ਸ਼ਬਦ ਗੁਰੂ ਅਤੇ ਗੁਰਬਾਣੀ ਚਾਨਣ

0
857

ਸ਼ਬਦ ਗੁਰੂ ਅਤੇ ਗੁਰਬਾਣੀ ਚਾਨਣ

ਬਲਵਿੰਦਰ ਸਿੰਘ ‘ਹਰਰਾਏਪੁਰ’ (ਬਠਿੰਡਾ)-98554-84355

ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੂਹੀ ਰਾਗ ਵਿੱਚ 758 ਅੰਗ ਉੱਪਰ ਉਚਾਰਨ ਕਰਦੇ ਹਨ: ‘‘ਮੈ ਸਤਿਗੁਰ ਸੇਤੀ ਪਿਰਹੜੀ, ਕਿਉ ਗੁਰ ਬਿਨੁ ਜੀਵਾ ਮਾਉ  ! ॥ ਮੈ ਗੁਰਬਾਣੀ ਆਧਾਰੁ ਹੈ, ਗੁਰਬਾਣੀ ਲਾਗਿ ਰਹਾਉ ॥’’ (ਮ: ੪/੭੫੯)  ਗੁਰਬਾਣੀ ਉਹ ਸਹਾਰਾ ਹੈ, ਜੋ ਹਰ ਪ੍ਰਾਣੀ ਮਾਤਰ ਨੂੰ ਸਵੈ-ਪੜਚੋਲ, ਸਵੈ-ਮਾਨ, ਆਤਮ ਨਿਰਭਰ ਹੋਣ ਲਈ ਪ੍ਰੇਰਦੀ ਹੈ।

ਅਜੋਕੀ ਮਨੁੱਖਤਾ ਨੂੰ ਜਿਆਦਾ ਲੋੜ ਹੈ ਕਿ ਗੁਰਬਾਣੀ ਨੂੰ ਅਧਾਰ ਬਣਾ ਕੇ ਜੀਵਨ ਦੇ ਪੰਧ ਨੂੰ ਸਰ ਕੀਤਾ ਜਾਵੇ।  ਸਾਰੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਨੂੰ ਉੱਤਮ ਮੰਨਿਆ।  ਅਸੀਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਸਿੱਧਾਂ ਨਾਲ ਹੁੰਦੀ ਹੈ।  ਸਿੱਧਾਂ ਦਾ ਸਵਾਲ ਸੀ ਕਿ ਕਿਹੜੀ ਸ਼ਕਤੀ ਤੁਹਾਨੂੰ ਇਸ ਸੁਮੇਰ ਪਰਬਤ ਉੱਤੇ ਲੈ ਆਈ ਹੈ ?  ਇਸ ਦੇ ਉੱਤਰ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਨਾਲ ਲਿਖਿਆ: ‘‘ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੨)

ਸਿੱਧਾਂ ਨੇ ਧੰਨ ਗੁਰੂ ਨਾਨਕ ਤੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ: ‘‘ਪਵਨ ਅਰੰਭੁ, ਸਤਿਗੁਰ ਮਤਿ ਵੇਲਾ ॥  ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਗੁਰੂ ਸ਼ਬਦ ਨੂੰ ਮਹਾਨਤਾ ਦਿੰਦੇ ਹੋਏ ਆਪ ਸੋਰਠਿ ਰਾਗ ਵਿੱਚ ਉਚਾਰਨ ਕਰਦੇ ਹਨ: ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥ (ਮ: ੧/੬੩੫)

ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸੋਰਠਿ ਕੀ ਵਾਰ ਵਿੱਚ ਆਪਣੇ ਮਨ ਦੇ ਭਾਵ ਇਸ ਪ੍ਰਕਾਰ ਬਿਆਨ ਕਰਦੇ ਹਨ: ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਇੱਕ ਦ੍ਰਿੜ ਵਿਸ਼ਵਾਸ ਅਤੇ ਅਥਾਹ ਭਰੋਸੇ ਦੇ ਨਾਲ ਬਾਣੀ, ਸ਼ਬਦ ਤੇ ਗੁਰੂ ਦੇ ਸੁਮੇਲ ਨੂੰ ਬਾਅਦਬ ਬਿਆਨ ਕੀਤਾ।  ਜੀਵਨ ਨੂੰ ਸਵਾਰਨ ਦਾ ਸੁਨਹਿਰੀ ਮੌਕਾ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਪਰ ਜੋ ਇਸ ਗੱਲ ਨੂੰ ਸਮਝ ਨਹੀਂ ਸਕਿਆ, ਸਤਿਗੁਰ ਜੀ ਫੁਰਮਾਨ ਕਰਦੇ ਹਨ ਉਹ ਅੰਨ੍ਹੇ ਤੇ ਬੋਲੇ ਹਨ ਅਤੇ ਉਨ੍ਹਾਂ ਨੂੰ ਸੰਸਾਰ ’ਤੇ ਆਉਣ ਦਾ ਮਕਸਦ ਹੀ ਨਹੀਂ ਪਤਾ: ‘‘ਸਬਦੁ ਨ ਜਾਣਹਿ, ਸੇ ਅੰਨੇ ਬੋਲੇ; ਸੇ ਕਿਤੁ ਆਏ ਸੰਸਾਰਾ ॥’’ (ਮ: ੩/੬੦੧)

ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਉਸ ਸੇਵਕ ਦੀ ਉਪਮਾ ਕਰਦੇ ਹਨ, ਜੋ ਬਾਣੀ ਰਾਹੀਂ ਸ਼ਬਦ ਦੀ ਅਰਾਧਨਾ ਵਿੱਚ ਜੁੜ ਗਿਆ।  ਬਚਨ ਕੀਤਾ: ‘‘ਹਰਿ ਜਨ ਊਤਮ, ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥’’ (ਮ: ੪/੪੯੩) ਗੁਰਬਾਣੀ ਦੇ ਸਹਾਰੇ ਮਨੁੱਖ ਉੱਤਮ ਕਰਮ ਵਿੱਚ ਕਾਮਯਾਬ ਹੁੰਦਾ ਹੈ, ਉਸ ਦੇ ਮੁੱਖ ਵਿੱਚੋਂ ਨਿਕਲੇ ਹਰ ਬਚਨ ਅਮੋਲਕ ਹੁੰਦੇ ਹਨ।  ਗੁਰ ਸ਼ਬਦ ਸੁਣਾ ਕੇ ਪਰਉਪਕਾਰ ਕਰਦਾ ਹੈ, ਪਰ ਗੁਰੂ ਤੋਂ ਸੱਖਣਾ ਸ਼ਬਦ ਤੋਂ ਖਾਲੀ ਮਨੁੱਖ ਆਪ ਹਨੇਰੇ ਵਿੱਚ ਹੈ, ਆਪ ਅਨਜਾਣ ਹੈ, ਜਿਸ ਨੂੰ ਖੁਦ ਚਾਨਣ ਨਹੀਂ ਮਿਲਿਆ, ਉਹ ਦੂਜੇ ਦੇ ਜੀਵਨ ਨੂੰ ਰੋਸ਼ਨ ਨਹੀਂ ਕਰ ਸਕਦਾ: ‘‘ਬਾਝੁ ਗੁਰੂ, ਗੁਬਾਰੁ ਹੈ; ਬਿਨੁ ਸਬਦੈ, ਬੂਝ ਨ ਪਾਇ ॥ (ਮ: ੧/੫੫) ਕੋਈ ਭਰਮ ਜਾਂ ਭੁਲੇਖੇ ਦੀ ਗੁੰਜਾਇਸ਼ ਨਹੀਂ ਰੱਖੀ।  ਬੜੇ ਸਾਫ਼ ਲਫ਼ਜ਼ਾਂ ’ਚ ਗੱਲ ਸਮਝਾਈ: ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮ: ੪/੯੮੨)

ਧੁਰ ਕੀ ਬਾਣੀ ਹੀ ਗੁਰੂ ਹੈ।  ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਸੰਭਾਲਿਆ ਹੋਇਆ ਹੈ।  ਇਸ ਵਿੱਚ ਚੁੱਭੀ ਲਾਉਣ ਵਾਲੇ ਇਸ ਦੀ ਸਾਰ ਸਮਝਦੇ ਹਨ।  ਜਿਨ੍ਹਾਂ ਜਗਿਆਸੂਆਂ ਨੇ ਵਿਕਾਰਾਂ ਦੇ ਅੰਧਕਾਰ ਨੂੰ ਖ਼ਤਮ ਕਰਨ ਦੀ ਕਿਰਤ ਕੀਤੀ, ਉਨ੍ਹਾਂ ਕੋਲ ਗੁਰੂ ਸ਼ਬਦ, ਗੁਰਬਾਣੀ ਤੋਂ ਬਿਨਾਂ ਦੂਜਾ ਕੋਈ ਪ੍ਰਕਾਸ਼ ਹੀ ਨਹੀਂ ਹੈ: ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥ (ਮ: ੩/੬੭)

ਚਾਨਣ ਹੋਏ ਤੋਂ ਘਬਰਾਹਟ ਭਟਕਣਾ ਹੱਟ ਜਾਂਦੀ ਹੈ।  ਸਹਿਜ ਉਤਪੰਨ ਹੋ ਜਾਂਦਾ ਹੈ।  ਸਹਿਜ ਨਾਲ ਜੀਵਨ ਦੀ ਤਰੱਕੀ ਅਤੇ ਉਸਾਰੀ ਹੁੰਦੀ ਹੈ ਪਰ ਸਹਿਜ ਤਾਂ ਪੈਦਾ ਹੋਵੇਗਾ ਜੇਕਰ ਮਨ ਸ਼ਬਦ ਗੁਰੂ ਨਾਲ ਜੁੜ ਕੇ ਗੁਰੂ ਵਾਲੀ ਸੋਚ, ਗੁਰੂ ਵਾਲੀ ਮੱਤ ਅਪਨਾਉਣ ਦਾ ਯਤਨ ਕਰੇਗਾ: ‘‘ਗੁਰ ਕੀ ਮਤਿ; ਤੂੰ, ਲੇਹਿ ਇਆਨੇ ॥  ਭਗਤਿ ਬਿਨਾ; ਬਹੁ ਡੂਬੇ ਸਿਆਨੇ ॥ (ਮ: ੫/੨੮੯) ਜਿਸ ਨੇ ਸ਼ਬਦ ਰਾਹੀਂ ਗੁਰੂ ਨੂੰ ਧਾਰਨ ਕੀਤਾ, ਉਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ: ‘‘ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ॥’’ (ਮ: ੩/੬੮)

ਸਹਿਜ ਨੇ ਸ਼ਬਦ ਵਿੱਚੋਂ ਪੈਦਾ ਹੋਣਾ ਹੈ।  ਹੋਲੀ ਹੋਲੀ ਸ਼ਬਦ ਦੀ ਕਮਾਈ ਕਰਨ ਨਾਲ ਬਹੁਤ ਸਾਰੇ ਜੀਵਾਂ ਦੇ ਜੀਵਨ ਵਿੱਚ ਤਬਦੀਲੀ ਆਈ ਪਰ ਸੋੋਚ ਵਿਚਾਰ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਵੀ ਉਹੀ ਹੈ, ਸਿਧਾਂਤ ਅੱਜ ਵੀ ਉਹੀ ਹੈ, ਬਾਣੀ ਦਾ ਪ੍ਰਚਾਰ-ਪ੍ਰਸਾਰ ਪਹਿਲਾਂ ਨਾਲੋਂ ਕਿਤੇ ਜਿਆਦਾ ਅਤੇ ਸੁਖੈਨ ਢੰਗ ਨਾਲ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਅਸੀਂ ਅੰਧਕਾਰ ਵਿੱਚ ਫਸੇ ਹੋਏ ਹਾਂ, ਜਿਸ ਦੇ ਕਈ ਸਰੂਪ ਹਨ।  ਭਰਮ ਅਜੇ ਵੀ ਨਹੀਂ ਮਿਟੇ ਸ਼ਰਾਧ, ਮੜੀ ਪੂਜਾ ਅਜੇ ਵੀ ਨਹੀਂ ਰੁਕੀ, ਰੁੱਖਾਂ, ਪਸ਼ੂਆਂ, ਨਾਗਾਂ ਆਦਿ ਦੀ ਪੂਜਾ ਅਜੇ ਤੱਕ ਬਰਕਰਾਰ ਹੈ।  ਤੀਰਥ ਅਸਥਾਨਾਂ ’ਤੇ ਨ੍ਹਾਉਣਾ, ਭੁੱਖੇ ਰਹਿਣਾ, ਕਰਵਾ ਚੌਥ ਦਾ ਵਰਤ, ਨਗਨ ਰਹਿਣਾ ਉਸੇ ਤਰ੍ਹਾਂ ਜਾਰੀ ਹੈ।  ਜਾਦੂ, ਟੂਣੇ ਆਦਿ ਅੰਧ ਵਿਸ਼ਵਾਸ ਵਿਚ ਜਕੜੇ ਹੋਣ ਦਾ ਸਬੂਤ ਦਿੰਦੇ ਹਨ।  ਘਰ ਵਿੱਚ ਸਵੇਰੇ ਅਖਬਾਰ ਆਉਂਦਾ ਹੈ, ਸਿੱਖਾਂ ਦਾ ਸਾਰਾ ਪਰਿਵਾਰ ਰਾਸ਼ੀ ਫਲ ਵਾਲਾ ਪੰਨਾ ਲੱਭ ਰਿਹਾ ਹੁੰਦਾ ਹੈ।  ਫਿਰ ਕਿਵੇਂ ਕਹੀਏ ਕਿ ਅਸੀਂ ਗੁਰਬਾਣੀ ਦੇ ਪ੍ਰਕਾਸ਼ ਵਿੱਚ ਹਾਂ।  ਈਰਖਾ, ਦੁਈ-ਦਵੈਸ਼, ਜਾਤ-ਪਾਤ, ਸੁੱਚ ਭਿੱਟ, ਕੁਲ-ਗੋਤ ਅਜੇ ਵੀ ਸਾਰੇ ਨਾਲ ਜੁੜੇ ਹੋਏ ਹਨ।  ਔਰਤ ਦਾ ਅਪਮਾਨ, ਕੁੱਖ ਵਿੱਚ ਲੜਕੀ ਦਾ ਮਾਰਨਾ, ਬਲਾਤਕਾਰ ਵਰਗੀਆਂ ਘਟਨਾਵਾਂ ਜਿਉਂ ਦੀਆਂ ਤਿਉਂ ਹਨ।   ਮੰਗ ਕੇ ਦਾਜ ਲੈਣਾ, ਭੁੱਖਿਆਂ ਵਾਲੀ ਬਿਰਤੀ ਨਹੀਂ ਮਿਟੀ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਸ਼ਬਦ ਗੁਰੂ ਨੂੰ ਪੜ੍ਹਿਆ, ਸੁਣਿਆ, ਸਮਝਿਆ, ਵਿਚਾਰਿਆ ਜਾਂ ਮੰਨਿਆ ਹੈ।  ਇੱਥੇ ਹੀ ਬਸ ਨਹੀਂ ਨਸ਼ਿਆਂ ਦੀਆਂ ਲਹਿਰਾਂ ਵਿਚ ਡੁੱਬਣ ਵਾਲਿਆਂ ਨੇ ਬਹੁਤ ਵਾਰੀ ਸੁਣਿਆ ਹੋਵੇਗਾ: ‘‘ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ ॥  ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ ॥  ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ ॥  ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ ॥’’ (ਮ: ੩/੫੫੪)  ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਕੰਮ ਕਰਨ ਤੋਂ ਸਤਿਗੁਰਾ ਨੇ ਬਾਣੀ ਰਾਹੀਂ ਰੋਕਿਆ ਸੀ, ਉਹੋ ਕਰਮ ਅਜੋਕੇ ਸਮੇਂ ਦੇ ਲੋਕ, ਅਜੋਕੇ ਸਮੇਂ ਦੇ ਸਿੱਖ ਧੜਾਧੜ ਕਰ ਰਹੇ ਹਨ।  ਗੁਰਬਾਣੀ ਦਾ ਨਿਰਾਦਰ ਥਾਂ ਥਾਂ ’ਤੇ ਹੋ ਰਿਹਾ ਹੈ।  ਕੁਝ ਦੂਜਿਆਂ ਹੱਥੋਂ ਤੇ ਕੁਝ ਅਸੀਂ ਆਪ ਪੱਖੇ ਤੇ ਕੂਲਰ ਆਦਿ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਘਾਂ ’ਤੇ ਲਾ ਕੇ ਸ਼ਾਰਟ ਸਰਕਟ ਨਾਲ ਕਰ ਦਿੱਤਾ।  ਕੁਝ ਪੰਥ ਦੋਖੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਜਾਂ ਅੱਗ ਨਾਲ ਸਾੜ ਆਦਿ ਤਰੀਕਿਆਂ ਨਾਲ ਕੀਤਾ।  ਇਸ ਦੇ ਪ੍ਰਤੀ ਨਾ ਤਾਂ ਸਰਕਾਰ ਨੇ ਕੋਈ ਢੁਕਵੇਂ ਕਦਮ ਚੁੱਕੇ ਤੇ ਨਾ ਪੰਥਕ ਲੀਡਰਸ਼ਿਪ ਨੇ ਕੁਝ ਕੀਤਾ।  ਬਸ ਇੱਕ ਦੂਜੇ ’ਤੇ ਹਮਲੇ ਕਰਨੇ, ਚਿੱਕੜ ਸੁਟਣਾ ਤੇ ਆਪਣੀ ਆਪਣੀ ਜਥੇਬੰਦੀ ਦਾ ਵੱਖਰਾ ਵੱਖਰਾ ਝੰਡਾ ਲਹਿਰਾਉਣਾ, ਇਨ੍ਹਾਂ ਕੰਮਾਂ ਤੋਂ ਸਾਨੂੰ ਵਿਹਲ ਨਹੀਂ ਮਿਲਦੀ।  ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਸੀਂ ਗੁਰਬਾਣੀ ਦੇ ਚਾਨਣ ਵਿੱਚ ਹਾਂ।  ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਉਂਦੇ ਹਾਂ।  ਲੰਗਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਦੇ ਹਨ।  ਸ਼ਬਦ ਗੁਰੂ ਦਾ ਲੰਗਰ ਵੀ ਚੱਲਦਾ ਹੈ ਪਰ ਪੇਟ ਭਰਨ ਵਾਲੇ ਲੰਗਰ ਨੂੰ ਅਹਿਮੀਅਤ ਬਹੁਤ ਦਿੱਤੀ ਜਾਂਦੀ ਹੈ।  ਸ਼ਬਦ ਦਾ ਲੰਗਰ ਕੋਈ ਵਿਰਲਾ ਹੀ ਛਕਦਾ ਹੈ।  ਕੁਝ ਪ੍ਰਬੰਧਕ ਆਗੂਆਂ ਤੇ ਕੁਝ ਧਾਰਮਿਕ ਆਗੂਆਂ ਤੇ ਕੁਝ ਲੀਡਰਾਂ ਦੇ ਗਲਾਂ ਵਿੱਚ ਸਰੋਪੇ ਪਾ ਦਿੱਤੇ ਜਾਂਦੇ ਹਨ।  ਰਾਤ ਨੂੰ ਆਤਿਸਬਾਜੀ ਹੋ ਜਾਂਦੀ ਹੈ ਤੇ ਗੋਲਕ ਵਿਚ ਚੜੀ ਹੋਈ ਚੜਤ ਵਾਲੇ ਚੜ੍ਹਾਵੇ ਨੂੰ ਚੁੱਕ ਕੇ ਗਿਣਿਆ ਜਾਂਦਾ ਹੈ।  ਇਸ ਗਿਣਤੀ ਮਿਣਤੀ ਉਪਰੰਤ ਗੁਰ ਪੁਰਬ ਵਧੀਆ ਜਾਂ ਘਟੀਆ ਮਨਾਇਆ ਗਿਆ, ਦਾ ਨਿਰਣਾ ਕੀਤਾ ਜਾਂਦਾ ਹੈ।

ਜਿੱਥੇ (ਹਿਰਦੇ ਵਿੱਚ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ ਉਹ ਥਾਂ ਅਜੇ ਵੀ ਖਾਲੀ ਪਿਆ ਹੈ।  ਸਤਿਗੁਰੂ ਆਪ ਫੁਰਮਾਉਂਦੇ ਹਨ: ‘‘ਅੰਦਰੁ ਖਾਲੀ ਪ੍ਰੇਮ ਬਿਨੁ, ਢਹਿ ਢੇਰੀ ਤਨੁ ਛਾਰੁ ॥’’ (ਮ: ੧/੬੨) ਪਰ ਵਿਗੜਿਆ ਹਾਲੇ ਵੀ ਕੁਛ ਨਹੀਂ।  ਅਸੀਂ ਆਪ ਬਾਣੀ ਪੜ੍ਹਨੀ, ਵੀਚਾਰਨੀ ਤੇ ਮੰਨਣੀ ਸ਼ੁਰੂ ਕਰ ਦੇਈਏ।  ਸਾਨੂੰ ਪਤਾ ਲੱਗੇਗਾ ਕਿ ਕਿਉਂ ਪਾਤਿਸ਼ਾਹ ਨੇ ਸ਼ਬਦ ਨੂੰ ਇੰਨੀ ਵੱਡੀ ਤਾਕਤ ਕਿਹਾ, ਕਿਉਂ ਗੁਰਬਾਣੀ ਨੂੰ ਚਾਨਣ ਕਿਹਾ, ਕਿਉਂ ਗੁਰਬਾਣੀ ਨੂੰ ਮਾਰਗ ਮੁਕਤਾ ਕਿਹਾ ?  ਅਜੇ ਵੀ ਸਮਾਂ ਹੈ।  ਦੇਹਧਾਰੀ, ਡੰਮੀ, ਪਾਖੰਡੀ ਗੁਰੂਆਂ ਦੇ ਤਲਵੇ ਚੱਟਣੇ ਬੰਦ ਕਰੀਏ, ਡੇਰੇਦਾਰਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਨੱਚਣਾ ਬੰਦ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲਈਏ, ਜਿਤਨਾ ਜੀਵਨ ਬਾਕੀ ਹੈ ਜੀਵੀਏ ਬਾਣੀ ਨਾਲ ‘‘ਪ੍ਰਭ ਬਾਣੀ, ਸਬਦੁ ਸੁਭਾਖਿਆ ॥  ਗਾਵਹੁ, ਸੁਣਹੁ, ਪੜਹੁ ਨਿਤ ਭਾਈ !  ਗੁਰ ਪੂਰੈ, ਤੂ ਰਾਖਿਆ ॥’’ (ਮ: ੫/੬੧੧)  ਇਹ ਪੁਰਬ ਮਨਾਉਣੇ ਤਾਂ ਹੀ ਸਾਰਥਿਕ ਹੋ ਸਕਦੇ ਹਨ ਜਦ ਇਸ ਬਾਣੀ ਦਾ ਚਾਨਣ ਸਾਡੇ ਹਿਰਦੇ ਵਿਚ ਹੋਵੇਗਾ।