ਸਿੱਖ ਭੋਲ਼ੇ ਨਹੀਂ ਹਨ !

0
492

ਸਿੱਖ ਭੋਲ਼ੇ ਨਹੀਂ ਹਨ !

ਗੁਰਪ੍ਰੀਤ ਸਿੰਘ (USA)

ਅਜੋਕੇ ਸਮੇਂ ਵਿੱਚ ਸਾਡੇ ਆਪਣੇ ਹੀ ਪ੍ਰਚਾਰਕਾਂ ਵੱਲੋਂ ਬਹੁਤ ਵਾਰ ਇਹ ਦੁਹਰਾਇਆ ਜਾਂਦਾ ਹੈ ਕਿ ਸਿੱਖ ਬੜੇ ਭੋਲ਼ੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਆਪਣੇ ਆਪ ਨੂੰ ਭੋਲ਼ੇ ਦਰਸਾ ਕੇ, ਅਸੀਂ ਕਿਸ ਕੋਲ਼ੋਂ ਹਮਦਰਦੀ ਲੈਣੀ ਹੁੰਦੀ ਹੈ ? ਜੇ ਹਮਦਰਦੀ ਦੀ ਚਾਹਤ ਨਹੀਂ ਤਾਂ ਸਾਨੂੰ ਵਾਰ- ਵਾਰ ਅਜਿਹਾ ਸੁਨੇਹਾ ਕਿਉਂ ਦਿੱਤਾ ਜਾਵੇਂ ? ਸਿੱਖ ਕੌਮ ਜਿਹੜੀ ਕਿ ਅਣਖ, ਬਹਾਦਰੀ ਅਤੇ ਉੱਚੇ-ਸੁੱਚੇ ਕਿਰਦਾਰ ਲਈ ਜਾਣੀ ਜਾਂਦੀ ਸੀ; ਉਸ ਨੂੰ ਭੋਲ਼ਿਆਂ ਦੀ ਕੌਮ ਗਰਦਾਨ ਕੇ, ਅਸੀਂ ਕੀ ਹਾਸਲ ਕਰ ਸਕਦੇ ਹਾਂ ? ਕੀ ਸਾਨੂੰ ਨਹੀਂ ਲੱਗਦਾ ਕਿ ਅਜਿਹਾ ਪ੍ਰਚਾਰ ਸਾਡੀ ਕੌਮ ਦੀ ਮਾਨਸਿਕਤਾ ਨੂੰ ਅੰਦਰੋਂ- ਅੰਦਰੀ ਖੋਰਾ ਲਾ ਕੇ ਸੁੰਨ ਕਰ ਰਿਹਾ ਹੈ ?

ਅਜਿਹਾ ਨਕਾਰਾਤਮਕ ਪ੍ਰਚਾਰ ਯਕੀਨਨ ਹੀ ਜਿੱਥੇ ਰਾਜਸੀ ਸ਼ਿਕਾਰੀਆਂ ਨੂੰ ਸ਼ਹਿ ਦਿੰਦਾ ਹੈ, ਉੱਥੇ ਹੀ ਇਹ ਹੋਰਨਾਂ ਨੂੰ ਵੀ ਇੱਕ ਖੁੱਲ੍ਹਾ ਸੱਦਾ ਦੇਣ ਦੇ ਬਰਾਬਰ ਹੈ ਕਿ ਸਿੱਖਾਂ ਨੂੰ ਬਹੁਤ ਅਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ। ਯਾਦ ਰੱਖੀਏ ਕਿ ਇਹ ਦੌਰ ਭੋਲ਼ੇ ਤੇ ਭਾਵੁਕ ਹੋਣ ਦਾ ਨਹੀਂ ਬਲਕਿ ਸੁਚੇਤ ਹੋ ਕੇ ਦੂਰ-ਅੰਦੇਸ਼ੀ ਵਾਲੀ ਦੂਰਬੀਨ ਵਰਤਣ ਦਾ ਹੈ। ਹਰ ਛੋਟੇ, ਵੱਡੇ ਹਮਲੇ ਤੋਂ ਸੁਚੇਤ ਰਹਾਂਗੇ ਤਾਂ ਫ਼ਤਿਹ ਦਾ ਮਿਲਣਾ ਯਕੀਨੀ ਹੈ, ਜਿਵੇਂ ਕਿ ਬਾਬਾ ਫਰੀਦ ਜੀ ਦੇ ਬਚਨ ਹਨ : ‘‘ਲੰਮੀ ਲੰਮੀ ਨਦੀ ਵਹੈ; ਕੰਧੀ ਕੇਰੈ ਹੇਤਿ ॥ ਬੇੜੇ ਨੋ ਕਪਰੁ ਕਿਆ ਕਰੇ ? ਜੇ ਪਾਤਣ ਰਹੈ ਸੁਚੇਤਿ ॥੮੬॥ (ਸਲੋਕ, ਬਾਬਾ ਫਰੀਦ ਜੀ, ਅੰਕ ੧੩੮੨) ਭਾਵ  ਸਰੀਰ ਰੂਪ ਕੰਢੇ ਨੂੰ ਡੇਂਗਣ ਲਈ (ਦੁੱਖਾਂ ਦੀ) ਬੜੀ ਲੰਬੀ ਨਦੀ ਵਹਿ ਰਹੀ ਹੈ, ਪਰ ਉਸ ਜ਼ਿੰਦਗੀ ਰੂਪ ਜਹਾਜ਼ ਨੂੰ (ਸਮੁੰਦਰੀ) ਘੁੰਮਣ-ਘੇਰੀ ਕੀ ਕਰ ਸਕਦੀ ਹੈ, ਜੋ ਮਲਾਹ (ਗੁਰੂ) ਦੇ ਚੇਤੇ ਵਿੱਚ ਰਹਿੰਦਾ ਹੈ ?