ਸਾਕਾ ਨਨਕਾਣਾ ਸਾਹਿਬ
ਸ. ਬਲਜੀਤ ਸਿੰਘ ਖਾਲਸਾ
ਜਿਸ ਭਾਗਾਂ ਵਾਲੀ ਧਰਤੀ ’ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਹ ਪਵਿੱਤਰ ਥਾਂ ‘ਨਾਨਕ-ਆਣਾ’ ਕਹੀ ਜਾਣ ਲੱਗੀ, ਜੋ ਅੱਜ ਨਨਕਾਣਾ ਸਾਹਿਬ ਦੇ ਨਾਂ ਨਾਲ ਦੁਨੀਆਂ ਵਿਚ ਪ੍ਰਸਿੱਧ ਹੈ। ਜਿਨ੍ਹਾਂ ਲੋਕਾਂ ਨੂੰ ਬਾਬੇ ਨਾਨਕ ਨੇ ਸਿਰ ਤਲੀ ’ਤੇ ਧਰ ਕੇ ਖੰਡੇ ਦੀ ਧਾਰ ’ਤੇ ਨੱਚਣ ਵਾਲੇ ‘ਸਰਦਾਰ’ ਬਣਾਇਆ ਉਨ੍ਹਾਂ ਲਈ ‘ਨਨਕਾਣਾ’ ਉਹੀ ਦਰਜਾ ਰੱਖਦਾ ਹੈ, ਜੋ ਮੁਸਲਮਾਨਾਂ ਲਈ ਕਾਅਬਾ। ਇਸ ਪਵਿੱਤਰ ਧਰਤੀ ਦੀ ਧੂਲ ਮੱਥੇ ’ਤੇ ਲਾ ਕੇ ਸਿੱਖ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਤੇ ਇਹ ਵਡਭਾਗਾ ਮੌਕਾ ਪ੍ਰਾਪਤ ਕਰਨ ਲਈ ਤੀਬਰ ਤਾਂਘ ਹਰ ਨਾਨਕ ਨਾਮ-ਲੇਵਾ ਨੂੰ ਉਸੇ ਤਰ੍ਹਾਂ ਹੀ ਹੁੰਦੀ ਹੈ, ਜਿਵੇਂ ਪਿਆਸੇ ਨੂੰ ਪਾਣੀ ਦੀ।
ਬਾਬੇ ਨਾਨਕ ਨੇ, ਮੌਤ ਤੋਂ ਡਰ ਕੇ ਤੁਰੇ ਫਿਰਦੇ ਮੁਰਦਿਆਂ ਵਿਚ, ਨਵੀਂ ਰੂਹ ਫੂਕ ਕੇ, ਉਨ੍ਹਾਂ ਨੂੰ ਧਰਮ ਯੁੱਧ ਵਿਚ ਮਰ ਕੇ ਸਦਾ ਲਈ ਜਿਊਣ ਦੀ ਜਾਚ ਸਿਖਾਈ ਹੈ। ਰਾਜ ਸਿੰਘਾਸਣ ’ਤੇ ਕਾਬਜ਼ ਜਾਬਰ ਤਾਕਤਾਂ ਆਪਣੀ ਪਰਜਾ ਦੇ ਰੂਪ ਵਿੱਚ ਤੁਰੇ ਫਿਰਦੇ ਮੁਰਦਿਆਂ ਨੂੰ ਹੀ ਪਸੰਦ ਕਰਦੀਆਂ ਹਨ, ਮੌਤ ਨੂੰ ਵੰਗਾਰਨ ਵਾਲੇ ਮਰਜੀਵੜੇ, ਉਨ੍ਹਾਂ ਲਈ ਸਦਾ ਖ਼ਤਰਾ ਬਣੇ ਹੁੰਦੇ ਹਨ ਤੇ ਆਪਣੇ ਲਈ ਖ਼ਤਰਨਾਕ ਹਰ ਇਕ ਤਾਕਤ ਨੂੰ ਦੇਸ਼ ਧਰੋਹੀ ਜਾਂ ਬਾਗ਼ੀ ਕਰਾਰ ਦੇ ਦੇਣਾ ਜਾਬਰ ਹਕੂਮਤਾਂ ਦੀ ਆਦਿ-ਕਾਲ ਦੀ ਨੀਤੀ ਰਹੀ ਹੈ, ਇਸ ਲਈ ਬਾਬੇ ਨਾਨਕ ਦਾ ਚਲਾਇਆ ਇਹ ‘ਸਿਰਦਾਰਾਂ ਦਾ ਪੰਥ’ ਵੀ ਬਾਗ਼ੀ ਕਰਾਰ ਦਿੱਤਾ ਗਿਆ।
ਨਵੇਂ ਜਨਮੇ ਇਸ ਪੰਥ ਨੂੰ ਬਾਗ਼ੀ ਹੋਣ ਦਾ ਫ਼ਤਵਾ ਆਪਣੇ ਮਿਸ਼ਨ ਤੋਂ ਹੋੜ ਨਾ ਸਕਿਆ, ਬੇਸ਼ੱਕ ਉਨ੍ਹਾਂ ਦੇ ਸਮਾਜ ਵਿਚ ਰਹਿਣ ’ਤੇ ਪਾਬੰਦੀ ਲਗਾਈ ਗਈ ਅਤੇ ਉਨ੍ਹਾਂ ਦੇ ਸਿਰਾਂ ਦੇ ਮੁੱਲ ਵੀ ਪਾਏ ਗਏ। ਅਜਿਹੇ ਬਿਖੜੇ ਸਮਿਆਂ ਵਿਚ ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਥਾਵਾਂ ਤੋਂ ਵਿਛੜਨਾ ਪਿਆ ਪਰ ਮੌਕਾ ਲਗਦੇ ਹੀ ਉਹ ਇਨ੍ਹਾਂ ਪਵਿੱਤਰ ਥਾਵਾਂ ਦੇ ਦਰਸ਼ਨ ਕਰ ਹੀ ਲੈਂਦੇ ਸਨ। ਇਨ੍ਹਾਂ ਸਮਿਆਂ ਵਿਚ ਗੁਰਧਾਮਾਂ ਦੀ ਸੇਵਾ-ਸੰਭਾਲ਼ ਪੁਜਾਰੀ ਕਰਦੇ ਰਹੇ, ਜਿਨ੍ਹਾਂ ਰਾਹੀਂ ਅੰਗਰੇਜ਼ਾਂ ਨੇ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਸਿੱਖਾਂ ਦੇ ਗੁਰਧਾਮਾਂ ਉੱਪਰ ਸਿੱਧੇ ਰੂਪ ਵਿਚ ਕਬਜ਼ਾ ਕਰਨ ਨਾਲ ਜਾਂ ਉਨ੍ਹਾਂ ਨੂੰ ਢਹਿ-ਢੇਰੀ ਕਰਨ ਨਾਲ ਕਿਰਤੀ ਸਿੱਖ ਵੀ ਭੜਕ ਕੇ ਹਕੂਮਤ ਦੇ ਗਲ ਪੈ ਸਕਦੇ ਹਨ ਤੇ ਪੁਜਾਰੀਆਂ ਜਾਂ ਮਸੰਦਾਂ ਉੱਪਰ ਹਕੂਮਤ ਨੂੰ ਪੂਰਾ ਭਰੋਸਾ ਸੀ ਕਿ ਇਹ ਗੁਰਦੁਆਰਿਆਂ ਵਿਚਲੀ ਅਸਲ ਸਪਿਰਟ ਨੂੰ ਖ਼ਤਮ ਕਰ ਹੀ ਦੇਣਗੇ। ਸਥਿਤੀ ਇਹ ਸੀ ਕਿ ਹਕੂਮਤ ਵੀ ਇਨ੍ਹਾਂ ਪੁਜਾਰੀਆਂ ਦੀ ਅਹਿਸਾਨਮੰਦ ਸੀ ਤੇ ਜੰਗਲਾਂ ਬੀਆਬਾਨਾਂ ਨੂੰ ਆਪਣੇ ਘਰ ਅਤੇ ਮੋਰਚੇ ਬਣਾ ਕੇ ਜਾਬਰ ਹਕੂਮਤ ਵਿਰੁਧ ਨਿਰੰਤਰ ਜੂਝ ਰਿਹਾ ਦਲ ਖ਼ਾਲਸਾ ਵੀ, ਤੇ ਫਿਰ ਕਿਉਂ ਨਾ ਇਹ ਮਸੰਦ ਇਹ ਸੋਚਦੇ ਕਿ ‘‘ਹਮ ਕੋਈ ਆਮ ਚੀਜ਼ ਨਹੀਂ ਹੈਂ।’’
ਮੁਗ਼ਲ ਹਕੂਮਤ ਉੱਪਰ ਫ਼ਤਹਿ ਪਾ ਕੇ ਜਦੋਂ ਸਿੱਖਾਂ ਨੇ ਪੰਜਾਬ ਵਿਚ ਆਪਣਾ ਰਾਜ ਕਾਇਮ ਕੀਤਾ ਤਾਂ ਉਨ੍ਹਾਂ ਨੇ ਪੁਜਾਰੀਆਂ ਨੂੰ ਗੁਰਦੁਆਰਿਆਂ ਵਿੱਚੋਂ ਨਾ ਕੱਢਿਆ, ਸ਼ਾਇਦ ਇਸ ਲਈ ਕਿ ਉਨ੍ਹਾਂ ਨੇ ਬਿਖੜੇ ਸਮੇਂ ਵਿੱਚ ਗੁਰਧਾਮਾਂ ਦੀ ਸੇਵਾ-ਸੰਭਾਲ਼ ਕੀਤੀ ਸੀ। ਕੁਝ ਵੀ ਹੋਵੇ ਇਸ ਨਾਲ ਇਹ ਮਹੰਤ ਆਪਣੇ ਆਪ ਨੂੰ ਗੁਰਦੁਆਰਿਆਂ ਦੇ ਮਾਲਕ ਸਮਝਣ ਲੱਗ ਪਏ।
ਜੇ ਹਾਲਤ ਇੱਥੋਂ ਤੱਕ ਹੀ ਰਹਿੰਦੀ ਤਾਂ ਇਹ ਇਕ ਮਸਲਾ ਨਾ ਬਣਦੀ, ਪਰ ਸਿੱਖ ਹਕੂਮਤ ਦਾ ਸੂਰਜ ਡੁੱਬਦਿਆਂ ਹੀ ਜਦੋਂ ਉਨ੍ਹਾਂ ਨੂੰ ਫ਼ਰੰਗੀ (ਅੰਗਰੇਜ਼) ਦਾ ਥਾਪੜਾ ਮਿਲਣਾ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਪਵਿੱਤਰ ਗੁਰਧਾਮਾਂ ਨੂੰ ਆਪਣੀ ਆਯਾਸ਼ੀ ਦੇ ਅੱਡੇ ਬਣਾ ਲਿਆ। ਹਰ ਤਰ੍ਹਾਂ ਦੇ ਕੁਕਰਮ ਗੁਰਧਾਮਾਂ ਦੀ ਚਾਰ ਦੀਵਾਰੀ ਦੇ ਅੰਦਰ ਹੋਣ ਲੱਗੇ। ਬੀਬੀਆਂ ਦਾ ਗੁਰਦੁਆਰੇ ਜਾਣਾ ਹੀ ਅਸੰਭਵ ਹੋ ਗਿਆ। ਪੁਜਾਰੀਆਂ ਤੇ ਮਹੰਤਾਂ ਨੇ ਹਿੱਕ ਥਾਪੜ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ (ਗੁਰਧਾਮ) ਸਾਡੀਆਂ ਦੁਕਾਨਾਂ ਹਨ। ਪਵਿੱਤਰ ਗੁਰਧਾਮਾਂ ਦੀ ਚਾਰ ਦੀਵਾਰੀ ਅੰਦਰ ਕਈ ਯਾਤਰੂ ਪਰਿਵਾਰਾਂ ਦੀਆਂ ਸੋਹਲ ਕਲੀਆਂ ਨਾਲ ਜਦੋਂ ਸਮੂਹਿਕ ਬਲਾਤਕਾਰ ਹੋਏ ਤਾਂ ਸਿੱਖਾਂ ਦੀ ਨੀਂਦ ਖੁਲ੍ਹੀ ਅਤੇ ਸਿੱਖਾਂ ਨੇ ਥਾਂ-ਥਾਂ ਜਥੇਬੰਦ ਹੋ ਕੇ ਗੁਰਦੁਆਰੇ, ਮਹੰਤਾਂ ਤੋਂ ਆਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਵਿਚ ਲੈਣੇ ਅਰੰਭੇ।
ਗੁਰੂ ਨਾਨਕ ਸਾਹਿਬ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਮਹੰਤ ਨਰੈਣ ਦਾਸ ਦੇ ਕਬਜ਼ੇ ਵਿਚ ਸੀ। ਉਹ ਉਸ ਪੂਰੇ ਇਲਾਕੇ ਵਿਚ ਇਕ ਚੋਟੀ ਦਾ ਬਦਮਾਸ਼ ਮੰਨਿਆ ਜਾਂਦਾ ਸੀ। ਉਸ ਸਮੇਂ ਦੀ ਅੰਗਰੇਜ਼ ਹਕੂਮਤ ਇਸ ਦੀ ਪਿੱਠ ’ਤੇ ਸੀ। ਇਸ ਨੇ ਇਕ ਗੁੱਝੀ ਸਾਜ਼ਸ਼ ਤਹਿਤ 6 ਮਾਰਚ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪੰਥਕ ਆਗੂਆਂ ਨਾਲ ਗੱਲਬਾਤ ਦਾ ਢੌਂਗ ਰਚਿਆ ਪਰ ਮੀਟਿੰਗ ਸਮੇਂ ਪੰਥਕ ਆਗੂਆਂ ਨੂੰ ਕਤਲ ਕਰਵਾਉਣ ਦੀ ਅਜਿਹੀ ਸਾਜ਼ਸ਼ ਰਚ ਲਈ ਜਿਸ ਵਿਚ ਉਹ ਆਪ ਬਿਲਕੁਲ ਹੀ ਦੋਸ਼ੀ ਨਹੀਂ ਸੀ ਮੰਨਿਆ ਜਾਣਾ। ਇਸ ਸਾਜ਼ਸ਼ ਦੀ ਸੂਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਭਾਈ ਵਰਿਆਮ ਸਿੰਘ ਤੋਂ ਮਿਲ ਗਈ, ਜਿਸ ਨੂੰ ਇਸੇ ਹੀ ਮਕਸਦ ਨਾਲ ਨਰੈਣ ਦਾਸ ਕੋਲ ਛੱਡਿਆ ਹੋਇਆ ਸੀ। ਜਥੇਦਾਰ ਝੱਬਰ ਨੇ ਚੋਣਵੇਂ ਸਿੱਖਾਂ ਨਾਲ ਸਲਾਹ ਕਰ ਕੇ ਨਿਰਧਾਰਿਤ ਮਿਤੀ ਤੋਂ ਪਹਿਲਾਂ ਹੀ ਜਥਿਆਂ ਦੇ ਰੂਪ ਵਿਚ ਪੁੱਜ ਕੇ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਕਬਜ਼ਾ ਕਰਨ ਦਾ ਫ਼ੈਸਲਾ ਕਰ ਲਿਆ।
ਇਹ ਫ਼ੈਸਲਾ ਬਾਕੀ ਪੰਥਕ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਗੁਪਤ ਹੀ ਰੱਖਿਆ ਗਿਆ ਸੀ ਤੇ ਇਸ ਲਈ 21 ਫ਼ਰਵਰੀ 1921 ਦੀ ਤਾਰੀਖ ਨਿਰਧਾਰਿਤ ਕਰ ਲਈ ਗਈ ਸੀ। ਵੱਖੋ-ਵੱਖ ਥਾਵਾਂ ਤੋਂ ਕਈ ਜਥੇ ਨਨਕਾਣਾ ਸਾਹਿਬ ਪੁੱਜਣੇ ਸਨ, ਪਰ ਐਨ ਇਕ ਦਿਨ ਪਹਿਲਾਂ ਕਿਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਆਦਿਕ ਪੰਥਕ ਆਗੂਆਂ ਨੂੰ ਇਸ ਪ੍ਰੋਗਰਾਮ ਦਾ ਪਤਾ ਲੱਗ ਗਿਆ ਤੇ 20 ਫ਼ਰਵਰੀ ਨੂੰ ਹੀ ਇਹ ਪ੍ਰੋਗਰਾਮ ਮੁਲਤਵੀ ਕਰਨ ਦਾ ਪੰਥਕ ਹੁਕਮ ਸ. ਦਲੀਪ ਸਿੰਘ ਅਤੇ ਸ. ਜਸਵੰਤ ਸਿੰਘ ਝਬਾਲ ਰਾਹੀਂ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਉਸ ਵੇਲੇ ਮਿਲਿਆ ਜਦੋਂ ਉਨ੍ਹਾਂ ਦੀ ਅਗਵਾਈ ਵਿਚ ਕਈ ਜਥੇ ਕੂਚ ਕਰਨ ਲਈ ਤਿਆਰ ਹੀ ਸਨ। ਗੁਰੂ ਪੰਥ ਦੇ ਇਸ ਹੁਕਮ ਨੇ ਸਭ ਨੂੰ ਸੋਚਾਂ ਵਿਚ ਪਾ ਦਿੱਤਾ। ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਜੇਕਰ ਮਿੱਥੇ ਪ੍ਰੋਗਰਾਮ ਅਨੁਸਾਰ ਹੋਰ ਛੋਟੇ-ਛੋਟੇ ਜਥੇ ਨਨਕਾਣਾ ਸਾਹਿਬ ਪੁੱਜ ਗਏ ਤਾਂ ਹੋਣ ਵਾਲੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ? ਇਸ ’ਤੇ ਸ. ਦਲੀਪ ਸਿੰਘ ਨੇ ਸਾਰੇ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ, ਤੇ ਜਥੇਦਾਰ ਝੱਬਰ ਨੇ ਬਾਕੀ ਪ੍ਰੋਗਰਾਮ ਮੁਲਤਵੀ ਕਰ ਦਿੱਤਾ।
ਹੁਣ ਦਲੀਪ ਸਿੰਘ ਹੋਰੀਂ ਚਾਰ ਸਿੰਘ ਘੋੜਿਆਂ ’ਤੇ ਸਵਾਰ ਹੋ ਕੇ ਖਿੰਡ ਗਏ ਤੇ ਸਾਰੀ ਰਾਤ ਨਨਕਾਣਾ ਸਾਹਿਬ ਵੱਲ ਜਾ ਰਹੇ ਛੋਟੇ-ਮੋਟੇ ਜਥਿਆਂ ਨੂੰ ਪੰਥਕ ਹੁਕਮ ਤਹਿਤ ਵਾਪਸ ਮੋੜਦੇ ਰਹੇ, ਪਰ ਸ. ਲਛਮਣ ਸਿੰਘ ਧਾਰੋਵਾਲੀ ਦਾ ਜਥਾ, ਇਨ੍ਹਾਂ ਨੂੰ ਨਾ ਮਿਲਿਆ। ਅੰਮ੍ਰਿਤ ਵੇਲੇ ਚਾਰ ਵਜੇ ਦੇ ਕਰੀਬ ਇਹ ਨਨਕਾਣਾ ਸਾਹਿਬ ਦੇ ਲਾਗੇ ਵੀ ਪੁੱਜੇ, ਪਰ ਇੱਥੇ ਵੀ ਜਥੇ ਦਾ ਕੋਈ ਨਾਂ-ਨਿਸ਼ਾਨ ਨਹੀਂ ਸੀ। ਸ. ਦਲੀਪ ਸਿੰਘ ਨੇ ਸੋਚਿਆ ਕਿ ਸ਼ਾਇਦ ਜਥੇ ਨੂੰ ਪੰਥ ਦਾ ਸੁਨੇਹਾ ਮਿਲ ਗਿਆ ਹੋਵੇਗਾ ਇਸ ਲਈ ਉਹ ਆਪ ਉੱਥੇ ਨੇੜੇ ਹੀ ਇਕ ਗੁਰਮੁਖ ਸੱਜਣ (ਸ. ਉੱਤਮ ਸਿੰਘ) ਦੇ ਕਾਰਖ਼ਾਨੇ ਚਲੇ ਗਏ ਤੇ ਪੰਥਕ ਚਿੱਠੀ ਭਾਈ ਵਰਿਆਮ ਸਿੰਘ ਨੂੰ ਦੇ ਕੇ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ’ਤੇ ਨਿਗਰਾਨੀ ਰੱਖਣ ਤੇ ਜਥਾ ਆਉਣ ਦੀ ਸੂਰਤ ਵਿਚ ਉਸ ਨੂੰ ਪੰਥ ਦਾ ਹੁਕਮ ਵਿਖਾ ਕੇ ਰੋਕਣ ਲਈ ਭੇਜ ਦਿੱਤਾ।
ਭਾਈ ਵਰਿਆਮ ਸਿੰਘ ਨੂੰ ਭਾਈ ਲਛਮਣ ਸਿੰਘ ਦਾ ਜਥਾ ਉਦੋਂ ਲੱਭਾ ਜਦੋਂ ਉਹ ਅਰਦਾਸਾ ਸੋਧ ਚੁੱਕਣ ਪਿੱਛੋਂ ਨਨਕਾਣਾ ਸਾਹਿਬ ਵੱਲ ਕਦਮ ਵਧਾਉਣ ਹੀ ਲੱਗਾ ਸੀ। ਇਸ ਸਮੇਂ ਪੰਥ ਦਾ ਹੁਕਮ ਪੜ੍ਹ ਕੇ ਦੋਚਿੱਤੀ ਜਿਹੀ ਪੈਦਾ ਹੋਈ ਤਾਂ ਭਾਈ ਟਹਿਲ ਸਿੰਘ ਨੇ ਸੋਧੇ ਹੋਏ ਅਰਦਾਸੇ ਦੀ ਮਹੱਤਤਾ ਬਾਰੇ ਅਕਾਲੀ ਫੂਲਾ ਸਿੰਘ ਵਾਲੇ ਸ਼ਬਦ ਹੀ ਨਹੀਂ ਦੁਹਰਾਏ ਸਗੋਂ ਉਹ ਕਰਨੀ ਵੀ ਦੁਹਰਾ ਦਿੱਤੀ ਜਦੋਂ ਉਹ ਆਪ ਇਕੱਲੇ ਹੀ ਨਨਕਾਣਾ ਸਾਹਿਬ ਵੱਲ ਤੁਰ ਪਏ। ਹੁਣ ਕੌਣ ਪਿੱਛੇ ਰਹਿੰਦਾ ? ਜਥੇ ਵਿਚਲੀਆਂ ਤਿੰਨ ਬੀਬੀਆਂ ਨੂੰ ਕੁਝ ਰੁਪਏ ਦੇ ਕੇ ਵਾਪਸ ਭੇਜ ਦਿੱਤਾ ਗਿਆ। ਇਸ ਸਮੇਂ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾ ਰਹੇ ਦੋ ਹੋਰ ਸਿੰਘ ਵੀ ਪੁੱਜ ਗਏ, ਪਰ ਉਹ ਸਾਰੇ ਪੂਰਾ ਜ਼ੋਰ ਲਗਾ ਕੇ ਸ਼ਮ੍ਹਾ (ਅੱਗ) ਵੱਲ ਵਧ ਰਹੇ, ਇਨ੍ਹਾਂ ਪਤੰਗਿਆਂ ਨੂੰ ਰੋਕ ਨਾ ਸਕੇ। ਇਕ ਸ਼ਾਇਰ ਕਹਿੰਦਾ ਹੈ :
ਕਿਸੇ ਕਿਹਾ ਪਤੰਗੇ ਨੂੰ ਛੱਡ ਦੇਵੇ, ਰਸਮ ਸ਼ਮ੍ਹਾ ਉਤੇ ਸੜ ਜਾਣ ਵਾਲੀ।
ਜਿਹੜਾ ਗਲੇ ਲਾਵੇ ਉਸ ਨੂੰ ਸਾੜ ਸੁੱਟੇ, ਸ਼ਮ੍ਹਾ ਹਤਿਆਰੀ ਹੈ ਐਡੇ ਮਾਣ ਵਾਲੀ।
ਅੱਗੋਂ ਕਿਹਾ ਪਤੰਗੇ ਨੇ ਨਹੀਂ ਲੱਗੀ, ਤੈਨੂੰ ਚੋਟ ਪ੍ਰੇਮ ਦੇ ਬਾਣ ਵਾਲੀ।
ਸਾਰੇ ਆਸ਼ਕਾਂ ਪਾਸ ਦਵਾ ਇੱਕੋ, ਸਿਰ ਦੇ ਕੇ ਸਾਹਿਬ ਮੰਨਾਣ ਵਾਲੀ।
ਸਾਨੂੰ ਸੱਤਿਆਂ ਨੂੰ ਮੱਤੀਂ ਦੇਵਣਾ ਏਂ, ਰਤਾ ਸੋਚ ਖਾਂ ਨੀਵਾਂ ਧਿਆਨ ਪਾ ਕੇ।
ਲਛਮਣ ਸਿੰਘ ਹੋਰਾਂ ਸਾਹਿਬ ਦੀ ਖੁਸ਼ੀ ਪਿੱਛੇ, ਕੀਤਾ ਕੀ ਨਨਕਾਣੇ ਦੇ ਵਿਚ ਜਾ ਕੇ ? (ਰਘਬੀਰ ਸਿੰਘ ਬੀਰ)
ਨਨਕਾਣਾ ਸਾਹਿਬ ਦੀ ਪਵਿੱਤਰ ਧੂਲ ਨੂੰ ਮੱਥਿਆਂ ’ਤੇ ਲਾ ਕੇ ਸਭ ਸਿੰਘਾਂ ਨੇ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਫਿਰ ਪ੍ਰਕਾਸ਼ ਅਸਥਾਨ ’ਤੇ ਪਹੁੰਚ ਕੇ ਸਾਰੇ ਸਿੰਘ ਵੱਖ-ਵੱਖ ਥਾਵਾਂ ’ਤੇ ਸਜ ਗਏ ਤੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਇੱਧਰ ਨਾਮ ਦੇ ਮਸਤਾਨਿਆਂ ਨੇ ਕੀਰਤਨ ਆਰੰਭ ਕੀਤਾ ਤਾਂ ਉੱਧਰ ਸ਼ਰਾਬ ਨਾਲ ਗੁੱਟ ਬਦਮਾਸ਼ਾਂ ਨੇ ਆਪਣੇ ਹਥਿਆਰ ਸੰਭਾਲ਼ਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਵੀ ਇਕ ਦਿਨ ਪਹਿਲਾਂ ਹੀ ਜਥੇ ਦੇ ਆਉਣ ਦੀ ਕਨਸੋਅ ਮਿਲ ਗਈ ਸੀ ਤੇ ਨਰੈਣੂ ਨੇ ਸਾਰੀ ਰਾਤ ਤਿਆਰੀ ਵਿਚ ਹੀ ਲੰਘਾਈ ਸੀ। ਉਹ ਜਥੇ ਦੀ ਉਡੀਕ ਹੀ ਕਰ ਰਹੇ ਸਨ। ਨਰੈਣੂ ਨੇ ਜਿੱਥੇ ਕਤਲੇਆਮ ਦੀ ਪੂਰੀ ਤਿਆਰੀ ਕੀਤੀ ਹੋਈ ਸੀ, ਉੱਥੇ ਇਹ ਕਤਲੇਆਮ ਸਿੱਖਾਂ ਦੇ ਹਥਿਆਰਬੰਦ ਹਮਲੇ ਕਾਰਨ ਹੋਈ ਲੜਾਈ ਦਾ ਸਿੱਟਾ, ਸਾਬਤ ਕਰਨ ਦੀ ਵਿਉਂਤ ਵੀ ਸੋਚ ਰੱਖੀ ਸੀ। ਆਸਾ ਦੀ ਵਾਰ ਦੀ ਮਨੋਹਰ ਧੁਨੀ ਆਰੰਭ ਹੁੰਦਿਆਂ ਹੀ ਉਹ ਆਪਣੇ ਗੁੰਡਿਆਂ ਨਾਲ ਹਥਿਆਰ ਚੁੱਕ ਕੇ ਪ੍ਰਭੂ ਕੀਰਤਨ ਵਿਚ ਲੀਨ ਸਿੱਖਾਂ ਦੀ ਰੱਤ ਵਿਚ ਨਹਾਉਣ ਲਈ ਉੱਠ ਤੁਰਿਆ। ਇਸ ਦਰਦਨਾਕ ਦ੍ਰਿਸ਼ ਨੂੰ ਅੱਖਾਂ ਅੱਗੇ ਲਿਆਉਂਦਾ ਇਕ ਸ਼ਾਇਰ ਹੌਕਾ ਭਰਦਾ ਹੈ:
ਨਾ ਰਹਿਣੇ ਨਰੈਣੇ ਦਾ ਜੱਗ ਅੰਦਰ, ਘਰ ਘਰ ਚਰਚਾ ਜਦੋਂ ਕਮਾਲ ਤੁਰਿਆ।
ਰਾਜ ਗੁਰੂ ਨੇ ਜੀਹਨੂੰ ਬਹਾਲਿਆ ਸੀ, ਚੱਕੀ ਚੱਟਣ ਉਹ ਉੱਠ ਛਨਾਲ ਤੁਰਿਆ।
ਕਹਿੰਦਾ ਵਾਹਿਗੁਰੂ ਵਾਹਿਗੁਰੂ ਸਿੱਖ ਜਥਾ, ਐਸ ਗੱਲ ਦੀ ਕਰਨ ਪੜਤਾਲ ਤੁਰਿਆ।
ਬੈਠਾ ਮੋਰਚੇ ਗੱਡ ਕੇ ਦੁਸ਼ਟ ਏਧਰ, ਠੋਹਕਰ ਮਾਰ ਕੇ ਜੀਹਨੂੰ ਇਕਾਲ ਤੁਰਿਆ।
ਲੈ ਕੇ ਸ਼ੁਮਾਰ ਹਰਾਮੀਆਂ ਸਾਮੀਆਂ ਨੂੰ, ਮਾਰਨ ਜਿਉਂ ਰਸੂਲ ਦੀ ਆਲ ਤੁਰਿਆ।
ਉਸੇ ਤਰ੍ਹਾਂ ਗੁਰੂ ਨਾਨਕ ਦੇ ਸੇਵਕਾਂ ਨੂੰ, ਕਤਲ ਕਰਨ ਨਰੈਣਾ ਚੰਡਾਲ ਤੁਰਿਆ। (ਫੀਰੋਜ਼ ਦੀਨ ਸ਼ਰਫ)
ਪਦ ਅਰਥ : ਛਨਾਲ-ਵਿਭਚਾਰੀ।, ਰਸੂਲ-ਪੈਗ਼ੰਬਰ।, ਆਲ-ਔਲਾਦ।
ਸਭ ਤੋਂ ਪਹਿਲਾਂ ਗੋਲ਼ੀਆਂ ਦੀ ਬੁਛਾੜ ਕੀਤੀ ਗਈ ਤੇ ਕਈ ਸਿੰਘ ਗੋਲ਼ੀਆਂ ਨਾਲ ਭੁੰਨ ਦਿੱਤੇ ਗਏ। ਇਹ ਤਾਂਡਵ ਨਾਚ ਸਿੱਖਾਂ ਦੀ ਲਿਵ ਨਾ ਤੋੜ ਸਕਿਆ। ਗੋਲ਼ੀਆਂ ਦੀ ਇਹ ਆਵਾਜ਼ ਸ. ਦਲੀਪ ਸਿੰਘ ਨੇ ਉੱਤਮ ਸਿੰਘ ਦੇ ਕਾਰਖ਼ਾਨੇ ਵਿਚ ਸੁਣੀ, ਜਦੋਂ ਅਜੇ ਵਰਿਆਮ ਸਿੰਘ ਜਥੇ ਨੂੰ ਨਾ ਰੋਕ ਸਕਣ ਦੀ ਦਾਸਤਾਨ ਸੁਣਾ ਹੀ ਰਿਹਾ ਸੀ। ਗੋਲ਼ੀਆਂ ਦੀ ਆਵਾਜ਼ ਸੁਣਦਿਆਂ ਹੀ ਗੁਰੂ ਕਾ ਲਾਲ, ਨਨਕਾਣਾ ਸਾਹਿਬ ਵੱਲ ਭੱਜ ਤੁਰਿਆ। ਨਾਲ ਦੇ ਸਿੰਘਾਂ ਨੇ ਰੋਕਣ ਦਾ ਯਤਨ ਕੀਤਾ ਪਰ ਇਹ ਤਾਂ ਦਲੀਪ ਸਿੰਘ ਦੀ ਅੰਤਰ-ਆਤਮਾ ਹੀ ਜਾਣਦੀ ਸੀ ਕਿ ਉਸ ਨੇ ਜਥੇਦਾਰ ਝੱਬਰ ਨਾਲ ਜਥੇ ਨੂੰ ਰੋਕਣ ਦਾ ਵਾਅਦਾ ਕੀਤਾ ਸੀ ਅਤੇ ਇਕ ਵਾਅਦਾ ਪੂਰਾ ਨਾ ਕਰ ਕੇ ਕਈ ਮਾਵਾਂ ਦੇ ਪੁੱਤਾਂ ਦੀ ਸ਼ਹੀਦੀ ਉਪਰੰਤ ਜੀਉਂਦੇ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਹੈ। ਜਦੋਂ ਤੱਕ ਭਾਈ ਦਲੀਪ ਸਿੰਘ ਸਿੱਖੀ ਦੀ ਸ਼ਮ੍ਹਾ ’ਤੇ ਸੜਨ ਲਈ ਨਨਕਾਣੇ ਦੀ ਸਰ ਜ਼ਮੀਨ ਵਿਚ ਦਾਖ਼ਲ ਹੋਏ, ਨਰੈਣੂ ਕਤਲੇਆਮ ਦਾ ਢੰਗ ਬਦਲ ਚੁੱਕਾ ਸੀ। ਉਹ ਚਾਹੁੰਦਾ ਸੀ ਕਿ ਸਿੱਖ ਉੱਠ ਕੇ ਮੁਕਾਬਲਾ ਕਰਨ ਤਾਂ ਕਿ ਹਮਲੇ ਵਾਲੀ ਕਹਾਣੀ ਲਈ ਕੁਝ ਸਬੂਤ ਪੈਦਾ ਹੋ ਸਕਣ ਪਰ ਸਿੱਖ ਸਭ ਸਮਝਦੇ ਹੋਏ ਗੁੰਡਿਆਂ ਦੇ ਗੰਡਾਸੇ ਆਪਣੇ ਤਨ ’ਤੇ ਸ਼ਾਂਤਮਈ ਰਹਿੰਦਿਆਂ ਹੀ ਸਹਾਰ ਰਹੇ ਸਨ। ਅਖੀਰ ਖਿੱਝ ਕੇ ਇਸ ਚੰਡਾਲ ਜੁੰਡਲੀ ਨੇ ਸਿੱਖਾਂ ਨੂੰ ਜਿਉਂਦੇ ਸਾੜਨ ਦੀ ਖੇਡ ਆਰੰਭੀ। ਇੱਥੋਂ ਤੱਕ ਕਿ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ ਅਤੇ ਭਾਈ ਦਲੀਪ ਸਿੰਘ ਨੂੰ ਭਖਦੇ ਭੱਠ ਵਿਚ, ਪਰ ਏਨਾ ਕਹਿਰ ਵੀ ਇਸ ਜਥੇ ਦੇ ਸ਼ਾਂਤਮਈ ਰਹਿਣ ਦੇ ਪ੍ਰਣ ਨੂੰ ਨਾ ਤੋੜ ਸਕਿਆ। ਇਸੇ ਲਈ ਸ਼ਾਇਰ ਦਾ ਮਨ ਅੰਦਾਜ਼ਾ ਲਾਉਂਦਾ ਹੈ :
ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ : ‘‘ਸੜਨ ਵਾਲਾ ਕੀ ਸੜ ਕੇ ਮਰ ਗਿਆ ਏ ? ’’
ਭਖਦੇ ਭੱਠ ਨੇ ਅੱਗੋਂ ਜੁਆਬ ਦਿੱਤਾ : ‘‘ਉਹ ਤੇ ਮੈਨੂੰ ਵੀ ਠੰਢਿਆਂ ਕਰ ਗਿਆ ਏ।’’ (ਚਰਨ ਸਿੰਘ ਸਫਰੀ)
ਇਨ੍ਹਾਂ ਸ਼ਾਂਤਮਈ ਸ਼ਹਾਦਤਾਂ ਨੇ ਸਿੱਖ ਮਨਾਂ ’ਤੇ ਇੰਨਾ ਅਸਰ ਕੀਤਾ ਕਿ ਇਸ ਸਾਕੇ ਉਪਰੰਤ ਸਿੱਖ ਰੋਹ ਅੱਗ ਦੇ ਭੰਬੂਕੇ ਵਾਂਗ ਭੜਕਿਆ, ਜਿਸ ਨੇ ਪੰਥ ਦੇ ਸਮੂਹ ਦੁਸ਼ਮਣਾਂ ਨੂੰ ਆਪਣੇ ਨਾਪਾਕ ਪੈਰ ਗੁਰਦੁਆਰਿਆਂ ਵਿੱਚੋਂ ਕੱਢ ਲੈਣ ’ਤੇ ਮਜਬੂਰ ਕਰ ਦਿੱਤਾ। ਨਨਕਾਣਾ ਸਾਹਿਬ ਦੇ ਅੰਦਰ ਡੁੱਲ੍ਹੇ ਸ਼ਹੀਦਾਂ ਦੇ ਇਸ ਲਹੂ ਨੇ ਗੁਰਦੁਆਰਾ ਪ੍ਰਬੰਧ ਵਿਚ ਆਏ ਵਿਗਾੜਾਂ ਨੂੰ ਧੋ ਦਿੱਤਾ ਅਤੇ ਹਮੇਸ਼ਾ ਲਈ ਸਿੱਖ ਪੰਥ ਨੂੰ ਵੀ ਗੁਰਧਾਮਾਂ ਨੂੰ ਵਿਕਾਊ ਤਾਕਤਾਂ ਤੋਂ ਆਜ਼ਾਦ ਕਰਵਾਉਣ ਦਾ ਢੰਗ ਸਮਝਾ ਦਿੱਤਾ।
ਅੱਜ ਪੰਥ ਨੂੰ ਇਨ੍ਹਾਂ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਤੋਂ ਅਗਵਾਈ ਲੈ ਕੇ ਆਪਣੇ ਪਵਿੱਤਰ ਗੁਰਧਾਮਾਂ ਦੀ ਸੇਵਾ-ਸੰਭਾਲ਼ ਲਈ ਜਾਗ੍ਰਿਤ ਹੋਣ ਦੀ ਲੋੜ ਹੈ !