ਸਿੱਖ ਧਰਮ ਅਤੇ ਤਲਾਕ

0
79

ਸਿੱਖ ਧਰਮ ਅਤੇ ਤਲਾਕ

ਮਨਪ੍ਰੀਤ ਸਿੰਘ ਬਾਜ-ਮੋ: 9530744177

ਸ਼ਬਦ-ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਅੰਦਰ ਪਤੀ-ਪਤਨੀ ਦੇ ਤਲਾਕ ਬਾਬਤ ਕਿਸੇ ਤਰ੍ਹਾਂ ਦਾ ਵਰਣਨ ਨਹੀਂ ਮਿਲਦਾ। ਇਸ ਤੋਂ ਸਪੱਸ਼ਟ ਹੈ ਕਿ ਸਿੱਖ ਧਰਮ ਅੰਦਰ ਤਲਾਕ ਦਾ ਕੋਈ ਵਿਧਾਨ ਨਹੀਂ ਹੈ। ਦੂਜੇ ਧਰਮਾਂ ਨਾਲੋਂ ਸਿੱਖ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਮੋਢੀਆਂ ਭਾਵ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਗੁਰਬਾਣੀ ਦੀ ਰਚਨਾ ਅਤੇ ਸੰਗ੍ਰਹਿ ਕਰ ਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਸੀ। ਇਸ ਲਈ ਗੁਰਬਾਣੀ ਅੰਦਰ ਤਲਾਕ ਸਬੰਧੀ ਕੋਈ ਉਪਦੇਸ਼ ਦਰਜ ਨਾ ਹੋਣ ਬਾਰੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਤੋਂ ਇਲਾਵਾ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਅੰਦਰ ਵੀ ਤਲਾਕ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਇਸ ਦਾ ਅਰਥ ਹੈ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਅੰਦਰ ਤਲਾਕ ਦੀ ਕੁਰੀਤੀ ਨੂੰ ਪ੍ਰਵਾਨ ਨਹੀਂ ਕੀਤਾ ਸਗੋਂ ਵਿਆਹ ਦੀ ਰਸਮ ਨੂੰ ਧਰਮ ਦੇ ਕਿਲ੍ਹੇ ਅੰਦਰ ਸਮੇਟਿਆ ਹੈ, ਇਸ ਲਈ ਗੁਰੂ ਦਾ ਕੋਈ ਵੀ ਸਿੱਖ ਇਸ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਤੋਂ ਮੁਨਕਰ ਨਹੀਂ ਹੋ ਸਕਦਾ। ਇਸ ਬਾਰੇ ਵਿਸਥਾਰ ਨਾਲ ਸਮਝਣ ਦੀ ਲੋੜ ਹੈ।

ਅਨੇਕ ਗੁਰਬਾਣੀ ਸ਼ਬਦਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਦੀ ਸਿੱਖਿਆ ਨੂੰ ਮੰਨਣ ਵਿਚ ਹੀ ਸਿੱਖ ਦਾ ਭਲਾ ਹੈ। ਸਿੱਖ ਨੇ ਜ਼ਿੰਦਗੀ ਵਿਚ ਅਜਿਹਾ ਕੋਈ ਕਰਮ ਨਹੀਂ ਕਰਨਾ, ਜੋ ਗੁਰਮਤਿ ਸਿਧਾਂਤਾਂ ਤੋਂ ਉਲਟ ਹੋਵੇ। ਹਰੇਕ ਸਿੱਖ ਦੇ ਮਨ ਅੰਦਰ ਜਿੱਥੇ ਗੁਰੂ ਲਈ ਪਿਆਰ-ਸਤਿਕਾਰ ਹੋਣਾ ਜ਼ਰੂਰੀ ਹੈ, ਉੱਥੇ ਹੀ ਗੁਰੂ ਦਾ ਭੈਅ ਹੋਣਾ ਵੀ ਲਾਜ਼ਮੀ ਹੈ। ਗੁਰੂ ਸਾਹਿਬ ਦਾ ਹੁਕਮ ਮੰਨਣਾ ਸਿੱਖ ਦਾ ਪਰਮ ਕਰਤੱਵ ਹੈ। ਗੁਰਬਾਣੀ ਅਨੁਸਾਰ ਗੁਰੂ ਸਾਹਿਬ ਆਪਣੇ ਸਿੱਖ ਦੇ ਅੰਗ-ਸੰਗ ਰਹਿੰਦੇ ਹਨ ਅਤੇ ਗੁਰੂ ਤੋਂ ਬੇਮੁਖ ਹੋ ਕੇ ਸਿੱਖ; ਜ਼ਿੰਦਗੀ ਭਰ ਖੁਆਰ ਹੁੰਦਾ ਹੈ। ਗੁਰਬਾਣੀ ਦੇ ਬਚਨ ਹਨ :

ਹਉਮੈ ਕਰਤਾ ਜਗੁ ਮੁਆ; ਗੁਰ ਬਿਨੁ ਘੋਰ ਅੰਧਾਰੁ (ਮਹਲਾ /੩੪)

ਲਖ ਚਉਰਾਸੀਹ ਫਿਰਦੇ ਰਹੇ; ਬਿਨੁ ਸਤਿਗੁਰ ਮੁਕਤਿ ਹੋਈ (ਮਹਲਾ /੭੦)

ਬਿਨੁ ਗੁਰ ਮੂੜ ਭਏ ਹੈ ਮਨਮੁਖ; ਤੇ ਮੋਹ ਮਾਇਆ ਨਿਤ ਫਾਥਾ (ਮਹਲਾ /੬੯੬)

ਜਿਨਾ ਸਤਿਗੁਰੁ ਪੁਰਖੁ ਸੇਵਿਓ; ਸਬਦਿ ਕੀਤੋ ਵੀਚਾਰੁ ਓਇ ਮਾਣਸ ਜੂਨਿ ਆਖੀਅਨਿ; ਪਸੂ ਢੋਰ ਗਾਵਾਰ

(ਮਹਲਾ /੧੪੧੮)

ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਧਰਮ ਅੰਦਰ ‘ਅਨੰਦ ਸੰਸਕਾਰ’ ਰਾਹੀਂ ਵਿਆਹ ਦੀ ਰਸਮ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਿਭਾਈ ਜਾਂਦੀ ਹੈ, ਜਿਸ ਨੂੰ ਅਨੰਦ ਕਾਰਜ ਕਿਹਾ ਜਾਂਦਾ ਹੈ। ਅਨੰਦ ਦੇ ਅਰਥ ਬਹੁਤ ਗਹਿਰੇ ਤੇ ਵਿਸ਼ਾਲ ਹਨ। ਸੰਖੇਪ ਵਿਚ ਇਸ ਦਾ ਅਰਥ ਹੈ- ਅਧਿਆਤਮਕ ਪ੍ਰਸੰਨਤਾ ਜਾਂ ਸਹਿਜ ਅਵਸਥਾ (ਆਤਮਿਕ ਅਡੋਲਤਾ ਤੇ ਅਧਿਆਤਮਕ ਜਾਗਰੂਕਤਾ ਦੀ ਅਵਸਥਾ) ਹੈ। ਸਹਿਜ ਸੁਭਾਅ ਵਾਲੇ ਮਨੁੱਖ ਤੋਂ ਭਾਵ ਹੈ, ਜੋ ਧੀਰਜ, ਸਬਰ-ਸੰਤੋਖ ਤੇ ਸ਼ਾਂਤ-ਸੁਭਾਅ ਦੇ ਗੁਣਾਂ ਦਾ ਧਾਰਨੀ ਹੋਵੇ (ਧਰਮ ਕਮਾਉਣ ਲਈ ਸਹਿਜ ਗੁਣ ਦਾ ਹੋਣਾ ਜ਼ਰੂਰੀ ਹੈ)। ਇਸ ਦਾ ਅਰਥ ਇਹ ਹੈ ਕਿ ਸਹਿਜ ਦਾ ਗੁਣ ਧਾਰਨ ਕਰਕੇ ਸਹਿਜ ਅਵਸਥਾ ਭਾਵ ਆਤਮਿਕ ਅਡੋਲਤਾ ਤੇ ਅਧਿਆਤਮਕ ਜਾਗਰੂਕਤਾ ਵਾਲ਼ੀ ਅਵਸਥਾ ਪ੍ਰਾਪਤ ਕਰਨੀ ਹੈ।

ਪਤੀ-ਪਤਨੀ ਨੂੰ ਅਨੰਦ ਕਾਰਜ ਸਮੇਂ ਇਹ ਉਪਦੇਸ਼ ਦ੍ਰਿੜ੍ਹ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਗ੍ਰਿਹਸਤ ਜੀਵਨ ਵਿਚ ਵਿਚਰਦਿਆਂ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਕਰਨ ਵੱਲ ਇਕੱਠੇ ਹੋ ਕੇ ਵਧਣਾ ਹੈ। ਲਾਵਾਂ ਦੀ ਬਾਣੀ ਵਿਚ ਸਹਿਜ ਅਵਸਥਾ ਦੀ ਮਹੱਤਤਾ ਅਤੇ ਪ੍ਰਾਪਤੀ ਕਰਨ ਲਈ ਪ੍ਰੇਰਣਾ ਤਹਿਤ ਫ਼ੁਰਮਾਨ ਦਰਜ ਹੈ, ‘‘ਸਹਜ ਅਨੰਦੁ ਹੋਆ ਵਡਭਾਗੀ; ਮਨਿ () ਹਰਿ ਹਰਿ ਮੀਠਾ ਲਾਇਆ (ਮਹਲਾ /੭੭੪) ਅਤੇ ‘‘ਹਰਿ ਚਉਥੜੀ ਲਾਵ ਮਨਿ () ਸਹਜੁ ਭਇਆ; ਹਰਿ ਪਾਇਆ ਬਲਿ ਰਾਮ ਜੀਉ ’’ (ਮਹਲਾ /੭੭੪)

ਸ੍ਰੀ ਗੁਰੂ ਗ੍ਰੰਥ ਸਾਹਿਬ; ਸਿੱਖਾਂ ਦੇ ਜਾਗਤਿ-ਜੋਤਿ ਸ਼ਬਦ-ਗੁਰੂ ਹਨ। ਆਪਣੇ ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਅੰਦਰ ਗ੍ਰਿਹਸਤ ਜੀਵਨ ਵਿਚ ਪ੍ਰਵੇਸ਼ ਕਰਨ ਦਾ ਸੁਭਾਗ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਦੇ ਸਨਮੁਖ ਅਨੰਦ ਕਾਰਜ ਰਾਹੀਂ ਕਿਸੇ ਨੂੰ ਆਪਣਾ ਜੀਵਨ-ਸਾਥੀ ਬਣਾਉਣ ਤੋਂ ਭਾਵ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਆਖਰੀ ਸਾਹ ਤੀਕ ਨਿਭਾਉਣ ਦਾ ਵਚਨ ਕਰਨਾ। ਇਸੇ ਲਈ ਸਿੱਖ ਨੂੰ ਆਪਣੀ ਮੱਤ (ਅਕਲ, ਬੁੱਧੀ) ਗੁਰੂ ਸਾਹਿਬ ਦੇ ਸਪੁਰਦ ਕਰਨ ਅਤੇ ਗੁਰੂ ਸਾਹਿਬ ਦੀ ਮੱਤ (ਉਪਦੇਸ਼ਾਂ) ਨੂੰ ਗ੍ਰਹਿਣ ਕਰਨ ਲਈ ਤਿਆਰ ਹੋਣ ਤੋਂ ਬਾਅਦ ਹੀ ਅਨੰਦ ਕਾਰਜ ਕਰਵਾਉਣਾ ਚਾਹੀਦਾ ਹੈ। ਲਾਵਾਂ ਦੀ ਬਾਣੀ ਰਾਹੀਂ ਪਤੀ-ਪਤਨੀ ਨੂੰ ਸਮਝਾਉਣਾ ਕੀਤਾ ਜਾਂਦਾ ਹੈ ਕਿ ਪਰਮਾਤਮਾ ਦੀ ਭਗਤੀ ਕਰਦਿਆਂ ਪਰਵਾਰਕ ਜੀਵਨ ਦਾ ਨਿਰਬਾਹ ਕਰਨਾ ਹੈ ਅਤੇ ਅਧਿਆਤਮਕ ਮਾਰਗ ਨੂੰ ਆਪਣਾ ਸਾਂਝਾ ਜੀਵਨ ਉਦੇਸ਼ ਬਣਾਉਣਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਗ੍ਰਿਹਸਤ ਨੂੰ ਧਰਮ ਦੇ ਦਾਇਰੇ ਅੰਦਰ ਲਿਆਂਦਾ ਹੈ। ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਅੰਦਰ ਅਨੰਦ ਕਾਰਜ ਹੋਣ ਕਾਰਨ ਪਤੀ-ਪਤਨੀ ਦਾ ਰਿਸ਼ਤਾ ਧਾਰਮਿਕ ਰੂਪ ਵਿਚ ਮਹੱਤਵ ਪੂਰਨ ਬਣ ਜਾਂਦਾ ਹੈ। ਇਸ ਲਈ ਇਸ ਪਵਿੱਤਰ ਰਿਸ਼ਤੇ ਵਿਚ ਬੇਈਮਾਨੀ, ਝੂਠ, ਫਰੇਬ ਕਰਨਾ ਜਾਂ ਆਪਣੇ ਜੀਵਨ-ਸਾਥੀ ਨੂੰ ਧੋਖਾ ਦੇਣਾ; ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੋਖਾ ਦੇਣ ਦੇ ਬਰਾਬਰ ਹੈ। ਗੁਰੂ ਨੂੰ ਧੋਖਾ ਦੇਣ ਬਾਰੇ ਸੋਚਣਾ ਵੀ ਸਿੱਖ ਲਈ ਪਾਪ ਹੈ। ਜਿਹੜੇ ਸਿੱਖ ਇਹ ਪਾਪ ਕਰਦੇ ਹਨ, ਉਨ੍ਹਾਂ ਨੂੰ ਦੁੱਖਾਂ ਦੇ ਕਹਿਰ ਤੋਂ ਕੋਈ ਨਹੀਂ ਬਚਾਅ ਸਕਦਾ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਜੇ ਕੋ ਗੁਰ ਤੇ ਵੇਮੁਖੁ ਹੋਵੈ; ਬਿਨੁ ਸਤਿਗੁਰ ਮੁਕਤਿ ਪਾਵੈ   ਪਾਵੈ ਮੁਕਤਿ ਹੋਰ ਥੈ ਕੋਈ; ਪੁਛਹੁ ਬਿਬੇਕੀਆ ਜਾਏ   ਅਨੇਕ ਜੂਨੀ ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ ਪਾਏ .. ੨੨’’ (ਅਨੰਦ/ਮਹਲਾ /੯੨੦)

ਤਲਾਕ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਪਤੀ-ਪਤਨੀ ਆਪੋ-ਆਪਣੀ ਮੱਤ ਜਾਂ ਬੁੱਧੀ ਨੂੰ ਇੱਕ-ਦੂਜੇ ਨਾਲੋਂ ਉੱਚਾ ਸਮਝਣ ਦੀ ਗ਼ਲਤੀ ਕਰਦੇ ਹਨ। ਨਤੀਜੇ ਵਜੋਂ ਆਪਸੀ-ਸਮਝ ਅਤੇ ਸਹਿਮਤੀ ਦੀ ਅਣਹੋਂਦ; ਤਲਾਕ ਹੋਣ ਦਾ ਮੁੱਖ ਕਾਰਨ ਬਣਦੀ ਹੈ। ਇਸੇ ਲਈ ਗੁਰੂ ਸਾਹਿਬਾਨ ਨੇ ਵਿਆਹ ਨੂੰ ਧਾਰਮਿਕ ਵਿਧੀ ਰਾਹੀਂ ਸੰਪੂਰਨ ਕਰਨ ਦੀ ਵਿਵਸਥਾ ਸਿੱਖਾਂ ਨੂੰ ਬਖਸ਼ਸ਼ ਕੀਤੀ ਹੈ। ਅਨੰਦ ਕਾਰਜ ਸਮੇਂ ਪਤੀ-ਪਤਨੀ ਨੂੰ ਇਹ ਦ੍ਰਿੜ੍ਹ ਕਰਵਾਇਆ ਜਾਂਦਾ ਹੈ ਕਿ ਗ੍ਰਿਹਸਤ ਵਾਲੀ ਜ਼ਿੰਦਗੀ ਗੁਰੂ ਦੀ ਮੱਤ ਅਨੁਸਾਰ ਭਾਵ ਗੁਰਬਾਣੀ ਉਪਦੇਸ਼ਾਂ ਤੇ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਜਿਊਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜੀਵਨ ਜਿਊਣ ਦੀਆਂ ਉੱਤਮ ਸਿੱਖਿਆਵਾਂ ਦਰਜ ਹਨ, ਜੋ ਸਿੱਖਾਂ ਲਈ ਸਦੀਵ-ਕਾਲ ਮਾਰਗ-ਦਰਸ਼ਕ ਹੈ। ਜਦੋਂ ਪਤੀ-ਪਤਨੀ ਦਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਉੱਪਰ ਆਧਾਰਿਤ ਹੋਵੇਗਾ ਤਾਂ ਸੁਭਾਵਕ ਹੈ ਕਿ ਉਨ੍ਹਾਂ ਦਾ ਜੀਵਨ ਮਨੋਰਥ ਇੱਕ ਹੋਵੇਗਾ, ਜੀਵਨ-ਜਾਚ ਇੱਕ ਹੋਵੇਗੀ, ਜੀਵਨ ਜਿਊਂਦਿਆਂ ਅਧਿਆਤਮਕ ਨਿਸ਼ਾਨੇ ਦੀ ਪ੍ਰਾਪਤੀ ਦਾ ਮਾਰਗ ਇੱਕ ਹੋਵੇਗਾ ਅਤੇ ਜ਼ਿੰਦਗੀ ਦੌਰਾਨ ਹਰੇਕ ਫ਼ੈਸਲਾ ਗੁਰਮਤਿ ਦੀ ਕਸਵੱਟੀ ਉੱਪਰ ਨਿਰਧਾਰਿਤ ਹੋਵੇਗਾ ਤਾਂ ਅਜਿਹੇ ਵਿਚ ਪਤੀ-ਪਤਨੀ ਦਰਮਿਆਨ ਕਿਸੇ ਕਿਸਮ ਦੀ ਅਸਹਿਮਤੀ ਜਾਂ ਝਗੜਾ ਪੈਦਾ ਹੋਣਾ ਸੰਭਵ ਨਹੀਂ। ਪਤੀ-ਪਤਨੀ ਦੀ ਜੀਵਨ-ਵਿਚਾਰਧਾਰਾ ਨੂੰ ਦੋ ਤੋਂ ‘ਇੱਕ’ ਭਾਵ ਗੁਰਮਤਿ ਅਨੁਸਾਰੀ ਬਣਾਉਣਾ ਹੀ ਗੁਰਬਾਣੀ ਦਾ ਉਦੇਸ਼ ਹੈ, ‘‘ਧਨ ਪਿਰੁ ਏਹਿ ਆਖੀਅਨਿ; ਬਹਨਿ ਇਕਠੇ ਹੋਇ   ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ’’ (ਮਹਲਾ /੭੮੮)

ਅੱਜ-ਕੱਲ੍ਹ ਤਲਾਕ ਸਿੱਖ ਸਮਾਜ ਅੰਦਰ ਇੱਕ ਆਮ ਵਰਤਾਰਾ ਬਣ ਗਿਆ ਹੈ। ਧਾਰਮਿਕ ਮਹੱਤਤਾ ਵਾਲੇ ਰਿਸ਼ਤੇ ਵਿਆਹ ਨੂੰ ਇੱਕ ਮਾਮੂਲੀ ਰਸਮ ਸਮਝਿਆ ਜਾਣ ਲੱਗਾ ਹੈ। ਗ਼ਲਤੀਆਂ ਕਾਰਨ ਰਿਸ਼ਤੇ ਵਿਚ ਪੈਦਾ ਹੋਈ ਦਰਾੜ ਇਨਸਾਨ ਨੂੰ ਮਾਨਸਿਕ ਪੀੜਾ ਵੱਲ ਧੱਕ ਦਿੰਦੀ ਹੈ। ਆਪਣੇ ਸਾਥੀ ਨਾਲ ਆਪਸੀ ਸਮਝ ਨਾ ਬਣਨ ਕਾਰਨ ਮਨੁੱਖ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਗ਼ਲਤੀ ਕਰਨਾ ਅਤੇ ਆਪਣੀ ਗ਼ਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨਾ; ਮਨੁੱਖ ਦਾ ਕੁਦਰਤੀ ਸੁਭਾਅ ਹੈ, ਪਰੰਤੂ ਵਿਆਹੁਤਾ ਰਿਸ਼ਤੇ ਨੂੰ ਬਚਾਉਣ ਲਈ ਆਪਣੀਆਂ ਗ਼ਲਤੀਆਂ ਨੂੰ ਸਮਝਣਾ ਤੇ ਸੁਧਾਰਨਾ ਮੁੱਖ ਲੋੜ ਹੈ। ਇੱਕ ਗ਼ਲਤੀ ਇਹ ਹੈ ਕਿ ਵਿਆਹ ਮਗਰੋਂ ਪਹਿਲਾਂ ਦੀ ਤਰ੍ਹਾਂ ਜੀਵਨ ਸਾਥੀ ਇੱਕ ਦੂਜੇ ਦਾ ਸਤਿਕਾਰ ਨਹੀਂ ਕਰਦੇ। ਇਸ ਤਰ੍ਹਾਂ ਆਪਸੀ ਸਮਝ ਨੂੰ ਢਾਅ ਲੱਗ ਜਾਂਦੀ ਹੈ। ਫਿਰ ਹੌਲੀ-ਹੌਲੀ ਇਕ ਦੂਜੇ ਦੀ ਪਰਵਾਹ ਕਰਨਾ ਛੱਡ ਦਿੰਦੇ ਹਨ। ਰਿਸ਼ਤੇ ਅੰਦਰ ਵਿਸ਼ਵਾਸ ਮੁੱਕਣ ਲੱਗਦਾ ਹੈ। ਇਕ-ਦੂਜੇ ਪ੍ਰਤੀ ਭੱਦੀ ਸ਼ਬਦਾਵਲੀ ਅਤੇ ਤਾਹਨੇ-ਮਿਹਣੇ ਸ਼ੁਰੂ ਹੋ ਜਾਂਦੇ ਹਨ, ਜੋ ਸਮਾਂ ਪਾ ਕੇ ਗਾਲੀ-ਗਲੋਚ ਵਿਚ ਬਦਲ ਜਾਂਦੇ ਹਨ। ਇਸ ਤੋਂ ਅੱਗੇ ਗੱਲ ਮਾਰ-ਕੁੱਟ ਤੱਕ ਪਹੁੰਚ ਜਾਂਦੀ ਹੈ ਅਤੇ ਰਿਸ਼ਤਾ ਖ਼ਤਮ ਹੋ ਜਾਂਦਾ ਹੈ। ਯਾਦ ਰਹੇ ਕਿ ਤਲਾਕ ਜਿੱਥੇ ਪਤੀ-ਪਤਨੀ ਉੱਪਰ ਨਾਕਾਰਾਤਮਿਕ ਅਸਰ ਛੱਡਦਾ ਹੈ, ਉੱਥੇ ਹੀ ਬੱਚਿਆਂ ਦੇ ਦਿਮਾਗ਼ ਉੱਪਰ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਤਲਾਕ ਉਪਰੰਤ ਪਤੀ-ਪਤਨੀ ਅਤੇ ਬੱਚਿਆਂ ਨੂੰ ਵੱਖ-ਵੱਖ ਢੰਗਾਂ ਨਾਲ ਭਾਵਨਾਤਮਿਕ ਚਿੰਤਾਵਾਂ, ਸੋਗ, ਗੁੱਸਾ, ਉਦਾਸੀ ਤੇ ਇਕੱਲਾਪਣ ਆਦਿ ਸਹਿਣਾ ਪੈਂਦਾ ਹੈ, ਜੋ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਤ ਕਰਦਾ ਹੈ। ਮਾਤਾ-ਪਿਤਾ ਨੂੰ ਗੁਆਉਣ ਦੇ ਡਰ ਕਾਰਨ ਕਈ ਬੱਚਿਆਂ ਅੰਦਰ ਸਦਾ ਲਈ ਨਿਰਾਸ਼ਾਵਾਦੀ ਸੋਚ ਵੀ ਪੈਦਾ ਹੋ ਜਾਂਦੀ ਹੈ, ਜੋ ਸਮਾਜ ਲਈ ਬੇਹੱਦ ਖ਼ਤਰਨਾਕ ਹੈ। ਅਜਿਹੀ ਮਾਨਸਿਕ ਸਥਿਤੀ ਬੱਚਿਆਂ ਨੂੰ ਸਿੱਖੀ ਤੋਂ ਦੂਰ ਲੈ ਜਾਂਦੀ ਹੈ।

ਸਿੱਖ ਸਮਾਜ ਦੇ ਅਜੋਕੇ ਹਾਲਾਤਾਂ ਦੇ ਮੱਦੇ ਨਜ਼ਰ ਇੱਕ ਇਸਤਰੀ ਅਤੇ ਉਸ ਦੇ ਪਰਵਾਰ ਲਈ ਤਲਾਕ ਨੂੰ ਸਹਿਣ ਕਰਨਾ ਬੇਹੱਦ ਔਖਾ ਹੁੰਦਾ ਹੈ। ਤਲਾਕ ਮਗਰੋਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਇਸਤਰੀ ਲਈ ਸੌਖਾ ਨਹੀਂ ਹੁੰਦਾ, ਖ਼ਾਸਕਰ ਬੱਚਾ ਪੈਦਾ ਹੋਣ ਉਪਰੰਤ। ਅਨੇਕਾਂ ਕੇਸਾਂ ਵਿਚ ਇਹ ਦੇਖਿਆ ਗਿਆ ਹੈ ਕਿ ਅਜਿਹੇ ਮੁਸ਼ਕਲ ਹਾਲਾਤਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋਈ ਸਿੱਖ ਇਸਤਰੀ, ਕਿਸੇ ਗ਼ੈਰ-ਸਿੱਖ ਮਰਦ ਨਾਲ ਵਿਆਹ ਜਾਂ ਰਿਸ਼ਤੇ ਨੂੰ ਤਰਜੀਹ ਦਿੰਦੀ ਹੈ।

ਇਸ ਦੇ ਨਾਲ ਹੀ ਸਿੱਖ ਸਮਾਜ ਅੰਦਰ ਕੁਝ ਅਜਿਹੇ ਕੇਸ ਵੀ ਸਾਮ੍ਹਣੇ ਆਏ ਹਨ ਕਿ ਵਿਦੇਸ਼ਾਂ ਦੀਆਂ ਸਿੱਖ ਇਸਤਰੀਆਂ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਸਫਲ ਵਿਆਹੁਤਾ ਜੀਵਨ ਦੀ ਪ੍ਰਾਪਤੀ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਪੰਜਾਬ (ਭਾਰਤ) ਦੇ ਸਿੱਖ ਮਰਦਾਂ ਨਾਲ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ ਹੈ। ਜਿਸ ਲਈ ਸਿੱਖ ਮਰਦਾਂ ਦੀ ਗ਼ਰੀਬੀ ਜਾਂ ਘੱਟ ਪੜ੍ਹਾਈ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਪਰੰਤੂ ਕੁਝ ਸਿੱਖ ਮਰਦਾਂ ਵੱਲੋਂ ਕੇਵਲ ਵਿਦੇਸ਼ ਜਾਣ ਲਈ ਵਿਆਹ ਦੀ ਆੜ ਵਿਚ ਕੀਤੇ ਗਏ ਧੋਖੇ ਜਾਂ ਹੋਰ ਗ਼ਲਤੀਆਂ ਕਾਰਨ ਹੋਏ ਤਲਾਕਾਂ ਨੇ ਉਨ੍ਹਾਂ ਸਿੱਖ ਇਸਤਰੀਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰੀ ਹੈ। ਆਪਣੀਆਂ ਧੀਆਂ ਦੇ ਹੋਏ ਦੁੱਖਦਾਈ ਤਲਾਕਾਂ ਅਤੇ ਬਣੇ ਤਰਸਯੋਗ ਹਾਲਾਤਾਂ ਕਾਰਨ ਕਈ ਸਿੱਖ ਮਾਪਿਆਂ ਨੇ ਮਜ਼ਬੂਰੀ-ਵੱਸ ਆਪਣੀਆਂ ਧੀਆਂ ਨੂੰ ਅੰਤਰ-ਧਰਮ ਵਿਆਹ ਭਾਵ ਗ਼ੈਰ ਸਿੱਖ ਮਰਦਾਂ ਨਾਲ ਵਿਆਹ ਲਈ ਰਜ਼ਾਮੰਦੀ ਦੇ ਦਿੱਤੀ।

ਅਜਿਹੇ ਗੰਭੀਰ ਹਾਲਾਤ ਜਿੱਥੇ ਪੀੜ੍ਹਤ ਸਿੱਖ ਇਸਤਰੀਆਂ ਦਾ ਧਰਮ ਤੋਂ ਬੇਮੁਖ ਹੋਣ ਦਾ ਕਾਰਨ ਬਣ ਸਕਦੇ ਹਨ, ਉੱਥੇ ਹੀ ਸਿੱਖ ਅਬਾਦੀ ਘਟਣ ਦੇ ਵਰਤਾਰੇ ਦੇ ਮੁੱਖ ਕਾਰਨਾਂ ਵਿਚੋਂ ਇੱਕ ਕਾਰਨ ਬਣਦੇ ਹਨ। ਸਿੱਖ ਇਸਤਰੀ ਦਾ ਕਿਸੇ ਗ਼ੈਰ ਸਿੱਖ ਨਾਲ ਵਿਆਹ ਹੋਣ ਦੀ ਹਾਲਤ ਵਿਚ ਸਿੱਖ ਅਬਾਦੀ 2 ਤੋਂ 3 ਦੀ ਗਿਣਤੀ ਵਿਚ ਘੱਟ ਹੋ ਜਾਂਦੀ ਹੈ। ਸਿੱਖ ਅਬਾਦੀ ਘਟਣ ਦਾ ਵਰਤਾਰਾ ਸਮੁੱਚੀ ਸਿੱਖ ਕੌਮ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ, ਜਿਸ ਬਾਰੇ ਕੌਮੀ ਪੱਧਰ ’ਤੇ ਪੜਚੋਲ ਕਰਨੀ ਚਾਹੀਦੀ ਹੈ।

ਜਿਕਰਯੋਗ ਹੈ ਕਿ ਕਈ ਸਿੱਖ ਮਰਦਾਂ ਨਾਲ ਵੀ ਸਿੱਖ ਇਸਤਰੀਆਂ ਵੱਲੋਂ ਧੋਖਾ ਕਰਨ ਦੀਆਂ ਘਟਨਾਵਾਂ ਸਾਮ੍ਹਣੇ ਆਈਆਂ। ਅਜਿਹੇ ਹਾਲਾਤ ਬਣਾਉਣ ਵਾਲੇ ਸਿੱਖ ਮਰਦ ਜਾਂ ਇਸਤਰੀਆਂ ਕਦਾਚਿਤ ਇਹ ਨਾ ਸਮਝਣ ਕਿ ਉਹ ਆਪਣੇ ਕੀਤੇ ਮਾੜੇ ਕਰਮਾਂ ਤੋਂ ਬਚ ਜਾਣਗੇ ਕਿਉਂਕਿ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੋਖਾ ਦੇਣਾ ਹੈ। ਮਨੁੱਖ ਵੱਲੋਂ ਕੀਤੇ ਮਾੜੇ ਕਰਮਾਂ ਦਾ ਫਲ਼ ਭੋਗਣ ਸਬੰਧੀ ਭੀ ਗੁਰਬਾਣੀ ਅੰਦਰ ਦਰਜ ਹੈ, ‘‘ਦਦੈ, ਦੋਸੁ ਦੇਊ ਕਿਸੈ; ਦੋਸੁ ਕਰੰਮਾ ਆਪਣਿਆ   ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਦੀਜੈ ਅਵਰ ਜਨਾ ੨੧’’ (ਪਟੀ/ਮਹਲਾ /੪੩੩)

ਇਸ ਤੋਂ ਇਲਾਵਾ ਕੁਝ ਕੇਸਾਂ ਵਿਚ ਇਹ ਕਾਰਨ ਵੀ ਸਾਮ੍ਹਣੇ ਆਇਆ ਹੈ ਕਿ ਪੁਰਾਣੇ ਸਮਿਆਂ ਵਿਚ ਇਸਤਰੀ ਆਰਥਿਕ ਤੌਰ ’ਤੇ ਆਪਣੇ ਪਤੀ ਉੱਪਰ ਨਿਰਭਰ ਰਹਿੰਦੀ ਸੀ ਪਰੰਤੂ ਹੁਣ ਕੰਮ ਕਰਨ ਵਾਲੀ ਇਸਤਰੀ ਨੂੰ ਆਰਥਿਕ ਸੰਕਟ ਦਾ ਡਰ ਨਾ ਹੋਣ ਕਾਰਨ ਤਲਾਕ ਦੀ ਦਰ ਵਿਚ ਵਾਧਾ ਹੋਇਆ ਹੈ। ਆਰਥਿਕ ਤੌਰ ’ਤੇ ਸਵੈ ਨਿਰਭਰ ਹੋਣਾ ਇਸਤਰੀਆਂ ਲਈ ਬਹੁਪੱਖੀ ਲਾਹੇਵੰਦ ਸਾਬਤ ਹੋਇਆ ਹੈ ਪਰੰਤੂ ਇੱਥੇ ਇਹ ਵਿਚਾਰਨਯੋਗ ਹੈ ਕਿ ਕਿਤੇ ਸਵੈ ਨਿਰਭਰਤਾ ਨੇ ਇਸਤਰੀ ਅੰਦਰੋਂ ਸਹਿਜਤਾ ਦਾ ਗੁਣ ਖ਼ਤਮ ਤਾਂ ਨਹੀਂ ਕਰ ਦਿੱਤਾ। ਇੱਥੇ ਇਸਤਰੀ ਦੇ ਕੱਦ ਨੂੰ ਘਟਾਉਣ ਦੀ ਗੱਲ ਨਹੀਂ ਬਲਕਿ ਤਲਾਕ ਲਈ ਕਾਹਲ ਕਰਨ ਤੋਂ ਸਾਵਧਾਨ ਕਰਨ ਹਿਤ ਵਿਚਾਰਨਾ ਜ਼ਰੂਰੀ ਹੈ।

ਪੁਰਾਣੇ ਸਮਿਆਂ ਵਿਚ ਮਰਦ ਕਮਾਉਂਦਾ ਸੀ ਅਤੇ ਇਸਤਰੀ ਘਰ ਦਾ ਕੰਮ-ਕਾਜ ਕਰਦੀ ਹੋਈ ਪਰਵਾਰ ਨੂੰ ਸੰਭਾਲਦੀ ਸੀ। ਅਜੋਕੇ ਸਮੇਂ ਇਸਤਰੀ ਵਿਦਿਅਕ ਯੋਗਤਾ ਪ੍ਰਾਪਤ ਕਰਕੇ ਕੰਮ ਕਰਦੀ ਹੈ ਭਾਵ ਉਹ ਵੀ ਕਮਾਊ ਮਰਦ ਵਾਂਗ ਕਮਾਊ ਇਸਤਰੀ ਬਣ ਚੁੱਕੀ ਹੈ ਅਤੇ ਆਪਣੀ ਕਮਾਈ ਨਾਲ ਘਰ ਦੇ ਖਰਚਿਆਂ ਵਿਚ ਯੋਗਦਾਨ ਪਾਉਂਦੀ ਹੈ ਪਰੰਤੂ ਇਸ ਦੇ ਬਾਵਜੂਦ ਅੱਜ ਕੱਲ੍ਹ ਦੇ ਕਈ ਮਰਦ ਘਰ ਦੇ ਕੰਮ-ਕਾਜ ਵਿਚ ਆਪਣੀ ਪਤਨੀ ਦਾ ਹੱਥ ਵਟਾਉਣ ਤੋਂ ਪਾਸਾ ਵੱਟਦੇ ਹਨ। ਜਦੋਂ ਕੰਮ ਕਰਨ ਵਾਲੀ ਇਸਤਰੀ ਇਸ ਬਾਰੇ ਗੱਲ ਕਰਦੀ ਹੈ ਤਾਂ ਮਰਦ ਇਸ ਨੂੰ ਆਪਣੀ ਹੱਤਕ ਜਾਂ ਇੱਜ਼ਤ ਉੱਪਰ ਵਾਰ ਸਮਝ ਲੈਂਦੇ ਹਨ (ਜੋ ਮਰਦ-ਪ੍ਰਧਾਨਤਾ ਵਾਲੀ ਸੋਚ ਹੈ)। ਦੂਜੇ ਪਾਸੇ ਇਸਤਰੀ ਇਹ ਸਮਝਦੀ ਹੈ ਕਿ ਉਸ ਨੂੰ ਕਮਾਈ ਕਰਨ ਬਦਲੇ ਉਹ ਇੱਜ਼ਤ ਨਹੀਂ ਮਿਲਦੀ, ਜੋ ਮਰਦ ਨੂੰ ਸਦੀਆਂ ਤੋਂ ਮਿਲ ਰਹੀ ਹੈ (ਜੋ ਵਾਜਬ ਇਤਰਾਜ਼ ਹੈ)। ਅਜਿਹੇ ਝਗੜੇ ਦਾ ਵਿਸ਼ਾ ਇਸਤਰੀ ਨੂੰ ਮਾਨਸਿਕ ਤੌਰ ’ਤੇ ਸਦਾ ਪ੍ਰੇਸ਼ਾਨ ਕਰਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਕਮਾਊ ਮਰਦ ਵਾਂਗ ਘਰ ਅਤੇ ਸਮਾਜ ਵਿਚ ਇੱਜ਼ਤ ਨਾ ਮਿਲਣਾ; ਇੱਕ ਸਦਮੇ ਦੀ ਤਰ੍ਹਾਂ ਲੱਗਦਾ ਹੈ। ਜੋ ਅੱਗੇ ਚੱਲ ਕੇ ਤਲਾਕ ਦੀ ਸਥਿਤੀ ਵਿਚ ਬਲਦੀ ਵਿਚ ਤੇਲ ਪਾਉਣ ਦਾ ਕੰਮ ਕਰਦਾ ਹੈ।

ਸੋ ਇਹ ਵਰਤਾਰਾ ਸਪਸ਼ਟ ਰੂਪ ਵਿਚ ਮਰਦ ਪ੍ਰਧਾਨਤਾ ਨਾਲ ਜਾ ਜੁੜਦਾ ਹੈ ਕਿਉਂਕਿ ਮਰਦ ਪ੍ਰਧਾਨਤਾ ਵਾਲੀ ਸੋਚ ਅੱਜ ਵੀ ਉਵੇਂ ਹੀ ਕਾਇਮ ਹੈ। ਸਿੱਖ ਧਰਮ ਅਜਿਹੀ ਸੋਚ ਦਾ ਪੂਰਨ ਰੂਪ ਵਿਚ ਖੰਡਨ ਕਰਦਾ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਹਰ ਖੇਤਰ ਵਿਚ ਬਰਾਬਰ ਦਾ ਹੱਕ ਪ੍ਰਦਾਨ ਕਰਦਿਆਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫ਼ੁਰਮਾਨ ਦਰਜ ਕਰਕੇ ਇਸਤਰੀ ਦਾ ਸਤਿਕਾਰ ਸਦੀਵ ਕਾਲ ਲਈ ਸਥਾਪਿਤ ਕੀਤਾ ਹੈ, ‘‘ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਇੱਥੋਂ ਤੱਕ ਕਿ ਵਾਹਦ ਸਿੱਖ ਧਰਮ ਅੰਦਰ ਇਸਤਰੀ ਨੂੰ ਭਗਤੀ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦਾ ਅਧਿਕਾਰੀ ਮੰਨਿਆ ਗਿਆ ਹੈ। ਇਸ ਲਈ ਸਿੱਖ ਮਰਦਾਂ ਨੂੰ ਚਾਹੀਦਾ ਹੈ ਕਿ ਪਾਵਨ ਗੁਰਬਾਣੀ ਵਿਚ ਦਿੱਤੇ ਉਪਦੇਸ਼ ਅਨੁਸਾਰ ਇਸਤਰੀ ਪ੍ਰਤੀ ਆਪਣੀ ਸੋਚ ਬਦਲਣ। ਇਸ ਨਾਲ ਜਿੱਥੇ ਪਰਵਾਰਕ ਜ਼ਿੰਦਗੀ ਅੰਦਰ ਸੁੱਖ-ਸ਼ਾਂਤੀ ਵਰਤੇਗੀ, ਉੱਥੇ ਹੀ ਪੁਰਾਤਨ ਸਿੱਖ-ਮਰਦ ਕਿਰਦਾਰ ਮੁੜ ਸੁਰਜੀਤ ਹੋਵੇਗਾ, ਜਿਸ ਦੀਆਂ ਲੋਕ ਬਾਤਾਂ ਪਾਇਆ ਕਰਦੇ ਸਨ।

ਵਿਆਹੁਤਾ ਰਿਸ਼ਤੇ ਦੀ ਸਫਲਤਾ ਲਈ ਆਪਸੀ ਸਮਝਦਾਰੀ ਨੂੰ ਵਿਕਸਿਤ ਕਰਨਾ ਪਤੀ-ਪਤਨੀ ਦੋਹਾਂ ਦਾ ਮੁੱਢਲਾ ਫਰਜ਼ ਹੁੰਦਾ ਹੈ ਅਤੇ ਇਸ ਲਈ ਪਤੀ-ਪਤਨੀ ਵਿਚ ਸਹਿਜਤਾ ਦਾ ਗੁਣ ਹੋਣਾ ਲਾਜ਼ਮੀ ਹੈ। ਸਹਿਜਤਾ ਦਾ ਗੁਣ ਜੀਵਨ ਦੇ ਹਰੇਕ ਪੜਾਅ ਵਿਚ ਪਤੀ-ਪਤਨੀ ਲਈ ਸਹਾਈ ਸਿੱਧ ਹੁੰਦਾ ਹੈ ਕਿਉਂਕਿ ਸਹਿਜਤਾ ਸਿਆਣਪ ਨੂੰ ਵਿਕਸਿਤ ਕਰਦੀ ਹੈ ਅਤੇ ਕਾਹਲੀ ਵਿਚ ਗ਼ਲਤ ਫ਼ੈਸਲਾ ਕਰਨ ਤੋਂ ਬਚਾਉਂਦੀ ਹੈ। ਭਗਤੀ ਮਾਰਗ ਉੱਪਰ ਚੱਲਣ ਵਾਲੇ ਪਤੀ-ਪਤਨੀ ਅੰਦਰ ਸਹਿਜਤਾ ਦਾ ਗੁਣ ਪੈਦਾ ਹੋਣਾ ਲਾਜ਼ਮੀ ਹੈ। ਗੁਰਬਾਣੀ ਅਨੁਸਾਰ ਸਹਿਜਤਾ ਦੇ ਗੁਣ ਸਦਕਾ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਜਿਸ ਨੂੰ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਵੇ, ਉਸ ਦਾ ਜੀਵਨ ਅਨੰਦਮਈ ਬਣ ਜਾਂਦਾ ਹੈ, ‘‘ਸਤਿਗੁਰੁ ਸੇਵਿਐ ਸਹਜੁ ਊਪਜੈ; ਹਉਮੈ ਤ੍ਰਿਸਨਾ ਮਾਰਿ   ਹਰਿ ਗੁਣਦਾਤਾ ਸਦ ਮਨਿ ਵਸੈ; ਸਚੁ ਰਖਿਆ ਉਰ ਧਾਰਿ   ਪ੍ਰਭੁ ਮੇਰਾ ਸਦਾ ਨਿਰਮਲਾ; ਮਨਿ+ਨਿਰਮਲਿ (ਨਾਲ਼) ਪਾਇਆ ਜਾਇ   ਨਾਮੁ ਨਿਧਾਨੁ ਹਰਿ ਮਨਿ ਵਸੈ; ਹਉਮੈ ਦੁਖੁ ਸਭੁ ਜਾਇ ’’ (ਮਹਲਾ /੬੫)

ਸਿੱਖ ਸਮਾਜ ਅੰਦਰ ਕੁਆਰੇ/ਕੁਆਰੀ ਦਾ ਕਿਸੇ ਵਿਧਵਾ/ਤਲਾਕਸ਼ੁਦਾ ਨਾਲ ਵਿਆਹ ਹੋਣ ਨੂੰ ਮਾੜੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ, ਜੋ ਗੁਰਮਤਿ ਦੇ ਉਲ਼ਟ ਹੈ। ਜੇਕਰ ਸਿੱਖ ਧਰਮ ਦੀ ਉਤਪਤੀ ਦੇ ਬੁਨਿਆਦੀ ਸਿਧਾਂਤਾਂ ਵੱਲ ਝਾਤ ਮਾਰੀਏ ਤਾਂ ਸਪਸ਼ਟ ਜਾਪਦਾ ਹੈ ਕਿ ਸਿੱਖ ਧਰਮ ਸਮਾਜਿਕ ਕੁਰੀਤੀਆਂ ਦੇ ਵਿਰੋਧ ਵਿਚ ਪੈਦਾ ਹੋਇਆ ਕ੍ਰਾਂਤੀਕਾਰੀ ਧਰਮ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸਤਰੀਆਂ ਦੇ ਸਤੀ ਹੋਣ ਦੀ ਪ੍ਰਥਾ ਦਾ ਵਿਰੋਧ ਕੀਤਾ ਅਤੇ ਵਿਧਵਾ ਨੂੰ ਦੂਸਰਾ ਵਿਆਹ ਕਰਵਾਉਣ ਦਾ ਅਧਿਕਾਰ ਪ੍ਰਦਾਨ ਕੀਤਾ। ਇਸ ਲਈ ਸਿੱਖ ਨੌਜੁਆਨਾਂ ਨੂੰ ਸਿੱਖੀ ਸਿਧਾਂਤਾਂ ਉੱਪਰ ਪਹਿਰਾ ਦਿੰਦਿਆਂ ਵਿਆਹ ਕਰਵਾਉਣ ਸਮੇਂ ਵਿਧਵਾ/ਤਲਾਕਸ਼ੁਦਾ ਨਾਲ ਵਿਆਹ ਕਰਵਾਉਣ ਨੂੰ ਵੀ ਵਿਚਾਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਧਵਾ/ਤਲਾਕਸ਼ੁਦਾ ਮਰਦ ਜਾਂ ਇਸਤਰੀ, ਜੋ ਕਿ ਪਹਿਲਾਂ ਹੀ ਜੀਵਨ-ਸਾਥੀ ਨੂੰ ਗੁਆਉਣ ਦਾ ਦੁੱਖ ਝੱਲ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਜੀਵਨ-ਸਾਥੀ ਦੀ ਅਹਿਮੀਅਤ ਦੀ ਵਧੇਰੇ ਸਮਝ ਹੁੰਦੀ ਹੈ। ਸਿੱਖ ਲਈ ਅਨੰਦ ਕਾਰਜ ਇੱਕ ਸਾਂਝੀ ਅਧਿਆਤਮਕ ਯਾਤਰਾ ਦੀ ਸ਼ੁਰੂਆਤ ਕਰਨਾ ਹੁੰਦਾ ਹੈ। ਇਸ ਅਧਿਆਤਮਕ ਯਾਤਰਾ ਲਈ ਜੇਕਰ ਜ਼ਿੰਦਗੀ ਅਤੇ ਰਿਸ਼ਤੇ ਨੂੰ ਵਧੇਰੇ ਸਮਝਣ ਵਾਲਾ ਜੀਵਨ-ਸਾਥੀ ਮਿਲਦਾ ਹੈ ਤਾਂ ਇਹ ਲਾਭਕਾਰੀ ਸਿੱਧ ਹੁੰਦਾ ਹੈ।

ਕੋਈ ਵੀ ਇਨਸਾਨ ਸਰਬ ਕਲਾ ਸੰਪੂਰਨ ਨਹੀਂ ਹੁੰਦਾ ਪਰੰਤੂ ਗੁਰਮਤਿ ਅਨੁਸਾਰ ਸਥਾਪਿਤ ਕੀਤੀ ਆਪਸੀ ਸਮਝਦਾਰੀ ਨਾਲ ਆਪਣੇ ਵਿਆਹੁਤਾ ਰਿਸ਼ਤੇ ਨੂੰ ਸਰਬ ਕਲਾ ਸੰਪੂਰਨ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਵਿਚ ਪਤੀ-ਪਤਨੀ ਨੂੰ ਇੱਕ ਦੂਜੇ ਦੀ ਲੋੜ ਬਰਾਬਰ ਰੂਪ ਵਿਚ ਹੁੰਦੀ ਹੈ। ਖੁਸ਼ਹਾਲ ਵਿਆਹੁਤਾ ਜ਼ਿੰਦਗੀ ਵਿਚ ਕੁਝ ਮੁੱਢਲੇ ਨਿਯਮਾਂ ਦੀ ਪਾਲਣਾ ਕਰਨਾ ਪਤੀ-ਪਤਨੀ ਲਈ ਜ਼ਰੂਰੀ ਹੁੰਦਾ ਹੈ; ਜਿਵੇਂ ਕਿ ਸਾਰੀ ਜ਼ਿੰਦਗੀ ਇੱਕ ਦੂਜੇ ਦੀ ਇੱਜ਼ਤ ਕਰਦੇ ਰਹਿਣਾ ਜ਼ਰੂਰੀ ਹੈ। ਕੋਈ ਵੀ ਫ਼ੈਸਲਾ ਜਾਂ ਕੰਮ ਆਪਸੀ ਰਜ਼ਾਮੰਦੀ ਅਤੇ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਇੱਕ ਦੂਜੇ ਦੀ ਪਸੰਦ-ਨਾਪਸੰਦ ਦਾ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਵਾਂਗ ਤੇਜ਼ ਦਿਮਾਗ਼ ਨਾ ਹੋਵੇ ਅਤੇ ਉਸ ਨੂੰ ਕੋਈ ਗੱਲ ਜਲਦੀ ਸਮਝ ਨਾ ਆਉਂਦੀ ਹੋਵੇ, ਅਜਿਹੇ ਵਿਚ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਉਸ ਨੂੰ ਦੁਬਾਰਾ ਸਮਝਾਓ। ਕਦੇ ਵੀ ਕਿਸੇ ਤੀਜੇ ਇਨਸਾਨ ਸਾਮ੍ਹਣੇ ਬਹਿਸ ਨਹੀਂ ਕਰਨੀ ਚਾਹੀਦੀ, ਬਲਕਿ ਆਪਣੇ ਘਰ ਦੀ ਗੱਲ ਘਰ ਤੀਕ ਸੀਮਤ ਰੱਖਣੀ ਚਾਹੀਦੀ ਹੈ। ਯਾਦ ਰੱਖੋ ਕਿ ਜੀਵਨ ਸਾਥੀ ਦੇ ਸਹਿਯੋਗ ਤੋਂ ਬਿਨਾਂ ਪਰਵਾਰ ਅੰਦਰ ਸੁੱਖ-ਸ਼ਾਂਤੀ ਸੰਭਵ ਨਹੀਂ ਅਤੇ ਪਰਵਾਰਕ ਸੁੱਖ-ਸ਼ਾਂਤੀ ਦੀ ਅਣਹੋਂਦ; ਆਮ ਮਨੁੱਖ ਲਈ ਭਗਤੀ ਮਾਰਗ ਦੇ ਰਾਹ ਵਿਚ ਵੱਡਾ ਰੋੜਾ ਸਾਬਤ ਹੁੰਦੀ ਹੈ। ਉਪਰੋਕਤ ਨਿਯਮ ਅਸਲ ਵਿਚ ਸਿੱਖੀ ਜੀਵਨ ਜਾਚ ਦਾ ਹਿੱਸਾ ਹੀ ਹਨ। ਸਿੱਖੀ ਸਿਧਾਂਤਾਂ ਅਨੁਸਾਰ ਸੇਵਾ ਭਾਵਨਾ, ਨਿਮਰਤਾ, ਸਹਿਜਤਾ, ਸਹਿਣਸ਼ੀਲਤਾ, ਦਿਆਲਤਾ, ਪਰਉਪਕਾਰੀ ਜੀਵਨ ਵਾਲੇ ਗੁਣ ਪੈਦਾ ਕਰਨ ਅਤੇ ਪਤੀ-ਪਤਨੀ ਦੀ ਸਾਂਝੀ ਰਾਇ ਦੀ ਵਿਵਸਥਾ ਦਾ ਪਾਲਣ ਕਰਨਾ ਪਰਵਾਰ ਅੰਦਰ ਸੁੱਖ-ਸ਼ਾਂਤੀ ਦਾ ਆਧਾਰ ਬਣਦਾ ਹੈ। ਜੇਕਰ ਪਤੀ-ਪਤਨੀ ਆਪਣੇ ਜੀਵਨ ਅੰਦਰ ਗੁਰਮਤਿ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਲੈਣ ਤਾਂ ਹਰ ਤਰ੍ਹਾਂ ਦੇ ਔਖੇ ਹਾਲਾਤਾਂ ਵਿੱਚੋਂ ਸਹਿਜੇ ਪਾਰ ਹੋ ਜਾਣਗੇ।

ਤਲਾਕ ਦੀ ਕੁਰੀਤੀ ਨੂੰ ਰੋਕਣਾ, ਜਿੱਥੇ ਸਿੱਖ ਮਰਦਾਂ-ਇਸਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਅਹਿਮ ਹੈ, ਉੱਥੇ ਹੀ ਸਿੱਖ ਧਰਮ ਦੇ ਉੱਚ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਇਸ ਕੁਰੀਤੀ ਨੂੰ ਖ਼ਤਮ ਕਰਨਾ, ਸਿੱਖ ਸਮਾਜ ਲਈ ਅਤੀ ਜ਼ਰੂਰੀ ਹੈ। ਸਿੱਖ ਨੇ ਜਿਸ ਨੂੰ ਵੀ ਆਪਣਾ ਜੀਵਨ ਸਾਥੀ ਬਣਾਉਣਾ ਹੈ, ਫਿਰ ਉਸੇ ਨਾਲ ਇਮਾਨਦਾਰੀ ਸਹਿਤ ਜੀਵਨ ਬਤੀਤ ਕਰਨਾ ਲਾਜ਼ਮੀ ਹੈ, ਕਿਉਂਕਿ ਸਿੱਖ ਦਾ ਵਿਆਹ ਅਨੰਦ ਕਾਰਜ ਰਾਹੀਂ ਹੋਣ ਕਾਰਨ ਧਾਰਮਿਕ ਰਿਸ਼ਤੇ ਵਜੋਂ ਮਹੱਤਤਾ ਰੱਖਦਾ ਹੈ।

ਇਸ ਤੋਂ ਇਲਾਵਾ ਜੇਕਰ ਰਿਸ਼ਤਾ ਜੋੜਨ ਤੋਂ ਪਹਿਲਾਂ ਇਸਤਰੀ ਜਾਂ ਮਰਦ ਦੇ ਕਿਰਦਾਰ ਬਾਰੇ ਕਿਸੇ ਤਰ੍ਹਾਂ ਦਾ ਉਹਲਾ (ਜੋ ਗੱਲ ਗੁਰਮਤਿ ਤੋਂ ਉਲਟ ਹੋਵੇ, ਨਸ਼ਾ, ਚੋਰੀ, ਬੇਈਮਾਨੀ, ਬਦ-ਇਖ਼ਲਾਕੀ ਵਾਲਾ ਕਿਰਦਾਰ ਆਦਿ) ਰੱਖਿਆ ਜਾਂਦਾ ਹੈ ਤੇ ਕਿਸੇ ਗੁਰਸਿੱਖ ਇਸਤਰੀ ਜਾਂ ਮਰਦ ਨਾਲ ਧੋਖਾ ਕੀਤਾ ਜਾਂਦਾ ਹੈ ਤਾਂ ਇਹ ਅਨੰਦ ਕਾਰਜ ਦੇ ਮਨੋਰਥ ਉੱਪਰ ਸਹੀ ਨਹੀਂ ਉਤਰਦਾ, ਕਿਉਂਕਿ ਅਨੰਦ ਕਾਰਜ ਗੁਰਸਿੱਖਾਂ ਲਈ ਪ੍ਰਵਾਣਿਤ ਸੰਸਕਾਰ ਹੈ, ਨਾ ਕਿ ਮਨਮੁਖਾਂ ਜਾਂ ਧੋਖੇਬਾਜ਼ਾਂ ਲਈ। ਜੇਕਰ ਕਿਸੇ ਇੱਕ ਜੀਵਨ ਸਾਥੀ ਵੱਲੋਂ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਦਿਆਂ ਗ਼ੈਰ ਮਰਦ ਜਾਂ ਗ਼ੈਰ ਇਸਤਰੀ ਨਾਲ ਰਿਸ਼ਤਾ ਬਣਾਇਆ ਜਾਂਦਾ ਹੈ ਜਾਂ ਘਰੇਲੂ ਹਿੰਸਾ ਜਾਂ ਭਾਵਨਾਤਮਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਆਦਿ ਅਜਿਹੇ ਹਾਲਾਤਾਂ ਵਿਚ ਧੋਖੇ ਵਾਲੇ ਰਿਸ਼ਤੇ ਤੋਂ ਮੁਕਤ ਹੋਣ ਵਿਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਹਾਲਤ ਵਿਚ ਕਿਸੇ ਇੱਕ ਜੀਵਨ ਸਾਥੀ ਵੱਲੋਂ ਗੁਰੂ ਹੁਕਮ ਅਤੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕੀਤੀ ਜਾ ਚੁੱਕੀ ਹੁੰਦੀ ਹੈ।

ਜਿਕਰਯੋਗ ਹੈ ਕਿ ਕਿਸੇ ਸਿੱਖ ਦਾ ਵਿਧਵਾ ਹੋ ਜਾਣ ਦੀ ਸੂਰਤ ਵਿਚ ਸਿੱਖ ਧਰਮ ਦੁਬਾਰਾ ਅਨੰਦ ਕਾਰਜ ਕਰਵਾਉਣ ਦੀ ਆਗਿਆ ਦਿੰਦਾ ਹੈ। ਮੌਤ ਇੱਕ ਕੁਦਰਤੀ ਵਰਤਾਰਾ ਹੈ ਅਤੇ ਇੱਕ ਦੀ ਮੌਤ ਪਿੱਛੋਂ ਦੂਜੇ ਦੀ ਜ਼ਿੰਦਗੀ ਰੁਕਦੀ ਹੈ। ਜਿਸ ਦੇ ਮੱਦੇ ਨਜ਼ਰ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਵਿਚ ਦਰਜ ਹੈ ਕਿ ‘ਜਿਸ ਇਸਤਰੀ ਦਾ ਭਰਤਾ ਕਾਲ ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।’

ਅੰਤ ਵਿਚ ਸਿੱਖ ਕੌਮ ਨੂੰ ਅਪੀਲ ਹੈ ਕਿ ‘ਸਿੱਖ ਰਹਿਤ ਮਰਯਾਦਾ’ ਦੇ ਪੰਨਾ 22 ਉੱਪਰ ਦਰਜ ‘ਅਨੰਦ ਸੰਸਕਾਰ’ ਦੀਆਂ ਹਿਦਾਇਤਾਂ ਅਨੁਸਾਰ ਹੀ ਅਨੰਦ ਕਾਰਜ ਕੀਤੇ ਜਾਣ। ਅਨੰਦ ਕਾਰਜ ਸਮੇਂ ਜੇਕਰ ਗੁਰਮਤਿ ਵਿਰੋਧੀ ਕਰਮਕਾਂਡ ਜਾਂ ਮਨਮਤ ਕੀਤਾ ਜਾਵੇਗਾ ਤਾਂ ਵਿਆਹੁਤਾ ਰਿਸ਼ਤੇ ਦਾ ਖੁਸ਼ਹਾਲ ਤੇ ਸਫਲ ਹੋਣਾ ਸੰਭਵ ਨਹੀਂ। ਗੁਰੂ ਸਾਹਿਬ ਦੀ ਕਿਰਪਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਜੇਕਰ ਗੁਰੂ ਸਾਹਿਬ ਦਾ ਹੁਕਮ ਮੰਨਿਆ ਜਾਵੇ। ਅੱਜ ਸਮੁੱਚੀ ਸਿੱਖ ਕੌਮ ਨੂੰ ਮੰਥਨ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਅਨੰਦ ਕਾਰਜ ਸਮੇਂ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਤਲਾਕ ਦੀ ਕੁਰੀਤੀ ਨੂੰ ਸਿੱਖ ਸਮਾਜ ਵਿਚੋਂ ਖ਼ਤਮ ਕੀਤਾ ਜਾ ਸਕੇ।