ਸੂਰਬੀਰਾਂ ਨੂੰ ਵੰਡੀ ਜਾਵਣ ਲੋਕ ਇੱਥੇ ਹਰ ਰੋਜ਼

0
425

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ ਰੋਜ਼          

ਸੁਰਿੰਦਰ ਸਿੰਘ

“ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ ਰੋਜ਼ 

‘ਰਾਜਪੂਤ’ ਹੈ ਬੰਦਾ ਸਿੰਘ ਵੀ  ਕੌਮ ਲਈ ਜੋ ਮਰਿਆ,

ਦੀਪ ਸਿੰਘ ਵੀ ‘ਸੰਧੂ’ ਆਹਾਂਦੇ  ਸੀਸ ਤਲੀ ਜਿਸ ਧਰਿਆ,

ਜਾਤਾਂ- ਗੋਤਾਂ ਦੀ ਸਭ ਇੱਥੇ  ਕਰਦੇ ਗਹਿਰੀ ਖੋਜ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਗੁਰੂ ਗੋਬਿੰਦ ਵੀ ‘ਸੋਢੀ” ਆਖਣ  ਅਮਰਦਾਸ ਜੀ ‘ਭੱਲੇ’,

ਸਤਿਗੁਰ ਜੀ ਤੁਸੀਂ ਕਿਰਪਾ ਕਰਿਓ  ਲੋਕ ਕਿੱਧਰ ਨੂੰ ਚੱਲੇ,

ਵੰਡੀਆਂ ਪਾ ਕੇ ਲੀਡਰ ਇੱਥੇ  ਕਰਦੇ ਮਿੱਤਰੋ ਮੌਜ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਰੰਘਰੇਟੇ ਨੂੰ ‘ਮਜ਼ਹਬੀ’ ਆਖਣ  ਮਣੀ ਸਿੰਘ ਪੁਵਾਰ,

ਏਕ ਨੂਰ ਤੋਂ ਉਪਜੇ ਨੇ ਸਭ  ਕੋਈ ਨਾ ਸਮਝੇ ਯਾਰ,

ਬੰਦੇ ਨਾਲੋਂ ਬੰਦਾ ਵੰਡਿਆ  ਕਰ – ਕਰ ਝੂਠੇ ਚੋਜ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਮਤੀਦਾਸ ਨੂੰ ‘ਪੰਡਤ’ ਕਹਿੰਦੇ  ਧੰਨੇ ਨੂੰ ਉਹ ‘ਜੱਟ’,

ਅਸੀਂ ਕਿਸੇ ਤੋਂ ਪਿੱਛੇ ਹੈ ਨ੍ਹੀਂ  ਕੱਢ ਦੇਵਾਂਗੇ ਵੱਟ,

ਬੰਦਾ ਆਖਰ ਬੰਦਾ ਬਣ ਜੇ  ਕਰਦਾ ਮਿੰਨਤਾਂ ਰੋਜ਼,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਸੈਣ ਭਗਤ ਨੂੰ ‘ਨਾਈ’ ਆਹਾਂਦੇ  ਰਵਿਦਾਸ ਚਮਿਆਰ,

ਸਿੱਖਿਆ ਜਿਹੜੇ ਭੁੱਲ ਜਾਂਦੇ ਨੇ  ਜੀਵਨ ਜਾਂਦੇ ਹਾਰ,

ਸਭ ਨੇ ਇੱਕ ਥਾਂ ਜਾਣਾ ‘ਸ਼ਾਨਾ’  ਮਨ ਤੋਂ ਲਾਹ ਦੇ ਬੋਝ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…”