ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ

0
327

ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਨਾਨਕ ਸਾਹਿਬ ਜੀ ਆਪਣੀਆਂ ਦੇਸ਼ ਵਿਦੇਸ਼ ਦੀਆਂ ਲੰਬੀਆਂ ਪ੍ਰਚਾਰ ਯਾਤਰਾਵਾਂ (ਚਾਰ ਉਦਾਸੀਆਂ) ਦੀ ਸਮਾਪਤੀ ਤੋਂ ਬਾਅਦ ਬਿਕ੍ਰਮੀ ਸੰਮਤ ੧੫੭੮, ਨਾਨਕਸ਼ਾਹੀ ਸੰਮਤ ੫੨/1521 ਸੀਈ ਦੌਰਾਨ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਨਗਰ ਸੁਲਤਾਨਪੁਰ ਲੋਧੀ ਆ ਗਏ। ਇੱਥੇ ਹੀ ਉਨ੍ਹਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਪੁੱਤਰ ਸ਼੍ਰੀਚੰਦ ਜੀ ਅਤੇ ਲਖਮੀ ਚੰਦ ਜੀ ਰਹਿ ਰਹੇ ਸਨ। ਗੁਰੂ ਜੀ ਕੁਝ ਸਮਾਂ ਉਨ੍ਹਾਂ ਪਾਸ ਠਹਿਰੇ। ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਜ਼ਿਲ੍ਹਾ ਨਾਰੋਵਾਲ (ਹੁਣ ਪਾਕਿਸਤਾਨ) ਤਹਿਸੀਲ ਸ਼ੱਕਰਗੜ੍ਹ, ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਨ੍ਹਾਂ ਨੂੰ ਮਿਲਣ ਆਇਆ। ਉਨ੍ਹਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਬੇਨਤੀ ਕੀਤੀ, ਜਿੱਥੇ ਉਨ੍ਹਾਂ ਨੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਿਹਾਇਸ਼ ਆਦਿ ਦਾ ਪ੍ਰਬੰਧ ਵੀ ਕਰ ਦਿੱਤਾ। ਬਿਕਰਮੀ ਸੰਮਤ ੧੫੭੯, ਨਾਨਕਸ਼ਾਹੀ ਸੰਮਤ ੫੩/1522 ਸੀਈ ’ਚ ਗੁਰੂ ਜੀ ਨੇ ਇਸੇ ਸਥਾਨ ’ਤੇ ਕਰਤਾਰਪੁਰ ਪਿੰਡ ਵਸਾਇਆ ਅਤੇ ਆਪਣੇ ਮਾਤਾ ਪਿਤਾ ਨੂੰ ਰਾਇ ਭੋਇ ਦੀ ਤਲਵੰਡੀ ਤੋਂ, ਆਪਣੀ ਸੁਪਤਨੀ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਸਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਬੁਲਾ ਲਿਆ। ਗੁਰੂ ਨਾਨਕ ਸਾਹਿਬ ਨੇ ਜ਼ਮੀਨ ਖਰੀਦ ਕੇ ਆਪ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਲਿਆ। ਗੁਰੂ ਕੇ ਲੰਗਰ ਵਰਤਦੇ ਅਤੇ ਨਿਰਾਕਾਰ ਦੇ ਸਿਮਰਨ ਦਾ ਪ੍ਰਵਾਹ ਚਲਦਾ ਰਹਿੰਦਾ।

ਬਾਬਾ ਲਹਿਣਾ ਜੀ ਦੇ ਪਿਤਾ ਬਾਬਾ ਫੇਰੂਮੱਲ ਜੀ ਦੁਰਗਾ ਦੇਵੀ ਦਾ ਭਗਤ ਸੀ, ਜੋ ਹਰ ਸਾਲ ਪਿੰਡਾਂ ’ਚੋਂ ਜਥਿਆਂ ਨੂੰ ਦੇਵੀ ਦਰਸ਼ਨ ਕਰਾਉਣ ਲਈ ਲਿਜਾਇਆ ਕਰਦੇ ਸਨ।  1526 ਈ: ’ਚ ਬਾਬਾ ਫੇਰੂਮੱਲ ਜੀ ਚੜ੍ਹਾਈ ਕਰ ਗਏ। ਉਨ੍ਹਾਂ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਦੇ ਜ਼ਿੰਮੇ ਆ ਗਿਆ। ਉਹ ਹਰ ਸਾਲ ਨਿਰੰਤਰ ਯਾਤਰਾ ’ਤੇ ਜਾਂਦੇ ਰਹੇ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਭਾਈ ਜੋਧਾ ਪਾਸੋਂ ਰਸ ਭਿੰਨੀ ਅੰਮ੍ਰਿਤ ਬਾਣੀ ‘‘ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮ੍ਾਲੀਐ   ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ   ਮੰਦਾ ਮੂਲਿ ਕੀਚਈ; ਦੇ ਲੰਮੀ ਨਦਰਿ ਨਿਹਾਲੀਐ   ਜਿਉ ਸਾਹਿਬ ਨਾਲਿ ਹਾਰੀਐ; ਤੇਵੇਹਾ ਪਾਸਾ ਢਾਲੀਐ   ਕਿਛੁ ਲਾਹੇ ਉਪਰਿ; ਘਾਲੀਐ ੨੧’’ (ਆਸਾ ਕੀ ਵਾਰ/ਮਹਲਾ /੪੭੪) ਸੁਣੀ ਤਾਂ ਬਹੁਤ ਪ੍ਰਭਾਵਤ ਹੋਏ। ਭਾਈ ਜੋਧਾ ਜੀ ਕੋਲ਼ੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ ਹੈ। ਬੱਸ ਫਿਰ ਕੀ ਸੀ, ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਹਰ ਸਾਲ ਦੀ ਤਰ੍ਹਾਂ ਭਾਈ ਲਹਿਣਾ ਜੀ ਦੀ ਅਗਵਾਈ ਹੇਠ ਬਿਕ੍ਰਮੀ ਸੰਮਤ ੧੫੮੯, ਨਾਨਕਸ਼ਾਹੀ ਸੰਮਤ ੬੪/੧੫੩੨ ਈ: ’ਚ ਦੇਵੀ ਦਰਸ਼ਨਾਂ ਲਈ ਜਥਾ ਚੱਲ ਪਿਆ। ਜਦ ਕਰਤਾਰਪੁਰ ਪਹੁੰਚੇ ਤਾਂ ਜਥੇ ਨਾਲੋਂ ਆਪ ਅਲੱਗ ਹੋ ਕੇ ਇੱਕ ਸਿੱਖ ਕੋਲ਼ੋਂ ਪੁੱਛਦੇ ਹਨ ਕਿ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਹਨ, ਉਨ੍ਹਾਂ ਦਾ ਪਤਾ ਦੱਸ ਸਕਦੇ ਹੋ ? ਉਨ੍ਹਾਂ ਨੇ ਘੋੜੇ ਦੀ ਲਗਾਮ ਪਕੜ ਲਈ ਅਤੇ ਕਿਹਾ ਕਿ ਮੇਰੇ ਪਿੱਛੇ-ਪਿੱਛੇ ਆਓ। ਮੈਂ ਤੁਹਾਨੂੰ ਉਨ੍ਹਾਂ ਕੋਲ਼ ਲੈ ਚਲਦਾ ਹਾਂ। ਜਦ ਧਰਮਸ਼ਾਲ ਪਹੁੰਚੇ ਤਾਂ ਕਿਹਾ ‘ਘੋੜਾ ਇਥੇ ਬੰਨ ਦਿਓ’ ਅਤੇ ਜਲ ਪਾਣੀ ਛਕ ਕੇ ਸੰਗਤ ’ਚ ਬੈਠ ਜਾਣਾ। ਸੰਗਤ ’ਚ ਪਹੁੰਚ ਕੇ ਭਾਈ ਲਹਿਣਾ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਚੁੱਕ ਕੇ ਦੇਖਿਆ ਤਾਂ ਸਾਮ੍ਹਣੇ ਓਹੀ ਗੁਰੂ ਨਾਨਕ ਸਾਹਿਬ ਬੈਠੇ ਸਨ, ਜੋ ਉਨ੍ਹਾਂ ਦੇ ਘੋੜੇ ਦੀ ਲਗਾਮ ਪਕੜ ਕੇ ਇੱਥੋਂ ਤੱਕ ਲੈ ਕੇ ਆਏ ਸਨ।

ਮਾਫ਼ੀ ਮੰਗੀ ਕਿ ਮੈਂ ਘੋੜੇ ’ਤੇ, ਪਰ ਤੁਸੀਂ ਪੈਦਲ !  ਗੁਰੂ ਸਾਹਿਬ ਨੇ ਪਿਆਰ ਨਾਲ ਨਾਮ ਪੁੱਛਿਆ। ਜਵਾਬ ’ਚ ‘ਭਾਈ ਲਹਿਣਾ’ ਸੁਣਿਆ ਤਾਂ ਕਿਹਾ ਫਿਰ ਤੇ ਮਾਫ਼ੀ ਦੀ ਕੋਈ ਗੱਲ ਨਹੀਂ, ਤੁਸੀਂ ਲਹਿਣਾ ਤੇ ਅਸਾਂ ਦੇਣਾ। ਲੈਣ ਵਾਲੇ ਹਮੇਸ਼ਾਂ ਘੋੜੇ ’ਤੇ ਸਵਾਰ ਹੁੰਦੇ ਹਨ ਤੇ ਦੇਣਦਾਰ ਪੈਦਲ। ਇਹ ਸੁਣ ਕੇ ਭਾਈ ਲਹਿਣਾ ਜੀ ਦੀਆਂ ਅੱਖਾਂ ’ਚ ਅੱਥਰੂ ਆ ਗਏ। ਅੰਦਰੋਂ ਅਜਿਹੀ ਅਗੰਮੀ ਖਿੱਚ ਪਈ ਕਿ ਦੇਵੀ ਦੇ ਦਰਸ਼ਨ ਕਰਨੇ, ਚੇਤੇ ਨਾ ਰਹੇ। ਉਹ ਗੁਰੂ ਘਰ ਨੂੰ ਸਮਰਪਿਤ ਹੋ ਗਏ, ਜੋ ਕਦੀਂ ਨਾ ਨਿਖੜ ਸਕੇ। ਪਤਾ ਲੱਗਣ ’ਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਬੱਚਿਆਂ ਸਮੇਤ ਭਾਈ ਲਹਿਣਾ ਜੀ ਦੀ ਰਿਸ਼ਤੇ ’ਚ ਲੱਗਦੀ ਭੂਆ ਬੇਬੇ ਵੀਰਾਈ ਕੋਲ਼ ਗਏ। ਮਨ ਅੰਦਰ ਤੌਖਲਾ ਸੀ ਕਿ ਵਾਪਾਰ ਨੂੰ ਕੌਣ ਸੰਭਾਲ਼ੇਗਾ ? ਬੱਚਿਆਂ ਨੂੰ ਕੌਣ ਪੜ੍ਹਾਏਗਾ ? ਮਾਤਾ ਵੀਰਾਈ ਨੇ ਦਿਲਾਸਾ ਦਿੱਤਾ ਕਿ ਚਿੰਤਾ ਨਾ ਕਰੋ; ਨੇਕੀ ਦੇ ਘਰ ਗਏ ਹਨ। ਨੇਕ ਬਣ ਕੇ ਹੀ ਆਉਣਗੇ। ਕੁਝ ਚਿਰ ਮਗਰੋਂ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਆਪਣਾ ਪਰਵਾਰ ਤੇ ਕੰਮ ਕਾਜ ਦੇਖਣ ਲਈ ਖਡੂਰ ਵਿਖੇ ਭੇਜ ਦਿੱਤਾ ਪਰ ਉੱਥੇ ਉਨ੍ਹਾਂ ਦਾ ਚਿੱਤ ਨਾ ਲੱਗਿਆ। ਘਰਬਾਰ ਦੀ ਜ਼ਿੰਮੇਦਾਰੀ ਆਪਣੇ ਪਰਵਾਰ ਨੂੰ ਸੌਂਪ ਕੇ ਮੁੜ ਵਾਪਸ ਕਰਤਾਰ ਪੁਰ ਆ ਗਏ। ਜਦੋਂ ਕਰਤਾਰ ਪੁਰ ਪੁੱਜੇ ਤਾਂ ਗੁਰੂ ਨਾਨਕ ਸਾਹਿਬ ਖੇਤਾਂ ’ਚ ਕੰਮ ਕਰ ਰਹੇ ਸਨ। ਉਨ੍ਹਾਂ ਨੇ ਜਾ ਮੱਥਾ ਟੇਕਿਆ ਤੇ ਕੰਮ ’ਚ ਹੱਥ ਵਟਾਉਣ ਲੱਗ ਪਏ। ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ। ਇੱਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿੱਤੀ ਤੇ ਦੂਸਰੀ ਆਪ ਚੁੱਕ ਲਈ। ਭਾਈ ਲਹਿਣਾ ਜੀ ਦੇ ਰੇਸ਼ਮੀ ਕੱਪੜੇ ਸਾਰੇ ਚਿਕੜ ਨਾਲ ਲਬੋ-ਲਬ ਭਰ ਗਏ। ਜਦ ਮਾਤਾ ਸੁਲੱਖਣੀ ਨੇ ਦੇਖਿਆ ਤਾਂ ਕਿਹਾ ‘ਆਪ ਤਾਂ ਤੁਸੀਂ ਪੰਡ ਚੁੱਕੀ ਸੀ, ਪਰ ਇਨ੍ਹਾਂ ਨੂੰ ਚਿੱਕੜ ਨਾਲ ਭਰੀ ਪੰਡ ਕਿਉਂ ਚੁਕਾ ਦਿੱਤੀ ?

ਗੁਰੂ ਨਾਨਕ ਸਾਹਿਬ ਜੀ; ਭਾਈ ਲਹਿਣੇ ਵੱਲ ਵੇਖ ਕੇ ਹੱਸ ਪਏ ਅਤੇ ਬਚਨ ਕੀਤਾ ‘ਸੁਲੱਖਣੀ ! ਇਨ੍ਹਾਂ ਦੇ ਸਿਰ ’ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨਿਆਂ ਦਾ ਛੱਤਰ ਹੈ। ਪ੍ਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ।’ ਭਾਈ ਲਹਿਣਾ ਜੀ ਨੇ ਇਸ ਹੁਕਮ ’ਤੇ ਪਹਿਰਾ ਦੇ ਕੇ ਸਾਬਤ ਭੀ ਕਰ ਦਿੱਤਾ ਹੈ। ਉਨ੍ਹਾਂ ਨੇ ਸਿਮਰਨ, ਤਿਆਗ, ਧੀਰਜ ਆਦਿਕ ਗੁਣਾਂ ਨਾਲ਼ ਵਿਕਾਰਾਂ ’ਤੇ ਕਾਬੂ ਪਾਉਂਦਿਆਂ ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਣਥੱਕ ਸੇਵਾ ਕੀਤੀ ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ ’’ (ਸਤਾ ਬਲਵੰਡ ਜੀ/੯੬੭) ਲਹਿਣਾ ਜੀ ਸੰਗਤਾਂ ਦੀ ਸੇਵਾ ਦੇ ਨਾਲ਼-ਨਾਲ਼ ਖੇਤੀ ਬਾੜੀ ਦਾ ਕੰਮ ਭੀ ਸੰਭਾਲਣ ਲੱਗੇ। ਬਿਨਾਂ ਕਿਸੇ ਕਿੰਤੂ-ਪਰੰਤੂ ਤੋਂ ਸਤਿਗੁਰੂ ਦੇ ਹਰ ਹੁਕਮ ਲਈ ਤਿਆਰ-ਬਰ ਤਿਆਰ ਰਹਿੰਦੇ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਅਤੇ ਅੰਦਰ ਜਗਦੀ ਜੋਤ ਨੂੰ ਪਛਾਣ ਲਿਆ। ਵੈਸੇ ਉਨ੍ਹਾਂ ਦੀਆਂ ਕੁੱਝ ਪ੍ਰੀਖਿਆਵਾਂ ਵੀ ਲਈਆਂ; ਜਿਵੇਂ ਘਾਹ ਦੀ ਪੰਡ ਚੁੱਕਣੀ, ਚਿੱਕੜ ਵਿੱਚੋਂ ਕਟੋਰਾ ਕੱਢਣਾ, ਧਰਮਸ਼ਾਲ ’ਚੋਂ ਮੋਈ ਚੂਹੀ ਬਾਹਰ ਸੁੱਟਣੀ, ਸਰਦੀ ਦੇ ਮੌਸਮ ’ਚ ਅੱਧੀ ਰਾਤੀਂ ਮੀਂਹ ਪੈਂਦੇ ’ਚ ਕੰਧ ਬਣਾਉਣੀ; ਜਿਸ ਨੂੰ ਵਾਰ-ਵਾਰ ‘ਠੀਕ ਨਹੀਂ ਬਣੀ’ ਕਹਿ ਗੁਰੂ ਨਾਨਕ ਸਾਹਿਬ ਢਾਹ ਦਿੰਦੇ ਸਨ ਆਦਿ। ਇਨ੍ਹਾਂ ਕਠਿਨ ਪ੍ਰੀਖਿਆਵਾਂਚੋਂ ਹਰ ਵਾਰ ਵੱਧ ਸੁਰਖ਼ਰੂ ਹੁੰਦੇ ਵੇਖ ਗੁਰਗੱਦੀ ਦੇ ਯੋਗ ਜਾਣ ਅੱਸੂ ਵਦੀ , ਅੱਸੂ, ਬਿਕ੍ਰਮੀ ਸੰਮਤ ੧੫੯੬, ਨਾਨਕਸ਼ਾਹੀ ਸੰਮਤ ੭੧ /3 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਗੱਦੀ ਦੀ ਰਸਮ ਅਦਾ ਕਰਾ, ਗੁਰਿਆਈ ਭਾਈ ਲਹਿਣੇ ਜੀ ਨੂੰ ਸੌਂਪ ਦਿੱਤੀ ਉਨ੍ਹਾਂ ਨੂੰ ਆਪਣੇ ਅੰਗ ਲਾ ਕੇ ਨਾਮ ਭੀ ਗੁਰੂ ਅੰਗਦ ਜੀ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਆਪਣੇ ਦੁਆਰਾ ਰਚੀ ਬਾਣੀ ਦੇ ਨਾਲ-ਨਾਲ ਉਦਾਸੀਆਂ ਦੌਰਾਨ ਇਕੱਤਰ ਕੀਤੀ ਭਗਤ ਬਾਣੀ ਦੀਆਂ ਪੋਥੀਆਂ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀਆਂ। ਸਾਰੀ ਸੰਗਤ ਸਮੇਤ ਗੁਰੂ ਨਾਨਕ ਜੀ ਨੇ ਰੱਬੀ ਭਾਣਾ ਮੰਨਣ ਕਾਰਨ ਗੁਰੂ ਅੰਗਦ ਸਾਹਿਬ ਜੀ ਅੱਗੇ ਸੀਸ ਝੁਕਾਇਆ ‘‘ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ’’ (ਸਤਾ ਬਲਵੰਡ ਜੀ/੯੬੬)

ਗੁਰੂ ਸਾਹਿਬਾਨ ਜੀ ਦੇ ਜੋਤੀ-ਜੋਤ ਸਮਾਉਣ ਦੇ ਦਿਹਾੜਿਆਂ ਸੰਬੰਧੀ ਤਾਂ ਤਕਰੀਬਨ ਸਭਨਾ ਇਤਿਹਾਸਕਾਰਾਂ ’ਚ ਆਮ ਸਹਿਮਤੀ ਹੈ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ 6 ਗੁਰੂ ਸਾਹਿਬਾਨ ਦੇ ਜੋਤੀ ਸਮਾਉਣ ਦੇ ਦਿਹਾੜੇ ਕਰਤਾਰਪੁਰੀ ਬੀੜ ’ਚ ਭੀ ਦਰਜ ਹਨ, ਜਿਨ੍ਹਾਂ ਨਾਲ ਇਤਿਹਾਸਕਾਰਾਂ ਦੀਆਂ ਤਾਰੀਖ਼ਾਂ ਮੇਲ ਖਾਂਦੀਆਂ ਹਨ; ਇਸ ਲਈ ਇਨ੍ਹਾਂ ਦੋਵੇਂ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਬਾਰੇ ਤਾਂ ਭਾਵੇਂ ਕੋਈ ਮਤਭੇਦ ਨਹੀ, ਪਰ ਪ੍ਰਕਾਸ਼ ਦਿਹਾੜਿਆਂ ਅਤੇ ਗੁਰਗੱਦੀ ਦਿਵਸ ਦੀਆਂ ਤਾਰੀਖ਼ਾਂ ਵੱਖ-ਵੱਖ ਲਿਖੀਆਂ ਹਨ। ਕੁਝ ਇਤਿਹਾਸਕਾਰਾਂ (ਜਿਵੇਂ ਕਿ ਗੁਰਵੰਸ ਦਰਪਣ ਪੱਤਰ, ਸੂਰਜ ਪ੍ਰਕਾਸ਼ ਵਾਰਤਿਕ, ਗੁਰਮਤਿ ਰਹਿਤ ਮਰਿਆਦਾ, ਗੁਰਬਾਣੀ ਪਾਠ ਦਰਸ਼ਨ ਆਦਿਕ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਅੱਸੂ ਵਦੀ ਸੰਮਤ ੧੫੯੬ ਲਿਖੀ ਹੈ। ਇਹੋ ਤਾਰੀਖ਼ਾਂ ਜ਼ਿਆਦਾ ਪ੍ਰਚਲਿਤ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਬਾਰੇ ਜਿੱਥੇ ਕੋਈ ਮਤਭੇਦ ਨਹੀਂ, ਓਥੇ ਇਤਿਹਾਸਕਾਰਾਂ ਮੁਤਾਬਕ ਗੁਰੂ ਅੰਗਦ ਸਾਹਿਬ ਜੀ ਦੇ ਗੁਰਿਆਈ ਪੁਰਬ ’ਚ ਤਿੰਨ ਮਹੀਨਿਆਂ ਦਾ ਅੰਤਰ ਹੈ।

ਸ਼ਾਇਦ ਇਸ ਫ਼ਰਕ ਦਾ ਇੱਕ ਕਾਰਨ ਇਹ ਹੈ ਕਿ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀ ਪੁਸਤਕ ‘ਗੁਰ ਪੁਰਬ ਨਿਰਣੈ’ ਵਿੱਚ ਕਵੀ ਸੰਤੋਖ ਸਿੰਘ ਦੇ ਹਵਾਲੇ ਨਾਲ ਲਿਖਿਆ ਹੈ ‘ਦਵਾਦਸ ਬਰਖ ਟਿਕੇ ਗੁਰਗਾਦੀ ਖਸਟ ਮਾਸ, ਨੌ ਦਿਨ ਐਹਲਾਦੀ ਭਾਵ ਗੁਰੂ ਅੰਗਦ ਸਾਹਿਬ ਜੀ 12 ਬਰਸ 6 ਮਹੀਨੇ 9 ਦਿਨ ਗੁਰਗੱਦੀ ’ਤੇ ਬਿਰਾਜਮਾਨ ਰਹੇ। ਇਸ ਲਿਖਤ ਮੁਤਾਬਕ ਸਤਿਗੁਰੂ ਜੀ ਦਾ ਗੁਰਗੱਦੀ ਪੁਰਬ ਨਿਸ਼ਚਿਤ ਕਰਨ ਲਈ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪,  ਸੰਮਤ ੧੬੦੯ ’ਚੋਂ ਕੁਲ ਗੁਰਿਆਈ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਹਾੜ ਵਦੀ ੧੩ ਸੰਮਤ ੧੫੯੬ ਲਿਖ ਲਿਆ, ਜਿਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਕੇ ੧੭ ਹਾੜ ਸੰਮਤ ੧੫੯੬; 14 ਜੂਨ 1539 ਦੀ ਗ਼ਲਤ ਤਾਰੀਖ਼ ਲਿਖੀ ਮਿਲਦੀ ਹੈ । ਹੁਣ ਜਦੋਂ ਇਹ ਗਲਤੀ ਧਿਆਨ ’ਚ ਆ ਚੁੱਕੀ ਹੈ ਤਾਂ ਇਸ ਤਾਰੀਖ਼ ਨੂੰ ਸਹੀ ਮੰਨ ਲੈਣਾ ਠੀਕ ਨਹੀਂ ਹੈ।

ਸ: ਕਰਮ ਸਿੰਘ ਹਿਸਟੋਰੀਅਨ ਲਿਖਤ ਗੁਰਪੁਰਬ ਨਿਰਣੈ ਦੇ ਪੰਨਾ 63 ਦੀ ਫੋਟੋ

 ਇਸ ਤੋਂ ਵੇਖ ਕੇ ਕੁਝ ਹੋਰ ਨਾਮਵਰ ਇਤਿਹਾਸਕਾਰ ਵੀ ਇਹੀ ਤਾਰੀਖ਼ਾਂ ਲਿਖਦੇ ਆ ਰਹੇ ਹਨ। ਜੇ ਗੁਰ ਪੁਰਬ ਨਿਰਣੈ ’ਚ ਸ: ਕਰਮ ਸਿੰਘ ਜੀ ਵੱਲੋਂ ਸੁਭਾਵਕ ਤੌਰ ’ਤੇ ਹੋਈ ਇਸ ਮਨੁੱਖੀ ਗ਼ਲਤੀ ਵੱਲ ਕਿਸੇ ਦਾ ਧਿਆਨ ਗਿਆ ਹੁੰਦਾ ਤਾਂ ਇਹ ਗ਼ਲਤ ਤਾਰੀਖ਼ ਕਦਾਚਿਤ ਪ੍ਰਚਲਿਤ ਨਾ ਹੁੰਦੀ। ਇਸ ਗ਼ਲਤੀ ਵੱਲ ਪਹਿਲੀ ਵਾਰ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਗਿਆ। ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪, ਸੰਮਤ ੧੬੦੯ ’ਚੋਂ 12 ਸਾਲ 6 ਮਹੀਨੇ 9 ਦਿਨ ਘਟਾ ਕੇ ਗੁਰਿਆਈ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਲਿਖੀ, ਜੋ ਸਹੀ ਜਾਪਦੀ ਹੈ। ਇਹੋ ਤਿੱਥ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਹੈ, ਪਰ ਪ੍ਰਚਲਿਤ ਤਿੱਥ ਅੱਸੂ ਵਦੀ ੫ ਸੰਮਤ ੧੫੯੬ ਹੋਣ ਕਾਰਨ ਇਹੀ ਸਹੀ ਮੰਨ ਲਈ ਗਈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਕੁਝ ਦਿਨ ਪਹਿਲਾਂ ਹੀ ਸੌਂਪ ਕੇ ਖ਼ੁਦ ਹਾਲਾਤਾਂ ਦਾ ਜਾਇਜ਼ਾ ਲਿਆ ਹੋਵੇ ਅਤੇ ਉਨ੍ਹਾਂ ਤੋਂ ਬਾਅਦ ਸਿੱਖੀ ਦਾ ਅਗਲਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਸਥਾਪਿਤ ਕਰਨ ਦੀ ਹਿਦਾਇਤ ਕੀਤੀ ਗਈ ਹੋਵੇ।

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ਤਬਦੀਲ ਕੀਤਿਆਂ ਅੱਸੂ ਸੰਮਤ ੧੫੯੬, ਦਿਨ ਐਤਵਾਰ, ਪੁਨਰਵਸੁ ਨਛੱਤਰ, ਨਾਨਕਸ਼ਾਹੀ ਸੰਮਤ ੭੧; 7 ਸਤੰਬਰ 1539 ਜੂਲੀਅਨ ਬਣਦਾ ਹੈ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੋਤੀਜੋਤ ਪੁਰਬ ਨਾਨਕਸ਼ਾਹੀ ਅੱਸੂ ਹਰ ਸਾਲ 22 ਸਤੰਬਰ ਨੂੰ ਆਏਗਾ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ਤਬਦੀਲ ਕੀਤਿਆਂ ਅੱਸੂ ਸੰਮਤ ੧੫੯੬, ਦਿਨ ਬੁੱਧਵਾਰ, ਕ੍ਰਿਤਕਾ ਨਛੱਤਰ, ਨਾਨਕਸ਼ਾਹੀ ਸੰਮਤ ੭੧; 3 ਸਤੰਬਰ 1539 ਜੂਲੀਅਨ ਬਣਦਾ ਹੈ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਨਾਨਕਸ਼ਾਹੀ ਅੱਸੂ ਹਰ ਸਾਲ 18 ਸਤੰਬਰ ਆਏਗਾ

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਉਨ੍ਹਾਂ ਦੀ ਦੇਹ ਦਾ ਅੰਤਮ ਸਸਕਾਰ ਕਰਨ ਬਾਰੇ ਇੱਕ ਮਨਘੜਤ ਅਤੇ ਸਿਧਾਂਤਹੀਣ ਸਾਖੀ ਘੜੀ, ਲਿਖੀ ਤੇ ਪ੍ਰਚਾਰੀ ਜਾ ਰਹੀ ਹੈ। ਜਿਸ ਮੁਤਾਬਕ ਹਿੰਦੂਆਂ ਅਤੇ ਮੁਸਲਮਾਨਾਂ ਦਾ ਆਪਸ ’ਚ ਝਗੜਾ ਹੋ ਗਿਆ। ਹਿੰਦੂ ਕਹਿਣ ਨਾਨਕ ਸਾਡਾ ਗੁਰੂ ਹੈ, ਇਸ ਲਈ ਇਨ੍ਹਾਂ ਦੀ ਦੇਹ ਦਾ ਸਸਕਾਰ ਅਸੀਂ ਕਰਾਂਗੇ ਅਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ ਇਨ੍ਹਾਂ ਨੂੰ ਕਬਰ ’ਚ ਅਸੀਂ ਦਫ਼ਨਾਉਣਾ ਹੈ। ਇਸ ਝਗੜੇ ਦੌਰਾਨ ਜਦ ਗੁਰੂ ਸਾਹਿਬ ਜੀ ਦੀ ਦੇਹ ਉਪਰੋਂ ਚਾਦਰ ਚੁੱਕ ਕੇ ਵੇਖੀ ਤਾਂ ਉੱਥੇ ਕੁਝ ਨਹੀਂ ਸੀ ਭਾਵ ਗੁਰੂ ਸਾਹਿਬ ਜੀ ਸਮੇਤ ਦੇਹੀ ਪ੍ਰਲੋਕ ਚਲੇ ਗਏ। ਹਿੰਦੂ ਅਤੇ ਮੁਸਲਮਾਨਾਂ ਨੇ ਚਾਦਰ ਹੀ ਪਾੜ ਕੇ ਅੱਧੀ ਅੱਧੀ ਵੰਡ ਲਈ; ਹਿੰਦੂਆਂ ਨੇ ਉਸ ਦਾ ਸਸਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਦਫ਼ਨ ਕਰ ਦਿੱਤੀ। ਬਾਅਦ ’ਚ ਇਸ ਸਾਖੀ ਨੂੰ ਪ੍ਰਪੱਕ ਕਰਨ ਲਈ ਉੱਥੇ ਹੀ ਇੱਕ ਪਾਸੇ ਕਬਰ ਅਤੇ ਦੂਜੇ ਪਾਸੇ ਸਮਾਧ ਬਣਾ ਦਿੱਤੀ। ਕਈ ਪ੍ਰਚਾਰਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਜਿਸ ਸਥਾਨ ’ਤੇ ਹਿੰਦੂ ਅਤੇ ਮੁਸਲਮਾਨਾਂ ਨੇ ਚਾਦਰ ਪਾੜ ਕੇ ਅੱਧੀ-ਅੱਧੀ ਵੰਡੀ ਓਥੋਂ ਹੀ ਲਕੀਰ ਖਿੱਚ ਕੇ ਭਾਰਤ ਅਤੇ ਪਾਕਿਸਤਾਨ ਦੀ 1947 ’ਚ ਵੰਡ ਹੋਈ। ਇਹ ਸਾਖੀ ਗੁਰਬਾਣੀ ਦੀ ਕਸੌਟੀ ’ਤੇ ਪਰਖਿਆਂ ਸਾਫ਼ ਹੋ ਜਾਂਦਾ ਹੈ ਕਿ ਬੰਦੇ ਦਾ ਸਰੀਰ, ਪੈਸਾ ਅਤੇ ਸਰੀਰਕ ਅੰਗ ਕਿਸੇ ਦੇ ਨਾਲ਼ ਨਹੀਂ ਜਾਂਦਾ ‘‘ਭਾਈ ਰੇ ! ਤਨੁ ਧਨੁ ਸਾਥਿ ਹੋਇ (ਮਹਲਾ ੧/੬੨), ਇਹੁ ਤਨੁ ਜਾਇਗਾ ; ਜਾਹਿਗੇ ਖੰਭ (ਮਹਲਾ ੧/੧੨੫੭), ਜਾਗ ਲੇਹੁ ਰੇ ਮਨਾ ! ਜਾਗ ਲੇਹੁ ! ਕਹਾ ਗਾਫਲ ਸੋਇਆ ਜੋ ਤਨੁ ਉਪਜਿਆ ਸੰਗ ਹੀ ; ਸੋ ਭੀ ਸੰਗਿ ਹੋਇਆ ਰਹਾਉ ’’ (ਮਹਲਾ ੯/੭੨੬)

ਹੁਣ ਸਵਾਲ ਤਾਂ ਇਹ ਭੀ ਉੱਠਣਗੇ ਕਿ

(ੳ) ਜੇ ਉਕਤ ਸਾਖੀ ਸੱਚੀ ਹੈ ਤਾਂ ਮੰਨਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਝਗੜਾ ਖ਼ਤਮ ਕਰਨ ਲਈ ਆਪਣੀ ਮ੍ਰਿਤਕ ਦੇਹ ਨੂੰ ਨਾਲ ਹੀ ਪ੍ਰਲੋਕ ’ਚ ਲੈ ਗਏ ਭਾਵ ਗੁਰੂ ਸਾਹਿਬ ਜੀ ਸਾਰੀ ਉਮਰ ਜੋ ਸਿੱਖਿਆ ਸਾਨੂੰ ਦਿੰਦੇ ਰਹੇ ਉਸ ਨੂੰ ਅੰਤਮ ਸਮੇਂ ਆਪ ਹੀ ਗ਼ਲਤ ਸਾਬਤ ਕਰ ਗਏ।

(ਅ) ਗੁਰੂ ਸਾਹਿਬ ਜੀ ਦਾ ਆਦੇਸ਼ ਸੀ ਕਿ ਮਰਨ ਉਪਰੰਤ ਦੇਹ ਨੂੰ ਬਿਲੈ ਲਾਉਣ ਦਾ ਕੋਈ ਵੀ ਢੰਗ ਵਰਤ ਲਿਆ ਜਾਵੇ ਤਾਂ ਵੀ ਉਸ ਦੀ ਆਤਮਾ ਨੂੰ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ ਕਿ ਹਿੰਦੂਆਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਜਾਂਦਾ ਹੈ। ਮੁਸਲਮਾਨ ਤੇ ਈਸਾਈ; ਕਬਰ ’ਚ ਦੱਬ ਦਿੰਦੇ ਹਨ। ਯਹੂਦੀ ਸੁੰਨਸਾਨ ਜਗ੍ਹਾ ਜਾਂ ਸੁੱਕੇ ਖੂਹ ’ਚ ਸੁੱਟ ਦਿੰਦੇ ਹਨ ਤਾਂ ਜੋ ਕੁੱਤੇ, ਗਿੱਧ ਆਦਿਕ ਮਾਸਾਹਰੀ ਜਾਨਵਰ ਖਾ ਲੈਣ। ਕੁੱਝ ਹਿੰਦੂ ਜਲ ਪ੍ਰਵਾਹ ਭੀ ਕਰਦੇ ਹਨ ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ’’ (ਮਹਲਾ ੧/੬੪੮) ਅਜਿਹੇ ਵਚਨ ਕਰਨ ਵਾਲੇ ਸਤਿਗੁਰੂ ਆਪਣੀ ਦੇਹ ਨੂੰ ਨਾਲ ਕਿਉਂ ਲੈ ਕੇ ਜਾਣਗੇ ? ਜਾਂ ਉਨ੍ਹਾਂ ਨੂੰ ਗੁਰੂ ਤੇ ਪੀਰ ਮੰਨਣ ਵਾਲੇ ਹਿੰਦੂ ਤੇ ਮੁਸਲਮਾਨ ਦੱਬਣ ਜਾਂ ਸਸਕਾਰ ਬਾਬਤ ਆਪਸ ਵਿੱਚ ਕਿਉਂ ਲੜਨਗੇ ?

(ੲ) ਜਦ ਹਿੰਦੂ ਅਤੇ ਮੁਸਲਮਾਨ; ਗੁਰੂ ਸਾਹਿਬ ਦੀ ਦੇਹ ਦਾ ਸਸਕਾਰ ਕਰਨ ’ਤੇ ਝਗੜਦੇ ਸਨ ਜਾਂ ਚਾਦਰ ਵੰਡਦੇ ਸਨ ਤਾਂ ਗੁਰੂ ਜੀ ਦੇ ਪੈਰੋਕਾਰ ਸਿੱਖ (ਬਾਬਾ ਬੁੱਢਾ ਜੀ, ਮਾਤਾ ਤ੍ਰਿਪਤਾ ਜੀ, ਦੋਵੇਂ ਪੁੱਤਰ ਅਤੇ ਅਨੇਕਾਂ ਸਿੱਖ) ਕਿੱਥੇ ਸਨ ? ਕੀ ਉਨ੍ਹਾਂ ਨੇ ਆਪਣਾ ਕੋਈ ਹੱਕ ਨਾ ਜਤਾਇਆ ? ਸਮਾਜ ਦੀ ਰੀਤ ਵੀ ਵੇਖੀ ਜਾਵੇ ਤਾਂ ਕਿਸੇ ਵੀ ਵਿਅਕਤੀ ਦੀ ਅੰਤਮ ਕ੍ਰਿਆ ਕਰਮ ਕਰਨ ਦਾ ਹੱਕ ਪਰਵਾਰ ਦਾ ਰਾਖਵਾਂ ਹੁੰਦਾ ਹੈ। ਪਰਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਬਿਲਕੁਲ ਹੀ ਕੋਈ ਦਖ਼ਲ ਅੰਦਾਜ਼ੀ ਨਾ ਕੀਤੀ ਜਾਣੀ, ਵੀ ਇਸ ਸਾਖੀ ਨੂੰ ਮਨਘੜਤ ਸਾਬਤ ਕਰਦਾ ਹੈ।

(ਸ) ਪਾਕਿਸਤਾਨ ਅਤੇ ਹਿੰਦੋਸਤਾਨ ਦੀ ਸੀਮਾ ਜੇਕਰ ਹਿੰਦੂ-ਮੁਸਲਮਾਨਾਂ ਵੱਲੋਂ ਚਾਦਰ ਵੰਡਣ ਸਦਕਾ ਹੋਈ ਤਾਂ ਪੂਰਬੀ ਪਾਕਿਸਤਾਨ (ਹੁਣ ਬੰਗਲਾ ਦੇਸ਼) ਤੇ ਹਿੰਦੋਸਤਾਨ ਦੀ ਸੀਮਾ ਦਾ ਵੀ ਕੋਈ ਕਾਰਨ ਹੋਵੇਗਾ ?

ਦਰਅਸਲ ਅਨ ਧਰਮਾਂ ਦਾ ਇਹ ਵਿਸ਼ਵਾਸ ਹੈ ਕਿ ਜੇ ਕੋਈ ਕਰਾਮਤ ਨਾ ਵਿਖਾ ਸਕੇ ਤਾਂ ਉਹ ਗੁਰੂ, ਪੀਰ ਜਾਂ ਅਉਲੀਆ ਹੀ ਨਹੀਂ, ਇਸ ਲਈ ਗੁਰੂ ਸਾਹਿਬ ਨੂੰ ਵੱਡਾ ਸਿੱਧ ਕਰਨ ਲਈ ਅਤੇ ਸਿੱਖਾਂ ਨੂੰ ਅਨਮਤ ਅਤੇ ਗੁਰੂ ਮਰਿਆਦਾ ਨੂੰ ਇੱਕ ਸਮਾਨ ਦਰਸਾਉਣ ਲਈ ਅਜਿਹੀਆਂ ਮਨਘੜਤ ਕਈ ਸਾਖੀਆਂ ਸਿੱਖੀ ਦੇ ਵਿਹੜੇ ’ਚ ਸੁੱਟੀਆਂ ਗਈਆਂ ਹਨ। ਵੈਸੇ ਗੁਰੂ ਹਰਿ ਰਾਏ ਜੀ ਨੇ ਬਾਬਾ ਰਾਮਰਾਏ ਨੂੰ ਕਰਾਮਾਤ ਵਿਖਾਉਣ ਅਤੇ ਗੁਰੂ ਸਿਧਾਂਤ ਬਦਲਣ ਲਈ ਸਾਮ੍ਹਣੇ ਨਾ ਆਉਣ ਦੀ ਸਜ਼ਾ ਦਿੱਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਾਮਾਤ ਵਿਖਾਉਣ ਨੂੰ ਰੱਬ ਦੀ ਰਜ਼ਾ ਦੇ ਉਲਟ ਦੱਸਿਆ ਹੈ। ਭਾਈ ਗੁਰਦਾਸ ਜੀ; ਗੁਰੂ ਨਾਨਕ ਸਾਹਿਬ ਜੀ ਦੇ ਹਵਾਲੇ ਨਾਲ਼ ਸਿੱਧ-ਜੋਗੀਆਂ ਨਾਲ ਉਨ੍ਹਾਂ ਦੇ ਹੋਏ ਸਵਾਲ-ਜਵਾਬ ਨੂੰ ਇਉਂ ਬਿਆਨ ਕਰਦੇ ਹਨ ‘‘ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ  ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ ਬਾਬਾ ਬੋਲੇ ਨਾਥ ਜੀਅਸਾਂ ਤੇ ਵੇਖਣਿ ਜੋਗੀ ਵਸਤੁ ਕਾਈ ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੨) ਸੋ ਅਜਿਹੀਆਂ ਕਈ ਸਿਧਾਂਤਿਕ ਮਿਸਾਲਾਂ ਗੁਰੂ ਇਤਿਹਾਸ ’ਚ ਦਰਜ ਹੋਣ ਦੇ ਬਾਵਜੂਦ ਭੀ ਮਨਘੜਤ ਸਾਖੀਆਂ ਨੂੰ ਜੀਵਤ ਰੱਖਣਾ ਕਿਸੇ ਗੁਰੂ ਦੇ ਪਿਆਰੇ ਸਿੱਖ ਦਾ ਕਾਰਜ ਨਹੀਂ ਹੋ ਸਕਦਾ।

ਜਿਹੜੇ ਗੁਰੂ ਸਾਹਿਬਾਨ ਕਰਾਮਾਤ ਵਿਖਾਉਣ ਦੀ ਥਾਂ ਆਪਣੇ ਸਰੀਰਕ ਨੂੰ ਤਿਆਗਣ ਨੂੰ ਤਰਜੀਹ ਦੇਣ; ਉਨ੍ਹਾਂ ਦੇ ਹੀ ਨਾਂ ਨਾਲ ਮਨਘੜਤ ਸਾਖੀਆਂ ਜੋੜਨਾ, ਹੈਰਾਨ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੇ ਸਮੇਤ ਜਾਣਾ ਵਿਖਾਇਆ ਜਾਂਦਾ ਹੈ। ਸ਼ਾਇਦ ਇਨ੍ਹਾਂ ਨੇ ਸ਼ਾਹੂਕਾਰ ਭਾਈ ਦੁਨੀ ਚੰਦ ਲਾਹੌਰ ਦੀ ਇਹ ਸਾਖੀ ਨਹੀਂ ਪੜ੍ਹੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸੂਈ ਦੇ ਕੇ ਕਿਹਾ ਕਿ ਮੇਰੀ ਅਮਾਨਤ ਹੈ, ਜੋ ਪ੍ਰਲੋਕ ’ਚ ਤੁਹਾਥੋਂ ਵਾਪਸ ਲਵਾਂਗਾ। ਪਤਾ ਲੱਗਣ ’ਤੇ ਉਨ੍ਹਾਂ ਦੀ ਪਤਨੀ ਨੇ ਕਿਹਾ ਤੁਸੀਂ ਗ਼ਲਤ ਵਚਨ ਦੇ ਬੈਠੇ ਹੋ। ਨਿਭਾ ਨਹੀਂ ਸਕਦੇ ਕਿਉਂਕਿ ਕੋਈ ਵੀ ਮਨੁੱਖ ਨਾਲ ਕੁਝ ਨਹੀਂ ਲਿਜਾ ਸਕਦਾ। ਦੁਨੀ ਚੰਦ ਸੂਈ ਵਾਪਸ ਕਰਨ ਗਿਆ ਅਤੇ ਕਿਹਾ ਮਹਾਰਾਜ ! ਬੰਦੇ ਦੇ ਨਾਲ ਤਾਂ ਕੁਝ ਵੀ ਨਹੀਂ ਜਾ ਸਕਦਾ, ਇਸ ਲਈ ਆਪਣੀ ਅਮਾਨਤ ਹੁਣੇ ਵਾਪਸ ਲੈ ਲਵੋ। ਗੁਰੂ ਜੀ ਨੇ ਤੁਰੰਤ ਕਿਹਾ ਜੇ ਸੂਈ ਨਾਲ ਨਹੀਂ ਲਿਜਾ ਸਕਦਾ ਤਾਂ ਮਾਇਆ ਦੇ ਜਿਹੜੇ ਅੰਬਾਰ ਇਕੱਠੇ ਕਰਕੇ ਵਿਖਾਵੇ ਲਈ 7 ਝੰਡੇ ਲਾ ਰੱਖੇ ਹਨ ਇਨ੍ਹਾਂ ਨੂੰ ਨਾਲ ਕਿਵੇਂ ਲੈ ਜਾਵੇਂਗਾ ? ਚੰਗਾ ਹੋਵੇ ਲੋਕ ਭਲਾਈ ਦੇ ਕਾਰਜਾਂ ਲਈ ਆਪਣੇ ਹੱਥੀਂ ਵੰਡ ਦਿਓ।

ਸੋ ਜੋ ਗੁਰੂ ਸਾਹਿਬ ਜੀ ਇੱਕ ਸੂਈ ਦੀ ਮਿਸਾਲ ਦੇ ਕੇ ਲੋਕਾਂ ਨੂੰ ਸਮਝਾਉਂਦੇ ਰਹੇ ਕਿ ਨਾਲ ਕੁਝ ਨਹੀਂ ਜਾ ਸਕਦਾ ਉਨ੍ਹਾਂ ਨੂੰ ਹੀ ਸਮੇਤ ਸਰੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਘੋੜੇ ਚਲੇ ਜਾਣ ਦੀਆਂ ਸਾਖੀਆਂ ਸੁਣਾਉਣ ਵਾਲ਼ੇ ਮਨਮਤੀ ਲੋਕ ਹਨ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਣ ਦੀ ਬਜਾਏ ਇਸ ਦੇ ਸਿਧਾਂਤ ਵਿਰੁਧ ਕਾਰਜ ਕਰ ਪਾਪਾਂ ਦੇ ਭਾਗੀ ਬਣੇ ਹਨ। ਕੌਮ ਨੂੰ ਵਿਚਾਰ ਕਰਨ ਦੀ ਲੋੜ ਹੈ।