ਸਰਲ ਗੁਰਬਾਣੀ ਵਿਆਕਰਣ – ਭਾਗ 4
(ਨਾਉਂ–ਪੁਲਿੰਗ–ਸੰਬੋਧਨ–ਅਕਾਰਾਂਤ ਅਤੇ ਆਕਾਰਾਂਤ)
– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।
ਗੁਰਬਾਣੀ ਦਾ ਸਹਿਜ ਪਾਠ ਸੰਪੂਰਨ ਕਰਕੇ ਸੁਖਦੀਪ ਸਿੰਘ ਬੋਲਿਆ, ‘ਮੰਮੀ ਜੀ ! ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਣ ਨਾਲ ਪੁਲਿੰਗ ਬਹੁ ਵਚਨ ਬਣ ਜਾਂਦਾ ਹੈ; ਜਿਵੇਂ ‘ਜਨ’ ਦਾ ਅਰਥ ਹੈ : ਬਹੁਤੇ ਭਗਤ। ਇਸੇ ਤਰ੍ਹਾਂ ਗਿਆਨੀ ਜੀ ਕਹਿੰਦੇ ਹਨ ਕਿ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਣ ਦੇ ਤਿੰਨ ਨੇਮਾਂ ਵਿਚੋਂ ਇਹ ਦੂਜਾ ਨੇਮ ਹੈ : ‘ਸੰਬੋਧਨ’; ਜਿਵੇਂ ਕਿ
‘ਸਤਿਗੁਰ’ ਆਇਓ ਸਰਣਿ ਤੁਹਾਰੀ ॥ (ਮਹਲਾ ੫/੭੧੩) ਇਸ ਤੁਕ ਵਿਚ ‘ਸਤਿਗੁਰ’ ਸ਼ਬਦ ਦਾ ਆਖਰੀ ਅੱਖਰ ਔਂਕੜ ਤੋਂ ਬਿਨਾਂ ਆਇਆ ਹੈ। ਹੁਣ ਸਾਡੇ ਬਹੁਤੇ ਸਤਿਗੁਰੂ ਤਾਂ ਨਹੀਂ ਹਨ, ਸਤਿਗੁਰੂ ਤਾਂ ਇਕ ਹੀ ਹੈ। ਇਸ ਲਈ ਇਥੇ ਨਾਉਂ ਬਹੁ ਵਚਨ ਨਹੀਂ, ਬਲਕਿ ਨਾਉਂ ਸੰਬੋਧਨ ਬਣ ਗਿਆ ਹੈ। ਇਸ ਦਾ ਅਰਥ ਬਣ ਗਿਆ : ਹੇ ਸਤਿਗੁਰ ! ਫਿਰ ਥੋੜ੍ਹਾ ਜਿਹਾ ਰੁਕ ਕੇ ਬਾਕੀ ਤੁੱਕ ਦਾ ਪਾਠ ਕਰਨਾ ਹੈ : ‘‘ਆਇਓ ਸਰਣਿ ਤੁਹਾਰੀ॥’’ ਮਤਲਬ ਇਹ ਕਿ ਜੇ ਨਾਉਂ ਪੁਲਿੰਗ ਦੇ ਆਖਰੀ ਅੱਖਰ ਨੂੰ ਔਂਕੜ ਲੱਥ ਜਾਵੇ ਤਾਂ ਪਹਿਲਾ ਨੇਮ; ਉਹ ‘ਬਹੁ ਵਚਨ’ ਹੋ ਸਕਦਾ ਹੈ। ਦੂਜਾ ਨੇਮ: ਉਹ ‘ਸੰਬੋਧਨ’ ਹੋ ਸਕਦਾ ਹੈ। ਤੀਜਾ ਨੇਮ; ਗਿਆਨੀ ਜੀ ਅਗਲੀ ਕਲਾਸ ਵਿਚ ਦੱਸਣਗੇ।’
‘ਜੇ ਮੈਂ ਕੁੱਝ ਪ੍ਰਮਾਣ ਬੋਲਾਂ ਤਾਂ ਤੂੰ ਪਛਾਣ ਕਰ ਲਵੇਂਗਾ ਕਿ ਉਹ ਬਹੁ ਵਚਨ ਨਾਉਂ ਹਨ ਕਿ ਸੰਬੋਧਨ ਹਨ ?’ ਮਾਂ ਨੇ ਪੁੱਛਿਆ।
‘ਪੁੱਛੋ ਮੰਮੀ ਜੀ ?’ ਸੁਖਦੀਪ ਸਿੰਘ ਨੇ ਬੜੇ ਉਤਸ਼ਾਹ ਨਾਲ ਕਿਹਾ।
‘ਠਾਕੁਰ’ ਤੁਮ੍ ਸਰਣਾਈ ਆਇਆ ॥ (ਮਹਲਾ ੫/੧੨੧੮)
‘ਦਇਆਲ’ ਤੇਰੈ ਨਾਮਿ ਤਰਾ ॥ (ਮਹਲਾ ੧/੬੬੦)
‘ਪ੍ਰਭ’ ਮੇਰੇ ‘ਪ੍ਰੀਤਮ’ ਪ੍ਰਾਨ ਪਿਆਰੇ ॥ (ਮਹਲਾ ੫/੧੨੬੮) ਮਾਂ ਨੇ ਗੁਰਬਾਣੀ ਵਿਚੋਂ ਕੁੱਝ ਪ੍ਰਮਾਣ ਦਿੱਤੇ।
ਸੁਖਦੀਪ ਸਿੰਘ ਝੱਟ ਬੋਲਿਆ, ‘ਮੰਮੀ ਜੀ ! ‘ਠਾਕੁਰ, ਦਇਆਲ, ਪ੍ਰਭ, ਪ੍ਰੀਤਮ’ ਤਾਂ ਇਕ ਰੱਬ ਦੇ ਨਾਮ ਹਨ। ਰੱਬ ਤਾਂ ਬਹੁਤੇ ਨਹੀਂ ਹੋ ਸਕਦੇ। ਇਸ ਲਈ ਇਹ ਸਾਰੇ ਸੰਬੋਧਨ ਹੋਣਗੇ। ਹੇ ਠਾਕੁਰ ! ਹੇ ਦਇਆਲ ! ਹੇ ਪ੍ਰਭ ! ਹੇ ਪ੍ਰੀਤਮ ! ਭਾਵੇਂ ਇਹ ਇਕ ਵਚਨ ਹਨ, ਪਰ ਸੰਬੋਧਨ ਹੋਣ ਕਰਕੇ ਇਨ੍ਹਾਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਗਈ ਹੈ।’
‘ਵਾਹ ਜੀ ਵਾਹ ! ਬੜੀ ਜਲਦੀ ਦੱਸ ਦਿੱਤਾ। ਚੱਲ ਇਕ ਹੋਰ ਦੱਸ : ‘‘ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥’’ (ਸੁਖਮਨੀ/ਮਹਲਾ ੫/੨੬੭) ਮਾਂ ਨੇ ਇਕ ਹੋਰ ਪ੍ਰਮਾਣ ਦਿੱਤਾ।
‘ਇਹ ਤਾਂ ਬੜਾ ਸੌਖਾ ਹੈ : ‘ਹੇ ਪ੍ਰਭ !’ ਅਤੇ ‘ਹੇ ਦਇਆਲ !’ ਸੁਖਦੀਪ ਸਿੰਘ ਨੇ ਝੱਟਪੱਟ ਜਵਾਬ ਦਿੱਤਾ।
‘ਕੀ ਗੁਰੂ ਨਾਨਕ ਸਾਹਿਬ ਜ਼ਿਆਦਾ ਹਨ ? ਉੱਥੇ ਹੇ ਨਾਨਕ ! ਸੰਬੋਧਨ ਕਿਉਂ ਨਹੀਂ ਕਿਹਾ ?’ ਮਾਂ ਨੇ ਗਲਤੀ ਫੜਦਿਆਂ ਕਿਹਾ।
‘ਪਰ ਗੁਰਬਾਣੀ ਵਿਚ ‘ਨਾਨਕ’ ਕਾਵਿ-ਛਾਪ (ਮੋਹਰ) ਤਾਂ ਬਾਰ-ਬਾਰ ਆਉਂਦੀ ਹੈ। ਫਿਰ ਜਿੱਥੇ ਵੀ ਸੰਬੋਧਨ ‘ਨਾਨਕ’ ਸ਼ਬਦ ਆਵੇ ਤਾਂ ਬਾਰ-ਬਾਰ ਰੁਕਣ ਨਾਲ ਜ਼ਿਆਦਾ ਟਾਈਮ ਨਹੀਂ ਲੱਗ ਜਾਏਗਾ ?’ ਸੁਖਦੀਪ ਸਿੰਘ ਨੇ ਸ਼ੰਕਾ ਜਤਾਈ।
‘ਪਰ ਜੇ ਨਾ ਰੁਕਿਆ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬੇਅਦਬੀ ਨਹੀਂ ਹੋ ਜਾਏਗੀ ?’ ਮਾਂ ਨੇ ਉਲਟਾ ਸਵਾਲ ਕੀਤਾ।
‘ਉਹ ਕਿਵੇਂ ?’ ਸੁਖਦੀਪ ਨੇ ਹੈਰਾਨਗੀ ਨਾਲ ਪੁੱਛਿਆ।
ਨਾਨਕ ਕੂੜੁ ਰਹਿਆ ਭਰਪੂਰਿ ॥ (ਮਹਲਾ ੧/੪੭੧) ਇਸ ਤੁੱਕ ਵਿਚ ਜੇ ਅਸੀਂ ‘ਨਾਨਕ ਕੂੜਿ’ ਇਕੱਠਾ ਬੋਲਾਂਗੇ ਤਾਂ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਨਹੀਂ ਹੋ ਜਾਏਗੀ ? ਸੱਚ ਤੋਂ ਬਿਨਾਂ ਕੂੜਾ ਤਾਂ ਸੰਸਾਰ ਹੈ। ਇਸ ਲਈ ‘ਨਾਨਕ’ ਸੰਬੋਧਨ ਕਰਕੇ ਰੁਕਣਾ ਪਵੇਗਾ : ਨਾਨਕ (ਭਾਵ : ਹੇ ਨਾਨਕ !) ਕੂੜਿ ਰਹਿਆ ਭਰਪੂਰਿ॥ ਹਰ ਥਾਂ ਝੂਠ ਫੈਲਿਆ ਪਿਆ ਹੈ।’ ਮਾਂ ਨੇ ਸਮਝਾਇਆ।
‘ਮੈਂ ਸਮਝ ਗਿਆ ਮੰਮੀ ਜੀ ! ਜਿਵੇਂ : ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥ (ਮਹਲਾ ੨/੯੫੪) ਜੇ ‘ਨਾਨਕ ਅੰਧਾ’ ਇਕੱਠਾ ਪੜ੍ਹਾਂਗੇ ਤਾਂ ਅਣਜਾਣੇ ਵਿਚ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਾਂਗੇ। ਇੱਥੇ ਵੀਚਾਰ ਤਾਂ ਇਹ ਚੱਲ ਰਹੀ ਹੈ ਕਿ ਬੰਦਾ ਆਪ ਤਾਂ ਹੋਵੇ ਅੰਨਾ, ਪਰ ਉਹ ਰਤਨਾਂ ਦੀ ਪਰਖ ਕਰਨ ਤੁਰ ਪਵੇ। ਰਤਨਾਂ ਦੀ ਕਦਰ ਤਾਂ ਨਾ ਜਾਣੇ, ਪਰ ਆਪਣੇ ਆਪ ਨੂੰ ਜ਼ਾਹਰ ਕਰਾ ਆਵੇ ਕਿ ਉਹ ਤਾਂ ਆਪ ਅੰਨਾ ਹੈ। ਇਸ ਲਈ ਇੱਥੇ ‘ਨਾਨਕ’ ਸੰਬੋਧਨ ਤੋਂ ਬਾਅਦ ਰੁਕਣਾ ਪਵੇਗਾ : ਨਾਨਕ (ਭਾਵ : ਹੇ ਨਾਨਕ !) ਅੰਧਾ ਹੋਇ ਕੈ ਰਤਨਾ ਪਰਖਣ ਜਾਇ॥ ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ॥
ਮਤਲਬ ਇਹ ਕਿ ਜੇ ਪੁਲਿੰਗ ਨਾਉਂ ਅਕਾਰਾਂਤ (ਮੁਕਤਾ-ਅੰਤ, ਦੇਖੋ ਭਾਗ-3) ਹੋਵੇ ਤਾਂ ਉਸ ਦੇ ਤਿੰਨ ਅਰਥ ਹੋ ਸਕਦੇ ਹਨ। ਪਹਿਲਾ ਅਰਥ ਬਹੁ ਵਚਨ, ਦੂਜਾ ਅਰਥ ਸੰਬੋਧਨ ਤੇ ਤੀਜਾ ਗਿਆਨੀ ਜੀ ਨੇ ਅਜੇ ਦੱਸਿਆ ਨਹੀਂ।’ ਸੁਖਦੀਪ ਨੇ ਸੰਬੋਧਨ ਨੇਮ ਨੂੰ ਸਪਸ਼ਟ ਕੀਤਾ।
ਉਨ੍ਹਾਂ ਦੀਆਂ ਇਨ੍ਹਾਂ ਵੀਚਾਰਾਂ ਦੌਰਾਨ ਮੈਂ ਵੀ ਉਨ੍ਹਾਂ ਦੇ ਦਰਵਾਜ਼ੇ ਦੀ ਬੈੱਲ ਵਜਾ ਕੇ ਅਵਾਜ਼ ਦਿੱਤੀ, ‘ਭੈਣ ਜੀ ! ਘਰ ਹੀ ਹੋ ?’
‘ਹਾਂ ਜੀ ਬਿਨਾਂ ਔਂਕੜ ਤੋਂ ਭਾਈ ਸਾਹਿਬ ਜੀ ! ਆ ਜਾਉ, ਜੀ ਆਇਆਂ ਨੂੰ।’ ਸੁਖਦੀਪ ਸਿੰਘ ਦੀ ਮਾਂ ਬੀਬੀ ਪਰਮਜੀਤ ਕੌਰ ਜੀ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ।
‘ਬਿਨਾਂ ਔਂਕੜ ਤੋਂ ਭਾਈ ਸਾਹਿਬ ? ਮੈਂ ਸਮਝਿਆ ਨਹੀਂ ?’ ਮੈਂ ਅੰਦਰ ਆਉਂਦਿਆਂ ਪੁੱਛਿਆ।
‘ਅਸਲ ਵਿਚ ਸੰਬੋਧਨੀ ਇਕ ਵਚਨ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਥ ਜਾਂਦੀ ਹੈ। ਇਸ ਲਈ ‘ਭਾਈ ਸਾਹਿਬ’ ਸੰਬੋਧਨ ਵਿਚ ‘ਸਾਹਿਬ’ ਦਾ ਬੱਬਾ ਬਿਨਾਂ ਔਂਕੜ ਤੋਂ ਹੋਵੇਗਾ ਨਾ ? ਜਿਵੇਂ ਕਿ
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ (ਮਹਲਾ ੫/੭੪੯) ਹੁਣ ‘ਸਾਹਿਬੁ’ ਪ੍ਰਭੂ ਤਾਂ ਇਕ ਹੀ ਹੈ, ਪਰ ਇਸ ਤੱੁਕ ਵਿਚ ਸੰਬੋਧਨ ਹੈ ਕਿ ਹੇ ਮੇਰੇ ਸਾਹਿਬ ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ। ਇਸ ਲਈ ਸੰਬੋਧਨ ਹੋਣ ਕਰਕੇ ‘ਸਾਹਿਬ’ ਦੇ ਬੱਬੇ ਦੀ ਆਖਰੀ ਔਂਕੜ ਲੱਥ ਗਈ।’ ਸੁਖਦੀਪ ਸਿੰਘ ਨੇ ਗੱਲ ਸਪਸ਼ਟ ਕੀਤੀ।
‘ਪਰ ਤੈਨੂੰ ਪਤਾ ਹੈ ਕਿ ਸੰਬੋਧਨ ਦਾ ਇਕ ਨੇਮ ਹੋਰ ਵੀ ਹੈ ?’ ਮੈਂ ਸੁਖਦੀਪ ਸਿੰਘ ਨੂੰ ਪੁੱਛਿਆ।
‘ਹਾਂ ਜੀ ਪਤਾ ਹੈ। ਜੇ ਨਾਉਂ ਦੇ ਆਖਰੀ ਅੱਖਰ ਨੂੰ ਕੰਨਾ ਲੱਗ ਜਾਏ ਤਾਂ ਵੀ ਸੰਬੋਧਨ ਬਣ ਜਾਂਦਾ ਹੈ; ਜਿਵੇਂ ਕਿ
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ (ਮਹਲਾ ੩/੯੧੭)
ਇਸ ਤੁੱਕ ਵਿਚ ‘ਸਾਹਿਬ’ ਦੀ ਥਾਂ ‘ਸਾਹਿਬਾ’ ਆਖਰੀ ਅੱਖਰ ਬੱਬਾ ਕੰਨੇ ਨਾਲ ਆ ਗਿਆ। ਹੁਣ ਸਾਨੂੰ ‘ਸਾਹਿਬਾ’ ਸੰਬੋਧਨ ਕਰਕੇ ਥੋੜ੍ਹਾ ਰੁਕ ਕੇ ਅਗਲੀ ਤੁੱਕ ਦਾ ਪਾਠ ਕਰਨਾ ਪਵੇਗਾ।’ ਸੁਖਦੀਪ ਸਿੰਘ ਝੱਟਪੱਟ ਬੋਲਿਆ।
‘ਬੱਲੇ ਸ਼ੇਰਾ ! ਤੈਨੂੰ ਹੋਰ ਵੀ ਇਸ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ ?’ ਮੈਂ ਪੁੱਛਿਆ।
‘ਹਾਂ ਜੀ ਗਿਆਨੀ ਜੀ ! ਗੁਰਬਾਣੀ ਵਿਚ ਐਸੇ ਬਹੁਤ ਸੰਬੋਧਨ ਹਨ, ਜਿਨ੍ਹਾਂ ਦੇ ਆਖਰੀ ਅੱਖਰ ਨੂੰ ਕੰਨਾ ਲੱਗਿਆ ਹੋਇਆ ਹੈ; ਜਿਵੇਂ ਕਿ
‘ਪੂਤਾ’ ਮਾਤਾ ਕੀ ਆਸੀਸ ॥ (ਮਹਲਾ ੫/੪੯੬)
ਲਹਣੇ ਦੀ ਫੇਰਾਈਐ ‘ਨਾਨਕਾ’ ਦੋਹੀ ਖਟੀਐ ॥ (ਬਲਵੰਡ ਸਤਾ/੯੬੬)
‘ਗੋਬਿੰਦਾ’ ਮੇਰੇ ‘ਗੋਬਿੰਦਾ’ ‘ਪ੍ਰਾਣ ਅਧਾਰਾ’ ਮੇਰੇ ‘ਗੋਬਿੰਦਾ’ ॥ (ਮਹਲਾ ੫/੯੨੪)
ਮੇਰੇ ‘ਪ੍ਰੀਤਮਾ’ ਹਉ ਜੀਵਾ ਨਾਮੁ ਧਿਆਇ ॥ (ਮਹਲਾ ੪/੪੦)
ਇਨ੍ਹਾਂ ਸਾਰੀਆਂ ਤੁਕਾਂ ਵਿਚ ‘ਪੂਤਾ, ਨਾਨਕਾ, ਗੋਬਿੰਦਾ, ਪ੍ਰਾਣ ਅਧਾਰਾ, ਪ੍ਰੀਤਮਾ’ ਸੰਬੋਧਨ ਸ਼ਬਦ ਹਨ। ਇਨ੍ਹਾਂ ਸੰਬੋਧਨਾਂ ਦਾ ਉਚਾਰਨ ਨਾਸਕੀ ਰਹਿਤ (ਬਿੰਦੀ ਤੋਂ ਬਿਨਾਂ) ਕਰਨਾ ਚਾਹੀਦਾ ਹੈ। ਇਨ੍ਹਾਂ ਸੰਬੋਧਨ ਨਾਂਵਾਂ ’ਤੇ ਥੋੜ੍ਹਾ ਰੁਕ ਕੇ ਹੀ ਅਗਲਾ ਪਾਠ ਕਰਨਾ ਚਾਹੀਦਾ ਹੈ।’ ਸੁਖਦੀਪ ਸਿੰਘ ਨੇ ਜੇਤੂ ਮੁਸਕਾਨ ਨਾਲ ਕਿੰਨੇ ਹੀ ਪ੍ਰਮਾਣ ਦੇ ਦਿੱਤੇ।
‘ਕਮਾਲ ਹੈ ! ਜਦੋਂ ਅਸੀਂ ਤੁਹਾਡੀ ਉਮਰ ਵਿਚ ਸੀ ਤਾਂ ਸਾਡੇ ਸਕੂਲ ਬੈਗ ਹੀ ਬੜੇ ਭਾਰੇ ਹੁੰਦੇ ਸਨ।’ ਮੈਂ ਗੋਲ ਜਿਹੀ ਗੱਲ ਕੀਤੀ।
‘ਭਾਰੇ ਕਿਉਂ ਗਿਆਨੀ ਜੀ ?’ ਸੁਖਦੀਪ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
‘ਪੁੱਤਰ ਜੀ ! ਨਾਲਾਇਕ ਵਿਦਿਆਰਥੀਆਂ ਦੇ ਸਕੂਲ ਦੇ ਬਸਤੇ ਭਾਰੇ ਹੀ ਹੁੰਦੇ ਨੇ। ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਜ ਕਲਾਸ ਵਿਚ ਕੀ ਪੜਾਉਣਾ ਹੈ ਤੇ ਕਿਹੜੀ ਕਿਤਾਬ ਖੋਲ੍ਹਣੀ ਪੈਣੀ ਹੈ। ਉਹ ਸਾਰੀਆਂ ਹੀ ਕਿਤਾਬਾਂ ਚੁੱਕ ਕੇ ਲੈ ਜਾਂਦੇ ਨੇ। ਅਸੀਂ ਵੀ ਕਿਤਾਬਾਂ ਦਾ ਭਾਰ ਹੀ ਢੋਂਦੇ ਰਹੇ ਹਾਂ। ਪੜਾਈ ਤਾਂ ਤੁਸੀਂ ਕਰ ਰਹੇ ਹੋ।’ ਮੈਂ ਗੱਲ ਖੋਲ੍ਹ ਕੇ ਸਮਝਾਈ ਤੇ ਸਾਰੇ ਹੱਸ ਪਏ।
‘ਪਰ ਸੰਬੋਧਨ ਸ਼ਬਦਾਂ ਉੱਤੇ ਬਾਰ-ਬਾਰ ਰੁਕਣ ਨਾਲ ਪਾਠ ਕਰਨ ’ਤੇ ਟਾਈਮ ਬਹੁਤ ਲੱਗਦਾ ਹੈ। ਕੀ ਇੰਨਾ ਜ਼ਿਆਦਾ ਰੁਕਣਾ ਜ਼ਰੂਰੀ ਹੈ ?
ਮੇਰੇ ਤੋਂ ਪਹਿਲਾਂ ਹੀ ਬੀਬੀ ਪਰਮਜੀਤ ਕੌਰ ਜੀ ਬੋਲ ਪਏ, ‘ਪੁੱਤਰ ਜੀ ! ਗੁਰਬਾਣੀ ਦਾ ਪਾਠ ਕਰਨ ਸਮੇਂ 3 ਹਾਜ਼ਰੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ। ਪਹਿਲੀ ਹਾਜ਼ਰੀ ਸਤਿਗੁਰੂ ਜੀ ਦੀ। ਜੇ ਅਸੀਂ ਗੁਰੂ ਜੀ ਨੂੰ ਹਾਜ਼ਰ ਸਮਝਾਂਗੇ ਤਾਂ ਹੀ ਗੁਰੂ ਜੀ ਨਾਲ ਬਚਨ ਕਰਾਂਗੇ ਨਾ ?’
ਇੰਨੇ ਨੂੰ ਬਾਹਰੋਂ ਮਿਹਰ ਸਿੰਘ ਦੀ ਲਗਾਤਾਰ ਅਵਾਜ਼ ਆਉਣੀ ਸ਼ੁਰੂ ਹੋ ਗਈ, ‘ਮਾਂ ! ਮਾਂ ! ਮਾਂ ! ! ਮੰਮੀ ਜੀ ! !’
‘ਹਾਂ ਮਿਹਰ ਪੁੱਤਰ ? ਦੱਸ ਵੀ ਗੱਲ ਕੀ ਹੈ ?’ ਮਾਂ ਨੇ ਪੁੱਛਿਆ।
‘ਮੈਂ ਆਈਸ ਕਰੀਮ ਵਾਲੇ ਭਾਈ ਨੂੰ ਰੋਕ ਕੇ ਖੜਾ ਹਾਂ, ਮੈਨੂੰ ਆਈਸ ਕਰੀਮ ਲੈ ਦਿਉ ਪਲੀਜ਼ ?’ ਮਿਹਰ ਸਿੰਘ ਨੇ ਬਾਹਰੋਂ ਹੀ ਅਵਾਜ਼ ਦਿੱਤੀ।
ਮਾਂ ਨੇ ਬਾਹਰ ਜਾ ਕੇ ਮਿਹਰ ਸਿੰਘ ਨੂੰ ਆਈਸ ਕਰੀਮ ਲੈ ਕੇ ਦਿੱਤੀ। ਮਿਹਰ ਸਿੰਘ ਸਮੇਤ ਮਾਂ ਨੇ ਅੰਦਰ ਆਉਂਦਿਆਂ ਹੀ ਸੁਖਦੀਪ ਸਿੰਘ ਨੂੰ ਕਿਹਾ, ‘ਦੇਖਿਆ ਸੁਖਦੀਪ ਪੁੱਤਰ ? ਜਿੰਨਾ ਚਿਰ ਮੈਂ ਮਿਹਰ ਨੂੰ ਜਵਾਬ ਨਹੀਂ ਦਿੱਤਾ, ਉਨ੍ਹਾਂ ਚਿਰ ਇਹ ਮਾਂ-ਮਾਂ ਕਰਦਾ ਰਿਹਾ। ਮੈਂ ਜਵਾਬ ਦਿੱਤਾ ਤਾਂ ਉਹਨੇ ਆਪਣੀ ਗੱਲ ਕਹੀ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਗੁਰੂ ਜੀ ਨੂੰ ਹਾਜ਼ਰ ਸਮਝ ਕੇ ਸੰਬੋਧਨ ਨਹੀਂ ਕਰਾਂਗੇੇ, ਓਨਾ ਚਿਰ ਆਪਣੀ ਬੇਨਤੀ ਕਿਵੇਂ ਕਰਾਂਗੇ ? ਸੰਬੋਧਨ ਸ਼ਬਦਾਂ ’ਤੇ ਰੁਕਣ ਦਾ ਮਤਲਬ ਹੁੰਦਾ ਹੈ ‘ਗੁਰੂ ਜੀ’ ਨੂੰ ਅਵਾਜ਼ ਦੇਣੀ।
ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਹੀ ਆਪਣੇ ਸਤਿਗੁਰੂ ਜੀ ਨੂੰ ਉਚੀ ਅਵਾਜ਼ ਵਿਚ ਸੰਬੋਧਨ ਕਰਕੇ 4 ਵਾਰ ਰੁਕ-ਰੁਕ ਕੇ ਅਵਾਜ਼ ਦਿੱਤੀ ਹੋਵੇਗੀ : ਹਰਿ ਕੇ ਜਨ ! ਸਤਿਗੁਰ ! ਸਤ ਪੁਰਖਾ ! ਬਿਨਉ ਕਰਉ ਗੁਰ ਪਾਸਿ॥ ਹਮ ਕੀਰੇ ਕਿਰਮ, ਸਤਿਗੁਰ ! ਸਰਣਾਈ..॥, ਫਿਰ ਸਤਿਗੁਰੂ ਜੀ ਦਾ ਧਿਆਨ ਆਪਣੇ ਵੱਲ ਖਿੱਚ ਕੇ ਹੀ ਬੇਨਤੀ ਕੀਤੀ ਹੋਵੇਗੀ : ‘‘ਕਰਿ ਦਇਆ ਨਾਮੁ ਪਰਗਾਸਿ॥’’
‘ਜਿਵੇਂ ਮੈਂ ਸਵੇਰੇ ਜਪੁ ਜੀ ਸਾਹਿਬ ਦਾ ਪਾਠ ਕਰਦਿਆਂ ਗੁਰੂ ਜੀ ਨੂੰ ਸੰਬੋਧਨ ਕਰਦਾ ਹਾਂ ‘ਗੁਰਾ !’ ਫਿਰ ਥੋੜ੍ਹਾ ਰੁਕ ਕੇ ਤੁੱਕ ਪੜਦਾ ਹਾਂ: ‘‘ਇਕ ਦੇਹਿ ਬੁਝਾਈ॥’’ ਭਾਵ ਹੇ ਗੁਰੂ ਜੀ ! ਮੈਨੂੰ ਇਕ ਸਮਝ ਦੇ ਦਿਉ। ਮੰਮੀ ਜੀ ! ਦੂਜੀ ਹਾਜ਼ਰੀ ਕਿਸ ਦੀ ਹੋਣੀ ਚਾਹੀਦੀ ਹੈ ?
ਆਈਸ ਕਰੀਮ ਖਾਂਦਿਆਂ ਮਿਹਰ ਸਿੰਘ ਬੋਲ ਪਿਆ, ‘ਵੀਰੇ ਤੈਨੂੰ ਇੰਨਾ ਵੀ ਨਹੀਂ ਪਤਾ ? ਮੰਮੀ ਜੀ ਨੇ ਦੱਸਿਆ ਤਾਂ ਸੀ। ਦੂਜੀ ਹਾਜ਼ਰੀ ਉਸ ਅਕਾਲ ਪੁਰਖ ਦੀ, ਜਿਸ ਨੂੰ ਅਸੀਂ ਮਿਲਣਾ ਹੈ। ਉਸ ਨੂੰ ਵੀ ਸੰਬੋਧਨ ਕਰਨਾ ਪਵੇਗਾ :
ਸਾਚੇਸਾਹਿਬਾ ! ਕਿਆ ਨਾਹੀ ਘਰਿ ਤੇਰੈ॥
ਅਗਮ ਅਗੋਚਰਾ ! ਤੇਰਾ ਅੰਤ ਨ ਪਾਇਆ॥
ਰੱਬ ਨੂੰ ਮਿਲਣਾ ਹੈ ਤਾਂ ਅਵਾਜ਼ ਤਾਂ ਲਗਾਣੀ ਪਵੇਗੀ ਨਾ ?’ ਮਿਹਰ ਸਿੰਘ ਨੇ ਇੰਨਾ ਮਾਸੂਮ ਮੂੰਹ ਬਣਾ ਕੇ ਕਿਹਾ ਕਿ ਸਾਰੇ ਹੱਸ ਪਏ।
‘ਤੇ ਤੀਜੀ ਹਾਜ਼ਰੀ ?’ ਸੁਖਦੀਪ ਸਿੰਘ ਨੇ ਸਵਾਲ ਕੀਤਾ।
‘ਪੁੱਤਰ ! ਗੁਰੂ ਤੇ ਰੱਬ ਤਾਂ ਹਰ ਵੇਲੇ ਹਾਜ਼ਰ ਹਨ, ਪਰ ਅਸੀਂ ਹੀ ਹਾਜ਼ਰ ਨਹੀਂ ਹੁੰਦੇ। ਸੁਲਤਾਨਪੁਰ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਗੱਲ ਕਾਜ਼ੀ ਤੇ ਨਵਾਬ ਨੂੰ ਸਮਝਾਈ ਸੀ ਕਿ ਤੁਹਾਡੀ ਜ਼ਬਾਨ ਨੇ ਨਮਾਜ਼ ਪੜੀ ਹੈ, ਪਰ ਤੁਹਾਡਾ ਮਨ ਤਾਂ ਹੋਰ-ਹੋਰ ਕੰਮਾਂ ਵਿਚ ਰੁੱਝਿਆ ਹੋਇਆ ਸੀ। ਇਸ ਲਈ ਗੁਰਬਾਣੀ ਪੜਦਿਆਂ ਸਾਡਾ ਸਰੀਰ, ਅੱਖਾਂ, ਕੰਨ, ਮਨ ਸਾਰਾ ਕੁੱਝ ਹਾਜ਼ਰ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਆਪ ਨੂੰ ਵੀ ਸੰਬੋਧਨ ਕਰਕੇ ਹਾਜ਼ਰ ਕਰੋ :
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥
ਏ ਸਰੀਰਾ ਮੇਰਿਆ ! ਏ ਨੇਤ੍ਰਹੁ ਮੇਰਿਹੋ ! ਏ ਸ੍ਰਵਣਹੁ ਮੇਰਿਹੋ ! ਕਹਿ ਕੇ ਆਪਣੇ ਸਾਰੇ ਗਿਆਨ ਇੰਦ੍ਰਿਆਂ ਨੂੰ ਹਾਜ਼ਰ ਕਰੋ। ਤਾਂ ਹੀ ਅਸੀਂ ਸਤਿਗੁਰੂ ਜੀ ਨਾਲ ਬਚਨ ਕਰ ਸਕਾਂਗੇ।’ ਮਾਂ ਨੇ ਬੜੇ ਪਿਆਰ ਨਾਲ ਸਮਝਾਇਆ।
‘ਪੁੱਤਰੋ ! ਤੁਸੀਂ ਨਾਉਂ ਪੁਲਿੰਗ ਇਕ ਵਚਨ ਅਕਾਰਾਂਤ (ਮੁਕਤਾ-ਅੰਤ, ਦੇਖੋ ਭਾਗ-3) ਦੇ ਦੋ ਨੇਮ ਜਾਣਦੇ ਹੋ ਕਿ ਆਖਰੀ ਅੱਖਰ ਦੀ ਔਂਕੜ ਲੱਥ ਜਾਏ ਤਾਂ ਇਕ ਅਰਥ ‘ਬਹੁ ਵਚਨ’ ਬਣ ਸਕਦਾ ਹੈ ਅਤੇ ਦੂਜਾ ਅਰਥ ‘ਸੰਬੋਧਨ’ ਬਣ ਸਕਦਾ ਹੈ। ਹੁਣ ਮੇਰੇ ਵੱਲੋਂ ਤੁਹਾਨੂੰ ਇਕ ਛੋਟਾ ਜਿਹਾ ਸਵਾਲ :
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ (ਭਗਤ ਕਬੀਰ/੩੨੪)
ਇਸ ਤੁੱਕ ਵਿਚ ‘ਪੰਡਿਤ’ ਅਤੇ ‘ਬਾਮਨ’ ਦੇ ਆਖਰੀ ਅੱਖਰ ਨੂੰ ਔਂਕੜ ਕਿਉਂ ਨਹੀਂ ਆਈ ?’ ਮੈਂ ਸਵਾਲ ਤਾਂ ਕਰ ਦਿੱਤਾ, ਪਰ ਮੈਨੂੰ ਪਤਾ ਹੈ ਕਿ ਦੋਵਾਂ ਬੱਚਿਆਂ ਨੇ ਇਸ ਦਾ ਜਵਾਬ ਫਟਾ-ਫੱਟ ਦੇ ਦੇਣਾ ਹੈ, ਪਰ ਕੀ ਤੁਹਾਨੂੰ ਵੀ ਇਸ ਦਾ ਜਵਾਬ ਪਤਾ ਹੈ ? ਮੈਂ ਅੱਜ ਇਨ੍ਹਾਂ ਬੱਚਿਆਂ ਨੂੰ ਸੰਬੋਧਨ ਬਾਰੇ ਸਮਝਾਉਣਾ ਸੀ, ਪਰ ਉਹ ਇਹ ਨੇਮ ਪਹਿਲਾਂ ਤੋਂ ਹੀ ਜਾਣਦੇ ਹਨ। ਹੁਣ ਤੁਸੀਂ ਵੀ ਚੁੱਕ ਲਉ ਆਪਣੀ ਡਾਇਰੀ ਤੇ ਗੁਰਬਾਣੀ ਵਿਚੋਂ 10 ਐਸੇ ਪ੍ਰਮਾਣ (ਤੁੱਕਾਂ) ਲਿਖੋ, ਜਿਨ੍ਹਾਂ ਵਿਚ ਪੁਲਿੰਗ ਨਾਉਂ ਅਕਾਰਾਂਤ (ਮੁਕਤਾ-ਅੰਤ) ਅਤੇ ਆਕਾਰਾਂਤ (ਕੰਨਾ-ਅੰਤ) ਸੰਬੋਧਨ ਦੇ ਅਰਥਾਂ ਵਿਚ ਹੋਵੇ।