ਸ਼ਬਦ ਗੁਰੂ (ਭਾਗ ਚੌਥਾ)
ਗਿਆਨੀ ਰਣਜੋਧ ਸਿੰਘ ਜੀ
ਗੁਰਬਾਣੀ ਦੀ ਪਾਵਨ ਪੋਥੀ ਵਿੱਚ ਅਕਾਲ ਪੁਰਖ, ਪਰਮੇਸ਼ਰ ਦਾ ਥਾਨ ਨਿਵਾਸ ਹੈ, ਜੋ ਵੀ ਸਤਸੰਗੀ ਜਨ; ਸਤਸੰਗਤ ਵਿਚ ਸਾਵਧਾਨ ਇਕਾਗਰ ਚਿੱਤ ਹੋ ਕੇ ਇਸ ‘ਧੁਰ ਕੀ ਬਾਣੀ’ ਰਾਹੀਂ ਪਰਮੇਸ਼ਰ ਦੇ ਗੁਣ ਗਾਉਂਦਾ ਅਤੇ ਜੀਵਨ ਦਾ ਹਿੱਸਾ ਬਣਾਉਂਦਾ ਹੈ। ਉਹ ਸਤਸੰਗੀ ਜਗਿਆਸੂ ਜਨ ਨੂੰ ਪਰਮੇਸ਼ਰ ਦਾ ਆਤਮਿਕ ਤੌਰ (ਅੰਦਰੂਨੀ ਤੌਰ) ’ਤੇ ਗਿਆਨ ਹੋ ਜਾਂਦਾ ਹੈ ਕਿਉਂਕਿ ਗੁਰਬਾਣੀ; ਅਕਾਲ ਪੁਰਖ ਦਾ ਸਰੂਪ ਹੈ, ‘‘ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ; ਪੂਰਨ ਬ੍ਰਹਮ ਗਿਆਨੁ ॥’’ (ਮਹਲਾ ੫/੧੨੨੬) ਗੁਰਬਾਣੀ; ਅਕਾਲ ਪੁਰਖ ਬਾਰੇ ਵਿਚਾਰ ਹੈ। ਗੁਰਬਾਣੀ; ਅਕਾਲ ਪੁਰਖ ਦੀ ਆਵਾਜ਼ ਹੈ। ਗੁਰਬਾਣੀ; ਸੱਚ ਦਾ ਗਿਆਨ ਹੈ। ਗੁਰਬਾਣੀ; ਮਨੁੱਖ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਨਾ ਕਰਦੀ ਹੈ। ਗੁਰਬਾਣੀ; ਮਨੁੱਖ ਨੂੰ ਇਮਾਨਦਾਰ, ਇਖਲਾਕੀ, ਸੱਚਾ ਇਨਸਾਨ ਬਣਨ ਦੀ ਪ੍ਰੇਰਨਾ ਕਰਦੀ ਹੈ। ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਇੱਕ ਪਲ ਵਾਸਤੇ ਆਪਣੇ ਤੋਂ ਜੁਦਾ ਨਾ ਕੀਤਾ। ਇਹ ਜ਼ਿਕਰ ਗੁਰੂ ਸਾਹਿਬ ਨੇ ਆਪ ਕੀਤਾ ਹੈ। ਫ਼ੁਰਮਾਨ ਹੈ :
ਹਮਾਰੀ ਪਿਆਰੀ ਅੰਮ੍ਰਿਤਧਾਰੀ; ਗੁਰਿ (ਨੇ) ਨਿਮਖ ਨ ਮਨ ਤੇ ਟਾਰੀ ਰੇ ॥
ਦਰਸਨ ਪਰਸਨ ਸਰਸਨ ਹਰਸਨ; ਰੰਗਿ ਰੰਗੀ ਕਰਤਾਰੀ ਰੇ ॥ (ਮਹਲਾ ੫/੪੦੪)
ਖਸਮ ਦੀ ਬਾਣੀ; ਗੁਰੂ ਨੂੰ ਬਹੁਤ ਪਿਆਰੀ ਹੈ। ਅੰਮ੍ਰਿਤ ਨਾਲ਼ ਆਤਮਕ ਜੀਵਨ ਦੇਣ ਵਾਲੀ ਹੈ। ਵਿਕਾਰਾਂ ਦੇ ਪ੍ਰਭਾਵ ਤੋਂ ਬਚਾਉਣ ਵਾਲੀ ਹੈ। ਇਖਲਾਕੀ ਜੀਵਨ ਦੇਣ ਵਾਲੀ ਹੈ, ਇਸੇ ਲਈ ਗੁਰੂ ਸਾਹਿਬਾਂ ਨੇ ਸੱਚ ਦੀ ਬਾਣੀ ਨੂੰ ਇੱਕ ਪਲ ਵਾਸਤੇ ਵੀ ਆਪਣੇ ਤੋਂ ਟਾਰੀ ਭਾਵ ਵੱਖ ਨਹੀਂ ਕੀਤਾ। ਬਾਣੀ; ਰੱਬੀ ਪਿਆਰ ਵਿੱਚ ਭਿੱਜੀ ਹੋਈ ਹੈ। ਔਗੁਣਾਂ ਭਾਵ ਜਮਾ ਦੇ ਵੱਸ ਨਹੀਂ ਪੈਣ ਦਿੰਦੀ। ਐਸਾ ਭੀ ਕਿਹਾ ਹੈ :
ਮੈ ਸਤਿਗੁਰ ਸੇਤੀ ਪਿਰਹੜੀ; ਕਿਉ ਗੁਰ ਬਿਨੁ ਜੀਵਾ ਮਾਉ ॥
ਮੈ ਗੁਰਬਾਣੀ ਆਧਾਰੁ ਹੈ; ਗੁਰਬਾਣੀ ਲਾਗਿ ਰਹਾਉ ॥ (ਮਹਲਾ ੪/੭੫੮)
ਗੁਰੂ ਰਾਮਦਾਸ ਪਾਤਿਸਾਹ ਆਖਦੇ ਹਨ ਕਿ ਮੇਰੀ, ਸਤਿਗੁਰੂ ਨਾਲ ਸੱਚੀ ਅਤੇ ਅਤੁੱਟ ਪ੍ਰੀਤ ਹੈ। ਸ਼ਬਦ ਗੁਰੂ ਤੋਂ ਬਗੈਰ ਆਤਮਕ ਜੀਵਨ ਨਹੀਂ ਬਿਤਾਇਆ ਜਾ ਸਕਦਾ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਆਸਰਾ ਹੈ, ਇਸ ਕਰਕੇ ਹਰ ਦਮ ਅਸੀਂ ਗੁਰਬਾਣੀ ਨਾਲ ਮਨ, ਆਤਮਾ ਕਰਕੇ ਜੁੜੇ ਰਹਿੰਦੇ ਹਾਂ। ਗੁਰਬਾਣੀ ਹੀ ਮਨ ਦੀ ਥੰਮੀ ਹੈ, ਸਹਾਰਾ ਹੈ :
ਜਿਉ ਮੰਦਰ ਕਉ ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥ (ਮਹਲਾ ੫/੨੮੨)
ਜਿਵੇਂ ਮੰਦਰ ਘਰ ਦੀ ਛੱਤ ਨੂੰ ਥੰਮੀਆਂ ਭਾਵ ਪਿੱਲਰ ਸਹਾਰਾ ਦੇ ਕੇ ਰੱਖਦੇ ਹਨ। ਥੰਮੀਆਂ ਨਾਲ ਘਰ ਦੀ ਛੱਤ ਟਿੱਕੀ ਰਹਿੰਦੀ ਹੈ। ਡਿਗਦੀ ਨਹੀਂ ਹੈ, ਇਸ ਤਰ੍ਹਾਂ ਸਰੀਰ ਦੀ ਛੱਤ ‘ਮਨ’ ਹੈ। ਇਸ ਮਨ ਨੂੰ ਸ਼ਬਦ ਗੁਰੂ ਹੀ ਟਿਕਾ ਕੇ ਰੱਖਦਾ ਹੈ। ਛੱਤ ਹੇਠ ਥੰਮੀਆਂ ਨਾ ਹੋਣ ਛੱਤ ਡਿੱਗ ਜਾਂਦੀ ਹੈ। ਮਨ ਨੂੰ ਸ਼ਬਦ ਦਾ ਸਹਾਰਾ ਨਾ ਹੋਵੇ ਤਾਂ ਮਨ ਵੀ ਡਿੱਗ ਜਾਂਦਾ ਹੈ, ਡੋਲ ਜਾਂਦਾ ਹੈ। ਮਨ ਵਿਕਾਰਾਂ ਵਿੱਚ ਡਿੱਗ ਪੈਂਦਾ ਹੈ, ਇਸ ਲਈ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ, ‘‘ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥ ਐਥੈ ਓਥੈ ਏਹੁ ਅਧਾਰੁ ॥’’ (ਮਹਲਾ ੩/੧੩੩੪)
ਜੋ ਵੀ ਸਤਸੰਗੀ ਜਗਿਆਸੂ ਜਨ; ਗੁਰਬਾਣੀ ਨਾਲ ਪਿਆਰ ਕਰਦਾ ਹੈ, ਗੁਰਬਾਣੀ ਨੂੰ ਜੀਵਨ ਦਾ ਹਿੱਸਾ ਬਣਾਉਂਦਾ ਹੈ; ਗੁਰਬਾਣੀ ਉਸ ਦਾ ਇੱਥੇ ਉਥੈ ਲੋਕ ਪਰਲੋਕ ਭਾਵ ਵਰਤਮਾਨ ਅਤੇ ਭਵਿੱਖ ਸੰਵਾਰ ਦਿੰਦੀ ਹੈ। ਮਨੁੱਖ ਨੂੰ ਡੋਲਣ ਨਹੀਂ ਦਿੰਦੀ। ਵਿਕਾਰਾਂ ਦੇ ਸਾਰੇ ਦੁੱਖ ਵੀ ਗੁਰਬਾਣੀ ਕੱਟ ਦਿੰਦੀ ਹੈ, ‘‘ਗੁਰ ਕੀ ਬਾਣੀ ਸਿਉ ਰੰਗੁ ਲਾਇ ॥ ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥’’ (ਮਹਲਾ ੫/੩੮੭)
ਇਹਨਾਂ ਕਾਰਨਾਂ ਕਰਕੇ ਗੁਰੂ ਸਾਹਿਬਾਂ ਨੇ ਇੱਕ ਪਲ ਵੀ ਗੁਰਬਾਣੀ ਨੂੰ ਆਪਣੇ ਤੋਂ ਜੁਦਾ ਨਾ ਹੋਣ ਦਿੱਤਾ। ਇਸ ਨੂੰ ਪੋਥੀ ਪਰਮੇਸ਼ਰ ਕਾ ਥਾਨ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਗੁਰੂ ਅਰਜਨ ਪਾਤਿਸ਼ਾਹ ਨੇ ਕਿਉਂ ਲਿਆਂਦਾ ? ਕੀ ਕਾਰਨ ਹਨ ਪੋਥੀ ਨੂੰ ਇੱਕ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿੱਚ ਲਿਆਂਦਾ ਗਿਆ। ਇਸ ਦਾ ਬਹੁਤ ਵੱਡਾ ਕਾਰਨ ਹੈ, ਜੋ ਪੋਥੀ ਤੋਂ ਆਦਿ ਸ੍ਰੀ ਗ੍ਰੰਥ ਸਾਹਿਬ ਸੰਪਾਦਨ ਕਰਨਾ ਪਿਆ। ਇਤਿਹਾਸ ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਵਕਤ ਗੁਰਬਾਣੀ ਦੀ ਨਕਲ ਹੋਣੀ ਆਰੰਭ ਹੋ ਗਈ ਸੀ। ਸੰਸਾਰ ਦੇ ਹਰ ਖੇਤਰ ਵਿੱਚ ਕੁਝ ਸਮਾਂ ਪੈ ਕੇ ਅਸਲ ਦੀ ਨਕਲ ਸ਼ੁਰੂ ਹੋ ਜਾਂਦੀ ਹੈ। ਕੋਈ ਵਸਤੂ ਜਿੰਨੀ ਜ਼ਿਆਦਾ ਵਧੀਆ ਹੋਵੇਗੀ। ਜਿੰਨੀ ਜ਼ਿਆਦਾ ਕੀਮਤੀ ਹੋਵੇਗੀ। ਉਸ ਦੀ ਨਕਲ, ਡੁਪਲੀਕੇਸੀ ਉਨੀ ਜ਼ਿਆਦਾ ਹੋਵੇਗੀ। ਐਸਾ ਕਿਉਂ ? ਬਹੁਤ ਗਹਿਰੇ ਤਲ ’ਤੇ ਦੇਖਿਆ ਜਾਵੇ ਤਾਂ ਤਤ ਸਾਹਮਣੇ ਇਹ ਆਏ ਹਨ ਕਿ ਲੋਭੀ ਅਤੇ ਸੁਆਰਥੀ ਲੋਕ ਆਪਣੇ ਫਾਇਦੇ, ਨਫੇ ਵਾਸਤੇ ਲੋਕਾਂ ਨਾਲ ਧੋਖਾ ਕਰਕੇ ਅਸਲ ਦੀ ਨਕਲ ਬਣਾ ਲੈਂਦੇ ਹਨ। ਅਸਲੀ ਲਾਉਂਦੇ ਹਨ, ਪਰ ਵਸਤੂ ਨਕਲੀ ਹੁੰਦੀ ਹੈ। ਲਾਗਤ ਨਾਲੋਂ ਨਫਾ ਜ਼ਿਆਦਾ ਖੱਟਦੇ ਹਨ। ਕਾਨੂੰਨ ਦੀਆਂ ਨਜ਼ਰਾਂ ਵਿੱਚ ਐਸਾ ਕਰਨ ਵਾਲਾ ਇਨਸਾਨ ਗੁਨਾਹਗਾਰ ਅਤੇ ਬੇਈਮਾਨ ਹੁੰਦਾ ਹੈ। ਐਸਾ ਗੁਨਾਹ ਕਰਨ ਵਾਲਾ (ਦੋਸ਼ੀ) ਜਦੋਂ ਕਾਨੂੰਨ ਦੀ ਗ੍ਰਸਤ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਜ਼ਾ ਅਤੇ ਜੁਰਮਾਨਾ ਹੁੰਦਾ ਹੈ। ਅਸਲ ਦੀ ਨਕਲ ਕਰਨ ਦਾ ਸਿਲਸਿਲਾ ਆਦਿ ਕਾਲ ਤੋਂ ਹੀ ਹੁੰਦਾ ਆਇਆ ਹੈ। ਧਰਮ ਦੀ ਦੁਨੀਆ ਵਿੱਚ ਵੀ ਇਹੀ ਸਿਲਸਿਲਾ ਆਦਿ ਕਾਲ ਤੋਂ ਚਲਿਆ ਆ ਰਿਹਾ ਹੈ। ਜੇ ਦੁਨੀਆ ਵਿੱਚ ਅਸਲ ਤੋਂ ਨਕਲ ਹੈ ਤਾਂ ਪਰਮਾਰਥ ਦੀ ਦੁਨੀਆ ਵਿੱਚ ਵੀ ਅਸਲ ਦੀ ਨਕਲ ਬਹੁਤ ਹੈ। ਦੋਹਾਂ ਹੀ ਖੇਤਰਾਂ ਵਿੱਚ ਇਹ ਸਿਲਸਿਲਾ ਵਧਦਾ ਜਾ ਰਿਹਾ ਹੈ। ਨਕਲੀ ਭਗਵਾਨ, ਨਕਲੀ ਨਿਰੰਕਾਰੀ, ਨਕਲੀ ਸਾਧ ਸੰਤ, ਨਕਲੀ ਧਰਮ, ਨਕਲੀ ਗ੍ਰੰਥ, ਇਤਿਆਦਿਕ ਨਕਲੀ ਗੁਰੂ ਬਹੁਤ ਹਨ। ਨਾਮਧਾਰੀਆਂ ਵਿੱਚ 13ਵੀਂ 14ਵੀਂ ਗੁਰੂ ਚੱਲ ਰਹੇ ਹਨ। ਉਨ੍ਹਾਂ ਵਿੱਚ ਗੁਰੂ ਬਣਨ ਦੀਆਂ ਲੜਾਈਆਂ ਹੋ ਰਹੀਆਂ ਹਨ। ਨਿਰੰਕਾਰੀਆਂ, ਰਾਧਾ ਸਵਾਮੀਆਂ ਵਿੱਚ ਨਕਲੀ ਗੁਰੂ ਹਨ। ਹਨੂੰਮਾਨ ਨੂੰ ਮੈਂ ਆਪ ਗਲੀਆਂ ਬਾਜ਼ਾਰਾਂ ਵਿੱਚ ਟਪੂਸੀਆਂ ਮਾਰਦਾ ਮੰਗਦਾ ਦੇਖਿਆ ਹੈ। ਬਹੁਤ ਭਰਮਾਰ ਹੈ ਨਕਲੀਆਂ ਦੀ। ਹਰ ਧਰਮ, ਹਰ ਮਜ਼੍ਹਬ ਵਿੱਚ ਨਕਲ ਚੱਲ ਰਹੀ ਹੈ। ਭਗਤ ਕਬੀਰ ਸਾਹਿਬ ਨੇ ਵਣਾਰਸ ਅੰਦਰ ਇਹ ਤਮਾਸ਼ਾ ਆਪ ਦੇਖਿਆ ਸੀ। ਇਸ ਲਈ ਉਨ੍ਹਾਂ ਨੇ ਬੇਪਰਵਾਹ ਹੋ ਕੇ, ਨਿਡਰ ਰਹਿ ਕੇ ਕਹਿ ਦਿੱਤਾ :
ਗਜ ਸਾਢੇ ਤੈ ਤੈ ਧੋਤੀਆ; ਤਿਹਰੇ ਪਾਇਨਿ ਤਗ ॥
ਗਲੀ ਜਿਨਾ ਜਪਮਾਲੀਆ; ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ; ਬਾਨਾਰਸਿ ਕੇ ਠਗ ॥
ਐਸੇ ਸੰਤ ਨ ਮੋ ਕਉ ਭਾਵਹਿ; ਡਾਲਾ ਸਿਉ ਪੇਡਾ ਗਟਕਾਵਹਿ॥ (ਭਗਤ ਕਬੀਰ ਜੀ/੪੭੬)
ਭਗਤ ਕਬੀਰ ਸਾਹਿਬ ਨੇ ਲੋਕਾਂ ਨੂੰ ਸੁਚੇਤ ਕੀਤਾ। ਲੁਕਾਈ ਨੂੰ ਸਾਫ਼ ਸਾਫ਼ ਦੱਸਿਆ ਕਿ ਇਹ ਜੋ ਧਾਰਮਿਕ ਲਿਬਾਸ ਪਾਈ ਫਿਰਦੇ ਹਨ, ਇਹ ਕੋਈ ਸਾਧ ਸੰਤ, ਬ੍ਰਹਮਗਿਆਨੀ ਨਹੀਂ ਹਨ। ਇਹ ਅਸਲ ਵਿੱਚ ਬਹੁਤ ਵੱਡੇ ਠੱਗ ਹਨ। ਇੱਕ ਗੱਲ ਭਗਤ ਕਬੀਰ ਸਾਹਿਬ ਨੇ ਇੱਥੇ ਬਹੁਤ ਗੁਹਜ ਕਹੀ ਹੈ। ਠੱਗ ਕਿਹਾ ਹੈ, ਚੋਰ ਨਹੀਂ ਕਿਹਾ; ਚੋਰ ਅਤੇ ਠੱਗ ਦੋਵੇਂ ਇੱਕ ਹੀ ਕੈਟਾਗਰੀ ਦੇ ਹੁੰਦੇ ਹਨ। ਚੋਰ ਅਤੇ ਠੱਗ ਵਿੱਚ ਇੱਕ ਫ਼ਰਕ ਹੁੰਦਾ ਹੈ। ਚੋਰ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਲੁੱਟਦਾ ਹੈ। ਰਾਤ ਦੇ ਹਨ੍ਹੇਰੇ ਵਿੱਚ ਲੁੱਟਦਾ ਹੈ। ਲੁੱਟਦਾ ਠੱਗ ਵੀ ਹੈ, ਪਰ ਠੱਗ ਕੋਲ ਲੁੱਟਣ ਦਾ ਢੰਗ; ਚੋਰ ਨਾਲੋਂ ਅਲੱਗ ਹੁੰਦਾ ਹੈ। ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਦਾ ਹੈ। ਸਾਰਿਆਂ ਦੇ ਸਾਹਮਣੇ ਲੁੱਟਦਾ ਹੈ। ਧਾਰਮਿਕ ਪਹਿਰਾਵਾ ਪਾ ਕੇ ਲੁੱਟਦਾ ਹੈ। ਲੋਕ ਆਪ ਲੁਟਾਉਣ ਲਈ ਠੱਗ ਕੋਲ ਜਾਂਦੇ ਹਨ। ਠੱਗਾਂ ਨੇ ਲੁੱਟਣ ਲਈ ਥਾਂ ਬਣਾਏ ਹੋਏ ਹਨ। ਲੋਕ ਆਪ ਉਨ੍ਹਾਂ ਥਾਂਵਾਂ ’ਤੇ ਲੁੱਟ ਹੋਣ ਲਈ ਜਾਂਦੇ ਹਨ। ਕੋਈ ਸਿਰਸੇ ਜਾ ਕੇ ਲੁਟਾਉਂਦਾ ਹੈ। ਕੋਈ ਨੂਰ ਮਹਿਲ ਲੁੱਟ ਹੋਣ ਲਈ ਜਾ ਰਹੇ ਹਨ। ਕੋਈ ਲੁੱਟ ਹੋਣ ਲਈ ਬਿਆਸ ਜਾ ਰਿਹਾ ਹੈ। ਕੋਈ ਨਿਰੰਕਾਰੀ ਭਵਨਾ ਵਿੱਚ ਜਾ ਰਿਹਾ ਹੈ। ਸਿੱਖ ਸਾਧਾਂ ਦੇ ਡੇਰਿਆਂ ’ਤੇ ਲੁੱਟ ਹੋਣ ਲਈ ਜਾ ਰਿਹਾ ਹੈ। ਡੇਰਿਆਂ ’ਤੇ ਬੈਠੇ ਸਾਧ ਠੱਗ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟ ਰਹੇ ਹਨ। ਇਹ ਠੱਗ ਸਾਧਾਂ ਦੇ ਭੇਖ ’ਚ ਗੁਰੂ ਅਰਜਨ ਪਾਤਿਸ਼ਾਹ ਸਮੇਂ ਵੀ ਬਹੁਤ ਸਨ। ਭੱਟ ਆਪ ਇਸ ਦੀ ਗਵਾਹੀ ਭਰਦੇ ਹਨ, ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥ ਹਰਿ ਨਾਮੁ ਛੋਡਿ ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ; ਜਿਵ ਤੂ ਰਖਹਿ, ਤਿਵ ਰਹਉ ॥੨॥’’ (ਭਟ ਭਿਖਾ/੧੩੯੬)
ਭੱਟ ਭਿਖਾ ਸਾਹਿਬ ਆਖਦੇ ਹਨ ਕਿ ਪਾਤਿਸ਼ਾਹ ! ਮੈਂ ਬਹੁਤ ਸਾਧ ਸੰਤ ਦੇਖੇ। ਕੋਈ ਅਸਲੀ ਸੰਤ ਨਹੀਂ ਮਿਲਿਆ। ਮੈ ਟੋਲਦਾ ਟੋਲਦਾ ਥੱਕ ਗਿਆ। ਇਹ ਅਖੌਤੀ ਸਾਧ ਸੰਤ; ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਦੇ ਹਨ, ਸਿਰਫ਼ ਲੋਕਾਂ ਨੂੰ ਲੁੱਟਣ ਵਾਸਤੇ। ਸਾਖੀਆਂ ਬੜੀਆਂ ਅਜੀਬ ਅਜੀਬ ਸੁਣਾਉਂਦੇ ਹਨ, ਸਿਰਫ਼ ਲੋਕਾਂ ਨੂੰ ਡਰਾਉਣ ਅਤੇ ਵਹਿਮਾਂ ’ਚ ਪਾਉਣ ਲਈ। ਕਈ ਸਾਲ ਮੈਂ ਡੇਰਿਆਂ ’ਤੇ ਫਿਰਦਾ ਰਿਹਾ। ਕਿਸੇ ਨੇ ਕੋਈ ਤਸੱਲੀ ਨਾ ਕਰਾਈ। ਕਹਿੰਦੇ ਬਹੁਤ ਕੁਝ ਹਨ, ਪਰ ਇਨ੍ਹਾਂ ਦੇ ਨਜ਼ਦੀਕ ਹੋ ਕੇ ਜਦੋਂ ਦੇਖਿਆ ਤਾਂ ਮਨ ਨੂੰ ਕੋਈ ਖੁਸ਼ੀ ਨਾ ਹੋਈ। ਇਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਲੋਕਾਂ ਨੂੰ ਆਖਦੇ ਹਨ ਕਿ ਮਾਸ ਸੇਵਨ ਨਹੀਂ ਕਰਨਾ, ਪਰ ਮੈਂ ਕਈਆਂ ਨੂੰ ਆਪ ਖਾਂਦੇ ਦੇਖਿਆ ਹੈ। ਇਹ ਸਾਰੇ ਪਾਖੰਡੀ ਅਤੇ ਠੱਗ; ਨਾਮ ਬਾਣੀ ਨੂੰ ਛੱਡ ਕੇ ਹੋਰ ਹੋਰ ਰਾਜਨੀਤੀ ਵਿੱਚ ਪਏ ਹੋਏ ਹਨ। ਪਾਤਿਸ਼ਾਹ ਇਨ੍ਹਾਂ ਦੀਆਂ ਕਰਤੂਤਾਂ ਬਹੁਤ ਮਾੜੀਆਂ ਹਨ। ਦਈ ਭਾਵ ਦਇਆ ਦੇ ਘਰ ਪਰਮਾਤਮਾ ਨੇ ਮੇਰੇ ’ਤੇ ਕਿਰਪਾ ਕੀਤੀ, ਜੋ ਸੱਚਾ ਗੁਰੂ ਮਿਲਾ ਦਿੱਤਾ ਹੈ। ਹੁਣ ਜਿਵੇਂ ਜਿਵੇਂ ਤੁਹਾਡੇ ਬਚਨ ਹਨ, ਤਿਵੇਂ ਤਿਵੇਂ ਅਸੀਂ ਜੀਵਨ ਗੁਜ਼ਾਰਦੇ ਹਾਂ। ਮੈਂ ਇਨ੍ਹਾਂ ਨਕਲੀ ਗੁਰੂਆਂ ਤੋਂ ਬਚ ਗਿਆ ਹਾਂ।
ਹੁਣ ਦੂਸਰੀ ਵਿਚਾਰ ਹੈ ਉਹ ਵੀ ਸਰਵਣ ਕਰਨੀ, ਇਨ੍ਹਾਂ ਨਕਲੀਆਂ ਨੇ ਗੁਰਬਾਣੀ ਦੀ ਨਕਲ ਕਰਨੀ ਗੁਰੂ ਅਮਰਦਾਸ ਜੀ ਦੇ ਸਮੇਂ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਗੁਰੂ ਅਮਰਦਾਸ ਜੀ ਨੂੰ ਉਚੇਚੇ ਤੌਰ ’ਤੇ ਅਨੰਦ ਸਾਹਿਬ ਦੀ ਬਾਣੀ ਵਿੱਚ ਕੱਚੀ ਬਾਣੀ ਬਾਬਤ ਕਹਿਣਾ ਪਿਆ, ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥ ਕਹਦੇ ਕਚੇ, ਸੁਣਦੇ ਕਚੇ; ਕਚਂੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥੨੪॥’’ (ਅਨੰਦ/ਮਹਲਾ ੩/੯੨੦)
ਸਤਿਗੁਰੂ ਤੋਂ ਬਗੈਰ ਮੀਣਿਆ, ਭੱਲਿਆਂ, ਸੋਢੀਆਂ ਨੇ ‘ਨਾਨਕ’ ਛਾਪ ਹੇਠ ਜਿੰਨੀਆਂ ਵੀ ਕਵਿਤਾਵਾਂ ਲਿਖੀਆਂ ਹਨ, ਜਿਨ੍ਹਾ ਨੂੰ ਮਿਹਰਬਾਨ ਅਤੇ ਪ੍ਰਿਥੀਆ ਬਾਣੀ ਕਹਿੰਦੇ ਸਨ; ਉਹ ਸਾਰੀਆਂ ਕਵਿਤਾਵਾਂ ਝੂਠੀਆਂ ਹਨ, ਕੱਚੀਆਂ ਹਨ ਕਿਉਂਕਿ ਇਹ ਮੀਣੇ; ਗੁਰੂ ਨਾਨਕ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਨਹੀਂ ਬਣੇ, ਪਰ ‘ਨਾਨਕ’ ਨਾਂ ਹੇਠ ਕਵਿਤਾ ਲਿਖਦੇ ਸਨ। ਇਹ ਗੁਰੂ ਪਦਵੀ ਨੂੰ ਨਹੀਂ ਪ੍ਰਾਪਤ ਹੋਏ। ਇਕ ਨੁਕਤਾ ਬਹੁਤ ਕੀਮਤੀ ਸਮਝ ਲੈਣਾ। ਜਿਹੜਾ ਵਿਅਕਤੀ ਗੁਰੂ ਨਾਨਕ ਦੀ ਜੋਤਿ ਅਤੇ ਜੁਗਤਿ ਦਾ ਵਾਰਸ ਨਹੀਂ ਬਣਿਆ। ਉਸ ਨੂੰ ‘ਨਾਨਕ’ ਨਾਂ ਵਰਤਣ ਦਾ ਅਧਿਕਾਰ ਨਹੀਂ ਹੈ, ਪਰ ਮੀਣਿਆਂ ਨੇ ‘ਨਾਨਕ’ ਨਾਂ ਆਪਣੀਆਂ ਕਵਿਤਾਵਾਂ ਵਿੱਚ ਲਿਖਿਆ ਸੀ, ਇਸ ਕਰਕੇ ਉਨ੍ਹਾਂ ਦੀ ਰਚਨਾ; ਕੱਚੀ ਭਾਵ ਝੂਠੀ ਹੈ। ਬਿਹਾਗੜੇ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੫੫੩ ’ਤੇ 12ਵੀਂ ਪਉੜੀ ਦੇ ਨਾਲ 3 ਸਲੋਕ; ਗੁਰੂ ਨਾਨਕ ਸਾਹਿਬ ਵੱਲੋਂ ਭਾਈ ਮਰਦਾਨਾ ਜੀ ਨੂੰ ਸਮਰਪਿਤ ਉਚਾਰਨ ਕੀਤੇ ਹਨ। ਕਈ ਵਿਦਵਾਨਾਂ ਨੇ ਇਹ ਤਿੰਨੇ ਸਲੋਕ ਭਾਈ ਮਰਦਾਨਾ ਜੀ ਵੱਲੋਂ ਉਚਾਰਨ ਕੀਤੇ ਕਹੇ ਹਨ, ਜੋ ਗਲਤ ਧਾਰਨਾ ਹੈ ਕਿਉਂਕਿ ਭਾਈ ਮਰਦਾਨਾ ਜੀ; ਗੁਰਿਆਈ ਨੂੰ ਪ੍ਰਾਪਤ ਨਹੀਂ ਹੋਏ, ਇਸ ਲਈ ਭਾਈ ਮਰਦਾਨਾ ਜੀ; ‘ਨਾਨਕ’ ਲਫ਼ਜ਼ ਨਹੀਂ ਵਰਤ ਸਕਦੇ ਸਨ। ਤਿੰਨਾਂ ਸਲੋਕਾਂ ਵਿੱਚ ‘ਨਾਨਕ’ ਨਾਂ ਲਿਖਾਰੀ ਵਜੋਂ ਆਇਆ ਹੈ। ਜੇਕਰ ਭਾਈ ਮਰਦਾਨਾ ਜੀ ਵੱਲੋਂ ਸਲੋਕ ਉਚਾਰਨ ਕੀਤੇ ਹੁੰਦੇ ਤਾਂ ‘ਨਾਨਕ’ ਦੇ ਥਾਂ ਲਫ਼ਜ਼ ‘ਮਰਦਾਨਾ’ ਆਉਂਦਾ। ਜਿਸ ਤਰ੍ਹਾਂ ਬਾਬਾ ਸੁੰਦਰ ਜੀ ਨੇ ‘ਸਦ’ ਬਾਣੀ ਉਚਾਰਨ ਕੀਤੀ। ਉਨ੍ਹਾਂ ਨੇ ਲਿਖਿਆ, ‘‘ਕਹੈ ਸੁੰਦਰੁ ਸੁਣਹੁ ਸੰਤਹੁ ! ਸਭੁ ਜਗਤੁ ਪੈਰੀ ਪਾਇ ਜੀਉ ॥੬॥’’ (ਸਦ/ਬਾਬਾ ਸੁੰਦਰ/੯੨੪), ਇਸੇ ਤਰ੍ਹਾਂ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੇ ਰਾਮਕਲੀ ਕੀ ਵਾਰ ਉਚਾਰਨ ਕੀਤੀ। ਉਨ੍ਹਾਂ ਨੇ ਆਪਣੇ ਨਾਂ ਹੇਠ ਵਾਰ ਉਚਾਰਨ ਕੀਤੀ ਹੈ; ਜਿਵੇਂ ਕਿ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ॥’’ (ਬਲਵੰਡਿ ਤੇ ਸਤਾ ਜੀ/੯੬੬) ਅਤੇ ‘‘ਦਾਨੁ ਜਿ ਸਤਿਗੁਰ ਭਾਵਸੀ; ਸੋ ਸਤੇ ਦਾਣੁ॥’’ (ਬਲਵੰਡਿ ਤੇ ਸਤਾ ਜੀ/੯੬੬) ਫਿਰ 11 ਭੱਟਾਂ ਨੇ ਬਾਣੀ ਉਚਾਰਨ ਕੀਤੀ। ਆਪਣੇ ਆਪਣੇ ਨਾਂ ਹੇਠ ਉਚਾਰਨ ਕੀਤੀ ਹੈ। ‘ਨਾਨਕ’ ਨਾਂ ਹੇਠ ਉਹੀ ਬਾਣੀ ਉਚਾਰਨ ਕਰ ਸਕਦਾ ਹੈ, ਜੋ ਗੁਰਿਆਈ ਪਦਵੀ ’ਤੇ ਆਇਆ ਹੈ। ਭਾਈ ਮਰਦਾਨਾ ਜੀ ਗੁਰਿਆਈ ਪਦਵੀ ’ਤੇ ਨਹੀਂ ਆਏ ਸਨ। ਇਸ ਲਈ ਉਨ੍ਹਾਂ ਦੇ ਇਹ ਸਲੋਕ ਨਹੀਂ ਹਨ। ‘ਸਲੋਕ ਮਰਦਾਨਾ ਪਹਿਲਾ’ ਅਤੇ ‘ਮਰਦਾਨਾ ਪਹਿਲਾ’ ਦਾ ਅਰਥ ਹੈ ਤਿ ਸਲੋਕ ਗੁਰੂ ਪਹਿਲੇ ਪਾਤਿਸ਼ਾਹ ਵੱਲੋਂ ਉਚਾਰਨ ਕੀਤੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਸਮਰਪਿਤ ਹਨ। ਉਮੀਦ ਹੈ ਕਿ ਵਿਚਾਰ ਸਮਝ ਗੋਚਰੇ ਜ਼ਰੂਰ ਹੋਈ ਹੋਵੇਗੀ। ਸੋ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਮਹਲਾ ੩/੯੨੦)
ਦੁਬਾਰਾ ਗੁਰੂ ਸਾਹਿਬ ਨੇ ਦੋਹਰਾ ਕੇ ਕਿਹਾ ਕਿ ਗੁਰੂ ਦੀ ਰਿਸੇ ਇਨ੍ਹਾਂ ਲਿਖੀਆਂ ਕਵਿਤਾਵਾਂ ਦਾ ਕੀਰਤਨ ਕਰਨ ਵਾਲੇ ਅਤੇ ਸੁਣਨ ਵਾਲੇ ਝੂਠੇ ਹਨ ਕਿਉਂਕਿ ਇਹ ਕਵਿਤਾਵਾਂ ਝੂਠਿਆਂ ਨੇ ਲਿਖੀਆਂ ਹੁੰਦੀਆਂ ਹਨ। ਐਸੇ ਕੱਚੇ, ਝੂਠੇ ਬੰਦੇ; ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਤਾਂ ਆਖਦੇ ਹਨ, ਪਰ ਉਹ ਕਵਿਤਾ ’ਚ ਕੀ ਗਾ ਰਹੇ ਹਨ, ਉਨ੍ਹਾਂ ਨੂੰ ਵੀ ਨਹੀਂ ਪਤਾ ਲੱਗਦਾ। ਇਕ ਮਾਡਲ ਸੰਤ ਟੀਵੀ ਉਤੇ ਗਾ ਰਿਹਾ ਸੀ, ‘ਮਹਿਲਾਂ ਵਿੱਚ ਰਹਿਣ ਵਾਲਿਆ, ਤੈਨੂੰ ਨੀਂਦ ਕੰਡਿਆਂ ਤੇ ਕਿਵੇਂ ਆਈ ।’ (ਕੱਚੀ ਧਾਰਨਾ)
ਦਸਮ ਪਾਤਿਸ਼ਾਹ ਨੂੰ ਸਵਾਲ ਕਰਦਾ ਹੈ ਕਿ ਤੂੰ ਤਾਂ ਮਹਿਲਾ ਵਿੱਚ ਆਰਾਮ ਕਰਨ ਵਾਲਾ ਸੀ, ਪਰ ਹੁਣ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ’ਤੇ ਨੀਂਦ ਕਿਵੇਂ ਆਈ। ਹੁਣ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਹਿ ਰਿਹਾ ਹੈ ਕਿਉਂਕਿ ਦਸਮ ਪਾਤਿਸ਼ਾਹ ਜੀ ਦਾ ਸਾਰਾ ਜੀਵਨ ਸੰਘਰਸ਼ਮਈ ਰਿਹਾ। 8-9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ; ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਗਏ। ਪਹਾੜੀਆਂ ਅਤੇ ਮੁਗਲਾਂ ਨੇ 22 ਵਾਰ ਹਮਲੇ ਕੀਤੇ ਭਾਵ 22 ਲੜਾਈਆਂ ਲੜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ; ਕਦੋਂ ਮਹਿਲਾਂ ਵਿੱਚ ਰਹੇ। ਅੱਜ ਉਹ ਸੰਤ ਪੁੱਛ ਰਿਹਾ ਹੈ ਕਿ ਹੁਣ ਕਿਵੇਂ ਕੰਡਿਆਂ ’ਤੇ ਨੀਂਦ ਆਈ ਹੈ ? ਇਸ ਜਾ ਜਵਾਬ ਗੁਰਬਾਣੀ ਇਉਂ ਦਿੰਦੀ ਹੈ, ‘‘ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਨ ਜਾਣੀ ॥’’ (ਅਨੰਦ/ਮਹਲਾ ੩/੯੨੦)
ਅਸਲ ਵਿਚ ਗੱਲ ਮਾਇਆ ਇਕੱਠੀ ਕਰਨ ਦੀ ਹੈ। ਮਾਇਆ ਨੇ ਮਨ ਮੋਹ ਲਿਆ ਹੈ। ਬਸ ਮਾਇਆ ਵਾਸਤੇ ਹੀ ਹੁਣ ਜ਼ਬਾਨੀ ਕਲਾਮੀ ਹੀ ਸਾਖੀਆਂ ਸੁਣਾਉਂਦੇ ਹਨ। ਗੁਰੂ ਅਮਰਦਾਸ ਜੀ; ਗੁਰੂ ਨਾਨਕ ਸਾਹਿਬ ਦੇ ਨਾਂ ਹੇਠ ਆਖਦੇ ਹਨ ਕਿ ਸਤਿਗੁਰੂ ਤੋਂ ਬਗੈਰ ਹੋਰ ਸਭ ਕੱਚੀ ਤੇ ਝੂਠੀ ਬਾਣੀ ਹੈ। ਸੋ ਗੁਰੂ ਸਾਹਿਬ ਦੇ ਸਮੇਂ ਹੀ ਕੱਚੀ ਬਾਣੀ ਸ਼ੁਰੂ ਹੋ ਗਈ ਸੀ, ਇਸ ਕਰਕੇ ਗੁਰੂ ਅਮਰਦਾਸ ਪਾਤਿਸ਼ਾਹ ਨੇ ਇਹ ਗੁਰਸਿੱਖਾਂ ਨੂੰ ਸਪਸ਼ਟ ਹਦਾਇਤ ਕੀਤੀ। ਫ਼ੁਰਮਾਨ ਹੈ, ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ; ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ; ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ; ਏਹ ਸਚੀ ਬਾਣੀ ॥੨੩॥’’ (ਅਨੰਦ/ਮਹਲਾ ੩/੯੨੦)
ਗੁਰਸਿਖੋ ! ਤੁਸੀਂ ਸਤਸੰਗਤ ਵਿੱਚ ਆਵੋ। ਗੁਰਦੁਆਰਾ ਸਾਹਿਬ ਆਵੋ। ਸੱਚੀ ਬਾਣੀ ਦਾ ਹੀ ਕੀਰਤਨ ਕਰਨਾ ਹੈ। ਆਪਣੀਆਂ ਲਿਖੀਆਂ ਕਵਿਤਾਵਾਂ ਦਾ ਕੀਰਤਨ ਨਹੀਂ ਕਰਨਾ। ਹਾਂ ਅਗਰ ਕਿਸੇ ਨੂੰ ਕਵਿਤਾਵਾਂ ਪੜਨ ਦਾ ਸ਼ੌਕ ਹੈ ਤਾਂ ਉਸ ਨੂੰ ਕਵੀਸ਼ਰੀ ਰੂਪ ਵਿੱਚ ਜਾਂ ਢਾਡੀ ਵਾਰਾਂ ਦੇ ਰੂਪ ਵਿੱਚ ਜਾਂ ਕੀਰਤਨ ਤੋਂ ਬਗੈਰ ਤੁਸੀਂ ਪੜ੍ਹ ਤੇ ਗਾ ਸਕਦੇ ਹੋ, ਪਰ ਕੀਰਤਨ ਦੇ ਰੂਪ ਵਿੱਚ ਨਹੀਂ ਗਾ ਸਕਦੇ। ਦੂਸਰੀ ਵਾਰ ਦੁਹਰਾ ਕੇ ਕਿਹਾ ਹੈ ਕਿ ਕੀਰਤਨ ਬਾਣੀ ਦਾ, ਭਾਈ ਗੁਰਦਾਸ ਜੀ ਦੀ ਰਚਨਾ ਦਾ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘‘ਬਾਣੀਆਂ ਸਿਰਿ ਬਾਣੀ॥’’ ਹੈ। ਇਹ, ਸੰਸਾਰ ਵਿੱਚ ਸਿਰਮੌਰ ਰਚਨਾ ਹੈ, ਖੁਲਾਸਾ ਫਿਰ ਕਰਾਂਗਾ। ਗੁਰੂ ਅਮਰਦਾਸ ਜੀ ਨੇ ਇਹ ਵੀ ਫ਼ੁਰਮਾਨ ਕੀਤਾ, ‘‘ਏ ਸ੍ਰਵਣਹੁ ਮੇਰਿਹੋ ! ਸਾਚੈ ਸੁਨਣੈ ਨੋ ਪਠਾਏ ॥ ਸਾਚੈ (ਨੇ) ਸੁਨਣੈ ਨੋ ਪਠਾਏ; ਸਰੀਰਿ (’ਚ) ਲਾਏ ਸੁਣਹੁ ਸਤਿ ਬਾਣੀ ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ; ਰਸਨਾ ਰਸਿ ਸਮਾਣੀ ॥ ਸਚੁ ਅਲਖ ਵਿਡਾਣੀ; ਤਾ ਕੀ ਗਤਿ ਕਹੀ ਨ ਜਾਏ ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ; ਪਵਿਤ੍ਰ ਹੋਵਹੁ; ਸਾਚੈ ਸੁਨਣੈ ਨੋ ਪਠਾਏ ॥੩੭॥’’ (ਅਨੰਦ/ਮਹਲਾ ੩/੯੨੨)
ਕੰਨ ਅਤੇ ਰਸਨਾ ਨੂੰ ਪ੍ਰੇਰਨਾ ਦੇ ਕੇ ਕਿਹਾ ਹੈ। ਬਾਣੀ; ਪ੍ਰੇਰਨਾ ਦਿੰਦੀ ਹੈ ‘‘ਸੁਣਹੁ ਸਤਿ ਬਾਣੀ’’ ਅਤੇ ‘‘ਗਾਵਹੁ ਸਚੀ ਬਾਣੀ’’। ਪ੍ਰੇਰਨਾ ਦੇਣ ਦੀ ਕਿਉ ਲੋੜ ਪਈ ਕਿਉਂਕਿ ਉਸ ਵੇਲੇ ਖੁਦਗਰਜ਼ੀਆਂ, ਲੋਭੀਆਂ, ਈਰਖਾਲੂਆਂ, ਮੀਣਿਆਂ ਵੱਲੋਂ ਗੁਰੂ ਦੀ ਰੀਸ ਕਰਕੇ ਆਪਣੇ ਵੱਲੋਂ ਕਵਿਤਾ ਨੂੰ ਬਾਣੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਨਿਰਮਲ ਪੰਥ ਵਿੱਚ ਖੋਟ ਪਾਉਣ ਵਾਸਤੇ ਹੀ ਕਵਿਤਾ ਨੂੰ ‘ਬਾਣੀ’ ਕਿਹਾ ਜਾ ਰਿਹਾ ਸੀ। ਦੋ ਤਿੰਨ ਉਦਾਹਰਨਾਂ ਦੇ ਕੇ ਅਗਲੇ ਪੜਾਅ ਵੱਲ ਜਾਵਾਂਗਾ। ਕਿਸੇ ਸ਼ਰਾਬੀ ਕਬਾਬੀ, ਦੁਰਾਚਾਰੀ ਵਿਭਚਾਰੀ, ਬੇਈਮਾਨ ਨੂੰ ਕਹੋ ਕਿ ਤੂੰ ਇਹ ਮਾੜੇ ਕੰਮ ਛੱਡ ਦੇਹ। ਤੁਸੀਂ ਕਿਸੇ ਨੂੰ ਕਹੋ ਕਿ ਸ਼ਰਾਬ ਪੀਣੀ ਛੱਡ ਦੇਹ। ਖੰਡੇ ਦੀ ਪਾਹੁਲ ਛਕ ਲੈਹ। ਜੀਵਨ ਸਫਲ ਅਤੇ ਸੁਹੇਲਾ ਹੋ ਜਾਵੇਗਾ। ਕਿਸੇ ਨੂੰ ਕੁਸੰਗਤ ਛੱਡ ਦੇਣ, ਗੁਰੂ ਦੀ ਸੰਗਤ ਵਿੱਚ ਆਇਆ ਕਰ। ਅੱਗੋਂ ਉਹ ਕਹੇਗਾ
‘ਕਰੈ ਕਰਾਵੈ ਆਪੇ ਆਪਿ, ਮਾਨਸ ਕੇ ਕਿਛੁ ਨਾਹੀ ਹਾਥ ।’ (ਕੱਚੀ ਰਚਨਾ)
ਅਕਾਲ ਪੁਰਖ ਸਭ ਆਪ ਕਰਦਾ ਅਤੇ ਕਰਾਉਂਦਾ ਹੈ। ਸਾਡੇ ਹੱਥ ਕੁਝ ਵੀ ਨਹੀਂ ਹੈ। ਜਦੋਂ ਰੱਬ ਸਾਡੇ ਕੋਲੋਂ ਕਰਾਵੇਗਾ। ਅਸੀਂ ਕਰ ਲਵਾਂਗੇ। ਅਸੀਂ ਆਪ ਕੁਝ ਨਹੀਂ ਕਰਦੇ, ਸਭ ਰੱਬ ਕਰਦਾ ਹੈ। ਆਪ ਹੈਰਾਨ ਹੋਵੋਗੇ ਕਿ ਇਹ ਪੰਗਤੀ; ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਸ਼ੈਤਾਨ ਅਤੇ ਚਲਾਕ ਲੋਕਾਂ ਨੇ ਆਪ ਲਿਖੀਆਂ ਹਨ। ਅਸਲ ਪੰਗਤੀ ਇਹ ਹੈ, ‘‘ਮਾਰੈ ਰਾਖੈ, ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ॥’’ (ਸੁਖਮਨੀ/ਮਹਲਾ ੫/੨੮੧)
ਮੌਤ ਅਤੇ ਜ਼ਿੰਦਗੀ; ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਇਹ ਰੱਬ ਦੇ ਹੁਕਮ ਵਿੱਚ ਹੈ। ਮਰਜ਼ੀ ਨਾਲ ਜਨਮ ਨਹੀਂ ਹੁੰਦਾ। ਮਰਜ਼ੀ ਨਾਲ ਮੌਤ ਵੀ ਨਹੀਂ ਹੁੰਦੀ, ਪਰ ਇਨ੍ਹਾਂ ਚਲਾਕ ਲੋਕਾਂ ਨੇ ਪੰਕਤੀਆਂ ਲਿਖ ਲਈਆਂ ਹਨ। ਇਹ ਸ਼ੈਤਾਨ ਅਤੇ ਚਾਲਾਕ ਲੋਕਾਂ ਨੇ ਜਦੋਂ ਕਿਸੇ ਸਿਧਾਂਤਕ ਮਨੁੱਖ ਨੂੰ ਦਬਾਉਣਾ ਹੋਵੇ। ਸੱਚੇ ਬੰਦੇ ਨੂੰ ਚੁੱਪ ਕਰਾਉਣਾ ਹੋਵੇ ਤਾਂ ਝੱਟ ਇਹ ਪੰਕਤੀਆਂ ਪੜ੍ਹ ਕੇ ਸੁਣਾ ਦਿੰਦੇ ਹਨ, ‘ਨਾਨਕ ਨੀਵਾ ਜੋ ਚਲੈ, ਲਗੈ ਨ ਤਤੀ ਵਾਉ ।’ (ਕੱਚੀ ਰਚਨਾ)
ਜੋ ਨੀਵਾਂ ਹੋ ਕੇ ਰਹਿੰਦਾ ਹੈ, ਉਸ ਨੂੰ ਤੱਤੀ ਵਾਹ ਨਹੀਂ ਲੱਗਦੀ ਭਾਵੇਂ ਤੂੰ ਸੱਚ ਛੱਡ, ਨੀਵਾਂ ਚੱਲ। ਇਕ ਗੱਲ ਸਮਝ ਲੈਣੀ, ਜੋ ਮਨੁੱਖ ਅਸੂਲਾਂ ਨੂੰ ਛੱਡ ਕੇ ਨੀਵਾਂ, ਨਿਮਰਤਾ ਧਾਰਨ ਕਰਦਾ ਹੈ, ਉਹ ਕਾਇਰ ਹੁੰਦਾ ਹੈ। ਗੁਰੂ ਨਾਨਕ ਜੀ; ਬਾਬਰ ਅੱਗੇ ਨਹੀਂ ਸਨ ਝੁਕੇ। ਗੁਰੂ ਅੰਗਦ ਸਾਹਿਬ ਹਮਾਯੂੰ ਅੱਗੇ ਨਹੀਂ ਸਨ ਝੁਕੇ। ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਪਾਤਿਸ਼ਾਹ; ਅਕਬਰ ਅੱਗੇ ਨਹੀਂ ਸਨ ਝੁਕੇ। ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ; ਜਹਾਂਗੀਰ ਅੱਗੇ ਨਹੀਂ ਸਨ ਝੁਕੇ। ਗੁਰੂ ਹਰਿਰਾਏ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ; ਸ਼ਾਹਜਹਾਨ ਅਤੇ ਔਰੰਗਜ਼ੇਬ ਅੱਗੇ ਨਹੀਂ ਸਨ ਝੁਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ; ਔਰੰਗਜ਼ੇਬ ਅੱਗੇ ਨਹੀਂ ਸਨ ਝੁਕੇ। ਸਿਧਾਂਤ ਉੱਤੇ ਦ੍ਰਿੜ ਰਹੇ ਸਨ। ਅਸੂਲਾਂ ਨੂੰ ਤਿਆਗ ਕੇ ਨੀਵੇਂ ਹੋਣਾ ਨਿਮਰਤਾ ਨਹੀਂ ਹੁੰਦੀ ਸਗੋਂ ਕਾਇਰਤਾ ਹੁੰਦੀ ਹੈ। ‘ਨਾਨਕ ਨੀਵਾ ਜੋ ਚਲੇ’ ਇਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਕਤੀ ਦਰਜ ਹੈ, ‘‘ਚਿਤਿ ਆਵੈ ਓਸੁ, ਪਾਰਬ੍ਰਹਮੁ; ਲਗੈ ਨ ਤਤੀ ਵਾਉ ॥’’ (ਮਹਲਾ ੫/੭੦) ਮਨੁੱਖ ਨੂੰ ਜਦੋਂ ਅਕਾਲ ਪੁਰਖ ਅਤੇ ਗੁਰਬਾਣੀ ਚੇਤੇ ਰਹਿੰਦੀ ਹੈ ਤਾਂ ਵਿਕਾਰਾਂ ਦੀ ਤੱਤੀ ਵਾਹ ਨਹੀਂ ਲੱਗਦੀ।
ਕਈ ਲੋਕ ਇਹ ਵੀ ਪੰਗਤੀਆਂ ਪੜ੍ਹਦੇ ਹਨ ‘ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀ ਜਿਸ ਨਾਮ ਅਧਾਰ ।’ (ਕੱਚੀ ਰਚਨਾ) ਇਕ ਪੰਕਤੀ ਆਪਣੇ ਕੋਲੋਂ ਬਣਾ ਲਈ ਹੈ। ਵੱਡੇ ਵੱਡੇ ਪ੍ਰਚਾਰਕ ਵੀ ਕਈ ਵਾਰ ਇਹ ਪੜ੍ਹ ਦਿੰਦੇ ਹਨ। ਸ਼੍ਰੋਮਣੀ ਕਮੇਟੀ ਦੀ ਪੀਐਚਡੀ ਪ੍ਰਚਾਰਕ ਬੀਬੀ ਹਰਪ੍ਰੀਤ ਕੌਰ ਨੇ ਵੀ ਟਾਈਮ ਟੀਵੀ ’ਤੇ ਬੰਗਲਾ ਸਾਹਿਬ ਕਥਾ ਕਰਦੇ ਇਹ ਪੰਕਤੀ ਪੜ੍ਹੀ ਸੀ, ਜੋ ਗਲਤ ਹੈ। ਅਸਲ ’ਚ ਇਹ ਪੰਗਤੀਆਂ ਹਨ
ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ! ਦੁਖੀਆ ਸਭੁ ਸੰਸਾਰੁ॥
ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥ (ਮਹਲਾ ੧/੯੫੩)
ਅੱਜ ਵੀ ਨਿਰਮਲ ਪੰਥ ਵਿੱਚ ਖੋਟ ਪਾਉਣ ਵਾਸਤੇ ਕੱਚੀ ਰਚਨਾ ਦਾ ਕੀਰਤਨ ਕੀਤਾ ਜਾਂਦਾ ਹੈ। ਵੱਡੇ ਵੱਡੇ ਨਾਮਵਰ ਕੀਰਤਨੀਏ ਵੀ ਐਸਾ ਕਰਦੇ ਹਨ। ਕਵਿਤਾਵਾਂ ਸਿਰਫ ਕਵੀਸ਼ਰੀ ਰੂਪ ਵਿੱਚ ਅਤੇ ਢਾਡੀ ਵਾਰਾਂ ਦੇ ਰੂਪ ਵਿੱਚ ਪੜੀਆਂ ਜਾ ਸਕਦੀਆਂ ਹਨ। ਇਨ੍ਹਾਂ ਦਾ ਕੀਰਤਨ ਕਰਨਾ ਗਲਤ ਹੈ, ‘‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹਾ ਅੰਦਰਿ ਹੋਰੁ, ਮੁਖਿ ਹੋਰੁ ਹੈ; ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥’’ (ਮਹਲਾ ੪/੩੦੪)
ਸਿਰਫ ਗੁਰਬਾਣੀ ਨੂੰ ਅਤੇ ਗੁਰਬਾਣੀ ਦੇ ਆਧਾਰ ’ਤੇ, ਜੋ ਇਤਿਹਾਸ ਹੈ; ਉਸ ਨੂੰ ਹੀ ਜੀਵਨ ਦਾ ਸਹਾਰਾ ਬਣਾਉਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਮੇਂ ਅਤੇ ਅੱਜ ਵੀ, ਗੁਰੂ ਦੀ ਰੀਸ ਹੋ ਰਹੀ ਹੈ। ਰੀਸ ਕਰਨ ਵਾਲੇ ਝੂਠੇ ਹਨ। ਉਨ੍ਹਾਂ ਦੇ ਮਨ ਵਿੱਚ ਕੂੜ ਕਪਟ, ਛਲ ਫਰੇਬ ਹੁੰਦਾ ਹੈ। ਸਿਰਫ ਧਨ ਪਦਾਰਥ ਦੇ ਲਾਲਚ ਵਿੱਚ ਹੀ ਗੁਰੂ ਦੀ ਰੀਸ ਕਰਕੇ ਕੱਚੀ ਰਚਨਾ ਦਾ ਕੀਰਤਨ ਕਰਦੇ ਹਨ। ਕੱਚੀ ਅਤੇ ਸੱਚੀ ਬਾਣੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਦੇ ਕਥਨ ਦੇ ਆਧਾਰ ’ਤੇ ਵਿਚਾਰ ਕਹਿ ਕੇ ਅੱਗੇ ਚਲਾਂਗਾ
ਕਥਾ ਸੋਹਣੀ ਮਹੀਂਵਾਲ ਦੀ :- ਇਸ਼ਕ ਮਜਾਜ਼ੀ ਕਿੱਸਿਆਂ ਵਿੱਚ ਸੋਹਣੀ ਮਹੀਂਵਾਲ ਦਾ ਕਿੱਸਾ ਆਮ ਸੁਣਿਆ ਜਾਂਦਾ ਹੈ। ਸੋਹਣੀ ਮਹੀਂਵਾਲ ਪਾਕਿਸਤਾਨ ਵਿੱਚ ਹੋਏ ਹਨ। ਕਿੱਸਾ ਕਹਿੰਦਾ ਹੈ ਕਿ ਸੋਹਣੀ ਦਾ ਪਿਆਰ ਮਹੀਂਵਾਲ ਨਾਲ ਸੀ। ਸੋਹਣੀ ਝਨਾ ਦਰਿਆ ਦੇ ਵਿੱਚ ਇੱਕ ਪਾਸੇ ਰਹਿੰਦੀ ਸੀ। ਮਹੀਂਵਾਲ ਝਨਾ ਦੇ ਦੂਸਰੇ ਕਿਨਾਰੇ ਰਹਿੰਦਾ ਸੀ। ਰੌਜ਼ਾਨਾ ਰਾਤ ਦੇ ਸਮੇਂ ਇੱਕ ਪੱਕਾ ਘੜਾ ਲੈਂਦੀ ਸੀ। ਉਸ ਪੱਕੇ ਘੜੇ ਰਾਹੀਂ ਝਨਾ ਦਰਿਆ ਨੂੰ ਤੈਰਦੀ ਦੂਸਰੇ ਪਾਸੇ ਮੇਹੀਵਾਲ ਨੂੰ ਜਾ ਮਿਲਦੀ ਫਿਰ ਮੁੜ ਵਾਪਸ ਆ ਕੇ ਘੜਾ ਝਾੜੀਆਂ ਵਿੱਚ ਛੁਪਾ ਕੇ ਰੱਖ ਦਿੰਦੀ ਸੀ। ਇੱਕ ਦਿਨ ਕਿਸੇ ਨੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਬਦਲ ਕੇ ਰੱਖ ਦਿੱਤਾ। ਜਦੋਂ ਸੋਹਣੀ ਇਸ ਕੱਚੇ ਘੜੇ ਰਾਹੀਂ ਝਨਾ ਦਰਿਆ ਤੋਂ ਪਾਰ ਜਾਣ ਵਾਸਤੇ ਆਈ ਤਾਂ ਕੱਚਾ ਘੜਾ ਚਨਾ ਦਰਿਆ ਦੇ ਵਿਚਕਾਰ ਜਾ ਕੇ ਖੁਰ ਗਿਆ। ਸੋਹਣੀ ਝਨਾ ਦਰਿਆ ਵਿੱਚ ਡੁੱਬ ਕੇ ਮਰ ਗਈ। ਮਹੀਂਵਾਲ ਨੂੰ ਨਹੀਂ ਸੀ ਮਿਲ ਸਕੀ। ਭਾਈ ਜੀ ਇਹ ਕਿੱਸਾ ਕਹਿ ਕੇ ਗੁਰਮਤਿ ਦੀ ਇੱਕ ਗੁਹਜ ਰਮਜ਼ ਦਿੰਦੇ ਹਨ। ਜਦੋਂ ਸੋਹਣੀ ਪੱਕਾ ਘੜਾ ਲੈ ਕੇ ਤੈਰਦੀ ਸੀ ਤਾਂ ਝਨਾ ਦਰਿਆ ਤੋਂ ਪਾਰ ਜਾ ਕੇ ਮੇਹੀਵਾਲ ਨੂੰ ਮਿਲਦੀ ਰਹੀ, ਪਰ ਜਿਸ ਦਿਨ ਪੱਕੇ ਦੀ ਥਾਂ ਕੱਚੇ ਘੜੇ ਨੂੰ ਲਿਆ। ਉਸ ਦਿਨ ਝਨਾ ਦਰਿਆ ਵਿੱਚ ਡੁੱਬ ਗਈ, ਪਾਰ ਨਹੀਂ ਲੱਗ ਸਕੀ। ਮੇਹੀਵਾਲ ਨੂੰ ਨਹੀਂ ਮਿਲ ਸਕੀ। ਭਾਈ ਗੁਰਦਾਸ ਜੀ ਆਖਦੇ ਹਨ :
ਲੇਲੈ ਮਜਨੂੰ ਆਸਕੀ; ਚਹੁ ਚਕੀ ਜਾਤੀ।
ਸੋਰਠਿ ਬੀਜਾ ਗਾਵੀਐ; ਜਸੁ ਸੁਘੜਾ ਵਾਤੀ।
ਸਸੀ ਪੁੰਨੂੰ ਦੋਸਤੀ; ਹੁਇ ਜਾਤਿ ਅਜਾਤੀ।
ਮੇਹੀਵਾਲ ਨੋ ਸੋਹਣੀ; ਨੈ ਤਰਦੀ ਰਾਤੀ।
ਰਾਂਝਾ ਹੀਰ ਵਖਾਣੀਐ; ਓਹੁ ਪਿਰਮ ਪਰਾਤੀ।
ਪੀਰ ਮੁਰੀਦਾ ਪਿਰਹੜੀ; ਗਾਵਨਿ ਪਰਭਾਤੀ ॥੧॥ (ਭਾਈ ਗੁਰਦਾਸ ਜੀ/ਵਾਰ ੨੭ ਪਉੜੀ ੧)
ਭਾਵ ਪ੍ਰਸੰਗ ਦੇ ਸਬੰਧ ਵਾਲੇ ਇੱਕ ਕਿੱਸੇ ਦੀ ਮਿਸਾਲ ਦੇਵਾਂਗਾ। ਸੰਸਾਰ ਝਨਾ ਦਰਿਆ ਵਾਂਗ ਹੈ। ਇਸ ਸੰਸਾਰ ਦਰਿਆ ਵਿੱਚ ਹੱਡ ਚੰਮ ਦੇ ਪਿਆਰ ਦਾ ਹੜ ਵੱਗ ਰਿਹਾ ਹੈ। ਆਤਮਾ ਸੋਹਣੀ ਹੈ, ਜੋ ਪਰਮੇਸ਼ਰ ਦੀ ਅੰਸ਼ ਹੈ। ਮੇਹੀਵਾਲ ਦਾ ਇੱਥੇ ਅਰਥ ‘ਪਰਮਾਤਮਾ’ ਲਿਆ ਹੈ। ਜਦੋਂ ‘ਆਤਮਾ’; ਸੱਚੀ ਬਾਣੀ ਦਾ ਆਸਰਾ ਲੈ ਕੇ ਸੰਸਾਰ ਦੇ ਝਨਾ ਦਰਿਆ ਵਿੱਚ ਆਵੇਗੀ ਤਾਂ ਵਿਕਾਰਾਂ ਨੂੰ ਤਰ ਜਾਵੇਗੀ, ਪਾਰ ਲੰਘ ਕੇ ਪਰਮਾਤਮਾ ਨਾਲ ਮਿਲਾਪ ਹੋਵੇਗਾ, ਪਰ ਜੇਕਰ ਕੱਚੀ ਰਚਨਾ, ਕੱਚੀ ਬਾਣੀ ਦਾ ਸਹਾਰਾ ਲਿਆ ਤਾਂ ਸੰਸਾਰ ਝਨਾ ਦਰਿਆ ਵਿੱਚ ਗੋਤੇ ਖਾ ਕੇ ਡੁੱਬ ਜਾਵੇਗੀ। ਆਪਣੇ ਪ੍ਰੀਤਮ ਮੇਹੀਵਾਲ ਦਾ ਮਿਲਾਪ ਨਹੀਂ ਹੋਵੇਗਾ, ਇਸ ਲਈ ਗੁਰੂ ਸਾਹਿਬ ਨੇ ਪ੍ਰੇਰਨਾ ਕੀਤੀ ਹੈ ‘‘ਗਾਵਹੁ ਸਤਿ ਬਾਣੀ’’ ਅਤੇ ‘‘ਸੁਣਹੁ ਸਤਿ ਬਾਣੀ’’। ਸਤਿਗੁਰ ਦੀ ਰੀਸ ਕਰਕੇ ਕੱਚੀ ਬਾਣੀ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰੂ ਅਰਜਨ ਪਾਤਿਸ਼ਾਹ ਸਮੇਂ ਤਾਂ ਕੱਚੀ ਬਾਣੀ ਲਿਖਣ ਦੀ ਸਿਖਰਤਾ ਸੀ। ਪ੍ਰਿਥੀ ਦਾ ਪੁੱਤਰ ਮਿਹਰਬਾਨ; ਗੁਰੂ ਦੀ ਰੀਸ ਕਰਨ ’ਚ ਸਭ ਤੋਂ ਅੱਗੇ ਸੀ। ਮਿਹਰਬਾਨ; ਸਾਰੀ ਕਵਿਤਾ ਲਿਖ ਕੇ ਅਖੀਰਲੀ ਪੰਕਤੀ ਵਿੱਚ ‘ਨਾਨਕ’ ਲਿਖ ਲੈਂਦਾ ਸੀ। ਮਿਹਰਬਾਨ ਲੋਕਾਂ ਨੂੰ ਕਹਿੰਦਾ ਸੀ ਕਿ ਬਾਣੀ ਤਾਂ ਮੈਂ ਵੀ ਉਚਾਰ ਰਿਹਾ ਹਾਂ। ਇਸ ਕਰਕੇ ਗੁਰੂ ਮੈਂ ਵੀ ਹਾਂ। ਆਪਣੇ ਆਪ ਨੂੰ ‘ਗੁਰੂ ਨਾਨਕ’ ਸਿਧ ਕਰਨ ਦੀ ਕੋਸ਼ਿਸ਼ ਕਰਦਾ ਸੀ। ਬੰਸਾਵਲੀ ਨਾਮਾ ਦਾ ਕਰਤਾ ਕੇਸਰ ਸਿੰਘ ਛਿੱਬਰ ਇਸ ਦਾ ਜ਼ਿਕਰ ਕਰਦਾ ਹੈ :
ਮਿਹਰਬਾਨ ਪੁਤ ਪ੍ਰਿਥੀਏ ਦਾ ਕਵੀਸ਼ਰੀ ਕਰੇ ।
ਪਾਰਸੀ, ਹਿੰਦਵੀ ਨਾਲੇ ਗੁਰਮੁਖੀ ਪੜੇ ।
ਤਿਨ ਭੀ ਬਾਣੀ ਬਹੁਤ ਬਣਾਈ ।
ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ।
ਮੀਣਿਆ ਭੀ ਪੁਸਤਕ ਇੱਕ ਗ੍ਰੰਥ ਬਣਾਇਆ ।
ਚਹੁੰ ਪਾਤਸ਼ਾਹੀਆਂ ਦਾ ਸ਼ਬਦ, ਬਾਣੀ ਲਿਖਿ, ਵਿਚਿ ਪਾਇਆ । (ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀ ਨਾਮਾ)
ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ; ਗੁਰੂ ਸਾਹਿਬ ਜੀ ਦੀ ਪੂਰੀ ਪੂਰੀ ਨਕਲ ਕਰਦਾ ਸੀ। ਗੁਰੂ ਸਾਹਿਬ ਵਰਗਾ ਬਿਲਕੁਲ ਪਹਿਰਾਵਾ ਪਾਉਂਦਾ ਸੀ। ਪੈਰਾਂ ਵਿੱਚ ਕਈ ਵਾਰ ਖੜਾਵਾਂ ਵੀ ਪਾਉਂਦਾ ਸੀ। ਗੁਰਮਤਿ ਦੀ ਸੋਝੀ ਬਿਲਕੁਲ ਨਹੀਂ ਸੀ। ਇਸ ਕਰਕੇ ਗਲ਼ ਵਿੱਚ, ਹੱਥ ਵਿੱਚ ਲੰਬੀ ਮਾਲਾ ਰੱਖਦਾ ਸੀ। ਨਾਲ 15-20 ਚੇਲੇ ਰੱਖੇ ਹੋਏ ਸਨ। ਚੇਲਿਆਂ ਕੋਲ ਢੋਲਕੀਆਂ, ਚਿਮਟੇ, ਛੈਣੇ, ਖੜਤਾਲਾਂ ਸਨ। ਇਹ ਰਲ਼ ਕੇ ਮਿਹਰਬਾਨ ਦੀਆਂ ਲਿਖੀਆਂ ਕਵਿਤਾਵਾਂ ਦਾ, ਸੋ ਕਾਲਡ ਕੀਰਤਨ ਕਰਦੇ ਸਨ। ਇਸ ਦੇ ਚੇਲੇ ਬਹੁਤ ਐਕਟਿੰਗ ਕਰਦੇ ਸਨ। ਚਮਟੇ ਉਲਾਰ ਉਲਾਰ ਕੇ ਵਜਾਉਂਦੇ ਸਨ। ਇਨ੍ਹਾਂ ਨੇ ਇੱਕ ਗ੍ਰੰਥ ਵੀ ਬਣਾ ਲਿਆ ਸੀ। ਜਿਸ ਤਰ੍ਹਾਂ ਅੱਜ ਭਨਿਆਰੇ ਵਾਲੇ ਨੇ ‘ਭਵ ਸਾਗਰ’ ਗ੍ਰੰਥ ਬਣਾਇਆ ਹੈ। ਜਿਸ ਤਰ੍ਹਾਂ ਰਾਧਾ ਸੁਆਮੀ ਨੇ ‘ਸਾਰ ਬਚਨ’ ਗ੍ਰੰਥ ਬਣਾਇਆ ਹੈ। ਜਿਸ ਤਰ੍ਹਾਂ ਨਕਲੀ ਨਿਰੰਕਾਰੀਆਂ ਨੇ ‘ਅਵਤਾਰ ਬਾਣੀ’ ਗ੍ਰੰਥ ਬਣਾਇਆ ਹੈ। ਜਿਸ ਤਰ੍ਹਾਂ ਡੇਰਾ ਬੱਲਾਂ ਵਾਲਿਆਂ ਨੇ ‘ਅੰਮ੍ਰਿਤ ਬਾਣੀ’ ਗ੍ਰੰਥ ਬਣਾਇਆ ਹੈ; ਇਸੇ ਤਰ੍ਹਾਂ ਮੀਣਿਆਂ ਨੇ ਵੀ ਇੱਕ ਗ੍ਰੰਥ ਲੋਕਾਂ ਨੂੰ ਧੋਖਾ ਦੇਣ ਵਾਸਤੇ ਬਣਾਇਆ ਸੀ। ਇਹ ਸਭ ਦੇਖ ਕੇ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਸੀ, ਜਿਸ ਦਾ ਜ਼ਿਕਰ ਬੰਸਾਵਲੀ ਨਾਮਾ ਦਾ ਕਰਤਾ ‘ਕੇਸਰ ਸਿੰਘ ਛਿੱਬਰ’ ਕਰਦਾ ਹੈ :
ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ ।
ਮੀਣੇ ਪਾਂਦੇ ਨੇ ਰਲਾ, ਸੋ ਵਿਚ ਰਲਾ ਨਾ ਧਰੀਏ । (ਬੰਸਾਵਲੀ ਨਾਮਾ, ਕੇਸਰ ਸਿੰਘ ਛਿੱਬਰ)
ਰੱਬੀ ਬਾਣੀ ਵਿੱਚ ਮੀਣੇ ਮਸੰਦ ਰਲ਼ਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਸੱਚ ਕੀ ਬਾਣੀ ਨੂੰ ਇਕ ਥਾਂ ਸੰਪਾਦਨ ਕੀਤਾ ਜਾਵੇ ਤਾਂ ਕਿ ਕੌਮ ਨੂੰ ਆਪਣਾ ਵਡਮੁੱਲਾ ਖਜ਼ਾਨਾ ਆਪਣਾ ਗ੍ਰੰਥ ਮਿਲ ਸਕੇ। ਸੰਨ 1601 ਈਸਵੀ ਨੂੰ ਰਾਮਸਰ ਸਰੋਵਰ ਤਿਆਰ ਹੋ ਗਿਆ ਸੀ। ਰਾਮਸਰ ਸਰੋਵਰ ਦੇ ਕਿਨਾਰੇ ਬਹੁਤ ਸੁੰਦਰ ਅਤੇ ਨਵੇਕਲਾ ਇਕ ਕਮਰਾ ਤਿਆਰ ਕੀਤਾ ਗਿਆ। ਪਾਵਨ ਅਸਥਾਨ ’ਤੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਨਿਗਰਾਨੀ ਹੇਠ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਵਿਸ਼ੇਸ਼ ਢੰਗ ਨਾਲ ਤਰਤੀਬ ਦਿੱਤੀ। ਪਹਿਲੇ 13 ਪੰਨਿਆਂ ’ਤੇ ਨਿਤਨੇਮ ਦੀਆਂ ਬਾਣੀਆਂ ਅੰਕਿਤ ਕੀਤੀਆਂ। ਫਿਰ 30 ਰਾਗਾਂ ਵਿੱਚ ਤਰਤੀਬ ਵਾਰ ਬਾਣੀ ਦਰਜ ਕੀਤੀ। ਹਰੇਕ ਰਾਗ ਵਿੱਚ ਪਹਿਲਾ ਗੁਰੂ ਨਾਨਕ ਸਾਹਿਬ ਜੀ, ਫਿਰ ਤੀਸਰੇ ਪਾਤਿਸ਼ਾਹ ਜੀ ਦੇ ਸ਼ਬਦ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਸ਼ਬਦ ਨਹੀਂ, ਕੇਵਲ ਸਲੋਕ ਹਨ, ਜੋ ਵਾਰਾਂ ਦੀਆਂ ਪੌੜੀਆਂ ਵਿੱਚ ਦਰਜ ਕੀਤੇ। ਤੀਸਰੇ ਪਾਤਿਸ਼ਾਹ ਤੋਂ ਬਾਅਦ ਚੌਥੇ, ਫਿਰ ਪੰਜਵੇਂ ਪਾਤਿਸ਼ਾਹ ਜੀ ਦੇ ਸ਼ਬਦ, ਫਿਰ ਇਸੇ ਤਰਤੀਬ ਵਿੱਚ ਅਸਟਪਦੀਆਂ, ਫਿਰ ਛੰਤ ਫਿਰ ਲੰਬੀਰੀਆਂ ਬਾਣੀਆਂ, ਫਿਰ ਵਾਰਾਂ ਅਤੇ ਰਾਗ ਦੇ ਅਖੀਰ ਵਿੱਚ ਭਗਤਾਂ ਦੀ ਬਾਣੀ ਦਰਜ ਕੀਤੀ। ਹਾਲੇ ਨਾਂਵੇਂ ਪਾਤਿਸ਼ਾਹ ਦੀ ਬਾਣੀ ਨਹੀਂ ਸੀ।
ਸੋ ਗੁਰੂ ਅਰਜਨ ਪਾਤਿਸ਼ਾਹ ਨੇ ਬਹੁਤ ਦੂਰ ਅੰਦੇਸੀ ਨਾਲ 30 ਰਾਗਾਂ ਵਿੱਚ ਬਾਣੀ ਨੂੰ ਉਸੇ ਢੰਗ ਨਾਲ ਨੰਬਰ ਮੁਤਾਬਕ ਅੰਕਿਤ ਕੀਤਾ। ਕੋਈ ਵੀ ਇਸ ਵਿੱਚ ਵਾਧ ਘਾਟ ਨਹੀਂ ਕਰ ਸਕਦਾ। ਵਾਰਾਂ ’ਚੋਂ ਜੋ ਸਲੋਕ ਬਚ ਗਏ, ਉਨ੍ਹਾਂ ਨੂੰ ‘ਵਾਰਾਂ ਤੇ ਵਧੀਕ’ ਸਿਰਲੇਖ ਹੇਠ; ਪੰਜਾਂ ਗੁਰੂ ਸਾਹਿਬਾਨ ਦੇ ਸਲੋਕ ਤਰਤੀਬ ਪਧ ਕੀਤਾ। ਵਾਰਾਂ ਤੇ ਵਧੀਕ ਸਲੋਕ ਤੋਂ ਪਹਿਲਾਂ ਭੱਟਾਂ ਦੇ ਸਵਈਏ ਦਰਜ ਕੀਤੇ। ਅਖੀਰ ਵਿੱਚ ਮੁੰਦਾਵਣੀ ਅਤੇ ਫਿਰ ਸ਼ੁਕਰਾਨੇ ਵਜੋਂ ਸਲੋਕ ਮਹਲਾ ਪੰਜਵਾਂ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥’’ (ਮਹਲਾ ੫/੧੪੨੯) ਜਦੋਂ ‘ਆਦਿ ਗ੍ਰੰਥ’ ਸਾਹਿਬ ਜੀ ਦੀ ਸੰਪਾਦਨਾ ਹੋ ਰਹੀ ਸੀ, ਉਸ ਵੇਲੇ ਕੁਝ ਸੋ ਕਾਲਡ ਭਗਤ ਵੀ ਆਪਣੀ ਰਚਨਾ ਦਰਜ ਕਰਵਾਉਣ ਲਈ ਆਏ, ਪਰ ਉਨ੍ਹਾਂ ਦੀ ਰਚਨਾ; ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਅਨੁਸਾਰ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਉਹ ਅਖੌਤੀ ਭਗਤ; ਗੁਰੂ ਸਾਹਿਬ ਜੀ ਦੇ ਵਿਰੁੱਧ ਹੋ ਗਏ ਸਨ। ਗੁਰੂ ਜੀ ਦੀ ਸ਼ਹਾਦਤ ’ਚ ਇਨ੍ਹਾਂ ਨੇ ਆਪਣਾ ਹਿੱਸਾ ਪਾਇਆ ਸੀ। ਖੈਰ 31 ਜੁਲਾਈ 1604 ਈਸਵੀ ਨੂੰ ਭਾਈ ਗੁਰਦਾਸ ਜੀ ਰਾਹੀਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ ਤੇ ਨਿਯਮਬਧ ਪ੍ਰਕਾਸ਼ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੀ ਚੋਣ ਕੀਤੀ ਗਈ। ਐਸਾ ਉਪਰਾਲਾ ਕਰਨ ਦਾ ਦੂਸਰਾ ਕਾਰਨ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ :
ਸ੍ਰੀ ਗੁਰ ਕੇਰ ਸਰੀਰ ਜੁਊ, ਸਭਿ ਥਾਨ ਸਮੈ, ਸਭਿ ਨਾ ਦਰਸੈ ਹੈਂ।
ਗ੍ਰੰਥ ਰਿਦਾ ਗੁਰ ਕੋ ਇਹ ਜਾਨਹੁ, ਉੱਤਮ ਹੈ ਸਭਿ ਕਾਲ ਰਹੈ ਹੈ ।
ਮੇਰੇ ਸਰੂਪ ਤੇ ਯਾਂ ਤੇ ਹੈ ਦੀਰਘ, ਸਾਹਿਬ ਜਾਨਿ ਅਦਾਇਬ ਕੈ ਹੈ । (ਰਾਸਿ ੩ ਅੰਸੂ ੫੦/ਗੁਰ ਪ੍ਰਤਾਪ ਸੂਰਜ)
ਗੁਰੂ ਅਰਜਨ ਪਾਤਿਸ਼ਾਹ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਤਿਆਰ ਕਰਨ ਦਾ ਦੂਸਰਾ ਕਾਰਨ ਦੱਸਿਆ ਹੈ, ਉਸ ਨੂੰ ਕਵੀ ਸੰਤੋਖ ਸਿੰਘ ਸਿਰਫ ਕਲਮ ਬੰਦ ਕਰਦੇ ਹਨ। ਮੇਰਾ ਸਰੀਰ ਇੱਕ ਸਮੇਂ, ਇੱਕ ਥਾਂ ’ਤੇ ਹੀ ਹੋ ਸਕਦਾ ਹੈ, ਪਰ ਗੁਰੂ ਨਾਨਕ ਨਾਮ ਲੇਵਾ ਸਿੱਖ; ਹਰ ਥਾਂ, ਹਰ ਦੇਸ਼ ਵਿੱਚ ਵੱਸਦੇ ਹਨ। ਉਹ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਸਕਦੇ ਹਨ। ਜੇ 100 ਸ਼ਹਰ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਹਨ। ਅਸੀਂ ਸਰੀਰ ਕਰਕੇ ਸਿਰਫ ਇੱਕ ਸਮੇਂ, ਇੱਕ ਥਾਂ ’ਤੇ ਹੀ ਹੋਵਾਂਗੇ। 99 ਸ਼ਹਰਾਂ ਦੀਆਂ ਸੰਗਤਾਂ ਗੁਰੂ ਦੀ ਵਿਚਾਰ ਦਰਸ਼ਨਾਂ ਤੋਂ ਬਗੈਰ ਰਹਿ ਜਾਣਗੀਆਂ। ਤਨ ਵਿਆਪਕ ਨਹੀਂ ਹੁੰਦਾ, ਬਚਨ ਵਿਆਪਕ ਹੁੰਦੇ ਹਨ, ਫਿਰ ਕੀ ਕੀਤਾ ਜਾਵੇ ਆਖਦੇ ਹਨ ਪਾਵਨ ਆਦਿ ਸ੍ਰੀ ਗ੍ਰੰਥ ਸਾਹਿਬ ‘‘ਪੋਥੀ ਪਰਮੇਸਰ ਕਾ ਥਾਨੁ॥’’ ਜੀ ਦੀ ਜੋ ਬਾਣੀ ਹੈ, ਇਹ ਗੁਰਬਾਣੀ; ਗੁਰੂ ਦਾ ਹਿਰਦਾ ਹੈ, ਗੁਰੂ ਦੀ ਆਤਮਾ ਹੈ, ਗੁਰੂ ਦਾ ਦਿਲ ਦਿਮਾਗ ਹੈ, ਰੱਬ ਦਾ ਸੁਨੇਹਾ ਹੈ, ਇਹ ਸਰਬ ਸ੍ਰੇਸ਼ਟ ਉੱਤਮ ਮਹਾਨ ਵੀ ਹੈ, ਜੋ ਹਰ ਕਾਲ ਵਿੱਚ ਅਟੱਲ ਰਹੇਗਾ। ਤਨ ਅੱਜ ਹੈ, ਕੱਲ੍ਹ ਨਹੀਂ ਰਹੇਗਾ। ਫਿਰ ਵਾਰ ਵਾਰ ਗੁਰੂ ਦੀ ਭਾਲ ਕਰਨੀ ਪਵੇਗੀ। ਇਹ ਗੁਰਬਾਣੀ ਅਟੱਲ ਹੈ। ਗੁਰੂ ਜੀ, ਅੱਗੇ ਆਖਦੇ ਹਨ ਕਿ ਸਾਡੇ ਸਰੀਰ ਨਾਲੋਂ ਇਹ ਆਦਿ ਸ੍ਰੀ ਗ੍ਰੰਥ ਸਾਹਿਬ ਪੋਥੀ ਪਰਮੇਸਰ ਕਾ ਥਾਨ ਦੀਰਘ ਭਾਵ ਮਹਾਨ ਹੈ, ਇਸ ਕਰਕੇ ਅਸੀਂ ਸਿਰਫ ਇਸ ਗੁਰਬਾਣੀ ਨੂੰ ਹੀ ਸਾਹਿਬ ਜਾਣਦੇ ਹਾਂ। ਇਸ ਦਾ ਮਨ, ਤਨ ਕਰਕੇ ਅਦਬ ਕਰਦੇ ਹਾਂ। ਪਹਿਲਾ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਭ ਪ੍ਰਬੰਧ ਮੁਕੰਮਲ ਕੀਤੇ ਸਨ। 16 ਅਗਸਤ 1604 ਈਸਵੀ ਭਾਦੋਂ ਸੁਦੀ ੧, ਸੰਮਤ ੧੬੬੧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਆਦਿ ਗ੍ਰੰਥ ਸਾਹਿਬ ‘‘ਪੋਥੀ ਪਰਮੇਸਰ ਕਾ ਥਾਨੁ॥’’ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਉਸ ਵੇਲੇ ਦਾ ਵਾਕਿਆ; ਕਵੀ ਸੰਤੋਖ ਸਿੰਘ ਜੀ ਵਰਨਣ ਕਰਦੇ ਹਨ :
ਹਰਿ ਮੰਦਰ ਮੈ ਜਾਇ ਪਹੁੰਚੈ । ਰਾਗੀ ਰਾਗ ਕਹਤ ਸੁਰ ਉਚੈ ।
ਮੰਜੀ ਸਹਿਤ ਗ੍ਰੰਥ ਤਬ ਥਾਪਿ । ਨਿਕਟਿ ਗੁਰੂ ਤਬ ਬੈਠੇ ਆਪਿ ।
ਵਾਰ ਭੋਗ ਕਉ ਸੁਣ ਮਨ ਲਾਈ । ਸ੍ਰੀ ਅਰਜਨ ਤਬ ਗਿਰਾ ਅਲਾਈ । (ਗੁਰ ਪ੍ਰਤਾਪ ਸੂਰਜ ਗ੍ਰੰਥ)
ਜਦੋਂ ਆਦਿ ਸ੍ਰੀ ਗ੍ਰੰਥ ਸਾਹਿਬ ਜੀ; ਸ੍ਰੀ ਦਰਬਾਰ ਸਾਹਿਬ ਅੰਦਰ ਪਾਲਕੀ ਵਿੱਚ ਸਜਾ ਕੇ ਲਿਆਂਗੇ ਗਏ ਤਾਂ ਅੱਗੇ ਰਾਏ ਬਲਵੰਡ ਜੀ ਅਤੇ ਸੱਤਾ ਜੀ ਰਾਗਾਂ ਵਿੱਚ ਆਸਾ ਕੀ ਵਾਰ ਦਾ ਕੀਰਤਨ ਕਰਦੇ ਸਨ। ਜਦੋਂ ਸ੍ਰੀ ਦਰਬਾਰ ਸਾਹਿਬ ਅੰਦਰ ਆਦਿ ਸ੍ਰੀ ਗ੍ਰੰਥ ਸਾਹਿਬ ਲੈ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਬਹਿਲੋ ਜੀ, ਭਾਈ ਮੰਝ ਜੀ, ਭਾਈ ਸਾਲੋ ਜੀ ਅਤੇ ਹੋਰ ਗੁਰਸਿੱਖ ਲੈ ਕੇ ਪ੍ਰਵੇਸ਼ ਹੋਏ ਤਾਂ ਸਾਰੇ ਅੱਗੋਂ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਅਦਬ ਕਰਨ ਲਈ ਉੱਠ ਕੇ ਖੜੇ ਹੋ ਗਏ। ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ’ਤੇ ਬੜੇ ਅਦਬ ਨਾਲ ਕੀਤਾ। ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਕੋਲ ਸੁਸ਼ੋਭਿਤ ਸਨ। ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਪਹਿਲੇ ਪ੍ਰਕਾਸ਼ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ, ਜੋ ਬਚਨ ਕਹੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :
ਬੁੱਢਾ ਸਾਹਿਬ ਖੋਲਹੁ ਗ੍ਰੰਥ । ਲੇਹੁਅਵਾਜ਼ ਸੁਣਹਿ ਸਭ ਪੰਥ ।੩੨।
ਅਦਬ ਸੰਗਿ ਤਬ ਗ੍ਰਿੰਥ ਕੋ ਖੋਲਾ । ਲੇ ਆਵਾਜ਼ ਬੁੱਢਾ ਮੁਖ ਬੋਲਾ ।੩੩।
(ਰਾਸਿ ੩, ਅੰਸੂ ੫੦/ਗੁਰ ਪ੍ਰਤਾਪ ਸੂਰਜ)
ਸੰਤਾ ਕੇ ਕਾਰਜਿ, ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ, ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ (ਮਹਲਾ ੫/੭੮੩)
ਪਹਿਲੇ ਪ੍ਰਕਾਸ਼ ’ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਹੁਕਮਨਾਮਾ ਲਿਆ ਤਾਂ ਸੂਹੀ ਰਾਗ ਵਿੱਚੋਂ ਹੁਕਮਨਾਮਾ ਆਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਬਣਨ ਦਾ ਮਾਣ ਮਿਲਿਆ। ਬਾਬਾ ਬੁੱਢਾ ਸਾਹਿਬ; ਇਸ ਦੇ ਯੋਗ ਸਨ, ਇਸ ਕਰਕੇ ਹੀ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਉਨ੍ਹਾਂ ਨੂੰ ਇਹ ਮਹਾਨ ਸੇਵਾ ਬਖ਼ਸ਼ੀ। ਸਾਡੇ ਗ੍ਰੰਥੀ ਸਿੰਘਾਂ ਲਈ ਬਾਬਾ ਬੁੱਢਾ ਜੀ; ਇਸ ਪਦਵੀ ਲਈ ਚਾਨਣ ਮੁਨਾਰਾ ਹਨ। ਇੱਕ ਥਾਂ ਦਾਸਰਾ ਕਥਾ ਕਰ ਰਿਹਾ ਸੀ ਤੇ ਪ੍ਰਬੰਧਕ ਸੱਜਣ ਮੇਰੇ ਕੋਲ ਆਏ। ਮੈਨੂੰ ਕਹਿਣ ਲੱਗੇ ਕਿ ਇੱਕ ਗ੍ਰੰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮੈਂ ਕਿਹਾ ਸਵਾਲ ਬਹੁਤ ਵਧੀਆ ਹੈ। ਇੱਕ ਗ੍ਰੰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਵਾਲ ਹੈ ਕਿ ਪ੍ਰਬੰਧਕ ਕਿਹੋ ਜਿਹੇ ਹੋਣੇ ਚਾਹੀਦੇ ਹਨ। ਜਵਾਬ ਸਿੱਧਾ ਜਿਹਾ ਹੈ। ਗ੍ਰੰਥੀ ਸਿੰਘ ਦਾ ਜੀਵਨ ਬਾਬਾ ਬੁੱਢਾ ਜੀ ਵਰਗਾ ਹੋਵੇ ਅਤੇ ਨਾਲ ਪ੍ਰਬੰਧਕ ਸੱਜਣਾਂ ਦਾ ਜੀਵਨ ਗੁਰੂ ਅਰਜਨ ਸਾਹਿਬ ਵਰਗਾ ਹੋਵੇ। ਜਿਸ ਦਿਨ ਪ੍ਰਬੰਧਕ ਸੱਜਣਾਂ ਦਾ ਇਖਲਾਕ; ਗੁਰੂ ਅਰਜਨ ਪਾਤਿਸ਼ਾਹ ਦੇ ਪੱਧਰ ਦਾ ਹੋ ਜਾਵੇਗਾ, ਸੱਚ ਜਾਣਿਓ ਕਿ ਗ੍ਰੰਥੀ ਸਿੰਘ ਵੀ ਬਾਬਾ ਬੁੱਢਾ ਜੀ ਵਰਗੇ ਹੋ ਜਾਣਗੇ। ਮੇਰੀ ਇਹ ਪੱਕੀ ਗਰੰਟੀ ਹੈ। ਅੱਜ ਹਾਲਾਤ ਜੋ ਹਨ, ਕਿਸੇ ਤੋਂ ਛੁਪੇ ਹੋਏ ਨਹੀਂ ਹਨ। ਸ੍ਰੀ ਗ੍ਰੰਥ ‘‘ਪੋਥੀ ਪਰਮੇਸਰ ਕਾ ਥਾਨੁ॥’’ ਦਾ ਇਤਿਹਾਸ ਸੰਖੇਪ ਵਿੱਚ ਕਹਿ ਰਿਹਾ ਹਾਂ। ਜਦੋਂ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਪ੍ਰਕਾਸ਼; ਸ੍ਰੀ ਦਰਬਾਰ ਸਾਹਿਬ ਹੋ ਗਿਆ ਤਾਂ ਚਾਰੇ ਪਾਸੇ ਇਸ ਦੀ ਧੁੰਮ ਪੈ ਗਈ। ਫਿਰ ਪੋਥੀਆਂ ਦੇ ਰੂਪ ਵਿੱਚ ਇਸ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਉਤਾਰੇ ਭਾਈ ਬੰਨੋ ਜੀ ਵਰਗੇ ਗੁਰਸਿੱਖਾਂ ਨੇ ਕਰਕੇ ਥਾਂ ਥਾਂ ’ਤੇ ਭੇਜੇ। ਜਿਵੇਂ ਉੱਲੂ ਨੂੰ ਦਿਨ ਦਾ ਚਾਨਣਾ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਉੱਲੂ ਵਰਗੇ ਮੁਤਸਵੀਆਂ ਨੂੰ ਗੁਰਬਾਣੀ ਦਾ ਚਾਨਣਾ; ਗੁਰੂ ਸਾਹਿਬ ਜੀ ਦੇ ਜੀਵਨ ’ਚ ਸੁਹਾਵਣਾ ਨਾ ਲੱਗਾ। ਇਨ੍ਹਾਂ ਮੁਤਸਵੀਆਂ ਨੇ ਜਹਾਂਗੀਰ ਨਾਲ ਮਿਲ ਕੇ ਗੁਰੂ ਅਰਜਨ ਪਾਤਿਸ਼ਾਹ ਨੂੰ ਖ਼ਤਮ ਕਰਨ ਦੀਆਂ ਜੁਗਤੀਆਂ ਘੜਨੀਆਂ ਸ਼ੁਰੂ ਕੀਤੀਆਂ। ਇਨ੍ਹਾਂ ਮੁਤਸਬੀਆਂ ਵਿੱਚ ਮਹੇਸ਼ ਦਾਸ ਬੀਰਵਲ, ਪ੍ਰਿਥੀ ਚੰਦ, ਮੁਤੱਸਵੀ ਬ੍ਰਾਹਮਣ, ਪੁਜਾਰੀ, ਸਖੀ ਸਰਵਰੀਏ ਦੇ ਪੈਰੋਕਾਰ, ਖੁਵਾਜਾ ਮੁਹੰਮਦ ਬਾਕੀ ਬਿੱਲਾਂ, ਸ਼ੇਖ ਫ਼ਰੀਦ ਬੁਖਾਰੀ ਮੁਰਤਜਾ ਖਾਂ, ਅਹਿਲਕਾਰ ਅਹਿਮਦ ਸਰਹੱਦੀ, ਚੰਦੂ ਲਾਲ, ਭਾਰਤ ਦਾ ਬਾਦਿਸ਼ਾਹ ਜਹਾਂਗੀਰ ਸੀ। 25 ਮਈ 1606 ਈਸਵੀ ਨੂੰ ਗੁਰੂ ਅਰਜਨ ਪਾਤਿਸ਼ਾਹ ਨੂੰ ਵਿਚਾਰ ਕਰਨ ਦੇ ਬਹਾਨੇ ਲਹੌਰ ਬੁਲਾਇਆ ਤੇ ਯਾਸਾ ਸਿਆਸਤ ਕਾਨੂੰਨ ਅਧੀਨ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰਕੇ ਰਾਵੀ ਦਰਿਆ ਵਿੱਚ ਰੋੜ ਦਿੱਤੇ ਗਏ। ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਪਾਤਿਸ਼ਾਹ ਨੇ ਦੂਰ ਅੰਦੇਸ਼ੀ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਦੁਨੀ ਚੰਦ ਜੀ, ਭਾਈ ਮੰਝ ਜੀ, ਭਾਈ ਬਹਿਲੋ ਜੀ ਅਤੇ ਸੁਹਿਰਦ ਸਿੱਖਾਂ ਦੀ ਅਗਵਾਈ ਵਿੱਚ ਸਪਸ਼ਟ ਕੀਤਾ ਸੀ ਕਿ ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ 6ਵੇਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ। ਜਦੋਂ ਗੁਰੂ ਅਰਜਨ ਪਾਤਿਸ਼ਾਹ ਜੀ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਬਚਨਾਂ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਥਾਪ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੋ ਤਲਵਾਰਾਂ ਵੀ ਪਹਿਨਾਈਆਂ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਆਖਦੇ ਹਨ :
ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।
ਪੁਛਨਿ ਸਿਖ ਅਰਦਾਸਿ ਕਰਿ; ਛਿਅ ਮਹਲਾਂ ਤਕਿ ਦਰਸੁ ਨਿਹਾਰੀ।
ਅਗਮ ਅਗੋਚਰ ਸਤਿਗੁਰੂ; ਬੋਲੇ ਮੁਖ ਤੇ ਸੁਣਹੁ ਸੰਸਾਰੀ।
ਕਲਿਜੁਗਿ ਪੀੜੀ ਸੋਢੀਆਂ; ਨਿਹਚਲ ਨੀਵ ਉਸਾਰਿ ਖਲਾਰੀ।
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥੪੮॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੮)
ਹੁਣ ਵੈਰੀਆਂ ਦੀ ਜਾਲਮਾਂ ਨੂੰ ਸੋਧਣ ਵਾਲੇ ਵੱਡੇ ਸੂਰਮੇ ਯੋਧੇ ਅਤੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋ ਗਏ ਹਨ। ਜੋਤਿ ਅਤੇ ਜੁਗਤਿ ਉਹੀ ਹੈ ਸਿਰਫ ਸਰੀਰ ਬਦਲਿਆ ਹੈ। ‘‘ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।’’ ਤੋਂ ਭਾਵ ਕੋਈ ਸਿਧਾਂਤ ਨਹੀਂ ਬਦਲਿਆ, ਸਿਰਫ਼ ਪਾਣੀ ਦਾ ਵਹਾਅ ਤੇਜ਼ ਹੋਇਆ ਹੈ। ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ :
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥
ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥ (ਮਹਲਾ ੧/੧੪੧੦)
ਇਸ ਸਲੋਕ ਦੇ ਆਧਾਰ ’ਤੇ ਹੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਭਾਈ ਮੰਝ ਜੀ, ਭਾਈ ਬਹਿਲੋ ਜੀ ਆਦਿਕ ਸੁਹਿਰਦ ਸਿੱਖਾਂ ਦੇ ਮਸ਼ਵਰੇ ਨਾਲ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਬਖਸ਼ੀਆਂ। ਜਿਸ ਦਾ ਜ਼ਿਕਰ ਢਾਡੀ ਭਾਈ ਨੱਥਾ ਮੱਲ ਜੀ ਅਤੇ ਭਾਈ ਅਬਦੁਲਾ ਜੀ ਆਪਣੀ ਰਚਨਾ ਵਿੱਚ ਕਰਦੇ ਹਨ :
ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ ।
ਇੱਕ ਅਜਮਤ ਦੀ, ਇੱਕ ਰਾਜ ਦੀ, ਜੋ ਰਾਖੀ ਕਰੇ ਵਜ਼ੀਰੀ ਦੀ । (ਢਾਡੀ ਅਬਦੁੱਲਾ ਸ਼ਾਹ ਤਥਾ ਨੱਥਾ ਮਲ ਜੀ)
ਗੁਰੂ ਸਾਹਿਬ ਅਤੇ ਸੁਹਿਰਦ ਸਿੱਖਾਂ ਨੇ ਆਉਣ ਵਾਲੇ ਸਮੇਂ ਦੇ ਹਾਲਾਤ ਨੂੰ ਜਾਣ ਲਿਆ ਸੀ ਕਿ
ਹੱਥਾਂ ਬਾਝ ਕਰਾਰਿਆਂ; ਵੈਰੀ ਨਾ ਹੁੰਦਾ ਮਿਤ । (ਕਹਾਵਤ)
ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਹਨ, ‘‘ਮੂਰਖ ਗੰਢੁ ਪਵੈ ਮੁਹਿ ਮਾਰ ॥’’ (ਮਹਲਾ ੧/੧੪੩)
ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਕਿਹਾ ਹੈ।
ਵਹਿੰਦਾ ਵਗਦਾ ਪਾਣੀ ਤੱਕ ਕੇ, ਦਿਲ ਮੇਰਾ ਵਗ ਟੁਰਿਆ ।
ਡਾਢਾ ਨਿਰਮਲ ਸਵਛ ਤੇ ਸੁੰਦਰ, ਦਿਲ ਮੇਰਾ ਉਸ ਅੰਦਰ ਖੁਰਿਆ ।
ਐ ਪਰ ਡਾਢੀ ਚੀਸ ਸੀ ਉੱਠੀ, ਜਾ ਪੱਥਰਾਂ ਨਾਲ ਵੁੜਿਆ ।
ਠੇਢੇ ਠੁੱਢੇ ਖਾ ਕੇ ਆਖਰ, ਪਿੱਛੇ ਘਰ ਨੂੰ ਮੁੜਿਆ ।
ਪਿੱਛੇ ਮੁੜਦੇ ਪਾਣੀ ਤੱਕ ਕੇ, ਮਾਰੀ ਇੱਕ ਕਿਲਕਾਰੀ ।
ਠੋਕਰਾਂ ਬਾਝ ਨਾ ਮੰਜਲ ਮਿਲਦੀ, ਦੁੱਖਾਂ ਬਾਝ ਨ ਯਾਰੀ । (ਭਾਈ ਵੀਰ ਸਿੰਘ ਜੀ)
ਦਰਿਆ ਦਾ ਪਾਣੀ ਸ਼ਾਂਤੀ ਨਾਲ ਵਗਦਾ ਹੈ। ਅੱਗੇ ਅੱਗੇ ਲੰਘਦਾ ਜਾਂਦਾ ਹੈ। ਦੇਖ ਕੇ ਦਿਲ ਵੀ ਪ੍ਰਸੰਨ ਹੁੰਦਾ ਹੈ। ਦਰਿਆ ਦਾ ਵਗਦਾ ਪਾਣੀ ਸਾਫ ਸੁਥਰਾ, ਨਿਰਮਲ ਅਤੇ ਸ਼ੀਤਲ ਹੁੰਦਾ ਹੈ। ਦਿਲ ਅੰਦਰ ਘਰ ਕਰ ਜਾਂਦਾ ਹੈ, ਪਰ ਰਸਤੇ ਵਿੱਚ ਜਦੋਂ ਮੋੜ ਆਉਂਦਾ ਹੈ ਜਾਂ ਕੋਈ ਪੱਥਰ ਚਟਾਨ ਆਉਂਦੀ ਹੈ ਤਦੋਂ ਸ਼ਾਂਤੀ ਨਾਲ ਵਗਦਾ ਪਾਣੀ ਪੱਥਰਾਂ, ਚਟਾਨ ਨਾਲ ਟਕਰਾਉਂਦਾ ਹੈ। ਜਦੋਂ ਪੱਥਰ ਪਾਣੀ ਦੇ ਰਸਤੇ ਵਿੱਚ ਰੁਕਾਵਟ ਬਣਦੇ ਹਨ ਤਾਂ ਪਾਣੀ ਵਿੱਚ ਅਚਾਨਕ ਹਲਚਲ ਅਤੇ ਆਵਾਜ਼ ਪੈਦਾ ਹੁੰਦੀ ਹੈ। ਕਈ ਵਾਰ ਚੱਟਾਨ ਨਾਲ ਟਕਰਾ ਕੇ ਪਾਣੀ ਪਿੱਛੇ ਵੱਲ ਮੁੜਦਾ ਵੀ ਹੈ, ਪਰ ਜੋ ਤੇਜ਼ ਪਾਣੀ ਆ ਰਿਹਾ ਹੁੰਦਾ ਹੈ। ਉਹ ਫਿਰ ਦੁਬਾਰਾ ਉਸ ਨੂੰ ਅੱਗੇ ਧੱਕਾ ਮਾਰਦਾ ਹੈ। ਹੋਰ ਵੀ ਆਵਾਜ਼ ਪੈਦੀ ਹੈ। ਪਿੱਛੇ ਮੁੜਦੇ ਪਾਣੀ ਨੂੰ ਮਾਨੋ ਤੇਜ ਵਹਾ ਵਾਲਾ ਪਾਣੀ ਲਲਕਾਰਾਂ ਮਾਰਦਾ ਹੈ। ਮਾਨੋ ਕਹਿੰਦਾ ਹੈ ਕਿ ਠੋਕਰਾਂ ਅਤੇ ਦੁੱਖਾਂ ਤੋਂ ਬਗੈਰ ਮੰਜ਼ਲ ਨਹੀਂ ਮਿਲਦੀ। ਸੋ ਸਿਰਫ਼ ਪਾਣੀ ਦਾ ਵਹਾ ਤੇਜ਼ ਹੋਇਆ ਹੈ। ਜੋਤਿ ਅਤੇ ਜੁਗਤਿ ਉਹੀ ਹੈ, ਬਦਲਿਆ ਕੁਝ ਵੀ ਨਹੀਂ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਜੋਤਿ ਅਤੇ ਜੁਗਤਿ ਦੇ ਵਾਰਸ ਹਨ। ਅੱਗੋਂ ਹੋਰ ਇਤਿਹਾਸ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਹੁਣ ਆਦਿ ਸ੍ਰੀ ਗ੍ਰੰਥ ਸਾਹਿਬ ਗੁਰਿਆਈ ਤੱਕ ਪਹੁੰਚੇ ਹਨ।
ਸੋ ਸਤਿਗੁਰੂ ਜੀ ਅੱਗੇ ਅਰਦਾਸ ਹੈ ਕਿ ਜੋ ਅਸੀਂ ਸ਼ਬਦ ਵਿਚਾਰ ਕਰਦੇ ਹਾਂ, ਉਹ ਸਾਡੇ ਜੀਵਨ ਦਾ ਆਧਾਰ ਬਣਨ ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ॥’’ (ਮਹਲਾ ੫/੨੯੨) ਦੀਆਂ ਬਰਕਤਾਂ, ਦਾਤਾਂ ਨਾਲ ਭਰ ਜਾਏ। ਭੁੱਲਾਂ ਦੀ ਖਿਮਾ।