ਸਤਿ-ਸੰਗਤ

0
101

ਸਤਿ-ਸੰਗਤ

ਸੰਤ ਸਿੰਘ ਮਸਕੀਨ

ਜਿਸ ਮਹਿਫ਼ਲ ਵਿਚ ਤੁਸੀਂ ਬੈਠੇ ਹੋ, ਜਿਸ ਇਕੱਠ ਦੇ ਅੰਦਰ ਤੁਸੀਂ ਬੈਠੇ ਹੋ, ਇਸ ਇਕੱਠ ਨੂੰ ਧਾਰਮਿਕ ਭਾਸ਼ਾ ਵਿਚ ਕਹਿੰਦੇ ਹਨ ‘ਸਤਿਸੰਗ’। ਉਹਨਾਂ ਮਨੁੱਖਾਂ ਦਾ ਇਕੱਠ, ਜੋ ਸਤਿ ਦੀ ਸੰਗਤ ਕਰਨ ਆਏ ਹਨ। ਸੱਚ ਦੀ ਸੰਗਤ ਕਰਨ ਆਏ ਹਨ । ‘ਸੱਚ’ ਕੀ ਹੈ  ? ਈਸ਼ਵਰ, ‘‘ਸਚੁ ਪਰਮੇਸਰੁ ਨਿਤ ਨਵਾ ’’ (ਮਹਲਾ /੧੧੮੩), ਗੁਰੂ ਨਾਨਕ ਨੇ ਈਸ਼ਵਰ ਨੂੰ ਸੱਚ ਆਖਿਆ ਹੈ। ਜਪੁ ਜੀ ਸਾਹਿਬ ਦੇ ਵਿਚ ਸਾਰੀ ਸੱਚ ਤੇ ਈਸ਼ਵਰ ਦੀ ਵਿਚਾਰ ਹੈ। ਜੋ ਰੂਪ-ਰੇਖਾ ਗੁਰੂ ਨਾਨਕ ਨੇ ਸਾਡੇ ਸਾਹਮਣੇ ਰੱਖੀ ਹੈ। ਉਹ ਇਨ੍ਹਾਂ ਲਫ਼ਜ਼ਾਂ ’ਚ ਹੈ ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ॥੧॥’’ ਸੰਸਕ੍ਰਿਤ ਵਿਚ ਜਿਸ ਨੂੰ ਸਤਿ ਕਹਿੰਦੇ ਹਨ, ਪੰਜਾਬੀ ’ਚ ਅਸੀਂ ਉਸ ਨੂੰ ਸੱਚ ਕਹਿ ਦਿੰਦੇ ਹਾਂ। ਉਸ ਸੱਚ ਦੀ ਆਪਾਂ ਸੰਗਤ ਕਰਨ ਆਏ ਹਾਂ। ਸੱਚ ਨਾਲ ਜਿਸ ਦੀ ਸੰਗਤ ਹੋ ਜਾਂਦੀ ਹੈ, ਜਿਸ ਦਾ ਸੰਬੰਧ ਜੁੜ ਜਾਂਦਾ ਹੈ। ਉਸ ਨੂੰ ਆਖਿਆ ਜਾਂਦਾ ਹੈ, ਇਹ ਸਤਿਸੰਗੀ ਹੈ। ਇਹਦਾ ਸਤਿ ਨਾਲ ਮਿਲਾਪ ਹੋ ਗਿਆ ਹੈ। ਇਹ ਸਤਿ ਨਾਲ ਜੁੜ ਗਿਆ ਹੈ ਤੇ ਉਹ ਈਸ਼ਵਰ ਕੀ ਹੈ, ‘ਸਤਿ’। ਉਸ ਦੀ ਸੰਗਤ ਕਰਨ ਵਾਲਾ ਕੌਣ ਹੈ, ਸਤਿਸੰਗੀ। ਸਤਿ ਦੀ ਸੰਗਤ ਕਰਦਿਆਂ ਜਿਸ ਦਿਨ ਉਹ ਉਸ ਦਾ ਰੂਪ ਹੋ ਜਾਂਦਾ ਹੈ, ਕਹਿੰਦੇ ਹਨ ਫਿਰ ਉਹ ਸੰਤ ਬਣ ਗਿਆ। ਸੰਤ ਦਾ ਮਤਲਬ ਕੀ ਹੈ, ਜੋ ਸਤਿ ਤੋਂ ਪੈਦਾ ਹੋਇਆ ਹੈ। ‘ਸੁਤ’ ਤੇ ‘ਸਤਿ’ ਇਹ ਦੋ ਸ਼ਬਦ ਸੰਸਕ੍ਰਿਤ ਦੇ ਬੜੇ ਨਿਕਟਵਰਤੀ ਹਨ। ‘ਸੁਤ’ ਪੁੱਤਰ ਨੂੰ ਕਹਿੰਦੇ ਹਨ। ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ, ਉਹਨੂੰ ਕਹਿੰਦੇ ਹਨ ‘ਸੁਤ’। ਸਤਿ ਦਾ ਜੋ ਤੱਤ ਹੈ ਉਹਨੂੰ ਕਹਿੰਦੇ ਹਨ ‘ਸੰਤ’। ਜਿਸ ਦਾ ਜਨਮ; ਸਰੀਰ ਤੋਂ ਹੋਇਆ ਹੈ, ਮਾਂ ਬਾਪ ਤੋਂ ਹੋਇਆ ਹੈ, ਉਹਨੂੰ ਕਹਿੰਦੇ ਹਨ ਇਹ ਸੁਤ ਹੈ, ਪਰ ਜੋ ਸਤਿ ਤੋਂ ਪੈਦਾ ਹੋਇਆ ਹੈ ਉਹਨੂੰ ਕਹਿੰਦੇ ਹਨ ਇਹ ਸੰਤ ਹੈ। ਸੋ ਸੁਤ ਤਾਂ ਅਸੀਂ ਬਣ ਚੁੱਕੇ ਹਾਂ ਮਾਂ ਬਾਪ ਦੇ ਸਰੀਰ ਤੋਂ। ਹੁਣ ‘‘ਸਤਿਗੁਰ ਕੈ, ਜਨਮੇ; ਗਵਨੁ ਮਿਟਾਇਆ’’ (ਮਹਲਾ /੯੪੦) ਮਹਾਰਾਜ ਦੀ ਬਾਣੀ ਕੈ ਕਹਿੰਦੀ ਹੈ। ਹੁਣ ਸਤਿਗੁਰ ਦੇ ਘਰ ਜਨਮ ਲੈਣਾ ਹੈ। ਹੁਣ ਸਤਿਸੰਗ ਦੇ ਵਿਚੋਂ ਜਨਮ ਲੈਣਾ ਹੈ। ਨਵੀਂ ਜ਼ਿੰਦਗੀ ਲੈਣੀ ਹੈ।

ਅਗਰ ਜਿਸ ਢੰਗ ਨਾਲ ਆਏ ਹਾਂ, ਇਸੇ ਢੰਗ ਨਾਲ ਇਥੋਂ ਵਾਪਸ ਚਲੇ ਗਏ ਤਾਂ ਖਿਮਾ ਕਰਨੀ, ਇਥੇ ਆਉਣਾ ਕੋਈ ਸਫ਼ਲ ਨਹੀਂ, ਔਰ ਦੋ ਅੱਖਰ ਇਹ ਵੀ ਜ਼ਿਹਨ-ਨਸ਼ੀਨ ਕਰ ਲੈਣੇ ਕਿ ਹੋ ਸਕਦਾ ਹੈ ਗੁਰਦਵਾਰੇ ਵਿਚ ਬੈਠਾ ਹੋਇਆ ਵੀ ਕੋਈ ਮਨੁੱਖ ਝੂਠਾ ਸੰਗੀ ਹੋਵੇ, ਸਤਿਸੰਗੀ ਨਾ ਹੋਵੇ। ਸਤਿਸੰਗੀ ਦੀ ਇਹ ਪਹਿਚਾਣ ਹੈ, ਉਹਦਾ ਵੇਖਣਾ ਸਤਿ ਹੋ ਜਾਂਦਾ ਹੈ, ਉਹਦਾ ਬੋਲਣਾ ਸਤਿ ਹੋ ਜਾਂਦਾ ਹੈ, ਉਹਦਾ ਸੋਚਣਾ ਸਤਿ ਹੋ ਜਾਂਦਾ ਹੈ। ਗ਼ਰਜ਼ ਕਿ ਉਸ ਦੇ ਹਰ ਕਰਮ ਤੇ ਮੋਹਰ ‘ਸੱਚ’ ਦੀ ਹੁੰਦੀ ਹੈ। ਜਿਸ ਦੇ ਰੋਮ ਰੋਮ ਵਿਚੋਂ ਸੱਚ ਨਿਕਲੇ, ਸਮਝ ਲਵੋ ਇਹ ਸਤਿਸੰਗੀ ਹੈ, ਪਰ ਜਿਸ ਦਾ ਵੇਖਣਾ ਝੂਠ ਹੈ, ਜਿਸ ਦਾ ਬੋਲਣਾ ਝੂਠ ਹੈ, ਜਿਸ ਦਾ ਸੋਚਣਾ ਝੂਠ ਹੈ, ਜਿਸ ਦਾ ਕਰਨਾ ਝੂਠ ਹੈ, ਖਿਮਾ ਕਰਨਾ, ਗੁਰਦਵਾਰੇ ਬੈਠਾ ਹੋਇਆ ਵੀ ਉਹ ਝੂਠ-ਸੰਗੀ ਹੋ ਸਕਦਾ ਹੈ; ਸਤਿਸੰਗੀ ਨਹੀਂ। ਸਤਿਸੰਗੀ ਤੋਂ ਮੁਰਾਦ ਇਹ ਹੈ ਕਿ ਇਹਦਾ ਸਤਿ ਦੇ ਨਾਲ ਸੰਬੰਧ ਜੁੜ ਗਿਆ ਹੈ ਕਿ ਨਹੀਂ, ਇਹ ਸੱਚ ਦੇ ਵਿਚ ਲੀਨ ਹੋ ਗਿਆ ਹੈ ਕਿ ਨਹੀਂ, ਗੁਰਦਵਾਰੇ ਆਉਣ ਦਾ ਬਸ ਇੰਨਾ ਹੀ ਇਕ ਮਕਸਦ ਹੈ।

ਉਂਜ ਵੀ ਮਨੁੱਖ ਨੇ ਅੱਜ ਤਕ ਜਿਤਨੇ ਕੰਮ ਕੀਤੇ ਹਨ ਤੇ ਜਿਤਨੇ ਕਰ ਰਿਹਾ ਹੈ ਤੇ ਅਗਾਂਹ ਸਿਆਣੇ ਮਨੁੱਖ ਜਿਤਨੇ ਕੰਮ ਕਰਨਗੇ, ਸਿਆਣਾ ਬੰਦਾ ਹਰ ਕੰਮ ਦਾ ਮਕਸਦ ਲਾਜ਼ਮੀ ਰੱਖਦਾ ਹੈ ਤੇ ਫਿਰ ਮਕਸਦ ਦੀ ਪੂਰਤੀ ਵਾਸਤੇ ਕੰਮ ਵੀ ਕਰਦਾ ਹੈ। ਆਲਮ ਲੋਕ ਕਹਿੰਦੇ ਹਨ ਕਿ ਜਿਸ ਕੰਮ ਦਾ ਕੋਈ ਮਕਸਦ ਨਹੀਂ, ਉਹ ਕੰਮ ਫ਼ਜ਼ੂਲ ਹੈ। ਇਕ ਕਿਸਾਨ ਜ਼ਮੀਨ ਵਿਚ ਦਾਣੇ ਰੋਲ ਰਿਹਾ ਹੈ। ਉਸ ਤੋਂ ਪੁੱਛੀਏ, ਕੀਮਤੀ ਰਤਨ ਮਿੱਟੀ ਵਿਚ ਕਿਉਂ ਰੋਲ ਰਿਹਾ ਹੈਂ ? ਉਹ ਫ਼ੌਰਨ ਕਹਿੰਦਾ ਹੈ ਕਿ ਇਕ ਦਾਣੇ ਤੋਂ ਅਨੰਤ ਦਾਣੇ ਪੈਦਾ ਹੋਵਣ, ਮੈਂ ਇਸ ਵਾਸਤੇ ਦਾਣਿਆਂ ਨੂੰ ਮਿੱਟੀ ਵਿਚ ਪਾ ਰਿਹਾ ਹਾਂ। ਇਕ ਬੰਦੇ ਨੇ ਦੁਕਾਨ ਖੋਲ੍ਹੀ ਹੈ। ਸਾਰਾ ਸਾਜ਼ੋ-ਸਾਮਾਨ ਉਸ ਨੇ ਸ਼ਿੰਗਾਰ ਕੇ ਤੇ ਸੰਵਾਰ ਕੇ ਰੱਖਿਆ ਹੋਇਆ ਹੈ। ਪੁੱਛੀਏ ਇਹਨੂੰ ਕਿਉਂ ਰੱਖਿਆ ਹੋਇਆ ਹੈ  ? ਸਿਆਣਾ ਦੁਕਾਨਦਾਰ ਇਹ ਨਹੀਂ ਕਹਿੰਦਾ ਕਿ ਸਭ ਕੁਝ ਐਵੇਂ ਹੀ ਰੱਖਿਆ ਹੋਇਆ ਹੈ, ਫ਼ਜ਼ੂਲ ਰੱਖਿਆ ਹੈ। ਨਹੀਂ, ਸ਼ਾਮ ਤਕ ਚੰਗੀ ਵਟਤ ਹੋਵੇ, ਚੰਗਾ ਮੁਨਾਫ਼ਾ ਹੋਵੇ, ਇਸ ਵਾਸਤੇ ਇਹ ਦੁਕਾਨ ਖੋਲ੍ਹ ਕੇ ਰੱਖੀ ਹੈ।

ਮੁਖ਼ਤਸਰੀ ਮੈਂ ਅਰਜ਼ ਕਰਾਂ, ਬੰਦੇ ਨੂੰ ਇਹ ਵੀ ਸਵਾਲ ਹੋ ਸਕਦਾ ਹੈ ਕਿ ਤੂੰ ਭਾਈ ਪਾਣੀ ਕਿਉਂ ਪੀ ਰਿਹਾ ਹੈਂ ? ਕਹਿੰਦਾ ਹੈ, ਪਿਆਸ ਲੱਗੀ ਹੈ। ਤੂੰ ਰੋਟੀ ਕਿਉਂ ਖਾ ਰਿਹਾ ਹੈ। ਕਹਿੰਦਾ ਹੈ, ਭੁੱਖ ਲੱਗੀ ਹੈ। ਤੂੰ ਕਪੜੇ ਕਿਉਂ ਪਹਿਨੇ ਹਨ ? ਕਹਿੰਦਾ ਹੈ, ਨੰਗੇਜ ਢੱਕਿਆ ਹੈ ਤੇ ਇਹਨਾਂ ਹੀ ਸਵਾਲਾਂ ਦੇ ਵਿਚੋਂ ਬੰਦੇ ਤੋਂ ਇਹ ਸਵਾਲ ਹੋ ਜਾਏ ਕਿ ਤੂੰ ਗੁਰਦਵਾਰੇ ਕਿਉਂ ਆਇਆ ਹੈ ? ਇੱਥੇ ਆਣ ਨਾਲ ਕੀ ਹੋ ਜਾਂਦਾ ਹੈ ? ਜੇ ਤੂੰ ਨਾ ਆਵੇ ਤਾਂ ਕੀ ਘਟ ਜਾਂਦਾ ਹੈ ? ਇਹ ਇਕ ਪ੍ਰਸ਼ਨ ਹੈ ! ਬਹੁਤ ਵੱਡਾ ਪ੍ਰਸ਼ਨ ਹੈ। ਬਹੁਤ ਵੱਡਾ ਸਵਾਲ ਹੈ। ਜੇ ਤੂੰ ਗੁਰਦਵਾਰੇ ਆਂਵਦਾ ਹੈਂ ਤੇ ਕਿਉਂ ਆਂਵਦਾ ਹੈ ? ਆਵਣ ਨਾਲ ਤੈਨੂੰ ਕੀ ਲੱਭ ਜਾਂਦਾ ਹੈ ? ਜੇ ਤੂੰ ਨਾ ਆਵੇ ਤਾਂ ਕੀ ਘੱਟ ਜਾਂਦਾ ਹੈ ? ਗੁਸਤਾਖ਼ੀ ਮੁਆਫ਼  ! ਤਕਰੀਬਨ ਤਕਰੀਬਨ ਸੌ ਦੇ ਵਿਚੋਂ ਨੜਿੰਨਵੇਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਗੁਰਦਵਾਰੇ ਕਿਉਂ ਆਵਣਾ ਹੈ। ਗੁਰਦਵਾਰੇ ਆਉਣ ਨਾਲ ਕੀ ਲੱਭਦਾ ਹੈ ਤੇ ਨਾ ਆਣ ਨਾਲ ਕੀ ਘੱਟਦਾ ਹੈ ਤੇ ਜਦ ਇਤਨਾ ਹੀ ਪਤਾ ਨਹੀਂ, ਤੋਂ ਖਿਮਾ ਕਰਨੀ, ਇਹ ਗੁਰਦਵਾਰੇ ਆਉਣਾ ਬਹੁਤ ਸਾਰੇ ਬੰਦਿਆਂ ਦਾ ਐਵੇਂ ਹੀ ਹੋ ਜਾਂਦਾ ਹੈ। ਐਵੇਂ ਹੀ ਸਭ ਕੁਝ ਕਰਦਿਆਂ ਹੋਇਆਂ ਜੀਵਨ ਕਿਸੇ ਥਾਂ ਪਹੁੰਚਦਾ ਨਹੀਂ।

ਮੈਂ ਇਕ ਦਿਨ ਧਾਰਮਿਕ ਗ੍ਰੰਥ ਵਿਚੋਂ ਇਕ ਸਾਖੀ ਪੜ੍ਹ ਰਿਹਾ ਸੀ। ਉਸ ਰਿਸ਼ੀ ਨੇ ਇਹ ਸਾਖੀ ਬੜੀ ਬਾ-ਕਮਾਲ ਸੁੰਦਰ ਲਿਖੀ ਹੈ ਤੇ ਇਸ ਰਿਸ਼ੀ ਦਾ ਨਾਂ ਹੈ ‘ਚਾਨਕ’। ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ ’ਚ ਚੂਰ; ਰਾਤ ਦੇ ਵਕਤ ਦਰਿਆ ਦੇ ਕੰਢੇ ’ਤੇ ਜਾ ਪਹੁੰਚੇ। ਇਕ ਬੇੜੀ ਦੇ ਵਿਚ ਬੈਠ ਗਏ, ਨਸ਼ੇ ਵਿਚ ਚੂਰ ਸਨ। ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ, ਹੈਨ ਸਾਰੇ ਅਚੇਤ, ਬੇਹੋਸ਼ । ਸਰੀਰ ਦੇ ਵਿਚ ਜਿਤਨੀ ਤਾਕਤ ਸੀ, ਸਾਰੀ ਤਾਕਤ ਚੱਪੂ ਮਾਰਨ ’ਤੇ ਲਗਾ ਰਹੇ ਸਨ। ਰਾਤ ਅੱਧੀ ਹੋ ਗਈ, ਨਸ਼ੇ ਟੁੱਟਣ ਲੱਗੇ। ਬਾਅਦ ਵਿਚ ਪਹੁ ਫੁਟਣ ਲੱਗੀ, ਰਾਤ ਦਾ ਅੰਤ ਹੋਣ ਲੱਗਾ । ਇਧਰ ਨਸ਼ੇ ਦਾ ਵੀ ਅੰਤ ਹੋਣ ਲੱਗਾ । ਜਦ ਇਧਰ ਰਾਤ ਖ਼ਤਮ ਹੋਣ ਲੱਗੀ, ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ ਹਨ। ਇਕ ਦੀ ਅੱਖ ਖੁੱਲ੍ਹੀ ਸੁਰਤ ਆਈ, ਹੋਸ਼ ਆਈ। ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ, ਮਿੱਤਰਾ  ! ਰਾਤ ਦਾ ਤਾਂ ਹੁਣ ਅੰਤ ਹੋਣ ਲੱਗਾ ਹੈ। ਚੱਪੂ ਮਾਰਦਿਆਂ ਮਾਰਦਿਆਂ ਬਾਹਵਾਂ ਥੱਕ ਗਈਆਂ ਹਨ। ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾਂ ? ਤੇ ਸਾਰੇ ਕਹਿਣ ਲੱਗੇ, ਮਿੱਤਰਾ ! ਕਿਧਰੇ ਵੀ ਨਹੀਂ ਪਹੁੰਚੇ। ਸਾਰੀ ਰਾਤ ਚੱਪੂ ਤਾਂ ਮਾਰਦੇ ਰਹੇ ਹਾਂ, ਪਰ ਜਿਨ੍ਹਾਂ ਸੰਗਲਾਂ ਨਾਲ, ਜਿਨ੍ਹਾਂ ਰੱਸਿਆਂ ਨਾਲ ਬੇੜੀ ਬੰਨ੍ਹੀ ਹੋਈ ਸੀ, ਉਹ ਤਾਂ ਖੋਲ੍ਹੇ ਕੋਈ ਨਹੀਂ। ਐਵੇਂ ਹੀ ਚੱਪੂ ਮਾਰਦੇ ਰਹੇ, ਐਵੇਂ ਹੀ ਬਾਹਵਾਂ ਥਕਾ ਦਿੱਤੀਆਂ। ਐਵੇਂ ਹੀ ਸਰੀਰ ਥਕਾ ਦਿੱਤਾ। ਗੁਸਤਾਖ਼ੀ ਮੁਆਫ਼ ਅਸੀਂ ਕਥਾ ਦੇ, ਕੀਰਤਨ ਦੇ, ਦਾਨ ਦੇ, ਪੁੰਨ ਦੇ, ਲੰਗਰ ਦੇ ਚੱਪੂ ਤਾਂ ਚਲਾਂਦੇ ਰਹਿੰਦੇ ਹਾਂ, ਪਰ ਜਿਹੜੇ ਗ਼ਲਤ ਖ਼ਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੌਕਾ ਬੰਨ੍ਹੀ ਪਈ ਏ, ਉਹ ਗ਼ਲਤ ਖ਼ਿਆਲ ਤੋੜਦੇ ਨਹੀਂ ਤੇ ਹੁੰਦਾ ਕੀ ਏ, ਜ਼ਿੰਦਗੀ ਉਥੇ ਦੀ ਉਥੇ ਹੀ ਰਹਿੰਦੀ ਹੈ। ਅਸੀਂ ਕਿਸੇ ਥਾਂ ’ਤੇ ਪਹੁੰਚੇ ਹੋਈਏ, ਨਜ਼ਰ ਨਹੀਂ ਆਉਂਦਾ। ਥੋੜ੍ਹਾ ਜਿਹਾ ਤੁਸੀਂ ਵਿਚਾਰ ਕਰ ਲਵੋ। ਸੋਚੋ  !

ਧਾਰਮਿਕ ਬੰਦਾ ਕੌਣ ਹੈ ? ਕਹਿੰਦੇ ਹਨ ਜਿਹਦੇ ਦਰਸ਼ਨ ਕੀਤਿਆਂ ਧਰਮ ਚੇਤੇ ਆਵੇ। ਗੁਰੂ ਕਾ ਸਿੱਖ ਕੌਣ ਹੈ ? ਜਿਹਦੇ ਦਰਸ਼ਨ ਕੀਤਿਆਂ ਗੁਰੂ ਚੇਤੇ ਆਵੇ। ਸੰਤ ਕੌਣ ਹੈ ? ਜਿਹਦੇ ਦਰਸ਼ਨ ਕੀਤਿਆਂ ਰੱਬ ਚੇਤੇ ਆਵੇ ‘‘ਸਾਧ ਕੈ ਸੰਗਿ ਨਹੀ ਕਛੁ ਘਾਲ ਦਰਸਨੁ ਭੇਟਤ ਹੋਤ ਨਿਹਾਲ ’’ (ਸੁਖਮਨੀ/ਮਹਲਾ /੨੭੨) ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜਿਹਦੇ ਦਰਸ਼ਨ ਕੀਤਿਆਂ ਹੀ ਅਨੰਦ ਸਰੂਪ ਚੇਤੇ ਆਵੇ।

ਜਲਦੀ ਹੋਈ ਸ਼ਮ੍ਹਾਂ ਹੋਵੇ, ਜਲਦਾ ਹੋਇਆ ਦੀਪਕ ਹੋਵੇ, ਰਾਤ ਦਾ ਵਕਤ ਹੋਵੇ ਤਾਂ ਕੀ ਸਾਨੂੰ ਉਸ ਅੱਗੇ ਹੱਥ ਜੋੜਨੇ ਪੈਂਦੇ ਹਨ ਕਿ ਤੂੰ ਸਾਨੂੰ ਰੌਸ਼ਨੀ ਦੇ ? ਨਹੀਂ, ਰੌਸ਼ਨੀ ਆਪੇ ਹੀ ਮਿਲਦੀ ਹੈ। ਇਕ ਖਿੜੇ ਹੋਏ ਫੁੱਲ ਦੇ ਕੋਲ ਚਲੇ ਜਾਈਏ, ਤੋ ਕਿਆ ਸਾਨੂੰ ਮਹਿਕ ਮੰਗਣੀ ਪੈਂਦੀ ਹੈ ? ਨਹੀਂ, ਮਹਿਕ ਸਾਨੂੰ ਆਪੇ ਹੀ ਮਿਲਦੀ ਹੈ। ਹਿਮਾਲੀਆਂ ਦੀਆਂ ਬੁਲੰਦ ਚੋਟੀਆਂ ’ਤੇ ਚਲੇ ਜਾਈਏ, ਤੋ ਕਿਆ ਸਾਨੂੰ ਹੱਥ ਜੋੜ ਕੇ ਠੰਡ ਮੰਗਣੀ ਪੈਂਦੀ ਹੈ ? ਨਹੀਂ, ਠੰਡ ਆਪੇ ਹੀ ਮਿਲਦੀ ਹੈ। ਕਿਆ ਸੂਰਜ ਦੇ ਅੱਗੇ ਸਾਨੂੰ ਹੱਥ ਜੋੜਨੇ ਪੈਂਦੇ ਹਨ ਕਿ ਬਈ ਤੂੰ ਸਾਨੂੰ ਰੌਸ਼ਨੀ ਦੇ ? ਨਹੀਂ, ਰੌਸ਼ਨੀ ਆਪੇ ਹੀ ਮਿਲਦੀ ਹੈ। ਕਹਿੰਦੇ ਹਨ, ਸੰਤ ਜਿਹੜਾ ਹੈ, ਜੋ ਰੱਬ ਨਾਲ ਜੁੜਿਆ ਹੈ, ਉਹਦੇ ਅੱਗੇ ਹੱਥ ਨਹੀਂ ਜੋੜਨੇ ਪੈਂਦੇ। ਉਹਦੇ ਦਰਸ਼ਨ ਕੀਤਿਆਂ ਹੀ ਸੁਰਤ ਆਪੇ ਰੱਬ ਨਾਲ ਜੁੜਦੀ ਹੈ।

ਸੁਤ ਅਸੀਂ ਬਣ ਗਏ ਹਾਂ ਤੇ ਸੰਤ ਅਸੀਂ ਬਣਨਾ ਹੈ। ਧਾਰਮਿਕ ਦੁਨੀਆ ਵਿਚ ਪ੍ਰਮਾਰਥ ਦੇ ਰਸਤੇ ਆਖ਼ਰੀ ਮੰਜ਼ਲ ਕੀ ਹੈ ? ਸੰਤ ਹੋਣਾ ਆਖ਼ਰੀ ਮੰਜ਼ਲ ਹੈ। ਇਸ ਤੋਂ ਅੱਗੇ ਕੋਈ ਰੁਤਬਾ ਨਹੀਂ, ਜੈਸੇ ਰਾਜਨੀਤਕ ਅਹੁਦਿਆਂ ਵਿਚ ਇਕ ਸਭ ਤੋਂ ਵੱਡਾ ਅਹੁਦਾ ਹੈ, ਉਸ ਤੋਂ ਅੱਗੇ ਹੋਰ ਕੋਈ ਅਹੁਦਾ (Post) ਨਹੀਂ। ਧਾਰਮਿਕ ਦੁਨੀਆ ਵਿਚ, ਪ੍ਰਮਾਰਥ ਦੇ ਰਸਤੇ ਆਖ਼ਰੀ ਮੰਜ਼ਲ ਹੈ, ਮਨੁੱਖ ਦਾ ‘ਸੰਤ’ ਹੋ ਜਾਣਾ। ਮਨੁੱਖ ਦਾ ਗੁਰਮੁਖ ਹੋ ਜਾਣਾ । ਮਨੁੱਖ ਦਾ ਬ੍ਰਹਮ ਗਿਆਨੀ ਹੋ ਜਾਣਾ । ਤੋਂ ਮੈਂ ਅੱਜ ਇਹ ਕਹਿ ਰਿਹਾ ਸੀ ਗੁਰਦੁਆਰੇ ਆਈਏ, ਤੋ ਸਾਨੂੰ ਮਕਸਦ ਦਾ ਹੀ ਪਤਾ ਨਾ ਹੋਵੇ ਬਈ ਅਸੀਂ ਕਿਉਂ ਆ ਰਹੇ ਹਾਂ, ਆਣ ਨਾਲ ਕੀ ਲੱਭਦਾ ਹੈ ਤੇ ਜੇ ਨਾ ਆਈਏ ਤਾਂ ਕੀ ਘਟਦਾ ਹੈ ਤੋ ਮੈਂ ਦੇਖਦਾ ਹਾਂ, ਬਹੁਤ ਸਾਰੇ ਮਨੁੱਖ ਬਿਨਾਂ ਮਕਸਦ ਤੋਂ ਹੀ ਆਉਂਦੇ ਹਨ।

ਇਥੇ ਭੋਜਨ ਤੇ ਭਜਨ ਦੀ ਗੱਲ ਹੈ। ਸੰਗਤ ਤੇ ਪੰਗਤ ਦੀ ਗੱਲ ਹੈ। ਸੰਗਤ ਦੇ ਵਿਚ ਸਿਮਰਨ ਕਰਨਾ ਹੈ, ਪੰਗਤ ਦੇ ਵਿਚ ਸੇਵਾ ਕਰਨੀ ਹੈ। ਸੇਵਾ ਸਿਮਰਨ ਦੇ ਪੰਖਾਂ ਨਾਲ ਆਪਣੀ ਸੁਰਤ ਨੂੰ ਬੁਲੰਦੀ ’ਤੇ ਲੈ ਜਾਣਾ ਹੈ। ਉਚਾਈਆਂ ’ਤੇ ਲੈ ਜਾਣਾ ਹੈ। ਸਤਿ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਦੇਵ ਜੀ ਮਹਾਰਾਜ ਜੀ ਦੀ ਬਾਣੀ ਫ਼ੁਰਮਾਨ ਕਰਦੀ ਹੈ ਕਿ ਮਨੁੱਖ ਦਾ ਇਹ ਜਿਹੜਾ ਦਸਵਾਂ ਇੰਦਰਾ ਹੈ, ਜਿਸ ਨੂੰ ਦਸਮ ਦੁਆਰ ਕਹਿੰਦੇ ਹਨ, ਧਾਰਮਿਕ ਦੁਨੀਆ ਵਿਚ ਮਨੁੱਖ ਇਸ ਦਾ ਇਸਤੇਮਾਲ ਨਹੀਂ ਕਰਦਾ। ਔਰ ਇਹ ਇੰਦਰਾ ਉਂਜ ਵੀ ਰੱਬ ਨੇ ਗੁਪਤ ਬਣਾ ਦਿੱਤਾ ਹੈ, ‘‘ਨਉ ਦੁਆਰੇ ਪਰਗਟੁ ਕੀਏ; ਦਸਵਾ ਗੁਪਤੁ ਰਖਾਇਆ ’’ (ਅਨੰਦ/ਮਹਲਾ /੯੨੨)

ਬੰਦੇ ’ਤੇ ਸਵਾਲ ਕਰੀਏ, ਬਈ ਤੂੰ ਆਪਣੀ ਜ਼ਬਾਨ ਵਿਖਾਲ। ਉਹ ਕਹਿੰਦਾ ਹੈ ਇਹ ਮੇਰੀ ਜ਼ਬਾਨ ਹੈ, ਇਹ ਮੇਰੀਆਂ ਅੱਖਾਂ ਹਨ, ਇਹ ਮੇਰੀ ਨਾਸਿਕਾ ਹੈ, ਇਹ ਮੇਰੇ ਕੰਨ ਹਨ। ਬੰਦੇ ’ਤੇ ਹੁਣ ਇਹ ਸਵਾਲ ਕਰੀਏ ਕਿ ਤੂੰ ਆਪਣਾ ਦਿਮਾਗ਼ ਵਿਖਾ, ਆਪਣੀ ਸੋਚਣ-ਸ਼ਕਤੀ ਵਿਖਾ, ਆਪਣੀ ਬੁੱਧੀ ਦੇ ਦਰਸ਼ਨ ਕਰਵਾ, ਆਪਣੀ ਵਿਚਾਰ-ਸ਼ਕਤੀ ਦੇ ਦਰਸ਼ਨ ਕਰਵਾ। ਤੋ ਦਿਮਾਗ਼ ਦੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ। ਬੁੱਧੀ ਦੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ, ਪਰ ਹੈ ਜ਼ਰੂਰ, ਹਰ ਇਕ ਬੰਦੇ ਦੇ ਅੰਦਰ ਦਿਮਾਗ਼ ਹੈ, ਬੁੱਧੀ ਹੈ। ਔਰ ਇਹ ਇੰਦਰਾ ਗੁਪਤ ਹੈ। ਇਹ ਸਾਰੀ ਸ਼ਕਤੀ ਪਰੀਪੂਰਨ ਪ੍ਰਮਾਤਮਾ ਨੇ ਗੁਪਤ ਰੱਖੀ ਹੈ। ਸਾਹਿਬਾਂ ਦੀ ਬਾਣੀ ਇਹ ਕਹਿੰਦੀ ਹੈ ਕਿ ਸੰਸਾਰ ਦੇ ਵਿਚ ਤਾਂ ਅਸੀਂ ਬੁੱਧ ਦਾ ਇਸਤੇਮਾਲ ਕਰਦੇ ਹਾਂ, ਨਿਰੰਕਾਰ ਦੇ ਰਸਤੇ ਵਿਚ ਇਸ ਦਾ ਇਸਤੇਮਾਲ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ, ਇਹ ਬੁੱਧ ਅਚੇਤ ਪਈ ਹੈ ਕਿਉਂਕਿ ਬੇ-ਮਕਸਦ ਗੁਰਦੁਆਰੇ ਆਉਂਦੇ ਹਾਂ। ਕਈ ਬੰਦੇ ਸਿਰ ਢਾਹ ਕੇ ਬੈਠੇ ਹਨ, ਕਈ ਬੰਦੇ ਹੌਂਕੇ ਭਰਦੇ ਪਏ ਹੁੰਦੇ ਹਨ।

ਆਹ ਜਿਹੜਾ ਕੀਰਤਨ ਹੈ। ਸਾਹਿਬਾਂ ਦੀ ਬਾਣੀ ਕਹਿੰਦੀ ਹੈ, ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਮਹਲਾ /੭੪੭), ਇਕ ਨਿਮਖ ਤੂੰ ਕੀਰਤਨ ਕਰ ਤੇ ਸਾਰੇ ਹੀ ਬੰਧਨ ਟੁੱਟ ਜਾਣ। ਇਕ ਨਿਮਖ ਹੈ ਇਕ ਸੈਕਿੰਡ ਤੇ ਕੀਰਤਨ ਕਰਦਿਆਂ ਕਈ ਦਫ਼ਾ ਸਾਨੂੰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਗੱਲ ਨਹੀਂ ਬਣਦੀ।

ਗੁਰਮਤਿ ਵਿਚ ਈਸ਼ਵਰ-ਪ੍ਰਾਪਤੀ ਦੇ ਦੋ ਸਾਧਨ ਹੀ ਮੰਨੇ ਗਏ ਹਨ : ਕੀਰਤਨ ਤੇ ਕਥਾ । ਲੇਕਿਨ ਪ੍ਰਧਾਨ ਸਾਧਨ ਹੈ ‘ਕੀਰਤਨ’। ‘‘ਕਲਜੁਗ ਮਹਿ ਕੀਰਤਨੁ ਪਰਧਾਨਾ ’’ (ਮਹਲਾ /੧੦੭੫) ਕਥਾ ਵਿਚ ਸਿਰਫ਼ ਇਕ ਗੱਲ ਦੀ ਵੀਚਾਰ ਕਰਨੀ ਹੈ ਕਿ ਕੀਰਤਨ ਕਿਸ ਨੇ ਕਰਨਾ ਹੈ ? ਕੀਰਤਨ ਕਿਉਂ ਕਰਨਾ ਹੈ ? ਕੀਰਤਨ ਕਿਸ ਦਾ ਕਰਨਾ ਹੈ ? ਬੱਸ ਇਨ੍ਹਾਂ ਤਿੰਨਾਂ ਗੱਲਾਂ ਦੀ ਵਿਚਾਰ ਕਰਨੀ ਹੈ। ਇਸ ਦੇ ਕਰਨ ਨਾਲ ਕੀ ਹੁੰਦਾ ਹੈ ? ਖਿਮਾ ਕਰਨੀ, ਬਹੁਤਿਆਂ ਨੂੰ ਨਹੀਂ ਪਤਾ ਕੀ ਹੁੰਦਾ ਹੈ ? ਇਸ ਦੇ ਕਰਨ ਨਾਲ ਕੁਝ ਲੱਭਿਆ ਹੈ। ਭੋਜਨ ਦੀ ਬੁਰਕੀ ਮੂੰਹ ’ਚ ਪਾਈਏ, ਉਸੇ ਵਕਤ ਸਵਾਦ ਆ ਜਾਂਦਾ ਹੈ ਤੇ ਜੇ ਭਜਨ ਕਰੀਏ ਤੇ ਉਸੇ ਵਕਤ ਸਵਾਦ ਨਹੀਂ ਆਇਆ ਤਾਂ ਭਜਨ ਨਹੀਂ ਕੀਤਾ ਗਿਆ। ਇੰਨੀ ਮੈਂ ਅਰਜ਼ ਕਰ ਦਿਆਂ। ਫਿਰ ਇਕ ਝੂਠੀ ਤਸੱਲੀ ਦਿੱਤੀ ਜਾਂਦੀ ਹੈ ਕਿ ਧਾਰਮਿਕ ਸਟੇਜਾਂ ’ਤੇ, ਕਿ ਅੱਜ ਕੀਰਤਨ ਕਰ, ਇਹਦਾ ਫਲ ਤੈਨੂੰ ਅਗਲੇ ਜਨਮ ਵਿਚ ਮਿਲੇਗਾ। ਅੱਜ ਤੂੰ ਦਾਨ ਪੁੰਨ ਕਰ, ਇਹਦਾ ਫਲ ਤੈਨੂੰ ਦੋ ਚਾਰ ਜਾਂ ਦਸ ਸਾਲ ਬਾਅਦ ਜਾਂ ਫਿਰ ਅਗਲੇ ਜਨਮ ਵਿਚ ਮਿਲੇਗਾ। ਹੱਦ ਹੋ ਗਈ, ਇਹ ਜ਼ਿੰਦਗੀ ਰੋਂਦਿਆਂ ਪਿਟਦਿਆਂ ਗੁਜ਼ਾਰ ਦਈਏ ਤੇ ਇਹਦਾ ਫਲ ਅਗਲੇ ਜਨਮ ਵਿਚ ਮਿਲੇ ਤਾਂ ਐਸੇ ਭਜਨ ਦਾ ਜਾਂ ਐਸੇ ਕੀਰਤਨ ਦਾ ਮਤਲਬ ਕੀ ਹੋਇਆ ? ਸੱਤ ਦਿਨ ਦਾ ਭੁੱਖਾ ਬੰਦਾ ਹੋਵੇ, ਉਹਦੇ ਅੱਗੇ ਪਰੋਸਿਆ ਹੋਇਆ ਥਾਲ ਰੱਖ ਦਈਏ ਤੇ ਨਾਲੇ ਸ਼ਰਤ ਇਹ ਲਾ ਦੇਈਏ ਕਿ ਰੋਟੀ ਖਾ ਤਾਂ ਲੈ, ਪਰ ਭੁੱਖ ਤੇਰੀ ਇਕ ਮਹੀਨੇ ਬਾਅਦ ਮਿਟੇਗੀ। ਵਿਚਾਰਾ ਇਕ ਮਹੀਨੇ ਤੱਕ ਜ਼ਿੰਦਾ ਵੀ ਰਹਿ ਸਕੇਗਾ, ਰੋਟੀ ਅੱਜ ਖਾਏ ਤੇ ਭੁੱਖ ਮਹੀਨੇ ਬਾਅਦ ਮਿਟੇ। ਇਕ ਪਿਆਸਾ ਬੰਦਾ ਹੋਵੇ, ਉਹਦੇ ਅੱਗੇ ਭਰਿਆ ਹੋਇਆ ਸ਼ਰਬਤ ਦਾ ਗਿਲਾਸ ਰੱਖ ਦੇਈਏ ਤਾਂ ਸ਼ਰਤ ਇਹ ਲਾ ਦੇਈਏ, ਪੁਰਖਾ  ! ਪੀ ਤਾਂ ਲੈ, ਲੇਕਿਨ ਤੇਰੀ ਪਿਆਸ ਇਕ ਹਫ਼ਤੇ ਬਾਅਦ ਮਿਟੇਗੀ ਤੇ ਜੇ ਇਕ ਹਫ਼ਤਾ ਬਾਅਦ ਹੀ ਪਿਆਸ ਮਿਟਣੀ ਹੈ ਤਾਂ ਫਿਰ ਹੁਣ ਪਾਣੀ ਪੀਣ ਦਾ ਕੀ ਮਤਲਬ ? ਕੀ ਮਨੁੱਖ ਇਕ ਹਫ਼ਤਾ ਇੰਤਜ਼ਾਰ ਨਹੀਂ ਕਰ ਸਕਦਾ ? ਮਨੁੱਖ ਇਕ ਮਹੀਨਾ ਇੰਤਜ਼ਾਰ ਨਹੀਂ ਕਰ ਸਕਦਾ ? ਧਾਰਮਿਕ ਕੰਮ ਕਰੀਏ ਅੱਜ, ਇਹਦਾ ਫਲ ਮਿਲੇ ਅਗਲੇ ਜਨਮ ਵਿਚ, ਤਾਂ ਕਰਨ ਦੀ ਲੋੜ ਕੀ ਹੈ ? ਇਹ ਧਰਮ ਕੋਈ ਉਧਾਰ ਦੀ ਚੀਜ਼ ਨਹੀਂ। ਇਹ ਹੁਣੇ ਹੀ ਰਸ ਮਿਲਦਾ ਹੈ। ਇਹ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਜ਼ਾਹਤ (ਖੋਲ੍ਹ ਕੇ ਵਿਆਖਿਆ) ਕਰ ਦਿਤੀ, ‘‘ਏਕ ਚਿਤੁ; ਜਿਹ ਇਕ ਛਿਨ ਧਿਆਇਓ ॥ ਕਾਲ ਫਾਸ ਕੇ ਬੀਚ ਨ ਆਇਓ ॥’’ (ਤ੍ਵ ਪ੍ਰਸਾਦਿ ਚੌਪਈ), ਇਹ ਅਤਿਕਥਨੀ ਅਲੰਕਾਰ ਨਹੀਂ ਹੈ, ਬਈ ਗੱਲ ਨੂੰ ਵਧਾ ਕੇ ਬਿਆਨ ਕੀਤਾ ਗਿਆ। ਔਰ ਬੜੀ ਖ਼ੂਬਸੂਰਤੀ ਦੇ ਨਾਲ ਬਿਆਨ ਕਰਨਾ, ਇਸ ਨੂੰ ਕਹਿੰਦੇ ਹਨ ਅਤਿ-ਉਪਮਾ ਅਲੰਕਾਰ । ਇਹ ਅਤਿ-ਉਪਮਾ ਅਲੰਕਾਰ ਨਹੀਂ ਹੈ ਕਿ ਬਈ ਇਕ ਛਿਨ ਦੇ ਵਿਚ ਹੀ ਗੱਲ ਬਣ ਜਾਂਦੀ ਹੈ। ਇਹ ਬਿਲਕੁਲ ਸਚਾਈ ਹੈ ਕਿ ਇਕ ਸੈਕਿੰਡ ਵਿਚ ਗੱਲ ਬਣ ਜਾਂਦੀ ਹੈ। ਬਹੁਤ ਸਾਰੇ ਘੰਟੇ, ਬਹੁਤ ਸਾਰੇ ਮਹੀਨੇ ਅਸੀਂ ਇਸ ਵਾਸਤੇ ਹੀ ਸਤਿਸੰਗਤ ਕਰਦੇ ਹਾਂ, ਬਈ ਉਹ ਇਕ ਸੈਕਿੰਡ ਸਾਡੀ ਜ਼ਿੰਦਗੀ ਵਿਚ ਆ ਸਕੇ। ਸਾਡੀ ਜ਼ਿੰਦਗੀ ’ਚ ਉਹ ਇਕ ਛਿਨ ਆ ਸਕੇ, ਜਿਸ ਵਿਚ ਸਾਰੇ ਬੰਧਨ ਟੁੱਟ ਜਾਂਦੇ ਹਨ। ਜਿਸ ਛਿਨ ਵਿਚ ਸਾਰੀਆਂ ਹੀ ਕੜੀਆਂ ਟੁੱਟ ਜਾਂਦੀਆਂ ਹਨ।

ਤੋ ਖ਼ੈਰ, ਮੈਂ ਅਰਜ਼ ਇਹ ਕਰ ਰਿਹਾ ਸੀ ਕਿ ਮਾਂ ਬਾਪ ਦੇ ਘਰ ਸਾਝਾ ਜਨਮ ਹੋ ਗਿਆ ਹੈ, ਸਤਿਗੁਰੂ ਦੇ ਘਰ ਹੁਣ ਜਨਮ ਲੈਣਾ ਹੈ। ਇਹ ਜਿਹੜੀ ਸਤਿ-ਸੰਗਤ ਹੈ ਨਾ, ਇਹ ਮਾਂ ਹੈ, ਅਸੀਂ ਇਸ ਤੋਂ ਜਨਮ ਲੈਣਾ ਹੈ ਤੇ ਜਿਸ ਦਿਨ ਇਸ ਥਾਂ ਤੋਂ ਸਾਡਾ ਜਨਮ ਹੋ ਗਿਆ, ਅਸੀਂ ਸੰਤ ਹੋਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਕ ਪੰਕਤੀ ਮੈਨੂੰ ਚੇਤੇ ਆਈ ਹੈ, ਜਿਸ ਦੀ ਥੋੜੀ ਜਿਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਗੱਲ ਸਪਸ਼ਟ ਹੋ ਜਾਏਗੀ । ਭਾਈ ਸਾਹਿਬ ਕਹਿੰਦੇ ਹਨ, ‘‘ਬਾਰਹ ਵਰ੍ਹੇ ਗਰਭਾਸਿ ਵਸਿ; ਜੰਮਦੇ ਹੀ ਸੁਕਿ ਲਈ ਉਦਾਸੀ’’ (ਭਾਈ ਗੁਰਦਾਸ ਜੀ/ਵਾਰ ੨੫ ਪਉੜੀ ੧੦) ਸੁਕਦੇਵ ਇਕ ਬੜਾ ਭਾਰੀ ਰਿਸ਼ੀ ਹੋਇਆ ਹੈ। ਬਹੁਤ ਵਿਦਵਾਨ ਤੇ ਪੰਡਿਤ ਸੀ, ਬਹੁਤ ਵੱਡਾ ਤਪੀਸਰ ਸੀ। ਇਹ ਰਿਸ਼ੀ ਵੇਦ-ਵਿਆਸ ਦਾ ਪੁੱਤਰ ਸੀ। ਇਸ ਬਾਰੇ ਸਾਡੇ ਦੇਸ਼ ਵਿਚ ਇਕ ਕਹਾਣੀ ਪ੍ਰਚਲਿਤ ਹੈ ਕਿ ਇਹ ਬਾਰ੍ਹਾਂ ਸਾਲ ਤੱਕ ਮਾਤਾ ਦੇ ਗਰਭ ਵਿਚ ਰਿਹਾ ਤੇ ਬਾਰ੍ਹਾਂ ਸਾਲ ਬਾਅਦ ਇਸ ਦਾ ਜਨਮ ਹੋਇਆ। ਲੇਕਿਨ ਇਹ ਗੱਲ ਨੇਚਰ (Nature) ’ਤੇ ਪੂਰੀ ਨਹੀਂ ਉਤਰਦੀ ਕਿ ਕੋਈ ਮਨੁੱਖੀ (ਬੱਚਾ); ਮਾਂ ਦੇ ਗਰਭ ਵਿਚ ਬਾਰ੍ਹਾਂ ਸਾਲ ਤਕ ਰਿਹਾ ਹੋਵੇ। ਕਾਬਲੇ-ਕਬੂਲ ਨਹੀਂ ਹੈ । ਤਰਕ ਖੜ੍ਹੀ ਹੋ ਜਾਂਦੀ ਹੈ, ਸੰਸਾ ਖੜ੍ਹਾ ਹੋ ਜਾਂਦਾ ਹੈ, ਦਿਲ ਦਿਮਾਗ਼ ਇਨਕਾਰੀ ਹੋ ਜਾਂਦਾ ਹੈ, ਮੰਨਣ ਤੋਂ, ਸੋਚਣ ਤੋਂ, ਬਈ ਇਹ ਗੱਲ ਹੋ ਹੀ ਨਹੀਂ ਸਕਦੀ, ਗ਼ੈਰ ਕੁਦਰਤੀ ਹੈ। ਅਜੋਕੀ ਸਾਇੰਸ ਕਿਉਂਕਿ ਬਹੁਤ ਤਰੱਕੀ ’ਤੇ ਹੈ ਤੇ ਜਿਹੜੀ ਸਾਇੰਸ ਧਰਮ ਦੇ ਕਿਸੇ ਨੁਕਤੇ ਬਾਰੇ ਇਨਕਾਰੀ ਜਜ਼ਬਾਤ ਰੱਖ ਦਿੰਦੀ ਹੋਵੇ, ਉਸ ਨਾਲ਼ ਮਨੁੱਖ ਦੀ ਸ਼ਰਧਾ ਨੂੰ ਸੱਟ ਵਜਦੀ ਹੈ। ਕੁਝ ਧਾਰਮਿਕ ਗ੍ਰੰਥਾਂ ਵਿਚ ਐਸਾ ਲਿਖਿਆ ਹੈ ਕਿ ਚੰਦਰਮਾ ਨੂੰ ਪਰਨਾ ਮਾਰਿਆ ਗੌਤਮ ਰਿਸ਼ੀ ਨੇ, ਅਤੇ ਦਾਗ ਲਗ ਗਿਆ। ਜਿਸ ਦਿਨ ਸਾਇੰਸਦਾਨਾਂ ਨੇ ਆਪਣੇ ਕਦਮ ਚੰਦਰਮਾ ’ਤੇ ਰੱਖੇ ਤਾਂ ਇਹੋ ਜਿਹੀਆਂ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਬੜੀ ਸੱਟ ਵੱਜੀ, ਬਈ ਹੁਣ ਕਿਸ ਤਰ੍ਹਾਂ ਆਖੀਏ, ਇਹ ਗੱਲ ਕਿਸ ਤਰ੍ਹਾਂ ਸੁਣਾਈਏ ? ਧਰਮ ਗ੍ਰੰਥਾਂ ਵਿਚ ਐਸਾ ਲਿਖਿਆ ਹੈ ਕਿ ਬਈ ਇਕ ਤੀਰ ਮਾਰਿਆ ਚੰਦਰਮਾ ਨੂੰ, ਤੇ ਇਹਦੇ ਸਭ ਟੁਕੜੇ ਹੋ ਗਏ। ਅੱਜ ਇਸ ਤਰ੍ਹਾਂ ਦੀਆਂ ਕਹਾਣੀਆਂ ਕਿਸ ਤਰ੍ਹਾਂ ਸੁਣਾਈਏ ? ਸਾਇੰਸ ਨੇ ਹਿੰਦੂ ਧਰਮ ਦੀਆਂ ਬਹੁਤ ਸਾਰੀਆਂ ਗੱਲਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਕੇਵਲ ਗਿਆਨ ਦੀ ਗੱਲ ਆਖੀ, ਧਰਮ ਦੀ ਗੱਲ ਆਖੀ, ਸਾਇੰਸ ਨੂੰ ਨਹੀਂ ਛੋਹਿਆ ਇਤਨੀ ਮੈਂ ਅਰਜ਼ ਕਰ ਦਿਆਂ, ਪ੍ਰਕ੍ਰਿਤੀ ਨੂੰ ਨਹੀਂ ਛੋਹਿਆ। ਪਤਾ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਨਿਰੋਲ ਧਾਰਮਿਕ ਗ੍ਰੰਥ ਹਨ ਕਿਉਂਕਿ ਆਤਮਾ ਦੀ ਗੱਲ ਕਰਨੀ ਹੈ, ਪ੍ਰਮਾਤਮਾ ਦੀ ਗੱਲ ਕਰਨੀ ਹੈ ਤੇ ਜਦ ਪ੍ਰਮਾਤਮਾ ਦੀ ਗੱਲ ਮੁਕੰਮਲ ਹੋ ਗਈ ਤਾਂ ਸੰਸਾਰ ਦੀ ਗੱਲ ਆਪੇ ਹੀ ਹੋ ਗਈ। ਸੰਸਾਰ ਦੀ ਗੱਲ ਨੂੰ ਗੁਰੂ ਨਾਨਕ ਨੇ ਇਕ ਪਾਸੇ ਰੱਖ ਦਿਤਾ ਹੈ। ਇਹੋ ਕਾਰਨ ਹੈ ਕਿ ਅੱਜ ਕੋਈ ਵੀ ਐਸੀ ਗ਼ੈਰ-ਵਿਗਿਆਨਕ ਗੱਲ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਣੀ ਔਖੀ ਹੈ। ਇਥੇ ਸੱਚ ਦੀ ਗੱਲ ਹੈ, ‘‘ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ; ਮਤੁ ਕੋ ਧਰਹੁ ਗੁਮਾਨਾ ’’ (ਮਹਲਾ /੭੯੭), ਇਥੇ ਗੱਲ ਹੀ ਸੱਚ ਦੀ ਹੈ, ਸੱਚ ਦੀ ਵੀਚਾਰ ਹੈ, ਸੱਚ ਸੁਣਨਾ ਹੈ।

ਤੋ ਖ਼ੈਰ, ਮੈਂ ਇਹ ਅਰਜ਼ ਕਰ ਰਿਹਾ ਸੀ ਕਿ ਸਾਡੇ ਦੇਸ ਦਾ ਇਹ ਜੋ ਮਹਾਨ ਰਿਸ਼ੀ ਹੋਇਆ ਹੈ ‘ਸੁਕਦੇਵ’, ਇਸ ਦੀਆਂ ਕਥਾਵਾਂ ਬੜੇ ਸ਼ੌਕ ਨਾਲ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਹਨ। ਔਰ ਗ਼ਜ਼ਬ ਦੀ ਗੱਲ ਹੈ ਕਿ ਇਹ ਆਪ ਵੀ ਰਿਸ਼ੀ ਸੀ ਤੇ ਰਿਸ਼ੀ ਦਾ ਪੁੱਤਰ ਸੀ। ਲੇਕਿਨ ਇਹਦੇ ਬਾਰੇ ਕਹਾਣੀ ਇਹ ਹੈ ਕਿ ਬਾਰ੍ਹਾਂ ਸਾਲ ਤਕ ਮਾਤਾ ਦੇ ਗਰਭ ਵਿਚ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਪਉੜੀ ਜਦ ਮੈਂ ਕਈ ਸਟੇਜਾਂ ’ਤੇ ਸੁਣਾਈ ਤਾਂ ਨੌਜਵਾਨ ਤਰਕ ’ਤੇ ਆ ਗਏ। ਅੱਜ ਕੱਲ੍ਹ ਦਾ ਨੌਜਵਾਨ ਧਰਮ ਤੋਂ ਬੜਾ ਬਾਗ਼ੀ ਹੈ, ਕਿਉਂਕਿ ਇਸ ਦੀ ਤਸੱਲੀ ਨਹੀਂ ਕਰਵਾਈ ਜਾਂਦੀ, ਤਸੱਲੀ ਨਾ ਹੋਣ ਕਰਕੇ ਉਹ ਬਾਗ਼ੀ ਹੋ ਜਾਂਦਾ ਹੈ। ਉਹ ਕਹਿਣ ਲੱਗੇ ਹਰ ਜੀਵ ਦੀ ਪੈਦਾਇਸ਼ ਦਾ ਸਮਾਂ ਕੁਦਰਤ ਵਲੋਂ ਫ਼ਿਕਸ ਹੈ।  22 ਦਿਨਾਂ ਵਿਚ ਮੁਰਗੀ ਦੇ ਬੱਚੇ ਅੰਡਿਆਂ ਵਿਚੋਂ ਨਿਕਲ ਆਉਂਦੇ ਹਨ। ਤਿੰਨ ਮਹੀਨਿਆਂ ਪਿਛੋਂ ਸਪਣੀ ਦੇ ਬੱਚੇ ਅੰਡਿਆਂ ਵਿਚੋਂ ਜਨਮ ਲੈ ਲੈਂਦੇ ਹਨ। ਇਸੇ ਪ੍ਰਕਾਰ ਹਿਰਨੀ ਛੇ ਮਹੀਨੇ ਪਿਛੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। ਗਊ ਦੇ ਬੱਚੇ ਤੇ ਮਨੁੱਖੀ ਬੱਚੇ ਦਾ ਜਨਮ 9 ਤੋਂ ਦਸ ਮਹੀਨਿਆਂ ਦੇ ਅੰਦਰ ਹੋ ਸਕਦਾ ਹੈ। ਇਕ ਦੋ ਮਹੀਨੇ ਘਟ ਜਾਂ ਵਧ ਹੋ ਸਕਦੇ ਹਨ, ਲੇਕਿਨ ਇਹ ਕਹਿਣਾ ਕਿ ਉਹ ਮਹਾਤਮਾ 12 ਸਾਲ ਤਕ ਮਾਤਾ ਦੇ ਗਰਭ ਵਿਚ ਰਿਹਾ, ਸੰਦੇਹ ਜਾਗ ਪੈਂਦਾ ਹੈ, ਤਰਕ ਖੜ੍ਹਾ ਹੋ ਜਾਂਦਾ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਹੈ, ਗੁਰਮਤਿ ਦੇ ਵੇਦ ਵਿਆਸ ਸਿੱਖ ਜਗਤ ਦੇ ਮਹਾਨ ਦਾਰਸ਼ਨਿਕ ਤੇ ਫ਼ਿਲਾਸਫ਼ਰ, ਜਿਨ੍ਹਾਂ ਨੇ ਜਿਹੜੀ ਗੱਲ ਵੀ ਆਖੀ ਹੈ, ਉਸ ਨੂੰ ਸਿੱਧ ਕਰਨ ਵਾਸਤੇ ਦਲੀਲਾਂ ਦੇ ਅੰਬਾਰ ਲਾ ਦਿੱਤੇ ਕਿ ਜਿਸ ਗੱਲ ਨੂੰ ਸਿੱਧ ਕਰਨ ਵਾਸਤੇ ਬੰਦਾ ਵਧ ਤੋਂ ਵਧ ਇਕ ਦਲੀਲ ਦੇ ਦੇਵੇਗਾ, ਦੋ ਦਲੀਲਾਂ ਦੇ ਦੇਵੇਗਾ, ਪਰ ਭਾਈ ਗੁਰਦਾਸ ਜੀ ਇਕ ਗੱਲ ਨੂੰ ਸਿੱਧ ਕਰਨ ਵਾਸਤੇ ਸੈਂਕੜੇ ਦਲੀਲਾਂ ਸਾਹਮਣੇ ਰੱਖ ਦਿੰਦੇ ਹਨ ਤਾਂ ਕਿ ਕੋਈ ਵੀ ਪਹਿਲੂ ਐਸਾ ਨਾ ਰਹਿ ਜਾਏ ਕਿ ਮਨੁੱਖ ਦੇ ਜ਼ਿਹਨ ਵਿਚੋਂ ਤਰਕ ਖੜ੍ਹੀ ਹੋ ਸਕੇ। ਲੇਕਿਨ ਐਸਾ ਮਹਾਨ ਵਿਦਵਾਨ ਇਹ ਵੀ ਉਸ ਸਾਖੀ ਨੂੰ ਸਾਡੇ ਸਾਹਮਣੇ ਰੱਖਦਾ ਹੈ ਕਿ ਸੁਕਦੇਵ ਮਾਤਾ ਦੇ ਗਰਭ ਵਿਚ ਬਾਰ੍ਹਾਂ ਸਾਲ ਤਕ ਰਿਹਾ। ਬਈ ਚਲੋ ਦਿਮਾਗ਼ ਨੂੰ ਇਕ ਪਾਸੇ ਰੱਖ ਕੇ ਮੰਨ ਲੈਂਦੇ ਹਾਂ। ਕਈ ਵਾਰੀ ਦਿਮਾਗ਼ ਨੂੰ ਇਕ ਪਾਸੇ ਰੱਖ ਕੇ ਦਿਲ ਨੂੰ ਰਾਜ਼ੀ ਕਰਨਾ ਪੈਂਦਾ ਹੈ, ਬਈ ਚਲੋ ਮੰਨ ਲਈਏ, ਪਰ ਭਾਈ ਗੁਰਦਾਸ ਜੀ ਨੇ ਦੂਜੀ ਗੱਲ ਪਤਾ ਹੈ ਕੀ ਲਿਖੀ ਹੈ, ਉਹ ਕਹਿੰਦੇ ਹਨ ਕਿ ‘ਜੰਮਦੇ ਹੀ ਸੁਕਦੇਵ ਉਦਾਸੀ ਬਣ ਗਿਆ, ਜੰਮਦਿਆਂ ਹੀ ਘਰ ਛੱਡ ਗਿਆ, ਜੰਮਦਿਆਂ ਹੀ ਜੰਗਲ ਨੂੰ ਚਲਿਆ ਗਿਆ। ਹੁਣ ਅੱਜ ਜੰਮਿਆਂ ਬੱਚਾ ਹੁਣੇ ਹੀ ਜੰਗਲ ਨੂੰ ਕਿਵੇਂ ਚਲਿਆ ਗਿਆ, ਉਦਾਸੀ ਕਿਸ ਤਰ੍ਹਾਂ ਬਣਿਆ ? ਇਨ੍ਹਾਂ ਦੋ ਗੱਲਾਂ ਦੇ ਸਾਹਮਣੇ ਇਸ ਇਕ ਪੰਕਤੀ ਨੇ ਮੈਨੂੰ ਮਜਬੂਰ ਕੀਤਾ ਕਿ ਇਸ ਦੀ ਤਹਿ ਵਿਚ ਕੀ ਹੈ, ਅਸਲੀਅਤ ਕੀ ਹੈ ? ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਹਨ ! ਇਤਨਾ ਵੱਡਾ ਫ਼ਿਲਾਸਫ਼ਰ ਅਤਿ-ਕਥਨੀ ਨਹੀਂ ਕਰ ਸਕਦਾ, ਗੱਲਾਂ ਵਧਾ ਕੇ ਨਹੀਂ ਕਹਿ ਸਕਦਾ। ਲਾਜ਼ਮੀ ਇਸ ਵਿਚ ਮਹਾਨ ਸਚਾਈ ਹੈ, ਤੋ ਜਿਹੜੀ ਗੱਲ ਮੇਰੇ ਸਾਹਮਣੇ ਆਈ ਹੈ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ।

ਇਕ ਜਨਮ ਮਨੁੱਖ ਨੂੰ ਮਾਂ ਤੋਂ ਮਿਲਦਾ ਹੈ, ਇਕ ਜਨਮ ਮਹਿਫ਼ਲ ਤੋਂ, ਸੰਗਤ ਤੋਂ, ਮਹੌਲ ਤੋਂ ਮਿਲਦਾ ਹੈ। ਸਾਡੇ ਦੇਸ਼ ਵਿਚ ਬੜਾ ਪ੍ਰਚਲਿਤ ਨਾਹਰਾ ਲਾਇਆ ਜਾਂਦਾ ਹੈ ਕਿ ਜਨਮ ਤੋਂ ਨਾ ਕੋਈ ਸਾਧੂ ਹੈ, ਨਾ ਕੋਈ ਚੋਰ ਹੈ। ਸੰਗਤ ਤੋਂ ਬੰਦਾ ਚੋਰ ਬਣ ਜਾਂਦਾ ਹੈ, ਸਾਧੂ ਬਣ ਜਾਂਦਾ ਹੈ। ਮਹਿਫ਼ਲ, ਇਕੱਠ, ਸੰਗਤ, ਬੰਦੇ ਨੂੰ ਬਦਨਾਮ ਬਣਾ ਦਿੰਦੀ ਹੈ ਤੇ ਬੰਦੇ ਨੂੰ ਸ਼ਰੀਫ਼ ਵੀ ਬਣਾ ਦਿੰਦੀ ਹੈ। ਮਾਂ ਬਾਪ ਤੋਂ ਸੁਤ ਨੇ ਜਨਮ ਲਿਆ ਹੈ। ਮਹਿਫ਼ਲਾਂ ਤੋਂ ਚੋਰ ਜਨਮ ਲੈਂਦੇ ਹਨ, ਸੰਤ ਜਨਮ ਲੈਂਦੇ ਹਨ, ਡਾਕੂ ਜਨਮ ਲੈਂਦੇ ਹਨ, ਰਿਸ਼ੀ ਜਨਮ ਲੈਂਦੇ ਹਨ, ‘ਮਹੌਲ ਤੋਂ’। ਔਰ ਕੁਦਰਤੀ ਗੱਲ ਹੈ ਮਹੌਲ ਦਾ ਅਸਰ ਪੈਂਦਾ ਹੈ। ਇਕ ਗੰਦਗੀ ਦਾ ਢੇਰ ਹੋਵੇ ਤੇ ਉਸ ਕੋਲੋਂ ਮੈਂ ਲੰਘਾਂ ਤੇ ਬਦਬੋ ਨਾ ਮੈਂ ਲੈਣਾ ਚਾਹਾਂ, ਪਰ ਬਦਬੂ ਲਾਜ਼ਮੀ ਮਿਲੇਗੀ। ਫੁੱਲਾਂ ਦੇ ਢੇਰ ਕੋਲੋਂ ਲੰਘਾਂ ਤਾਂ ਸੁਗੰਧੀ ਨਾ ਵੀ ਮੈਂ ਲੈਣਾ ਚਾਹਾਂ, ਫਿਰ ਵੀ ਲਾਜ਼ਮੀ ਮਿਲੇਗੀ। ਚੋਰਾਂ ਦੇ ਇਕੱਠ ਵਿਚ ਮੈਂ ਬੈਠ ਜਾਵਾਂ, ਬਦਮਾਸ਼ਾਂ ਦੇ ਇਕੱਠ ਵਿਚ ਮੈਂ ਬੈਠ ਜਾਵਾਂ, ਚੋਰੀ ਨਾ ਵੀ ਮੈਂ ਕਰਨੀ ਚਾਹਾਂ ਤਾਂ ਵੀ ਚੋਰਾਂ ਦੀਆਂ ਜੋ ਲਹਿਰਾਂ ਹਨ, ਉਹ ਮੇਰੇ ਸਰੀਰ ਨਾਲ ਟਕਰਾਉਣਗੀਆਂ। ਉਹਨਾਂ ਦੇ ਜਜ਼ਬਾਤ, ਉਹਨਾਂ ਦੇ ਖ਼ਿਆਲ ਮੇਰੇ ਦਿਲ ਦਿਮਾਗ਼ ਨਾਲ ਟਕਰਾਉਣਗੇ। ਔਰ ਆਪਣੀ ਬਦਬੂ ਪਾ ਜਾਣਗੇ। ਸੋ ਸੁਕਦੇਵ ਬਾਰ੍ਹਾਂ ਸਾਲ ਤਕ ਸਤਿ ਪੁਰਖਾਂ ਦੀ ਸੰਗਤ ਕਰਦਾ ਰਿਹਾ। ਸਤਿ ਸੰਗਤ ਕਰਦਾ ਰਿਹਾ। ਸਤਿ ਸੰਗਤ ਨੂੰ ਤਰਜੀਹ ਮਾਂ ਨਾਲ ਦਿੱਤੀ ਹੈ। ਗੁਰੂ; ਪਿਤਾ ਹੈ। ਸਤਿਸੰਗਤ; ਮਾਤਾ ਹੈ। ਇਥੋਂ ਜਨਮ ਲੈਣਾ ਹੈ। ਇਥੋਂ ਨਵੀਂ ਜ਼ਿੰਦਗੀ ਲੈਣੀ ਹੈ। ਲੇਕਿਨ ਇਤਨੀ ਅਰਜ਼ ਕਰ ਦਿਆਂ, ਇਥੇ ਸਮਾਂ ਫ਼ਿਕਸ ਕੋਈ ਨਹੀਂ, ਤੁਸੀਂ ਸਾਰੇ ਗਰਭ ਵਿਚ ਬੈਠੇ ਹੋ। ਨਵੀਂ ਜ਼ਿੰਦਗੀ ਲੈਣ ਵਾਸਤੇ। ਜਦੋਂ ਬੱਚਾ ਗਰਭ ਵਿਚ ਹੁੰਦਾ ਹੈ ਤਾਂ ਮਾਂ ਜੋ ਗਜਾ (ਇਧਰੋਂ ਓਧਰੋਂ ਭੋਜਨ ਇਕੱਠਾ ਕਰ ਘਰ ਬੈਠ ਕੇ ਖਾਣਾ) ਖਾਂਦੀ ਏ, ਉਸ ਦਾ ਤੱਤ ਉਸ ਨੂੰ ਮਿਲਦਾ ਹੈ। ਗੁਰਬਾਣੀ ਇਕ ਤਤ੍ਵ ਗਿਆਨ ਹੈ। ਇਹ ਗਜਾ ਮਨੁੱਖੀ ਬੱਚੇ ਨੂੰ ਮਿਲਦੀ ਹੈ ਤਾਂ ਕਿ ਸੰਤ ਬਣ ਸਕੇ, ਇਸ ਨੂੰ ਨਵੀਂ ਜ਼ਿੰਦਗੀ ਮਿਲ ਸਕੇ। ਇਹਨੂੰ ਨਵਾਂ ਜੀਵਨ ਮਿਲ ਸਕੇ, ਪਰ ਸਮਾਂ ਇਥੇ ਫ਼ਿਕਸ ਨਹੀਂ। ਸਰੀਰਕ ਰੂਪ ਵਿਚ ਜਨਮ ਦਸ ਮਹੀਨਿਆਂ ਵਿਚ ਹੋ ਜਾਂਦਾ ਹੈ। ਇਥੇ ਨਵੀਂ ਜ਼ਿੰਦਗੀ ਮਨੁੱਖ ਨੂੰ ਕਦੋਂ ਮਿਲਣੀ ਹੈ। ਉਹ ਹੋ ਸਕਦਾ ਹੈ ਇਕ ਸੈਕਿੰਡ ਵਿਚ ਮਿਲ ਜਾਏ। ਬਾਲਮੀਕ ਇਕ ਸੈਕਿੰਡ ਵਿਚ ਰਿਸ਼ੀ ਬਣ ਗਿਆ ਸੀ। ਇਕ ਸੈਕਿੰਡ ਹੀ ਲੱਗਿਆ, ਜ਼ਿਆਦਾ ਨਹੀਂ। ਸਪਤ (7) ਰਿਸ਼ੀਆਂ ਨੇ ਇਕ ਗੱਲ ਸਾਹਮਣੇ ਰੱਖੀ ਹੈ। ਦਿਲ ਦਿਮਾਗ਼ ਨੂੰ ਐਸੀ ਚੋਟ ਕਰ ਗਈ ਤੇ ਉਹ ਬਦਲ ਗਿਆ। ਮੈਂ ਦੇਖਦਾ ਹਾਂ, ਉਹ ਸੱਜਣ ਠੱਗ, ਜੋ ਦੁਰਾਚਾਰ ਠੱਗੀ ਤੇ ਜ਼ੁਲਮ ਦੀ ਇੰਤਹਾ ਨੂੰ ਛੂਹ ਗਿਆ ਸੀ, ਇਕੋ ਹੀ ਸ਼ਬਦ ਗੁਰੂ ਨਾਨਕ ਦਾ ਸੁਣਿਆ ਹੈ, ਦੋ ਨਹੀਂ। ਉਹ ਸੀ ‘‘ਸਜਣ ਸੇਈ ਨਾਲਿ ਮੈ (ਭਾਵ ਮੇਰੇ); ਚਲਦਿਆ ਨਾਲਿ ਚਲੰਨਿ੍ ’’ (ਮਹਲਾ /੭੨੯), ਮੈਂ ਖੁਲਾਸਾ ਕਰ ਦਿਆਂ। ਕੀਰਤਨ ਗੁਰੂ ਨਾਨਕ ਦੇਵ ਜੀ ਆਪ ਕਰਿਆ ਕਰਦੇ ਸਨ। ਮਰਦਾਨਾ ਸਿਰਫ਼ ਨਾਲ ਰਬਾਬ ਵਜਾਂਦਾ ਸੀ ਕਿਉਂਕਿ ਜਨਮ ਸਾਖੀ ਵਿਚ ਐਸਾ ਲਿਖਿਆ ਹੈ ਕਿ ਮਹਾਰਾਜ ਕਹਿੰਦੇ ਸਨ ‘ਬਾਣੀ ਆਈ ਏ ਮਰਦਾਨਿਆ  ! ਰਬਾਬ ਛੇੜ।’ ਤੋ ਬਾਣੀ ਮਰਦਾਨੇ ਨੂੰ ਨਹੀਂ ਆਈ, ਬਾਣੀ ਗੁਰੂ ਨਾਨਕ ਦੇਵ ਨੂੰ ਆਈ ਹੈ। ਗਾਂਵਦੇ ਗੁਰੂ ਨਾਨਕ ਦੇਵ ਆਪ ਹਨ। ਹਰ ਰਾਗ ਵਿਚ ਗਾਂਵਦੇ ਹਨ, ਪਰ ਜਿਹੜਾ ਰਾਗ ਅਲਾਪਦੇ ਹਨ, ਮਰਦਾਨੇ ਨੂੰ ਪਤਾ ਚੱਲ ਜਾਂਦਾ ਹੈ ਕਿ ਮੈਂ ਹੁਣ ਕਿਹੜੀ ਸੁਰ ਛੇੜਨੀ ਹੈ, ਕਿਹੜੀ ਧੁਨ ਕੱਢਣੀ ਹੈ। ਮਰਦਾਨਾ ਰਬਾਬ ਦੀਆਂ ਤਾਰਾਂ ਵਿਚੋਂ ਸੰਗੀਤ ਕੱਢਦਾ ਹੈ, ਸੰਬੰਧ ਬੜਾ ਗਹਿਰਾ ਹੈ। ਇਕ ਰੱਬੀ ਮਹੌਲ ਪੈਦਾ ਹੁੰਦਾ ਹੈ। ਇਕ ਰੱਬੀ ਫ਼ਿਜ਼ਾ (ਵਾਧਾ) ਪੈਦਾ ਹੋ ਜਾਂਦੀ ਹੈ। ਸੱਜਣ ਠੱਗ ਵਰਗੇ ਪ੍ਰਭਾਵਤ ਹੋ ਜਾਂਦੇ ਹਨ। ਇਕੋ ਸ਼ਬਦ ਸੁਣਿਆ ਹੈ, ਠੱਗ ਤੋਂ ਸੱਜਣ ਬਣ ਗਿਆ ਹੈ, ਰਿਖੀ ਬਣ ਗਿਆ । ਗੁਸਤਾਖੀ ਮੁਆਫ਼, ਅਸੀਂ ਗੁਰੂ ਨਾਨਕ ਦੇ ਕਿਤਨੇ ਸ਼ਬਦ ਸੁਣੇ ਹੋਣਗੇ ਤੇ ਕਿਤਨੀ ਦਫ਼ਾ ਸੁਣੇ ਹੋਣਗੇ। ਮੈਂ ਸਮਝਦਾ ਹਾਂ, ਜਿਹੜੀ ਅਵਸਥਾ ਸੱਜਣ ਠੱਗ ਨੂੰ ਮਿਲੀ ਸੀ, ਉਹ ਨਹੀਂ ਮਿਲੀ। ਉਹ ਸੱਜਣ ਬਣ ਗਿਆ ਸੀ। ਇਕੋ ਹੀ ਸ਼ਬਦ ਗੁਰੂ ਨਾਨਕ ਦਾ ਕੌਡੇ ਰਾਖਸ਼ਸ਼ ਨੇ ਸੁਣਿਆ ਹੈ, ਸਿਰਫ਼ ਇਕੋ ਹੀ ਸ਼ਬਦ। ਜ਼ਿੰਦਗੀ ਬਦਲ ਗਈ। ਜੀਵਨ ਬਦਲ ਗਿਆ। ਗੱਲ ਹੋਰ ਦੀ ਹੋਰ ਹੋ ਗਈ। ਸੋ ਇਕ ਸੈਕਿੰਡ ਵਿਚ ਵੀ ਨਵੀਂ ਜ਼ਿੰਦਗੀ ਮਿਲ ਸਕਦੀ ਹੈ, ਇਕ ਦਿਨ ਵੀ ਲੱਗ ਸਕਦਾ ਹੈ ਤੇ ਇਕ ਸਾਲ ਵੀ ਲੱਗ ਸਕਦਾ ਹੈ। ਦਸ ਸਾਲ ਵੀ ਲੱਗ ਸਕਦੇ ਹਨ, ਪੰਜਾਹ ਸਾਲ ਵੀ ਲੱਗ ਸਕਦੇ ਹਨ। ਖਿਮਾ ਕਰਨੀ, ਪੂਰਾ ਜਨਮ ਵੀ ਲੱਗ ਸਕਦਾ ਹੈ ਤੇ ਕਈ ਜਨਮ ਵੀ ਲੱਗ ਸਕਦੇ ਹਨ। ਸਮਾਂ ਫ਼ਿਕਸ ਕੋਈ ਨਹੀਂ। ਨਿਰਧਾਰਿਤ ਸਮਾਂ ਕਿ ਮਨੁੱਖ ਨੂੰ ਇਥੋਂ ਨਵੀਂ ਜ਼ਿੰਦਗੀ ਕਦੋਂ ਮਿਲਣੀ ਹੈ। ਕਿੰਨੇ ਐਸੇ ਬੱਚੇ ਵੀ ਹਨ, ਜੋ ਗਰਭ ਵਿੱਚ ਗਲ਼ ਜਾਂਦੇ ਹਨ, ਸੜ ਜਾਂਦੇ ਹਨ, ਮਰ ਜਾਂਦੇ ਹਨ, ਤੇ ਉਹਨਾਂ ਦਾ ਜਦ ਜਨਮ ਹੁੰਦਾ ਹੈ ਤਾਂ ਮਰੇ ਹੋਏ ਹੁੰਦੇ ਹਨ। ਹੁਣ ਮਾਤਾ ਦੇ ਗਰਭ ਵਿਚੋਂ ਤਾਂ ਜਨਮ ਮਿਲਣਾ ਚਾਹੀਦਾ ਸੀ। ਮੌਤ ਮਿਲ ਗਈ। ਜੰਮਿਆ ਹੈ, ਮਰਿਆ ਹੋਇਆ ਜੰਮਿਆ। ਗੁਰਦੁਆਰੇ ਆ ਕੇ ਨਵੀਂ ਜ਼ਿੰਦਗੀ ਲੈਣੀ ਹੈ। ਖਿਮਾ ਕਰਨੀ, ਕਈ ਗੁਰਦੁਆਰੇ ਆ ਕੇ ਹੀ ਜ਼ਿਆਦਾ ਈਰਖਾਲੂ ਹੋ ਜਾਂਦੇ ਹਨ। ਜ਼ਿਆਦਾ ਹੰਕਾਰੀ ਹੋ ਜਾਂਦੇ ਹਨ । ਜ਼ਿਆਦਾ ਜੋ ਹੈ ਤ੍ਰਿਸ਼ਨਾਲੂ ਹੋ ਜਾਂਦੇ ਹਨ। ਜ਼ਿਆਦਾ ਹੀ ਲੋਭੀ ਹੋ ਜਾਂਦੇ ਹਨ। ਇਥੇ ਹੀ ਆ ਕੇ ਜ਼ਿਆਦਾ ਤਰਕਸ਼ੀਲ ਹੋ ਜਾਂਦੇ ਹਨ। ਭਾਈ ਸਾਹਿਬ ਕਹਿੰਦੇ ਹਨ, ਜ਼ਰੂਰੀ ਨਹੀਂ ਕਿ ਮਾਂ ਦੇ ਗਰਭ ਵਿਚ ਹੀ ਬੱਚੇ ਮਰ ਜਾਂਦੇ ਹਨ । ਧਰਮ-ਮੰਦਿਰਾਂ ਦੇ ਵਿਚ ਵੀ ਕਈ ਮਰ ਜਾਂਦੇ ਹਨ, ਐਸਾ ਹੈ, ਬਾਬੇ ਫਰੀਦ ਜੀ ਨੂੰ ਭੀ ਕਹਿਣਾ ਪਿਆ, ‘‘ਤਤੀ ਤੋਇ ਪਲਵੈ; ਜੇ ਜਲਿ ਟੁਬੀ ਦੇਇ ਫਰੀਦਾ ! ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ’’ (ਬਾਬਾ ਫ਼ਰੀਦ ਜੀ/੧੩੮੧) ਅਰਥ : ਪਾਣੀ ਨਾਲ਼ ਸੜੀ (ਖੇਤੀ ਮੁੜ) ਹਰੀ ਨਹੀਂ ਹੁੰਦੀ ਭਾਵੇਂ (ਖੇਤ ਨੂੰ ਹੀ) ਪਾਣੀ ਵਿੱਚ ਡੋਬ ਦਿੱਤਾ ਜਾਏ।

ਬਾਬੇ ਫਰੀਦ ਨੇ ਇਥੇ ਤਸ਼ਬੀਹ (ਮਿਸਾਲ) ਬੜੀ ਗ਼ਜ਼ਬ ਦੀ ਦਿੱਤੀ ਹੈ। ਉਹ ਕਹਿੰਦੇ ਹਨ ਕਿ ਜਿਹੜੀ ਜ਼ਮੀਨ ਸੁੱਕੀ ਪਈ ਹੈ, ਬਿਲਕੁਲ ਸੁੱਕੀ ਪਈ ਏ, ਸੋਕਾ ਪੈ ਚੁਕਿਆ ਹੈ, ਓਥੇ ਬਰਖਾ ਜ਼ੋਰ ਦੀ ਹੋ ਜਾਏ, ਉਸ ਜ਼ਮੀਨ ਨੂੰ ਕਾਬਲੇ-ਕਾਸ਼ਤ (ਮੁੜ ਹਰਾ ਭਰਾ) ਬਣਾਇਆ ਜਾ ਸਕਦਾ ਹੈ। ਉਹ ਹਰੀ ਭਰੀ ਹੋ ਸਕਦੀ ਹੈ, ਪਰ ਜਿਹੜੀ ਖੇਤੀ ਪਾਣੀ ਦੀ ਹੀ ਮਾਰੀ ਹੋਵੇ, ਉਸ ਨੂੰ ਕਿਸ ਤਰ੍ਹਾਂ ਠੀਕ ਕਰੋਗੇ ? ਆਪ ਨੂੰ ਪਤਾ ਹੋਵੇ, ਪਾਣੀ ਜ਼ਮੀਨ ਨੂੰ ਜ਼ਿੰਦਗੀ ਦਿੰਦਾ ਹੈ, ਪਾਣੀ ਜ਼ਮੀਨ ਨੂੰ ਮਾਰ ਵੀ ਦਿੰਦਾ ਹੈ, ਪਾਣੀ ਦੇ ਵਿਚ ਜੀਵਨ ਵੀ ਛੁਪਿਆ ਪਿਆ ਹੈ, ਪਾਣੀ ਵਿਚ ਮੌਤ ਵੀ ਛੁਪੀ ਪਈ ਹੈ, ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨)

ਪਰ ਇਹ ਪਾਣੀ ਹੜ੍ਹਾਂ ਦੇ ਰੂਪ ਵਿਚ ਆ ਜਾਵੇ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਹਨ, ਸ਼ਹਰਾਂ ਦੇ ਸ਼ਹਰ ਗ਼ਰਕ ਹੋ ਜਾਂਦੇ ਹਨ। ਪਾਣੀ ਜਗਤ ਦਾ ਜੀਵਨ ਹੈ, ਪਾਣੀ ਜਗਤ ਦੀ ਮੌਤ ਵੀ ਬਣ ਸਕਦਾ ਹੈ। ਸੋ ਪਾਣੀ ਨਾਲ ਜ਼ਮੀਨ ਹਰੀ ਭਰੀ ਹੁੰਦੀ ਹੈ, ਪਾਣੀ ਨਾਲ ਜ਼ਮੀਨ ਮਰ ਭੀ ਜਾਂਦੀ ਹੈ। ਬਹੁਤ ਸਾਰੀਆਂ ਖੇਤੀਆਂ ਹਨ, ਜੋ ਪਾਣੀ ਨਾਲ ਮਰੀਆਂ ਹੋਈਆਂ ਹਨ, ਸੇਮ ਲੱਗ ਜਾਂਦਾ ਹੈ। ਪਾਣੀ ਮਾਰ ਜਾਂਦਾ ਹੈ। ਖਿਮਾ ਕਰਨੀ, ਗਿਆਨ ਨਵੀਂ ਜ਼ਿੰਦਗੀ ਦਿੰਦਾ ਹੈ, ਪਰ ਕਈ ਬੰਦਿਆਂ ਨੂੰ ਗਿਆਨ ਹੀ ਮਾਰ ਜਾਂਦਾ ਹੈ। ਗੁਰਦਵਾਰੇ ਤੋਂ ਨਵੀਂ ਜ਼ਿੰਦਗੀ ਮਿਲਦੀ ਏ, ਪਰ ਕਈ ਗੁਰਦਵਾਰੇ ਆ ਕੇ ਕਥਾ ਕੀਰਤਨ ਸੁਣ ਕੇ ਇੰਜ ਹੋ ਜਾਂਦੇ ਹਨ, ਜਿਵੇਂ ਕਿ ਪਾਣੀ ਦੀ ਮਾਰੀ ਹੋਈ ਜ਼ਮੀਨ। ਬਾਬਾ ਫਰੀਦ ਕਹਿੰਦੇ ਹਨ ਜਿਹੜੀ ਪਾਣੀ ਦੀ ਮਾਰੀ ਹੋਈ ਧਰਤੀ ਹੈ, ਉਹਦਾ ਕੀ ਇਲਾਜ ਕਰੀਏ। ਬਈ ਜਿਸ ਪਾਣੀ ਨੇ ਹਰਾ ਭਰਾ ਕਰਨਾ ਸੀ, ਉਸ ਤੋਂ ਹੀ ਮੌਤ ਲੈ ਲਈ ਹੈ। ਕੇਤੇ ਗਰਬ ਗਲ ਜਾਂਦੇ ਹਨ। ਮਾਂ ਦੇ ਗਰਭ ਤੋਂ ਨਵੀਂ ਜ਼ਿੰਦਗੀ ਲੈਣੀ ਹੈ, ਧਰ ਕਈ ਬੱਚੇ ਮਾਂ ਦੇ ਗਰਭ ਵਿਚ ਹੀ ਮਰ ਜਾਂਦੇ ਹਨ। ਗੁਰਦਵਾਰੇ ਤੋ ਨਵੀਂ ਜ਼ਿੰਦਗੀ ਲੈਣੀ ਹੈ, ਕਥਾ ਕੀਰਤਨ ਤੋਂ ਨਵੀਂ ਜ਼ਿੰਦਗੀ ਲੈਣੀ ਹੈ। ਕਬੀਰ ਜੀ ਕਹਿੰਦੇ ਹਨ ‘‘ਕਬੀਰ ! ਜਾ ਦਿਨ ਹਉ ਮੂਆ; ਪਾਛੈ ਭਇਆ ਅਨੰਦੁ   ਮੋਹਿ ਮਿਲਿਓ ਪ੍ਰਭੁ ਆਪਨਾ; ਸੰਗੀ ਭਜਹਿ ਗੁੋਬਿੰਦੁ ’’ (ਭਗਤ ਕਬੀਰ/੧੩੬੪), ਨਵੀਂ ਜ਼ਿੰਦਗੀ ਮਿਲ ਗਈ, ਕਿਸ ਤਰ੍ਹਾਂ ਮਿਲ ਗਈ, ਮੈਂ ਮਰ ਗਿਆ ਤੇ ਤੂੰ ਨੇ ਜਨਮ ਲੈ ਲਿਆ ਹੈ। ਹਉ ਦੇ ਵਿਚੋਂ ਤੂੰ ਪੈਦਾ ਹੋ ਗਿਆ। ਹੁਣ ਮੈਂ ਮਰ ਗਿਆ, ‘‘ਕਬੀਰ  ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਹੂੰ   ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ’’ (ਭਗਤ ਕਬੀਰ/੧੩੭੫)

ਜਿਸ ਦਿਨ ਸੁਰਤ ਤੂੰ ਦੇ ਵਿਚ ਲੀਨ ਹੋ ਗਈ, ਸਮਝ ਲੈਣਾ, ਮੈਂ ਮਰ ਗਿਆ ਹੈ। ਜਦ ਮੈਂ ਮਰ ਗਿਆ ਤੇ ਤੂੰ ਪੈਦਾ ਹੋ ਗਿਆ ਤਾਂ ਨਵੀਂ ਜ਼ਿੰਦਗੀ ਪੈਦਾ ਹੋ ਗਈ, ਜਿਸ ਦਿਨ ਤੂੰ ਦੇ ਵਿਚ ਸੁਰਤ ਜੁੜ ਗਈ, ਉਸ ਦਿਨ ਪਤਾ ਹੈ ਬੰਦਾ ਪੂਰਨ ਗੁਰੂ ਕਾ ਸਿੱਖ ਬਣ ਜਾਂਦਾ ਹੈ। ਤੋ ਸਾਹਿਬ ਕਹਿੰਦੇ ਹਨ, ਗੁਰੂ ਦੇ ਘਰ ਵਿਚ ਜਨਮ ਲੈ। ਮਾਂ ਬਾਪ ਤੋਂ ਤਾਂ ਜਨਮ ਲੈ ਚੁਕਿਆ ਹੈ। ਹੁਣ ਸਤਿਗੁਰੂ ਦੇ ਘਰ ਵਿਚ ਜਨਮ ਲੈ ‘‘ਸਤਿਗੁਰ ਕੈ, ਜਨਮੇ; ਗਵਨੁ ਮਿਟਾਇਆ’’ ਆ ਸਤਿਗੁਰ ਦੇ ਘਰ ਵਿਚ ਅਤੇ ਆਪਣਾ ਆਉਣਾ ਜਾਵਣਾ (ਆਵਾਗਵਨ) ਮਿਟਾ। ਵਾਰ ਵਾਰ ਦਾ ਜਨਮ ਮਰਨ ਮਿਟਾ।

ਇਕ ਦਿਨ ਕਬੀਰ ਦੀ ਮਾਤਾ ਨੇ ਭਗਤ ਕਬੀਰ ਨੂੰ ਆਖਿਆ ‘ਪੁਰਖਾ  ! ਤੂੰ ਸਾਡੇ ਨਾਲ ਮੋਹ ਨਹੀਂ ਕਰਦਾ, ਉਪਰਾਮ ਜਿਹਾ ਰਹਿੰਦਾ ਹੈਂ। ਬੇਦਾਰ (ਖ਼ਾਮੋਸ਼) ਜਿਹਾ ਤੇ ਬੇਚੈਨ ਜਿਹਾ ਰਹਿੰਦਾ ਹੈਂ। ਸਾਡੇ ਨਾਲ ਗੱਲਬਾਤ ਨਹੀਂ ਕਰਦਾ। ਗੋਸ਼ਾ-ਤਨਹਾਈ (ਇਕਾਂਤ ਜਿਹੇ) ਵਿਚ ਬੈਠਾ ਰਹਿੰਦਾ ਹੈਂ। ਸਾਰਾ ਦਿਨ ਸੋਚਾਂ ਵਿਚ ਪਿਆ ਰਹਿੰਦਾ ਹੈਂ। ਗੱਲ ਕੀ ਹੈ ?’ ਭਗਤ ਕਬੀਰ ਜੀ ਕਹਿੰਦੇ ਹਨ, ਮਾਂ ! ਜਿਸ ਦਿਨ ਦਾ ਮੈ ਰਾਮ ਦੇ ਗਰਭ ਵਿਚ ਗਿਆ ਹਾਂ ਤੇ ਰਾਮ ਦੇ ਗਰਭ ਤੋਂ ਮੈਂ ਜਨਮ ਲਿਆ ਹੈ, ਇੱਕ ਗੱਲ ਦੀ ਮੈਨੂੰ ਸਮਝ ਪੈ ਗਈ । ਭਗਤ ਜੀ ਕਹਿੰਦੇ ਹਨ ‘‘ਐਸੇ ਘਰ ਹਮ ਬਹੁਤੁ ਬਸਾਏ ਜਬ ਹਮ ਰਾਮ ! ਗਰਭ ਹੋਇ ਆਏ ਰਹਾਉ ’’ (ਭਗਤ ਕਬੀਰ/੩੨੬)

ਜਿਸ ਦਿਨ ਦਾ ਮੈਂ ਰਾਮ ਦੇ ਗਰਭ ਵਿਚ ਆਇਆ ਹਾਂ, ਜਿਸ ਤੋਂ ਮੈਂ ਜਨਮ ਲਿਆ ਹੈ, ਮੈਨੂੰ ਪਤਾ ਚੱਲਿਆ ਹੈ ਕਿ ਇਹੋ ਜਿਹਿਆਂ ਦੇ ਘਰ ਕਈ ਬਸਾ ਚੁੱਕਿਆ ਹਾਂ। ਕਈਆਂ ਦਾ ਪਿਉ ਬਣਿਆ ਹਾਂ। ਕਈਆਂ ਦਾ ਪੁੱਤਰ ਬਣਿਆ ਹਾਂ ਤੇ ਹੁਣ ਇਤਨੀ ਦਫ਼ਾ ਪਿਉ ਬਣ ਚੁੱਕਿਆ ਹਾਂ। ਅਗਾਂਹ ਨਹੀਂ ਬਣਨਾ। ਬੱਸ ਅੱਗੋਂ ਗੱਲ ਖ਼ਤਮ। ਮੈਂ ਮਿਟ ਗਿਆ, ਤੂੰ ਪੈਦਾ ਹੋ ਗਿਆ। ਹੁਣ ਰਾਮ ਤੋਂ ਰਾਮ ਨੇ ਹੀ ਜਨਮ ਲਿਆ ਹੈ। ਕਬੀਰ ਕਹਿੰਦੇ ਹਨ, ਮੈਂ ਰਾਮ ਹੋ ਗਿਆ ਹਾਂ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ਰਾਮ ਕਬੀਰਾ ਏਕ ਭਏ ਹੈ; ਕੋਇ ਸਕੈ ਪਛਾਨੀ ’’ (ਭਗਤ ਕਬੀਰ/੯੬੯)

ਉਹ ਜਿਹੜੀ ਬੂੰਦ ਵੱਖ ਸੀ, ਉਹ ਸਾਗਰ ਦੇ ਵਿਚ ਲੀਨ ਹੋ ਗਈ ਹੈ। ਉਹ ਜਿਹੜੀ ਲਹਿਰ ਵੱਖ ਪਈ ਦਿਸਦੀ ਸੀ, ਉਹ ਸਾਗਰ ਦੇ ਵਿਚ ਲੀਨ ਹੋ ਗਈ। ਉਹ ਕਬੀਰ ਜਿਹੜਾ ਵੱਖ ਦਿਖਦਾ ਪਿਆ ਸੀ, ਉਹ ਰਾਮ ਦੇ ਵਿਚ ਲੀਨ ਹੋ ਗਿਆ ਤੇ ਕਬੀਰ ਨੇ ਇਕ ਗੱਲ ਬੜੇ ਗ਼ਜ਼ਬ ਦੀ ਕਰ ਦਿੱਤੀ। ਉਹ ਕਹਿੰਦੇ ਹਨ, ਦੁਨੀਆ ਰੱਬ ਨੂੰ ਲੱਭਦੀ ਹੈ, ਰੱਬ ਮੈਨੂੰ ਲੱਭਦਾ ਹੈ। ਇਹ ਗੱਲ ਤੁਸੀਂ ਕਿਸੇ ਹੱਦ ਤਕ ਐਸਾ ਵੀ ਆਖੋਗੇ ਕਿ ਹੰਕਾਰ ਦੀ ਹੈ, ਹੰਕਾਰ ਦੀ ਨਹੀਂ। ਇਹ ਬੜੀ ਹੀ ਧਾਰਮਿਕ ਦੁਨੀਆ ਦੀ ਸਿਖਰ ਦੀ ਗੱਲ ਹੈ। ਦੁਨੀਆ ਰੱਬ ਨੂੰ ਟੋਲਦੀ ਹੈ, ਪਰ ਕਬੀਰ ਕਹਿੰਦੇ ਹਨ, ਰੱਬ ਮੈਨੂੰ ਲੱਭਦਾ ਹੈ ‘‘ਕਬੀਰ ! ਮਨੁ ਨਿਰਮਲੁ ਭਇਆ; ਜੈਸਾ ਗੰਗਾ ਨੀਰੁ   ਪਾਛੈ ਲਾਗੋ ਹਰਿ ਫਿਰੈ; ਕਹਤ ਕਬੀਰ ਕਬੀਰ ’’ (ਭਗਤ ਕਬੀਰ/੧੩੬੭)

ਲੋਗਾਂ ਦੀ ਜਿਸ ਰਸਨਾ ਦੇ ਉੱਪਰ ਰਾਮ ਦਾ ਨਾਮ ਹੁੰਦਾ ਹੈ, ਉਹਨਾਂ ਹੀ ਜ਼ਬਾਨਾਂ ਤੇ ਹੁਣ ਲੋਗਾਂ ਦੇ ਕਬੀਰ ਦਾ ਨਾਮ ਹੈ। ਕਬੀਰ ਕਬੀਰ ਕਹੀ ਜਾਂਦੇ ਹਨ। ਬਈ ਹੱਦ ਹੋ ਗਈ, ਲੱਭਣਾ ਰੱਬ ਨੂੰ ਸੀ, ਲੱਭਦੇ ਕਬੀਰ ਨੂੰ ਪਏ ਹਨ। ਐਸਾ ਕਿਉਂ ? ਕਿਉਂਕਿ ਕਬੀਰ ਹੀ ਰੱਬ ਹੋ ਗਿਆ। ਕਬੀਰ ਹੀ ਰੱਬ ਦੀ ਅੰਸ ਬਣ ਗਿਆ । ਕਬੀਰ ਹੀ ਈਸ਼ਵਰ ਦਾ ਸਰੂਪ ਬਣ ਗਿਆ।

ਤੋ ਖ਼ੈਰ, ਕਿਸੇ ਨਾਲ ਵੀ ਸੰਬੰਧ ਬਣਾਈਏ ਤੇ ਉਸ ਵਰਗਾ ਬਣਨਾ ਪੈਂਦਾ ਹੈ। ਕਹਿੰਦੇ ਹਨ, ਕਿਸੇ ਨਾਲ ਸੰਬੰਧ ਜੋੜਨਾ ਹੋਵੇ, ਜਾਂ ਤੇ ਉਸ ਨੂੰ ਆਪਣੇ ਵਰਗਾ ਬਣਾਉਣਾ ਪੈਂਦਾ ਹੈ ਜਾਂ ਫਿਰ ਆਪ ਉਸ ਵਰਗਾ ਬਣਨਾ ਪੈਂਦਾ ਹੈ । ਹੋਰ ਕੋਈ ਦੂਜਾ ਤਰੀਕਾ ਨਹੀਂ ਹੈ ਸੰਬੰਧ ਜੋੜਨ ਦਾ। ਹੁਣ ਅਸੀਂ ਗੁਰੂ ਨਾਲ ਸੰਬੰਧ ਜੋੜਨਾ ਹੈ। ਰਾਮ ਨਾਲ ਸੰਬੰਧ ਜੋੜਨਾ ਹੈ। ਜਾਂ ਤੇ ਅਸੀਂ ਰਾਮ ਵਰਗੇ ਬਣੀਏ ਜਾਂ ਫਿਰ ਰਾਮ ਨੂੰ ਆਪਣੇ ਵਰਗੇ ਬਣਾਈਏ। ਹੋਰ ਤੇ ਕੋਈ ਤਰੀਕਾ ਹੈ ਨਹੀਂ ਨਾ। ਜਾਂ ਤੇ ਗੁਰੂ ਵਰਗੇ ਬਣੀਏ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਈਏ। ਤੋ ਮੈਂ ਦੇਖਦਾ ਹਾਂ, ਐ ਗੁਰੂ ! ਤੇਰੇ ਵਰਗਾ ਤਾਂ ਬਣਨਾ ਬੜਾ ਔਖਾ ਹੈ, ਜੇ ਹੋ ਸਕੇ ਤਾਂ ਤੂੰ ਹੀ ਸਾਡੇ ਵਰਗਾ ਬਣ ਜਾਹ। ਤੇ ਮੈਂ ਇਹ ਵੇਖਿਆ ਹੈ, ਸਿੱਖ ਗੁਰੂ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਗੁਰੂ ਨੂੰ ਆਪਣੇ ਵਰਗਾ ਬਣਾਣ ਦੀ ਕੋਸ਼ਿਸ਼ ਪਿਆ ਕਰਦਾ ਹੈ ਤੇ ਗੁਰੂ ਨੇ ਇਸ ਵਰਗਾ ਬਣਨਾ ਨਹੀਂ। ਸਿੱਖ ਨੇ ਗੁਰੂ ਵਰਗਾ ਨਹੀਂ ਬਣਨਾ। ਕਿਸ ਤਰ੍ਹਾਂ ਜੁੜੇ ? ਸੰਬੰਧ ਜੁੜਦੇ ਹਨ, ਜਦੋਂ ਆਪ ਉਸ ਵਰਗੇ ਹੋਈਏ ਜਾਂ ਫਿਰ ਉਸ ਨੂੰ ਆਪਣੇ ਵਰਗਾ ਬਣਾਈਏ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖ਼ਸ਼ਸ਼ ਕਰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਹਰ ਕਰਨ, ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਬਾਣੀ ਨਾਲ ਸੰਬੰਧ ਜੁੜੇ ਤੇ ਫਿਰ ਗੁਰਬਾਣੀ ਦੇ ਆਸਰੇ ’ਤੇ ਗੁਰੂ ਦਾ ਬਾਣਾ ਬਣਿਆ ਰਹੇਗਾ। ਗੁਰੂ ਦਾ ਸਰੂਪ ਬਣਿਆ ਰਹੇਗਾ। ਸਿੱਖ ਨੇ ਗੁਰੂ ਦਾ ਸਰੂਪ ਬਣ ਜਾਣਾ ਹੈ। ਸਾਡਾ ਫਿਰ ਜਨਮ ਹੋਣਾ ਹੈ। ਔਰ ਜਨਮ ਉਹ ਹੋਣਾ ਹੈ ‘ਸਚ’, ਬਈ ਇਹ ਮਨੁੱਖ ਸੱਚ ਦਾ ਮੁਜੱਸਿਮਾ (ਰੂਪ) ਬਣ ਗਿਆ ਹੈ। ਸੱਚ ਦੀ ਮੂਰਤੀ ਬਣ ਗਿਆ ਹੈ। ਜੈਸੇ ਫੁੱਲ ਦੇ ਦਰਸ਼ਨ ਕੀਤਿਆਂ ਹੀ ਸੁੰਦਰਤਾ ਸਾਹਮਣੇ ਆਉਂਦਾ ਹੈ, ਜਿਵੇਂ ਠੰਢੇ ਪਹਾੜਾਂ ’ਤੇ ਜਾਂਦਿਆਂ ਹੀ ਠੰਢ ਮਿਲਦੀ ਹੈ, ਜਿਵੇਂ ਜਲਦੀ ਹੋਈ ਸ਼ਮ੍ਹਾ ਪਾਸ ਜਾਈਏ ਤਾਂ ਰੌਸ਼ਨੀ ਮਿਲਦੀ ਏ, ਐਸੇ ਤਰੀਕੇ ਨਾਲ ਸੰਤ ਦੇ ਦਰਸ਼ਨ ਕੀਤਿਆਂ ਹੀ ਸਤਿ ਚੇਤੇ ਆਉਂਦਾ ਹੈ। ਈਸ਼ਵਰ ਚੇਤੇ ਆਉਂਦਾ ਹੈ ‘‘ਸਾਧ ਕੈ ਸੰਗਿ; ਨਹੀ ਕਛੁ ਘਾਲ   ਦਰਸਨੁ ਭੇਟਤ; ਹੋਤ ਨਿਹਾਲ ’’ (ਸੁਖਮਨੀ/ਮਹਲਾ /੨੭੨)