ਉੱਠ ਖ਼ਾਲਸਾ ਪੰਥ ਖ਼ਾਮੋਸ਼ ਨ ਹੋ !
ਗੁਰੂ ਪੰਥ ਦਾ ਦਾਸ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। 9592093472
ਅਕਾਲ ਤਖ਼ਤ; ਖ਼ਾਲਸਾ ਪੰਥ ਦੀ ਅਜ਼ਾਦ ਹਸਤੀ ਦਾ ਜ਼ਾਮਨ ਹੈ। ਖ਼ਾਲਸਾ; ਅਕਾਲ ਪੁਰਖ ਦੀ ਫ਼ੌਜ ਹੈ। ਇਹ ਪਰਮਾਤਮ ਦੀ ਮੌਜ ਵਿੱਚੋਂ ਗੁਰੂ ਜੀ ਨੇ ਪ੍ਰਗਟ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ; ਦੋ ਮਹਾਨ ਸਿਧਾਂਤ ਹੀ ਹਨ, ਜਿਨ੍ਹਾਂ ’ਤੇ ਗੁਰੂ ਪੰਥ ਨੂੰ ਸਦ ਸਦਾ ਲਈ ਪਹਿਰੇਦਾਰੀ ਕਰਨ ਦੀ ਤਾਗੀਦ ਹੈ। ਖ਼ਾਲਸਾ ਪੰਥ ਓਹ ਜਥੇਬੰਦ ਰੂਪ ਹੈ, ਜਿਸ ਨੇ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਦੇ ਅਸੂਲਾਂ ਦਾ ਨਿਰਬਾਹ ਕਰਦਿਆਂ ਆਪਣੀ ਸੁਰਤਿ ਵਿਚ ਸਦਾ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖ਼ਾਲਸੇ ਕਾ’ ਦਾ ਸੰਕਲਪ ਵਸਾਉਣਾ, ਅਪਣਾਉਣਾ ਤੇ ਅਮਲਾਉਣਾ ਹੈ।
ਖ਼ਾਲਸਾ ਪੰਥ ਕਿਸੇ ਪ੍ਰਕਾਰ ਦੀ ਜਾਤ, ਪਾਤ, ਨਸਲ ਭੇਦ, ਇਲਾਕੇ ਤੇ ਰੰਗ-ਰੂਪ ਵਾਲੀ ਮੈਲ ਆਪਣੇ ਅੰਦਰ ਨਹੀਂ ਰੱਖਦਾ। ਖ਼ਾਲਸੇ ਨੂੰ ਗੁਰੂ ਆਦੇਸ਼ ਹੈ, ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥੧॥ ਰਹਾਉ ॥’’ (ਮਹਲਾ ੧/੩੪੯)
ਖ਼ਾਲਸੇ ਪੰਥ ਦੀ ਕੋਈ ਸੰਪਰਦਾ, ਡੇਰਾ ਨਹੀਂ, ਨ ਹੀ ਕੋਈ ਵਿਅਕਤੀ ਵਿਸ਼ੇਸ਼ ਦੀ ਪੂਜਾ ਪ੍ਰਤਿਸ਼ਟਤਾ। ਖ਼ਾਲਸੇ ਪੰਥ ਦਾ ਧਿਆਨ ਕੇਵਲ ਤੇ ਕੇਵਲ ਗੁਰੂ ਬਖਸ਼ੇ ਅਸੂਲਾਂ ਨੂੰ ਪਾਲਣ ਤੇ ਪਰਾਪਤ ਹੋਏ ਆਦਰਸ਼ਾਂ ਦੀ ਪੂਰਤੀ ’ਤੇ ਕੇਂਦਰ ਰਹਿੰਦਾ ਹੈ।
ਅਕਾਲ ਤਖ਼ਤ; ਗੁਰੂ ਜੀ ਨੇ ਉਸ ਵਕਤ ਸਾਕਾਰ ਕੀਤਾ ਜਦੋਂ ਸਮੇਂ ਦੀ ਸਲਤਨਤ ਮਨੁੱਖ ਨੂੰ ਕੋਈ ਵੀ ਅਧਿਕਾਰ ਦੇਣ ਲਈ ਤਿਆਰ ਨਹੀਂ ਸੀ। ਮਜ਼੍ਹਬੀ ਆਜ਼ਾਦੀ ਤੇ ਜਾਤੀ ਜ਼ਿੰਦਗੀ ਦੀ ਆਜ਼ਾਦੀ ਉਸ ਨੇ ਮਸਲ ਕੇ ਰੱਖਣ ਦਾ ਤਾਨਾਸ਼ਾਹੀ ਫ਼ੈਸਲਾ ਲਿਆ ਸੀ।
ਅਕਾਲ ਪੁਰਖ ਦੀ ਜੋਤਿ ਜੁਗਤਿ ਦੇ ਵਾਰਸ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਲਈ ਅਣਕਿਆਸੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਹ ਸੱਚ ਦੀ, ਹੱਕ ਦੀ ਤੇ ਮਨੁੱਖੀ ਆਜ਼ਾਦੀ ਦੀ ਆਵਾਜ਼ ਕਿਉਂ ਬੁਲੰਦ ਕਰਦੇ ਹਨ ?
ਛੇਵੇਂ ਜਾਮੇ ਵਿੱਚ ਧੰਨ ਗੁਰੂ ਹਰਿਗੋਬਿੰਦ ਸਾਹਿਬ ਦਾ ਰੂਪ ਧਾਰ ਕੇ ਵਕਤ ਦੀ ਹੰਕਾਰੀ ਸਲਤਨਤ ਦੀ ਚੁਣੌਤੀ ਸਵੀਕਾਰ ਕਰਦਿਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਪੰਜਵੇਂ ਪਾਤਿਸ਼ਾਹ ਦੇ ਪਾਵਨ ਬਚਨਾਂ ਨੂੰ ਅਮਲੀ ਜਾਮਾ ਪਹਿਨਾਇਆ ਸੀ ਕਿ ‘ਮੀਰੀ ਦੀ ਤਲਵਾਰ ਨਾਲ ਮੀਰ (ਬਾਦਿਸ਼ਾਹ) ਦੀ ਮੀਰੀ ਖਿੱਚ ਲੈਣੀ ਹੈ ਤੇ ਪੀਰੀ ਦੀ ਤਲਵਾਰ ਨਾਲ ਪੀਰ (ਰਹਿਬਰ) ਦੀ ਪੀਰੀ ਖੋਹ ਲੈਣੀ ਹੈ।’ ਗੁਰੂ ਜੀ ਨੇ ਐਸਾ ਕਰ ਵਿਖਾਇਆ ਅਤੇ ਇਹ ਸਮਰੱਥਾ ਖ਼ਾਲਸੇ ਨੂੰ ਬਖਸਿਸ਼ ਕੀਤੀ।
ਸਾਡੇ ਪੁਰਖਿਆਂ ਨੇ ਸੰਨ 1708 ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਦੇ ਸਿਧਾਂਤ ਪਾਲ਼ਦਿਆਂ, ਸੰਭਾਲਦਿਆਂ ਅਕਾਲ ਤਖ਼ਤ ਦੀ ਅਸੀਮ ਮਹੱਤਤਾ ਨੂੰ ਰੂਹ ਵਿਚ ਵਸਾ ਕੇ ਵਕਤ ਦੇ ਜਰਵਾਣਿਆਂ ਤੇ ਤਾਕਤਾਂ ਦਾ ਸਾਮ੍ਹਣਾ ਕੀਤਾ ਹੈ। ਉਹ ਦੇਸ਼, ਜਿਸ ਦੇ ਵਾਸੀਆਂ ਨੇ ਸਦੀਆਂ ਤੋਂ ਗ਼ੁਲਾਮੀ ਆਪਣੇ ਗਲ ਪਾਈ ਸੀ, ਉਸ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਵੱਢਣ ਦੀ ਹਿੰਮਤ ਕਿਸੇ ਪਾਸੇ ਨਹੀਂ ਸੀ ਰਹੀ। ਸਾਡੇ ਵੱਡ ਵਡੇਰਿਆਂ ਨੇ ਸਦੀਆਂ ਤੋਂ ਗ਼ੁਲਾਮੀ ਦੀਆਂ ਪਈਆਂ ਮਜਬੂਤ ਜ਼ੰਜ਼ੀਰਾਂ ਕੱਟਣ ਲਈ, ਜੋ ਕੀਤਾ ਹੈ ਅਤੇ ਖ਼ਾਲਸੇ ਦੀਆਂ ਉਨ੍ਹਾਂ ਖੂਬੀਆਂ ਨੂੰ ਸੰਸਾਰ ਦੇ ਬੱਚੇ ਬੱਚੇ ਤੱਕ ਪਹੁੰਚਾਇਆ ਹੈ। ਇਹੀ ਇਤਿਹਾਸ ਸਾਡੀ ਅਗਵਾਈ ਲਈ ਸਾਡੇ ਕੋਲ਼ ਮੌਜੂਦ ਹੈ।
ਖਾਲਸਾ ਪੰਥ ਜੀਓ ! ਹਾਲੇ ਤੇ ਕੱਲ੍ਹ ਦੀ ਗੱਲ ਹੈ ! ਸਾਡੇ ਪੁਰਖਿਆਂ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕਾ ਬਾਗ, ਗੰਗਸਰ ਜੈਤੋਂ, ਆਦਿ ਮੋਰਚੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਸਮਰੱਥਾ ਦੀ ਤਾਕਤ ਨਾਲ ਅਕਾਲ ਤਖ਼ਤ ਦੀ ਅਕਾਲੀ ਸੱਤਾ ਨੂੰ ਧਿਆਨ ਵਿਚ ਰੱਖ ਕੇ ਲਾਏ ਤੇ ਜਿੱਤੇ ਭੀ।
ਸਾਡੇ ਪੁਰਖਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪੰਥਕ ਸੰਸਥਾ, ਅਕਾਲ ਤਖ਼ਤ ਦੀ ਆਜ਼ਾਦ ਹਸਤੀ ਨੂੰ ਸੁਰਤਿ ਦਾ ਕੇਂਦਰ ਬਣਾ ਕੇ ਤਿਆਰ ਕੀਤੀ ਸੀ।
ਖਾਲਸਾ ਪੰਥ ਜੀਓ ! ਇਸ ਸੰਘਰਸ਼ਮਈ ਦੌਰ ਵਿਚ ਕੇਵਲ ਖ਼ਾਲਸਾ ਪੰਥ ਦੀ ਮੂਲ ਭਾਵਨਾ ਦਾ ਜਥੇਬੰਦ ਜਜ਼ਬਾ ਕੰਮ ਕਰ ਰਿਹਾ ਸੀ। ਕਿਸੇ ਸੰਪਰਦਾ ਜਾਂ ਵਿਅਕਤੀ ਵਿਸ਼ੇਸ਼ ਦੀ ਨਾ ਅਗਵਾਈ ਸਵੀਕਾਰੀ ਸੀ, ਨਾ ਹੀ ਕਿਸੇ ਨੂੰ ਮਾਨਤਾ ਦਿੱਤੀ ਸੀ। ਉਸ ਸਮੇਂ ਭਾਰਤ ਦੇਸ਼ ਗ਼ੁਲਾਮ ਸੀ। ਹਕੂਮਤ ਬੇਗਾਨਿਆਂ (ਅੰਗਰੇਜ਼ਾਂ) ਹੱਥ ਸੀ। ਖ਼ਾਲਸਾ ਪੰਥ ਫਿਰ ਭੀ ਆਪਣੀ ਆਜ਼ਾਦ ਹੋਂਦ ਦਾ ਸੰਸਾਰ ਭਰ ਦੀਆਂ ਹਕੂਮਤਾਂ ਨੂੰ ਅਹਿਸਾਸ ਕਰਵਾਉਣ ਵਿਚ ਕਾਮਯਾਬ ਹੁੰਦਾ ਰਿਹਾ ਸੀ।
ਖਾਲਸਾ ਪੰਥ ਜੀਓ ! ਸੰਨ 1947 ਤੋਂ ਮਗਰੋਂ ਖ਼ਾਲਸਾ ਪੰਥ ਭਾਵੇਂ ਅਖੌਤੀ ਆਜ਼ਾਦ ਦੇਸ਼ ਦਾ ਬਹੁਤਾਤ ਰੂਪ ਵਾਸੀ ਹੈ, ਇਸ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ, ਪਰ ਸੋਚਣ ਵਾਲ਼ੀ ਸਭ ਵੱਡੀ ਗੱਲ ਖ਼ਾਲਸਾ ਪੰਥ ਦੇ ਸਾਮ੍ਹਣੇ ਇਹ ਹੈ ਕਿ ਕੀ ਖ਼ਾਲਸਾ ਪੰਥ ਜਿਵੇਂ ਜੱਥੇਬੰਦ ਹੋਣਾ ਚਾਹੀਦਾ ਹੈ, ਉਸ ਰੂਪ ਵਿਚ ਜਥੇਬੰਦ ਹੈ ? ਜੇਕਰ ਨਹੀਂ ਤਾਂ ਕਿਉਂ ਨਹੀਂ ? ਇਸ ਦਾ ਉੱਤਰ ਸਾਨੂੰ ਸਿੱਖ ਕਹਾਉਣ ਵਾਲਿਆਂ ਨੂੰ ਦੇਣਾ ਪੈਣਾ ਹੈ। ਸਾਡੀ ਸੰਸਥਾ, ਜਿਸ ਨੂੰ ਖ਼ਾਲਸਾ ਪੰਥ ਨੇ ਲਹੂ ਦੇ ਕੇ ਸਿਰਜਿਆ ਸੀ, ਉਹ ਅੱਜ ਕਿੱਥੇ ਹੈ ? ਉਸ ਦਾ ਗੁਰੂ ਖ਼ਾਲਸਾ ਪੰਥ ਦੇ ਜਾਹੋ ਜਲਾਲ ਵਾਲਾ ਅਣਖੀ ਵਜੂਦ ਕੌਣ ਖਾ ਗਿਆ ਹੈ ?
ਖਾਲਸਾ ਪੰਥ ਜੀਓ ! ਚਾਹੀਦਾ ਤਾਂ ਇਹ ਸੀ ਕਿ ਵਕਤ ਦੀਆਂ ਨਵੀਆਂ ਤੇ ਵੱਡੀਆਂ ਸਹੂਲਤਾਂ ਦੀ ਸਮਰੱਥਾ ਨਾਲ ਖ਼ਾਲਸਾ ਪੰਥ ਦੀ ਜੱਥੇਬੰਦਕ ਹਸਤੀ ਸਾਰੇ ਸੰਸਾਰ ਵਿਚ ਏਨੀ ਮਜ਼ਬੂਤ ਤੇ ਇਕਸੁਰਤਾ-ਇਕਸਾਰਤਾ ਦੇ ਪੰਥਕ ਨਿਯਮਾਂ ਵਿਚ ਬੱਝੀ ਹੁੰਦੀ ਤੇ ਸੰਸਾਰ ਸਾਡੇ ਪਾਸੋਂ ਸਬਕ ਸਿੱਖਦਾ ! ਮਗਰ ਅਫ਼ਸੋਸ ਕਿ ਅੱਜ ਸਭ ਤੋਂ ਕਮਜ਼ੋਰ ਹਾਲਤ ਸਾਡੀ ਹੈ, ਖ਼ਾਲਸਾ ਪੰਥ ਦੇ ਵਾਰਸ ਅਖਵਾਉਣ ਵਾਲਿਆਂ ਦੀ !
ਇਕ ਸਮੇਂ 1920 ਵਿਚ ਖ਼ਾਲਸਾ ਪੰਥ ਨੇ ਦੋ ਪੰਥਕ ਸੰਸਥਾਵਾਂ ਸਿਰਜੀਆਂ ਸਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ।’ ਖ਼ਾਲਸਾ ਪੰਥ ਦੀ ਜਥੇਬੰਦਕ ਮਜ਼ਬੂਤੀ ਨ ਰਹਿਣ ਕਰਕੇ ਦੋਵੇਂ ਹੀ ਪਰਵਾਰਵਾਦ ਦੀਆਂ ਦੁਬੇਲ (ਰਖੇਲ) ਬਣ ਕੇ ਅੰਤਮ ਸਾਹ ਲੈਣ ਵਾਲੀ ਹਾਲਤ ਤੱਕ ਪੁੱਜ ਗਈਆਂ ਹਨ। ਦੋਸ਼ ਕਿਸ ਨੂੰ ਦੇਈਏ ! ਇਹ ਗੱਲ ਹੀ ਅੱਜ ਦੇ ਪੰਥਕ ਕਹਾਉਣ ਵਾਲਿਆਂ ਦੀ ਸਮਝ ਵਿਚ ਨਹੀਂ ਪੈ ਰਹੀ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਸਾਡੇ ਅੰਦਰ ਪੰਥਕ ਕਹਾਉਣ ਵਾਲਾ ਪੰਥਕ ਜਜ਼ਬਾ ਹੀ ਅਲੋਪ ਦਿਖਾਈ ਦੇਣ ਲੱਗਿਆ ਹੈ। ਖ਼ਾਲਸਾ ਪੰਥ ਜੀਓ ! ਕੌਣ ਗੌਰ ਕਰੇਗਾ, ਇਸ ਨਿਘਰਦੀ ਦਸ਼ਾ ’ਤੇ !
ਜਿਥੋਂ ਪੰਥਕ ਸਿਧਾਂਤ, ਮਰਯਾਦਾ ਤੇ ਜਜ਼ਬਾ ਸਾਂਭਿਆ ਜਾਣਾ ਹੈ, ਉਹ ਹਨ ‘ਖ਼ਾਲਸਾ ਪੰਥ ਦੇ ਤਖਤ’, ਪਰ ਉੱਥੇ ਤਾਂ ਕੋਈ ਸਹੀ ਪੰਥਕ ਸੋਚ ਦੇ ਵਾਰਸ (ਸੇਵਾਦਾਰ) ਲੱਭਣ ਦੀ ਮਰਯਾਦਾ ਹੀ ਖ਼ਤਮ ਕਰ ਦਿੱਤੀ ਹੈ। ਅਕਾਲ ਤਖ਼ਤ ਅਤੇ ਦੂਜੇ ਤਖ਼ਤਾਂ ’ਤੇ ਕਿਸ ਢੰਗ-ਤਰੀਕੇ ਨਾਲ ਸੇਵਾਦਾਰ ਲਾਏ ਤੇ ਹਟਾਏ ਜਾ ਰਹੇ ਹਨ ਅਤੇ ਲਾਏ ਜਾਂਦੇ ਸੇਵਾਦਾਰ ਭੀ ਕੀ ਕੀ ਰੰਗ ਦਿਖਾ ਰਹੇ ਹਨ; ਖਾਲਸਾ ਪੰਥ ਦੀਆਂ ਅੱਖਾਂ ਸਾਮ੍ਹਣੇ ਹੈ। ਨਿਘਾਰ ਦੀ ਦਸ਼ਾ ਐਸੀ ਹੈ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਅੱਜ ਕੱਲ੍ਹ ਪੰਜ ਜਥੇਦਾਰ ਕੌਣ-ਕੌਣ ਹਨ।
ਖ਼ਾਲਸਾ ਪੰਥ ਦੇ ਸਹੀ ਵਾਰਸਾਂ ਵੱਲੋਂ ਹਮੇਸ਼ਾਂ ਆਪਣੇ ਪੰਥਕ ਫਰਜ਼ਾਂ ਨੂੰ ਪਹਿਲ ਦੇਣੀ, ਜੀਵਨ ਨਿਸ਼ਾਨਾ ਮੰਨ ਕੇ ਜੀਊਣਾ; ਜੀਵਨ ਮਕਸਦ ਰੱਖਿਆ ਜਾਂਦਾ ਰਿਹਾ ਹੈ। ‘ਮੈਂ ਮਰਾਂ ਪੰਥ ਜੀਵੇ’ ਤੇ ‘ਪੰਥ ਵਸੈ ਮੈਂ ਉਜੜਾਂ, ਮਨ ਚਾਓ ਘਨੇਰਾ’ ਵਰਗੇ ਕਥਨ ਪੰਥ ਪ੍ਰਸਤਾਂ ਦੀ ਜੀਵਨ ਮੁਹਾਰਨੀ ਹੁੰਦੀ ਰਹੀ ਹੈ।
ਖ਼ਾਲਸਾ ਪੰਥ ਜੀਓ ! ਵਰਤਮਾਨ ਮੁੜ ਕਈ ਵੰਗਾਰਾਂ ਲੈ ਕੇ ਸਾਡੇ ਸਾਮ੍ਹਣੇ ਹੈ। ਚੁਣੌਤੀਆਂ ਦੇ ਦੋ ਰੂਪ ਹਨ ‘ਸਾਡੇ ਅੰਦਰ ਦੀਆਂ ਚੁਣੌਤੀਆਂ ਤੇ ਬਾਹਰਲੀਆਂ ਚੁਣੌਤੀਆਂ’। ਵਰਤਮਾਨ ਪੰਥਕ ਰੂਪ ਸਾਡਾ ਕਿਸੇ ਵੀ ਪੱਖੋਂ ਇਕਸੁਰਤਾ ਤੇ ਇਕਸਾਰਤਾ ਵਾਲਾ ਨ ਹੋਣ ਕਾਰਨ ਅਸੀਂ ਪੰਥਕ ਤੌਰ ’ਤੇ ਨ ਤਾਂ ਚੁਣੌਤੀਆਂ ਨੂੰ ਸਹੀ ਰੂਪ ਵਿਚ ਭਾਂਪ ਰਹੇ ਹਾਂ ਅਤੇ ਨ ਹੀ ਇਨ੍ਹਾਂ ਚੁਣੌਤੀਆਂ ’ਤੇ ਪੂਰੀ ਪੰਥਕ ਜ਼ਿੰਮੇਵਾਰੀ ਨੂੰ ਵਿਚਾਰ ਕੇ ਸਵੀਕਾਰ ਕਰਨ ਦੀ ਕੋਸ਼ਿਸ਼ ਵਿਚ ਹਾਂ। ਨਤੀਜੇ ਵਜੋਂ ਹਾਲਤ ਇਹ ਹੈ ਕਿ ਅਸੀਂ ਪੰਥਕ ਘਰ ਦੇ ਅੰਦਰ ਅਤੇ ਬਾਹਰ; ਮਾਤ ਖਾ ਰਹੇ ਹਾਂ। ਸਹੀ ਅਰਥਾਂ ਵਿਚ ਸਾਡੀ ਹਾਲਤ ਹਾਸੋ ਹੀਣੀ ਵਾਲੀ ਹੈ ਜਾਂ ਨਮੋਸ਼ੀ ਭਰੀ ਹੈ। ਕਾਰਨ ਤਲਾਸ਼ ਕਰਨੇ ਤੇ ਹੱਲ ਲੱਭਣੇ, ਬੜੇ ਜ਼ਰੂਰੀ ਹਨ।
ਆਓ ਖਾਲਸਾ ਪੰਥ ਜੀਓ ! ਅੰਤਰ ਝਾਤ ਮਾਰੀਏ ! ਸੰਭਾਲੀਏ ਆਪਣੇ ਆਪੇ ਨੂੰ ! ਉਦਾਸੀ ਤਿਆਗੀਏ ! ਘੱਟੋ ਘਟ ਨਿਸ਼ਾਨੇ ਨਿਰਧਾਰਿਤ ਕਰੀਏ ਅਤੇ ਕੰਮ ਕਰਨਾ, ਬਿਨਾਂ ਦੇਰ ਅਰੰਭੀਏ !
ਪਹਿਲਾ ਨਿਸ਼ਾਨਾ ਪੰਥਕ ਤੌਰ ’ਤੇ ਅਕਾਲ ਤਖ਼ਤ ਸਾਹਿਬ ਦੀ ਅਕਾਲੀ ਸਤਾਅ ਨੂੰ ਸਮਝ ਅਪਣਾਉਂਦਿਆਂ, ਅਕਾਲ ਤਖਤ ਦਾ ਖ਼ੁਦਮੁਖ਼ਤਿਆਰ ਪੰਥਕ ਪ੍ਰਬੰਧ ਤਿਆਰ ਕਰਨ ਲਈ ਸੰਸਾਰ ਭਰ ਦੇ ਸਿੱਖਾਂ ਨੂੰ ਜਾਗਰੂਪਤਾ ਦੇਈਏ ! ਐਸਾ ਪ੍ਰਬੰਧ ਅਕਾਲ ਤਖ਼ਤ ਸਾਹਿਬ ਦਾ ਕਿਉਂ ਜ਼ਰੂਰੀ ਹੈ, ਇਸ ਸਬੰਧ ’ਚ ਸਿੱਖ ਮਾਨਸਿਕਤਾ ਦੀ ਪੂਰੀ ਤਰ੍ਹਾਂ ਤਿਆਰੀ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪ੍ਰਬੰਧ ਨਹੀਂ ਰਹਿਣਾ ਚਾਹੀਦਾ ! ਇਸ ’ਤੇ ਕੰਮ ਕਿਵੇਂ ਕੀਤਾ ਜਾਵੇ ? ਕੌਣ ਕਰੇ ? ਕਿਉਂ ਕਰੇ ? ਆਦਿ ਪੱਖ ਰਿੜਕ ਲਏ ਜਾਣ।
ਸਿੱਖ ਗੁਰਦੁਆਰਾ ਪ੍ਰਬੰਧ; ਪੰਥਕ ਜੁਗਤਿ ਅਨੁਸਾਰ ਸੰਸਾਰ ਪੱਧਰ ’ਤੇ ਇਕਸਾਰਤਾ ਦੇ ਵਿਧੀ ਵਿਧਾਨ ਵਾਲਾ ਉਸਾਰੀਏ। ਪੰਥਕ ਸੁਹਿਰਦ ਚਾਕਰਾਂ ਦੀ ਕੋਈ ਥੁੜ ਨਹੀਂ ਹੈ। ਸਭ ਕੁਝ ਹੈ, ਕਮੀ ਕੇਵਲ ਤੁਰ ਪੈਣ ਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਮੇ ਅਰਸੇ ਤੋਂ ਜਿਵੇਂ ਇਕ ਖ਼ਾਨਦਾਨ ਤੇ ਧੜੇ ਦੀ ਮੁਥਾਜ ਹੈ, ਇਸ ਨੇ ਤਖ਼ਤਾਂ ਦੀ ਮਾਣ ਮਰਯਾਦਾ ਨੂੰ ਨਿਘਾਰ ਕੇ ਰੱਖ ਦਿੱਤਾ ਹੈ। ਪਿਛਲੇ 25 ਸਾਲਾਂ ਵਿਚ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਜਥੇਦਾਰਾਂ ਦੀ ਯੋਗਤਾ, ਨਿਯੁਕਤੀ, ਅਧਿਕਾਰ ਤੇ ਸੇਵਾ ਮੁਕਤੀ ਦੇ ਨਿਯਮ ਹੀ ਨਹੀਂ ਬਣਾਏ ਗਏ !
ਹੁਣੇ ਸਾਡੇ ਸਾਮ੍ਹਣੇ ਤਾਜਾ ਉਦਾਹਰਨ ਹੈ ‘2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਉੱਤੋਂ ਹੋਏ ਆਦੇਸ਼ਾਂ ਦਾ ਕੀ ਹਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਕੀਤਾ, ਕਰਵਾਇਆ ਹੈ’। ਗੁਨਾਹਗਾਰ ਧੜਾ ਹੀ ਇਸ ਦਾ ਮਾਲਕ ਹੈ। ਇਸ ਨੇ ਉਸ ਧੜੇ ਦੀ ਗ਼ੁਲਾਮੀ; ਜਿਵੇਂ ਨਿਭਾਈ ਹੈ, ਉਸ ਦੀ ਖ਼ਾਤਰ ਤਖ਼ਤਾਂ ਦੇ ਜਥੇਦਾਰ; ਜ਼ਲੀਲ ਕੀਤੇ ਤੇ ਪਦਵੀਆਂ ਤੋਂ ਹਟਾਏ ਗਏ। ਸਭ ਮਾਣ ਮਰਯਾਦਾ ਕਿੱਲੀ ’ਤੇ ਟੰਗ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਪੰਥ-ਦਰਦੀ ਵਧੇਰੇ ਕਰਕੇ ਸਭ ਖਾਮੋਸ਼ ਹਨ। ਆਪਣੀ ਬੇਬਸੀ ਦਾ ਪ੍ਰਗਟਾਵਾ ਕਰ ਰਹੇ ਹਨ। ਖਾਲਸਾ ਪੰਥ ਜੀਓ ! ਕਿਹੜੇ ਪੜੇ ਪਾਂਧੇ ਪੰਡਿਤ ਨੂੰ ਪੁੱਛਣ ਦਾ ਇੰਤਜ਼ਾਰ ਹੋ ਰਿਹਾ ਹੈ। ਅਗਲੀਆਂ ਪੀੜ੍ਹੀਆਂ ਨੂੰ ਕਿਵੇਂ ਖ਼ਾਲਸਾ ਪੰਥ ਦੇ ਵਾਰਸ ਬਣਾ ਕੇ ਜਾਓਗੇ ? ਉੱਠੀਏ, ਮਿਲੀਏ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰੀਏ ?








