ਸੂਰਜੁ ਏਕੋ ਰੁਤਿ ਅਨੇਕ

0
845

ਸੂਰਜੁ ਏਕੋ ਰੁਤਿ ਅਨੇਕ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ, ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- ੯੯੧੫੫-੧੫੪੩੬

ੴ ਸਤਿ ਗੁਰ ਪ੍ਰਸਾਦਿ

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦਿੱਬ ਦ੍ਰਿਸ਼ਟੀ ਨਾਲ ਜਿੱਥੇ ਅਨੇਕਾਂ ਹੀ ਸੂਰਜ ਮੰਡਲਾਂ ਦਾ ਆਪਣੀ ਬਾਣੀ ਵਿੱਚ ਜਿਕਰ ਕੀਤਾ ਹੈ, ਉਥੇ ਇਸ ਧਰਤੀ ਤੋਂ ਦਿਸਣ ਵਾਲੇ ਇੱਕ ਸੂਰਜ ਬਾਰੇ ਰਾਗ ਆਸਾ ਦੇ ਇੱਕ ਸ਼ਬਦ ਵਿੱਚ ਇਸ ਦਾ ਸਬੰਧ ਸਮੇਂ ਅਤੇ ਰੁੱਤਾਂ ਨਾਲ ਬਿਆਨ ਕਰਦੇ ਹਨ। ਆਪ ਜੀ ਦਾ ਫੁਰਮਾਨ ਹੈ :

ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ॥ ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ  ! ਕਰਤੇ ਕੇ ਕੇਤੇ ਵੇਸ॥ (ਸੋਹਿਲਾ ਗਉੜੀ/ਮ: ੧/੧੩)

ਇੱਥੇ ਸਮਾਂ ਮਾਪਣ ਦੀ ਸਭ ਤੋਂ ਛੋਟੀ ਇਕਾਈ ਨੂੰ ‘ਵਿਸੁਆ’ ਦੱਸਿਆ ਗਿਆ ਹੈ। ਅੱਖ ਦੇ 15 ਫੋਰ ਦਾ ਇੱਕ ਵਿੱਸਾ ਹੈ ਅਤੇ 15 ਵਿਸੁਏ ਮਿਲ ਕੇ ਇੱਕ ਚਸਾ ਬਣਦਾ ਹੈ; 30 ਚੱਸਿਆਂ ਦਾ ਇੱਕ ਪਲ ਅਤੇ 60 ਪਲਾਂ ਦੀ ਇੱਕ ਘੜੀ ਅਤੇ ਸਾਢੇ ਸੱਤ ਘੜੀਆਂ ਦਾ ਇੱਕ ਪਹਿਰ ਅਤੇ 8 ਪਹਿਰ ਦਾ ਇੱਕ ਦਿਨ ਰਾਤ ਬਣਦਾ ਹੈ। ਇਸ ਤੋਂ ਇਲਾਵਾ 15 ਥਿਤਾਂ, 7 ਵਾਰ, 12 ਮਹੀਨੇ ਅਤੇ 6 ਰੁੱਤਾਂ ਵੱਲ ਵੀ ਸੰਕੇਤ ਕੀਤਾ ਗਿਆ ਹੈ। ਸਾਇੰਸਦਾਨਾਂ ਨੇ ਵੀ ਖੋਜ ਕਰ ਕੇ ਦੱਸਿਆ ਹੈ ਕਿ ਧਰਤੀ ਦੀਆਂ ਦੋ ਗਤੀਆਂ ਹਨ। ਇੱਕ ਗਤੀ ਆਪਣੇ ਧੁਰੇ ਦੇ ਦੁਆਲੇ, ਜਿਸ ਨਾਲ ਦਿਨ ਤੇ ਰਾਤ ਬਣਦੇ ਹਨ ਅਤੇ ਦੂਜੀ ਗਤੀ ਸੂਰਜ ਦੇ ਦੁਆਲੇ ਜਿਸ ਨਾਲ ਰੁੱਤਾਂ ਬਦਲਦੀਆਂ ਹਨ, ਇਸ ਤਰ੍ਹਾਂ ਸੂਰਜ, ਚੰਦ ਅਤੇ ਧਰਤੀ ਲੱਖਾਂ ਵਰਿਆਂ ਤੋਂ ਇੱਕੋ ਚਾਲ ਨਾਲ ਗਤੀਸ਼ੀਲ ਹਨ। ਗੁਰੂ ਨਾਨਕ ਦੇਵ ਜੀ ਨੇ ਇਹ ਭੇਦ ਸਭ ਤੋਂ ਪਹਿਲਾਂ ਆਸਾ ਕੀ ਵਾਰ ਬਾਣੀ ਵਿੱਚ ਪ੍ਰਗਟ ਕੀਤਾ ਸੀ। ਉਹਨਾਂ ਦਾ ਫੁਰਮਾਨ ਹੈ:

ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥ ਕੋਹ ਕਰੋੜੀ, ਚਲਤ ਨ ਅੰਤੁ ॥ (ਆਸਾ ਕੀ ਵਾਰ /ਮ: ੧/੪੬੪)

ਪ੍ਰਮਾਤਮਾ ਦੀ ਪੈਦਾ ਕੀਤੀ ਕੁਦਰਤ ਵਿੱਚ ਮਨੁੱਖ ਦੀ ਹੋਂਦ ਰੇਤ ਦੇ ਇੱਕ ਵੱਡੇ ਢੇਰ ਵਿੱਚੋਂ ਇੱਕ ਕਿਣਕੇ ਦੇ ਬਰਾਬਰ ਹੈ। ਉਸ ਪ੍ਰਭੂ ਦੀ ਬਣਾਈ ਹੋਈ ਕੁਦਰਤ ਵਿੱਚ ਕਈ ਐਸੀਆਂ ਵਿਸਮਾਦਿਕ ਖੇਡਾਂ ਹਨ, ਜਿਨ੍ਹਾਂ ਨੂੰ ਮਨੁੱਖ ਸਮਝਣ ਦੇ ਅਸਮਰਥ ਹੈ, ਪਰ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਹ ਕੁਦਰਤ ਦੇ ਇਹਨਾਂ ਗੁੱਝੇ ਭੇਤਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ ਅਤੇ ਸਮਝਦਿਆਂ ਹੋਇਆਂ ਉਸ ਦੀ ਸੋਚ ਕਿਸੇ ਡੂੰਘੇ ਆਲਮ ਵਿੱਚ ਚਲੀ ਜਾਂਦੀ ਹੈ। ਉਂਝ ਤਾਂ ਇਸ ਤਰ੍ਹਾਂ ਦੇ ਕਈ ਰਹੱਸ ਹਨ, ਪਰ ਇਹਨਾਂ ਵਿੱਚ ਇੱਕ ਡੂੰਘਾ ਰਹੱਸ ਹੈ, ਰੁੱਤਾਂ ਦਾ ਬਦਲਣਾ। ਬੜੀ ਹੈਰਾਨੀ ਹੁੰਦੀ ਹੈ ਤੇ ਉਸ ਕਾਦਰ ਦੇ ਅੱਗੇ ਸਿਰ ਵੀ ਝੁਕਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਕਦੀ ਗਰਮੀ, ਕਦੀ ਸਰਦੀ, ਕਦੀ ਪੱਤਝੜ ਤੇ ਕਦੀ ਬਹਾਰ ਤੇ ਕਦੇ ਬਰਸਾਤਾਂ ਤੇ ਕਦੀ ਸੋਕਾ। ਉਹੀ ਇੱਕੋ ਸੂਰਜ ਤੇ ਉਹੀ ਇੱਕੋ ਗ੍ਰਹਿ, ਜਿਸ ’ਤੇ ਅਸੀਂ ਰਹਿੰਦੇ ਹਾਂ। ਬਾਰ ਬਾਰ ਮੌਸਮਾਂ ਵਿੱਚ ਤਬਦੀਲੀ ਆਉਂਦੀ ਹੈ। ਕੇਵਲ ਮੌਸਮ ਹੀ ਨਹੀਂ ਬਦਲਦੇ ਸਾਡੇ ਰਹਿਣ ਸਹਿਣ ਦੇ ਜੀਵਨ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਸਾਡੇ ਖਾਣ ਪੀਣ ਦੇ ਤੌਰ ਤਰੀਕੇ, ਕੱਪੜੇ ਪਹਿਨਣ ਦਾ ਢੰਗ ਅਤੇ ਜੀਵਨ ਨਿਰਬਾਹ ਦੇ ਸਾਰੇ ਤੌਰ ਤਰੀਕੇ ਬਦਲ ਜਾਂਦੇ ਹਨ। ਰੁੱਤਾਂ ਦੀ ਤਬਦੀਲੀ ਦਾ ਪ੍ਰਭਾਵ ਕੇਵਲ ਮਨੁੱਖੀ ਜੀਵਨ ’ਤੇ ਹੀ ਨਹੀਂ ਸਗੋਂ ਪਸ਼ੂ, ਪੰਛੀਆਂ ਅਤੇ ਬਨਸਪਤੀ ਦੇ ਵੱਖ ਵੱਖ ਕਿਸਮ ਦੇ ਫੁੱਲਾਂ, ਫਲ਼ਾਂ ’ਤੇ ਵੀ ਪੈਂਦਾ ਹੈ।

ਪ੍ਰਮਾਤਮਾ ਵੱਲੋਂ ਸਾਜੀ ਸ੍ਰਿਸ਼ਟੀ ਅਤੇ ਇਸ ਦੇ ਗੁੱਝੇ ਭੇਦਾਂ ਨੂੰ ਪੂਰੀ ਤਰ੍ਹਾਂ ਜਾਣਨਾ ਭਾਵੇਂ ਮਨੁੱਖ ਦੇ ਵੱਸ ਦੀ ਗੱਲ ਨਹੀਂ ਪਰ ਲਗਾਤਾਰ ਵਿਕਾਸ ਅਤੇ ਪ੍ਰਮਾਤਮਾ ਵੱਲੋਂ ਪੂਰਨ ਵਿਕਸਤ ਕੀਤੇ ਹੋਏ ਦਿਮਾਗ ਦੀ ਬਖ਼ਸ਼ਿਸ਼ ਨਾਲ ਇਹ ਕੁਦਰਤ ਦੀਆਂ ਪਾਈਆਂ ਹੋਈਆਂ ਗੁੰਝਲਾਂ ਨੂੰ ਖੋਲ੍ਹਣ ਦੇ ਸਮਰੱਥ ਹੋ ਰਿਹਾ ਹੈ। ਮੌਸਮ ਕਿਉਂ ਤੇ ਕਿਵੇਂ ਬਦਲਦੇ ਹਨ ਅਤੇ ਅਗਾਊਂ ਮੌਸਮ ਬਾਰੇ ਅੱਜ ਦਾ ਮਨੁੱਖ ਜਾਣਨ ਵਿੱਚ ਸਮਰੱਥ ਹੋ ਗਿਆ ਹੈ। ਅਸੀਂ ਆਪਣੇ ਕਾਰ ਵਿਹਾਰ ਵਿੱਚ ਏਨੇ ਰੁੱਝੇ ਰਹਿੰਦੇ ਹਾਂ ਕਿ ਅਸੀਂ ਕਦੀ ਇਹ ਅਨੁਭਵ ਹੀ ਨਹੀਂ ਕੀਤਾ ਕਿ ਜਿਸ ਧਰਤੀ ਉੱਤੇ ਅਸੀਂ ਜੀਵਨ ਬਸਰ ਕਰ ਰਹੇ ਹਾਂ ਉਹ ਇੱਕ ਤੇਜ਼ ਤੋਂ ਤੇਜ਼ ਹਵਾਈ ਜਹਾਜ਼ ਨਾਲੋਂ ਵੱਧ ਗਤੀ ਨਾਲ ਚੱਲ ਰਹੀ ਹੈ ਅਤੇ ਅਸੀਂ ਨਿਰੰਤਰ ਉਸ ਉੱਤੇ ਸਫ਼ਰ ਕਰ ਰਹੇ ਹਾਂ। ਫਿਰ ਵੀ ਨਾ ਕੋਈ ਹਿਚਕੋਲੇ, ਨਾ ਘਬਰਾਹਟ, ਨਾ ਕੋਈ ਐਕਸੀਡੈਂਟ ਦਾ ਡਰ ਤੇ ਨਾ ਹੀ ਕੋਈ ਥਕਾਵਟ ਹੁੰਦੀ ਹੈ। ਜੇ ਏਨਾ ਸਫ਼ਰ ਅਸੀਂ ਕਿਤੇ ਬੱਸ, ਗੱਡੀ ਜਾਂ ਹੋਰ ਸਾਧਨ ਰਾਹੀਂ ਕਰੀਏ ਤਾਂ ਥੱਕ ਕੇ ਚੂਰ ਹੋ ਜਾਂਦੇ ਹਾਂ, ਪਰ ਕੁਦਰਤ ਵਿੱਚ ਇਹ ਗਤੀ ਕਰੋੜਾਂ ਸਾਲਾਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਇੱਕ ਸਾਰ ਹੋ ਰਹੀ ਹੈ। ਮਨੁੱਖ ਨੇ ਖੋਜ ਕੀਤੀ ਹੈ ਕਿ ਇਹ ਗਤੀ ਸੂਰਜ ਦੇ ਦੁਆਲੇ 29.3 ਕਿਲੋ ਮੀਟਰ ਪ੍ਰਤੀ ਸੈਕਿੰਡ ਨਾਲ ਹੋ ਰਹੀ ਹੈ ਅਤੇ 365.25 ਦਿਨਾਂ ਵਿੱਚ ਧਰਤੀ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ। ਇਸ ਗਤੀ ਦੇ ਕਾਰਨ ਹੀ ਮੌਸਮ ਬਦਲੇ ਹਨ।

ਪ੍ਰਮਾਤਮਾ ਨੇ ਧਰਤੀ ਦੇ ਚਾਰੇ ਪਾਸੇ ਕਈ ਸੌ ਕਿਲੋ ਮੀਟਰ ਤੱਕ ਹਵਾ ਦਾ ਇੱਕ ਉਛਾੜ ਜਿਹਾ ਚੜ੍ਹਾਇਆ ਹੋਇਆ ਹੈ, ਜਿਸ ਨੂੰ ਅਸੀਂ ਵਾਯੂ ਮੰਡਲ ਕਹਿੰਦੇ ਹਾਂ, ਧਰਤੀ ਦੇ ਨੇੜੇ ਵਾਯੂ ਮੰਡਲ ਦੀ ਤਹਿ ਜ਼ਿਆਦਾ ਮੋਟੀ ਤੇ ਸੰਘਣੀ ਹੁੰਦੀ ਹੈ, ਪਰ ਜਿਉਂ ਜਿਉਂ ਅਸੀਂ ਉੱਪਰ ਜਾਂਦੇ ਹਾਂ, ਇਹ ਤਹਿ ਹਲਕੀ ਤੇ ਪਤਲੀ ਹੁੰਦੀ ਜਾਂਦੀ ਹੈ।

ਇਸ ਵਾਯੂ ਮੰਡਲ ਦੀ ਭਾਵੇਂ ਕੋਈ ਖਾਸ ਹੱਦ ਬੰਦੀ ਨਹੀਂ ਕੀਤੀ ਜਾ ਸਕਦੀ, ਫਿਰ ਵੀ ਇਸ ਨੂੰ ਤਿੰਨ ਖੰਡਾਂ ਵਿੱਚ ਵੰਡਿਆ ਗਿਆ ਹੈ; ਜਿਵੇਂ ਅਧੋ ਮੰਡਲ, ਸਮਤਾਪ ਮੰਡਲ ਤੇ ਆਇਨੀ ਮੰਡਲ। ਵਾਯੂ ਮੰਡਲ ਦੇ ਸਭ ਤੋਂ ਹੇਠਲੇ ਭਾਗ ਨੂੰ ‘ਅਧੋ ਮੰਡਲ’ ਕਹਿੰਦੇ ਹਨ। ਇਸ ਮੰਡਲ ਦੀ ਪਿ੍ਰਥਵੀ ਤੋਂ ਔਸਤ ਉਚਾਈ 11 ਕਿਲੋ ਮੀਟਰ ਦੇ ਲਗਭਗ ਹੈ। ਇਹ ਉਚਾਈ ਭੂ ਮੱਧ ਰੇਖਾ ਵੱਲ ਵਧੇਰੇ ਤੇ ਧਰੁਵਾਂ ਵੱਲ ਘੱਟ ਹੈ। ਇਸ ਖੰਡ ਵਿੱਚ ਜਿਉਂ ਜਿਉਂ ਉੱਪਰ ਵੱਲ ਜਾਈਏ ਤਾਪਮਾਨ ਤੇ ਹਵਾ ਦਾ ਦਬਾਅ ਘਟਦਾ ਜਾਂਦਾ ਹੈ। ਇਸ ਭਾਗ ਵਿੱਚ ਕਈ ਵਾਰ ਬੜੀ ਤੇਜ਼ੀ ਨਾਲ ਤਬਦੀਲੀਆਂ ਆਉਂਦੀਆਂ ਹਨ। ਮੀਂਹ, ਹਨੇਰੀ, ਬੱਦਲ, ਤੂਫਾਨ, ਬਿਜਲੀ ਦੀ ਚਮਕ ਵਰਗੀਆਂ ਕਿਰਿਆਵਾਂ ਵਾਯੂ ਮੰਡਲ ਦੇ ਇਸ ਭਾਗ ਵਿੱਚ ਹੀ ਹੁੰਦੀਆਂ ਹਨ। ਇਹਨਾਂ ਕਿਰਿਆਵਾਂ ਕਰ ਕੇ, ਇਸ ਨੂੰ ‘ਅਸ਼ਾਂਤ ਮੰਡਲ’ ਵੀ ਕਿਹਾ ਜਾਂਦਾ ਹੈ।

ਵਾਯੂ ਮੰਡਲ ਦਾ ਤਾਪਮਾਨ ਦੁਪਹਿਰ ਦੇ ਪਿੱਛੋਂ ਆਮ ਕਰ ਕੇ ਅਧਿਕਤਮ ਅਤੇ ਅੱਧੀ ਰਾਤ ਪਿੱਛੋਂ ਨਿਊਤਮ ਹੋ ਜਾਂਦਾ ਹੈ। ਤਾਪਮਾਨ ਦੇ ਇਸ ਅੰਤਰ ਨੂੰ ਅਸੀਂ ਦੈਨਿਕ ਤਾਪ ਅੰਤਰ ਕਹਿੰਦੇ ਹਾਂ। ਕੁਦਰਤ ਦੇ ਨਿਯਮ ਅਨੁਸਾਰ ਸਮੁੰਦਰੀ ਤੱਟ ਦੇ ਨੇੜੇ ਦੈਨਿਕ ਤਾਪ ਅੰਤਰ ਬਹੁਤ ਘੱਟ ਪਰ ਮਾਰੂਥਲੀ ਤੇ ਮੈਦਾਨੀ ਇਲਾਕਿਆਂ ਵਿੱਚ ਤਾਪ ਅੰਤਰ ਕਾਫੀ ਵੱਧ ਹੁੰਦਾ ਹੈ। ਇਸ ਦਾ ਕਾਰਨ ਸੂਰਜ ਦੀਆਂ ਕਿਰਨਾਂ ਦਾ ਧਰਤੀ ਉੱਤੇ ਖਾਸ ਦਿਸ਼ਾ ਵਿੱਚ ਤੇ ਖਾਸ ਹਿੱਸੇ ਵਿੱਚ ਪੈਣਾ ਹੈ। ਇਸੇ ਕਾਰਨ ਹੀ ਮੌਸਮਾਂ ਵਿੱਚ ਤਬਦੀਲੀ ਆਉਂਦੀ ਹੈ। ਕੁੱਝ ਖਾਸ ਮਹੀਨਿਆਂ ਵਿੱਚ ਗਰਮੀ ਤੇ ਕੁੱਝ ਖਾਸ ਮਹੀਨਿਆਂ ਵਿੱਚ ਸਰਦੀ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਾਡੀ ਧਰਤੀ ਸੂਰਜ ਦੇ ਸਾਹਮਣੇ 66.5 (66½) ਦਰਜੇ ’ਤੇ ਝੁਕੀ ਹੋਈ ਹੈ ਅਤੇ ਸੂਰਜ ਦੇ ਦੁਆਲੇ ਲਗਾਤਾਰ ਘੁੰਮ ਰਹੀ ਹੈ। ਇਸ ਤਰ੍ਹਾਂ ਘੁੰਮਦਿਆਂ ਹੋਇਆਂ ਕਦੇ ਉਤਰੀ ਅਰਧ ਗੋਲਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਤੇ ਕਦੇ ਦੱਖਣੀ ਅਰਧ ਗੋਲਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ।

21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ ਜਿਸ ਕਾਰਨ ਉੱਥੇ ਹਵਾ ਦਾ ਦਬਾਅ ਘੱਟ ਜਾਂਦਾ ਹੈ। ਦੱਖਣੀ ਅਰਧ ਗੋਲਾ ਸੂਰਜ ਤੋਂ ਦੂਰ ਹੋਣ ਕਾਰਨ, ਉੱਥੇ ਹਵਾ ਦਾ ਦਬਾਅ ਵੱਧ ਜਾਂਦਾ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਹਵਾ ਵੱਧ ਦਬਾਅ ਤੋਂ ਘੱਟ ਦਬਾਅ ਵੱਲ ਚੱਲਦੀ ਹੈ, ਇਸ ਤਰ੍ਹਾਂ ਪੌਣਾ ਜਦੋਂ ਦੱਖਣੀ ਅਰਧ ਗੋਲੇ ਵੱਲੋਂ ਆਉਂਦੀਆਂ ਹਨ ਤਾਂ ਰਸਤੇ ਵਿੱਚ ਉਹ ਸਮੁੰਦਰ ਨੂੰ ਪਾਰ ਕਰਦੀਆਂ ਹਨ, ਜਿਸ ਨਾਲ ਆਪਣੇ ਵਿੱਚ ਅਥਾਹ ਜਲਵਾਸ਼ਪ ਸਮਾ ਲੈਂਦੀਆਂ ਹਨ। ਇਹ ਪੌਣਾ ਅਰਬ ਸਾਗਰ ਅਤੇ ਖਾੜੀ ਬੰਗਾਲ ਤੋਂ ਲੰਘਦੀਆਂ ਹੋਈਆਂ ਭਾਰਤ ਵਿੰਚ ਪਰਵੇਸ਼ ਕਰਦੀਆਂ ਹਨ। ਇਹ ਭਾਰਤ ਦੇ ਅੰਦਰੂਨੀ ਪਰਬਤਾਂ ਨਾਲ ਟਕਰਾ ਕੇ ਵਰਖਾ ਪੈਦਾ ਕਰਦੀਆਂ ਹਨ ਅਤੇ ਧਰਤੀ ਦਾ ਤਾਪਮਾਨ ਘਟਾ ਦਿੰਦੀਆਂ ਹਨ। ਮੌਸਮ ਦੀ ਇਹ ਸਥਿਤੀ ਆਮ ਕਰ ਕੇ ਜੁਲਾਈ ਤੋਂ ਸਤੰਬਰ ਤੱਕ ਬਣੀ ਰਹਿੰਦੀ ਹੈ।

ਧਰਤੀ ਦੇ ਲਗਾਤਾਰ ਘੁੰਮਣ ਨਾਲ 21 ਜੂਨ ਤੋਂ ਬਾਅਦ ਸੂਰਜ ਦੀਆਂ ਕਿਰਨਾਂ, ਜੋ ਸਿੱਧੀਆਂ ਕਰਕ ਰੇਖਾ ’ਤੇ ਪੈਂਦੀਆਂ ਸਨ, ਉਹ ਭੂ ਮੱਧ ਰੇਖਾ ਵੱਲ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੌਲੀ ਹੌਲੀ 22 ਦਸੰਬਰ ਨੂੰ ਇਹ ਕਿਰਨਾਂ ਮਕਰ ਰੇਖਾ ’ਤੇ ਸਿੱਧੀਆਂ ਚਮਕਣ ਲੱਗਦੀਆਂ ਹਨ। ਇਸ ਤਰ੍ਹਾਂ ਸਥਿਤੀ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਉਲਟ ਹੋ ਜਾਂਦੀ ਹੈ। ਉਤਰੀ ਅਰਧ ਗੋਲੇ ’ਤੇ ਵੱਧ ਦਬਾਅ ਵਾਲੀ ਸਥਿਤੀ ਬਣ ਜਾਂਦੀ ਹੈ। ਇਸ ਤਰ੍ਹਾਂ ਉਤਰੀ ਅਰਧ ਗੋਲੇ ਵਿਚਲੀਆਂ ਖੁਸ਼ਕ ਅਤੇ ਵੱਧ ਦਬਾਅ ਵਾਲੀਆਂ ਪੌਣਾਂ ਘੱਟ ਦਬਾਅ ਵਾਲੇ ਦੱਖਣੀ ਅਰਧ ਗੋਲੇ ਵੱਲ ਸਰਕਣਾ ਸ਼ੁਰੂ ਕਰ ਦਿੰਦੀਆਂ ਹਨ, ਇਸ ਤਰ੍ਹਾਂ ਉਤਰੀ ਅਰਧ ਗੋਲਾ ਮੌਨਸੂਨ ਪੌਣਾ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਅਕਤੂਬਰ ਤੋਂ ਬਾਅਦ ਲਗਾਤਾਰ ਧਰਤੀ ਦੇ ਘੁੰਮਣ ਨਾਲ ਸੂਰਜ ਦੀਆਂ ਕਿਰਨਾ ਦੱਖਣੀ ਅਰਧ ਗੋਲੇ ਵੱਲ ਵਧਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਉਤਰੀ ਅਰਧ ਗੋਲੇ ’ਤੇ ਵੱਧ ਦਬਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਸਰਦੀ ਦਾ ਮੌਸਮ ਅਰੰਭ ਹੋ ਜਾਂਦਾ ਹੈ।

23 ਸਤੰਬਰ ਅਤੇ 21 ਮਾਰਚ ਨੂੰ ਉਤਰੀ ਧਰੁਵ ਅਤੇ ਦੱਖਣੀ ਧਰੁਵ ਇੱਕੋ ਜਿਹੇ ਹੀ ਸੂਰਜ ਵੱਲ ਝੁਕੇ ਹੁੰਦੇ ਹਨ। ਇਸ ਸਮੇਂ ਸੂਰਜ ਦੀਆਂ ਕਿਰਨਾਂ ਭੂ ਮੱਧ ਰੇਖਾ ’ਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ ਹਨ, ਇਸ ਕਾਰਨ 23 ਸਤੰਬਰ ਨੂੰ ਉਤਰੀ ਅਰਧ ਗੋਲੇ ਵਿੱਚ ਪੱਤਝੜ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਦੱਖਣੀ ਅਰਧ ਗੋਲੇ ’ਚ ਬਸੰਤ ਦੀ ਰੁੱਤ ਹੁੰਦੀ ਹੈ। 21 ਮਾਰਚ ਨੂੰ ਇਹ ਸਥਿਤੀ ਉਲਟ ਹੋ ਜਾਂਦੀ ਹੈ। ਉਤਰੀ ਅਰਧ ਗੋਲੇ ਵਿੱਚ ਬਸੰਤ ਦੀ ਰੁੱਤ ਅਤੇ ਦੱਖਣੀ ਅਰਧ ਗੋਲੇ ਵਿੱਚ ਪੱਤਝੜ ਦੀ ਰੁੱਤ ਆ ਜਾਂਦੀ ਹੈ।

ਮੌਸਮਾਂ ਦੀ ਇਸ ਸਥਾਈ ਤਬਦੀਲੀ ਤੋਂ ਇਲਾਵਾ ਕਈ ਵਾਰ ਕੁਝ ਪ੍ਰਤੀ ਕਿਰਿਆਵਾਂ ਸਥਾਨਕ ਜਾਂ ਇਲਾਕਾਈ ਤੌਰ ’ਤੇ ਵੀ ਵਾਪਰਦੀਆਂ ਹਨ, ਜਿਸ ਕਾਰਨ ਮੌਸਮ ਵਿੱਚ ਕੁੱਝ ਸਮੇਂ ਲਈ ਅਚਾਨਕ ਤਬਦੀਲੀ ਆ ਜਾਂਦੀ ਹੈ।

ਭਾਵੇਂ ਮਨੁੱਖ ਨੇ ਅੱਜ ਏਨੀ ਤਰੱਕੀ ਕਰ ਲਈ ਹੈ ਕਿ ਉਹ ਕੁਦਰਤ ਦੇ ਡੂੰਘੇ ਰਹੱਸਾਂ ਨੂੰ ਲਗਾਤਾਰ ਸਮਝ ਰਿਹਾ ਹੈ ਅਤੇ ਮੌਸਮ ਬਾਰੇ ਵੀ ਅਗਾਊਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਹੈ, ਫਿਰ ਵੀ ਕੁਦਰਤ ਦੇ ਬਹੁਤ ਸਾਰੇ ਗੁੱਝੇ ਭੇਦ ਤੇ ਰਹੱਸ ਉਸ ਲਈ ਇੱਕ ਬੁਝਾਰਤ ਹੀ ਬਣੇ ਰਹਿਣਗੇ। ਮੌਸਮ ਵਿੱਚ ਅਚਾਨਕ ਤਬਦੀਲੀ ਆਉਣ ਨਾਲ ਉਸ ਦੇ ਅੰਦਾਜ਼ੇ ਗਲਤ ਸਾਬਤ ਵੀ ਹੋ ਜਾਂਦੇ ਹਨ। ਕੁਦਰਤੀ ਆਫ਼ਤਾਂ ਮਨੁੱਖ ਲਈ ਹਮੇਸ਼ਾਂ ਹੀ ਰਹੱਸ ਦਾ ਵਿਸ਼ਾ ਬਣੀਆਂ ਰਹਿਣਗੀਆਂ। ਭੁਚਾਲ ਦੇ ਆਉਣ ਬਾਰੇ ਪਤਾ ਲਗਾਉਣਾ, ਸੁਨਾਮੀ ਲਹਿਰਾਂ ਦਾ ਅਲਾਰਮ, ਵਾ-ਵਰੋਲਿਆਂ ਦਾ ਉੱਡਣਾ, ਇਹਨਾਂ ਬਾਰੇ ਅਗਾਊਂ ਜਾਣਕਾਰੀ ਹਾਸਲ ਕਰਨਾ ਸ਼ਾਇਦ ਅਜੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਉਹ ਕੁਦਰਤ ਦੇ ਅੱਗੇ ਹਮੇਸ਼ਾਂ ਹੀ ਬੋਣਾ ਬਣਿਆ ਰਹੇਗਾ। ਗੁਰਬਾਣੀ ਦਾ ਫੁਰਮਾਨ ਹੈ :

ਤੇਰੀ ਕੁਦਰਤਿ, ਤੂਹੈ ਜਾਣਹਿ; ਅਉਰੁ ਨ ਦੂਜਾ ਜਾਣੈ ॥

ਜਿਸ ਨੋ ਕ੍ਰਿਪਾ ਕਰਹਿ; ਮੇਰੇ ਪਿਆਰੇ ! ਸੋਈ ਤੁਝੈ ਪਛਾਣੈ॥ (ਬਸੰਤੁ/ਮ: ੫/੧੧੮੫)