ਸਿੱਖ ਰਹਿਤ ਮਰਯਾਦਾ ਦੀ ਲੋੜ ਅਤੇ ਸਿੱਖ ਰਹਿਤ ਮਰਯਾਦਾ
ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,
ਹੈਡਮਾਸਟਰ (ਸੇਵਾ ਮੁਕਤ) 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436
ਰੋਜ਼ਾਨਾ ਜ਼ਿੰਦਗੀ ਅਤੇ ਜ਼ਿੰਦਗੀ ਦੇ ਸੰਸਕਾਰਾਂ ਨੂੰ ਨਿਭਾਉਣ ਲਈ ਜੋ ਨਿਯਮ ਕਿਸੇ ਵੀ ਧਰਮ ਵੱਲੋਂ ਨਿਸ਼ਚਿਤ ਕੀਤੇ ਜਾਂਦੇ ਹਨ, ਉਸ ਨੂੰ ਮਰਯਾਦਾ ਕਹਿੰਦੇ ਹਨ।
ਕਿਸੇ ਵੀ ਧਰਮ ਨੂੰ ਪ੍ਰਫੁਲਿਤ ਕਰਨ ਲਈ ਮਰਯਾਦਾ ਦਾ ਹੋਣਾ ਅਤੀ ਜ਼ਰੂਰੀ ਹੈ; ਜਿਵੇਂ ਕਿਸੇ ਖੇਤ ਵਿੱਚ ਬੀਜ ਬੀਜਿਆ ਜਾਂਦਾ ਹੈ ਤੇ ਫ਼ਸਲ ਤਿਆਰ ਹੁੰਦੀ ਹੈ ਤਾਂ ਉਸ ਫ਼ਸਲ ਦੀ ਰਾਖੀ ਲਈ ਵਾੜ ਲਾਈ ਜਾਂਦੀ ਹੈ ਤਾਂ ਜੋ ਫ਼ਸਲ ਨੂੰ ਬਾਹਰਲੇ ਜਾਨਵਰਾਂ ਤੋਂ ਨੁਕਸਾਨ ਨਾ ਪਹੁੰਚੇ ਇਸੇ ਤਰ੍ਹਾਂ ਧਰਮ ਦੇ ਬੀਜ ਨਾਲ ਜੋ ਸ਼ੁਭ ਗੁਣਾਂ ਦੀ ਫ਼ਸਲ ਪੈਦਾ ਹੁੰਦੀ ਹੈ, ਉਸ ਨੂੰ ਬਾਹਰਲੇ ਪ੍ਰਭਾਵਾਂ ਤੋਂ ਬਚਾਉਣ ਲਈ ਮਰਯਾਦਾ ਰੂਪੀ ਵਾੜ ਲਾਈ ਜਾਂਦੀ ਹੈ। ਧਰਮ ਏਕੇ (1) ਅੰਕ ਦੀ ਤਰ੍ਹਾਂ ਹੈ, ਜਿਸ ਨਾਲ ਮਰਯਾਦਾ ਦੀ ਜ਼ੀਰੋ ਲੱਗ ਜਾਵੇ ਤਾਂ ਉਸ ਦਾ ਮੁੱਲ ਦਸ ਗੁਣਾਂ ਹੋ ਜਾਂਦਾ ਹੈ। ਜੇ ਧਰਮ ਨੂੰ ਮਰਯਾਦਾ ਵਿੱਚ ਸ਼ਾਮਲ ਨਾ ਕੀਤਾ ਜਾਵੇ ਤਾਂ ਉਸ ਦਾ ਮੁੱਲ ਜ਼ੀਰੋ ਹੋ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਮਰਯਾਦਾ ਦੀ ਕੀਮਤ ਧਰਮ ਕਰਕੇ ਹੈ। ਧਰਮ ਤੋਂ ਸੱਖਣੀ ਮਰਯਾਦਾ ਕਿਸੇ ਅਰਥ ਨਹੀਂ ਰਹਿ ਜਾਂਦੀ। ਉਦਾਹਰਨ ਦੇ ਤੌਰ ’ਤੇ ਗੁਰਬਾਣੀ ਦਾ ਨਿਤਨੇਮ ਕਰਨਾ ਧਰਮ ਦਾ ਕੰਮ ਹੈ। ਨਿਤਨੇਮ ਲਈ ਇਸ਼ਨਾਨ ਕਰਨਾ, ਸਾਵਧਾਨ ਹੋ ਕੇ ਚੌਂਕੜਾ ਮਾਰ ਕੇ ਬੈਠਣਾ, ਇੱਕ ਮਰਯਾਦਾ ਹੈ। ਜੇ ਕੋਈ ਗੁਰਸਿੱਖ ਮਰਯਾਦਾ ਅਨੁਸਾਰ ਨਿਤਨੇਮ ਕਰਦਾ ਹੈ ਤਾਂ ਉਹ ਗੁਰੂ ਦੇ ਦੱਸੇ ਰਾਹ ’ਤੇ ਚੱਲਦਾ ਹੈ। ਜੇ ਸਾਵਧਾਨ ਹੋ ਕੇ ਚੌਂਕੜਾ ਮਾਰ ਕੇ ਵੀ ਬੈਠਦਾ ਹੈ ਪਰ ਧਾਰਮਿਕ ਕਰਮ ‘ਨਿਤਨੇਮ’ ਨਹੀਂ ਕਰਦਾ ਤਾਂ ਇਸ ਮਰਯਾਦਾ ਦਾ ਧਰਮ ਦੀ ਦੁਨੀਆਂ ਵਿੱਚ ਕੋਈ ਮੁੱਲ ਨਹੀਂ। ਮਰਯਾਦਾ; ਧਰਮ ਨੂੰ ਪ੍ਰਫੁਲਿਤ ਕਰਨ ਵਾਸਤੇ ਨਿਭਾਉਣੀ ਹੈ, ਨਾ ਕਿ ਧਰਮ ਨੂੰ ਪਾਖੰਡ ਦਾ ਰੂਪ ਦੇਣ ਲਈ। ਅਕਸਰ ਅਸੀਂ ਵੇਖਦੇ ਹਾਂ ਕਿ ਕਈ ਵਿਅਕਤੀ ਮਰਯਾਦਾ ਦੇ ਪੱਖ ਤੋਂ ਬਹਿਸ-ਮੁਬਾਹਸਿਆਂ ਵਿੱਚ ਪੈ ਜਾਂਦੇ ਹਨ ਤੇ ਕਈ ਵਾਰ ਆਪਸ ਵਿੱਚ ਲੜ ਵੀ ਪੈਂਦੇ ਹਨ। ਉਸ ਸਮੇਂ ਉਹ ਧਰਮ ਦੀ ਜੋ ਤੱਤ ਵਾਲੀ ਗੱਲ ਹੁੰਦੀ ਹੈ, ਉਸ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।
ਬੁੱਧ ਮੱਤ ਦੇ ਪਤਨ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਬੋਧੀਆਂ ਨੇ ਆਪਣੇ ਮੱਤ ਦੀਆਂ ਸਿੱਖਿਆਵਾਂ ਨੂੰ ਨਜ਼ਰ-ਅੰਦਾਜ਼ ਕਰਕੇ, ਬ੍ਰਾਹਮਣੀ ਪ੍ਰਭਾਵ ਅਧੀਨ ਮਰਯਾਦਾ ਉੱਤੇ ਬੇਲੋੜਾ ਜ਼ੋਰ ਦਿੱਤਾ ਸੀ। ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਮਰਯਾਦਾ ਨੂੰ ਨਿਭਾਉਣ ਸਮੇਂ ਧਰਮ ਦੇ ਤੱਤ ਨੂੰ ਅਲੋਪ ਨਾ ਹੋਣ ਦਿੱਤਾ ਜਾਵੇ। ਮਰਯਾਦਾ, ਕੌਮ ਵਿੱਚ ਇਕਸਾਰਤਾ ਪੈਦਾ ਕਰਨ ਲਈ ਹੈ। ਕਈ ਵਾਰ ਓਪਰੀ ਨਜ਼ਰੇ ਸਾਨੂੰ ਮਰਯਾਦਾ ਦੇ ਕਿਸੇ ਨਿਯਮ ਵਿੱਚ ਧਰਮ ਵਾਲੀ ਕੋਈ ਠੋਸ ਗੱਲ ਨਹੀਂ ਲੱਗਦੀ ਅਤੇ ਅਸੀਂ ਸਮਝ ਬੈਠਦੇ ਹਾਂ ਕਿ ਅਜਿਹੇ ਨਿਯਮਾਂ ਦੀ ਮਰਯਾਦਾ ਵਿੱਚ ਕੀ ਲੋੜ ਹੈ ? ਪਰ ਜਦੋਂ ਅਸੀਂ ਗਹੁ ਨਾਲ ਵੇਖਾਂਗੇ ਤਾਂ ਪਤਾ ਲੱਗ ਜਾਵੇਗਾ ਕਿ ਅਜਿਹੇ ਨਿਯਮ ਕੌਮ ਨੂੰ ਏਕੇ ਦੇ ਸੂਤਰ ਵਿੱਚ ਪਰੋਣ ਲਈ ਘੜੇ ਗਏ ਹੁੰਦੇ ਹਨ; ਜਿਵੇਂ ਨਿਤਨੇਮ ਦੀਆਂ ਬਾਣੀਆਂ ਦੀ ਵੱਖ-ਵੱਖ ਗੁਰਦੁਆਰਿਆਂ, ਸੰਸਥਾਵਾਂ ਜਾਂ ਡੇਰਿਆਂ ਵਿੱਚ ਇਕਸਾਰਤਾ ਨਾ ਹੋਣੀ, ਰਹਰਾਸਿ ਸਾਹਿਬ ਦਾ ਸਰੂਪ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਹੋਣਾ। ਇਸੇ ਤਰ੍ਹਾਂ ਹੁਕਮ ਲੈਣ ਦੀ ਮਰਯਾਦਾ ਦਾ ਇੱਕ ਤਰ੍ਹਾਂ ਨਾ ਹੋਣਾ ਅਤੇ ਹੋਰ ਤਾਂ ਹੋਰ ਅੰਮ੍ਰਿਤ ਜਿਸ ਨੇ ਕੌਮ ਨੂੰ ਇੱਕ ਲੜੀ ਵਿੱਚ ਪਰੋਣਾ ਹੈ, ਉਸ ਦੀ ਵਿਧੀ ਵਿੱਚ ਵੀ ਇਕਸਾਰਤਾ ਦਾ ਨਾ ਹੋਣਾ ਆਦਿਕ ਇਹ ਗੱਲਾਂ ਕੌਮ ਵਿੱਚ ਫੁੱਟ ਦੇ ਬੀਜ ਬੀਜਦੀਆਂ ਹਨ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਕੌਮ ਦੀ ਦਸ਼ਾ ਨੂੰ ਹਾਸੋਹੀਣੀ ਬਣਾਉਂਦੀਆਂ ਹਨ।
ਅਸੀਂ ਮਰਯਾਦਾ ਦੇ ਪੱਖ ਤੋਂ ਅਵੇਸਲੇ ਹੁੰਦੇ ਜਾ ਰਹੇ ਹਾਂ। ਜੇ ਮਰਯਾਦਾ ਵਿੱਚ ਢਿੱਲ ਆ ਜਾਵੇ ਤਾਂ ਕੌਮਾਂ ਵਿੱਚ ਗਿਰਾਵਟ ਆ ਜਾਂਦੀ ਹੈ। ਮੁਸਲਮਾਨੀ ਕੌਮ ਵਿੱਚ ਮਰਯਾਦਾ ਨੂੰ ਬੜੀ ਕਰੜਾਈ ਨਾਲ ਨਿਭਾਇਆ ਜਾਂਦਾ ਹੈ। ਜੇਕਰ ਇਹ ਪਤਾ ਕਰਨਾ ਹੋਵੇ ਕਿ ਮੁਸਲਮਾਨ ਦਿਨ ਵਿੱਚ ਕਿੰਨੇ ਵੇਲੇ ਨਮਾਜ਼ ਪੜ੍ਹਦੇ ਹਨ ਤਾਂ ਜੋ ਜਵਾਬ ਕਾਅਬੇ ਦੇ ਪੀਰ ਦਾ ਹੋਵੇਗਾ, ਉਹੀ ਜੁਆਬ ਇੱਕ ਮੁਸਲਮਾਨ ਮਜ਼ਦੂਰ ਦਾ ਹੋਵੇਗਾ ਕਿ ਨਮਾਜ਼ ਤਾਂ ਪੰਜ ਵੇਲੇ ਹੀ ਅਦਾ ਕੀਤੀ ਜਾਂਦੀ ਹੈ।
ਲੋਕ ਬ੍ਰਾਹਮਣੀ ਮੱਤ ਤੋਂ ਏਨਾਂ ਇਸ ਲਈ ਹੀ ਡਰਦੇ ਸਨ ਕਿਉਂਕਿ ਇਸ ਮੱਤ ਦੀ ਇੱਕ ਵਿਚਾਰਧਾਰਾ ਨਹੀਂ। ਸਾਰੇ ਹਿੰਦੂ ਸਮਾਜ ਲਈ ਕੋਈ ਇੱਕ ਮਰਯਾਦਾ ਨਹੀਂ, ਸਾਂਝੇ ਅਸੂਲ ਨਹੀਂ। ਇਸ ਮੱਤ ਨੇ ਸਾਰੇ ਮੱਤਾਂ ਨੂੰ ਆਪਣੇ ਵਿੱਚ ਸਮੇਟਣ ਦਾ ਪ੍ਰਬੰਧ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਈਸਾਈ ਮੱਤ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ। ਅਨਮਤਾਂ ਅਤੇ ਵਿਰੋਧੀ ਮਤਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਣ ਵਾਲੇ ਖ਼ਤਰੇ ਨੂੰ ਸਮਝਦੇ ਹੋਏ ਅਤੇ ਇਸਲਾਮ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦੇ ਹੋਏ ਇੱਕ ਮੁਸਲਮਾਨ ਕਵੀ ਮੌਲਾਨਾ ਅਲਤਾਫ਼ ਹੁਸੈਨ ਹਾਲੀ ਨੇ ਇਹ ਆਖਿਆ ਸੀ – ‘ਵੋ ਦੀਨੇ ਹਜ਼ਾਜ਼ੀ ਕਾ ਬੇਕਾਕ ਬੇੜਾ, ਨਾ ਸ਼ੀਹੂੰ ਪੇ ਅਟਕਾ, ਨਾ ਜੀਹੂੰ ਪੇ ਠਹਿਰਾ। ਕੀਏ ਪਾਰ ਜਿਸ ਨੇ ਥੇ ਸਾਤੋਂ ਸਮੁੰਦਰ,ਵੋਹ ਡੂਬਾ ਦਹਾਨੇ ਮੇ ਗੰਗਾ ਕੇ ਆ ਕਰ।’
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਅਨਮਤਾਂ ਦੇ ਪ੍ਰਭਾਵ ਤੋਂ ਬਚਣ ਲਈ ਅਤੇ ਆਪਣੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਲਈ ਹੀ ਇਹ ਬਚਨ ਉਚਾਰ ਕੇ ਸੁਚੇਤ ਕੀਤਾ ਸੀ- ‘ਜਬ ਲਗ ਖਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਉ ਮੈਂ ਸਾਰਾ। ਜਬ ਇਹ ਗਹੈਂ ਬਿਪਰਨ ਕੀ ਰੀਤ। ਮੈਂ ਨਾ ਕਰੋਂ ਇਨ ਕੀ ਪਰਤੀਤ।’
ਨਿਆਰਾ ਤਾਂ ਹੀ ਰਿਹਾ ਜਾ ਸਕਦਾ ਹੈ, ਜੇਕਰ ਸਾਡੀ ਮਰਯਾਦਾ ਵੀ ਨਿਆਰੀ ਹੋਵੇ ਤੇ ਸੱਭਿਆਚਾਰ ਵੀ ਨਿਆਰਾ ਹੋਵੇ। ਜੇਕਰ ਸੰਖੇਪ ਵਿੱਚ ਦੱਸਣਾ ਹੋਵੇ ਕਿ ਰਹਿਤ ਮਰਯਾਦਾ ਕੀ ਹੈ ਤਾਂ ਇਸ ਦਾ ਜਵਾਬ ਹੋਵੇਗਾ ਕਿ ਆਪਣੀ ਮਨਮੱਤ ਨੂੰ ਤਿਆਗ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਹੀ ਰਹਿਤ ਮਰਯਾਦਾ ਦਾ ਧਾਰਨੀ ਹੋਣਾ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ – ‘‘ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ, ਸੁ ਕਾਰ ਕਮਾਇ ਜੀਉ ॥ ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ॥ ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ, ਤਤੀ ਵਾਉ ਜੀਉ ॥’’ (ਮਹਲਾ ੧/ ੭੬੩)
ਪ੍ਰਿੰਸੀਪਲ ਗੰਗਾ ਸਿੰਘ ਜੀ ਮਰਯਾਦਾ ਦੀ ਮਹੱਤਤਾ ਦੱਸਦੇ ਹੋਏ ਕਹਿੰਦੇ ਹਨ ਕਿ ਸੰਸਾਰ ਦਾ ਹਰ ਕੰਮ ਬਕਾਇਦਗੀ ਨਾਲ ਇੱਕ ਚਾਲ ਵਿੱਚ ਹੋ ਰਿਹਾ ਹੈ; ਜਿਵੇਂ ਸੂਰਜ ਦਾ ਆਪਣੇ ਧੁਰੇ ਦੁਆਲੇ ਘੁੰਮਣਾ ਅਤੇ ਧਰਤੀ ਦਾ ਸੂਰਜ ਦੁਆਲੇ ਘੁੰਮਣਾ। ਜੇ ਇਹ ਚਾਲ ਜਾਂ ਨਿਯਮ ਟੁੱਟ ਜਾਵੇ ਤਾਂ ਸੰਸਾਰ ਵਿੱਚ ਪਰਲੋ ਆ ਸਕਦੀ ਹੈ। ਸੰਸਾਰ ਦਾ ਕੋਈ ਕੰਮ ਨਹੀਂ ਹੋ ਸਕੇਗਾ। ਇਸੇ ਤਰ੍ਹਾਂ ਹੀ ਰਹਿਤ, ਜੋ ਸਿੱਖ ਦੇ ਜੀਵਨ ਨੂੰ ਨੇਮ-ਬੱਧ ਕਰਦੀ ਹੈ, ਉਸ ਦੇ ਜੀਵਨ ਵਿੱਚ ਮਹਾਨ ਪਲਟਾ ਲਿਆ ਕੇ ਰੱਖ ਦਿੰਦੀ ਹੈ, ਪਰ ਜੇ ਰਹਿਤ ਵਿੱਚ ਥੋੜ੍ਹੀ ਜਿਹੀ ਵੀ ਢਿੱਲ ਆ ਜਾਵੇ ਤਾਂ ਮਨ ਅਤੇ ਤਨ ਦੋਹਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ, ਜੋ ਮਨੁੱਖ ਨੂੰ ਅਧੋਗਤੀ ਵੱਲ ਲੈ ਜਾਂਦੇ ਹਨ।
ਪੱਛਮੀ ਵਿਦਵਾਨਾਂ ਨੇ ਵੀ ਮਨੁੱਖਤਾ ਨੂੰ ਕਿਸੇ ਮਰਯਾਦਾ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦੀ ਸਲਾਹ ਦਿੱਤੀ ਹੈ। ਮਿਸਟਰ ਆਰਨਲਡ ਬੈਨੇਟ ਦੇ ਮੁਤਾਬਕ ਮਨ ਦੀ ਸ਼ਾਂਤੀ ਤੇ ਖੁਸ਼ੀ ਸੰਸਾਰਕ ਪ੍ਰਾਪਤੀਆਂ ਨਾਲ ਨਹੀਂ ਹੁੰਦੀ ਸਗੋਂ ਆਪਣੇ ਜੀਵਨ ਨੂੰ ਕਿਸੇ ਵਿਚਾਰਧਾਰਾ ਅਤੇ ਸਿਧਾਂਤਾਂ ਅਨੁਸਾਰ ਬਿਤਾਉਣ ਨਾਲ ਪ੍ਰਾਪਤ ਹੁੰਦੀ ਹੈ। ਪੱਛਮੀ ਵਿਦਵਾਨ ਮਿਸਟਰ ਵੀਲਰ ਨੇਮ-ਬੱਧ ਜੀਵਨ ਦੀ ਮਹੱਤਤਾ ਬਾਰੇ ਲਿਖਦੇ ਹਨ- ‘ਅਸਲੀ ਖੁਸ਼ੀ ਜਾਂ ਸ਼ਾਂਤੀ ਕਿਸੇ ਸੰਜਮ ਜਾਂ ਅਸੂਲ ਵਿੱਚ ਰਹਿ ਕੇ ਹੀ ਪ੍ਰਾਪਤ ਹੁੰਦੀ ਹੈ।’
ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ – ‘ਸ਼ਰਤਿ ਆਜ਼ਾਦੀ ਕੀ ਹੈ, ਆਜ਼ਾਦੀ ਕੀ ਕੁਛ ਪਾਬੰਦੀਆਂ। ਇਨਕਾ ਜੋ ਪਾਬੰਦ ਹੈ, ਵੁਹ ਅਸਲ ਮੇਂ ਆਜ਼ਾਦ ਹੈ।’
ਸਿੱਖ ਰਹਿਤ ਮਰਯਾਦਾ ਕਦੋਂ ? ਸੰਨ 1708 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਦੁਸ਼ਮਣਾਂ ਨੂੰ ਸੋਧਦਿਆਂ ਜਿੱਤਾਂ ਪ੍ਰਾਪਤ ਕੀਤੀਆਂ ਤੇ ਸਿੱਖ ਰਾਜ ਸਥਾਪਤ ਕੀਤਾ। ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਿੰਘਾਂ ’ਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਘੋੜਿਆਂ ਦੀਆਂ ਕਾਠੀਆਂ ਸਿੰਘਾਂ ਦੇ ਘਰ ਬਣੇ ਤੇ ਜੰਗਲਾਂ ਵਿੱਚ ਨਿਵਾਸ ਹੋਇਆ। ਉਸ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਆਂ ਤੇ ਨਿਰਮਲੇ ਮਹੰਤਾਂ ਦੇ ਹੱਥ ਆ ਗਿਆ ਕਿਉਂਕਿ ਮਹੰਤ ਪੁਰਾਣਕ ਰੰਗਾਂ ਵਿੱਚ ਰੰਗੇ ਹੋਏ ਸਨ, ਇਸ ਲਈ ਉਹਨਾਂ ਨੇ ਗੁਰਦੁਆਰਿਆਂ ਦੀ ਮਰਯਾਦਾ ਵਿੱਚ ਬ੍ਰਾਹਮਣਵਾਦ ਲੈ ਆਂਦਾ। ਸਿੰਘ ਜੰਗਲਾਂ ਵਿੱਚ ਤਲਵਾਰਾਂ ਦੀ ਛਾਂ ਹੇਠ ਰਹਿੰਦੇ ਸਨ। ਸਾਰਾ ਸਮਾਂ ਦੁਸ਼ਮਣਾਂ ਨਾਲ ਲੜਨ-ਭਿੜਨ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵੱਲ ਲੱਗਦਾ ਸੀ। ਅਜਿਹੇ ਸਮੇਂ ਵਿੱਚ ਸਿੱਖਾਂ ਲਈ ਆਪਣੇ ਸਿਧਾਂਤਾਂ ਅਤੇ ਮਰਯਾਦਾ ਦਾ ਪ੍ਰਚਾਰ ਕਰਨਾ ਬਹੁਤ ਮੁਸ਼ਕਿਲ ਸੀ। ਇਸ ਦਾ ਸਿੱਟਾ ਇਹ ਨਿੱਕਲਿਆ ਕਿ ਬ੍ਰਾਹਮਣੀ ਰੀਤਾਂ ਪ੍ਰਚੱਲਤ ਹੁੰਦੀਆਂ ਗਈਆਂ। ਲਗਭਗ 70-80 ਸਾਲ ਦਾ ਇਹ ਭਿਆਨਕ ਸਮਾਂ ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਲੱਗ ਗਿਆ, ਏਨੇ ਲੰਮੇਂ ਸਮੇਂ ਵਿੱਚ ਗੁਰਦੁਆਰਿਆਂ ਵਿੱਚ ਬ੍ਰਾਹਮਣੀ ਰੀਤਾਂ ਦਾ ਬੋਲ-ਬਾਲਾ ਹੋ ਗਿਆ। ਲੰਬੇ ਸਮੇਂ ਤੋਂ ਬਾਅਦ ਅੰਤ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਰਾਜ ਸਥਾਪਤ ਹੋਇਆ ਪਰ ਇਹ ਰਾਜ ਪੰਚ-ਪਰਵਾਨੀ ਸਿਧਾਂਤ ਦੀ ਤਾਬਿਆ ਨਹੀਂ ਸੀ, ਸਗੋਂ ਇੱਕ ਪੁਰਖੀ ਰਾਜ ਸੀ। ਸਿੱਖ ਰਾਜ ਵਿੱਚ ਹੋਰ ਅਨੇਕਾਂ ਵਿਸ਼ੇਸ਼ਤਾਈਆਂ ਸਨ, ਪਰ ਸਿੱਖ ਧਰਮ ਨੂੰ ਪ੍ਰਚਾਰਨ ਅਤੇ ਰਹਿਤ ਮਰਯਾਦਾ ਨੂੰ ਬ੍ਰਾਹਮਣੀ ਮੱਤ ਤੋਂ ਨਿਖੇੜਨ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਇਸ ਲਈ ਸਿੱਖ ਰਾਜ ਸਮੇਂ ਸਿੱਖ ਮੱਤ ਉੱਤੇ ਬ੍ਰਾਹਮਣੀ ਮੱਤ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਸੀ।
ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ। ਜਿਹਨਾਂ ਲੋਕਾਂ ਨੇ ਲਾਲਚ ਵੱਸ ਸਿੱਖੀ ਸਰੂਪ ਧਾਰਨ ਕੀਤਾ ਸੀ, ਉਹ ਹੌਲੀ ਹੌਲੀ ਇਸ ਸਰੂਪ ਨੂੰ ਤਿਲਾਂਜਲੀ ਦੇ ਗਏ। ਸੰਨ 1871 ਵਿੱਚ ਸਿੱਖਾਂ ਦੀ ਗਿਣਤੀ ਕੇਵਲ 18 ਲੱਖ ਰਹਿ ਗਈ ਸੀ। ਈਸਾਈ ਮੱਤ ਨੇ ਜ਼ੋਰ ਫੜਿਆ। ਇਸੇ ਸਮੇਂ ਦੌਰਾਨ ਇੱਕ ਈਸਾਈ ਮਿਸ਼ਨਰੀ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਉਹ ਕੇਸ ਕਟਾ ਕੇ ਈਸਾਈ ਮੱਤ ਗ੍ਰਹਿਣ ਕਰ ਰਹੇ ਹਨ। ਫਿਰ ਕੁੱਝ ਪੰਥ ਦਰਦੀਆਂ ਨੇ ਹੰਭਲਾ ਮਾਰਿਆ ਤੇ ਸੋਚਿਆ ਕਿ ਜੇ ਸਿੱਖ ਨੌਜਵਾਨ ਇਸੇ ਤਰ੍ਹਾਂ ਪਤਿਤ ਹੁੰਦੇ ਗਏ ਤਾਂ ਸਿੱਖ ਕੌਮ ਦਾ ਕੀ ਬਣੇਗਾ ? ਸ: ਠਾਕਰ ਸਿੰਘ ਸੰਧਵਾਲੀਆ, ਗਿਆਨੀ ਦਿਤ ਸਿੰਘ, ਪੋ੍ਰ: ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਆਦਿ ਦੇ ਯਤਨਾ ਸਦਕਾ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਇਸ ਲਹਿਰ ਨੇ ਸਿੱਖੀ ਰਹੁ ਰੀਤਾਂ ਨੂੰ ਬ੍ਰਾਹਮਣੀ ਮੱਤ ਨਾਲੋਂ ਨਿਖੇੜ ਕੇ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਗੁਰਦੁਆਰਿਆਂ ਵਿੱਚੋਂ ਮੂਰਤੀਆਂ ਅਤੇ ਬੁੱਤ ਹਟਾਏ ਗਏ। ਸਿੱਖੀ ਸੰਸਕਾਰਾਂ (ਜਨਮ, ਅੰਮ੍ਰਿਤਪਾਨ, ਅਨੰਦ ਤੇ ਮ੍ਰਿਤਕ) ਨੂੰ ਨਿਰੋਲ ਸਿੱਖੀ ਸਿਧਾਂਤਾਂ ਅਨੁਸਾਰ ਨਿਭਾਉਣ ਲਈ ਚੰਗਾ ਪ੍ਰਚਾਰ ਕੀਤਾ ਗਿਆ।
ਸਿੰਘ ਸਭਾ ਲਹਿਰ ਦੇ ਯਤਨਾ ਸਦਕਾ ਜੋ ਜਾਗ੍ਰਤੀ ਆਈ, ਉਸ ਨਾਲ ਸਿੰਘਾਂ ਦੇ ਅੰਦਰ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦਾ ਜਜ਼ਬਾ ਪੈਦਾ ਹੋਇਆ, ਜਿਸ ਦੇ ਫਲਸਰੂਪ ਗੁਰਦੁਆਰਾ ਸੁਧਾਰ ਲਹਿਰ ਚੱਲੀ। ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਅਨੇਕਾਂ ਸ਼ਹੀਦੀ ਸਾਕੇ ਵਰਤਣ ਤੋਂ ਬਾਅਦ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਆਏ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰਨ ਲਈ ਸੰਨ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਕਮੇਟੀ ਨੇ ਅਕਤੂਬਰ 1931 ਵਿੱਚ ਗੁਰਦੁਆਰਿਆਂ ਦੀ ਅਤੇ ਪੰਥ ਦੀ ਮਰਯਾਦਾ ਨੂੰ ਇਕਸਾਰ ਕਰਨ ਲਈ ਇੱਕ ‘ਰਹਰੀਤ ਕਮੇਟੀ’ ਬਣਾਈ, ਜਿਸ ਦੇ ਕਨਵੀਨਰ ਪ੍ਰਿੰ: ਤੇਜਾ ਸਿੰਘ ਜੀ ਬਣਾਏ ਗਏ। ਇਸ ਕਮੇਟੀ ਦਾ ਕੰਮ ਰਹਿਤ ਮਰਯਾਦਾ ਦਾ ਖਰੜਾ ਲਿਖਤੀ ਰੂਪ ਵਿੱਚ ਤਿਆਰ ਕਰਨਾ ਸੀ। ਉਹਨਾਂ ਨੇ ਸਾਰੇ ਸੰਸਾਰ ਦੇ ਵਿਦਵਾਨ ਸਿੱਖਾਂ, ਸਾਰੇ ਤਖ਼ਤਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ, ਸਿੱਖ ਸੁਸਾਇਟੀਆਂ ਅਤੇ ਸੰਪਰਦਾਵਾਂ ਤੋਂ ਰਾਵਾਂ ਮੰਗੀਆਂ। ਇਸ ਸਬ-ਕਮੇਟੀ ਦੇ ਸਮਾਗਮ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖ਼ਤ ਸਾਹਿਬ ’ਤੇ ਹੋਏ।
ਲਗਭਗ ਪੰਜ ਸਾਲ ਦੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਗਿਆ, ਜਿਸ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ 1 ਅਗਸਤ 1936 ਨੂੰ ਦਿੱਤੀ। ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 7.1.1945 ਨੂੰ ਵਿਚਾਰਨ ਉਪਰੰਤ ਇਸ ਵਿੱਚ ਕੁੱਝ ਘਾਟੇ ਵਾਧੇ ਕਰਨ ਦੀ ਸਿਫਾਰਸ਼ ਕੀਤੀ, ਜਿਸ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ 3 ਫ਼ਰਵਰੀ 1945 ਦੀ ਇਕੱਤਰਤਾ ਵਿੱਚ ਦਿੱਤੀ।
ਇਸ ਤਰ੍ਹਾਂ ਸਿੱਖ ਰਹਿਤ ਮਰਯਾਦਾ ਪੂਰਨ ਰੂਪ ਵਿੱਚ ਲਗਭਗ 14 ਸਾਲ ਬਾਅਦ ਤਿਆਰ ਹੋਈ। ਇਹ ਰਹਿਤ ਮਰਯਾਦਾ ਸਮੁੱਚੇ ਪੰਥ ਦੀ ਹੈ। ਇਸ ਵਿੱਚ ਕੋਈ ਸੁਸਾਇਟੀ, ਕੋਈ ਕਮੇਟੀ, ਜੱਥਾ ਜਾਂ ਸੰਤ-ਮਹਾਂਪੁਰਖ ਘਾਟ ਵਾਧ ਕਰਨ ਦਾ ਅਧਿਕਾਰੀ ਨਹੀਂ ਹੈ। ਹਰ ਨਿਯਮ ਬਹੁਤ ਹੀ ਸੋਚ-ਵਿਚਾਰ ਕੇ ਬਣਾਇਆ ਗਿਆ ਹੈ। ਫਿਰ ਵੀ, ਜੇਕਰ ਕਦੇ ਕੋਈ ਤਬਦੀਲੀ ਕਰਨ ਦੀ ਲੋੜ ਪਵੇ ਤਾਂ ਸਮੁੱਚਾ ਪੰਥ ਹੀ ਵਿਚਾਰ ਕਰਨ ਉਪਰੰਤ ਤਬਦੀਲੀ ਕਰ ਸਕਦਾ ਹੈ।