ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ; ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ: ਭਾਈ ਰਘਵੀਰ ਸਿੰਘ ਖਿਆਲੀਵਾਲਾ

0
447

ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ; ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ: ਭਾਈ ਰਘਵੀਰ ਸਿੰਘ ਖਿਆਲੀਵਾਲਾ

ਆਮ ਲੋਕਾਂ ਤੱਕ ਸਿੱਖ ਇਤਿਹਾਸ ਸਹੀ ਰੂਪ ਵਿੱਚ ਨਾ ਪਹੁੰਚਣ ਪਿੱਛੇ ਸਾਡੇ ਗੁਰਦੁਆਰਾ ਪ੍ਰਬੰਧਕ ਵੀ ਕਿਸੇ ਹੱਦ ਤੱਕ ਜਿੰਮੇਵਾਰ: ਭਾਈ ਕਿਰਪਾਲ ਸਿੰਘ ਬਠਿੰਡਾ

ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਤੋਂ ਬਾਅਦ ਇਹ ਮੁਹਿੰਮ ਪੂਰੇ ਜਿਲ੍ਹੇ ਵਿੱਚ ਅਤੇ  ਜਿਲ੍ਹੇ ਤੋਂ ਪੂਰੇ ਪੰਜਾਬ ਵਿੱਚ ਪਹੁੰਚਾਈ ਜਾਵੇ: ਭਾਈ ਰਜਿੰਦਰ ਸਿੰਘ 

ਬਠਿੰਡਾ, 17 ਜੁਲਾਈ (ਕਿਰਪਾਲ ਸਿੰਘ): ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ; ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ। ਇਹ ਸ਼ਬਦ ਗੁਰਮਤਿ ਪ੍ਰਚਾਰ ਸਭਾ ਵੱਲੋਂ ਸ਼ਹਿਰ ਵਿੱਚ ਸਾਰੇ ਗੁਰਪੁਰਬ ਅਤੇ ਪੁਰਾਤਨ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਦੀ ਵਿੱਢੀ ਮੁਹਿੰਮ ਅਧੀਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹਜੂਰਾ ਕਪੂਰਾ ਕਲੋਨੀ ਬਠਿੰਡਾ ਵਿਖੇ ਬੀਤੀ ਸ਼ਾਮ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ, ਪ੍ਰਚਾਰਕ ਭਾਈ ਰਘਵੀਰ ਸਿੰਘ ਖਿਆਲੀਵਾਲਾ ਨੇ ਕਹੇ। ਪੱਟੀ ਦੇ ਨਜ਼ਦੀਕ ਪੂਹਲਾ ਪਿੰਡ ਦੇ ਵਸਨੀਕ ਸ਼ਹੀਦ ਭਾਈ ਤਾਰੂ ਸਿੰਘ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਭਾਈ ਰਘਵੀਰ ਸਿੰਘ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਮਾਤਾ ਗੁਰਮਤਿ ਦੀ ਧਾਰਨੀ ਸੀ ਇਸ ਲਈ ਬਿਨਾਂ ਜਾਤੀ ਤੇ ਧਰਮ ਦੇ ਵਿਤਕਰੇ ਤੋਂ ਪਿੰਡ ਵਿੱਚੋਂ ਲੰਘਣ ਵਾਲੇ ਯਾਤਰੂਆਂ ਦੀ ਲੰਗਰ ਪ੍ਰਸ਼ਾਦੇ ਦੁਆਰਾ ਸੇਵਾ ਕਰਦੀ ਰਹਿੰਦੀ ਸੀ ਅਤੇ ਆਪਣੇ ਪੁੱਤਰ ਤਾਰੂ ਸਿੰਘ ਨੂੰ ਸਿੰਘਾਂ ਦੀਆਂ ਘਾਲਣਾਵਾਂ ਦੀਆਂ ਸਾਖੀਆਂ ਸੁਣਾਉਂਦੀ ਰਹਿੰਦੀ  ਸੀ। ਇੱਕ ਦਿਨ ਭਾਈ ਤਾਰੂ ਸਿੰਘ ਆਪਣੇ ਖੇਤ ਵਿਚ ਕੰਮ ਕਰਨ ਜਾਣ ਸਮੇਂ ਇੱਕ ਜੰਗਲ ਵਿੱਚੋਂ ਲੰਘਿਆ ਤਾਂ ਕੁਝ ਆਦਮੀ ਵੇਖੇ ਜਿਨ੍ਹਾਂ ਦੇ ਕੱਪੜੇ ਫਟੇ ਹੋਏ ਸਨ ਅਤੇ ਚਿਹਰੇ ਤੋਂ ਜਾਪਦਾ ਸੀ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ ਜੋ ਖਾਣ ਲਈ ਦਰਖਤਾਂ ਦੇ ਸੱਕ ਉਬਾਲ ਰਹੇ ਸਨ। ਘਰ ਆ ਕੇ ਜਦ ਉਨ੍ਹਾਂ ਭੁੱਖੇ ਵਿਅਕਤੀਆਂ ਸਬੰਧੀ ਭਾਈ ਤਾਰੂ ਸਿੰਘ ਨੇ ਆਪਣੀ ਮਾਤਾ ਜੀ ਨੂੰ ਦੱਸਿਆ ਤਾਂ ਉਹ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਝੱਟ ਸਮਝ ਗਈ ਤੇ ਦੱਸਿਆ ਕਿ ਇਹ ਉਹੀ ਸਿੰਘ ਹੋ ਸਕਦੇ ਹਨ ਜਿਨ੍ਹਾਂ ਦੀਆਂ ਸਾਖੀਆਂ ਉਹ ਹਰ ਰੋਜ ਸੁਣਾਉਂਦੀ ਹੈ। ਭਾਈ ਤਾਰੂ ਸਿੰਘ ਨੇ ਕਿਹਾ ਮਾਤਾ ਜੀ ਫਿਰ ਤਾਂ ਉਨ੍ਹਾਂ ਭੁੱਖਣ ਭਾਣੇ ਸਿੰਘਾਂ ਲਈ ਲੰਗਰ ਪਾਣੀ ਰਾਹੀਂ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ।  ਤੂੰ ਛੇਤੀ ਲੰਗਰ ਤਿਆਰ ਕਰ, ਤਾਂ ਕਿ ਮੈਂ ਉਨ੍ਹਾਂ ਨੂੰ ਛਕਾ ਆਵਾਂ। ਮਾਤਾ ਜੀ ਨੇ ਭਾਈ ਤਾਰੂ ਸਿੰਘ ਦੀ ਪਰਖ ਕਰਨ ਲਈ ਕਿਹਾ ਪੁੱਤਰ ! ਇਨ੍ਹਾਂ ਸਿੰਘਾਂ ਦੀ ਸੇਵਾ ਕਰਨੀ ਕੋਈ ਮਾਮੂਲੀ ਗੱਲ ਨਹੀਂ, ਮੌਕੇ ਦੀ ਸਰਕਾਰ ਨਾਲ ਸਿੱਧੀ ਟੱਕਰ ਲੈਣਾ ਹੈ; ਸੋਚ ਲੈ ਕਦੀ ਡੋਲ ਤਾਂ ਨਹੀਂ ਜਾਏਂਗਾ। ਭਾਈ ਤਾਰੂ ਸਿੰਘ ਨੇ ਬੜੀ ਦ੍ਰਿੜ੍ਤਾ ਨਾਲ ਜਵਾਬ ਦਿੱਤਾ ਜਿਹੜਾ ਗੁਰੂ ਤੱਤੀ ਤਵੀ ’ਤੇ ਬੈਠ ਕੇ ਵੀ ਨਾ ਡੋਲਿਆ ਹੋਵੇ ਉਸ ਦੇ ਸਿੱਖਾਂ ਦੀ ਸੇਵਾ ਕਰਦਿਆਂ ਤਾਰੂ ਸਿੰਘ ਕਿਵੇਂ ਡੋਲ ਸਕਦਾ ਹੈ ? ਇਹ ਸੁਣ ਕੇ ਮਾਤਾ ਜੀ ਨੇ ਖੁਸ਼ੀ ਖ਼ੁਸ਼ੀ ਸਿੰਘਾਂ ਲਈ ਲੰਗਰ ਤਿਆਰ ਕੀਤਾ, ਜਿਸ ਨੂੰ ਭਾਈ ਤਾਰੂ ਸਿੰਘ ਜੀ ਸਿੰਘਾਂ ਨੂੰ ਛਕਾ ਆਏ, ਇਸ ਤੋਂ ਬਾਦ  ਭਾਈ ਤਾਰੂ ਸਿੰਘ ਵੇਲੇ ਕੁਵੇਲੇ ਅਕਸਰ ਸਿੰਘਾਂ ਨੂੰ ਪਰਸ਼ਾਦਾ ਛਕਾ  ਆਉਂਦੇ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੰਘਾਂ ਦੀ ਇਸ ਸੇਵਾ ਪਿੱਛੇ ਉਹਨਾਂ ਤੋਂ ਕਿਹੜਾ ਕੰਮ ਲਿਆ ! ਨੌਜਵਾਨ ਬੀਬੀ ਸਲਮਾ, ਧੀ ਵੀ ਮੁਸਲਮਾਨ ਰਹੀਮ ਬਖ਼ਸ਼ ਮਾਛੀ ਦੀ, ਜ਼ਬਰੀ ਚੁੱਕੀ ਵੀ ਪੱਟੀ ਦੇ ਮੁਸਲਮਾਨ ਚੌਧਰੀ ਜ਼ਾਫ਼ਰ ਬੇਗ ਨੇ; ਮੌਕੇ ਦਾ ਹਾਕਮ ਲਾਹੌਰ ਦਾ ਸੂਬੇਦਾਰ ਵੀ ਮੁਸਲਮਾਨ ਜ਼ਕਰੀਆ ਖ਼ਾਨ; ਜਿਸ ਨੇ ਲਾਚਾਰ ਰਹੀਮ ਬਖ਼ਸ਼ ਦੀ ਫ਼ਰਿਆਦ ਸੁਣਨ ਦੀ ਥਾਂ ਉਸ ਨੂੰ ਧੱਕੇ ਮਾਰ ਕੇ ਦਰਬਾਰ ਵਿੱਚੋਂ ਕੱਢ ਦਿੱਤਾ ਪਰ ਉਸ ਮੁਸਲਿਮ ਲੜਕੀ ਨੂੰ ਆਪਣੀ ਭੈਣ ਦੱਸ ਕੇ ਰਹੀਮ ਬਖ਼ਸ਼ ਦੀ ਫ਼ਰਿਆਦ ਸਿੰਘਾਂ ਤੱਕ ਪਹੁੰਚਾਈ ਭਾਈ ਤਾਰੂ ਸਿੰਘ ਨੇ ਅਤੇ ਸਿੰਘਾਂ ਨੇ ਤੁਰੰਤ ਰਾਤ ਦੇ ਬਾਰਾਂ ਵਜੇ ਜਾਫ਼ਰ ਬੇਗ ’ਤੇ ਹਮਲਾ ਕਰ ਕੇ ਉਸ ਨੂੰ ਕਤਲ ਕੀਤਾ ਤੇ ਰਹੀਮ ਬਖ਼ਸ਼ ਦੀ ਧੀ ਕੈਦ ਵਿਚੋਂ ਛੁਡਾ ਕੇ ਉਸ ਨੂੰ ਬਾਇੱਜਤ ਵਾਪਸ ਦੁਆਈ; ਜਿਸ ਦੇ ਸਿੱਟੇ ਵਜੋਂ ਭਾਈ ਤਾਰੂ ਸਿੰਘ ਨੂੰ ਆਪਣੀ ਖੋਪਰੀ ਉਤਰਵਾ ਕੇ ਸ਼ਹੀਦੀ ਦੇਣੀ ਪਈ।  ਹੁਣ ਸਿੱਖਾਂ ਨੂੰ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ ਲੋਕ ਦੱਸਣ ਕਿ ਭਾਈ ਤਾਰੂ ਸਿੰਘ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਸੀ ? ਕੀ ਜ਼ਾਫ਼ਰ ਬੇਗ ਦਾ ਕਤਲ ਕਰਕੇ ਇੱਕ ਗਰੀਬ ਮੁਸਲਮਾਨ ਦੀ ਧੀ ਨੂੰ ਛੁਡਾਉਣ ਵਾਲੇ ਸਿੰਘ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਹੋ ਸਕਦੇ ਸਨ ?  ਭਾਈ ਰਘਵੀਰ ਸਿੰਘ ਨੇ ਕਿਹਾ ਸਾਨੂੰ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਇਸੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਾਂ ਤਾਂ ਅਸੀਂ ਆਪਣਾ ਇਤਿਹਾਸ ਹੋਰਨਾਂ ਨੂੰ ਦੱਸ ਨਹੀਂ ਸਕੇ ਜਾਂ ਦੂਸਰੇ ਪੜ੍ਹਨਾ ਸੁਣਨਾ ਹੀ ਨਹੀਂ ਚਾਹੁੰਦੇ। 

ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ  ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕਿਹਾ ਕਿ ਆਮ ਲੋਕਾਂ ਤੱਕ ਸਿੱਖ ਇਤਿਹਾਸ ਸਹੀ ਰੂਪ ਵਿੱਚ ਨਾ ਪਹੁੰਚਣ ਪਿੱਛੇ ਸਾਡੇ ਗੁਰਦੁਆਰਾ ਪ੍ਰਬੰਧਕ ਵੀ ਕਿਸੇ ਹੱਦ ਤੱਕ ਜਿੰਮੇਵਾਰ ਹਨ ਕਿਉਂਕਿ ਉਹ ਸੰਗ੍ਰਾਂਦਾਂ, ਮੱਸਿਆਵਾਂ, ਪੂਰਨਮਾਸ਼ੀਆਂ ਤੋਂ ਤਾਂ ਕਈ ਦਿਨ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ ਕਿ ਪਵਿੱਤਰ ਦਿਹਾੜਾ ਆ ਰਿਹਾ ਹੈ ਤੇ ਅਜੇਹਾ ਅਖੌਤੀ ਪਵਿੱਤਰ ਦਿਹਾੜਾ ਵਿਸ਼ੇਸ਼ ਤੌਰ ’ਤੇ ਮਨਾਉਂਦੇ ਵੀ ਹਨ ਪਰ ਭਾਈ ਤਾਰੂ ਸਿੰਘ ਵਰਗੇ ਮਹਾਨ ਸ਼ਹੀਦਾਂ ਦਾ ਦਿਹਾੜਾ, ਕਿਸੇ ਵਿਰਲੇ ਨੂੰ ਛੱਡ ਕੇ ਮਨਾਉਂਦਾ ਕੋਈ ਵੀ ਨਹੀਂ। ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਲਗਦਾ ਕਿ ਸਾਡੇ ਗੌਰਵਮਈ ਦਿਹਾੜੇ ਲੰਘ ਕਦੋਂ ਗਏ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਵਿਗੜੇ ਕੈਲੰਡਰ ਮੁਤਾਬਿਕ ਸਾਡੇ ਗੌਰਵਮਈ ਪੁਰਬਾਂ ਦੀਆਂ ਤਰੀਖਾਂ ਆਏ ਦਿਨ ਹੀ ਬਦਲਦੀਆਂ ਰਹਿੰਦੀਆਂ ਹਨ।

ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਤੋਂ ਬਾਅਦ ਸਾਨੂੰ ਇਹ ਮੁਹਿੰਮ ਪੂਰੇ ਜਿਲ੍ਹੇ ਵਿੱਚ ਅਤੇ ਜਿਲ੍ਹੇ ਤੋਂ ਪੂਰੇ ਪੰਜਾਬ ਵਿੱਚ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰ ਸਾਲ ਹੀ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਬਦਲਵੀਆਂ ਤਰੀਖਾਂ ਦੇ ਗੋਰਖ ਧੰਦੇ ਵਿੱਚੋਂ ਨਿਕਲ ਕੇ ਨਿਸਚਿਤ ਤਰੀਖਾਂ ਨੂੰ ਆਪਣੇ ਇਤਿਹਾਸਕ ਦਿਹਾੜੇ ਮਨਾ ਸਕੀਏ।