ਸਾਹਿਬੁ ਮੇਰਾ ਨੀਤ ਨਵਾ..॥

0
885

ਸਾਹਿਬੁ ਮੇਰਾ ਨੀਤ ਨਵਾ..॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ) ਰੋਪੜ

ਮਨੁੱਖੀ ਜ਼ਿੰਦਗੀ ਨਵੀਨਤਾ ਨੂੰ ਪਿਆਰ ਕਰਦੀ ਹੈ। ਇਸ ਲਈ ਹਮੇਸ਼ਾਂ ਨਵੇਂ ਧਨ ਵੱਲ ਵੱਧਣਾ ਲੋਚਦੀ ਹੈ ਇਸ ਨੂੰ ਨਵੇਂ ਕੱਪੜੇ, ਨਵੀਂ ਗੱਡੀ ਆਦਿ ਬਹੁਤ ਪਿਆਰੇ ਲੱਗਦੇ ਹਨ ਫਿਰ ਮਨੁੱਖ ਸਮੇਂ ਦੀ ਨਵੀਨਤਾ ਵੀ ਲੋਚਦਾ ਹੈ।

ਦੁਨੀਆਂ ਦਾ ਕੋਈ ਆਲਮ ਫ਼ਾਜਿਲ ਸ੍ਰਿਸ਼ਟੀ ਰਚਨਾ ਬਾਰੇ ਸੰਪੂਰਨ ਰੂਪ ਵਿੱਚ ਇਸ ਦੇ ਆਦਿ ਤੋਂ ਅੰਤ ਤੱਕ ਕੁਝ ਵੀ ਦੱਸਣ ਦੇ ਸਮਰਥ ਨਹੀਂ ਹੋ ਸਕਿਆ। ਕੀਕਣ ਹੋਇਆ ਤੇ ਕੀਕੂੰ ਹੋਇਆ ਖਪ ਖਪ ਮੂਏ ਸਿਆਣੇ, ਦਾ ਗੁੱਝਾ ਭੇਦ ਹੀ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਰੱਬੀ ਗਿਆਨ ਬਖ਼ਸ਼ਿਆ ਕਿ ‘‘ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ ? ਕਵਣਿ ਸਿ ਰੁਤੀ  ? ਮਾਹੁ ਕਵਣੁ ? ਜਿਤੁ ਹੋਆ ਆਕਾਰੁ ਵੇਲ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ ਵਖਤੁ ਪਾਇਓ ਕਾਦੀਆ; ਜਿ ਲਿਖਨਿ ਲੇਖੁ ਕੁਰਾਣੁ ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ (ਜਪੁ ਜੀ/ਮਹਲਾ /)  ਭਾਵ ਇਸ ਵਿਵਾਦ ਦਾ ਨਿਬੇੜਾ ਫ਼ੈਸਲਾਕੁਨ ਗੱਲ ਕੀਤੀ ਕਿ ਸ੍ਰਿਸ਼ਟੀ ਰਚਨਾ ਕਦੋਂ ਆਰੰਭ ਹੋਈ ਬਾਰੇ ਵਾਹਿਗੁਰੂ ਅਕਾਲ ਪੁਰਖ ਹੀ ਜਾਣਦਾ ਹੈ, ਕੋਈ ਹੋਰ ਸ਼ਕਤੀ ਇਸ ਦੀ ਵਿਆਖਿਆ ਨਹੀਂ ਕਰ ਸਕਦੀ, ਉਸ ਦੇ ਮਹਾਨ ਕ੍ਰਿਸ਼ਮੇ ਨੂੰ ਕਿਸੇ ਸੰਮਤ, ਈਸਵੀ ਜਾ ਹਿਜਰੀ ਸਾਲਾਂ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ।

ਸੰਨ 1609 ਤੋਂ 1613 ਵਿਚਕਾਰ ਪਹਿਲੀ ਵਾਰ ਇਟਲੀ ਦੇ ਖਗੋਲ ਵਿਗਿਆਨੀ ਗੈਲੀਲੀਓ ਗੈਲੀਲੀ (15-2-1564 ਤੋਂ 8-1-1642) ਨੇ ਸ਼ਕਤੀਸ਼ਾਲੀ ਦੂਰਬੀਨ ਦਾ ਨਿਰਮਾਣ ਕਰ ਚੰਦ, ਸ਼ੁਕਰ, ਬ੍ਰਹਸਪਤੀ ਆਦਿ ਗ੍ਰਹਿ ਦੀ ਚਾਲ ਨੂੰ ਵੇਖਿਆ ਅਤੇ ਸੂਰਜ ਦੁਆਲੇ ਧਰਤੀ ਸਮੇਤ ਇਹ ਸਾਰੇ ਗ੍ਰਹਿ ਘੁੰਮਣ ਦੀ ਗੱਲ ਕੀਤੀ। ਇਹ ਗੱਲ ਤਤਕਾਲੀਨ ਵਿਗਿਆਨੀ ਅਤੇ ਈਸਾਈ ਚਰਚ ਦੀਆਂ ਧਾਰਮਿਕ ਮਾਨਤਾਵਾਂ ਵਿਰੁੱਧ ਸੀ, ਜਿਸ ਕਾਰਨ 1633 ਵਿੱਚ ਇਸ ਮਹਾਨ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਭਾਵੇਂ ਕਿ ਗੈਲੀਲੀਓ ਦੁਆਰਾ ਮੁਆਫ਼ੀ ਮੰਗਣ ਉਪਰੰਤ ਇਹ ਸਜ਼ਾ ਘਰ-ਕੈਦ ਵਿੱਚ ਬਦਲੀ ਗਈ ਸੀ, ਜਿੱਥੇ ਉਨ੍ਹਾਂ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ।

ਵਿਗਿਆਨ ਨੇ ਸਿੱਧ ਕੀਤਾ ਕਿ ਧਰਤੀ; ਸੂਰਜ ਦੁਆਲੇ ਲਗਭਗ 365 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਗੈਲੀਲੀਓ ਦੇ ਉਸ ਕਥਨ ਅੱਗੇ ਝੁਕਣਾ ਪਿਆ ਤੇ 5 ਅਕਤੂਬਰ 1989 ਨੂੰ ਪੋਪ ਸੇਂਟ ਜੋਹਨਪਾਲ ਨੇ ਟੀ. ਵੀ. ’ਤੇ ਗੈਲੀਲੀਓ ਦੀ ਆਤਮਾ ਤੋਂ ਮੁਆਫੀ ਮੰਗੀ ਤੇ ਮੰਨਿਆ ਕਿ ਪੁਲਾੜ ਵਿਗਿਆਨੀ ਠੀਕ ਕਹਿੰਦਾ ਸਾਡੀ ਸੋਚ ਜਾਂ ਧਾਰਨਾ ਹੀ ਗ਼ਲਤ ਸੀ ਪਰ ਸਿੱਖ ਸਿਧਾਂਤ ਨੇ ਸਦੀਵੀ ਸੱਚ ’ਤੇ ਤੁਰਦਿਆਂ ਸਾਰੀ ਕਾਇਨਾਤ ਸੰਬੰਧੀ ਫ਼ੁਰਮਾਨ ਕੀਤਾ ਕਿ ਇਹ ਸਾਰੀ ਰਚਨਾ ਰਚਨਹਾਰ ਦੇ ਹੁਕਮ ਵਿੱਚ ਨਿਯਮਬਧ ਹੋ ਕੇ ਚੱਲ ਰਹੀ ਹੈ ਇਹ ਬੇਨਿਯਮੀ ਨਾਲ ਨਹੀਂ ਚਲ ਸਕਦੀ। ਫ਼ੁਰਮਾਨ ਕੀਤਾ ‘‘ਭੈ ਵਿਚਿ; ਪਵਣੁ ਵਹੈ ਸਦਵਾਉ ਭੈ ਵਿਚਿ; ਚਲਹਿ ਲਖ ਦਰੀਆਉ ਭੈ ਵਿਚਿ; ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮ ਦੁਆਰੁ ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ  ਕੋਹ ਕਰੋੜੀ ਚਲਤ; ਅੰਤੁ’’ (ਮਹਲਾ /੪੬੫) ਗੱਲ ਕੀ, ਫ਼ੈਸਲਾ ਦਿੱਤਾ ਕਿ ‘‘ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ  ! ਨਿਰਭਉ ਨਿਰੰਕਾਰੁ ਸਚੁ ਏਕੁ (ਮਹਲਾ  /੪੬੫),  ਆਪੇ ਸੂਤੁ ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ਆਪੇ ਹੀ ਸੂਤਧਾਰੁ ਹੈ ਪਿਆਰਾ; ਸੂਤੁ ਖਿੰਚੇ ਢਹਿ ਢੇਰੀ ਹੋਇ’’ (ਮਹਲਾ /੬੦੫) ਇਹ ਰਚਨਾ ਵੀ ਰਚਨਹਾਰ ਦੀ ਤਰ੍ਹਾਂ ਸਾਡੇ ਲਈ ਬੇਅੰਤ ਹੀ ਹੈ। ਬਸ ਇਹੀ ਕਿਹਾ ਜਾ ਸਕਦਾ ਹੈ ਕਿ ‘‘ਅੰਤੁ ਜਾਪੈ ਕੀਤਾ ਆਕਾਰੁ  ਅੰਤੁ ਜਾਪੈ ਪਾਰਾਵਾਰੁ’’ (ਜਪੁ/ਮਹਲਾ /)  ਇਸ ਤਰ੍ਹਾਂ ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਸੂਰਜ, ਚੰਦ੍ਰਮਾ, ਤਾਰੇ ਆਦਿ ਕਿਸੇ ਰੱਬੀ ਸੂਤਰ ਵਿੱਚ ਬੱਝੇ ਹੋਏ ਸੇਵਾ ਨਿਭਾ ਰਹੇ ਹਨ।

ਮਨੁੱਖ ਇਸ ਰਚਨਾ ਦਾ ਸਭ ਤੋਂ ਸ਼੍ਰੋਮਣੀ ਜੀਵ ਹੈ। ਫਿਰ ਇਹ ਬੇਨਿਯਮਾ ਹੋ ਕੇ ਜੀਵਨ ਦੀ ਤਰੱਕੀ ਕਿਵੇਂ ਕਰ ਸਕਦਾ ਹੈ ? ਸਫਲਤਾ ਦੀ ਪਉੜੀ ਕਿਸੇ ਮਰਯਾਦਾ ਜਾਂ ਨਿਯਮ ਨਾਲ ਹੀ ਚੜ੍ਹੀ ਜਾ ਸਕਦੀ ਹੈ। ਇਸ ਲਈ ਸਿਆਣੇ ਲੋਕਾਂ ਨੇ ਮਨੁੱਖੀ ਜ਼ਿੰਦਗੀ ਲਈ, ਕਾਰੋਬਾਰ ਲਈ ਅਤੇ ਸੰਸਾਰ ਦੀ ਇੱਕ ਸਾਰਤਾ ਪੈਦਾ ਕਰਨ ਲਈ ਸਮਾਂ ਸਾਰਨੀ ਅਪੀਲ ਕਲੈਂਡਰ ਹੋਂਦ ਵਿੱਚ ਲਿਆਂਦਾ। ਜਿਸ ਅਨੁਸਾਰ 1 ਜਨਵਰੀ ਤੋਂ 31 ਦਸੰਬਰ ਤੱਕ ਸਾਲ ਦੇ ਬਾਰ੍ਹਾਂ ਮਹੀਨਿਆਂ ਦਾ ਸਮਾਂ ਨੀਅਤ ਕੀਤਾ ਗਿਆ। ਹਰ ਸਾਲ ਮਨੁੱਖਤਾ 31 ਦਿਸੰਬਰ ਨੂੰ ਬੀਤੇ ਵਰ੍ਹੇ ਨੂੰ ਅਲਵਿਦਾ ਆਖਦੀ ਹੋਈ ਨਵੇਂ ਵਰ੍ਹੇ ਨੂੰ ‘ਜੀ ਆਇਆਂ’ ਆਖਦੀ ਹੈ। ਗੁਰਮਤਿ ਨੇ ਇਕ ਗੱਲ ਬੜ੍ਹੀ ਸਪਸ਼ਟਤਾ ਨਾਲ ਸਾਨੂੰ ਸਮਝਾਈ ਹੈ ਕਿ ਸਿੱਖ ਜੀਵਨ ਜਾਚ ਵਿੱਚ ਜਿੱਥੇ ਕਿਸੇ ਦੇਵੀ ਦੇਵਤੇ, ਮਨੁੱਖ ਜਾਂ ਪੱਥਰ ਪੂਜਾ ਦਾ ਵਿਧਾਨ ਨਹੀਂ ਉੱਥੇ ਕਿਸੇ ਖ਼ਾਸ ਥਿੱਤ ਜਾਂ ਦਿਹਾੜੇ ਦੀ ਵੀ ਕੋਈ ਖਾਸ ਮਹੱਤਤਾ ਜਾਂ ਪੂਜਾ ਨਹੀਂ ਬਲਕਿ ਸਾਹਿਬ ਜੀ ਨੇ ਸਾਨੂੰ ਇਹ ਪਵਿੱਤਰ ਸੰਦੇਸ਼ ਦਿੱਤਾ ਹੈ ‘‘ਥਿਤੀ ਵਾਰ ਸਭਿ; ਸਬਦਿ ਸੁਹਾਏ ਸਤਿਗੁਰੁ ਸੇਵੇ; ਤਾ ਫਲੁ ਪਾਏ ਥਿਤੀ ਵਾਰ ਸਭਿ; ਆਵਹਿ ਜਾਹਿ ਗੁਰ ਸਬਦੁ ਨਿਹਚਲੁ; ਸਦਾ ਸਚਿ ਸਮਾਹਿ (ਮਹਲਾ /੮੪੨) , ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ ਨਾਨਕ  ! ਗੁਰਮੁਖਿ ਬੂਝੈ ਸੋਝੀ ਪਾਇ ਇਕਤੁ ਨਾਮਿ; ਸਦਾ ਰਹਿਆ ਸਮਾਇ (ਮਹਲਾ /੮੪੩), ਸਾ ਵੇਲਾ ਸੋ ਮੂਰਤੁ, ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ! ਜਿਤੁ ਹਰਿ ਮੇਰਾ ਚਿਤਿ ਆਵੈ ਰਾਮ’’ (ਮਹਲਾ /੫੪੦) ਜਿਹੜਾ ਮਨੁੱਖ, ਜਿਹੜੀ ਕੌਮ ਸਮੇਂ ਦੀ ਸੰਭਾਲ ਤੇ ਕਦਰ ਨਹੀਂ ਕਰਦੇ ਉਹ ਡਾਵਾਂ ਡੋਲ ਤੇ ਗੁਲਾਮ ਹੋ ਜਾਂਦੇ ਹਨ। ਭਾਈ ਵੀਰ ਸਿੰਘ ਜੀ ਨੇ ਲਹਿਰ ਹੁਲਾਰੇ ਕਾਵਿ ਰਚਨਾ ਵਿੱਚ ਮਨੁੱਖ ਨੂੰ ਸੁਚੇਤ ਕਰਦਿਆਂ ਕਾਵਿ ਰੂਪ ਵਿੱਚ ਸਾਡੇ ਨਾਲ ਗੱਲ ਸਾਂਝੀ ਕੀਤੀ ਹੈ ਰਹੀ ਵਾਸਤੇ ਘੱਤ, ਸਮੇਂ ਨੇ ਇਕ ਮੰਨੀ ਫੜ ਫੜ ਰਹੀ ਧਰੀਕ, ਸਮੇਂ ਖਿਮਕਾਈ ਕੰਨੀ ਕਿਵੇਂ ਸਕੀ ਰੋਕ, ਅਟਕ ਜੋ ਪਾਈ ਭੰਨੀ ਤਿਖੇ ਆਪਣੇ ਵੇਗ, ਗਿਆ ਟੱਪ ਬੰਨੋ ਬੰਨੀ ਹੋ ! ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ, ਉਡੰਦਾ ਜਾਂਵਦਾ ਇਹ ਠਹਿਰਨ ਜਾਚ ਜਾਣਦਾ, ਲੰਘ ਗਿਆ ਮੁੜ ਕੇ ਆਂਵਦਾ

ਅਸਲ ਵਿੱਚ ਇਹ ਸੂਝ ਗੁਰਬਾਣੀ ਤੋਂ ਹੀ ਪ੍ਰਾਪਤ ਹੁੰਦੀ ਹੈ ਕਿ ‘‘ਵਖਤੁ ਵੀਚਾਰੇ ਸੁ ਬੰਦਾ ਹੋਇ (ਮਹਲਾ /੮੪), ਕਬੀਰ  ! ਕਾਲਿ ਕਰੰਤਾ ਅਬਹਿ ਕਰੁ, ਅਬ ਕਰਤਾ ਸੁ ਇਤਾਲ ਪਾਛੈ ਕਛੂ ਹੋਇਗਾ; ਜਉ ਸਿਰ ਪਰਿ ਆਵੈ ਕਾਲੁ (ਭਗਤ ਕਬੀਰ੧੩੭੧), ਫਰੀਦਾ  ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ’’ (ਬਾਬਾ ਫਰੀਦ ਜੀ/੧੩੭੯)

ਸਿੱਖ ਜੀਵਨ ਜਾਚ ਵਿੱਚ ਬੀਤੇ ’ਤੇ ਪਛਤਾਵੇ ਵਿੱਚ ਜ਼ਿੰਦਗੀ ਬਰਬਾਦ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਭਵਿੱਖ ਦੀ ਚਿੰਤਾ ਕੀਤੀ ਜਾਂਦੀ ਹੈ ਬਲਕਿ ਵਰਤਮਾਨ ਨੂੰ ਗੁਰੂ ਹੁਕਮਾਂ ਅਨੁਸਾਰ ਜੀਅ ਕੇ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’’ (ਮਹਲਾ /੨੯੨) ਦੀ ਸੋਝੀ ਦਿੱਤੀ ਗਈ ਹੈ। ਇਸੇ ਹੀ ਗੁਰਮੁਖ ਕਿਰਿਆ ਜਾਂ ਜੀਵਨ ਜੀਊਣ ਦੀ ਜਾਚ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਅੰਕਿਤ ਕੀਤਾ ਹੈ ‘‘ਗੁਰਮੁਖਿ ਹਉਮੈ ਪਰਹਰੈ, ਮਨਿ ਭਾਵੈ ਖਸਮੈ ਦਾ ਭਾਣਾ ਪੈਰੀ ਪੈ ਪਾਖਾਕ ਹੋਇ, ਦਰਗਹ ਪਾਵੈ ਮਾਣੁ ਨਿਮਾਣਾ ਵਰਤਮਾਨ ਵਿਚਿ ਵਰਤਦਾ, ਹੋਵਣਹਾਰ ਸੋਈ ਪਰਵਾਣਾ’’ (ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੨੧)

 ਇਸ ਲਈ ਸਤਿਗੁਰੂ ਜੀ ਨੇ ਸਮੇਂ ਦੀ ਸੰਭਾਲ ਤੇ ਕਦਰ ਦੀ ਮਹੱਤਤਾ ਨੂੰ ਗੁਰਬਾਣੀ ਅੰਦਰ ਦਰਜ ਕੀਤਾ ਹੈ ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ (ਮਹਲਾ /੪੧੭), ਮੰਦਾ ਮੂਲਿ ਕੀਚਈ; ਦੇ ਲੰਮੀ ਨਦਰਿ ਨਿਹਾਲੀਐ (ਮਹਲਾ /੪੭੪), ਐਸਾ ਕੰਮੁ ਮੂਲੇ ਕੀਚੈ; ਜਿਤੁ ਅੰਤਿ ਪਛੋਤਾਈਐ (ਮਹਲਾ /੯੧੭), ਨਾਨਕ  ! ਦ੍ਰਿਸਟਿ ਦੀਰਘ ਸੁਖੁ ਪਾਵੈ; ਗੁਰ ਸਬਦੀ ਮਨੁ ਧੀਰਾ’’ (ਮਹਲਾ /੧੧੦੭)  ਭਾਈ ਗੁਰਦਾਸ ਜੀ ਦੇ ਵੀ ਬਚਨ ਹਨ ‘‘ਜੈਸੇ ਘਰਿ ਲਾਗੈ ਆਗਿ, ਜਾਗਿ ਕੂਆ ਖੋਦਿਓ ਚਾਹੈ; ਕਾਰਜ ਸਿਧਿ ਹੋਇ, ਰੋਇ ਪਛੁਤਾਈਐ’’ (ਭਾਈ ਗੁਰਦਾਸ ਜੀ/ਕਬਿੱਤ ੪੯੫), ਪ੍ਰੇਮ ਸੁਮਾਰਗ ਵਿੱਚ ਵੀ ਦਰਜ ਹੈ ਜੋ ਕਿਛੁ ਕਰੇ ਸੋ ਸਮਝ ਕੇ, ਅੰਤ ਕਾਲ ਕੋ ਨਦਰ ਕਰ ਕੈ ਕਰੇ

ਅੱਜ ਜੇ ਕਿਸੇ ਪੁਰਾਤਨਤਾ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਅਕਾਲ ਪੁਰਖ ਹੀ ਹੈ, ਇਸੇ ਲਈ ਭੱਟਾਂ ਨੇ ਬਚਨ ਕੀਤਾ ਹੈ ‘‘ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ ਸਕੈ ਕੋਊ ਤੂ ਕਦ ਕਾ’’ (ਸਵਈਏ ਮਹਲੇ ਚਉਥੇ ਕੇ/1403) ਪਰ ਇਸ ਦੇ ਮੁਕਾਬਲੇ ਜੇ ਕੋਈ ਨਵੀਨਤਾ ਹੋ ਸਕਦੀ ਹੈ ਤਾਂ ਉਹ ਵੀ ਅਕਾਲ ਪੁਰਖ ਹੀ ਹੈ। ਬਚਨ ਹਨ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ’’ (ਮਹਲਾ /੬੬੦)

ਹਰ ਧਰਮੀ ਅਤੇ ਦੁਨੀਆਦਾਰ ਆਪਣੇ ਸਭਿਆਚਾਰ ਅਨੁਸਾਰ ਅਤੀਤ ਤੋਂ ਸੇਧ ਲੈ ਕੇ ਨਵੇਂ ਸਮੇਂ ਨੂੰ ਸਫਲ ਬਣਾਉਂਦਾ ਹੈ। ਅਸੀਂ ਸਿੱਖ ਹੋਣ ਦੇ ਨਾਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ਼ਬਦ ਵਿਚਾਰ ਕਰਦਿਆਂ ਭੂਤਕਾਲ ਦੀਆਂ ਗ਼ਲਤੀਆਂ ਤੋਂ ਸਾਵਧਾਨ ਰਹਿ ਆਪਣੇ ਵਰਤਮਾਨ ਨੂੰ ਸਫਲ ਬਣਾਉਣਾ ਦੀ ਅਰਦਾਸ ਕਰਨੀ ਹੈ ਤਾਂ ਕਿ ਫੋਕਟ ਰਸਮਾਂ ਤੋਂ ਉੱਪਰ ਉੱਠ ਗੁਰਮਤਿ ਕਮਾ ਸਕੀਏ। ਆਪਣਾ ਨਿਆਰਾਪਣ ਕਾਇਮ ਰੱਖ ਸਕੀਏ । ਜਿਵੇਂ ਬੀਤ ਚੁੱਕੇ ਸਾਲ ਨੂੰ ਅਲਵਿਦਾ ਆਖ ਨਵੇਂ ਸਾਲ ਨੂੰ ‘ਜੀ ਆਇਆਂ’ ਆਖੀਦਾ ਹੈ, ਓਵੇਂ ਹੀ ਹਰ ਦਿਨ ਆਪਣੀ ਮਨਮਤ ਨੂੰ ਅਲਵਿਦਾ ਕਹਿ ਗੁਰਮਤਿ ਦਾ ਧਾਰਨੀ ਹੋਣਾ ਹੈ‘‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’’ ਦੇ ਨਵੇਂ ਜੀਵਨ ਦਾ ਧਾਰਨੀ ਬਣਨਾ ਹੈ। ਜਦ ‘‘ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ ਜਪੀਐ ਹਰਿ ਨਾਉ’’ (ਮਹਲਾ /੪੩੨) ਮਹਿਸੂਸ ਹੋਣ ਲੱਗਦਾ ਹੈ ਤਾਂ ਚਾਰੋਂ ਤਰਫ਼ ਅੰਗ ਸੰਗ ਮਾਲਕ ਸਦਾ ਨਵੇਂ ਰੂਪ ’ਚ, ਨਵੇਂ ਗੁਣਾਂ ਵਿੱਚ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ’’ (ਮਹਲਾ /੬੬੦) ਨਜ਼ਰੀਂ ਆਉਂਦਾ ਰਹਿੰਦਾ ਹੈ।