ਸਮਾਜ ਦਾ ਘਿਨਾਉਣਾ ਰੂਪ

0
287

 ਸਮਾਜ ਦਾ ਘਿਨਾਉਣਾ ਰੂਪ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ)- 0175-2216783

ਗੱਲ ਤੇਲੀਆਂ ਦੀ ਫਰਵਾਹੀ ਪਿੰਡ ਦੀ ਹੈ। ਦਿਹਾੜੀ ਕਰਦੇ ਇਕ ਬੰਦੇ ਨਾਲ ਗੱਲ ਕਰਦਿਆਂ ਜਦੋਂ ਉਹ ਆਪਣਾ ਦਿਲ ਫਰੋਲਣ ਲੱਗਿਆ ਤਾਂ ਮੈਨੂੰ ਉਸ ਦੀਆਂ ਯਾਦਾਂ ਵਿਚਲੀ ਉਡਦੀ ਸੁਆਹ ਵਿੱਚੋਂ ਬਹੁਤ ਕੁੱਝ ਹਾਸਲ ਹੋਇਆ।

ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਅੱਖੀਂ ਵੇਖੇ ਕਈ ਦਰਦਨਾਕ ਸੱਚ ਉਸ ਨੂੰ ਸੁਣਾਏ ਸਨ। ਉਸ ਨੇ ਉਹ ਗੱਲਾਂ ਮੇਰੇ ਨਾਲ ਸਾਂਝੀਆਂ ਕਰਨ ਲੱਗਿਆਂ ਖੌਰੇ ਕਿੰਨੀ ਵਾਰ ਹੰਝੂ ਕੇਰੇ। ਉਸ ਨੇ ਦੱਸਿਆ ਕਿ ਦੇਸ ਦੀ ਵੰਡ ਮੌਕੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਖੂਹੀ ਪੁੱਟਣੀ ਪਈ ਸੀ, ਕਿਉਂਕਿ ਜਿੰਨੇ ਤਗਾੜੇ ਮੁਸਲਮਾਨ ਉੱਥੇ ਰਹਿੰਦੇ ਸਨ ਉਨ੍ਹਾਂ ਸਾਰਿਆਂ ਦੇ ਸਾਰੇ-ਸਾਰੇ ਟੱਬਰ ਵੱਢ ਸੁੱਟੇ ਗਏ ਸਨ। ਗੁਆਂਢੀਆਂ ਨੇ ਹੀ ਘਰ ਬਾਰ ਲੁੱਟਣ ਖ਼ਾਤਰ ਇੱਕ ਘੰਟੇ ਦੇ ਜੰਮੇ ਬੱਚੇ, 5 ਦਿਨਾਂ ਦੇ ਬੱਚੇ, 6 ਮਹੀਨਿਆਂ ਦੀ ਉਮਰ ਦੇ ਬੱਚੇ ਅਤੇ ਜਵਾਨਾਂ ਸਮੇਤ 100 ਸਾਲ ਤੱਕ ਦੇ ਬਜ਼ੁਰਗ ਕੱਟ ਵੱਢ ਕੇ ਇੱਕੋ ਉਸੇ ਖੂਹ ਵਿੱਚ ਦਫ਼ਨ ਕਰ ਦਿੱਤੇ ਸਨ।

ਉਸ ਦੀ ਮਾਂ ਨੇ ਕੁੱਝ ਦਿਲ ਚੀਰਵੇਂ ਦ੍ਰਿਸ਼ ਵੀ ਵੇਖੇ ਸਨ। ਗੁਰਦੁਆਰੇ ਦੀਆਂ ਪੌੜੀਆਂ ਸਾਹਮਣੇ ਦੋ ਮੁਸਲਮਾਨ ਔਰਤਾਂ ਵੱਢੀਆਂ ਪਈਆਂ ਸਨ, ਜਿਨ੍ਹਾਂ ਦੇ ਦੁੱਧ ਪੀਂਦੇ ਬੱਚੇ ਮਾਂ ਦੀ ਲਾਸ਼ ਉੱਤੇ ਛਾਤੀ ਨਾਲ ਚਿੰਮੜੇ ਦੁੱਧ ਚੁੰਘਦੇ ਪਏ ਸਨ। ਆਲੇ-ਦੁਆਲੇ ਗਿਰਝਾਂ ਉਨ੍ਹਾਂ ਉੱਤੇ ਝਪੱਟਾ ਮਾਰਨ ਦੀ ਉਡੀਕ ਕਰ ਰਹੀਆਂ ਸਨ।

ਇੱਕ ਛੋਟੂ ਨਾਂ ਦੇ ਬੰਦੇ ਨੇ ਖਪਰੇ ਨਾਲ ਬਥੇਰੇ ਮੁਸਲਮਾਨ ਬੱਚੇ ਵੱਢੇ। ਉਸ ਦੇ ਤਾਏ ਨੇ ਆ ਕੇ ਉਸ ਨੂੰ ਕੁੱਟ-ਕੁੱਟ ਕੇ ਅਜਿਹਾ ਕਰਨ ਤੋਂ ਹਟਾਇਆ। ਨਤੀਜਾ ਕੀ ਹੋਇਆ ? ਛੋਟੂ, ਜੋ ਕੱਟ ਵੱਢ ਕਰਦਾ ਪਿਆ ਸੀ, ਉਸ ਦੀ ਔਲਾਦ ਅੱਜ ਵੱਡੀਆਂ-ਵੱਡੀਆਂ ਮੱਲੀਆਂ ਹੋਈਆਂ ਕੋਠੀਆਂ ਵਿੱਚ ਐਸ਼ ਕਰ ਰਹੀ ਹੈ ਤੇ ਉਸ ਦੇ ਮਨੁੱਖੀ ਹੱਕਾਂ ਲਈ ਲੜਦੇ ਤਾਏ ਦੇ ਬੱਚੇ ਦਿਹਾੜੀ ਕਰਦੇ ਜਾਂ ਬੱਕਰੀਆਂ ਪਾਲਦੇ ਪਏ ਹਨ ! ਉਸ ਨੇ ਦੱਸਿਆ ਕਿ ਉਹ ਉਸੇ ਤਾਏ ਦੀ ਪੁਸ਼ਤ ਵਿੱਚੋਂ ਹੈ।

ਉਸ ਦੇ ਕੁੱਝ ਰਿਸ਼ਤੇਦਾਰ ਕਾਂਜਲੇ ਪਿੰਡ ਵਿੱਚ ਵੀ ਸਨ ਜਿੱਥੇ 20-20 ਕਿੱਲਿਆਂ ਦੇ ਮਾਲਕ ਮੁਸਲਮਾਨ ਵੀ ਵੱਢੇ ਟੁੱਕੇ ਗਏ ਸਨ। ਕੁੱਝ ਕੁ ਦੀਆਂ ਔਰਤਾਂ ਆਪਣੇ ਬੱਚੇ ਬਚਾ ਕੇ ਮਲੇਰਕੋਟਲੇ ਭੱਜ ਗਈਆਂ ਸਨ। ਉੱਥੇ ਉਹ ਖੌਰੇ ਕਿੰਨੀ-ਕਿੰਨੀ ਵਾਰ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈਆਂ ! ਉਨ੍ਹਾਂ ਦੇ ਬੱਚੇ ਹੁਣ ਦਿਹਾੜੀ ਕਰ ਕੇ ਢਿੱਡ ਪਾਲ ਰਹੇ ਹਨ।

ਉਸ ਦਿਹਾੜੀਦਾਰ ਦੀਆਂ ਅੱਖਾਂ ਇਹ ਸਭ ਸੁਣਾਉਂਦੀਆਂ ਬੜੀ ਵਾਰ ਭਰੀਆਂ ਕਿਉਂਕਿ ਉਹ ਹਾਲੇ ਤੱਕ ਲੰਘ ਚੁੱਕਿਆ ਹਰ ਪਲ ਆਪਣੇ ਪਿੰਡੇ ਉੱਤੇ ਹੰਢਾ ਰਿਹਾ ਸੀ ਤੇ ਉਸ ਦਾ ਵੰਡ ਵੇਲੇ ਦਾ ਜ਼ਖ਼ਮ ਅਜੇ ਤੱਕ ਅੱਲ੍ਹਾ ਸੀ !

ਬੋਲਦਿਆਂ ਬੋਲਦਿਆਂ ਉਹ ਕੁੱਝ ਚਿਰ ਰੁਕ ਕੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲਿਆ ‘ਏਨਾ ਯਾਦ ਰੱਖਿਓ ਮੈਂ ਰੁੱਤਾਂ ਬਥੇਰੀਆਂ ਬਦਲਦੀਆਂ ਵੇਖੀਆਂ ਨੇ। ਪੱਤੇ ਝੜਦੇ ਤੇ ਫੇਰ ਨਵੇਂ ਆ ਜਾਂਦੇ ਨੇ ਪਰ ਜੜ੍ਹਾਂ ਉਹੀ ਰਹਿੰਦੀਆਂ ਨੇ। ਇਨਸਾਨਾਂ ਦਾ ਬਿਲਕੁਲ ਇਹੋ ਜਿਹਾ ਹੀ ਹਾਲ ਹੈ। ਮਾੜੇ ਲੋਕ ਕੁਰਸੀਆਂ ਮੱਲ ਲੈਂਦੇ ਨੇ ਤੇ ਪੱਕੀਆਂ ਜੜ੍ਹਾਂ ਵਾਂਗ ਨੇ। ਉਨ੍ਹਾਂ ਦੇ ਮੋਹਰੇ ਪੱਤਿਆਂ ਵਾਂਗ ਝੜਦੇ ਰਹਿੰਦੇ ਹਨ। ਸਾਡੇ ਵਰਗੇ ਆਮ ਲੋਕ ਉਮੀਦਾਂ ਲਾ ਕੇ ਬਹਿ ਜਾਂਦੇ ਨੇ। ਫੇਰ ਨਵੇਂ ਮੋਹਰੇ ਵਖਰੇ ਰੰਗ-ਰੂਪ ਵਿੱਚ ਓਹੋ ਘਾਣ ਕਰਦੇ ਨੇ। ਬਸ ਫੇਰ ਚੱਲ ਸੋ ਚੱਲ ! ਜੜ੍ਹਾਂ ਤਾਂ ਉਹੋ ਨੇ ! ਔਰਤਾਂ ਅਤੇ ਗ਼ਰੀਬਾਂ ਨਾਲ ਹੋ ਰਿਹਾ ਅੱਤਿਆਚਾਰ ਨਾ ਕਦੇ ਘਟਿਆ ਹੈ, ਨਾ ਘਟੇਗਾ।’

ਗੱਲ ਦਿਲਚਸਪ ਸੀ। ਮੈਨੂੰ ਬਿਲਕੁਲ ਸਹੀ ਜਾਪੀ। ਸਮਾਂ ਬਦਲਦਾ ਹੈ, ਥਾਂ ਬਦਲਦੀ ਹੈ। ਨਵੇਂ ਚਿਹਰੇ ਆਉਂਦੇ ਹਨ, ਪਰ ਜ਼ੁਲਮ ਉਂਝ ਦਾ ਉਂਝ ਪਹਿਲਾਂ ਵਾਂਗ ਆਪਣੀ ਚਾਲ ਚੱਲਦਾ ਰਹਿੰਦਾ ਹੈ। ਚੰਗੇ ਲੋਕ ਚੁੱਪੀ ਸਾਧ ਇੰਜ ਹੀ ਜ਼ਿੰਦਗੀ ਬਤੀਤ ਕਰ ਤੁਰ ਜਾਂਦੇ ਹਨ। ਇਸੇ ਲਈ ਜ਼ੁਲਮ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਪਦੀ ਹੈ।

ਮੈਨੂੰ ਅੱਜ ਵੀ ਚੇਤੇ ਹੈ ਕਿ ਮੇਰੀ ਸਕੂਲ ਵੇਲੇ ਦੀ ਸਹੇਲੀ ਨੂੰ ਸਿਰਫ਼ ਇਸ ਲਈ ਸਕੂਲੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਸਾਈਕਲ ਉੱਤੇ ਸਕੂਲ ਆਉਂਦੀ ਨੂੰ ਰਾਹ ਵਿੱਚ ਇੱਕ ਵਾਰ ਇੱਕ ਮੁਸ਼ਟੰਡੇ ਨੇ ਸੀਟੀ ਮਾਰ ਦਿੱਤੀ ਸੀ ਤੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਸੀ।  ਗ਼ਲਤੀ ਕਿਸ ਦੀ ਤੇ ਭੁਗਤਿਆ ਕਿਸ ਨੇ !

ਇੰਨ-ਬਿੰਨ ਇਹੋ ਕੁੱਝ ਮੇਰੇ ਪਤੀ ਦੀਆਂ ਦੋ ਛੋਟੀਆਂ ਮਾਸੀਆਂ ਨਾਲ ਰਾਮਪੁਰਾ ਫੂਲ ਵਿੱਚ ਹੋਇਆ ਸੀ। ਉਨ੍ਹਾਂ ਨੂੰ ਵੀ ਇੱਕ ਮਨਚਲੇ ਦੀ ਸੀਟੀ ਕਾਰਨ ਸਕੂਲ ਬਦਲਣਾ ਪਿਆ ਸੀ। ਹੁਣ ਤੀਹ ਸਾਲ ਬਾਅਦ ਕੀ ਬਦਲਾਓ ਆਇਆ ਹੈ, ਉਸ ਵੱਲ ਵੀ ਝਾਤ ਮਾਰੀਏ ! ਕੀ ਉਸ ਦਿਹਾੜੀਦਾਰ ਦੀ ਕਹੀ ਗੱਲ ਸਹੀ ਨਹੀਂ ਹੈ ?

ਅੱਜ ਦੇ ਦਿਨ ਵੀ ਖ਼ਬਰਾਂ ਅਨੁਸਾਰ 16 ਸਾਲਾ ਸੰਗਰੂਰ ਦੀ ਦਲਿਤ ਬੱਚੀ ਨੂੰ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਣਾ ਪਿਆ ਕਿਉਂਕਿ ਚਾਰ ਜੱਟ ਮੁੰਡਿਆਂ ਨੇ 20 ਦਿਨ ਉਸ ਨੂੰ ਛੇੜ-ਛੇੜ ਕੇ ਉਸ ਦਾ ਜੀਣਾ ਹਰਾਮ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੀ ਭੱਦੀ ਛੇੜਛਾੜ ਨੂੰ ਰੋਕਣ ਉੱਤੇ ਉਨ੍ਹਾਂ ਸ਼ਰੇਆਮ ਉਸ ਨੂੰ ਥੱਪੜ ਤੱਕ ਜੜ ਦਿੱਤਾ। ਵਿਚਾਰੀ ਬੱਚੀ ਇਸ ਡਰ ਨੂੰ ਚੁੱਪ ਰਹਿ ਗਈ ਕਿ ਕਿਤੇ ਉਸ ਦਾ ਸਕੂਲ ਜਾਣਾ ਬੰਦ ਨਾ ਹੋ ਜਾਏ। ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਤਾਂ ਜੋ ਉਸ ਦੇ ਗ਼ਰੀਬ ਮਾਪਿਆਂ ਲਈ ਕੋਈ ਖ਼ਤਰਾ ਨਾ ਰਹੇ !

ਭਾਰਤ ਦੇ ਨੈਸ਼ਨਲ ਕਰਾਈਮ ਬਿਊਰੋ ਦਾ ਰਿਕਾਰਡ ਦੱਸਦਾ ਹੈ ਕਿ ਅਜਿਹਾ ਕੋਈ ਇੱਕਾ ਦੁੱਕਾ ਕੇਸ ਨਹੀਂ ਹੈ। ਸਿਰਫ਼ ਸੰਨ 2014 ਵਿੱਚ ਹੀ 36,700 ਜਬਰ-ਜ਼ਿਨਾਹ ਦੇ ਕੇਸ ਰਿਪੋਰਟ ਹੋਏ ਹਨ। ਜਿਹੜੇ ਰਿਪੋਰਟ ਨਹੀਂ ਹੋਏ ਜਾਂ ਘਰਾਂ ਵਿੱਚ ਨਾਬਾਲਗ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ਹਨ, ਉਹ ਇਸ ਤੋਂ ਤਿੰਨ ਗੁਣਾ ਤੋਂ ਵੀ ਵੱਧ ਹਨ।

ਲਾਹਨਤ ਵਾਲੀ ਗੱਲ ਇਹ ਹੈ ਕਿ ਭਾਰਤੀ ਨੌਜਵਾਨ ਹੁਣ ਇੱਕ ਔਰਤ ਨੂੰ ਵੀ ਚੱਬਣ ਵਿੱਚ ਇਕੱਲੇ ਤੌਰ ਉੱਤੇ ਘਬਰਾਉਣ ਲੱਗ ਪਏ ਹਨ ਤੇ ਪੂਰੀ ਟੀਮ ਬਣਾ ਕੇ ਹੱਲਾ ਬੋਲਦੇ ਪਏ ਹਨ। ਸੰਨ 2014 ਵਿੱਚ ਪੂਰੇ ਮੁਲਕ ਵਿੱਚ 2300 ਸਮੂਹਕ ਬਲਾਤਕਾਰ ਹੋਏ, ਜਿਨ੍ਹਾਂ ਵਿੱਚੋਂ 570 ਸਿਰਫ਼ ਉੱਤਰ ਪ੍ਰਦੇਸ ਵਿੱਚ ਹੀ ਸਨ। ਹਰਿਆਣਾ ਤੇ ਦਿੱਲੀ ਅਜਿਹੇ ਜ਼ੁਲਮ ਕਰਨ ਵਿੱਚ ਪਹਿਲਾ ਤੇ ਦੂਜਾ ਨੰਬਰ ਕ੍ਰਮਵਾਰ ਲੈ ਕੇ ਬੈਠੇ ਹਨ। ਕਾਰਨ ? ਕੁੜੀਆਂ ਦੀ ਘਟਦੀ ਜਾਂਦੀ ਗਿਣਤੀ !  ਪੰਜਵੇਂ ਨੰਬਰ ਉੱਤੇ ਪੰਜਾਬ ਹੈ !

ਰਾਹ ਚੱਲਦਿਆਂ ਭੱਦੀ ਛੇੜਛਾੜ, ਕੰਮ ਕਾਜ ਵਾਲੀ ਥਾਂ ਉੱਤੇ ਹਵਸ ਦਾ ਸ਼ਿਕਾਰ ਬਣਾਉਣਾ ਅਤੇ ਬੱਸਾਂ ਗੱਡੀਆਂ ਵਿੱਚ ਹੋ ਰਹੀ ਬੇਹਯਾਈ ਦੀ ਗਿਣਤੀ ਕਰਨੀ ਔਖੀ ਹੋਈ ਪਈ ਹੈ। ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ 36,700 ਜਬਰ ਜ਼ਿਨਾਹ ਦੇ ਕੇਸਾਂ ਵਿੱਚੋਂ 197 ਪੁਲਿਸ ਸਟੇਸ਼ਨ ਵਿੱਚ ਪੁਲਿਸ ਦੀ ਦੇਖ-ਰੇਖ ਹੇਠਾਂ ਹੋਏ। ਉੱਤਰ ਪ੍ਰਦੇਸ ਵਿੱਚ ਤਾਂ ਹੱਦ ਬੰਨ੍ਹੇ ਹੀ ਤੋੜ ਦਿੱਤੇ ਗਏ ਕਿਉਂਕਿ ਉੱਥੋਂ ਦੇ 90 ਪ੍ਰਤੀਸ਼ਤ ਬਲਾਤਕਾਰਾਂ ਦੇ ਕੇਸ ਥਾਣਿਆਂ ਅੰਦਰ ਹੀ ਹੋਏ ਹਨ। ਕਾਰਾ ਕਰਨ ਵਾਲੇ ਵੱਡੇ ਘਰਾਂ ਦੇ ਕਾਕੇ ਆਪਣਾ ਅਸਰ ਰਸੂਖ ਵਰਤ ਕੇ ਕੇਸਾਂ ’ਚੋਂ ਝਟ ਬਾਹਰ ਨਿਕਲ ਗਏ !

ਇਨ੍ਹਾਂ ਤੋਂ ਇਲਾਵਾ 4200 ਹੋਰ ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਦਿਆਂ ਰਾਹਗੀਰਾਂ ਜਾਂ ਆਂਢੀਆਂ-ਗੁਆਂਢੀਆਂ ਵੱਲੋਂ ਬਚਾ ਲਿਆ ਗਿਆ ਜਾਂ ਔਰਤਾਂ ਨੇ ਆਪਣੀ ਆਬਰੂ ਬਚਾਉਣ ਖ਼ਾਤਰ ਖ਼ੁਦਕੁਸ਼ੀ ਕਰ ਲਈ।

ਨੰਗੇਜ਼ਵਾਦ ’ਚ ਵਾਧਾ ਸਿਖ਼ਰ ਉੱਤੇ ਪਹੁੰਚ ਚੁੱਕਿਆ ਹੈ, ਜਿਸ ਵਿੱਚ ਮੀਡੀਆ, ਮੋਬਾਇਲ, ਲੱਚਰ ਗੀਤ ਸੰਗੀਤ, ਕੰਪਿਊਟਰ, ਇੰਟਰਨੈੱਟ, ਫੇਸਬੁੱਕ ਆਦਿ ਗੱਲ ਕੀ ਹਰ ਜਣਾ ਔਰਤ ਨੂੰ ਨਿਰਵਸਤਰ ਕਰਨ ਦੀ ਹੋੜ ਵਿੱਚ ਪਹਿਲਾ ਨੰਬਰ ਲੈਣ ਦੇ ਜਤਨ ਵਿੱਚ ਲੱਗਿਆ ਹੋਇਆ ਹੈ। ਭਾਰਤ ਵਿਚਲੇ ਅਜਿਹੇ 674 ਕੇਸ ਜੋ ਔਰਤਾਂ ਦੀਆਂ ਕੱਪੜੇ ਬਦਲਦਿਆਂ ਦੀਆਂ ਜਾਂ ਨਹਾਉਂਦਿਆਂ ਦੀਆਂ ਵੀਡੀਓ ਬਣਾਉਣ ਵਾਲੇ ਸਾਹਮਣੇ ਆਏ, ਉਨ੍ਹਾਂ ਵਿੱਚ ਗੋਆ ਪਹਿਲੇ ਨੰਬਰ ਉੱਤੇ ਹੈ ਤੇ ਅਸਾਮ ਦੂਜੇ ਨੰਬਰ ਉੱਤੇ।

ਬੱਚੀਆਂ ਦਾ ਪਿੱਛਾ ਕਰਕੇ ਧਮਕਾਉਣ ਜਾਂ ਅਗਵਾ ਕਰਨ ਦੇ 4600 ਕੇਸ ਸੰਨ 2014 ਵਿੱਚ ਰਿਪੋਰਟ ਹੋਏ ਜਿਸ ਵਿੱਚ ਪਹਿਲਾ ਨੰਬਰ ਉੱਤਰ ਪ੍ਰਦੇਸ (835 ਕੇਸ) ਤੇ ਦੂਜਾ ਮਹਾਰਾਸ਼ਟਰ ਦਾ ਹੈ (797 ਕੇਸ)। ਦਿੱਲੀ ਵਿੱਚ 541 ਕੇਸ ਰਿਕਾਰਡ ਹੋਏ ਪਰ ਆਬਾਦੀ ਦੇ ਹਿਸਾਬ ਨਾਲ ਵੇਖੀਏ ਤਾਂ ਦਿੱਲੀ ਦਾ ਨਾਂ ਪਹਿਲੇ ਨੰਬਰ ਉੱਤੇ ਆ ਜਾਂਦਾ ਹੈ।

ਕੰਮ ਕਾਰ ਵਾਲੀ ਥਾਂ ਉੱਤੇ ਹੋ ਰਹੀ ਔਰਤਾਂ ਨਾਲ ਭੱਦੀ ਛੇੜਛਾੜ ਅਤੇ ਯੌਨ ਉਤਪੀੜਨ ਦੇ ਕੇਸ ਏਨੇ ਜ਼ਿਆਦਾ ਹੋ ਚੁੱਕੇ ਹਨ ਕਿ ਗਿਣਤੀ ਕਰਨੀ ਔਖੀ ਹੋ ਗਈ ਹੈ ਕਿਉਂਕਿ ਡਰਾ ਧਮਕਾ ਕੇ ਜਿਸ ਤਰੀਕੇ ਉਨ੍ਹਾਂ ਔਰਤਾਂ ਦਾ ਮੂੰਹ ਘੁੱਟ ਦਿੱਤਾ ਜਾਂਦਾ ਹੈ, ਉਹ ਕੇਸ ਦਰਜ ਕਰਵਾਉਣ ਅੱਗੇ ਆਉਂਦੀਆਂ ਹੀ ਨਹੀਂ। ਨੈਸ਼ਨਲ ਕਰਾਈਮ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਵਾਕਈ ਲਗਭਗ ਹਰ ਕੰਮ ਕਾਰ ਵਾਲੀ ਥਾਂ ਔਰਤਾਂ ਨਾਲ ਧੱਕਾ ਹੋ ਰਿਹਾ ਹੈ, ਪਰ ਕੇਵਲ 57 ਔਰਤਾਂ ਹੀ ਪੂਰੇ ਭਾਰਤ ਵਿੱਚੋਂ ਕੇਸ ਕਰਨ ਅਗਾਂਹ ਆਈਆਂ। ਬਾਕੀ ਚੁੱਪ ਚਾਪ ਸਹਿ ਰਹੀਆਂ ਹਨ ਤਾਂ ਜੋ ਸਹੁਰੇ-ਪੇਕੇ ਘਰ ਦੀ ਲੱਜ ਢਕੀ ਰਹਿ ਸਕੇ। ਜਦੋਂ ਕੰਮ ਕਾਰ ਵਾਲੀ ਥਾਂ ਉੱਤੇ ਸਮੂਹਕ ਤੌਰ ’ਤੇ ਨੌਕਰੀਪੇਸ਼ਾ ਕੁੜੀ ਉੱਤੇ ਹੱਲਾ ਬੋਲਿਆ ਗਿਆ ਹੋਵੇ ਜਾਂ ਕੰਮ ਕਾਰ ਵਾਲੀ ਥਾਂ ਤੋਂ ਬਾਹਰ ਬੌਸ ਨਾਲ ਹੋਰ ਦੋਸਤ ਰਲ ਕੇ ਨੌਕਰੀ ਕਰਦੀ ਲੋੜਵੰਦ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਹੋਣ ਤਾਂ ਅਜਿਹੇ 469 ਕੇਸ ਜ਼ਰੂਰ ਰਿਪੋਰਟ ਹੋਏ ਹਨ।

ਬੱਸਾਂ, ਰੇਲ ਗੱਡੀਆਂ, ਸੜਕਾਂ ਉੱਤੇ, ਰਾਹ ਵਿੱਚ ਆਉਂਦੇ ਜਾਂਦੇ ਸੀਟੀਆਂ ਮਾਰਨੀਆਂ, ਭੱਦੀ ਛੇੜਛਾੜ, ਗੁੰਡਾਗਰਦੀ, ਚੂੰਡੀਆਂ ਮਾਰਨੀਆਂ, ਸਰੀਰ ਨੂੰ ਟੋਹਣਾ ਆਦਿ ਕੇਸਾਂ ਨੂੰ ਪੁਲਿਸ ਰਿਕਾਰਡ ਕਰਨ ਵਿੱਚ ਵੀ ਆਨਾਕਾਨੀ ਕਰਨ ਲੱਗ ਪਈ ਹੈ ਕਿਉਂਕਿ ਜਿੰਨੇ ਕੇਸ ਅਸਲ ਵਿੱਚ ਵਾਪਰ ਰਹੇ ਹਨ, ਜੇ ਗਿਣਤੀ ਕਰਨੀ ਪੈ ਜਾਏ ਤਾਂ ਭਾਰਤ ਦੀ ਲਗਭਗ ਹਰ ਔਰਤ ਤੇ ਬੱਚੀ ਇਹ ਹਾਮੀ ਭਰੇਗੀ ਕਿ ਉਸ ਨਾਲ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਵਾਰ ਅਜਿਹਾ ਹੋ ਚੁੱਕਿਆ ਹੈ। ਦਿੱਲੀ ਵਰਗੇ ਸ਼ਹਿਰ ਵਿੱਚ, ਜਿਹੜਾ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ ਸਾਬਤ ਹੋ ਚੁੱਕਿਆ ਹੈ, ਵਿੱਚ ਸਿਰਫ਼ 8 ਔਰਤਾਂ ਨੇ ਅਜਿਹੀ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈ। ਪੂਰੇ ਭਾਰਤ ਵਿੱਚ ਸਿਰਫ਼ 121 ਔਰਤਾਂ ਨੇ ਕੇਸ ਦਰਜ ਕਰਵਾਇਆ ਪਰ ਸਾਰਿਆਂ ਨੇ ਇਹੋ ਮੰਨਿਆ ਕਿ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਉਸੇ ਹਾਲ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਤਬਦੀਲੀ ਮਾਹੌਲ ਵਿੱਚ ਨਹੀਂ ਆਈ ਦਿਸੀ !

ਸੰਨ 2014 ਵਿੱਚ 77,000 ਅਗਵਾ ਦੇ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 31,000 ਬੱਚੀਆਂ ਸਿਰਫ਼ ਵਿਆਹ ਕਰਵਾਉਣ ਲਈ ਛੜਿਆਂ ਵੱਲੋਂ ਚੁਕਵਾਈਆਂ ਗਈਆਂ ਕਿਉਂਕਿ ਕੁੜੀਆਂ ਦੀ ਘਾਟ ਕਾਰਨ ਉਨ੍ਹਾਂ ਦੇ ਵਿਆਹ ਨਹੀਂ ਸਨ ਹੋ ਰਹੇ। ਉੱਤਰ ਪ੍ਰਦੇਸ, ਬਿਹਾਰ ਤੇ ਅਸਾਮ ਵਿਚਲੀਆਂ 50 ਫੀਸਦੀ ਅਗਵਾ ਹੋਈਆਂ ਬੱਚੀਆਂ (ਉੱਤਰ ਪ੍ਰਦੇਸ ਵਿੱਚ 7,338 ਜਵਾਨ ਬੱਚੀਆਂ ਚੁੱਕੀਆਂ ਗਈਆਂ ਯਾਨੀ 60 ਫ਼ੀਸਦੀ ਅਗਵਾ ਹੋਏ ਕੇਸ) ਸਿਰਫ ਵਿਆਹ ਕਰਵਾਉਣ ਲਈ ਚੁੱਕੀਆਂ ਗਈਆਂ।

ਜਿਹੜਾ ਤੱਥ ਸਭ ਤੋਂ ਘਿਨਾਉਣਾ ਹੈ, ਉਹ ਇਹ ਹੈ ਕਿ 47 ਫ਼ੀਸਦੀ ਜਬਰ-ਜ਼ਿਨਾਹ ਦੇ ਕੇਸ 18 ਸਾਲ ਤੋਂ ਛੋਟੀਆਂ ਬੱਚੀਆਂ, ਖਾਸਕਰ 6 ਸਾਲ ਤੋਂ ਵੀ ਛੋਟੀਆਂ ਬੱਚੀਆਂ ਵਿੱਚ ਰਿਕਾਰਡ ਕੀਤੇ ਗਏ ! ਮੱਧ ਪ੍ਰਦੇਸ ਵਿੱਚ 5076 ਤੇ ਹਿਮਾਚਲ ਵਿੱਚ 284 ਰੇਪ ਦੇ ਕੇਸ ਦਰਜ ਹੋਏ ਪਰ ਇਨ੍ਹਾਂ ਵਿੱਚ ਸਭ ਤੋਂ ਵੱਧ ਕੇਸ 6 ਤੋਂ 12 ਅਤੇ ਫੇਰ 12 ਤੋਂ 16 ਸਾਲ ਦੀਆਂ ਨਿੱਕੀਆਂ ਬਾਲੜੀਆਂ ਦੇ ਸਨ ! ਸਾਲ 2014 ਵਿੱਚ 18 ਤੋਂ 30 ਸਾਲ ਦੀਆਂ 97 ਤੇ 30 ਤੋਂ 45 ਸਾਲ ਦੀਆਂ 49 ਔਰਤਾਂ ਨੇ ਰੇਪ ਦਾ ਕੇਸ ਹਿਮਾਚਲ ਪ੍ਰਦੇਸ ਵਿੱਚ ਦਰਜ ਕਰਵਾਇਆ। ਇਨ੍ਹਾਂ ਤੋਂ ਇਲਾਵਾ ਤਿੰਨ ਕੇਸ 60 ਵਰ੍ਹਿਆਂ ਦੀਆਂ ਔਰਤਾਂ ਦੇ ਵੀ ਸਨ ਤੇ 5 ਕੇਸ 8 ਮਹੀਨੇ ਤੋਂ 2 ਸਾਲ ਦੀਆਂ ਬੱਚੀਆਂ ਦੇ ਰਿਕਾਰਡ ਹੋਏ। ਸੰਨ 2010 ਤੋਂ 2015 ਤੱਕ ਬਲਾਤਕਾਰ ਦੇ ਰਿਕਾਰਡ ਕੀਤੇ ਜਾ ਰਹੇ ਕੇਸਾਂ ਵਿੱਚ ਲਗਭਗ ਦੁਗਣਾ ਵਾਧਾ ਹੁੰਦਾ ਜਾ ਰਿਹਾ ਹੈ !

ਹੁਣ ਇਨ੍ਹਾਂ 6 ਜਾਂ 8 ਮਹੀਨਿਆਂ ਦੀਆਂ ਕਿਲਕਾਰੀਆਂ ਮਾਰਦੀਆਂ ਬਾਲੜੀਆਂ ਤੋਂ ਲੈ ਕੇ 60 ਵਰ੍ਹਿਆਂ ਦੀ ਮਾਂ ਦਾ ਚੀਰਹਰਣ ਕਰਨ ਵਾਲਿਆਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੀਏ !

ਪੁਲਿਸ ਦੀ ਤਫ਼ਤੀਸ਼ ਅਨੁਸਾਰ ਸਾਰੇ ਦੇ ਸਾਰੇ ਰਿਕਾਰਡ ਹੋਏ ਕੇਸਾਂ ਵਿੱਚ ਘਿਨਾਉਣਾ ਕਾਰਾ ਕਰਨ ਵਾਲੇ ਬਾਲੜੀਆਂ ਦੇ ਪਿਓ, ਭਰਾ, ਮਾਮੇ, ਚਾਚੇ, ਤਾਏ, ਫੁੱਫੜ ਜਾਂ ਹੋਰ ਨੇੜੇ ਦੇ ਰਿਸ਼ਤੇਦਾਰ ਹੀ ਸਨ ! ਇੱਕ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਜਿੱਥੇ ਕਿਸੇ ਬਾਹਰਲੇ ਨੇ ਹੱਦ ਟੱਪੀ ਹੋਵੇ ! ਹਿਮਾਚਲ ਵਿੱਚ ਰਿਪੋਰਟ ਹੋਏ 283 ਕੇਸਾਂ ਵਿੱਚੋਂ 24 ਤਾਂ ਪਿਓ ਹੀ ਗੁਨਾਹਗਾਰ ਸਨ, 5 ਭਰਾ, 16 ਚਾਚੇ-ਤਾਏ ਤੇ 49 ਬਹੁਤ ਨੇੜਲੇ ਗੁਆਂਢੀ। ਇਸੇ ਤਰ੍ਹਾਂ 9 ਕੇਸ ਦਫ਼ਤਰ ਦੇ ਬੌਸ ਵੱਲੋਂ ਕੀਤੀ ਜਿਸਮਾਨੀ ਵਧੀਕੀ ਦੇ ਸਨ !  ਸਭ ਤੋਂ ਘੱਟ ਜਬਰ-ਜ਼ਿਨਾਹ ਦੇ ਕੇਸ ਨਾਗਾਲੈਂਡ (30), ਸਿੱਕਮ  (47) ਤੇ ਮਨੀਪੁਰ (75) ਵਿੱਚ ਰਿਪੋਰਟ ਹੋਏ ਸਨ !

ਭਾਵੇਂ ਵੰਡ ਅਤੇ ਜੰਗਾਂ ਸਮੇਂ ਦੀ ਭਿਆਨਕ ਜ਼ਲਾਲਤ ਸਹਿਣੀ ਪਈ ਹੋਵੇ, ਭਾਵੇਂ ਸਕੂਲਾਂ ਵਿੱਚ ਅਧਿਆਪਕਾਂ ਹੱਥੋਂ ਜਬਰ-ਜ਼ਿਨਾਹ ਦੇ ਕੇਸ ਹੋਣ, ਧਾਰਮਿਕ ਸਥਾਨਾਂ ਉੱਤੇ ਬੇਹਯਾਈ ਕੀਤੀ ਗਈ ਹੋਵੇ, ਕੁੱਖ ਵਿੱਚ ਕਤਲ ਕਰ ਕੁੱਤਿਆਂ ਅੱਗੇ ਸੁੱਟਿਆ ਗਿਆ ਹੋਵੇ, ਗੋਦ ਵਿੱਚ ਮੁਸਕੁਰਾਉਂਦੀ ਕਲੀ ਨੂੰ ਪਿਓ ਜਾਂ ਭਰਾ ਵੱਲੋਂ ਹੀ ਮਿੱਧਿਆ ਗਿਆ ਹੋਵੇ, ਕੰਮਕਾਰ ਵਾਲੀ ਥਾਂ ਔਰਤ ਨੂੰ ਨਿਰਵਸਤਰ ਕੀਤਾ ਗਿਆ ਹੋਵੇ, ਮੀਡੀਆ ਰਾਹੀਂ ਅਸ਼ਲੀਲ ਤਸਵੀਰਾਂ ਨਾਲ, ਭੱਦੇ ਗੀਤ-ਸੰਗੀਤ ਨਾਲ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੋਵੇ ਜਾਂ ਤਾਹਨੇ ਮਿਹਣਿਆਂ ਨਾਲ ਲਫ਼ਜ਼ੀ ਬਲਾਤਕਾਰ ਹੋ ਰਿਹਾ ਹੋਵੇ, ਔਰਤ ਜਾਤ ਨੂੰ ਜ਼ਲੀਲ ਕਰਨ ਵਿੱਚ ਕੋਈ ਪਿਛਾਂਹ ਨਹੀਂ ਰਹਿ ਰਿਹਾ। ਸਹੀ ਕਿਹਾ ਗਿਆ ਹੈ ‘ਇਹ ਦੇਸ ਕੇ ਮੰਦਿਰੋਂ ਮੇਂ ਕਹਾਂ ਦਰਾਰ ਨਹੀਂ। ਸਹੀ ਸਲਾਮਤ ਏਕ ਭੀ ਦੀਵਾਰ ਨਹੀਂ। ਮਤ ਪੂਛੋ ਕਿਸ ਨੇ ਲੂਟਾ ਹੈ ਇਸ ਗੁਲਸ਼ਨ ਕੋ। ਯੇ ਪੂਛੋ ਇਸ ਲੂਟ ਮੇਂ ਕੌਨ ਹਿੱਸੇਦਾਰ ਨਹੀਂ  ?’

ਰਿਪੋਰਟਾਂ ਮੁਤਾਬਕ ਜੇ ਪਿਓ ਗੋਦ ਵਿੱਚ ਪਈ ਧੀ ਦੀ ਪੱਤ ਲੁੱਟਣ ਤੋਂ ਬਿਨਾਂ ਨਹੀਂ ਰਹਿ ਸਕਿਆ ਤੇ ਪੁੱਤਰ; ਮਾਂ ਦਾ ਬਲਾਤਕਾਰ ਕਰਨ ਤੋਂ ਬਗ਼ੈਰ ਨਹੀਂ ਰਹਿ ਸਕਿਆ ਤਾਂ ਔਰਤ ਕਿੱਥੇ ਸੁਰੱਖਿਅਤ ਮੰਨੀ ਜਾਣੀ ਚਾਹੀਦੀ ਹੈ ? ਕੌਣ ਉਸ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਏਗਾ ? ਔਰਤ ਦੇ ਮੁਰਦਾ ਜਿਸਮ ਤੱਕ ਨਾਲ ਕੀਤਾ ਗਿਆ ਬਲਾਤਕਾਰ ਅਨੇਕ ਵਾਰ ਰਿਕਾਰਡ ਹੋ ਚੁੱਕਿਆ ਹੈ।

ਕਮਾਲ ਦਾ ਜਿਗਰਾ ਕਹਿਣਾ ਚਾਹੀਦਾ ਹੈ ਕਿ ਅਜਿਹਾ ਕਾਰਾ ਕਰਨ ਵਾਲੇ ਮਰਦ ਧਾਰਮਿਕ ਸਥਾਨਾਂ ਵਿੱਚ ਦੇਵੀਆਂ ਨੂੰ ਮਾਵਾਂ ਤੇ ਕੰਜਕਾਂ ਦੇ ਨਾਂ ਦੇ ਕੇ ਉੱਚੇ-ਉੱਚੇ ਨਾਅਰੇ ਲਾਉਂਦੇ, ਮੱਥੇ ਤਿਲਕ ਲਾਉਂਦੇ ਤੇ ਉਨ੍ਹਾਂ ਅੱਗੇ ਮੱਥੇ ਰਗੜ ਕੇ ਪਾਪ ਬਖ਼ਸ਼ਾਉਂਦੇ, ਧਨ ਦੌਲਤ ਦੇ ਵਾਧੇ ਲਈ ਦੁਆਵਾਂ ਕਰਦੇ ਵੇਖੇ ਜਾਂਦੇ ਹਨ !

ਪਿੰਡਾਂ ਦੀਆਂ ਪੰਚਾਇਤਾਂ ਫ਼ੈਸਲੇ ਦੇ ਰਹੀਆਂ ਹਨ ਕਿ ਜੇ ਮੁੰਡਾ ਜਾਤੀ ਤੋਂ ਬਾਹਰ ਵਿਆਹ ਕਰਵਾਏਗਾ ਤਾਂ ਉਸ ਦੀਆਂ ਭੈਣਾਂ ਦਾ ਸਮੂਹਿਕ ਬਲਾਤਕਾਰ ਕੀਤਾ ਜਾਵੇਗਾ ! ਕਮਾਲ ਹੀ ਹੋ ਗਈ ਦੋਗਲੇਪਨ ਦੀ ! ਕੋਈ ਹਦ ਬੰਨ੍ਹਾ ਛੱਡਿਆ ਹੀ ਨਹੀਂ ਗਿਆ ! ਕੇਸ ਕੋਈ ਵੀ ਹੋਵੇ, ਫ਼ੈਸਲਾ ਔਰਤ ਦੀ ਪਤ ਲੁੱਟਣ ਦਾ ਸੁਣਾਇਆ ਜਾਵੇਗਾ ! ਦੁਰ ਫਿੱਟੇ ਮੂੰਹ ਇਹੋ ਜਿਹੇ ਸਮਾਜ ਦਾ !

ਅਸਲੀਅਤ ਵਿੱਚ ਇਹ ਸਮਾਜ ਪੂਰਾ ਨੰਗਾ ਹੈ, ਪਰ ਨੰਗਾ ਕਹਾਏ ਜਾਣ ਤੋਂ ਡਰਦਾ ਹੈ। ਪਾਖੰਡ ਦਾ ਨਕਾਬ ਪਹਿਣ ਕੇ ਬੈਠੇ ਬਥੇਰੇ ਲੋਕ ਆਪਣੇ ਮਨ ਅੰਦਰਲੇ ਪਾਪ ਦੇ ਪੁੰਗਰੇ ਬੀਜ ਨੂੰ ਲੁਕਾਉਣ ਖ਼ਾਤਰ ਔਰਤ ਨੂੰ ਹੀ ਔਰਤ ਦਾ ਦੁਸ਼ਮਣ ਕਹਿ ਕੇ ਪਾਸਾ ਵੱਟ ਕੇ ਬਹਿ ਜਾਂਦੇ ਹਨ।

6 ਮਹੀਨਿਆਂ ਦੀ ਬੱਚੀ ਨਾਲ ਕੁਕਰਮ ਕਰਨ ਵਾਲਾ ਪਿਓ, 60 ਸਾਲਾਂ ਦੀ ਮਾਂ ਨਾਲ ਮੂੰਹ ਕਾਲਾ ਕਰਨ ਵਾਲਾ ਪੁੱਤਰ, ਰੱਖੜੀ ਬੰਨ੍ਹਣ ਵਾਲੀ ਭੈਣ ਨਾਲ ਬੇਹਯਾਈ ਕਰਨ ਵਾਲਾ ਭਰਾ, ਫਰੇਬੀ ਮੁਖੌਟਾ ਪਹਿਨੀ ਦਫ਼ਤਰ ਦਾ ਬੌਸ ਆਪਣੇ ਮਾਤਿਹਤ ਕੰਮ ਕਰਦੀ ਔਰਤ ਨੂੰ ਝਪਟਣ ਲਈ ਸ਼ਿੰਕਜਾ ਕਸ ਕੇ ਬੈਠਾ ਤਿਆਰ-ਬਰ-ਤਿਆਰ ਕਿਵੇਂ ਇਹ ਮੰਨੇ ਕਿ ਮਰਦ ਔਰਤ ਦਾ ਦੁਸ਼ਮਨ ਹੈ ? ਆਪਣਾ ਬਘਿਆੜੀ ਰੂਪ ਲੁਕਾਉਣ ਖ਼ਾਤਰ ਕਿੰਨਾ ਸੌਖਾ ਹੈ ਕਿ ਜਿਸ ਉੱਤੇ ਜ਼ੁਲਮ ਕੀਤਾ ਗਿਆ ਹੋਵੇ, ਉਸੇ ਨੂੰ ਗੁਨਾਹਗਾਰ ਸਾਬਤ ਕਰ ਦਿਓ !

ਜਿੰਨੀਆਂ ਮਾਵਾਂ ਤੋਂ ਪੁੱਛਗਿਛ ਕੀਤੀ ਗਈ ਕਿ ਉਨ੍ਹਾਂ ਆਪਣੀਆਂ ਅੱਖਾਂ ਸਾਹਮਣੇ ਆਪਣੀ ਧੀ ਦਾ ਬਲਾਤਕਾਰ ਆਪਣੇ ਪਤੀ ਵੱਲੋਂ ਹੁੰਦਾ ਵੇਖਿਆ ਤਾਂ ਰਿਪੋਰਟ ਦਰਜ ਕਿਉਂ ਨਹੀਂ ਕਰਵਾਈ, ਤਾਂ ਉਨ੍ਹਾਂ ਦਾ ਜਵਾਬ ਸੀ ‘ਘਰ ਤਾਂ ਇੱਕ ਚੱਬ ਰਿਹਾ ਹੈ, ਪਰ ਘਰੋਂ ਬਾਹਰ ਸੈਂਕੜੇ ਸਾਨੂੰ ਨੋਚਣ ਨੂੰ ਤਿਆਰ ਬੈਠੇ ਹਨ ? ਕਿੱਥੇ ਸ਼ਰਨ ਲਈਏ ? ਇਸੇ ਲਈ ਇਹੀ ਜੇਲ੍ਹ ਰੂਪੀ ਨਰਕ ਔਖੇ-ਸੌਖੇ ਕੱਟ ਲੈਂਦੇ ਹਾਂ।’

ਏਨਾ ਸਭ ਕੁੱਝ ਵੇਖ ਸੁਣ ਕੇ, ਮੈਂ ਹਾਲੇ ਵੀ ਨਾ-ਉਮੀਦ ਨਹੀਂ ਹੋਈ। ਬਥੇਰੇ ਮਰਦ ਹਾਲੇ ਵੀ ਇੱਕੋ ਰੱਟ ਨਹੀਂ ਲਗਾ ਕੇ ਬੈਠੇ ਕਿ ਸਿਰਫ਼ ਔਰਤ ਹੀ ਔਰਤ ਦੀ ਦੁਸ਼ਮਣ ਹੈ ਬਲਕਿ ਉਹ ਅਜਿਹਾ ਘਿਨਾਉਣਾ ਕਾਰਾ ਕਰਨ ਵਾਲਿਆਂ ਮਰਦਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ। ਹਾਲੇ ਵੀ ਕਾਨੂੰਨ ਦੇ ਘਾੜੇ ਹਨ ਜੋ ਔਰਤਾਂ ਪ੍ਰਤੀ ਹੋ ਰਹੇ ਘਿਨਾਉਣੇ ਜੁਰਮਾਂ ਅਤੇ ਉਸ ਦੀ ਇੱਜ਼ਤ ਤਾਰ-ਤਾਰ ਕਰਨ ਵਾਲਿਆਂ ਲਈ ਤਕੜੀ ਸਜ਼ਾ ਦੇਣ ਲਈ ਤਿਆਰ ਹਨ। ਬਥੇਰੇ ਡਾਕਟਰ ਵੀ ਹਨ ਜੋ ਜਬਰ-ਜ਼ਿਨਾਹ ਕਰਨ ਵਾਲਿਆਂ ਦਾ ਅੰਗ ਵੱਢ ਕੇ ਨਪੁੰਸਕ ਬਣਾਉਣ ਨੂੰ ਤਿਆਰ ਬੈਠੇ ਹਨ। ਬਥੇਰੇ ਪਿਓ ਵੀ ਹਨ ਜੋ ਦੂਜਿਆਂ ਦੀਆਂ ਧੀਆਂ ਬਚਾਉਣ ਲਈ ਸਭ ਕੁੱਝ ਵਾਰ ਦਿੰਦੇ ਹਨ। ਅਧਿਆਪਕ ਵਰਗ ਵਿੱਚ ਵੀ ਬਥੇਰੇ ਭਲੇ ਮਾਨਸ ਹਨ, ਪਰ ਖ਼ਾਮੋਸ਼ ਰਹਿ ਜਾਣਾ ਉਨ੍ਹਾਂ ਨੂੰ ਜੁਰਮ ਦਾ ਭਾਗੀਦਾਰ ਬਣਾ ਦਿੰਦਾ ਹੈ।

ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਨ ਵੱਧ ਬੀਮਾਰ ਹੋ ਗਿਆ ਹੈ ! ਕਿਉਂ ਨਹੀਂ ਰਲ਼ ਮਿਲ ਕੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਅਜਿਹਾ ਕਾਰਾ ਕਰਨ ਵਾਲਿਆਂ ਨੂੰ ਫਾਹੇ ਟੰਗ ਦਿੱਤਾ ਜਾਂਦਾ ਤਾਂ ਜੋ ਅੱਗੇ ਤੋਂ ਮਾੜੀ ਸੋਚ ਵਾਲਿਆਂ ਦੇ ਦਿਲ ਦਹਿਲ ਜਾਣ ? ਕਦੇ ਤਾਂ ਉੱਠੀਏ ਮਾਂ ਦੇ ਦੁੱਧ ਦਾ ਕਰਜ਼ ਲਾਹੁਣ ਲਈ !  ਸੁਰਜੀਤ ਪਾਤਰ ਜੀ ਨੇ ਸਹੀ ਹਲੂਣਿਆ ਹੈ ‘ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ। ਹਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ। ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ। ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ। ਉੱਠ ਜਗਾ ਦੇ ਮੋਮਬੱਤੀਆਂ। ਮੰਨਿਆ ਕਿ ਰਾਜ ਨ੍ਹੇਰੇ ਦਾ ਹਠੀਲਾ ਪਰ ਅਜੇ ਜੀਊਂਦਾ ਹੈ ਕਿਰਨਾਂ ਦਾ ਕਬੀਲਾ। ਕਾਲਿਆਂ ਸਫ਼ਿਆਂ ਤੇ ਸਤਰਾਂ ਲਾਲ ਰੱਤੀਆਂ। ਉਠ ਜਗਾ ਦੇ ਮੋਮਬੱਤੀਆਂ !’

ਲੋੜ ਹੈ ਅਜਿਹੀ ਇੱਕ-ਇੱਕ ਮੋਮਬੱਤੀ ਜੋੜ ਵੱਡੀ ਲਾਟ ਬਣਾਉਣ ਦੀ, ਜਿਸ ਵਿੱਚ ਜੁਰਮ ਕਰਨ ਵਾਲੇ ਭਸਮ ਕਰ ਦਿੱਤੇ ਜਾਣ ਤੇ ਮਾੜੀ ਸੋਚ ਵੀ ਨਪੁੰਸਕ ਬਣ ਜਾਏ !  ਫੇਰ ਹੀ ਸਮਾਜ ਦਾ ਘਿਨਾਉਣਾ ਰੂਪ ਸੁਧਾਰਿਆ ਜਾ ਸਕੇਗਾ !