ਅਰਦਾਸ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 105,
ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436
ੴ ਸਤਿ ਗੁਰ ਪ੍ਰਸਾਦਿ
‘ਅਰਦਾਸ’ ਸ਼ਬਦ ਫ਼ਾਰਸੀ ਦੇ ਸ਼ਬਦ ‘ਅਰਜ਼ ਦਾਸਤ’ ਤੋਂ ਬਣਿਆ ਹੈ। ‘ਅਰਜ਼’ ਦੇ ਅਰਥ ਹਨ ‘ਬੇਨਤੀ’ ਅਤੇ ‘ਦਾਸਤ’ ਤੋਂ ਭਾਵ ਹੈ ‘ਰੱਖਣਾ’ ਜਾਂ ‘ਪੇਸ਼ ਕਰਨਾ’। ਇਸ ਤਰ੍ਹਾਂ ਅਰਜ਼ਦਾਸਤ ਦਾ ਭਾਵ ਹੈ ਕਿ ‘ਬੇਨਤੀ ਕਰਨਾ’। ਸਿਰਦਾਰ ਕਪੂਰ ਸਿੰਘ ਅਨੁਸਾਰ ਅਰਦਾਸ ਸ਼ਬਦ ਸੰਸਕ੍ਰਿਤ ਤੇ ਸ਼ਬਦ ਅਰਦ-ਆਸ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ‘ਮਨੋਕਾਮਨਾ ਜਾਂ ਮੁਰਾਦ ਮੰਗਣ ਦੀ ਕਿਰਿਆ’। ਇਹ ਸ਼ਬਦ ਭਾਵੇਂ ਫ਼ਾਰਸੀ ਵਿੱਚੋਂ ਆਇਆ ਹੈ ਜਾਂ ਸੰਸਕ੍ਰਿਤ ਵਿੱਚੋਂ ਪਰ ਗੁਰਮਤਿ ਵਿੱਚ ਇਸ ਦੀ ਖ਼ਾਸ ਮਹੱਤਤਾ ਹੈ। ਇਹ ਪੰਥ ਦੀ ਸਮੂਹਿਕ ਚੇਤਨਾ ਵਿੱਚੋਂ ਉਪਜਿਆ ਹੋਇਆ ‘ਵਿਸ਼ੇਸ਼ ਬੇਨਤੀਨਾਮਾ’ ਹੈ।
ਕੁੱਝ ਵਿਦਵਾਨਾਂ ਨੇ ‘ਅਰਦਾਸ’ ਦੇ ਚਾਰ ਅੱਖਰਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਹੈ ਕਿ ‘ਅ’ ਤੋਂ ਭਾਵ ਅੰਤਰਜਾਮੀ। ‘ਰ’ ਤੋਂ ਭਾਵ ਰਾਖਾ, ਰੱਖਿਆ ਕਰਨ ਵਾਲਾ ਜਾਂ ਰਖਵਾਲਾ ਅਤੇ ‘ਦਾ’ ਦਾ ਅਰਥ ਦਾਤਾਰ ਜਾਂ ਦਾਤਾਂ ਦੇਣ ਵਾਲਾ ਹੈ ਅਤੇ ‘ਸ’ ਤੋਂ ਭਾਵ ਸਹਾਰਾ, ਆਸਰਾ ਜਾਂ ਓਟ ਹੈ।
ਸੋ, ਇਸ ਵਿਸ਼ਲੇਸ਼ਣ ਅਨੁਸਾਰ ਅਰਦਾਸ ਦਾ ਰਹੱਸ ਉਸ ਅੰਤਰਜਾਮੀ ਸਰਬੱਤ ਦੇ ਰਖਵਾਲੇ, ਦਾਤਾਰ ਪ੍ਰਭੂ ਦਾ ਆਸਰਾ ਭਾਲਣਾ ਹੈ।
‘ਅਰਦਾਸ’ ਇੱਕ ਪ੍ਰਕਾਰ ਸਾਡੀ ਪ੍ਰਮਾਤਮਾ ਨਾਲ ਗੋਸ਼ਟੀ ਹੈ। ਉਹ ਸਾਡਾ ਸਭ ਕੁੱਝ ਹੈ। ਮਾਤਾ-ਪਿਤਾ, ਭੈਣ-ਭਰਾ, ਸਾਕ-ਸਬੰਧੀ, ਮਿੱਤਰ ਤੇ ਰਖਵਾਲਾ।
ਤੂੰ ਮੇਰਾ ਪਿਤਾ; ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ॥ (ਮ: ੫/੧੦੩)
ਇਸ ਤਰ੍ਹਾਂ ਸਾਡੀ ਹਰ ਸਲਾਹ ਤੇ ਮਸ਼ਵਰਾ ਉਸ ਨਾਲ ਕਰਨਾ ਬਣਦਾ ਹੈ। ਉਹ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਅੰਗ ਸੰਗ ਹੋ ਕੇ ਸਾਡੀ ਰੱਖਿਆ ਕਰਦਾ ਹੈ। ਉਸ ਦਾ ਨਿਰਮਲ ਭਰੋਸਾ ਹੀ ਸਾਡੀ ‘ਅਰਦਾਸ ਦਾ ਅਧਾਰ’ ਹੈ।
‘ਅਰਦਾਸ’ ਵਿੱਚ ਮਨੁੱਖ ਪ੍ਰਮਾਤਮਾ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ। ਇਸ ਲਈ ਅਰਦਾਸ ਕਰਨ ਵਾਲੇ ਮਨੁੱਖ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਿਸ ਅੱਗੇ ਉਹ ਅਰਦਾਸ ਕਰ ਰਿਹਾ ਹੈ, ਉਸ ਦੀ ਹਸਤੀ ਵਿੱਚ ਉਸ ਦਾ ਪੂਰਨ ਭਰੋਸਾ ਹੋਵੇ। ਇਹ ਯਕੀਨ, ਭਰੋਸਾ ਜਾਂ ਵਿਸ਼ਵਾਸ; ਉਸ ਬੱਚੇ ਦੀ ਨਿਆਈਂ ਹੋਣਾ ਚਾਹੀਦਾ ਹੈ, ਜੋ ਬਾਹਰ ਕੁਲਫ਼ੀਆਂ ਵੇਚਣ ਵਾਲੇ ਨੂੰ ਰੋਕ ਆਪਣੀ ਮਾਂ ਕੋਲ਼ੋਂ ਦ੍ਰਿੜ੍ਹ ਵਿਸ਼ਵਾਸ ਨਾਲ ਪੈਸੇ ਲੈ ਕੇ ਕੁਲਫ਼ੀ ਲੈਂਦਾ ਹੈ। ਇਸ ਤਰ੍ਹਾਂ ਬੱਚੇ ਦੇ ਵਿਸ਼ਵਾਸ ਦੀ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਤੋਂ ਕੁੱਝ ਮੰਗਦੇ ਹਾਂ ਤਾਂ ਉਹ ਸਾਡੀਆਂ ਮੰਗਾਂ ਵੀ ਪੂਰੀਆਂ ਕਰਦਾ ਹੈ।
ਅਰਦਾਸ ਨੂੰ ਸਫਲ ਬਣਾਉਣ ਵਾਸਤੇ ਜਿੱਥੇ ਅਕਾਲ ਪੁਰਖ ਦੀ ਹਸਤੀ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੋਣਾ ਜ਼ਰੂਰੀ ਹੈ, ਉੱਥੇ ਸਾਡੀਆਂ ਆਪਣੀਆਂ ਮੰਗਾਂ ਵੀ ਜਾਇਜ਼ ਹੋਣੀਆਂ ਚਾਹੀਦੀਆਂ ਹਨ। ਸਾਨੂੰ ਪ੍ਰਮਾਤਮਾ ਦੇ ਸਾਹਮਣੇ ਆਪਣੀ ਬੇਵਸੀ, ਲਾਚਾਰੀ, ਨਿਰਬਲਤਾ ਅਤੇ ਅਗਿਅਨਤਾ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ। ਬੇਵਸੀ ਵਿੱਚੋਂ ਨਿਮਰਤਾ ਪੈਦਾ ਹੁੰਦੀ ਹੈ। ਬਖਸ਼ਸ਼ ਅਤੇ ਭਰੋਸੇ ਤੋਂ ਸਿਦਕ ਪੈਦਾ ਹੁੰਦਾ ਹੈ। ਇਸ ਤਰ੍ਹਾਂ ਨਿਮਰਤਾ, ਸਿਦਕ ਤੇ ਆਤਮ ਵਿਸ਼ਵਾਸ; ਅਰਦਾਸ ਦੇ ਮੂਲ ਅੰਗ ਹਨ। ਗੁਰੂ ਰਾਮਦਾਸ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ :
ਕੀਤਾ ਕਰਣਾ ਸਰਬ ਰਜਾਈ; ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ; ਜਿਉ ਹਰਿ ਭਾਵੈ, ਤਿਉ ਰਖੀਐ ॥੧॥ ਮੇਰੇ ਹਰਿ ਜੀਉ ! ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥੧॥ ਰਹਾਉ॥ (ਮ: ੪/੭੩੬)
ਅਰਦਾਸ ਕਰਨ ਸਮੇਂ ਮਨ ਵਿੱਚ ਇੰਨੀ ਪਕਿਆਈ ਆਉਣੀ ਚਾਹੀਦੀ ਹੈ ਕਿ ਮਨ ਵਿੱਚ ਕਿਸੇ ਕਿਸਮ ਦੀ ਦੁਬਿਧਾ ਜਾਂ ਹੋਰ ਕਿਸੇ ਦੇ ਆਸਰੇ ਦਾ ਖ਼ਿਆਲ ਵੀ ਨਹੀਂ ਆਉਣਾ ਚਾਹੀਦਾ। ਵਾਹਿਗੁਰੂ ਦੀ ਸਮਰੱਥਾ ਵਿੱਚ ਨਿਸ਼ਚਾ ਸਮੁੰਦਰ ਦੀ ਚਟਾਨ ਵਾਂਗ ਹੋਣਾ ਚਾਹੀਦਾ ਹੈ ਜਿਸ ਦੇ ਸਾਹਮਣੇ ਸਮੁੰਦਰ ਦੀਆਂ ਲਹਿਰਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਜਿੱਥੇ ਮਨੁੱਖ ਦੀ ਆਪਣੀ ਅਕਲ, ਚਤੁਰਾਈ ਤੇ ਬਲ ਖ਼ਤਮ ਹੋ ਗਿਆ ਹੋਵੇ ਉੱਥੇ ਰੱਬ ਦੀ ਸਰਬੱਗਤਾ ਅਤੇ ਅਥਾਹ ਸ਼ਕਤੀ ਕਦੇ ਖ਼ਤਮ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ :
ਜਾ ਕਉ ਮੁਸਕਲੁ ਅਤਿ ਬਣੈ; ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ; ਸਾਕ ਭਿ ਭਜਿ ਖਲੇ ॥
ਸਭੋ ਭਜੈ ਆਸਰਾ; ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ, ਪਾਰਬ੍ਰਹਮੁ; ਲਗੈ ਨ ਤਤੀ ਵਾਉ ॥ (ਮ: ੫/੭੦)
ਨੌਸਿਹਰੇ ਦੀ ਜੰਗ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਚੜ੍ਹਾਈ ਕੀਤੀ ਤਾਂ ਅਗਲੇ ਦਸਤੇ ਦੀ ਕਮਾਨ ਅਕਾਲੀ ਫੂਲਾ ਸਿੰਘ ਜੀ ਦੇ ਹੱਥ ਸੀ। ਉਹਨਾਂ ਨੇ ਅਰਦਾਸਾ ਸੋਧ ਕੇ ਤਿਆਰੀ ਕੀਤੀ। ਜਦੋਂ ਮਹਾਰਾਜਾ ਸਾਹਿਬ ਨੂੰ ਖ਼ੁਫ਼ੀਆ ਨੇ ਖ਼ਬਰ ਦਿੱਤੀ ਕਿ ਅੱਗੇ ਪਠਾਨੀ ਦਲ ਬਹੁਤ ਤਕੜਾ ਹੈ ਤਾਂ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਨੂੰ ਕੁਝ ਸਮਾਂ ਜੰਗ ਟਾਲਣ ਲਈ ਕਿਹਾ ਕਿ ਅੱਗੇ ਬਹੁਤ ਭਾਰੀ ਖ਼ਤਰਾ ਹੈ। ਅਕਾਲੀ ਜੀ ਨੇ ਜੁਆਬ ਦਿੱਤਾ ਕਿ ਅਸੀਂ ਅਰਦਾਸਾ ਸੋਧ ਚੁੱਕੇ ਹਾਂ ਹੁਣ ਨਹੀਂ ਰੁਕ ਸਕਦੇ। ਫ਼ਤਿਹ ਗੁਰੂ ਜੀ ਨੇ ਬਖ਼ਸ਼ਸ਼ ਕਰਨੀ ਹੈ।
ਅਰਦਾਸਾ ਸੋਧ ਕੇ ਹੀ ਸਰਦਾਰ ਮਹਿਤਾਬ ਸਿੰਘ ਤੇ ਸਰਦਾਰ ਸੁਖਾ ਸਿੰਘ ਨੇ ਬੀਕਾਨੇਰ ਤੋਂ ਆ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਇਸੇ ਤਰ੍ਹਾਂ ਅਰਦਾਸ ਤੇ ਭਰੋਸਾ ਕਰ ਕੇ ਸਿੱਖਾਂ ਨੇ ਮੁਸਲਮਾਨ ਹਾਕਮ ਕੋਲੋਂ ਬ੍ਰਾਹਮਣ ਦੀ ਲੜਕੀ ਛੁਡਵਾਈ ਸੀ। ਅਰਦਾਸ ਤੇ ਭਰੋਸਾ ਕਰਨ ਨਾਲ ਨਿੱਜੀ ਔਕੜਾਂ ਵੀ ਦੂਰ ਹੁੰਦੀਆਂ ਹਨ। ਮਿਸਲਾਂ ਦੇ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਆਹਲੂਵਾਲੀਆ ਮਿਸਲ ਨਾਲ ਕੁੱਝ ਵਿਗਾੜ ਪੈ ਗਿਆ। ਉਹ ਪੰਜਾਬ ਤੋਂ ਦੂਰ ਬਾਂਗਰ ਦੇਸ਼ ਦੇ ਇਲਾਕੇ ਵਿੱਚ ਚਲੇ ਗਏ। ਉੱਥੇ ਜਾ ਕੇ ਆਰਥਿਕ ਤੰਗੀ ਆ ਗਈ। ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਖੂਹ ਵਿੱਚੋਂ ਪਾਣੀ ਕੱਢਣ ਸਮੇਂ ਮੋਹਰਾਂ ਮਿਲ ਗਈਆਂ ਤੇ ਸਾਰੀ ਤੰਗੀ ਦੂਰ ਹੋ ਗਈ।
ਬਹੁਤ ਸਾਰੇ ਧਰਮਾ ਵਿੱਚ ਦੋ ਵੇਲੇ ਅਰਦਾਸ ਕਰਨ ਦਾ ਵਿਧਾਨ ਮਿਥਿਆ ਗਿਆ ਹੈ, ਪਰ ਜਿਹਨਾਂ ਗੁਰਮੁਖਾਂ ਦਾ ਹਰ ਸੁਆਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਉਹ ਹਰ ਪਲ ਅਰਦਾਸ ਕਰਦੇ ਰਹਿੰਦੇ ਹਨ। ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਵੇਲ਼ੇ ਦੇ ਨਿਤਨੇਮ ਅਤੇ ਸ਼ਾਮ ਵੇਲ਼ੇ ਦੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਨ ਦੀ ਮਰਯਾਦਾ ਹੈ। ਅਸਲ ਵਿੱਚ ਕੁਦਰਤ ਦੇ ਇਹ ਦੋ ਸੁਹਾਵਣੇ ਵੇਲ਼ੇ ਹਨ। ਅੰਮ੍ਰਿਤ ਵੇਲ਼ਾ ਅਰਾਮ ਤੋਂ ਕਿਰਤ ਵੱਲ ਅਤੇ ਸ਼ਾਮ ਵੇਲ਼ਾ ਕਿਰਤ ਤੋਂ ਅਰਾਮ ਵੱਲ ਸਾਨੂੰ ਲੈ ਕੇ ਜਾਂਦਾ ਹੈ। ਅਰਾਮ ਤੋਂ ਉੱਠ ਕੇ ਸੁਚੇਤ ਹੋ ਰਿਹਾ ਮਨ ਜਾਂ ਅਰਾਮ ਦੀ ਗੋਦ ਵਿੱਚ ਜਾ ਰਿਹਾ ਮਨ, ਅਰਦਾਸ ਵਿੱਚ ਵਧੇਰੇ ਜੁੜਦਾ ਹੈ। ਅਸਲ ਵਿੱਚ ਅਰਦਾਸ ਸਾਡੇ ਦਿਨ ਦੀ ਕੁੰਜੀ ਹੈ ਅਤੇ ਰਾਤ ਦਾ ਤਾਲਾ ਹੈ। ਗੁਰਮਤ ਦੇ ਤਿੰਨ ਹੀ ਮੁੱਖ ਅੰਗ ਹਨ – ‘ਸੇਵਾ, ਸਿਮਰਨ ਤੇ ਅਰਦਾਸ’।
ਅਰਦਾਸ ਨਾਲ ਸਿਮਰਨ ਵਿੱਚ ਵਾਧਾ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਜ਼ਿਕਰ ਆਉਂਦਾ ਹੈ ਕਿ ਹਰ ਗੁਰਸਿੱਖ ਆਪਣਾ ਕਾਰਜ ਅਰਦਾਸ ਨਾਲ ਅਰੰਭ ਕਰੇ। ਭਾਈ ਨੰਦ ਲਾਲ ਜੀ ਦਾ ਬਚਨ ਹੈ ਕਿ ਜਿਹੜਾ ਸਿੱਖ ਅਰਦਾਸ ਤੋਂ ਬਿਨਾਂ ਕਿਸੇ ਕਾਰਜ ਵਾਸਤੇ ਤੁਰ ਪੈਂਦਾ ਹੈ ਉਸ ਦਾ ਕਾਰਜ ਤਾਂ ਕੀ ਰਾਸ ਹੋਣਾ ਹੈ, ਐਸਾ ਸਿੱਖ ਕਲਗੀਧਰ ਪਾਤਸ਼ਾਹ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਆਪ ਰਹਿਤਨਾਮਿਆਂ ਵਿੱਚ ਲਿਖਦੇ ਹਨ :
ਅਰਦਾਸ ਬਿਨਾਂ ਜੋ ਕਾਜ ਸਿਧਾਵੈ॥ ਗੋਬਿੰਦ ਸਿੰਘ, ਵੋਹ ਸਿੱਖ ਨਹੀਂ ਭਾਵੈ॥
ਜੀਵਨ ਵਿੱਚ ਜਿੰਨੇ ਵੀ ਸੰਸਕਾਰ ਆਉਂਦੇ ਹਨ ਉਹਨਾਂ ਸਾਰਿਆਂ ਵਿੱਚ ਅਰਦਾਸ ਦਾ ਬਹੁਤ ਵੱਡਾ ਮਹੱਤਵ ਹੈ। ਬੱਚੇ ਦੇ ਜਨਮ ਸਮੇਂ ਸ਼ੁਕਰਾਨੇ ਦੀ ਅਰਦਾਸ, ਬੱਚੇ ਨੂੰ ਸਕੂਲ ਦਾਖ਼ਲ ਕਰਾਉਣ ਸਮੇਂ ਅਰਦਾਸ, ਪ੍ਰੀਖਿਆਵਾਂ ਵਿੱਚ ਸਫ਼ਲਤਾ ਲਈ ਅਰਦਾਸ, ਅਨੰਦ ਕਾਰਜ ਸਮੇਂ ਅਰਦਾਸ, ਨੌਕਰੀ ਜਾਂ ਕਾਰੋਬਾਰ ਦੀ ਅਰੰਭਤਾ ਸਮੇਂ ਅਰਦਾਸ। ਗੱਲ ਕੀ ਅਰਦਾਸ, ਜੀਵਨ ਦਾ ਇੱਕ ਜ਼ਰੂਰੀ ਅੰਗ ਹੋਣਾ ਚਾਹੀਦਾ ਹੈ ਭਾਵ ਹਰ ਗੁਰਸਿੱਖ ਆਪਣਾ ਦੁੱਖ ਸੁਖ ਅਰਦਾਸ ਰਾਹੀਂ ਪ੍ਰਮਾਤਮਾ ਨਾਲ ਸਾਂਝਾ ਕਰੇ ਅਤੇ ਉਸ ਦੀ ਸ਼ਰਨ ਵਿੱਚ ਰਹੇ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ :
ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥
ਛੋਡਿ ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥ (ਮ: ੫/੫੧੯)
ਸਿੱਖਾਂ ਵਿੱਚ ਅਰਦਾਸ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਜਦੋਂ ਆਪ ਤਲਵੰਡੀ ਤੋਂ ਸੁਲਤਾਨਪੁਰ ਜਾਣ ਲਈ ਤਿਆਰ ਹੋਏ ਤਾਂ ਰਾਇ ਬੁਲਾਰ ਨੇ ਕਿਹਾ ਕਿ ਪਾਤਸ਼ਾਹ ਮੈਨੂੰ ਕੋਈ ਉਪਦੇਸ਼ ਦੇ ਕੇ ਜਾਓ ਤਾਂ ਗੁਰੂ ਜੀ ਨੇ ਕਿਹਾ – ਰਾਏ ਜੀ ! ਜਦੋਂ ਤੁਹਾਡਾ ਆਪਣਾ ਬਲ ਕੰਮ ਨਾ ਕਰੇ ਤਾਂ ਦੋਵੇ ਹੱਥ ਜੋੜ ਕੇ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰਨੀ।
ਭਾਈ ਜੀਵਾ, ਗੁਰੂ ਅੰਗਦ ਦੇਵ ਜੀ ਵਾਸਤੇ ਹਰ ਰੋਜ਼ ਪਿਆਰ ਨਾਲ ਖਿਚੜੀ ਤਿਆਰ ਕਰ ਕੇ ਭੇਟ ਕਰਨ ਜਾਂਦਾ ਸੀ। ਇੱਕ ਦਿਨ ਤੇਜ਼ ਹਨ੍ਹੇਰੀ ਕਾਰਨ ਅੱਗ ਨਾ ਬਲ਼ ਸਕੀ ਤਾਂ ਉਸ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ! ਹਨ੍ਹੇਰੀ ਰੁਕ ਜਾਵੇ ਤਾਂ ਜੋ ਖਿਚੜੀ ਤਿਆਰ ਹੋ ਸਕੇ। ਜਦੋਂ ਖਿਚੜੀ ਭੇਟ ਕੀਤੀ ਤਾਂ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਪ੍ਰਮਾਤਮਾ ਅੱਗੇ ਅਰਦਾਸ ਵਿੱਚ ਨਿਮਰਤਾ ਹੀ ਰੱਖਣੀ ਹੈ, ਕੋਈ ਹੁਕਮ ਕਰਨਾ ਨਹੀਂ ਫਬਦਾ। ਅਰਦਾਸ ਕਰਨੀ ਹੀ ਇਸ ਵਾਸਤੇ ਹੈ ਕਿ ਅਸੀਂ ਉਸ ਦਾ ਹੁਕਮ ਮੰਨ ਲਈਏ। ਹਨ੍ਹੇਰੀ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ। ਸਿੱਖ ਨੇ ਉਸ ਦੇ ਹੁਕਮ ਅੱਗੇ ਹੀ ਸਿਰ ਨਿਵਾਉਣਾ ਹੈ ਤੇ ਆਪ ਜੀ ਨੇ ਫ਼ੁਰਮਾਇਆ ਹੈ:
ਸਾਹਿਬ ਸੇਤੀ ਹੁਕਮੁ ਨ ਚਲੈ; ਕਹੀ ਬਣੈ ਅਰਦਾਸਿ ॥ (ਮ: ੨/੪੭੪)
ਗੁਰੂ ਅਮਰਦਾਸ ਜੀ ਸਮੁੱਚੇ ਜਗਤ ਦਾ ਦੁਖ ਵੇਖ ਚੁੱਕੇ ਸਨ ਤੇ ਉਸ ਦੀ ਨਵਿਰਤੀ ਲਈ ਅਰਦਾਸ ਕਰਦੇ ਹਨ।
ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ॥ (ਮ: ੩/੮੫੩)
ਗੁਰੂ ਰਾਮਦਾਸ ਜੀ ਨੇ ਸਿਮਰਨ, ਕੀਰਤਨ ਤੇ ਅਰਦਾਸ ਨੂੰ ‘ਅਧਿਆਤਮਕ ਕਰਮ ਤ੍ਰਿਬੇਣੀ’ ਆਖਿਆ ਤੇ ਆਤਮਕ ਉਨਤੀ ਲਈ ਅਰਦਾਸ ਉੱਪਰ ਨਿਰਭਰ ਰਹਿਣ ’ਤੇ ਬਲ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਤਾਂ ਸ਼ੁਕਰਾਨੇ ਦੀ ਅਰਦਾਸ ਨਾਲ ਭਰਪੂਰ ਹੈ। ਜਦੋਂ ਕਦੀ ਕੋਈ ਔਕੜ ਆਉਂਦੀ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ। ਜਦੋਂ ਸੁਲਹੀ ਖ਼ਾਂ ਫੌਜ਼ ਲੈ ਕੇ ਗੁਰੂ ਜੀ ਨੂੰ ਗਰਿਫ਼ਤਾਰ ਕਰਨ ਆਇਆ ਤਾਂ ਸਿੱਖ ਸੰਗਤਾਂ ਨੇ ਜਦੋਂ ਕੋਈ ਉਪਾਅ ਕਰਨ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਦਾ ਹੀ ਸਹਾਰਾ ਲਿਆ।
ਮੈ ਸਭੁ ਕਿਛੁ ਛੋਡਿ; ਪ੍ਰਭ ! ਤੁਹੀ ਧਿਆਇਆ ॥ (ਮ: ੫/੩੭੧)
ਗੁਰੂ ਇਤਿਹਾਸ ਵਿੱਚ ਅਨੇਕਾਂ ਐਸੀਆਂ ਘਟਨਾਵਾਂ ਮਿਲਦੀਆਂ ਹਨ ਜਿੱਥੇ ਸਤਿਗੁਰੂ ਨੇ ਸਿੱਖਾਂ ਦੀ ਅਰਦਾਸ ਸੁਣ ਕੇ ਬਹੁੜੀ ਕੀਤੀ। ਭਾਈ ਰੂਪਾ ਤੇ ਭਾਈ ਸਾਧੂ ਦਾ ਠੰਡਾ ਪਾਣੀ ਪੀਣ ਲਈ ਸਤਿਗੁਰੂ ਅੱਗੇ ਅਰਦਾਸ ਕਰਨੀ, ਭਾਈ ਬੁੱਧੂ ਦਾ ਆਵਾ ਪੱਕਣ ਦੀ ਸਾਖੀ।, ਮਾਤਾ ਸੁਲੱਖਣੀ ਨੂੰ ਸੱਤ ਪੁੱਤਰਾਂ ਦੀ ਬਖ਼ਸ਼ਸ਼, ਮਾਈ ਭਾਗ ਭਰੀ ਦਾ ਹੱਥੀਂ ਬੁਣਿਆ ਚੋਲਾ ਸਵੀਕਾਰ ਕਰਨਾ, ਮੱਖਣ ਸ਼ਾਹ ਲੁਬਾਣਾ ਦਾ ਬੇੜਾ ਪਾਰ ਕਰਨ ਦੀ ਸਾਖੀ, ਆਦਿ। ਇਸ ਤਰ੍ਹਾਂ ਜਦੋਂ ਭਾਈ ਲਾਲ ਸਿੰਘ ਦਸਮੇਸ਼ ਪਿਤਾ ਲਈ ਬਹੁਤ ਮਜਬੂਤ ਢਾਲ ਦੀ ਪਰਖ ਸਮੇਂ ਹਉਮੈ ਤਿਆਗ ਕੇ ਅਰਦਾਸ ਕਰਨੀ। ਦਬਿਸਤਾਨਿ ਮਜ਼ਹਿਬ ਦਾ ਲੇਖਕ ਲਿਖਦਾ ਹੈ ਕਿ ਜਦੋਂ ਕਿਸੇ ਸਿੱਖ ਨੂੰ ਕਿਸੇ ਕਿਸਮ ਦੀ ਕੋਈ ਔਕੜ ਜਾਂ ਲੋੜ ਹੁੰਦੀ ਸੀ ਤਾਂ ਉਹ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਸਿੱਖ ਸੰਗਤ ਪਾਸੋਂ ਅਰਦਾਸ ਕਰਵਾਉਂਦਾ ਸੀ। ਸਿੱਖਾਂ ਵਿੱਚ ਇਹ ਵੀ ਪਰੰਪਰਾ ਚੱਲ ਪਈ ਸੀ ਕਿ ਆਪਣੀ ਅਰਦਾਸ ਕਿਸੇ ਹੋਰ ਗੁਰਸਿੱਖ ਤੋਂ ਕਰਵਾਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਇਹੀ ਮਰਯਾਦਾ ਕਾਇਮ ਰਹੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਚੜ੍ਹਾਈ ਕੀਤੀ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜਦੋਂ ਕੋਈ ਭੀੜ ਬਣੇ ਤਾਂ ਪੰਜ ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਕਰਨੀ।
ਨਿੱਜੀ ਅਰਦਾਸ ਤੋਂ ਇਲਾਵਾ ਸਿੱਖ ਪੰਥ ਨੇ ਸੰਗਤੀ ਅਰਦਾਸ ਨੂੰ ਸਿੱਖ ਰਹਿਤ ਮਰਯਾਦਾ ਵਿੱਚ ਨਿਸ਼ਚਿਤ ਕੀਤਾ ਹੈ। ਇਸ ਅਰਦਾਸ ਵਿੱਚ ਅਰਦਾਸੀਆ ਸਿੰਘ, ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕਰਦਾ ਹੈ ਤੇ ਬਾਕੀ ਸਾਰੀ ਸੰਗਤ ਹੱਥ ਜੋੜ ਕੇ ਖੜ੍ਹੀ ਹੋ ਕੇ ਸ਼ਾਮਲ ਹੁੰਦੀ ਹੈ। ਇਸ ਅਰਦਾਸ ਵਿੱਚ ਦਸ ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਅਤੇ ਹੋਰ ਸਿਦਕਵਾਨ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਹੈ। ਪੰਜੇ ਤਖ਼ਤਾਂ, ਸਮੂੰਹ ਗੁਰਦੁਆਰਿਆਂ ਅਤੇ ਸਿੱਖ ਸ਼ਹੀਦਾਂ ਨੂੰ ਯਾਦ ਕਰਨ ਉਪਰੰਤ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਅਤੇ ਸਭ ਤੋਂ ਉਪਰ ਨਾਮ ਦਾਨ ਦੀ ਮੰਗ ਕੀਤੀ ਜਾਂਦੀ ਹੈ। ਉਪਰੰਤ ਸਿੱਖ ਸੰਗਤ ਅਰਦਾਸ ਵਿੱਚ ਸਰਬੱਤ ਦਾ ਭਲਾ ਤੇ ਚੜ੍ਹਦੀ ਕਲਾ ਦੀ ਮੰਗ ਕਰਦੀ ਹੈ। ਮਨ ਨੀਵਾਂ ਤੇ ਮੱਤ ਉੱਚੀ ਤੇ ਮੱਤ ਦੇ ਰਾਖੇ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ।
ਅਸਲ ਵਿੱਚ ਅਰਦਾਸ ਦਾ ਮੰਤਵ ਦਾਤਾਂ ਮੰਗਣੀਆਂ ਨਹੀਂ। ਪ੍ਰਮਾਤਮਾ ਸਾਡੇ ਦਿਲਾਂ ਦੀਆਂ ਜਾਣਦਾ ਹੈ। ਸਾਡੇ ਮੰਗੇ ਬਗ਼ੈਰ ਹੀ ਉਹ ਸਾਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਉਹ ਚੰਗੇ ਤੇ ਭੈੜੇ ਸਭ ਬੰਦਿਆਂ ਦਾ ਫ਼ਿਕਰ ਕਰਦਾ ਹੈ। ਉਹ ਹਵਾ, ਧੁੱਪ, ਪਾਣੀ ਆਦਿ ਕੁਦਤਰੀ ਦਾਤਾਂ ਸਭ ਨੂੰ ਇੱਕੋ ਜਿਹੀਆਂ ਦੇ ਰਿਹਾ ਹੈ। ਦਾਤਾਂ ਦੇਣ ਲਈ ਉਹ ਸਾਡੀ ਅਰਦਾਸ ਦੀ ਉਡੀਕ ਨਹੀਂ ਕਰਦਾ। ਜਿਹੜੇ ਵਿਅਕਤੀ ਰੱਬ ਦੀ ਹੋਂਦ ਤੋਂ ਹੀ ਮੁਨਕਰ ਹਨ, ਉਹ ਤਾਂ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ ਹੈ। ਅਰਦਾਸ ਦਾ ਮਨੋਰਥ ਆਪਣੀਆਂ ਲੋੜਾਂ ਦੱਸਣਾ ਨਹੀਂ ਸਗੋਂ ਪ੍ਰਮਾਤਮਾ ਦੀ ਨੇੜਤਾ ਮਹਿਸੂਸ ਕਰਨਾ ਹੈ। ਅਰਦਾਸ ਤਾਂ ਅਕਾਲ ਪੁਰਖ ਅੱਗੇ ਦਿਲ ਖੋਲ੍ਹਣ ਦਾ ਸਾਧਨ ਹੈ। ਜਦੋਂ ਦਿਲ ਦੇ ਤਾਕ ਖੁੱਲ੍ਹ ਜਾਣ ਤਾਂ ਦੈਵੀ ਪ੍ਰਕਾਸ਼ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
ਅਰਦਾਸ ਮੁਰਦਾ ਜੀਵਨ ਵਿੱਚ ਇਸ ਤਰ੍ਹਾਂ ਜੀਵਨ ਭਰਦੀ ਹੈ, ਜਿਵੇਂ ਇੱਕ ਦੀਵਾ ਬੁਝ ਰਿਹਾ ਹੋਵੇ ਪਰ ਅਚਾਨਕ ਹੀ ਕੋਈ ਆ ਕੇ ਉਸ ਦੀਵੇ ਵਿੱਚ ਤੇਲ ਪਾ ਜਾਵੇ ਤੇ ਦੀਵਾ ਫਿਰ ਜਗਣ ਲੱਗ ਪੈਂਦਾ ਹੈ ਜਾਂ ਇਹ ਕਹਿ ਲਵੋ ਕਿ ਕੋਈ ਗੁਲਦਸਤਾ ਸੁੱਕ ਰਿਹਾ ਹੋਵੇ ਤੇ ਬੂਟੇ ਮਰਨ ਦੇ ਕਰੀਬ ਹੋਣ ਪਰ ਅਚਾਨਕ ਹੀ ਬਰਸਾਤ ਆ ਜਾਵੇ ਤੇ ਬੂਟੇ ਹਰੇ ਭਰੇ ਹੋ ਜਾਣ ਅਤੇ ਗੁਲਦਸਤੇ ਦੀ ਰੌਣਕ ਫਿਰ ਵਾਪਸ ਆ ਜਾਵੇ। ਇਸੇ ਤਰ੍ਹਾਂ ਜੀਵਨ ਵਿੱਚ ਕਦੀ ਐਸੇ ਸਮੇਂ ਵੀ ਆ ਜਾਂਦੇ ਹਨ ਕਿ ਅਸੀਂ ਜੀਵਨ ਤੋਂ ਬਿਲਕੁਲ ਹੀ ਉਦਾਸ ਤੇ ਨਿਰਾਸ਼ ਹੋ ਜਾਂਦੇ ਹਾਂ ਉਦੋਂ ਅਰਦਾਸ ਡੋਲਦੇ ਮਨ ਨੂੰ ਥੰਮ੍ਹੀ ਦੇ ਕੇ ਸਹਾਰਾ ਦਿੰਦੀ ਹੈ ਤੇ ਮਨ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ। ਕਈ ਵਾਰ ਮਨੁੱਖ ਹੈਰਾਨ ਹੋ ਜਾਂਦਾ ਹੈ ਕਿ ਮੈਂ ਤਾਂ ਨਿਰਾਸ਼ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ, ਅਚਾਨਕ ਇਹ ਅੰਮ੍ਰਿਤ ਵਰਖਾ ਕਿਵੇਂ ਹੋ ਗਈ। ਇਹ ਸਾਰੀਆਂ ਹੀ ‘ਅਰਦਾਸ’ ਦੀਆਂ ਬਰਕਤਾਂ ਹਨ।