ਅੰਦਰਲੇ ਤੇ ਬਾਹਰਲੇ ਮਾਨਸਿਕ ਰੋਗ ਦੀ ਪਹਿਚਾਣ ਹੀ, ਇਲਾਜ ਦੇ ਅਰੰਭਕ ਲੱਛਣ

0
406

ਅੰਦਰਲੇ ਤੇ ਬਾਹਰਲੇ ਮਾਨਸਿਕ ਰੋਗ ਦੀ ਪਹਿਚਾਣ ਹੀ, ਇਲਾਜ ਦੇ ਅਰੰਭਕ ਲੱਛਣ

ਅਮਨਪ੍ਰੀਤ ਸਿੰਘ, ਗੁਰਸਿੱਖ ਫੈਮਲੀ ਕਲੱਬ (ਲੁਧਿਆਣਾ)-94172-39495

ਸਾਡੇ ਸਮਾਜ ਨੇ ਬੁੱਧੀ ਦਾ ਇੱਕ ਪੈਮਾਨਾ ਨੀਅਤ ਕਰ ਲਿਆ ਹੈ, ਜਿਸ ਦੇ ਦਾਇਰੇ ਵਿੱਚ ਨਾ ਆਉਣ ਵਾਲੇ ਮਨੁੱਖ ਨੂੰ ਮਾਨਸਿਕ ਅਪੰਗ ਜਾਂ ਕਈ ਵਾਰ ਅਸਭਿਅਕ ਭਾਸ਼ਾ ਵਿੱਚ ਪਾਗਲ ਤੱਕ ਕਿਹਾ ਜਾਂਦਾ ਹੈ। ਇਸ ਵਿੱਚ ਆਮ ਤੌਰ ’ਤੇ ਬੁੱਧੀ ਦਾ ਵਿਕਾਸ ਘੱਟ ਹੋਣ ਵਾਲੇ ਮਨੁੱਖ ਗਿਣੇ ਜਾਂਦੇ ਹਨ, ਜਿਨ੍ਹਾਂ ’ਚੋਂ ਕੁਝ ਜਮਾਂਦਰੂ ਤੇ ਕੁਝ ਸਮਾਜਕ ਜ਼ਿੰਮੇਵਾਰੀਆਂ ’ਚ ਅਸਫਲ ਰਹਿਣ ਵਾਲ਼ੇ ਮਾਨਸਿਕ ਰੋਗੀ ਬਣ ਜਾਂਦੇ ਹਨ। ਇਨ੍ਹਾਂ ਦੀ ਸੇਵਾ ਸੰਭਾਲ ਲਈ ਪਰਿਵਾਰਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਦਮ ਉਪਰਾਲੇ ਨਿਰੰਤਰ ਜਾਰੀ ਰਹਿੰਦੇ ਹਨ, ਜਿਨ੍ਹਾਂ ਵਿੱਚ ਇੱਕ ਹੈ ਭਗਤ ਪੂਰਨ ਸਿੰਘ ਜੀ ਵੱਲੋਂ ਚਲਾਈ ਗਈ ਪਿੰਗਲਵਾੜਾ ਸੰਸਥਾ; ਸਾਡੇ ਲਈ ਫ਼ਖ਼ਰ ਤੇ ਮਾਣ ਵਾਲੀ ਗੱਲ ਹੈ।  ਮਾਨਸਿਕ ਰੋਗੀਆਂ ਵਿੱਚ ਕਈ ਵਾਰ ਪਿਆਰ ਤੇ ਮਾਸੂਮੀਅਤ ਦੇਖ ਕੇ ਰੱਬ ਯਾਦ ਆਉਂਦਾ ਹੈ।  ਕਈ ਵਾਰ ਆਪਣੇ ਤੰਦਰੁਸਤ ਹੋਣ ਦਾ ਅਹੰਕਾਰ ਵੀ ਸਾਡੇ ਜੀਵਨ ’ਚ ਆ ਜਾਂਦਾ ਹੈ। ਅਜਿਹੀ ਹੀ ਇੱਕ ਹੱਡ ਬੀਤੀ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ। 

ਇੱਕ ਦਿਨ ਮੈਂ ਸਵੇਰੇ ਸੈਰ ਕਰਨ ਅਤੇ ਜਿੰਮ ’ਚ ਕਸਰਤ ਕਰਨ ਉਪਰੰਤ ਵਾਪਸ ਨਿਕਲਣ ਲੱਗਾ ਤਾਂ ਮੈਨੂੰ ਉੱਥੇ ਇੱਕ ਸੱਜਣ ਮਿਲਿਆ ਜਿਸ ਦੀ ਚਾਲ-ਢਾਲ ਤੇ ਵੇਖਣ ਦਾ ਢੰਗ; ਬਾਕੀਆਂ ਨਾਲੋਂ ਵੱਖਰਾ ਸੀ।  ਮੈਂ ਆਪਣੀ ਮਸਤੀ ’ਚ ਜਦ ਜਾਣ ਲੱਗਾ ਤਾਂ ਉਸ ਨੇ ਆ ਕੇ ਪਿਆਰ ਨਾਲ ਮੈਨੂੰ ਬੁਲਾਇਆ ਤੇ ਮੈ ਸ਼ਰਮਿੰਦਾ ਹੋ ਗਿਆ ਕਿਉਂਕਿ ਮੈ ਸੋਚਿਆ ਕਿ ਮੈਨੂੰ ਪਹਿਲਾਂ ਇਸ ਦਾ ਹਾਲ-ਚਾਲ ਪੁੱਛਣਾ ਚਾਹੀਦਾ ਸੀ।  ਮੈ ਆਪਣੇ ਆਪ ਨੂੰ ਬੜਾ ਛੋਟਾ ਮਹਿਸੂਸ ਕੀਤਾ।  ਉਸ ਦੇ ਮੁਕਾਬਲੇ ਮੈਂ ਆਪਣੇ ਆਪ ਨੂੰ ਵੱਧ ਮਾਨਸਿਕ ਕੰਗਾਲ ਤੇ ਹਉਮੈ ਗ੍ਰਸਤ ਸਮਝਿਆ।  ਬਿਨਾਂ ਜਾਣ ਪਹਿਚਾਣ ਕਿਸੇ ਨੂੰ ਨਾ ਬੁਲਾਉਣਾ, ਪੱਛਮੀ ਦੇਸ਼ਾਂ ਦੇ ਮੁਕਾਬਲੇ ਸਾਡੀ ਭਾਰਤੀ ਸਭਿਅਤਾ ’ਚ ਵਧੇਰੇ ਵੇਖਣ ਨੂੰ ਮਿਲਦਾ ਹੈ, ਜੋ ਕਿ ਸਹੀ ਨਹੀਂ।

ਇਹ ਤਾਂ ਸੀ ਕੁਦਰਤੀ ਮਾਨਸਿਕ ਰੋਗੀਆਂ ਦੀ ਗੱਲ ਪਰ ਸਾਡੇ ਸਮਾਜ ਵਿੱਚ ਪੜ੍ਹੇ ਲਿਖੇ ਜਾਂ ਲੋੜ ਤੋਂ ਵੱਧ ਸਿਆਣੇ ਮਾਨਸਿਕ ਅਪੰਗ ਵੀ ਦੇਖਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਦਾ ਪਹਿਰਾਵਾ ਜਾਂ ਬਾਹਰਲੀ ਦਿੱਖ ਭਾਵੇਂ ਸਧਾਰਣ ਜਿਹੀ ਹੁੰਦੀ ਹੈ ਪਰ ਆਪਣੇ ਵਿਹਾਰ, ਬੋਲ-ਚਾਲ ਤੇ ਵਰਤਾਓ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਮਾਨਸਿਕ ਪੱਖੋਂ ਤੰਦਰੁਸਤ ਬੰਦਾ ਨਹੀਂ । ਅਜਿਹਿਆਂ ਵਿੱਚ ਸਾਨੂੰ ਕਈ ਕਿਸਮਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਵੇਂ ਕਿ ਧਨ ਜਾਂ ਕਾਰੋਬਾਰ ਦਾ ਘਮੰਡ, ਪੁੱਤਰਾਂ ਦਾ ਘਮੰਡ, ਕਈ ਵਾਰ ਤਾਂ ਗਿਆਨ ਦਾ ਘਮੰਡ ਵਧੇਰੇ ਸਿਰ ਚੜ੍ਹ ਕੇ ਬੋਲਦਾ, ਵਿਖਾਈ ਦਿੰਦਾ ਹੈ । ਇਸ ਨੂੰ ਕੁਦਰਤੀ ਜਾਂ ਜਮਾਂਦਰੂ ਵਰਤਾਰਾ ਨਹੀਂ ਕਹਿ ਸਕਦੇ। ਇਹ ਮਨੁੱਖ ਦੀ ਆਪਣੀ ਆਪ ਬੀਜੀ ਖੇਤੀ ਹੁੰਦੀ ਹੈ। ਅਜਿਹੇ ਮਨੁੱਖ ਨੂੰ ਕਿਸੇ ਦੀ ਸੇਵਾ ਜਾਂ ਇਲਾਜ ਦੀ ਲੋੜ ਨਹੀਂ ਕਿਉਂਕਿ ਉਹ ਆਪ ਹੀ ਸਭ ਤੋਂ ਸਿਆਣਾ ਹੋਣ ਦਾ ਭਰਮ ਪਾਲੀ ਬੈਠਾ ਹੋਇਆ ਹੈ। ਇਹ ਇੱਕ ਕੈਦ ਹੈ, ਜਿਸ ਨੂੰ ਕਿਸੇ ਪਿੰਜਰੇ ਦੀ ਲੋੜ ਨਹੀਂ । ਅਜਿਹਾ ਬੰਦਾ ਜ਼ਿਆਦਾਤਰ ਦੂਸਰੇ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਆਪਣੇ ਵਿਵਹਾਰ ਮੁਤਾਬਕ ਕਈ ਵਾਰ ਐਸੀ ਚੋਟ ਕਰ ਜਾਂਦਾ ਹੈ ਜਿਸ ਦਾ ਨਾ ਜ਼ਖ਼ਮ ਹੁੰਦਾ ਹੈ, ਨਾ ਰਿਸਾਵ। ਇਹ ਸੱਟ ਸਾਹਮਣੇ ਵਾਲੇ ਦੇ ਹਿਰਦੇ ਨੂੰ ਚੀਰਦੀ ਹੋਈ ਕਿੱਥੋਂ ਤੱਕ ਸਿੱਧੀ ਚੱਲੀ ਜਾਵੇ ਇਸ ਦਾ ਖ਼ੁਦ ਨੂੰ ਵੀ ਪਤਾ ਨਹੀਂ ਲਗਦਾ।

ਸੋ, ਆਓ ਆਪਣੇ ਆਸ ਪਾਸ ਅਜਿਹੇ ਰੋਗ ਨੂੰ ਪਹਿਚਾਣੀਏ ਤੇ ਆਪਣੇ ਵੱਲੋਂ ਵੀ ਦੂਸਰੇ ਦੇ ਸੱਟ ਮਾਰਨ ਤੋਂ ਪਹਿਲਾਂ ਉਸ ਦੇ ਦੁਰਪ੍ਰਭਾਵ ਨੂੰ ਚੇਤੇ ਰੱਖੀਏ। ਲੋੜ ਸਿਰਫ਼ ਇਸ ਰੋਗ ਦੀ ਅੰਦਰ ਤੇ ਬਾਹਰ ਪਹਿਚਾਣ ਕਰਨ ਦੀ ਹੈ, ਜਦ ਪਹਿਚਾਣ ਕਰ ਲਈ ਇਸ ਦਾ ਇਲਾਜ ਤੇ ਬਚਾਉ ਵੀ ਖ਼ੁਦ-ਬ-ਖ਼ੁਦ ਹੋ ਜਾਏਗਾ ।  ਬਾਬਾ ਫ਼ਰੀਦ ਜੀ ਦਾ ਕਥਨ ਹੈ, ‘‘ਸਭਨਾ ਮਨ ਮਾਣਿਕ; ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ; ਹਿਆਉ ਨ ਠਾਹੇ ਕਹੀ ਦਾ ॥’’ (ਪੰਨਾ ੧੩੮੪) ਭਾਵ ਸਭ ਦੇ ਮਨ ਮੋਤੀ ਹਨ, ਕਿਸੇ ਦਾ ਮਨ ਦੁਖਾਣਾ ਸਹੀ ਨਹੀਂ, ਜੇ ਰੱਬੀ ਇਸ਼ਕ ਦੀ ਖਿੱਚ ਹੈ ਤਾਂ ਕਿਸੇ ਦਾ ਹਿਰਦਾ ਨਾ ਦੁੱਖੀ ਕਰ।