‘ਸੁੋਹਾਗਣਿ’ ਦਾ ਉਚਾਰਨ ‘ਸੁਹਾਗਣਿ’ ਜਾਂ ‘ਸੋਹਾਗਣਿ ਜਾਂ ਸੁੋਹਾਗਣਿ’

0
444

‘ਸੁੋਹਾਗਣਿ’ ਦਾ ਉਚਾਰਨ ‘ਸੁਹਾਗਣਿ’ ਜਾਂ ‘ਸੋਹਾਗਣਿ ਜਾਂ ਸੁੋਹਾਗਣਿ’

ਗਿਆਨੀ ਅਵਤਾਰ ਸਿੰਘ

ਹਥਲੇ ਵਾਕ ਦੇ ਚਾਰ ਬੰਦ ਹਨ ਅਤੇ ਅੰਤਮ (ਚੌਥੇ) ਬੰਦ ’ਚ ‘ਸੁੋਹਾਗਣਿ’ ਸ਼ਬਦ ਹੈ, ਜਿਸ ਦੇ ਪਹਿਲੇ ਅੱਖਰ (ਸ) ਨੂੰ ਦੋ ਲਗਾਂ ਹਨ। ਇਸ ਦਾ ਉਚਾਰਨ ‘ਸੁਹਾਗਣਿ’ ਹੈ ਜਾਂ ‘ਸੋਹਾਗਣਿ’ ਜਾਂ ‘ਸੁੋਹਾਗਣਿ’ ?, ਇਸ ਦੀ ਵਿਚਾਰ ਹੇਠਾਂ ਲਗਾਂ ਦੀ ਕਾਵਿਕ-ਪਿੰਗਲ ਗਿਣਤੀ ਰਾਹੀਂ ਕੀਤੀ ਗਈ ਹੈ। ਕਾਵਿਕ-ਪਿੰਗਲ ਨਿਯਮ ਮੁਤਾਬਕ ਲਘੂ ਲਗਾਂ (ਮੁਕਤਾ, ਸਿਹਾਰੀ ਤੇ ਔਂਕੜ) ਨੂੰ ਇੱਕ ਅੰਕ ਮੰਨਿਆ ਗਿਆ ਹੈ ਅਤੇ ਦੀਰਘ ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਹੋੜਾ, ਕਨੌੜਾ, ਲਾਂ ਅਤੇ ਦੁਲਾਵਾਂ) ਨੂੰ 2 ਅੰਕ ਦਿੱਤੇ ਗਏ ਹਨ।

ਧਿਆਨ ਦੇਣਯੋਗ ਹੈ ਕਿ ਇਸ ਵਾਕ ਦੇ ਪਹਿਲੇ ਤਿੰਨ ਬੰਦਾਂ ’ਚ ਹਰ ਪਹਿਲੀ ਤੁਕ ਦੀ ਅੰਕ ਗਿਣਤੀ; ਦੂਜੀ ਤੁਕ ਦੀ ਗਿਣਤੀ ਨਾਲ਼ੋਂ ਵੱਧ ਹੈ ਜਦਕਿ ਵਿਚਾਰ ਅਧੀਨ ਸ਼ਬਦ ਨਾਲ਼ ਸੰਬੰਧਿਤ ਚੌਥੇ ਬੰਦ ’ਚ ਪਹਿਲੀ ਤੁਕ ਨਾਲ਼ੋਂ; ਦੂਜੀ ਤੁਕ ਦੀ ਅੰਕ ਗਿਣਤੀ ਵਧੇਰੇ ਹੈ। ‘ਰਹਾਉ’ ਬੰਦ ਦੀ ਅੰਕ ਗਿਣਤੀ ਨਹੀਂ ਕੀਤੀ ਹੈ।

ਆਸਾ ਮਹਲਾ ੫ ॥

(ਪਹਿਲਾ ਬੰਦ) ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ-26 ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ-25 (26+25=51) ॥੧॥

ਇਹੁ ਮਨੁ ਸੁੰਦਰਿ ਆਪਣਾ, ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ. ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

(ਦੂਜਾ ਬੰਦ)  ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ-28॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ-28 (28+28=56) ॥੨॥

(ਤੀਜਾ ਬੰਦ) ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ-29 ॥ ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ-26 (29+26=55) ॥੩॥

(ਚੌਥਾ ਬੰਦ) ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ-26 ॥ ਸਾਈ ਸੁੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ-27 (26+27=53) ॥੪॥੧੬॥੧੧੮॥ (ਮਹਲਾ ੫/ਅੰਗ ੪੦੦)

ਉਕਤ ਕੀਤੀ ਗਈ ਅੰਕ ਗਿਣਤੀ ਦੁਆਰਾ ਵਿਚਾਰ ਦੌਰਾਨ ਜੇਕਰ ‘ਸੁੋਹਾਗਣਿ’ ਭਾਵ ਔਂਕੜ ਅਤੇ ਹੋੜੇ ਦੀ 1+2 (=3) ਗਿਣਤੀ ਮੰਨੀਏ ਤਾਂ ਇਸ ਸ਼ਬਦ ਦੇ ਕੁੱਲ ਅੰਕ 7 ਬਣਦੇ ਹਨ ਅਤੇ ਜੇਕਰ ‘ਸੁੋ’ ’ਚੋਂ ਕੇਵਲ ਹੋੜਾ (ਸੋ) ਦੇ 2 ਅੰਕ ਮੰਨੀਏ ਤਾਂ ਇਸ ਸ਼ਬਦ ਦੀ ਕੁੱਲ ਅੰਕ ਗਿਣਤੀ 6 ਬਣਦੀ ਹੈ ਅਤੇ ਜੇਕਰ ‘ਸੁੋ’ ’ਚੋਂ ਕੇਵਲ ‘ਸੁ’ (ਔਂਕੜ) ਮੰਨੀਏ ਤਾਂ ਇਸ ਦੀ ਕੁੱਲ ਗਿਣਤੀ 5 ਰਹਿ ਜਾਂਦੀ ਹੈ।

ਹੁਣ ਵੇਖਣਾ ਇਹ ਹੈ ਕਿ ਪਹਿਲੀ ਚੌਥੇ ਬੰਦ ਦੀ ਪਹਿਲੀ ਤੁਕ, ਜੋ ਕਿ ਪੂਰੇ ਸ਼ਬਦ ’ਚ ਪਹਿਲਾਂ ਹੀ ਬਾਅਦ ਵਾਲ਼ੀ ਤੁਕ ਦੇ ਮੁਕਾਬਲੇ ਛੋਟੀ ਹੈ ਇਸ ਦਾ ਤੁਕਾਂਤ ਦੂਜੀ ਤੁੱਕ ਨੂੰ ਕਿੰਨਾ ਕੁ ਵੱਡਾ ਕਰ ਪੂਰਾ ਕਰਨਾ ਹੈ। ਮੇਰੀ ਸਮਝ ਮੁਤਾਬਕ ‘ਸੁੋਹਾਗਣਿ’ ਦਾ ਉਚਾਰਨ ‘ਸੁਹਾਗਣਿ’ ਦਰੁਸਤ ਹੈ, ਇਸ ਲਈ ਹੀ ਚੌਥੇ ਬੰਦ ਦੀ ਪਹਿਲੀ ਤੁਕ ਦੀ ਗਿਣਤੀ 26 ਦੇ ਮੁਕਾਬਲੇ ਦੂਜੀ ਤੁਕ ਦੀ ਗਿਣਤੀ 27 ਕੀਤੀ ਹੈ।

ਇਹ ਵੀ ਵਿਚਾਰਯੋਗ ਹੈ ਕਿ (ੳ). ਦੂਜੇ ਅਤੇ ਤੀਜੇ ਬੰਦ ਦੀਆਂ ਦੋਵੇਂ ਤੁਕਾਂ ਦੀ ਕੁੱਲ ਅੰਕ ਸੰਖਿਆ ਦੇ ਮੁਕਾਬਲੇ ਪਹਿਲੇ ਅਤੇ ਅੰਤਮ ਬੰਦ ਦੀ ਅੰਕ ਸੰਖਿਆ ਘਟਾਈ ਗਈ ਹੈ; ਜਿਵੇਂ ਕਿ ਪਹਿਲੇ ਬੰਦ ਦੀਆਂ ਦੋਵੇਂ ਤੁਕਾਂ ਦੀ ਕੁੱਲ ਅੰਕ ਸੰਖਿਆ 26+25=51 ਹੈ ਅਤੇ ਸਮਾਪਤੀ ’ਚ ਚੌਥੇ ਬੰਦ ਦੀਆਂ ਦੋਵੇਂ ਤੁਕਾਂ ਦੀ ਵੀ ਕੁੱਲ ਅੰਕ ਸੰਖਿਆ 26+27=53 ਹੈ, ਜੇਕਰ ‘ਸੁੋਹਾਗਣਿ’ ਨੂੰ ‘ਸੁਹਾਗਣਿ’ ਉਚਾਰਨ ਕੀਤਾ ਜਾਵੇ।

(ਅ). ਕਾਵਿਕ-ਪਿੰਗਲ ਨਿਯਮ ਮੁਤਾਬਕ ਦੀਰਘ ਜਾਂ ਲਘੂ ਲਗਾਂ ਦੀ ਅੰਕ ਗਿਣਤੀ ਕੇਵਲ 1 ਜਾਂ 2 ਹੀ ਹੋ ਸਕਦੀ ਹੈ, 3 ਨਹੀਂ; ਜਿਵੇਂ ਕਿ ‘ਸੁੋ’ ਦੇ ਅੰਕ 3 ਮੰਨ ਲਿਆ ਜਾਂਦਾ ਹੈ ਭਾਵ ਔਂਕੜ ਅਤੇ ਹੋੜਾ ਦੋਵੇਂ ਲਗਾਂ ਨੂੰ ਇਕੱਠਿਆਂ ਉਚਾਰ ਲਿਆ ਜਾਂਦਾ ਹੈ।