜੂਰ ਸਾਹਿਬ ਨੰਦੇੜ ਵਿਖੇ ਰਹੇ। ਇਸ ਸਾਰੇ ਸਮੇਂ ਦੌਰਾਨ ਗੁਰੂ ਸਾਹਿਬਾਨ; ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਆਪਣੀਆਂ-ਆਪਣੀਆਂ ਥਾਵਾਂ ਤੋਂ ਹੀ ਚਲਾਉਂਦੇ ਰਹੇ ਸਨ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਤਾਂ ਗੁਰੂ ਜੀ ਵੱਲੋਂ ਖ਼ੁਦ ਹੀ ਖ਼ਾਲਸਾ ਫੌਜ ਦੇ ਜਥੇਦਾਰ ਥਾਪੇ ਗਏ ਸਨ। ਇਨ੍ਹਾਂ ਮਗਰੋਂ ਪੰਥ ਦੀ ਸਿਆਸੀ ਅਗਵਾਈ ਸਰਬੱਤ ਖ਼ਾਲਸਾ ਕੋਲ ਆ ਗਈ। ਸਰਬੱਤ ਖ਼ਾਲਸਾ ਦੀ ਫੌਜ-ਖ਼ਾਲਸਾ ਦਲ (ਜਾਂ ਦਲ ਖ਼ਾਲਸਾ) ਦੇ ਆਗੂ ਆਪਣਾ ਇੱਕ ਜਥੇਦਾਰ ਚੁਣ ਲੈਂਦੇ ਸਨ। ਮਿਸਾਲ ਦੇ ਤੌਰ ’ਤੇ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ; ਦਲ ਖ਼ਾਲਸਾ ਵੱਲੋਂ ਜਥੇਦਾਰ ਥਾਪੇ ਜਾਂਦੇ ਰਹੇ ਹਨ। ਉਹ ਖ਼ਾਲਸਾ ਫੌਜ ਦੇ ਜਥੇਦਾਰ ਰਹੇ ਹਨ, ਨਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ। ਮਿਸਲਾਂ ਦੇ ਸਮੇਂ ਸਾਲ ਵਿੱਚ ਦੋ ਵਾਰ (ਦੀਵਾਲੀ ਤੇ ਵੈਸਾਖੀ ਮੌਕੇ) ਸਾਰੀਆਂ ਮਿਸਲਾਂ ਦੇ ਮੁਖੀ ਨੁੰਮਾਇੰਦੇ ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇੱਕ ਸਾਂਝੀ ਇਕੱਤ੍ਰਤਾ ਬੁਲਾਉਂਦੇ ਰਹੇ, ਜਿਸ ਨੂੰ ਸਰਬੱਤ ਖ਼ਾਲਸੇ ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਹਰ ਸਮੇਂ ਵੱਖੋ ਵੱਖ ਵਿਚਾਰਧਾਰਾ ਦੇ ਧਾਰਨੀ ਮਿਸਲਾਂ ਦੇ ਨੁੰਮਾਇੰਦੇ ਆਪਣੇ ਵਿੱਚੋਂ ਇਕ ਨੂੰ ਜਥੇਦਾਰ ਚੁਣ ਲੈਂਦੇ ਸਨ, ਜਿਸ ਦੀ ਦੇਖ ਰੇਖ ਹੇਠ ਸਰਬੱਤ ਖ਼ਾਲਸਾ ਦੀ ਕਾਰਵਾਈ ਚੱਲਦੀ ਸੀ। ਆਪਣੇ ਨਿੱਜੀ ਹਿਤਾਂ ਅਤੇ ਵਿਚਾਰਾਂ ਨੂੰ ਲਾਂਭੇ ਰੱਖ ਕੇ ਕੇਵਲ ਪੰਥਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਗੁਰਮਤਿ ਦੀ ਰੌਸ਼ਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜਦ ਤੱਕ ਸਰਬ ਸੰਮਤੀ ਨਾਲ ਕਿਸੇ ਫੈਸਲੇ ’ਤੇ ਨਹੀਂ ਸੀ ਪੁੱਜਿਆ ਜਾਂਦਾ, ਤਦ ਤਕ ਮੀਟਿੰਗਾਂ ਨਿਰੰਤਰ ਜਾਰੀ ਰਹਿੰਦੀਆਂ। ਸਰਬ ਸੰਮਤੀ ਵਾਲੇ ਫੈਸਲੇ ਨੂੰ ‘ਗੁਰਮਤਾ’ ਨਾਮ ਦਿੱਤਾ ਜਾਂਦਾ ਸੀ; ਜਿਸ ਦਾ ਅਰਥ ਹੈ ‘ਗੁਰੂ ਦੀ ਸਿੱਖਿਆ ਮੁਤਾਬਕ ਪਾਸ ਕੀਤਾ ਮਤਾ’। ਸਰਬ ਸੰਮਤੀ ਨਾਲ ਪਾਸ ਹੁੰਦੇ ਐਸੇ ਗੁਰਮਤੇ ਨੂੰ ਉਸ ਇਕੱਤ੍ਰਤਾ ’ਚ ਚੁਣਿਆ ਗਿਆ ਜਥੇਦਾਰ; ਅਕਾਲ ਤਖ਼ਤ ਦੀ ਫਸੀਲ ਤੋਂ ਪੰਥ ਦੇ ਨਾਮ ਸੰਦੇਸ਼ ਦੇ ਤੌਰ ’ਤੇ ਪੜ੍ਹ ਕੇ ਸੁਣਾ ਦਿੰਦਾ ਸੀ, ਜਿਸ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਕਿਹਾ ਜਾਣ ਲੱਗ ਪਿਆ ਤੇ ਸਾਰਾ ਪੰਥ ਬਿਨਾਂ ਹੀਲ ਹੁਜਤ ਤੋਂ ਉਸ ਨੂੰ ਮੰਨ ਲੈਂਦਾ ਸੀ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਇਉਂ ਕਰਦੇ ਹਨ :
‘ਅਕਾਲ ਬੁੰਗੇ ਚੜ੍ਹਿ, ਤਖ਼ਤੈ ਬਹਿ ਹੈਂ। ਲਾਇ ਦੀਵਾਨ, ਗੁਰਮਤੇ ਮਤੇ ਹੈਂ।’
ਗਿਆਨੀ ਗਿਆਨ ਸਿੰਘ ਦੇ ਲਫ਼ਜ਼ ਹਨ :
‘ਕਾਮ ਪਰਤ ਥਾ, ਜੋ ਕਛ ਕਬ ਹੀ। ਕਰਤ ਗੁਰਮਤਾ, ਮਿਲ ਕਰ ਸਭ ਹੀ।
ਜਥੇਦਾਰ ਜੋ ਕਛੁ ਕਹਿ ਦੇਤਾ। ਸੋਈ, ਪੰਥ ਮਾਨ ਸਭ ਲੇਤਾ।’
ਬਾਬਾ ਬੰਦਾ ਸਿੰਘ ਬਹਾਦਰ ਜੀ ਪਿੱਛੋਂ ਵੱਖ ਵੱਖ ਇਲਾਕਿਆਂ ’ਚ ਖ਼ਾਲਸਾ ਫੌਜ ਦੇ 65 ਜਥੇ ਵਿਚਰ ਰਹੇ ਸਨ। ਉਨ੍ਹਾਂ ਸਮਿਆਂ ’ਚ ਸਾਲ ’ਚ ਦੋ ਵਾਰ ਵੈਸਾਖੀ ਅਤੇ ਦੀਵਾਲੀ ਵਾਲੇ ਦਿਨ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦਾ ਇਕੱਠ ਹੁੰਦਾ ਸੀ, ਜਿਸ ਨੂੰ ਸਰਬਤ ਖ਼ਾਲਸਾ ਕਿਹਾ ਜਾਂਦਾ ਸੀ। ਅਕਾਲ ਤਖ਼ਤ ਸਾਹਿਬ ’ਤੇ ਹੋਏ ਇਸ ਸਰਬਤ ਖ਼ਾਲਸਾ ਦੇ ਇਕੱਠ ਨੇ 65 ਜਥਿਆਂ ਨੂੰ 11 ਮਿਸਲਾਂ ’ਚ ਵੰਡਣ ਦਾ ਗੁਰਮਤਾ ਕੀਤਾ। ਉਸ ਗੁਰਮਤੇ ਮੁਤਾਬਕ (ਨਵਾਬ) ਕਪੂਰ ਸਿੰਘ ਸਰਬਤ ਖ਼ਾਲਸਾ ਦੇ ਜਥੇਦਾਰ ਅਤੇ ਸ: ਜੱਸਾ ਸਿੰਘ ਆਹਲੂਵਾਲੀਆ; ਦਲ ਖ਼ਾਲਸਾ (ਯਾਨੀ ਸਾਰੀ ਖ਼ਾਲਸਾ ਫੌਜ) ਦੇ ਜਥੇਦਾਰ ਬਣਾਏ ਗਏ। ਹਰ ਮਿਸਲ ਦੀ ਕਮਾਨ ਇੱਕ ਜਥੇਦਾਰ ਨੂੰ ਸੌਂਪੀ ਗਈ। ਸਰਬਤ ਖ਼ਾਲਸਾ ਨੇ ਇਸ ਗੁਰਮਤੇ ਵਿਚ ਇਹ ਵੀ ਫੈਸਲਾ ਕੀਤਾ ਕਿ ਕੋਈ ਵੀ ਸਿੱਖ; ਦਲ ਖ਼ਾਲਸਾ ਦੀ ਕਿਸੇ ਵੀ ਮਿਸਲ ’ਚ ਸ਼ਾਮਲ ਹੋ ਸਕਦਾ ਹੈ। ਹਰ ਮਿਸਲ ਆਪਣੇ ਅੰਦਰੂਨੀ ਮਾਮਲਿਆਂ ’ਚ ਖ਼ੁਦਮੁਖਤਿਆਰ ਹੋਵੇਗੀ, ਪਰ ਕੌਮੀ ਮਸਲੇ ਜਾਂ ਮਿਸਲਾਂ ਦੇ ਆਪਸੀ ਝਗੜੇ ਸਰਬਤ ਖ਼ਾਲਸਾ ਦੇ ਇਕੱਠ ’ਚ ਵਿਚਾਰੇ ਜਾਇਆ ਕਰਨਗੇ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਦੇ ਮੁਖੀ ਅਕਾਲੀ ਫੂਲਾ ਸਿੰਘ ਪਾਸ ਰਹੀ। ਅਕਾਲੀ ਫੂਲਾ ਸਿੰਘ ਜੀ ਨੂੰ ਸਿੱਖ ਕੌਮ; ਅੱਜ ਤੱਕ ਬਹੁਤ ਹੀ ਮਾਨ ਨਾਲ ਯਾਦ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਕੁਰਹਿਤ ਕਾਰਨ; ਉਨ੍ਹਾਂ ਨੂੰ ਕੋਰੜੇ ਮਾਰਨ ਦੀ ਸਖ਼ਤ ਸਜਾ ਸੁਣਾਈ ਸੀ, ਜਿਸ ਨੂੰ ਮਹਾਰਾਜਾ ਨੇ ਪ੍ਰਵਾਨ ਕੀਤਾ। ਇਸ ਘਟਨਾ ਨੇ ਉਦਾਹਰਣ ਪੇਸ਼ ਕਰ ਦਿੱਤੀ ਕਿ ਸਿੱਖਾਂ ਦੀ ਰਾਜਨੀਤਕ ਸ਼ਕਤੀ, ਭਾਵੇਂ ਉਹ ਕਿੰਨੀ ਵੀ ਤਾਕਤਵਰ ਹੋਵੇ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਣਾਂ ਹੀ ਪੈਂਦਾ ਹੈ। ਇਸੇ ਉਦਾਹਰਣ ਨੂੰ ਅੱਗੇ ਤੋਰਦਿਆਂ ਭਾਰਤ ਦੇ ਰਾਸ਼ਟਰਤੀ ਗਿਆਨੀ ਜੈਲ ਸਿੰਘ, ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਹੋਈ ਤਨਖ਼ਾਹ ਭੁਗਤੀ। ਸੁਰਜੀਤ ਸਿੰਘ ਬਰਨਾਲਾ ਨੂੰ ਤਾਂ ਥਮਲੇ ਨਾਲ ਬੰਨ੍ਹਿਆ ਗਿਆ ਸੀ ਅਤੇ ਜਿੰਨੇ ਦਿਨ ਸੇਵਾ ਚੱਲੀ, ਉਨੇ ਦਿਨ ਫੱਟੀ ਗਲ ’ਚ ਪਾਈ ਗਈ, ਜਿਸ ’ਤੇ ਲਿਖਿਆ ਸੀ ‘‘ਮੈਂ ਪਾਪੀ ਤੂੰ ਬਖ਼ਸ਼ਣਹਾਰ’’।
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪਿੱਛੋਂ ਅੰਗਰੇਜ਼ ਸਰਕਾਰ ਇਹ ਸਮਝ ਚੁੱਕੀ ਸੀ ਕਿ ਜੇ ਸਿੱਖਾਂ ਨੂੰ ਕਾਬੂ ਕਰਕੇ ਰੱਖਣਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਆਪਣੇ ਹੱਥ ’ਚ ਲੈਣਾ ਪੈਣਾ ਹੈ। ਇਸ ਲਈ ਜਥੇਦਾਰ ਦੀ ਥਾਂ ਉਨ੍ਹਾਂ ਨੇ ਸਰਕਾਰ ਵੱਲੋਂ ਸਰਬਰਾਹ ਨਿਯੁਕਤ ਕਰਨੇ ਸ਼ੁਰੂ ਕੀਤੇ, ਜੋ ਤਕਰੀਬਨ ਸਰਕਾਰ ਦੇ ਹੱਕ ’ਚ ਭੁਗਤਦੇ ਰਹੇ। ਸੰਨ 1921 ਦੀ ਵੈਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਖੇ ਨਿਹੱਥੀ ਅਤੇ ਬੇਗੁਨਾਹ ਭੀੜ ’ਤੇ ਜਨਰਲ ਡਾਇਰ ਵੱਲੋਂ ਦਿੱਤੇ ਹੁਕਮਾਂ ’ਤੇ ਚਲਾਈ ਗੋਲੀ ਨਾਲ 300 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ। ਡਾਇਰ ਦੀ ਇਸ ਵਹਿਸ਼ੀ ਕਾਰਵਾਈ ਦੀ ਬਰਤਾਨਵੀ ਪਾਰਲੀਮੈਂਟ ਸਮੇਤ ਦੁਨੀਆਂ ਭਰ ’ਚ ਨਿੰਦਾ ਹੋਈ, ਪਰ ਉਸੇ ਕਾਤਲ (ਜਨਰਲ ਡਾਇਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਤ ਕਰਨ ਵਾਲਾ ਸਰਬਰਾਹ ਅਰੂੜ ਸਿੰਘ ਸਰਕਾਰੀ ਜਥੇਦਾਰ ਦੇ ਤੌਰ ’ਤੇ ਬਦਨਾਮ ਹੈ।
ਗੁਰਦੁਆਰਾ ਸੁਧਾਰ ਲਹਿਰ ਦੌਰਾਨ ੧ ਮੱਘਰ ਸੰਮਤ ੧੯੭੭ ਬਿਕ੍ਰਮੀ (15 ਨਵੰਬਰ 1920 ਈ:) ਅਕਾਲ ਤਖ਼ਤ ਸਾਹਿਬ ’ਤੇ ਸੱਦੇ ਪੰਥਕ ਇਕੱਠ ਵੱਲੋਂ 150 ਦੇ ਕਰੀਬ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ, ਜਿਸ ਦਾ ਨਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ੩੦ ਮੱਘਰ (14 ਦਸੰਬਰ 1920 ਈ:) ਨੂੰ ਧਰਮ ਅਤੇ ਕੌਮ ਦੀ ਸੇਵਾ ਲਈ ਮਾਇਆ ਤੋਂ ਇਲਾਵਾ ਸਾਲ ’ਚ ਇੱਕ ਮਹੀਨਾ ਜਿਸਮਾਨੀ ਤੌਰ ’ਤੇ ਸੇਵਾ ਕਰਨ ਵਾਲੇ ਸਿੰਘਾਂ ਦੀ ਜਥੇਬੰਦੀ ਵਜੋਂ ਸ੍ਰੋਮਣੀ ਅਕਾਲੀ ਦਲ ਨੂੰ ਬਣਾਇਆ ਗਿਆ। ਦੇਸ਼ ਦੀ ਅਜਾਦੀ ਤੋਂ ਬਾਅਦ ਜਦੋਂ ਅਕਾਲੀ ਆਗੂ ਸੱਤਾ ਦੀ ਕੁਰਸੀ ’ਤੇ ਪਹੁੰਚਣ ਲੱਗ ਪਏ, ਖਾਸਕਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਤਾਂ ਧਰਮ ਅਤੇ ਪੰਥ ਲਈ ਕੁਰਬਾਨੀਆਂ ਕਰਨ ਵਾਲੇ ਬਹੁਤੇ ਅਕਾਲੀ ਕੁਰਸੀ ਮੋਹ ’ਚ ਫਸ ਗਏ ਅਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖਣ ਲਈ ਸ੍ਰੋਮਣੀ ਕਮੇਟੀ ਰਾਹੀਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਅੰਗਰੇਜ਼ਾਂ ਵਾਙ ਆਪਣੇ ਸਿਆਸੀ ਹਿਤਾਂ ਲਈ ਵਰਤਣਾ ਸ਼ੁਰੂ ਕਰ ਲਿਆ। ਜੋ ਜਥੇਦਾਰ ਨਾ ਨੁੱਕਰ ਕਰਦਾ, ਉਸ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਂਦਾ। ਇਹ ਸਿਲਸਲਾ ਅਪ੍ਰੈਲ 1994 ਤੋਂ ਸ਼ੁਰੂ ਹੋਇਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਕਾਰਜਕਾਰੀ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਸਾਂਝਾ ਮਜ਼ਬੂਤ ਅਕਾਲੀ ਦਲ ਬਣਾਉਣ ਦੇ ਆਦੇਸ਼ ਜਾਰੀ ਕੀਤੇ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ।
31 ਦਸੰਬਰ 1998 ਨੂੰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਕਿ 15 ਅਪ੍ਰੈਲ 1999 ਈ: ਤੱਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਰੁੱਧ ਕਾਰਵਾਈ ਰੋਕੀ ਜਾਵੇ ਅਤੇ ਦੋਵੇਂ ਗਰੁੱਪ ਮਿਲ ਕੇ ਖ਼ਾਲਸਾ ਪੰਥ ਦੀ ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ, ਪਰ ਏਕਤਾ ਵਾਲਾ ਇਹ ਹੁਕਮਨਾਮਾ ਮੰਨਣ ਦੀ ਥਾਂ 10 ਫ਼ਰਵਰੀ ਨੂੰ ਬਾਦਲ ਧੜੇ ਦੇ 10 ਮੈਂਬਰਾਂ ਨੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕਰਕੇ ਭਾਈ ਰਣਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਬਾਅਦ ’ਚ 28 ਅਪ੍ਰੈਲ 1999 ਨੂੰ ਪੱਕੇ ਤੌਰ ’ਤੇ ਹਟਾ ਦਿੱਤਾ ਗਿਆ। ਇਸੇ ਦੌਰਾਨ ਜਥੇਦਾਰ ਟੌਹੜਾ ਨੂੰ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ।
ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅਹੁੱਦਾ ਸੰਭਾਲਦੇ ਸਾਰ ਆਪਣੇ ਪਹਿਲੇ ਹੀ ਹੁਕਮਨਾਮੇ ਨੰ: 219 ਏ.ਟੀ. 00 ਮਿਤੀ 29.3.2000 ਰਾਹੀਂ ਸ੍ਰੋਮਣੀ ਕਮੇਟੀ ਨੂੰ ਹਿਦਾਇਤ ਕੀਤੀ :
(1). ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾਂ ਹੀ ਨਾ ਸਕੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।
(2). ਗੁਰਦੁਆਰਾ ਐਕਟ ਨੂੰ ਬਣਿਆਂ ਪੌਣੀ ਸਦੀ ਬੀਤ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿਚ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿਤਾਂ ਤੋਂ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।
(3). ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।
ਗੁਰਦੁਆਰਾ ਪ੍ਰਬੰਧ ’ਤੇ ਕਾਬਜ਼ ਬਾਦਲ ਧੜੇ ਨੇ ਤਾਂ ਆਪਣੇ ਸਿਆਸੀ ਹਿਤਾਂ ਲਈ ਗੁਰਦੁਆਰਾ ਪ੍ਰਬੰਧ ਨੂੰ ਵਰਤਣਾ ਹੁੰਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਮੁਤਾਬਕ ਹੁਕਮਨਾਮੇ ਜਾਰੀ ਕਰਵਾਉਣੇ ਹੁੰਦੇ ਹਨ, ਇਸ ਲਈ 25 ਸਾਲ ਲੰਘ ਜਾਣ ਦੇ ਬਾਵਜੂਦ ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਇਹ ਹਿਦਾਇਤਾਂ ਮੰਨੀਆਂ ਨਹੀਂ ਗਈਆਂ। ਜੇ ਕਦੀ ਮੰਨ ਲੈਂਦੇ ਤਾਂ ਅਕਾਲੀ ਦਲ ਲਈ ਅੱਜ ਵਾਲਾ ਸੰਕਟ ਕਦੇ ਪੈਦਾ ਨਾ ਹੁੰਦਾ।
ਜਥੇਦਾਰ ਵੇਦਾਂਤੀ ਦੇ ਪੀਏ (ਪ੍ਰਿਤਪਾਲ ਸਿੰਘ) ਅਨੁਸਾਰ ਸ੍ਰੋਮਣੀ ਅਕਾਲੀ ਦਲ ਚਾਹੁੰਦਾ ਸੀ ਕਿ 2009 ’ਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ, ਇਸ ਲਈ ਸੰਤ ਸਮਾਜ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਨਾਨਕਸ਼ਾਹੀ ਕੈਲੰਡਰ ਰੱਦ ਕਰ ਦਿੱਤਾ ਜਾਵੇ ਅਤੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਸੌਦਾ ਸਾਧ ਵਿਰੁੱਧ ਜਾਰੀ ਹੁਕਮਨਾਮਾ ਵਾਪਸ ਲੈ ਲਿਆ ਜਾਵੇ। ਵੇਦਾਂਤੀ ਜੀ ਦਾ ਤਰਕ ਸੀ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਇਸ ਦੇ ਹਿਮਾਇਤੀ ਅਤੇ ਵਿਰੋਧੀ ਵਿਦਵਾਨਾਂ ਤੋਂ ਰਾਇ ਮੰਗੀ ਗਈ ਹੈ, ਇਸ ਲਈ ਜਿਸ ਨੂੰ ਇਤਰਾਜ਼ ਹੈ ਉਹ ਤੱਥਾਂ ਸਹਿਤ ਲਿਖਤੀ ਇਤਰਾਜ਼ ਸ੍ਰੀ ਅਕਾਲ ਤਖ਼ਤ ਨੂੰ ਭੇਜੇ; ਜਿਸ ’ਤੇ ਦੋਵੇਂ ਧਿਰਾਂ ਦੀ ਮੀਟਿੰਗ ਬੁਲਾ ਲਈ ਜਾਵੇਗੀ ਅਤੇ ਉਸ ਮੀਟਿੰਗ ’ਚ ਲਏ ਫੈਸਲੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੌਦਾ ਸਾਧ ਲਿਖਤੀ ਤੌਰ ’ਤੇ ਮੁਆਫ਼ੀ ਮੰਗੇ ਤਾਂ ਉਸ ’ਤੇ ਵੀਚਾਰ ਕਰ ਲਈ ਜਾਵੇਗੀ। ਇਸ ਤਰ੍ਹਾਂ ਦੀ ਸਲਾਹ ਦੇਣ ਵਾਲਾ ਜਥੇਦਾਰ ਮਨਜੂਰ ਕਿੱਥੇ ਹੋਣਾ ਸੀ, ਉਸ ਦੇ ਘਰ ਰਾਤ ਨੂੰ ਦੋ ਮੈਂਬਰ ਅਸਤੀਫ਼ਾ ਲੈ ਕੇ ਪਹੁੰਚੇ ਅਤੇ ਉਸ ਤੋਂ ਜ਼ਬਰੀ ਦਸਤਖ਼ਤ ਕਰਵਾ ਲਏ। ਲੋਕਾਂ ਨੇ ਸਵੇਰੇ ਅਖਬਾਰਾਂ ’ਚ ਹੀ ਪੜ੍ਹਿਆ ਕਿ ਵੇਦਾਂਤੀ ਜੀ ਦਾ ਅਸਤੀਫ਼ਾ ਮਨਜੂਰ ਕਰਕੇ ਉਨ੍ਹਾਂ ਦੀ ਜਗ੍ਹਾ ਗਿਆਨੀ ਗੁਰਬਚਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾ ਦਿੱਤਾ ਗਿਆ ਹੈ।
ਜਦੋਂ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਦੀ ਵਾਰੀ ਆਈ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇਤਰਾਜ਼ ਉਠਾਇਆ ਤਾਂ ਉਸ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰ ਲਗਾ ਦਿੱਤਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਸੌਦਾ ਸਾਧ ਨੂੰ ਮੁਆਫ਼ ਕਰਵਾਇਆ ਤਾਂ ਸਿੱਖ ਸੰਗਤ ਵੱਲੋਂ ਜਥੇਦਾਰਾਂ ਦਾ ਜੋਰਦਾਰ ਵਿਰੋਧ ਹੋਇਆ। ਇਸ ਵਿਰੋਧ ਦੇ ਦਬਾਅ ਹੇਠ ਗਿਆਨੀ ਗੁਰਮੁਖ ਸਿੰਘ ਨੂੰ ਮੀਡੀਏ ਸਾਹਮਣੇ ਸੱਚ ਦੱਸਣਾ ਪਿਆ ਕਿ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਘਰੇ ਬੁਲਾ ਕੇ ਜ਼ਬਰੀ ਮੁਆਫ਼ ਕਰਵਾਇਆ ਹੈ। ਸੱਚ ਬੋਲੇ ਜਾਣ ਦੀ ਸਜ਼ਾ ਵਜੋਂ ਉਸ ਨੂੰ ਜਥੇਦਾਰੀ ਤੋਂ ਹਟਾ ਕੇ ਕੁਰਕਸ਼ੇਤਰ (ਹਰਿਆਣਾ) ਵਿਖੇ ਗ੍ਰੰਥੀ ਤਾਇਨਾਤ ਕਰ ਦਿੱਤਾ। ਜਦੋਂ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਵਜੋਂ ਤਾਇਨਾਤ ਕਰਕੇ ਉਸ ਨੂੰ ਘਰੇ ਬੈਠੇ ਨੂੰ ਤਨਖ਼ਾਹ ਅਤੇ ਸਹੂਲਤਾਂ ਦੇਣੀਆ ਸ਼ੁਰੂ ਕਰ ਦਿੱਤੀਆਂ।
ਜੇ ਹੁਣ ਤੱਕ ਦੇ ਜਥੇਦਾਰਾਂ ਦੀ ਕਾਰਜਸ਼ੈਲੀ ਵੇਖੀ ਜਾਵੇ ਤਾਂ ਅਕਾਲੀ ਫੂਲਾ ਸਿੰਘ ਦਾ ਸਾਨੀ ਤਾਂ ਕੋਈ ਮਿਲਦਾ ਨਹੀ, ਪਰ ਗਿਆਨੀ ਗੁਰਬਚਨ ਸਿੰਘ ਦੀ ਤੁਲਨਾ ਅਰੂੜ ਸਿੰਘ ਨਾਲ ਜ਼ਰੂਰ ਕੀਤੀ ਜਾ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਅਰੂੜ ਸਿੰਘ ਨੇ ਬੇਗੁਨਾਹਾਂ ਦੇ ਕਾਤਲ ਜਨਰਲਾ ਡਾਇਰ ਨੂੰ ਸਿਰੋਪਾ ਅਤੇ ਥੈਲੀ ਭੇਟ ਕਰਕੇ ਸਨਮਾਨਤ ਕੀਤਾ, ਉਸੇ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਨੇ 1978 ਤੋਂ ਸਿੱਖੀ ਸਿਧਾਂਤ ਦੇ ਕਾਤਲ; ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਦੀ ਪੁਸ਼ਤਪਨਾਹੀ ਕਰਨ ਅਤੇ ਤਰੱਕੀਆਂ ਦੇਣ ਵਾਲੇ; ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦੀ ਸਭ ਤੋਂ ਵੱਧ ਵਾਰੀ ਅਵੱਗਿਆ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਪੰਥ ਦਾ ਸਭ ਤੋਂ ਵੱਡਾ ਅਵਾਰਡ ਪ੍ਰਦਾਨ ਕੀਤਾ। ਜਦੋਂ ਇਸ ਵਿਰੁੱਧ ਸੰਗਤਾਂ ਦਾ ਰੋਸ ਵਧ ਗਿਆ ਤਾਂ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਜਗ੍ਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾ ਕੇ ਦੂਹਰਾ ਚਾਰਜ ਦੇ ਦਿੱਤਾ। ਜਿਸ ਤਰ੍ਹਾਂ ਗਿਆਨੀ ਗੁਰਮੁਖ ਸਿੰਘ ਨੂੰ ਘਰ ਬੈਠੇ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ, ਉਸੇ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਪ੍ਰਵਾਨ ਕਰਨ ਪਿੱਛੋਂ, ਉਨ੍ਹਾਂ ਨੂੰ ਵੀ ਇਨਾਮ ਵਜੋਂ ਮੁਫਤ ਰਿਹਾਇਸ਼ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਗਿਆਨੀ ਹਰਪ੍ਰੀਤ ਸਿੰਘ ’ਤੇ ਜੋਰ ਪਾਇਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਮੂਲੀ ਤਨਖ਼ਾਹ ਲਾ ਕੇ ਮੁਆਫ਼ ਕਰ ਦਿੱਤਾ ਜਾਵੇ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨਾ ਮੰਨੇ ਤਾਂ ਉਨ੍ਹਾਂ ਤੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਥਾਂ ਗਿਆਨੀ ਰਘਵੀਰ ਸਿੰਘ ਨੂੰ ਜਥੇਦਾਰ ਲਾ ਦਿੱਤਾ। 2 ਦਸੰਬਰ 2024 ਨੂੰ ਜਿਸ ਤਰ੍ਹਾਂ ਪੰਜ ਸਿੰਘ ਸਾਹਿਬਾਨ ਨੇ 1978 ਤੋਂ ਲੈ ਕੇ ਬਿਰਤਾਂਤ ਸਿਰਜਿਆ ਅਤੇ ਤਨਖ਼ਾਹ ਲਾਈ ਇਸ ਨੂੰ ਭਾਵੇਂ ਪੰਥ ਦੇ ਇੱਕ ਹਿੱਸੇ ਨੇ ਗੁਨਾਹਾਂ ਦੇ ਮੁਕਾਬਲੇ ਬਹੁਤ ਮਾਮੂਲੀ ਦੱਸਿਆ, ਪਰ ਵੱਡੇ ਹਿੱਸੇ ਨੇ ਇਸ ਫੈਸਲੇ ’ਤੇ ਤਸੱਲੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਪਿੱਛੋਂ ਪਹਿਲੀ ਵਾਰ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਡਿੱਗਿਆ ਹੋਇਆ ਮਿਆਰ ਕੁੱਝ ਬਹਾਲ ਕਰਨ ਵੱਲ ਕਦਮ ਪੁੱਟਿਆ ਹੈ। ਜੇ ਬਾਦਲ ਦਲ 2 ਦਸੰਬਰ ਦੇ ਫੈਸਲੇ ਨੂੰ ਚੁੱਪ ਚੁਪੀਤੇ ਪ੍ਰਵਾਨ ਕਰ ਲੈਂਦਾ ਤਾਂ ਇਹ ਉਸ ਲਈ ਵੀ ਸੰਜੀਵਨੀ ਬੂਟੀ ਹੋ ਨਿਬੜਦਾ, ਪਰ ਗੁਰੂ ਦੇ ਬਚਨ ਹਨ ਕਿ ‘ਜਦੋਂ ਕਿਸੇ ਦੇ ਗੁਨਾਹਾਂ ਕਾਰਨ ਪ੍ਰਮਾਤਮਾ ਨੇ ਖ਼ੁਆਰ ਕਰਨਾ ਹੁੰਦਾ ਹੈ ਤਾਂ (ਪਹਿਲਾਂ ਉਸ ਪਾਸੋਂ ਉਸ ਦੇ) ਚੰਗੇ ਗੁਣ ਖੋਹ ਲੈਂਦਾ ਹੈ : ‘‘ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥’’ (ਮਹਲਾ ੧/੪੧੭) ਇਸੇ ਕਾਰਨ ਉਨ੍ਹਾਂ ਨੂੰ ਚੰਗੇ ਮੰਦੇ ਦੀ ਪਛਾਣ ਭੁੱਲ ਗਈ ਅਤੇ 2 ਦਸੰਬਰ ਦਾ ਫੈਸਲਾ ਹਜ਼ਮ ਨਹੀਂ ਹੋ ਰਿਹਾ। ਉਹ ਸਮਝ ਰਹੇ ਹਨ ਕਿ 2 ਦਸੰਬਰ ਦੇ ਸਖ਼ਤ ਫੈਸਲੇ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਹੈ। ਇਸ ਲਈ ਯੋਜਨਾਵੱਧ ਤਰੀਕੇ ਨਾਲ ਉਸ ਦਾ ਚਰਿੱਤਰਘਾਤ ਕਰਨ ’ਤੇ ਲੱਗੇ ਹਨ ਤਾਂ ਕਿ ਉਸ ਨੂੰ ਅਹੁਦੇ ਤੋਂ ਹਟਾ ਕੇ ਪਿੱਛੋਂ, ਲਏ ਗਏ ਫੈਸਲੇ ’ਚ ਮਨਮਰਜ਼ੀ ਦੀਆਂ ਤਬਦੀਲੀਆਂ ਕਰਵਾ ਸਕਣ। ਦੂਸਰੇ ਪਾਸੇ 2 ਦਸੰਬਰ ਨੂੰ ਸਾਰੇ ਗੁਨਾਹ ਮੰਨਣ ਦੇ ਬਾਵਜੂਦ 10 ਅਤੇ 14 ਜਨਵਰੀ ਨੂੰ ਮੁਕਤਸਰ ਵਿਖੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਕਹਿੰਦਾ ਹੈ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ; ਇਹ ਤਾਂ ਪਿਛਲੇ 10 ਸਾਲਾਂ ਤੋਂ ਸਾਡੇ ਵਿਰੁੱਧ ਝੂਠਾ ਪ੍ਰਚਾਰ ਹੋ ਰਿਹਾ ਸੀ, ਇਸ ਲਈ ਮਾਮਲਾ ਖਤਮ ਕਰਨ ਲਈ ਮੈਂ ਸਾਰੇ ਗੁਨਾਹ ਆਪਣੀ ਝੋਲ਼ੀ ’ਚ ਪਵਾ ਲਏ; ਨਹੀਂ ਤਾਂ ਮੇਰੇ ਪਾਸ ਸਾਰੇ ਸਵਾਲਾਂ ਦੇ ਜਵਾਬ ਸਨ ਭਾਵ ਉਸ ਨੇ ਆਪਣੇ ਮਨ ਦੀ ਕੁਟਲਿਤਾ ਜ਼ਾਹਰ ਕਰ ਦਿੱਤੀ ਹੈ ਕਿ ਉਹ ਆਪਣੇ ਨਿੱਜੀ ਲਾਭ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਝੂਠ ਬੋਲਿਆ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਚ ਬੋਲਿਆ ਸੀ; ਤਾਂ ਉਹ ਲੋਕਾਂ ਨੂੰ ਝੂਠ ਬੋਲ ਕੇ ਧੋਖਾ ਦੇ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸਲਾਹਕਾਰਾਂ ਨੂੰ ਵੀ ਡਰ ਹੈ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਫੈਸਲੇ ਮੁਤਾਬਕ ਭਰਤੀ ਹੋਈ ਤਾਂ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਨਾ ਬਣ ਸਕੇ। ਜੇ ਸੁਖਬੀਰ ਦੁਬਾਰਾ ਪ੍ਰਧਾਨ ਨਾ ਬਣ ਸਕਿਆ ਤਾਂ ਉਨ੍ਹਾਂ ਦੇ ਸਲਾਹਕਾਰਾਂ ਨੂੰ ਆਪਣਾ ਭਵਿੱਖ ਵੀ ਧੁੰਦਲਾ ਦਿਸਦਾ ਹੈ। ਇਸੇ ਕਾਰਨ ਉਹ ਬਹਾਨੇ ਘੜ ਰਹੇ ਹਨ ਕਿ ਹੂ-ਬਹੂ ਫੈਸਲਾ ਲਾਗੂ ਕਰਨ ਨਾਲ ਭਾਰਤੀ ਚੋਣ ਕਮਿਸ਼ਨ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰ ਦੇਵੇਗਾ; ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹੂ-ਬਹੂ ਲਾਗੂ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਦਾ ਲੰਬਾ ਸਮਾਂ ਰਹੇ ਜਨਰਲ ਸਕੱਤਰ (ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖੈਰਾ) ਚੋਣ ਕਮਿਸ਼ਨ ਦੀ ਵੈੱਬ ਸਾਈਟ ਤੋਂ ਉਨ੍ਹਾਂ ਧਰਮ ਅਧਾਰਿਤ ਪਾਰਟੀਆਂ ਦੀ ਸੂਚੀ ਡਾਊਨਲੋਡ ਕਰਕੇ ਵਿਖਾ ਚੁੱਕੇ ਹਨ; ਜਿਨ੍ਹਾਂ ਦੀ ਰਜਿਸਟ੍ਰੇਸ਼ਨ ’ਤੇ ਚੋਣ ਕਮਿਸ਼ਨ ਨੇ ਕਦੀ ਇਤਰਾਜ਼ ਨਹੀਂ ਕੀਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਲੰਬਾ ਸਮਾਂ ਸਤਾ ’ਚ ਰਹਿਣ ਕਰਕੇ ਬਾਦਲ ਪਰਵਾਰ ਦੀਆਂ ਆਦਤਾਂ ਇੰਨੀਆਂ ਵਿਗੜ ਚੁੱਕੀਆਂ ਹਨ ਕਿ ਉਹ ਪਾਰਟੀ ’ਚ ਹਮੇਸ਼ਾਂ ਆਪਣੀ ਸਿਰਮੌਰਤਾ ਚਾਹੁੰਦਾ ਹੈ। ਜਿਹੜਾ ਵੀ ਪੰਥਕ ਹਿਤਾਂ ’ਚ ਏਕਤਾ ਦੀ ਗੱਲ ਕਰੇ ਉਸ ਨੂੰ ਝੱਟ ਪਾਰਟੀ ’ਚੋਂ ਕੱਢ ਦਿੰਦੇ ਹਨ। ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਨੌਕਰ ਸਮਝਦੇ ਹਨ। ਜਿਹੜਾ ਜਥੇਦਾਰ ਸਿਧਾਂਤ ਦੀ ਗੱਲ ਕਰਨ ਦੀ ਕੋਸ਼ਸ਼ ਕਰਦਾ ਹੈ, ਉਸ ਨੂੰ ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਗੁਰਮੁਖ ਸਿੰਘ ਅਤੇ ਤਾਜਾ ਮਿਸਾਲ ਗਿਆਨੀ ਹਰਪ੍ਰੀਤ ਸਿੰਘ ਵਾਙ ਬੇਇਜ਼ਤੀ ਭਰੇ ਢੰਗ ਨਾਲ ਅਹੁੱਦੇ ਤੋਂ ਹਟਾ ਦਿੰਦੇ ਹਨ। ਪੰਜਾਬ ’ਚ ਵਧ ਰਹੇ ਧਰਮ ਪਰਿਵਰਨ, ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਿੱਖਾਂ ਦੀਆਂ ਮੁਸ਼ਕਿਲਾਂ, ਪੰਜਾਬ ਦੇ ਆਰਥਿਕ ਤੇ ਸਿਆਸੀ ਮੁੱਦੇ, ਕਿਸਾਨੀ ਮੁੱਦੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਕਿਸੇ ਵੀ ਮੁੱਦੇ ’ਤੇ ਮੁਕਤਸਰ ਵਿਖੇ 14 ਜਨਵਰੀ ਦੀ ਕਾਨਫਰੰਸ ’ਚ ਕੋਈ ਮਤਾ ਪਾਸ ਨਹੀਂ ਕੀਤਾ; ਜੇ ਹੋਇਆ ਤਾਂ ਕੇਵਲ ਇੱਕੋ ਮਤਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦਾ ਵਾਪਸ ਲਿਆ ਗਿਆ ‘‘ਫ਼ਖ਼ਰ-ਏ-ਕੌਮ ਪੰਥ ਰਤਨ’’ ਅਵਾਰਡ ਉਨ੍ਹਾਂ ਨੂੰ ਮੁੜ ਵਾਪਸ ਦਿੱਤਾ ਜਾਵੇ। ਇਹ ਮਤਾ ਪਾਸ ਕੀਤੇ ਜਾਣਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧਾ ਚੈਲੰਜ ਹੈ ਕਿਉਂਕਿ ਵੋਟ ਨੀਤੀ ਦੇ ਜੋਰ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ। 28 ਜਨਵਰੀ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦੀ ਗਈ ਮੀਟਿੰਗ ’ਚ ਸ਼ਾਮਲ ਹੋ ਰਹੇ ਪੰਜ ਸਿੰਘ ਸਾਹਿਬਾਨਾਂ ਲਈ ਇਹ ਪਰਖ ਦੀ ਘੜੀ ਹੈ ਕਿ ਉਨ੍ਹਾਂ ਨੇ ਬਾਦਲ ਧੜੇ ਅੱਗੇ ਗਿਆਨੀ ਗੁਰਬਚਨ ਸਿੰਘ ਵਾਙ ਝੁਕ ਕੇ ਅਰੂੜ ਸਿੰਘ ਦੀ ਲਾਈਨ ’ਚ ਖੜ੍ਹਨਾ ਹੈ ਜਾਂ 2 ਦਸੰਬਰ 2024 ਨੂੰ ਸੁਣਾਏ ਗਏ ਫੈਸਲੇ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਦ੍ਰਿੜ੍ਹ ਫੈਸਲਾ ਸੁਣਾ ਕੇ ਅਕਾਲੀ ਫੂਲਾ ਸਿੰਘ ਦੀ ਲਾਈਨ ’ਚ ਖੜ੍ਹਨ ਦਾ ਮਾਣ ਹਾਸਲ ਕਰਨਾ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਉਨ੍ਹਾਂ ਪੰਜਾਂ ਨੂੰ ਆਤਮਿਕ ਬਲ ਅਤੇ ਸੋਝੀ ਬਖ਼ਸ਼ਣ ਅਤੇ ਅਜਿਹਾ ਫੈਸਲਾ ਸੁਣਾਉਣ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉਚਤਾ ਬਹਾਲ ਕਰਨ ’ਚ ਸਹਾਈ ਹੋਵੇ ਅਤੇ ਭਵਿੱਖ ’ਚ ਕੋਈ ਵੀ ਤਾਕਤਵਰ ਰਾਜਨੀਤਕ ਨੇਤਾ; ਪੰਥਕ ਅਤੇ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਨਾ ਕਰ ਸਕੇ।
ਪੰਥ ਹਿਤੈਸ਼ੀਆਂ ਦਾ ਵੀ ਫਰਜ਼ ਬਣਦਾ ਹੈ ਕਿ ਰਾਜਨੀਤਕ ਪਾਰਟੀਆਂ ਤੋਂ ਸ੍ਰੋਮਣੀ ਕਮੇਟੀ ਅਜ਼ਾਦ ਕਰਵਾਉਣ ਲਈ ਜਥੇਬੰਦ ਹੋਣ। ਸ੍ਰੋਮਣੀ ਕਮੇਟੀ ਲਈ ਅਜਿਹੇ ਗੁਰਸਿੱਖਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਜਥੇਦਾਰਾਂ ਦੀ ਨਿਯੁਕਤੀ ਲਈ ਹੁਕਮਨਾਮਾ ਨੰ: 219 ਏ.ਟੀ. 00 ਮਿਤੀ 29.3.2000 ’ਤੇ ਹੂ-ਬਹੂ ਅਮਲ ਕਰਵਾਉਣ ਲਈ ਪਾਬੰਦ ਹੋਣ। ਜਥੇਦਾਰਾਂ ਦੀ ਨਿਯੁਕਤੀ ਕੇਵਲ ਸ੍ਰੋਮਣੀ ਕਮੇਟੀ ਹੀ ਨਹੀਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਮੰਨਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਤੇ ਦੇਸ਼ ਵਿਦੇਸ਼ ਦੀਆਂ ਚੁਣੀਆਂ ਹੋਈਆਂ ਗੁਰਦੁਆਰਾ ਕਮੇਟੀਆਂ ਕਰਨ ਦੇ ਅਧਿਕਾਰੀ ਹੋਣ। ਫੈਸਲੇ ਕਰਨ ਦੀ ਕਾਰਜ ਵਿਧੀ ਵੀ ਪੁਰਾਤਨ ਦਲ ਖ਼ਾਲਸਾ ਸਮੇਂ ਵਾਲੀ ਅਪਣਾਈ ਜਾਣੀ ਚਾਹੀਦੀ ਹੈ।