ਸਿੱਖੀ ਅਤੇ ਇਸ ਦਾ ਪ੍ਰਚਾਰ

0
203

ਸਿੱਖੀ ਅਤੇ ਇਸ ਦਾ ਪ੍ਰਚਾਰ

ਸ. ਜਸਵੀਰ ਸਿੰਘ ਚਾਕਰ (ਗੋਬਿੰਦਗੜ੍ਹ)-95011-80031

ਸੰਸਾਰਭਰ ਅੰਦਰ ਅਜੋਕੇ ਸਮੇਂ ਦੇ ਪ੍ਰਚਲਿਤ ਅਤੇ ਮੁੱਢਲੇ ਮਕਬੂਲ ਨਾਮੀ ਧਰਮਾਂ ਵਿੱਚ ਇੱਕ ਵੱਖਰੀ ਪਛਾਣ ਰੱਖਣ ਵਾਲਾ ਧਰਮ ਹੈ ‘ਸਿੱਖ ਧਰਮ’ (ਗੁਰਮਤਿ)।

ਸਿੱਖ ਧਰਮ ਦੀ ਵਿਲੱਖਣਤਾ ਹੈ ਕਿ ਨਿਸ਼ਕਾਮ ਸੇਵਾ ਅਤੇ ਗੁਰਸਿੱਖੀ ਦਾ ਪ੍ਰਚਾਰ। ਜਿਸ ਨੂੰ ਗੁਰੂ ਸਾਹਿਬਾਨ ਦੁਆਰਾ ਤਕਰੀਬਨ 239 ਸਾਲ ਦਾ ਕੀਮਤੀ ਸਮਾਂ ਲਗਾ ਕੇ ਆਪ ਪ੍ਰੈਕਟੀਕਲ ਰੂਪ ਦਿੱਤਾ ਗਿਆ।

ਭਾਰਤ ਇੱਕ ਬਹੁਮੱਤੀ ਦੇਸ਼ ਹੈ, ਜਿਸ ਵਿੱਚ ਹਰ ਮੱਤ, ਫਿਰਕੇ, ਪੰਥ ਆਦਿਕ ਦੀ ਵੱਖਰੀ ਵਿਚਾਰਧਾਰਾ ਹੈ ਤੇ ਬਹੁਤੀਆਂ ਥਾਂਵਾਂ ’ਤੇ ਕਰਮਕਾਂਡ ਹੀ ਪ੍ਰਧਾਨ ਹੈ। ਸੇਵਾ ਅਤੇ ਪ੍ਰਚਾਰ ਦੀ ਕੋਈ ਖ਼ਾਸ ਅਹਿਮੀਅਤ ਨਹੀਂ ਹੈ, ਪਰ ਹਾਂ ਧਰਮ ਦੇ ਨਾਂ ’ਤੇ ‘ਪਾਪ ਪੁੰਨ, ਸੁਰਗ ਕਰਨ, ਜਾਤ ਪਾਤ, ਛੂਤ ਛਾਤ, ਭੇਦ ਭਾਵ, ਮੇਰ ਤੇਰ’ ਵੱਡੇ ਰੂਪ ’ਚ ਦੇਖੀ ਜਾ ਸਕਦੀ ਹੈ।

ਗੁਰੂ ਸਾਹਿਬਾਨ ਅਤੇ ਸਮੇਂ ਸਮੇਂ ’ਤੇ ਪ੍ਰਗਟ ਹੋਏ ਭਗਤ ਸਾਹਿਬਾਨ ਨੇ ਸਮਾਜਿਕ, ਧਾਰਮਿਕ ਕੁਰੀਤੀਆਂ ਦੇ ਵਿਰੋਧ ਵਿੱਚ ਜ਼ਬਰਦਸਤ ਆਵਾਜ਼ ਬੁਲੰਦ ਕੀਤੀ ਜਾਂ ਇਨ੍ਹਾਂ ਦੇ ਵਿਰੋਧ ’ਚ ਸੱਚ ਦਾ ਪ੍ਰਚਾਰ ਕੀਤਾ। ਜਿਸ ਨੂੰ ਬਹੁਤ ਸਾਰੇ ਸੂਝਵਾਨ ਲੋਕਾਂ ਨੇ ਪਰਵਾਣ ਕੀਤਾ ਤੇ ਉਨ੍ਹਾਂ ਦਾ ਸਾਥ ਵੀ ਦਿੱਤਾ, ਪਰ ਦੂਜੇ ਪਾਸੇ ਭੇਖੀ, ਕਪਟੀ ਤੇ ਅਗਿਆਨੀ ਪੁਜਾਰੀ ਸ਼੍ਰੇਣੀ ਨੇ ਸ਼ੁਰੂ ਤੋਂ ਹੀ ਇਸ ਸੱਚ ਧਰਮ ਦਾ ਵਿਰੋਧ ਕੀਤਾ ਤੇ ਹੁਣ ਵੀ ਕਰ ਰਹੇ ਹਨ ਅਤੇ ਅਜਿਹੀ ਹੀ ਕਰਦੇ ਰਹਿਣਗੇ।

ਸਮੁੱਚੀ ਗੁਰਬਾਣੀ ’ਚੋਂ ਪ੍ਰਾਪਤ ਹੋਣ ਵਾਲੇ ਸਿਧਾਂਤ (ਗੁਰਮਤਿ) ਸਾਨੂੰ ਹਮੇਸ਼ਾਂ ਹੀ ਸੱਚ ’ਤੇ ਪਹਿਰਾ ਦੇਣ ਦੀ ਦ੍ਰਿੜ੍ਹਤਾ ਬਖ਼ਸ਼ਦੇ ਹਨ। ਜਿਨ੍ਹਾਂ ’ਤੇ ਚੱਲਦਿਆਂ ਗੁਰਮਤਿ ਕਮਾਉਣ ਵਾਲੀਆਂ ਰੂਹਾਂ ਹਮੇਸ਼ਾਂ ਹੀ ਆਪਣੇ ਅੰਦਰ ਗੁਰੂ ਗਿਆਨ (ਗੁਰਮਤਿ) ਦਾ ਚਾਨਣ ਕਰਕੇ ਹੋਰਨਾਂ ਨੂੰ ਵੀ ਇਸ ਪ੍ਰਕਾਸ਼ ਨਾਲ ਹਰਿਆ ਭਰਿਆ (ਸਰਸ਼ਾਰ) ਕਰਦੀਆਂ ਹਨ।

ਗੁਰਮਤਿ (ਗੁਰੂ ਦੀ ਸਿੱਖਿਆ) ਨੂੰ ਸਮਝਣ ਵਾਲਾ, ਮੰਨਣ ਵਾਲਾ ਤੇ ਉਸ ਉੱਤੇ ਚੱਲਣ ਵਾਲਾ ਸਿੱਖ ਜਾਂ ਗੁਰਸਿੱਖ ਕਹਾਉਂਦਾ ਹੈ। ਐਸੇ ਗੁਰਸਿੱਖਾਂ ਦੀ ਧੂੜੀ ਮਿਲ ਜਾਣੀ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਵਾਕ ਹੈ ‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ (ਮਹਲਾ /੧੪੨੪), ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ’’ (ਮਹਲਾ /੩੦੬) ਆਦਿ।

ਐਸੇ ਗੁਰਸਿੱਖ ਹੀ ਸਿੱਖੀ ਦੀ ਸੇਵਾ ਤੇ ਉਸ ਦਾ ਪ੍ਰਚਾਰ ਨਿਸ਼ਕਾਮ ਭਾਵਨਾ ਨਾਲ ਕਰਦੇ ਹਨ ਅਤੇ ਹੋਰ ਅਨੇਕਾਂ ਨੂੰ ਵੀ ਇਸ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਸਿੱਖ ਤਾਂ ਗੁਰੂ ਕੋਲੋਂ ਸੇਵਾ ਬਦਲੇ ਜੇ ਕੁਛ ਮੰਗਦਾ ਵੀ ਹੈ ਤਾਂ ਕੇਵਲ ਸਿੱਖੀ ਹੀ ਮੰਗਦਾ ਹੈ; ਜਿਵੇਂ ਕਿ ਇਤਿਹਾਸਿਕ ਘਟਨਾ ਮੁਤਾਬਕ ਭਾਈ ਮੰਝ ਜੀ, ਜੋ ਕਿ ਪਹਿਲਾਂ ਸਖੀ ਸਰਵਰੀਆ ਸੀ। ਪੀਰਾਂ ਨੂੰ ਮੰਨਦਾ ਸੀ। ਘਰੇ ਹੀ ਕਬਰਾਂ ਬਣਾ ਕੇ ਪੂਜਦਾ ਹੁੰਦਾ ਸੀ, ਪਰ ਜਦੋਂ ਕਿਰਪਾ ਹੋਈ ਤੇ ਗੁਰੂ ਸਾਹਿਬ ਤੋਂ ਇੱਕ ਹੀ ਦਾਤ ਮੰਗੀ ਕਿ ਪਾਤਿਸ਼ਾਹ  ! ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖ਼ਸ਼ੋ।

ਗੁਰਮਤਿ ਵਿੱਚੋਂ ਇੱਕ ਸਿੱਖ ਨੂੰ ਜੋ ਗੁਣ ਸਹਿਜੇ ਪ੍ਰਾਪਤ ਹੁੰਦੇ ਹਨ, ਉਹ ਹਨ ‘ਦਇਆ, ਮਿਠਾਸ, ਹਲੀਮੀ, ਸਹਿਣਸ਼ੀਲਤਾ, ਸੇਵਾ, ਸਿਮਰਨ, ਪਰਉਪਕਾਰ, ਨਿਮਰਤਾ, ਸਬਰ, ਸੰਤੋਖ ਆਦਿਕ। ਇਹ ਗੁਣ ਹੀ ਸਾਨੂੰ ਗੁਣਵਾਨ ਬਣਾਉਂਦੇ ਹਨ। ਐਸੇ ਗੁਰਸਿੱਖਾਂ ਨੂੰ ਤਾਂ ਮਾਲਕ ਹੋਰ ਗੁਣ ਬਖ਼ਸ਼ ਕੇ ਗੁਣਵੰਤਾ ਬਣਾ ਦਿੰਦੇ ਹਨ। ਗੁਰਵਾਕ ਹੈ ‘‘ਨਾਨਕ  ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ ’’ (ਜਪੁ)

ਗੁਰੂ ਦੀ ਮੱਤ ਨਾਲ ਸਿੱਖ ਦੇ ਅੰਦਰ ਇੱਕ ਹੋਰ ਗੁਣ ਪ੍ਰਗਟ ਹੁੰਦਾ ਹੈ, ਉਹ ਹੈ ਸਰਬ ਵਿਆਪਕ ਅਕਾਲ ਪੁਰਖ ਦਾ ਨਿਵਾਸ ਹੋਣ ਕਾਰਨ ਮਨੁੱਖੀ ਏਕਤਾ, ਜੋ ਕਿ ਅਜੋਕੇ ਮਨੁੱਖ ਅੰਦਰ ਲੱਭਿਆ ਵੀ ਨਹੀਂ ਲੱਭਦੀ, ਜਿਸ ਕਾਰਨ ਸਮਾਜ ਅੰਦਰ ਈਰਖਾ, ਦਵੈਤ, ਸਾੜੇ ਦੀ ਅੱਗ ਭਾਂਬੜ ਬਣ ਕੇ ਬਲ਼ਦੀ ਹੈ। ਇਹ ਗੁਰਮਤਿ ਦੀ ਕਰਾਮਾਤ ਹੀ ਹੈ, ਜੋ ਸਿੱਖਾਂ ਨੂੰ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ (ਮਹਲਾ /੬੧੧), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ’’ (ਭਗਤ ਕਬੀਰ/੧੩੪੯)  ਦੇ ਮਹਾ ਵਾਕਾਂ ਅਨੁਸਾਰ ਸਮਸਤ ਸੰਸਾਰ ਨੂੰ ਆਪਣਾ ਮੰਨਣ ਦਾ ਬਲ ਬਖ਼ਸ਼ਦੀ ਹੈ। ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਐਸੇ ਕੀਮਤੀ ਵਿਚਾਰਾਂ ਅਤੇ ਗੁਣਾਂ ਨੂੰ ਅਪਣਾਉਣਾ ਅਤੇ ਇਨ੍ਹਾਂ ਨੂੰ ਪ੍ਰਚਾਰ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ।

ਅਰਦਾਸ ਕਰੀਏ ਕਿ ਗੁਰੂ ਸਾਹਿਬਾਨ ਕਿਰਪਾ ਕਰਨ, ਸਾਨੂੰ ਸੰਸਾਰੀ ਦਾਤਾਂ ਦੇ ਨਾਲ-ਨਾਲ ਗੁਰੂ ਘਰ ਦੀ ਸਭ ਤੋਂ ਕੀਮਤੀ ਦਾਤ ‘ਸਿੱਖੀ’ ਬਖ਼ਸ਼ਸ਼ ਕਰਨ ਤਾਂ ਜੋ ਬਲਦੀ ਹੋਈ ਸਮਸਤ ਲੁਕਾਈ ਅੰਦਰ ਨਾਮ ਦੀ ਠੰਡ ਵਰਤ ਸਕੇ ਤੇ ਮਨੁੱਖਤਾ ਦੀ ਚੜ੍ਹਦੀ ਕਲਾ ਹੋਵੇ।