ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ’ਤੇ ਵਿਸ਼ੇਸ਼
ਅੰਗਰੇਜ ਸਿੰਘ ਹੁੰਦਲ
ਅਧਿਆਤਮਕ ਅਤੇ ਦੁਨਿਆਵੀ ਜੀਵਨ ਵਿੱਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ। ਪੰਜਾਬੀ ਲੋਕਧਾਰਾ ਵਿੱਚ ‘ਗੁਰੂ ਬਿਨਾ ਗੱਤ ਨਹੀਂ ਅਤੇ ਸ਼ਾਹ ਬਿਨਾ ਪੱਤ ਨਹੀਂ’ ਦੀ ਪੰਗਤੀ ਪ੍ਰਚਲਿਤ ਹੈ ਤਾਂ ਗੁਰਬਾਣੀ ਵਿੱਚ ਗੁਰੂ ਨੂੰ ਗਿਆਨ ਅਤੇ ਗੁੜਤੀ ਦਾ ਦਾਤਾ ਹੋਣ ਦੇ ਨਾਲ-ਨਾਲ ਗੁਰੂ ਪ੍ਰਮੇਸ਼ਰ ਤੇ ਪਾਰਬ੍ਰਹਮ ਪ੍ਰਮੇਸ਼ਰ ਹੋਣ ਦਾ ਰੁਤਬਾ ਵੀ ਪ੍ਰਾਪਤ ਹੈ । ਭਾਈ ਵੀਰ ਸਿੰਘ ਜੀ ਗੁਰੂ ਦਾ ਅਰਥ ਅਗਿਆਨਤਾ ਹਨੇਰੇ ਨੂੰ ਕੱਟ ਕੇ ਗਿਆਨ ਰੂਪੀ ਪ੍ਰਕਾਸ਼ ਕਰ ਦੇਣ ਦੇ ਅਰਥਾਂ ਵਿੱਚ ਕਰਦੇ ਹਨ। ਸਿੱਖੀ ਵਿੱਚ ਗੁਰੂ ਅਤੇ ਗੁਰਗੱਦੀ ਦੀ ਬਖਸ਼ਿਸ਼, ਇਲਾਹੀ ਰਮਜ਼ ਦਾ ਵਰਤਾਰਾ ਹੈ। ਇਸ ਨੂੰ ਬੌਧਿਕ ਅਤੇ ਵਿਗਿਆਨਕ ਇਤਿਹਾਸਕਾਰੀ ਦੀਆਂ ਇਤਲਾਹਾਂ ਰਾਹੀਂ ਖਿਆਲ ਲੜੀਆਂ ਵਿੱਚ ਨਹੀਂ ਪ੍ਰੋਰਿਆ ਜਾ ਸਕਦਾ।
ਗੁਰੂ ਨਾਨਕ ਦੇਵ ਜੀ ਨੇ ਇਸੇ ਇਲਾਹੀ ਫੁਰਮਾਨ ਰਾਹੀਂ ਭਾਈ ਲਹਿਣਾ ਜੀ ਨੂੰ 2 ਸਤੰਬਰ 1539 ਈ. ਨੂੰ ਗੁਰਗੱਦੀ ਬਖ਼ਸ਼ੀ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 45ਵੀਂ ਪਾਉੜੀ ਵਿਚ ਗੁਰਤਾ-ਗੱਦੀ ਦੀ ਮਹਾਨਤਾ ਦਰਸਾਉਂਦੇ ਹਨ :
ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ, ਸਤਿਗੁਰ ਨਾਨਕ ਰੂਪ ਵਟਾਇਆ।
ਲਖਿ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ।
ਕਾਇਆ ਪਲਟਿ, ਸਰੂਪ ਬਣਾਇਆ ॥੪੫॥ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੫)
ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਊਂਦਿਆਂ ਭਾਈ ਲਹਿਣੇ ਨੂੰ ਗੁਰੂ ਬਣਾਇਆ ਅਤੇ ਦੀਪਕ ਤੋਂ ਦੀਪਕ ਪ੍ਰਕਾਸ਼ਿਤ ਹੋ ਜਾਣ ਵਾਂਗ ਸਤਿਗੁਰ ਨਾਨਕ ਜੀ ਨੇ ਰੂਪ ਵਟਾ ਲਿਆ । ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਜੋ ਗੁਰੂ ਨਾਨਕ ਦੇਵ ਜੀ ਨੇ ਅਸਚਰਜ ਕੌਤਕ ਕੀਤਾ ਹੈ । ਕਾਇਆ ਪਲਟ ਕੇ ਨਵਾਂ ਸਰੂਪ ਬਣਾ ਲਿਆ ਹੈ, ‘‘ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ ॥’’ (ਰਾਮਕਲੀ ਕੀ ਵਾਰ, ਬਲਵੰਡ ਸਤਾ, ਪੰਨਾ ੯੬੭)
ਗੁਰੂ ਨਾਨਕ ਦੇਵ ਜੀ ਦੁਆਰਾ ਨਿਰਧਾਰਿਤ ਕੀਤੀਆਂ ਲੀਹਾਂ ਅਤੇ ਤਰਹੀਜਾਂ ਮੁਤਾਬਕ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ, ਲੰਗਰ, ਮੱਲ ਅਖਾੜੇ ਆਦਿ ਰਾਹੀਂ ਸਿੱਖੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ । ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦੀ ਰਸਮ ਆਪ ਹੀ ਅਦਾ ਕਰ ਕੇ ਖੁਦ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਮੱਥਾ ਟੇਕਣ ਦਾ ਆਦੇਸ਼ ਕੀਤਾ । ਇਸ ਨਾਲ ਸਿੱਖੀ ਨੂੰ ਗੁਰਿਆਈ ਪ੍ਰੰਪਰਾ ਦਾ ਗਿਆਨ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਦੀ ਸਪੱਸ਼ਟ ਪਛਾਣ ਹੋਈ । ਇਸ ਵਰਤਾਰੇ ਨੇ ਇਤਿਹਾਸਕ ਤੌਰ ’ਤੇ ਸਿੱਖੀ ਦੇ ਅਗਲੇਰੇ ਪੰਥ ਲਈ ਮਹੱਤਵਪੂਰਨ ਭੂਮਿਕਾ ਨਿਭਾਈ ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰਾਂ ਦੇ ਸੁਭਾਅ ਤੋਂ ਪਹਿਲਾਂ ਹੀ ਜਾਣੂ ਸਨ ਅਤੇ ਉਹ ਸਿੱਖੀ-ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕਰਨ ਦੇ ਇੱਛੁਕ ਸਨ, ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿਖੇ ਪ੍ਰਚਾਰ-ਕੇਂਦਰ ਬਣਾਉਣ ਬਾਰੇ ਕਹਿ ਗਏ ਸਨ।
ਗੁਰੂ ਜੀ ਨੇ ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਇੱਥੋਂ ਹੀ ਅਗਲੇਰੇ ਕਾਰਜ ਕਰਦੇ ਰਹੇ । ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜਾਰੀ ਕੀਤਾ ਗਿਆ । ਗੁਰੂ ਅੰਗਦ ਸਾਹਿਬ ਜੀ ਖੁਦ ਬਾਲਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗੇ ਗਿਆਨ ਵੰਡਦੇ ਰਹੇ ।
ਗੁਰੂ ਅੰਗਦ ਜੀ, ਨਾਨਕ ਨਿੰਰਕਾਰੀ ਦੀ ਜੋਤ ਸਨ ਜਿਸ ਨੇ ਸਿੱਖਾਂ ’ਚ ਅਜਿਹੀ ਵਿਲੱਖਣ ਕੌਮ ਨੂੰ ਕੇਸਗੜ੍ਹ ਵਿਖੇ ਪ੍ਰਗਟ ਕਰਨਾ ਸੀ । ਇਸ ਲਈ ਨਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਉਹਨਾਂ ਨੇ ‘‘ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੦) ਸਥਾਪਤ ਕੀਤਾ । ਗੁਰੂ ਜੀ ਆਪਣੀ ਨਿਗਰਾਨੀ ਅਤੇ ਸਰਪ੍ਰਸਤੀ ਹੇਠ ਵਰਜ਼ਸ਼ ਕਰਵਾਉਂਦੇ ਰਹੇ । ਗੁਰੂ ਜੀ ਦੁਆਰਾ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿੱਚੋਂ ਹੀ ਸਿੱਖਾਂ ਵਿੱਚ ਇੱਕ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫ਼ੌਜ ਦੇ ਵਿਲੱਖਣ ਕਾਰਨਾਮਿਆਂ ਦਾ ਆਧਾਰ ਬਣਿਆ ।
ਉਨ੍ਹਾਂ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ, ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ । ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਖਡੂਰ ਸਾਹਿਬ ਵਿਖੇ ਹੀ ਬਤੀਤ ਕੀਤਾ ਅਤੇ ਸਿੱਖੀ ਦੇ ਸੰਸਥਾਗਤ ਢਾਂਚੇ ਦੀ ਉਸਾਰੀ ਕੀਤੀ । ਇਸੇ ਸੰਸਥਾਗਤ ਢਾਂਚੇ ਕਰ ਕੇ ਸਿੱਖ ਕੌਮ ਦੀ ਵਿੱਲਖਣ ਹਸਤੀ ਅਤੇ ਇਸ ਦਾ ਸੱਭਿਆਚਾਰ ਹੋਂਦ ਵਿੱਚ ਆਇਆ । ਸੰਨ 1552 ਈਸਵੀ ’ਚ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਕੇ ਆਪ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।