ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’
ਗਿਆਨੀ ਅਵਤਾਰ ਸਿੰਘ
ਮਨੁੱਖ; ਇੱਕ ਜੂਨ ਹੈ ਜੋ ਅਣਗਿਣਤ ਆਮ ਜੂਨਾਂ ਵਾਙ ਸੰਸਾਰ ’ਚ ਜਨਮ ਲੈਂਦਾ, ਮਨ-ਇੱਛਤ ਪਦਾਰਥ ਭੋਗਦਾ ਅਤੇ ਆਪਣੇ ਵੰਸ਼ਜ ਦਾ ਵਿਕਾਸ ਕਰਦਾ ਆਖ਼ਿਰ ਇੱਕ ਦਿਨ ਇੱਥੋਂ ਸਦਾ ਲਈ ਚਲਾ ਜਾਂਦਾ ਹੈ। ਮਰਨ ਤੋਂ ਕੁਝ ਸਮੇਂ ਬਾਅਦ ਉਸ ਦੀ ਯਾਦ ਵੀ ਅਲੋਪ ਹੋ ਜਾਂਦੀ ਹੈ। ਧਰਮ, ਬੰਦੇ ਨੂੰ ਕੋਹਲੂ ਦੇ ਬੈਲ਼ ਵਾਙ ਟੀਚਾ ਰਹਿਤ ਬੀਤ ਰਹੇ ਮਨੁੱਖੀ ਜੀਵਨ ਦਾ ਅਹਿਸਾਸ ਕਰਾ ਕੇ ਅਨੋਖੇ ਲਕਸ਼ ਦੀ ਪ੍ਰਾਪਤੀ ਲਈ ਨਵੇਕਲ਼ੇ ਮਾਰਗ ਦਾ ਪਾਂਧੀ ਬਣਾਉਂਦਾ ਹੈ। ਅਜਿਹਾ ਮੁਸਾਫ਼ਰ (ਧਰਮੀ ਬੰਦਾ) ਨਿੱਜੀ ਜੀਵਨ ਤੋਂ ਉੱਪਰ ਉੱਠ ਕੇ ਭਾਈਚਾਰਕ, ਸਮਾਜਕ ਤੇ ਸਿਆਸੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਸਾਹਸੀ ਤੇ ਅਨੰਦਮਈ ਜੀਵਨ ਬਤੀਤ ਕਰਦਾ ਹੈ, ਜੋ ਕਿ ਹੋਰਨਾਂ ਲਈ ਇੱਕ ਮਿਸਾਲ ਬਣਦੀ ਹੈ।
‘ਧਰਮ’, ਜੋ ਕਿ ਕੇਵਲ ਮਨੁੱਖਾ ਜੂਨੀ ਦਾ ਅਹਿਮ ਅੰਗ ਹੈ, ਦੀ ਵਿਆਖਿਆ ਸਦੀਆਂ ਤੋਂ ਹੁੰਦੀ ਆਈ ਹੈ ਭਾਵੇਂ ਕਿ ਸਮਾਜ ਨੂੰ ਇਸ ਵਿਆਖਿਆ ਦਾ ਬਹੁਤਾ ਲਾਭ ਹੋਇਆ ਜਾਂ ਨਾ ਹੋਇਆ ਹੋਵੇ। ਇੱਥੇ ਇਹ ਵਿਚਾਰਨਾ ਗ਼ਲਤ ਨਹੀਂ ਹੋਏਗਾ ਕਿ ਪ੍ਰਚਲਿਤ ਧਰਮਾਂ ਦੇ ਰਹਿਬਰ (ਆਗੂ) ਤੇ ਅਨੁਯਾਈਆਂ (ਚੇਲਿਆਂ/ਪੈਰੋਕਾਰਾਂ) ਨੇ ਸਮੁੱਚੀ ਮਾਨਵਤਾ ਦੇ ਹਿਤਕਾਰੀ ਕਾਰਜਾਂ ਬਦਲੇ ਆਪਣੇ ਜੀਵਨ ਨੂੰ ਦੁਖਦਾਈ ਜਾਂ ਕੁਰਬਾਨ ਨਹੀਂ ਹੋਣ ਦਿੱਤਾ; ਸਿਵਾਏ ਗੁਰੂ ਅਤੇ ਸਿੱਖ ਇਤਿਹਾਸ ਤੋਂ।
ਆਮ ਮਨੁੱਖ ਅਤੇ ਧਰਮੀ ਬੰਦੇ ਦੇ ਸੁਭਾਅ (ਕਥਨੀ ਤੇ ਕਰਨੀ) ਵਿੱਚ ਬੜਾ ਅੰਤਰ ਹੁੰਦੈ। ਭਾਵੇਂ ਕਿ ਧਰਮੀ ਬੰਦੇ ਨਿਰਸੁਆਰਥ ਹੁੰਦੇ ਹਨ ਪਰ ਇਨ੍ਹਾਂ ਦੇ ਵਧਦੇ ਸਮਾਜਿਕ ਰਸੂਖ਼ ਤੋਂ ਸਿਆਸੀ ਲੋਕਾਂ ਦਾ ਬੌਣਾ ਹੁੰਦਾ ਕੱਦ ਉਨ੍ਹਾਂ ਨੂੰ ਸਦਾ ਚਿੰਤਤ ਕਰਦਾ ਰਿਹਾ ਹੈ।
ਪਰੰਪਰਾਵਾਦੀ ਹਿੰਦੂ ਤੇ ਇਸਲਾਮੀ ਖ਼ਿਆਲਾਂ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਘੱਟ, ਦੁਖਦਾਈ ਵਧੇਰੇ ਬਣਾਇਆ। ਰੱਬ ਬਾਰੇ ਨਾਸਮਝੀ ਤੇ ਆਪੂ ਬਣੇ ਗੁਰੂ/ਪੀਰਾਂ ਨੇ ਆਪਣੀ-ਆਪਣੀ ਮਤ ਨੂੰ ਸੱਚਾ ਧਰਮ ਕਹਿ ਕੇ ਪ੍ਰਚਾਰਿਆ, ਜੋ ਕਿ ਉਨ੍ਹਾਂ ਦੀ ਕੱਟੜਤਾ (ਫ਼ਿਰਕੂ ਸੋਚ) ਤੇ ਆਰਥਿਕ ਲੋੜਾਂ (ਲੋਭ) ਦੀ ਪੂਰਤੀ ਮਾਤਰ ਸੀ।
ਮਾਨਵ ਹਿਤਕਾਰੀ ਨਵੇਂ ਫ਼ਲਸਫ਼ੇ ਨਾਲ਼ ਜਿੱਥੇ ਸਿਆਸੀ ਲੋਕ ਚਿੰਤਾਤੁਰ ਸਨ, ਉੱਥੇ ਅਖੌਤੀ ਧਰਮੀ ਪੈਰੋਕਾਰਾਂ ਦਾ ਫ਼ਿਕਰਮੰਦ ਹੋਣਾ ਸੁਭਾਵਕ ਸੀ। ਨਹੀਂ ਤਾਂ ਸੋਚੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਹੇਠਲੇ ਤਿੰਨ ਅਸੂਲਾਂ ਦਾ ਵਿਰੋਧ ਭਲਾ ਕੋਈ ਇਨਸਾਨ ਕਿਉਂ ਕਰੇਗਾ :
(1). ਰੱਬ ਇੱਕ ਹੈ, ਜੋ ਕਣ-ਕਣ ਵਿੱਚ ਵਿਆਪਕ ਅਦ੍ਰਿਸ਼ ਤੇ ਨਿਰਲੇਪ ਹੈ। ਕੇਵਲ ਉਸ ਦੀ ਉਸਤਤ ਕਰਨੀ ਲਾਭਕਾਰੀ ਹੈ, ‘‘ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ? ਜੰਮੈ ਤੈ ਮਰਿ ਜਾਇ ॥’’ (ਮਹਲਾ ੩/੫੦੯)
(2). ਗੁਰੂ, ਰਹਿਬਰ, ਪੈਗ਼ੰਬਰ, ਆਚਾਰੀਆ, ਪੰਡਿਤ-ਵਿਦਵਾਨ, ਮੌਲਵੀ, ਸਿਆਸੀ ਆਗੂ ਉਹੀ ਹੈ, ਜੋ ਮਨੁੱਖਤਾ ਨੂੰ ਏਕਤਾ, ਪਿਆਰ, ਇਨਸਾਫ਼ ਤੇ ਸੁਤੰਤਰਤਾ ਉਪਲਬਧ ਕਰਾਵੇ, ‘‘ਨਾਨਕ ! ਸਤਿਗੁਰੁ ਐਸਾ ਜਾਣੀਐ; ਜੋ ਸਭਸੈ ਲਏ ਮਿਲਾਇ ਜੀਉ ॥ (ਮਹਲਾ ੧/੭੨), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮਹਲਾ ੫/੭੪੭)
(3). ਹਰ ਉਹ ਖ਼ਿਆਲ; ਰੋਗ ਹੈ, ਜੋ ਸਮਾਜ ’ਚ ਵਿਤਕਰਾ, ਅੰਧ ਵਿਸ਼ਵਾਸ ਨੂੰ ਜਨਮ ਦਿੰਦੈ; ਜਿਵੇਂ ਕਿ ਫ਼ਿਰਕੂ ਸੋਚ, ਜਾਤ-ਪਾਤ, ਵਰਨ-ਆਸ਼ਰਮ, ਲਿੰਗ-ਭੇਦ (ਔਰਤ ਮਰਦ ’ਚ ਅਸਮਾਨਤਾ), ਭਰਮ-ਭੁਲੇਖਾ (ਜੋ ਝੂਠ ਨੂੰ ਤਰਜੀਹ ਦੇ ਕੇ ਸਚਾਈ ਨੂੰ ਛੁਪਾਵੇ), ਕਰਮਕਾਂਡ (ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਧਾਰਮਿਕ ਕਰਮ), ਨਸ਼ਾ ਵਗ਼ੈਰਾ।
ਸਚਾਈ ਦੇ ਉਕਤ ਤਿੰਨੇ ਪੱਖ, ਹਰ ਵਿਅਕਤੀ ਲਈ ਗੁਣਕਾਰੀ ਹਨ ਭਾਵੇਂ ਕੋਈ ਰੱਬ ਨੂੰ ਮੰਨੇ ਜਾਂ ਨਾ ਮੰਨੇ । ਗੁਰਬਾਣੀ; ਮਨੁੱਖਤਾ ਨੂੰ ਸਚਾਈ ਭਰਪੂਰ ਰੂਹਾਨੀਅਤ ਸ਼ਕਤੀ ਦੇ ਕੇ ਨਿੱਜੀ, ਪਰਿਵਾਰਕ ਤੇ ਸਮਾਜਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀ ਹੈ। ਇਸ ਰੁਤਬੇ ਨੂੰ ਪਹੁੰਚਿਆ ਬੰਦਾ, ਸਮਾਜ ਨੂੰ ਆਪਣਾ ਪਰਿਵਾਰ ਮੰਨਦਾ ਹੋਇਆ, ਖ਼ੁਦ ਕੀਤੀ ਹੱਕ-ਸੱਚ ਦੀ ਨੇਕ ਕਿਰਤ-ਕਮਾਈ ਨੂੰ ਵੀ ਇਨਸਾਨੀਅਤ ਪੱਖੋਂ ਵੰਡ ਕੇ ਛਕਦਾ ਹੈ। ਅਜਿਹੇ ਜੀਵਨ ’ਚ ਛਲ-ਕਪਟ ਦੀ ਬਦਬੋ ਨਹੀਂ ਹੁੰਦੀ, ਪਰ ਛਲ-ਕਪਟੀ ਪੂਜਾਰੀ (ਪੰਡਿਤ/ਕਾਜ਼ੀ ਆਦਿ) ਤੇ ਸਿਆਸੀ ਆਗੂ ਇਨ੍ਹਾਂ (ਰੱਬੀ ਬੰਦਿਆਂ) ਨੂੰ ਮਾਨਵਤਾ ਦੇ ਸਾਰਥਿਕ ਕਾਰਜ ਕਰਨ ਬਦਲੇ ਨਿਸ਼ਾਨਾ ਬਣਾਉਂਦੇ ਆਏ ਹਨ, ਤਾਂ ਜੋ ਲੁਕਾਈ ਨੂੰ ਆਪਣੇ ਸੁਆਰਥੀ ਹਿੱਤਾਂ ਲਈ ਵਰਤਣ ’ਚ ਕੋਈ ਰੁਕਾਵਟ ਨਾ ਆਵੇ । ਰਾਜਸੀ ਤਾਕਤ; ਪੂਜਾਰੀਆਂ ਦੀ ਮਦਦ ਨਾਲ਼ ਗੁਰੂ ਸਾਹਿਬਾਨ ਅਤੇ ਅਨੇਕਾਂ ਮਰਜੀਵੜੇ ਸਿੱਖਾਂ ਨੂੰ ਭਾਵੇਂ ਕਿ ਸ਼ਹੀਦ ਕਰਨ ’ਚ ਸਫਲ ਹੁੰਦੀ ਰਹੀ, ਪਰ ਸਮਾਜਿਕ ਪਿਆਰ ਨੇ ਹੌਸਲੇ ਬੁਲੰਦ ਰੱਖੇ, ਜਿਨ੍ਹਾਂ ਨੂੰ ਸੁਬ੍ਹਾ-ਸ਼ਾਮ ਅਰਦਾਸ ਰਾਹੀਂ ਯਾਦ ਕਰ ਸਿੱਖ ਭਾਈਚਾਰਾ ਅੱਜ ਵੀ ਨਵੀਂ ਊਰਜਾ ਪ੍ਰਾਪਤ ਕਰਦਾ ਹੈ।
ਸਿੱਖ ਇਤਿਹਾਸ ਸਿਰਜਿਆ ਹੀ ਸ਼ਹੀਦਾਂ ਦੇ ਖ਼ੂਨ ਨਾਲ਼ ਹੈ। ਇਸ ਵਿੱਚ ਗੁਰੂ ਸਾਹਿਬਾਨ (ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ) ਜੀ ਦੀ ਸ਼ਹੀਦੀ ਅਹਿਮ ਪ੍ਰੇਰਨਾ ਸਰੋਤ ਹੈ। ਸ਼ਹੀਦਾਂ ਦੀ ਕੌਮ ’ਚ ਕੌਣ, ਕਦੋਂ ਤੇ ਕਿੱਥੇ ਆਪਣੇ ਜੀਵਨ ਦੀ ਅਹੂਤੀ ਦੇ ਗਿਆ ਹੋਵੇ, ਉਸ ਦਾ ਪੂਰਨ ਇਤਿਹਾਸ ਇਕੱਤਰ ਕਰਨਾ ਅਸੰਭਵ ਹੁੰਦਾ ਹੈ ਪਰ ਸਿੱਖ ਇਤਿਹਾਸ ’ਚ ਦਰਜ ਕੁਝ ਅੰਕੜਿਆਂ ਮੁਤਾਬਕ ਪਹਿਲਾ ਸਿੱਖ ਸ਼ਹੀਦ ਭਾਈ ਤਾਰਾ ਜੀ ਨੂੰ ਮੰਨਿਆ ਗਿਆ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਦੇ ਕੇ ਪਰਉਪਕਾਰੀ ਬਣਾ ਦਿੱਤਾ ਸੀ। ਸੰਨ 1524 ’ਚ ਜਦੋਂ ਬਾਬਰ ਦੁਆਰਾ ਲਾਹੌਰ ਸ਼ਹਿਰ ਨੂੰ ਅੱਗ ਲਗਾਈ ਗਈ ਤਾਂ ਭਾਈ ਸਾਹਿਬ ਨੂੰ ਅੱਗ ਬੁਝਾਉਣ ਬਦਲੇ ਬਾਬਰ ਦੇ ਸਿਪਾਹੀਆਂ ਨੇ ਘੋੜੇ ਪਿੱਛੇ ਬੰਨ੍ਹ ਕੇ ਸ਼ਹੀਦ ਕੀਤਾ ਸੀ। ਭਾਈ ਤਾਰਾ ਜੀ; ਬਜ਼ੁਰਗ ਮਾਤਾ ਤੇ ਵਿਧਵਾ ਭੈਣ ਦਾ ਇਕਲੌਤਾ ਸਹਾਰਾ ਸੀ, ਪਰ ਫਿਰ ਵੀ ਉਨ੍ਹਾਂ ਗੁਰੂ ਨਾਨਕ ਜੀ ਦੁਆਰਾ ਦਿੱਤੀ ਗਈ ਸਿੱਖਿਆ (ਸੱਚ ਦਾ ਵਪਾਰ ਕੀਤਾ ਕਰਨਾ। ਪ੍ਰਮੇਸ਼ਰ ਦੇ ਜੀਵਾਂ ਤੇ ਪਰਉਪਕਾਰ ਕਰਨਾ।) ਨੂੰ ਪਹਿਲ ਦਿੱਤੀ। ਭਾਈ ਤਾਰਾ ਜੀ ਨੂੰ ਭਾਈ ਗੁਰਦਾਸ ਜੀ ਨੇ ਤਾਰੂ ਲਿਖ ਕੇ ਸਾਨੂੰ ਇਉਂ ਯਾਦ ਕਰਵਾਇਆ, ‘‘ਤਾਰੂ ਪੋਪਟੁ ਤਾਰਿਆ; ਗੁਰਮੁਖਿ ਬਾਲ ਸੁਭਾਇ ਉਦਾਸੀ।’’ (ਵਾਰ ੧੧ ਪਉੜੀ ੧੩)
ਗੁਰੂ ਅਰਜਨ ਸਾਹਿਬ ਜੀ ਦੀ 2 ਹਾੜ/30 ਮਈ 1606 ਈਸਵੀ ਨੂੰ ਅਸਹਿ ਸ਼ਹੀਦੀ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੋਏ ਅਚਾਨਕ 4 ਯੁੱਧਾਂ ’ਚ ਕਈ ਸਿੱਖ ਸੂਰਮੇ ਸ਼ਹੀਦ ਹੋਏ । 11 ਮੱਘਰ/11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮੇਤ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਵੀ ਆਪਣੇ ਇਰਾਦੇ ਨੂੰ ਸਫਲ ਕਰ ਗਏ। ਕਵੀ ਕੇਸ਼ਵ ਭੱਟ ਗੁਰੂ ਜੀ ਦੀ ਇਸ ਮਨਸ਼ਾ ਨੂੰ ਇਉਂ ਪੇਸ਼ ਕਰਦੇ ਹਨ : ‘ਬਾਂਹਿ ਜਿੰਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋਡੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋਡੀਏ।’ ਪਦ ਅਰਥ : ਧਰ ਪਈਐ-ਡਿੱਗ ਭਾਵ ਮਰ ਜਾਣਾ।
ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਤਿੰਨੇ ਸਿੱਖਾਂ ਦੀ ਭਿਆਨਕ ਸ਼ਹੀਦੀ ਤੋਂ ਸਾਢੇ ਚਾਰ ਮਹੀਨੇ ਬਾਅਦ (27 ਮਾਰਚ 1676 ਨੂੰ) ਔਰੰਗਜ਼ੇਬ ਹਸਨ ਅਬਦਾਲ (ਅਜੋਕੇ ਪੰਜਾ ਸਾਹਿਬ/ਪਾਕਿਸਤਾਨ) ਤੋਂ ਦਿੱਲੀ ਪਹੁੰਚਿਆ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਉੱਤੇ ਸਿੱਖਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ; ਜਿਵੇਂ ਕਿ ਇੱਕ ਸਿੱਖ ਨੇ 27 ਅਕਤੂਬਰ 1676 ਨੂੰ ਔਰੰਗਜ਼ੇਬ ਉੱਤੇ ਇੱਟਾਂ ਨਾਲ ਤਦ ਹਮਲਾ ਕਰ ਦਿੱਤਾ ਜਦ ਉਹ ਬੇੜੀ ’ਚੋਂ ਉਤਰ ਰਿਹਾ ਸੀ। ਜੂਨ-ਜੁਲਾਈ 1677 ਨੂੰ ਚਾਂਦਨੀ ਚੌਂਕ ’ਚ ਇੱਕ ਸਿੱਖ ਨੇ ਔਰੰਗਜ਼ੇਬ ਉੱਤੇ ਤਿੱਖਾ ਨੇਜ਼ਾ ਮਾਰਿਆ ਅਤੇ 19 ਅਕਤੂਬਰ 1677 ਨੂੰ ਇੱਕ ਸਿੱਖ ਨੇ ਤਲਵਾਰ ਨਾਲ ਤਦ ਔਰੰਗਜ਼ੇਬ ਉੱਤੇ ਹਮਲਾ ਕੀਤਾ ਜਦ ਉਹ ਜਾਮਾ ਮਸਜਿਦ ਦੀਆਂ ਪੌੜੀਆਂ ਤੋਂ ਉੱਤਰ ਕੇ ਘੋੜੇ ਉੱਤੇ ਚੜ੍ਹ ਰਿਹਾ ਸੀ। (ਮਆਸਿਰਿ-ਆਲਮਗੀਰੀ, ਸਫ਼ਾ 135-36)
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਧਦਾ ਮਨੁੱਖੀ ਪਿਆਰ ਹੀ ਬਿਲਾਸਪੁਰ ਦੇ ਰਾਜੇ ਭੀਮ ਚੰਦ, ਉਸ ਦੇ ਪੁੱਤਰ ਅਜਮੇਰ ਚੰਦ ਤੇ ਉਸ ਦੇ ਵਜ਼ੀਰ ਪੰਡਿਤ ਪਰਮਾ ਨੰਦ ਨੂੰ ਬੇਚੈਨ ਕਰਦਾ ਸੀ। ਮਿਸਾਲ ਵਜੋਂ ਜਦ 7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੇ ਜਥੇ ਨਾਲ਼ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਬ੍ਰਾਹਮਣ ਦੇਵਕੀ ਦਾਸ ਦੀ ਪਤਨੀ ਨੂੰ ਰਿਹਾਅ ਕਰਵਾਇਆ, ਜਿਸ ਨੂੰ ਕੁਝ ਦਿਨ ਪਹਿਲਾਂ ਉਹ ਜ਼ਬਰਨ ਖੋਹ ਕੇ ਲੈ ਗਿਆ ਸੀ ਤਾਂ ਚਾਰੋਂ ਤਰਫ਼ ਗੁਰੂ ਮਹਿਮਾ ਫੈਲ ਗਈ, ਜਿਸ ਨੂੰ ਸੁਣ ਕੇ ਰਾਜਾ ਅਜਮੇਰ ਚੰਦ ਸੜ-ਬਲ਼ ਗਿਆ ਤੇ ਉਸ ਨੇ ਮੁੜ ਗੁਰੂ ਘਰ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ (ਹਮਲੇ) ਉਸ ਨੇ ਆਪਣੀ ਦਾਦੀ (ਰਾਣੀ ਚੌਪਾ, ਜੋ ਗੁਰੂ ਪ੍ਰਤੀ ਸ਼ਰਧਾ ਰੱਖਦੀ ਸੀ) ਦੇ ਜੀਜੇ ਰਾਜਾ ਸਲਾਹੀ ਚੰਦ ਦੇ ਦਬਾਅ ਕਾਰਨ 15 ਅਕਤੂਬਰ 1700 ਈ. ਤੋਂ ਬਾਅਦ ਬੰਦ ਕਰ ਰੱਖੇ ਸਨ।
ਗੁਰੂ ਘਰ ਦੀ ਲੜਾਈ ਦਾ ਕਾਰਨ ਕਿਸੇ ਸਿਆਸੀ ਰਾਜੇ ਦੇ ਅਧਿਕਾਰਾਂ ’ਤੇ ਕਬਜ਼ਾ ਕਰਨਾ ਨਹੀਂ ਰਿਹਾ ਬਲਕਿ ਫ਼ਿਰਕੂ ਰਾਜੇ ਤੇ ਪੂਜਾਰੀ ਗਠਜੋੜ ਦੁਆਰਾ ਕੀਤੇ ਜਾਂਦੇ ਹਮਲਿਆ ਤੋਂ ਆਪਣੀ ਹਿਫ਼ਾਜ਼ਤ ਕਰਨਾ ਸੀ। ਗੁਰੂ ਨਾਨਕ ਫ਼ਲਸਫ਼ੇ ਦਾ ਸ਼ੁਰੂ ਤੋਂ ਹਾਕਮ, ਮੌਲਵੀ ਤੇ ਪੰਡਿਤਾਂ ਨਾਲ਼ ਵਿਚਾਰਕ ਟਕਰਾਅ ਰਿਹਾ ਹੈ; ਜਿਵੇਂ ਕਿ ਬਾਬਰ, ਜਹਾਂਗੀਰ, ਸ਼ੇਖ਼ ਅਹਿਮਦ ਸਾਹਰਿੰਦੀ (ਸਰਹਿੰਦੀ), ਸ਼ਾਹਜਹਾਨ, ਲੱਲਾ ਬੇਗ਼, ਕਮਰ ਬੇਗ਼, ਸੁਲਹੀ ਖ਼ਾਨ, ਵਜ਼ੀਰ ਖੱਤਰੀ ਚੰਦੂ, ਕਰਮ ਚੰਦ (ਚੰਦੂ ਦਾ ਪੁੱਤਰ), ਭਗਵਾਨ ਦਾਸ (ਚੰਦੂ ਦਾ ਕੁੜਮ), ਰਤਨ ਚੰਦ (ਭਗਵਾਨ ਦਾਸ ਦਾ ਪੁੱਤਰ), ਔਰੰਗਜ਼ੇਬ, ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖ਼ਾਨ, ਸ਼ੇਖ਼ ਸੈਫ਼-ਉਦ ਦੀਨ (ਸ਼ੇਖ਼ ਅਹਿਮਦ ਸਾਹਰਿੰਦੀ ਦੇ ਗੱਦੀ-ਨਸ਼ੀਨ, ਜਿਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਇਸਲਾਮ ’ਚ ਲਿਆਉਣ ਲਈ ਬੱਸੀ ਪਠਾਣਾਂ ਕਿਲ੍ਹੇ ’ਚ 3 ਮਹੀਨੇ ਬੰਦ ਰੱਖਿਆ), ਦਿੱਲੀ ਦਾ ਸੂਬੇਦਾਰ ਸਾਫ਼ੀ ਖ਼ਾਨ ਤੇ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ (ਜਿਨ੍ਹਾਂ ਗੁਰੂ ਤੇਗ਼ ਬਹਾਦਰ ਸਮੇਤ ਤਿੰਨ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ), ਬਿਲਾਸਪੁਰ ਦਾ ਰਾਜਾ ਭੀਮ ਚੰਦ ਤੇ ਉਸ ਦਾ ਪੁੱਤਰ ਰਾਜਾ ਅਜਮੇਰ ਚੰਦ ਤੇ ਉਸ ਦਾ ਵਜ਼ੀਰ ਪੰਡਿਤ ਪਰਮਾ ਨੰਦ, ਕੇਸਰੀ ਚੰਦ (ਭੀਮ ਚੰਦ ਦਾ ਸਾਲ਼ਾ, ਜਿਸ ਨੇ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਉਣ ਦਾ ਪ੍ਰਣ ਲਿਆ ਸੀ, ਪਰ ਭਾਈ ਉਦੈ ਸਿੰਘ ਨੇ ਇਸ ਦਾ ਹੀ ਸਿਰ ਵੱਢ ਕੇ ਗੁਰੂ ਜੀ ਅੱਗੇ ਲਿਆ ਰੱਖਿਆ) ਤੇ ਉਸ ਦਾ ਵਜ਼ੀਰ ਕਰਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਕਾਂਗੜੇ ਦਾ ਰਾਜਾ ਆਲਮ ਚੰਦ ਕਟੋਚ ਤੇ ਉਸ ਦਾ ਜਰਨੈਲ ਬਲੀਆ ਚੰਦ ਕਟੋਚ, ਸੂਬਾ ਸਰਹਿੰਦ ਵਜ਼ੀਰ ਖ਼ਾਨ, ਸੁੱਚਾ ਨੰਦ ਆਦਿ।
ਦੂਜੇ ਪਾਸੇ ਹਿੰਦੂ-ਮੁਸਲਿਮ (ਹਾਕਮ, ਮੌਲਵੀ ਤੇ ਪੰਡਿਤ) ਗੁਰੂ ਘਰ ਦੇ ਸ਼ਰਧਾਲੂ ਵੀ ਬਣੇ; ਜਿਵੇਂ ਕਿ ‘ਪਰੋਹਤ ਹਰਦਿਆਲ, ਭਾਈ ਮਰਦਾਨਾ, ਰਾਇ ਬੁਲਾਰ, ਦੌਲਤ ਖ਼ਾਨ ਲੋਧੀ (ਜਲੰਧਰ ਦਾ ਨਵਾਬ, ਜੋ ਬਾਅਦ ’ਚ ਪੰਜਾਬ ਦਾ ਗਵਰਨਰ ਬਣਿਆ), ਦੁਨੀ ਚੰਦ (ਜੋ ਬਹੁਤ ਅਮੀਰ ਸੀ, ਗੁਰੂ ਜੀ ਨੇ ਇਸ ਨੂੰ ਇੱਕ ਸੂਈ ਦਿੱਤੀ ਕਿ ਮੈ ਅੱਗੇ ਜਾ ਕੇ ਤੈਥੋਂ ਲਵਾਂਗਾ), ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਭ, ਸ਼ੇਖ਼ ਇਬਰਾਹਿਮ (ਸ਼ੇਖ਼ ਫ਼ਰੀਦ ਦੇ ਗੱਦੀਦਾਰ), ਅਕਬਰ ਬਾਦਸ਼ਾਹ, ਖ਼ੁਸਰੋ (ਜਹਾਂਗੀਰ ਦਾ ਵੱਡਾ ਪੁੱਤਰ), ਸਾਈਂ ਮੀਆਂ ਮੀਰ, ਮਲਿਕਾ ਨੂਰ ਜਹਾਂ, ਗਵਾਲੀਅਰ ਕਿਲ੍ਹੇ ਦਾ ਦਰੋਗਾ ਹਰੀ ਦਾਸ ਯਾਦਵ, ਦਾਰਾ ਸ਼ਿਕੋਹ (ਔਰੰਗਜ਼ੇਬ ਦਾ ਵੱਡਾ ਭਰਾ), ਰਾਜਾ ਜੈ ਸਿੰਹ ਮਿਰਜ਼ਾ, ਮਿਰਜ਼ਾ ਬੇਗ਼, ਤ੍ਰਿਪੁਰੇ ਦਾ ਰਾਜਾ ਰਾਮ ਸਿੰਹ ਤੇ ਉਸ ਦਾ ਪੁੱਤਰ ਰਤਨ ਰਾਏ (ਜੋ ਅਨੰਦਪੁਰ ’ਚ ਗੁਰੂ ਜੀ ਪਾਸ ਸੰਨ 1680 ’ਚ ਪੰਜ ਮਹੀਨੇ ਰਿਹਾ ਤੇ ਇਨ੍ਹਾਂ ਨੇ ਗੁਰੂ ਸਾਹਿਬ ਨੂੰ ਪਰਸਾਦੀ (ਸਫ਼ੈਦ) ਹਾਥੀ ਭੇਂਟ ਕੀਤਾ, ਜਿਸ ਨੂੰ ਖੋਹਣ ਲਈ ਭੀਮ ਚੰਦ ਤੇ ਗੜ੍ਹਵਾਲ ਦੇ ਰਾਜੇ ਫ਼ਤਿਹ ਚੰਦ ਨੇ 18 ਸਤੰਬਰ 1688 ’ਚ ਭੰਗਾਣੀ ਦਾ ਯੁੱਧ ਕੀਤਾ, ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼, ਸਢੌਰਾ (ਅੰਬਾਲਾ) ਨਿਵਾਸੀ ਪੀਰ ਬੁਧੂ ਸ਼ਾਹ ਆਦਿ। ਇਸ ਵਿਸਥਾਰ ਦਾ ਮਤਲਬ ਇਹ ਸਿੱਧ ਕਰਨਾ ਹੈ ਕਿ ਗੁਰੂ ਜੀ ਕਿਸੇ ਇੱਕ ਵਿਸ਼ੇਸ਼ ਸਮੁਦਾਇ ਵਿਰੁਧ ਨਹੀਂ ਸਨ।
ਗੁਰੂ ਸਾਹਿਬਾਨ ਅੰਦਰ ਕੋਈ ਡਰ-ਘਬਰਾਹਟ ਨਹੀਂ ਵੇਖੀ ਗਈ; ਜਿਵੇਂ ਕਿ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ ਕਹਿਣਾ, ਮਲਕ ਭਾਗੋ ਦੇ ਸ਼ਾਹੀ ਭੋਜ ’ਚ ਜਾਣ ਤੋਂ ਇਨਕਾਰ ਕਰਨਾ, ਗੁਰੂ ਅੰਗਦ ਸਾਹਿਬ ’ਤੇ ਹਮਲਾ ਕਰਨ ਲਈ ਬਾਦਸ਼ਾਹ ਹਮਾਯੂੰ ਵੱਲੋਂ ਤਲਵਾਰ ਕੱਢਣ ’ਤੇ ਗੁਰੂ ਦਾ ਜਵਾਬ ਕਿ ਇਹ ਤਲਵਾਰ ਸ਼ੇਰ ਸ਼ਾਹ ਸੂਰ (ਸੂਰੀ) ਅੱਗੇ ਕੱਢਣੀ ਸੀ ਜਿੱਥੋਂ ਤੂੰ ਹਾਰ ਕੇ ਭੱਜਿਆ ਹੈਂ, ਗੁਰੂ ਹਰਿਰਾਏ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੁਆਰਾ ਔਰੰਗਜ਼ੇਬ ਨੂੰ ਮਿਲਣ ਤੋਂ ਮਨ੍ਹਾ ਕਰਨਾ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਦੁਆਰਾ ਆਪਣੇ ਆਪ ਹੀ ਸ਼ਹੀਦੀ ਦੇਣ ਲਈ ਚਲੇ ਜਾਣਾ ਆਦਿ ਸੰਕੇਤ ਗੁਰਬਾਣੀ ਦੀ ਇਸ ਕਥਨੀ ਨੂੰ ਕਰਨੀ ’ਚ ਤਬਦੀਲ ਕਰਦੇ ਜਾਪਦੇ ਹਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ ਜੀ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥ (ਮਹਲਾ ੧/੧੪੧੨), ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮਹਲਾ ੯/੧੪੨੭) ਆਦਿ।
ਸਿਧ ਗੋਸਟਿ ’ਚ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛੇ ਗਏ ਸਵਾਲ ਕਿ ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥’’ (ਮਹਲਾ ੧/੯੪੨) ਦਾ ਦਿੱਤਾ ਗਿਆ ਜਵਾਬ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮਹਲਾ ੧/੯੪੩) ਤੋਂ ਸਪਸ਼ਟ ਹੁੰਦੈ ਕਿ ਸਿੱਖਾਂ ਦਾ ਗੁਰੂ; ਸਰੀਰਕ ਜਾਮੇ ’ਚ ਸੀਮਤ ਸਮੇਂ ਤੱਕ ਹੀ ਰਹੇਗਾ।
ਗੁਰੂ ਕਾਲ ਦੇ 239 (1469-1708) ਸਾਲ ਦੇ ਇਤਿਹਾਸ ਨੂੰ ਅਗਰ ਗਹੁ ਨਾਲ਼ ਵਾਚੀਏ ਤਾਂ ਇਹ ਸੰਕੇਤ ਵੀ ਮਿਲਦਾ ਹੈ ਕਿ ਪਹਿਲੇ ਤਿੰਨ ਗੁਰੂ ਵੰਸ਼ਜ (ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਕਿਤੇ ਨਾ ਕਿਤੇ ਓਨੇ ਸਫਲ ਨਾ ਰਹੇ।, ਅਗਲੇ ਪੰਜ ਗੁਰੂ ਵੰਸ਼ਜ (ਬਾਬਾ ਪ੍ਰਿਥੀ ਚੰਦ, ਮਹਾਦੇਵ ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਮੱਲ, ਬਾਬਾ ਅਟਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ, ਗੁਰੂ ਹਰਿਰਾਇ ਸਾਹਿਬ, ਬਾਬਾ ਰਾਮਰਾਇ, ਗੁਰੂ ਹਰਿਕ੍ਰਿਸ਼ਨ ਜੀ) ਵਿੱਚੋਂ ਬਹੁਤੇ ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਸਫਲ ਰਹੇ ਅਤੇ ਅੰਤਮ ਦੋ ਗੁਰੂ ਵੰਸ਼ਜ (ਗੁਰੂ ਗੋਬਿੰਦ ਸਿੰਘ ਅਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਪੂਰਨ ਤੌਰ ’ਤੇ ਪ੍ਰਪੱਕ ਰਹੇ, ਤੋਂ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਕੇਵਲ ਸਾਨੂੰ ਹੀ ਨਹੀਂ ਬਲਕਿ ਸਾਡੀ ਨਸਲ ਨੂੰ ਵੀ ਧਰਮੀ ਬਣਾਉਣ ਲਈ ਆਪਣੇ 239 ਸਾਲ ਦੇ ਵੰਸ਼ਜ ਦੀ ਮਿਸਾਲ ਨਾਲ਼ ‘ਸ਼ਬਦ ਗੁਰੂ’ ਦੇ ਲੜ ਲਗਾ ਕੇ ਆਪਣੇ ਸਰੀਰ ਗੁਰੂ ਰਾਹੀਂ ਅਗਵਾਈ ਕਰਨ ਵਾਲ਼ੀ ਜ਼ਿੰਮੇਵਾਰੀ ਤੋਂ ਸਦਾ ਲਈ ਮੁਕਤ ਹੋਣਾ ਚਾਹੁੰਦੇ ਸਨ। ਗੁਰੂ ਕਾਲ ਦੇ ਅੰਤਮ ਵੰਸ਼ਜ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਵਿਚਾਰਿਆਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਕਾਲ ਤੋਂ ਆਪਣੇ ਉੱਤਰਾਧਿਕਾਰੀ ਦੀ ਪਰਖ ਕਰਦਿਆਂ, ਗੁਰੂ ਸਿਧਾਂਤ ਪ੍ਰਤੀ ਜੋ ਨਿਸ਼ਚਾ ਵੇਖਿਆ ਗਿਆ ਉਹੀ ਨਿਸ਼ਚਾ ਚਾਰੇ ਸਾਹਿਬਜ਼ਾਦੇ ਦੇ ਰੋਮ-ਰੋਮ ’ਚ ਸਮਾਇਆ ਹੋਇਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਉਹ ਸ਼ਹੀਦ ਤਾਂ ਹੋ ਗਏ ਪਰ ਗੁਰੂ ਮਰਿਆਦਾ ਨੂੰ ਢਾਹ ਨਾ ਲੱਗਣ ਦਿੱਤੀ । ਇਹ ਹੈ ਚਾਰ ਸਾਹਿਬਜ਼ਾਦਿਆਂ ਦੀ ਜੀਵਨ ਯਾਤਰਾ ਦਾ ਸੰਖੇਪ ’ਚ ਵੇਰਵਾ :
ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ, ਮਾਤਾ ਸੁੰਦਰੀ ਜੀ (ਜਿਨ੍ਹਾਂ ਦੇ ਪੇਕੇ ਘਰ ਦਾ ਨਾਂ ਮਾਤਾ ਜੀਤਾਂ ਜੀ ਸੀ) ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 26 ਜਨਵਰੀ 1687 ਈਸਵੀ (ਪਾਉਂਟਾ ਸਾਹਿਬ) ਵਿਖੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਅਨੰਦਪੁਰ ਵਿਖੇ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ 28 ਨਵੰਬਰ 1696 ਈਸਵੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਜਨਮ ਫ਼ਰਵਰੀ 1698 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ।
ਸਾਹਿਬਜ਼ਾਦਿਆਂ ਦੀ ਮੁੱਢਲੀ ਸੇਵਾ ਸੰਭਾਲ਼ ਦਾਦੀ ਮਾਤਾ ਗੁਜਰ ਕੌਰ (1619-1705) ਜੀ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਬੱਚਿਆਂ ਅੰਦਰ ਗੁਰੂ ਸਿਧਾਂਤ, ਗੁਰੂ ਇਤਿਹਾਸ ਨੂੰ ਚੰਗੀ ਤਰ੍ਹਾਂ ਪ੍ਰਪੱਕ ਕੀਤਾ। ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੀ ਨਿਗਰਾਨੀ ’ਚ ਬੱਚਿਆਂ ਨੂੰ ਘੋੜ ਸਵਾਰੀ, ਸ਼ਸਤਰ ਵਿੱਦਿਆ, ਤੀਰ-ਅੰਦਾਜ਼ੀ ਵਿੱਚ ਨਿਪੁੰਨ ਕੀਤਾ। ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਘਰ ’ਤੇ ਹੁੰਦੇ ਹਮਲਿਆਂ ਦੌਰਾਨ ਹਰ ਲੜਾਈ ’ਚ ਵਧ-ਚੜ੍ਹ ਕੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਰਹੇ। ਚਾਰੇ ਸਾਹਿਬਜ਼ਾਦਿਆਂ ਨੇ ਅੰਮ੍ਰਿਤਪਾਨ ਕਰ ਆਪਣੇ ਨਾਂ ਦੇ ਪਿੱਛੇ ‘ਸਿੰਘ’ ਸ਼ਬਦ ਲਗਾਇਆ।
ਗੁਰੂ ਘਰ ਉੱਤੇ ਹੁੰਦੇ ਵਿਰੋਧੀਆਂ ਦੇ ਹਮਲਿਆਂ ਦੌਰਾਨ ਬਾਬਾ ਅਜੀਤ ਸਿੰਘ ਜੀ ਦਾ ਜਥਾ ਕਿਲ੍ਹਾ ਤਾਰਾਗੜ੍ਹ ਵਿਖੇ ਤਾਇਨਾਤ ਸੀ, ਜੋ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਪਹਾੜੀ ਵੱਲ ਹੈ। ਇਸੇ ਤਰਫ਼ ਬਿਲਾਸਪੁਰ ਦੇ ਰਾਜਾ ਅਜਮੇਰ ਚੰਦ ਦਾ ਇਲਾਕਾ ਸੀ, ਜੋ ਗੁਰੂ ਘਰ ਦੀ ਚੜ੍ਹਤ ਵੇਖ ਅਤੇ ਆਪਣੇ ਵਜ਼ੀਰ ਪੰਡਿਤ ਪਰਮਾ ਨੰਦ (ਜੋ ਕਿ ਪਹਿਲਾਂ ਰਾਜਾ ਭੀਮ ਚੰਦ ਦਾ ਵਜ਼ੀਰ ਰਿਹਾ ਸੀ) ਤੋਂ ਗੁਰੂ ਘਰ ਬਾਰੇ ਗ਼ਲਤ ਸੂਚਨਾਵਾਂ ਸੁਣ-ਸੁਣ ਕੇ ਸਦਾ ਸੜਦਾ ਰਹਿੰਦਾ ਸੀ। 29 ਅਕਤੂਬਰ 1700 ਈਸਵੀ ਦਿਨ ਵੀਰਵਾਰ ਨੂੰ ਅਜਮੇਰ ਚੰਦ ਨੇ ਇਸ ਕਿਲ੍ਹੇ ’ਤੇ ਅਚਾਨਕ ਹਮਲਾ ਕਰ ਦਿੱਤਾ। ਤਦ ਬਾਬਾ ਅਜੀਤ ਸਿੰਘ ਜੀ ਨਾਲ਼ ਕੇਵਲ ਗਿਣਤੀ ਦੇ ਹੀ ਸਿੰਘ ਸਨ। ਅਨੰਦਪੁਰ ਸਾਹਿਬ ਤੋਂ ਭਾਈ ਉਦੈ ਸਿੰਘ ਜੀ ਦੀ ਕਮਾਂਡ ਹੇਠ 100 ਸਿੰਘਾਂ ਦਾ ਜਥਾ ਆਉਣ ਤੱਕ ਬਾਬਾ ਜੀ ਨੇ ਇਸ ਹਮਲੇ ਨੂੰ ਪਛਾੜਨ ਲਈ ਆਪਣੇ ਸਿੰਘਾਂ ਤੋਂ ਜਥਿਆਂ ਦੇ ਰੂਪ ’ਚ ਮੁਕਾਬਲਾ ਕਰਵਾਇਆ ਅਤੇ ਤਿੰਨ ਘੰਟਿਆਂ ਬਾਅਦ ਪਹਾੜੀ ਫ਼ੌਜ ਆਪਣਾ ਨੁਕਸਾਨ ਹੁੰਦਾ ਵੇਖ ਵਾਪਸ ਭੱਜ ਗਈ । ਇਸ ਹਮਲੇ ’ਚ ਭਾਈ ਕਲਿਆਣ ਸਿੰਘ (ਸਪੁੱਤਰ ਸ਼ਹੀਦ ਭਾਈ ਦਿਆਲਾ ਜੀ), ਭਾਈ ਮੰਗਤ ਸਿੰਘ (ਭਰਾ ਭਾਈ ਫੇਰੂ ਮੱਲ ਉਰਫ਼ ਸੱਚੀ ਦਾੜ੍ਹੀ) ਸ਼ਹੀਦ ਹੋ ਗਏ ਅਤੇ ਪਹਾੜੀ ਰਾਜਿਆਂ ਦੇ ਕਈ ਸੈਨਿਕ ਮਾਰੇ ਗਏ ਤੇ ਉਨ੍ਹਾਂ ਦਾ ਆਗੂ ਘੁਮੰਡ ਚੰਦ, ਭਾਈ ਉਦੈ ਸਿੰਘ ਹੱਥੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
15 ਮਾਰਚ 1701 ਈਸਵੀ ਨੂੰ ਪਹਾੜੀ ਇਲਾਕੇ ’ਚੋਂ ਗੁਰੂ ਘਰ ਆ ਰਹੀ ਸੰਗਤ ਨੂੰ ਪਿੰਡ ਬਜਰੌੜ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਗੁੱਜਰਾਂ ਤੇ ਰੰਘੜਾਂ ਨੇ ਲੁੱਟ ਲਿਆ। ਸੰਗਤ ਨੇ ਜਦ ਆਪ ਬੀਤੀ ਗੁਰੂ ਸਾਹਿਬ ਜੀ ਨੂੰ ਆ ਕੇ ਸੁਣਾਈ ਤਾਂ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਜੀ ਦੀ ਕਮਾਨ ਹੇਠ ਗਏ 100 ਸਿੰਘਾਂ ਨੇ ਲੁਟੇਰਿਆਂ ਦੇ ਮੁਖੀ ਚਿੱਤੂ ਤੇ ਮਿੱਤੂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਤੇ ਲੁੱਟੀ ਹੋਈ ਸਮੱਗਰੀ ਵਾਪਸ ਗੁਰੂ ਘਰ ਲੈ ਆਂਦੀ।
7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੀ ਫ਼ੌਜ ਲੈ ਕੇ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਦੇਵਕੀ ਦਾਸ ਬ੍ਰਾਹਮਣ ਦੀ ਪਤਨੀ ਨੂੰ ਕੈਦ ’ਚੋਂ ਮੁਕਤ ਕਰਵਾਇਆ।
ਪਹਾੜੀ ਰਾਜਿਆਂ ਦੁਆਰਾ ਖਾਧੀਆਂ ਗਊ ਦੀਆਂ ਕਸਮਾਂ ਅਤੇ ਔਰੰਗਜ਼ੇਬ ਦਾ ਲਿਖਿਆ ਖ਼ਤ ਵਿਖਾ ਕੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਕੁਝ ਸਮੇਂ ਲਈ ਖ਼ਾਲੀ ਕਰਨ ਨੂੰ ਕਿਹਾ ਗਿਆ ਤਾਂ ਜੋ ਇਸ ਇਲਾਕੇ ’ਚ ਸ਼ਾਂਤੀ ਹੋਣ ਉਪਰੰਤ ਗੁਰੂ ਜੀ ਵਾਪਸ ਆ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖ ਲੈਣ, ਪਰ ਪਹਾੜੀ ਤੇ ਸ਼ਾਹੀ ਫ਼ੌਜ ਦਾ ਇਹ ਸੁਝਾਅ ਕੇਵਲ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਅਜਮੇਰ ਚੰਦ ਨੇ ਹੰਡੂਰੀ, ਗੁੱਜਰ, ਰੰਘੜ ਤੇ ਸੂਬਾ ਸਰਹਿੰਦ ਦੀ ਫ਼ੌਜ ਸਮੇਤ ਅਨੰਦਪੁਰ ਸਾਹਿਬ ਨੂੰ 13 ਮਾਰਚ 1705 ਤੋਂ 5 ਦਸੰਬਰ 1705 ਤੱਕ (ਲਗਭਗ 9 ਮਹੀਨੇ 9 ਦਿਨ) ਘੇਰਾ ਪਾ ਰੱਖਿਆ ਸੀ ਪਰ ਫਿਰ ਵੀ ਕੋਈ ਵੱਡੀ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਸੀ।
ਗੁਰੂ ਜੀ ਨੇ ਮੁਖੀ ਸਿੰਘਾਂ ਨੂੰ ਇਕੱਤਰ ਕਰ ਖ਼ਾਲਸਾਈ ਫ਼ੌਜ ਨੂੰ ਅਲੱਗ-ਅਲੱਗ ਜਥਿਆਂ ’ਚ ਵੰਡ ਕੇ ਅਨੰਦਪੁਰ ਸਾਹਿਬ ਖ਼ਾਲੀ ਕਰਨ ਦਾ ਮਨ ਬਣਾ ਲਿਆ। ਇਸ ਸਮੇਂ ਅਨੰਦਪੁਰ ’ਚ ਲਗਭਗ 500 ਸਿੰਘ ਮੌਜੂਦ ਸਨ, ਜਿਨ੍ਹਾਂ ’ਚੋਂ 100 ਦਾ ਜਥਾ ਭਾਈ ਬਚਿੱਤਰ ਸਿੰਘ ਨਾਲ਼, 100 ਦਾ ਜਥਾ ਭਾਈ ਜੀਵਨ ਸਿੰਘ ਨਾਲ਼, 100 ਸਿੰਘਾਂ ਦਾ ਜਥਾ ਮਾਤਾ ਗੁਜਰ ਕੌਰ ਜੀ, ਦੋ ਛੋਟੇ ਸਾਹਿਬਜ਼ਾਦਿਆਂ, ਦੋ ਸੇਵਾਦਾਰਾਂ (ਭਾਈ ਦੁੱਨਾ ਸਿੰਘ ਜੀ ਤੇ ਬੀਬੀ ਸੁਭਿੱਖੀ ਜੀ) ਨਾਲ਼, 100 ਦਾ ਜਥਾ ਬਾਬਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਨਾਲ਼, 50 ਦਾ ਜਥਾ ਭਾਈ ਉਦੈ ਸਿੰਘ ਜੀ ਨਾਲ਼ ਤੇ 40 ਸਿੰਘਾਂ ਦਾ ਜਥਾ ਗੁਰੂ ਜੀ ਨੇ ਆਪਣੇ ਨਾਲ਼ ਰੱਖਿਆ।
ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਤਾਰਾ ਕੌਰ ਜੀ ਤੇ ਭਾਈ ਜੇਠਾ ਜੀ ਨੂੰ ਪਹਿਲਾਂ ਹੀ ਅਨੰਦਪੁਰ ਸਾਹਿਬ ਤੋਂ ਬੁਰਹਾਨਪੁਰ (ਮੱਧ ਪ੍ਰਦੇਸ਼) ਨੂੰ ਭੇਜਿਆ ਜਾ ਚੁੱਕਾ ਸੀ। ਇਨ੍ਹਾਂ ਨਾਲ਼ ਭਾਈ ਮਨੀ ਸਿੰਘ ਜੀ ਨਹੀਂ ਸਨ ਕਿਉਂਕਿ ਅਪਰੈਲ 1699 ਦੀ ਵਿਸਾਖੀ ਨੂੰ ਗੁਰੂ ਕੇ ਚੱਕ (ਅੰਮ੍ਰਿਤਸਰ) ਤੋਂ ਆਈ ਸੰਗਤ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਮੀਣੇ ਦਰਬਾਰ ਸਾਹਿਬ (ਅੰਮ੍ਰਿਤਸਰ) ਖ਼ਾਲੀ ਕਰ ਕੇ ਭੱਜ ਗਏ ਹਨ ਅਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਤਦ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸੇਵਾ ਸੰਭਾਲ਼ਣ ਲਈ ਨਿਯੁਕਤ ਕੀਤਾ ਸੀ।
ਸਭ ਤੋਂ ਅੱਗੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਵਾਲ਼ਾ ਜਥਾ ਕੀਰਤਪੁਰ ਵੱਲ ਭੇਜਿਆ ਗਿਆ, ਇਸ ਤੋਂ ਬਾਅਦ ਭਾਈ ਉਦੈ ਸਿੰਘ ਵਾਲ਼ਾ ਜਥਾ, ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਲ਼ਾ, ਫਿਰ ਭਾਈ ਬਚਿੱਤਰ ਸਿੰਘ ਵਾਲ਼ਾ ਤੇ ਅੰਤ ’ਚ ਭਾਈ ਜੀਵਨ ਸਿੰਘ ਜੀ ਦਾ ਜਥਾ ਰਵਾਨਾ ਕੀਤਾ ਗਿਆ, ਪਰ ਛਲ-ਕਪਟੀ ਪਹਾੜੀਆਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ ਭਾਈ ਜੀਵਨ ਸਿੰਘ ਜੀ ਦੇ ਜਥੇ ’ਤੇ ਹਮਲਾ ਕਰ ਦਿੱਤਾ। ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਬਖ਼ਸ਼ ਕੇ ਭਾਈ ਉਦੈ ਸਿੰਘ ਜੀ ਨੂੰ ਸ਼ਾਹੀ ਟਿੱਬੀ ’ਤੇ ਤਾਇਨਾਤ ਕਰ ਦਿੱਤਾ। ਇਨ੍ਹਾਂ ਅਨੁਸਾਰ ਹੀ ਇੱਥੇ ਹੋਏ ਦੂਜੇ ਹਮਲੇ ’ਚ ਭਾਈ ਉਦੈ ਸਿੰਘ ਦਾ ਸੀਸ ਵੱਢ ਕੇ ਰੋਪੜ ਦੇ ਨਵਾਬ ਪਾਸ ਭੇਜਿਆ ਗਿਆ ਤੇ ਕਿਹਾ, ‘ਅਸੀਂ ਗੁਰੂ ਨੂੰ ਮਾਰ ਦਿੱਤਾ ਹੈ।’
ਭੱਟ ਵਹੀ ਮੁਲਤਾਨੀ ਸਿੰਧੀ ’ਚ ਪਹਿਲੇ ਹਮਲੇ ਦੌਰਾਨ ਭਾਈ ਜੀਵਨ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ ਸ਼ਹੀਦ ਹੋਣ ਬਾਰੇ ਇਉਂ ਦਰਜ ਹੈ, ‘ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ.. ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ.. ਰਾਣੇ ਦੀ ਫ਼ੌਜ ਗੈਲ ਦਸ ਘਰੀ ਜੂਝ ਕੇ ਮਰਾ। ਆਗੇ ਗੁਰੂ ਭਾਣੇ ਕਾ ਖਾਵਿੰਦ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਗੁਰੂ ਜਪਨਾ ਜਨਮ ਸਊਰੈਗਾ।’
ਦੂਜੀ ਲੜਾਈ ਭਾਈ ਉਦੈ ਸਿੰਘ ਜੀ ਦੇ ਜਥੇ ਦੇ 50 ਸਿੰਘਾਂ ਨਾਲ਼ ਹੋਈ। ਭੱਟ ਵਹੀ ਕਰਸਿੰਧੂ ’ਚ ਇਸ ਬਾਰੇ ਇਉਂ ਜ਼ਿਕਰ ਹੈ, ‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ….ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।’
ਤੀਜਾ ਜਥਾ ਭਾਈ ਬਚਿੱਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ਼ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ ਦੀ ਜੂਹ ਵਿੱਚ ਭਿੜ ਪਿਆ, ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਬਾਬਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿੱਤਰ ਸਿੰਘ ਨੂੰ ਉੱਥੋਂ ਬਚਾ ਕੇ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਵਿਖੇ ਲੈ ਆਏ। ਇਹ ਯੁੱਧ 6-7 ਪੋਹ/ 5 ਤੇ 6 ਦਸੰਬਰ 1705 ਈਸਵੀ ਦੀ ਰਾਤ ਨੂੰ ਹੋਇਆ ਅਤੇ ਇਹ ਰਾਤ ਗੁਰੂ ਜੀ ਨੇ ਭਾਈ ਨਿਹੰਗ ਖ਼ਾਨ ਦੇ ਘਰ ਬਿਤਾਈ।
ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਮੁਤਾਬਕ ਹਮਲਿਆਂ ਦੀ ਸ਼ੁਰੂਆਤ ਤੱਕ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ ਤੇ ਦੋ ਸੇਵਾਦਾਰਾਂ ਸਰਸਾ ਨਦੀ ਪਾਰ ਕਰ ਚੁੱਕੇ ਸਨ, ਜੋ ਬਾਅਦ ’ਚ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਪਹੁੰਚੇ । ਇਸ ਦਿਨ ਸਰਸਾ ਨਦੀ ਵਿੱਚ ਕਈ ਸਿੰਘਾਂ ਦੀਆਂ ਜਾਨਾਂ ਤੇ ਬਹੁਤ ਸਾਰਾ ਸਾਹਿਤਕ ਖ਼ਜ਼ਾਨਾ ਹੱਥੋਂ ਚਲਾ ਗਿਆ।
8 ਪੋਹ/7 ਦਸੰਬਰ ਨੂੰ ਸੁਬ੍ਹਾ ਨਿਹੰਗ ਖ਼ਾਨ ਦਾ ਬੇਟਾ ਆਲਮ ਖ਼ਾਨ ਗੁਰੂ ਜੀ ਨਾਲ਼ ਬੂਰ ਮਾਜਰੇ ਤੱਕ ਗਿਆ। ਇੱਥੋਂ ਗੁਰੂ ਜੀ, ਦੋ ਵੱਡੇ ਸਾਹਿਬਜ਼ਾਦੇ ਅਤੇ 44 ਸਿੰਘ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉੱਚੀ ਜਗ੍ਹਾ ’ਤੇ ਸਥਿਤ ਇੱਕ ਕੱਚੀ ਗੜ੍ਹੀ ਨੂੰ ਸੁਰੱਖਿਆ ਵਜੋਂ ਦਰੁਸਤ ਮੰਨ ਕੇ ਟਿਕਾਣਾ ਬਣਾਇਆ ਤੇ ਸ਼ਾਮ ਨੂੰ ਰਹਰਾਸਿ ਦਾ ਪਾਠ ਕੀਤਾ, ‘‘ਰਹਰਾਸਿ ਕਾ ਦੀਵਾਨ ਸਜਾਯਾ ਗੁਰੂ ਜੀ ਨੇ । ਮਿਲ ਜੁਲ ਕੇ ਸ਼ਰੇ–ਸ਼ਾਮ ਭਜਨ ਗਾਏ ਸਭੀ ਨੇ ।’’ (ਗੰਜਿ ਸ਼ਹੀਦਾਂ/ਅੱਲਾ ਯਾਰ ਖ਼ਾਂ ਯੋਗੀ)
(ਨੋਟ : ਉਕਤ ਦਿੱਤੀਆਂ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੀਆਂ ਤਾਰੀਖ਼ਾਂ ਤੋਂ ਇਹ ਭੁਲੇਖਾ ਨਾ ਰਹੇ ਕਿ ਹੁਣ 6/7 ਪੋਹ ਨੂੰ 5/6 ਦਸੰਬਰ ਜਾਂ 8 ਪੋਹ ਨੂੰ 7 ਦਸੰਬਰ ਕਿਉਂ ਨਹੀਂ ਆ ਰਿਹਾ, ਇਸ ਦਾ ਕਾਰਨ ਹੈ ਕਿ ਅਜੋਕੇ ਕੈਲੰਡਰ ’ਚ 2 ਸਤੰਬਰ 1752 ਈਸਵੀ (ਬੁੱਧਵਾਰ) ਤੋਂ ਅਗਲਾ ਦਿਨ ਵੀਰਵਾਰ ਸਿੱਧਾ ਹੀ 11 ਤਾਰੀਖ਼ਾਂ ਵਧਾ ਕੇ 14 ਸਤੰਬਰ 1752 ਕਰ ਦਿੱਤਾ ਗਿਆ ਸੀ ਤਾਂ ਜੋ ਇਸ ਨੂੰ ਮੌਸਮੀ ਕੈਲੰਡਰ ਦੇ ਨੇੜੇ ਲਿਆਂਦਾ ਜਾ ਸਕੇ।)
ਗੁਰੂ ਜੀ ਕਾਇਰਾਂ ਵਾਙ ਛੁਪੇ ਨਹੀਂ ਸਗੋਂ 10 ਪੋਹ/9 ਦਸੰਬਰ ਨੂੰ ਸੁਬ੍ਹਾ ਹੋਣ ਵਾਲ਼ੀ ਵੱਡੀ ਜੰਗ ਵਾਸਤੇ 8 ਤੇ 9 ਦਸੰਬਰ ਵਾਲ਼ੀ ਰਾਤ ਨੂੰ ਗੜ੍ਹੀ ਦੇ ਚਾਰੋਂ ਤਰਫ਼ ਦਾ ਮੁਆਇਨਾ ਕਰਦੇ ਰਹੇ । ਗੁਰੂ ਜੀ; ਆਪਣੇ ਜ਼ਫ਼ਰਨਾਮੇ ’ਚ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਮੇਰੇ 40 ਭੁੱਖੇ ਭਾਣੇ ਬੰਦੇ ਹੋਰ ਕਿੰਨਾ ਕੁ ਕਰ ਸਕਦੇ ਸਨ ਜਦੋਂ ਕਿ ਉਨ੍ਹਾਂ ਉੱਤੇ 10 ਲੱਖ ਸੈਨਿਕ ਟੁੱਟ ਕੇ ਆ ਪਏ, ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ?॥੧੯॥’’
ਮੁਖ਼ਬਰਾਂ ਪਾਸੋਂ ਰਾਤ ਨੂੰ ਮਿਲੀ ਸੂਚਨਾ ਮੁਤਾਬਕ ਸਵੇਰੇ, ਕੱਚੀ ਗੜ੍ਹੀ ਨੂੰ ਚਾਰੋਂ ਤਰਫ਼ੋਂ ਘੇਰ ਲਿਆ ਗਿਆ। 9 ਦਸੰਬਰ ਨੂੰ ਪੂਰਾ ਦਿਨ ਸੰਸਾਰ ਦਾ ਬੇਜੋੜ ਯੁੱਧ ਹੋਇਆ ਕਿਉਂਕਿ ਇੱਕ-ਇੱਕ ਸਿੰਘ ਨੇ ਹਜ਼ਾਰਾਂ ਹਮਲਾਵਰਾਂ ਨਾਲ਼ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸ਼ਾਹੀ ਫ਼ੌਜ, ਸਿੰਘਾਂ ਦੇ ਗੜ੍ਹੀ ’ਚੋਂ ਬਾਹਰ ਆ ਕੇ ਗਰੁਪਾਂ ’ਚ ਹਮਲਾ ਕਰਨ ਦੇ ਤਰੀਕੇ ਤੋਂ ਇੰਨੀ ਡਰੀ ਹੋਈ ਸੀ ਕਿ ਇੱਕ ਸਿੰਘ ਦੇ ਸ਼ਹੀਦ ਹੋਣ ’ਤੇ ਵੀ ਆਖਦੇ ਕਿ ਚੰਗਾ ਹੋਇਆ ਬਲਾ ਟਲ ਗਈ, ‘‘ਤਲਵਾਰ ਵੁਹ ਖ਼ੂੰਖ਼ਾਰ ਥੀ, ਤੋਬਾ ਹੀ ਭਲੀ ਥੀ । ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ ।’’ (ਅੱਲਾ ਯਾਰ ਖਾਂ ਯੋਗੀ)
ਅੱਲਾ ਯਾਰ ਖਾਂ ਯੋਗੀ ਦੇ ਇਸ ਕਥਨ ਕਿ ‘‘ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ । ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਯੇ ।’’ ਮੁਤਾਬਕ ਸ਼ਾਮ ਤੱਕ ਦੋ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ) ਤੋਂ ਇਲਾਵਾ 40 ਸਿੰਘ ਦੁਸ਼ਮਣਾਂ ਨੂੰ ਭਾਜੜਾ ਪਾਉਂਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਂ ਹਨ ‘‘ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ (ਉਹ ਗੁਰਮੁਖ, ਜਿਨ੍ਹਾਂ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸੋਂ ਮਦਦ ਲੈਣ ਅਨੰਦਪੁਰ ਸਾਹਿਬ ਆਏ।), ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਾਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ ਅਤੇ ਰਤਨ ਸਿੰਘ।’’ (ਮਹਾਨ ਕੌਸ਼)
ਗੁਰੂ ਸਾਹਿਬ ਨੇ ਗੜ੍ਹੀ ’ਚੋਂ ਤੀਰਾਂ ਨਾਲ਼ ਅਚੂਕ ਹਮਲੇ ਕਰ ਕੇ ਮੁਗ਼ਲ ਸਰਦਾਰ ਨਾਹਨ ਖ਼ਾਂ (ਮਲੇਰਕੋਟਲਾ ਨਿਵਾਸੀ) ਸਮੇਤ ਅਣਗਿਣਤ ਮੁਗ਼ਲ ਸਰਦਾਰ ਅਤੇ ਸੈਨਿਕ ਮਾਰੇ। 9 ਤੇ 10 ਦਸੰਬਰ ਦੀ ਰਾਤ ਨੂੰ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ) ਦੁਆਰਾ ਲਏ ਗਏ ਫ਼ੈਸਲੇ ਉਪਰੰਤ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ ਗਈ। ਭਾਈ ਸੰਤੋਖ ਸਿੰਘ ਅਨੁਸਾਰ ਇਨ੍ਹਾਂ ਪੰਜਾਂ ਪਿਆਰਿਆਂ ’ਚੋਂ ਬਾਅਦ ’ਚ ਸਥਿਤੀ ਨੂੰ ਸੰਭਾਲਣ ਲਈ ਗੁਰੂ ਜੀ ਨੇ ਭਾਈ ਸੰਤ ਸਿੰਘ ਨੂੰ ਆਪਣਾ ਤੁਰਰਾ ਤੇ ਕਲਗੀ ਬਖ਼ਸ਼ੀ, ‘‘ਪੰਚਹੁਂ ਮੇ ਕਲਗੀ ਕਿਂਹ ਦੀਨਸ ?, ਸੋ ਨਿਰਨੈ ਸੁਨੀਐ ਮਨ ਲਾਇ, ਸੰਤ ਸਿੰਘ ਖਤ੍ਰੀ ਸਿਖ ਸੁਭ ਮਤਿ, ਥਾਪ੍ਯੋ ਪੰਚਹੁਂ ਮੇ ਵਡਿਆਈ। ਤਿਸ ਕੋ ਗੁਰੁਤਾ (ਅਗਵਾਈ) ਅਰਪਨ ਕੀਨਸ, ਪ੍ਰਿਥਮ ਖਾਲਸੇ ਮੇ ਤਿਨ ਪਾਇ। ਸਸਤ੍ਰ ਬੰਧਾਇ ਬਠਾਇ ਅਟਾਰੀ। ਗੁਰੂ ਫ਼ਤੇ ਬੋਲੇ ਹਰਖਾਇ।’’ ( ਗੁਪ੍ਰਸੂ ਰੁੱਤ ੬ ਅ: ੪੧) ਪਰ ਗੁਰੁ ਵਿਲਾਸ ਦੇ 20ਵੇਂ ਅਧਿਆਏ ’ਚ ਭਾਈ ਸੁਖਾ ਸਿੰਘ ਨੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ (ਕਲਗੀ) ਬਖ਼ਸ਼ੀ, ਲਿਖਿਆ ਹੈ।
(ਨੋਟ : ਉਕਤ ਬਿਆਨ ਕੀਤੇ ਗਏ 40 ਸ਼ਹੀਦ ਸਿੰਘਾਂ ’ਚ ਭਾਈ ਸੰਗਤ ਸਿੰਘ ਜੀ ਦਾ ਨਾਂ ਨਹੀਂ ਹੈ, ਅਗਰ ਭਾਈ ਸਾਹਿਬ ਦੀ ਗਿਣਤੀ ਸ਼ਾਮਲ ਕੀਤੀ ਜਾਏ ਤਾਂ ਇਹ 41+2 (ਸ਼ਾਹਿਬਜ਼ਾਦੇ)= 43 ਹੋ ਜਾਏਗੀ, ਪਰ ਜ਼ਫ਼ਰਨਾਮੇ ’ਚ 40 ਸਿੰਘਾਂ ਦੀ ਗਿਣਤੀ ਦਾ ਜ਼ਿਕਰ ਹੈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਨੇ ਇਹ ਗਿਣਤੀ ਅੰਦਾਜ਼ਨ ਕਹੀ ਹੋਵੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਜਥੇ ’ਚ 40 ਸਿੰਘ ਹੀ ਸਨ।)
ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਜਾਣਾ ਕਬੂਲ ਕਰ ਲਿਆ, ਜਿਨ੍ਹਾਂ ਦੀ ਹਿਫ਼ਾਜ਼ਤ ਲਈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ (ਨਿਹੰਗ ਪੰਥ ਦੇ ਬਾਨੀ) ਵੀ ਗੜ੍ਹੀ ’ਚੋਂ ਬਾਹਰ ਨਿਕਲ ਮਾਛੀਵਾੜੇ ਵੱਲ ਗਏ ਜਿੱਥੇ ਆਪ ਨੂੰ ਗੁਰੂ ਘਰ ਦੇ ਪਰਮ ਭਗਤ ਗ਼ਨੀ ਖ਼ਾਂ ਤੇ ਨਬੀ ਖ਼ਾਂ ਮਿਲੇ। ਇਹ ਰਾਤ ਆਪ ਨੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ।
ਦੂਸਰੇ ਪਾਸੇ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਖੇੜੀ (ਸਹੇੜੀ) ਪਿੰਡ ਦੇ ਮਸੰਦਾਂ ਅਤੇ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਥਾਣੇਦਾਰ ਨੂੰ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ, ਜਿਸ ਨੇ ਬੰਦੀ ਬਣਾ ਉਨ੍ਹਾਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਸੂਬਾ ਸਰਹਿੰਦ ਨੇ ਠੰਡੇ ਬੁਰਜ ’ਚ ਕੈਦ ਕਰ 2-3 ਦਿਨ ਡਰਾਉਣਾ, ਸਮਝਾਉਣਾ ਜਾਰੀ ਰੱਖਿਆ ਤਾਂ ਜੋ ਇਸਲਾਮ ਕਬੂਲ ਕਰ ਲੈਣ ਪਰ 86 ਸਾਲਾਂ (1619-1705) ਬਜ਼ੁਰਗ ਦਾਦੀ ਮਾਤਾ ਦੀ ਪ੍ਰੇਰਨਾ ਨੇ ਇਨ੍ਹਾਂ ਦੇ ਫ਼ਿਰਕੂ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ। ਆਖ਼ਿਰ 13 ਪੋਹ/12 ਦਸੰਬਰ 1705 ਈਸਵੀ ਨੂੰ 9 ਸਾਲ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ 7 ਸਾਲ ਦੇ ਸਾਹਿਬਜ਼ਾਦਾ ਫ਼ਤਿਹ ਸਿੰਘ (ਦੋਵੇਂ ਮਸੂਮਾਂ) ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ, ਪਰ ਕੰਧ ਡਿੱਗ ਗਈ ਤੇ ਬੱਚੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹੋਸ਼ ’ਚ ਲਿਆ ਕੇ ਅਗਲੇ ਦਿਨ ਮੁੜ ਵਜ਼ੀਰ ਖ਼ਾਨ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ ਤਾਂ ਜੋ ਸ਼ਾਇਦ ਹੁਣ ਡਰ ਕਾਰਨ ਇਸਲਾਮ ਕਬੂਲ ਕਰ ਲੈਣ। ਇੱਥੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਮਸੂਮ ਬੱਚਿਆਂ ਨੂੰ ਕਤਲ ਨਾ ਕਰਨ ਦੀ ਨਸੀਹਤ ਦਿੱਤੀ ਸੀ, ਪਰ ਸਭਾ ’ਚ ਮੌਜੂਦ ਸੁੱਚਾ ਨੰਦ ਬ੍ਰਾਹਮਣ ਨੇ ਵਜ਼ੀਰ ਖ਼ਾਨ ਨੂੰ ਭੜਕਾਇਆ ਤੇ ਤਲਵਾਰ ਨਾਲ਼ ਦੋਵੇਂ ਬੱਚਿਆਂ ਨੂੰ ਕਤਲ ਕਰਵਾ ਦਿੱਤਾ ਗਿਆ। ਇਸ ਮਗਰੋਂ ਠੰਡੇ ਬੁਰਜ ’ਚ ਬੰਦ ਬਜ਼ੁਰਗ ਮਾਤਾ ਗੁਜਰੀ ਦੇ ਮੂੰਹੋਂ ਨਿਕਲੀ ਸਚਾਈ ਨੂੰ ਨਾ ਸਹਿ ਸਕਣ ਤੋਂ ਬਾਅਦ ਉਨ੍ਹਾਂ ਨੂੰ ਬੁਰਜ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ, ਜਿਸ ਕਾਰਨ ਉਹ ਪ੍ਰਾਣ ਤਿਆਗ ਗਏ ।
ਤਿੰਨੇ ਸਰੀਰਾਂ ਨੂੰ ਬਾਹਰ ਖੁਲ੍ਹੇ ਮੈਦਾਨ ’ਚ ਸੁੱਟਵਾ ਦਿੱਤਾ ਗਿਆ ਤਾਂ ਜੋ ਜਾਨਵਰ ਖਾ ਲੈਣ, ਪਰ ਗੁਰੂ ਘਰ ਦੇ ਸੇਵਕ ਟੋਡਰ ਮੱਲ ਦੀ ਔਲਾਦ ਦੁਆਰਾ ਸੂਬਾ ਸਰਹਿੰਦ ਨੂੰ ਭਾਰੀ ਰਕਮ ਦੇ ਕੇ ਦੋਵੇਂ ਬੱਚਿਆਂ ਤੇ ਮਾਤਾ ਦੇ ਸਰੀਰ ਦਾ ਸਸਕਾਰ ਕੀਤਾ ਗਿਆ। ਟੋਡਰ ਮੱਲ, ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲ਼ਾ ਇੱਕ ਉਦਾਰਵਾਦੀ ਵਪਾਰੀ ਸੇਠ ਸੀ, ਜਿਨ੍ਹਾਂ ਦੀ ਮੌਤ ਸੰਨ 1665-66 ’ਚ ਹੋ ਚੁੱਕੀ ਸੀ। ਗੁਰੂ ਪਰਿਵਾਰ ਦਾ ਸਸਕਾਰ ਕਰਨ ਬਦਲੇ ਭਾਰੀ ਰਕਮ ਲੈਣ ਦੇ ਬਾਵਜੂਦ ਵੀ ਟੋਡਰ ਮੱਲ ਦੇ ਪਰਿਵਾਰ ਨੂੰ ਵੀ ਕੋਹਲੂ ’ਚ ਪੀੜਿਆ ਗਿਆ।
ਦੂਜੇ ਪਾਸੇ ਸੂਬਾ ਸਰਹਿੰਦ ਕੈਦੀਆਂ ਨੂੰ ਭੋਜਨ ਦੇਣ ਲਈ ਨਿਯੁਕਤ ਭਾਈ ਮੋਤੀ ਰਾਮ ਮਹਿਰਾ, ਠੰਡੇ ਬੁਰਜ ’ਚ ਬੰਦ ਬੱਚਿਆਂ ਤੇ ਮਾਤਾ ਜੀ ਨੂੰ ਵੀ ਦੁੱਧ ਪਿਲਾਉਂਦਾ ਰਿਹਾ, ਜਿਸ ਦਾ ਪਤਾ ਲੱਗਣ ’ਤੇ ਉਸ ਦੀ ਮਾਤਾ, ਪਤਨੀ ਤੇ ਇੱਕ ਛੋਟੇ ਜਿਹੇ ਪੁੱਤਰ ਸਮੇਤ ਪੂਰੇ ਪਰਿਵਾਰ ਨੂੰ ਕੋਹਲੂ ’ਚ ਪੀੜ ਕੇ ਕਤਲ ਕੀਤਾ ਗਿਆ ।
ਇਸ ਲੇਖ ਦੀ ਅਰੰਭਤਾ ’ਚ ਕੀਤੀ ਗਈ ਵਿਚਾਰ ਕਿ ਮਨੁੱਖ ਵੀ ਇੱਕ ਆਮ ਜੂਨ ਹੈ, ਜੋ ਕੇਵਲ ਪਦਾਰਥ ਭੋਗਣ ਤੇ ਆਪਣੇ ਵੰਸ਼ਜ ਦੇ ਵਿਕਾਸ ਤੱਕ ਸੀਮਤ ਰਹਿ ਕੇ ਮਰ ਜਾਂਦਾ ਹੈ, ਪਰ ਧਰਮ ਦੀ ਦ੍ਰਿਸ਼ਟੀ ਤੋਂ ਮੰਜ਼ਲ ਵਿਹੂਣਾ ਬੀਤ ਰਿਹਾ ਇਹ ਜਨਮ ਕੋਹਲੂ ਦੇ ਬਲ਼ਦ ਵਾਙ ਹੈ। ਭਾਈ ਗੁਰਦਾਸ ਜੀ ਅਨੁਸਾਰ; ਜਿਵੇਂ ਕੋਹਲੂ ’ਚ ਸਰੋਂ ਪਾ ਕੇ ਜੋਤਿਆ ਗਿਆ ਅੱਖਾਂ ਬੰਨ੍ਹ ਕੇ ਬਲ਼ਦ ਪੂਰਾ ਤੇਲ ਨਿਕਲ ਜਾਣ ’ਤੇ ਜਦ ਉਸ ਦੀਆਂ ਅੱਖਾਂ ਖੋਲ੍ਹੀਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਓਥੇ ਖੜ੍ਹਾ ਹੀ ਵੇਖਦਾ ਹੈ, ਜਿੱਥੋਂ ਕਈ ਘੰਟੇ ਪਹਿਲਾਂ ਚੱਲਿਆ ਸੀ, ਇਸੇ ਤਰ੍ਹਾਂ ਟੀਚਾ ਰਹਿਤ ਜੂਨ ਭੋਗ ਰਿਹਾ ਮਨੁੱਖ, ਸੰਸਾਰਕ ਯਾਤ੍ਰਾ ਦੀ ਸਮਾਪਤੀ ’ਚ ਵੀ ਆਪਣੇ ਆਪ ਨੂੰ ਓਥੇ ਹੀ ਖੜ੍ਹਾ ਪਾਉਂਦਾ ਹੈ ਜਿੱਥੋਂ ਇਹ ਮਨੁੱਖਾ ਜਨਮ ਮਿਲਿਆ ਸੀ, ‘‘ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲ੍ਯੋ; ਨੈਨ ਉਘਰਤ ਵਾਹੀ ਠਾਉ ਹੀ ਠਿਕਾਨੋ ਹੈ। … ਤੈਸੇ ਸ੍ਵਪਨੰਤਰੁ ਦਿਸੰਤਰ ਬਿਹਾਯ ਗਈ; ਪਹੁੰਚ ਨ ਸਕ੍ਯੋ ਤਹਾਂ ਜਹਾਂ ਮੋਹਿ ਜਾਨੋ ਹੈ ॥’’ (ਕਬਿੱਤ ੫੭੮)
ਸੋ ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’ ਦੇ ਵਾਰਸਾਂ ਨੇ ਹੁਣ ਵੇਖਣਾ ਹੈ ਕਿ ਆਪਣੇ ਕੀਮਤੀ ਸੁਆਸਾਂ ਨੂੰ ਕਿਵੇਂ ਸਾਰਥਕ ਬਣਾਉਣਾ ਹੈ।