ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰ ਯੋਗ ‘ਮਾਤਾ ਤ੍ਰਿਪਤਾ ਜੀ’
ਗਿਆਨੀ ਸੁਖਵਿੰਦਰ ਸਿੰਘ ਹੈਡ ਗ੍ਰੰਥੀ (ਦਿੱਲੀ)-98990-70841
ਮਨੁੱਖੀ ਦੁਨੀਆਂ ਵਿਚ ਮਾਂ ਦਾ ਦਰਜਾ ਐਸਾ ਮਹਾਨ ਤੇ ਪਵਿੱਤਰ ਸੰਬੰਧ ਹੈ ਕਿ ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਔਖਾ ਹੈ। ਕਿਹਾ ਜਾਂਦਾ ਹੈ ਕਿ ਰੱਬ ਨੇ ਜੇਕਰ ਆਪਣੇ ਆਪ ਨੂੰ ਇਸ ਧਰਤੀ ’ਤੇ ਪ੍ਰਗਟ ਕਰਨਾ ਹੁੰਦਾ ਹੈ ਜਾਂ ਇਸ ਧਰਤੀ ਉੱਪਰ ਕਿਸੇ ਨੂੰ ਭੇਜਣਾ ਹੁੰਦਾ ਹੈ ਤਾਂ ਉਹ ਵੀ ਮਾਂ ਨੂੰ ਹੀ ਆਧਾਰ ਬਣਾ ਕੇ ਭੇਜਦਾ ਹੈ ਅਤੇ ਜਿਸ ਰਾਹੀਂ ਸੰਸਾਰਕ ਜੀਵਾਂ ਦਾ ਵਿਕਾਸ ਕਰਦਾ ਹੈ।
ਵਿਦਵਾਨਾਂ ਮੁਤਾਬਕ ‘ਮਾਂ’ ਸ਼ਬਦ ਇਕ ਅਜਿਹਾ ਗੌਰਵਮਈ ਸ਼ਬਦ ਹੈ, ਜਿਸ ਅੰਦਰ ਸਾਰੇ ਸੰਸਾਰ ਦਾ ਪਿਆਰ ਸਮਾ ਜਾਂਦਾ ਹੈ। ਇਸ ਦੁਨੀਆਂ ਵਿਚ ਸਭ ਤੋਂ ਪਿਆਰਾ ਸ਼ਬਦ ‘ਮਾਂ’ ਹੈ। ਬੱਚਾ ਆਪਣੇ ਜਨਮ ਤੋਂ ਕੁਝ ਦਿਨ ਬਾਅਦ ਜੇ ਕੋਈ ਪਹਿਲਾ ਸ਼ਬਦ ਬੋਲਦਾ ਹੈ ਤਾਂ ਉਹ ਮਾਂ ਬੋਲਦਾ ਹੈ। ਬੱਚੇ ਵਾਸਤੇ ਮਾਂ ਉਸ ਦੀ ਦੁਨੀਆਂ ਹੈ। ਉਸ ਦਾ ਸੰਸਾਰ ਹੈ। ਦੌਲਤ ਹੈ, ਸ਼ੌਹਰਤ ਹੈ, ਮਮਤਾ ਦਾ ਸਾਗਰ ਹੈ। ਪਿਆਰ ਦਾ ਸੁੱਖ ਸੁਨੇਹੜਾ ਹੈ। ਸੰਘਣੀ ਛਾਂ ਦਾ ਬੂਟਾ ਹੈ। ਮਾਂ ਹੈ ਤਾਂ ਸਵਰਗ ਹੈ। ਪ੍ਰੋਫ਼ੈਸਰ ਮੋਹਣ ਸਿੰਘ ਜੀ ਲਿਖਦੇ ਹਨ :
ਮਾਂ ਵਰਗਾ ਘਣ–ਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਵੇ।
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਐਨਾ ਕੁਝ ਹੁੰਦਿਆਂ ਵੀ ਮੈਂ ਦੇਖਦਾ ਹਾਂ ਕਿ ਕਈ ਧਰਮਾਂ ਨੇ ਇਸਤਰੀ ਜਾਤੀ ਨੂੰ ਨਾ ਮਾਂ ਦੇ ਰੂਪ ਵਿਚ, ਨਾ ਪਤਨੀ ਦੇ ਰੂਪ ਵਿਚ, ਨਾ ਭੈਣ ਦੇ ਰੂਪ ਵਿਚ ਪਿਆਰ ਦਿੱਤਾ, ਨਾ ਧਰਮ ਦੇ ਰੀਤੀ-ਰਿਵਾਜਾਂ ਵਿਚ ਬਰਾਬਰਤਾ ਦਾ ਅਧਿਕਾਰ ਹੀ ਦਿੱਤਾ।
ਅਸੀਂ ਬੜੇ ਮਾਣ ਨਾਲ ਆਖ ਸਕਦੇ ਹਾਂ ਕਿ ਕੇਵਲ ਤੇ ਕੇਵਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਦੇ ਹਰ ਰੂਪ ਨੂੰ ਸਾਮ੍ਹਣੇ ਰੱਖ ਕੇ ਇਸ ਮਰਦ ਪ੍ਰਧਾਨ ਸਮਾਜ ਨੂੰ ਇਸਤਰੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਬਚਨ ਹਨ , ‘‘ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮਹਲਾ ੧/੪੭੩)
ਗੁਰੂ ਸਾਹਿਬ ਨੇ ਮਾਂ ਨੂੰ ‘ਜਗਤ-ਜਨਨੀ’ ਦਾ ਰੁਤਬਾ ਦੇ ਕੇ ਸਨਮਾਨਿਆ ਹੈ। ਅੱਜ ਸਾਡੇ ਵੱਡੇ ਭਾਗ ਹਨ ਕਿ ਇਸ ਲੇਖ ਰਾਹੀਂ ਅਸੀਂ ਇਸ ਦੁਨੀਆਂ ਦੇ ਮਹਾਨ ਰਹਿਬਰ ਜਗਤ ਗੁਰੂ ਨਾਨਕ ਨਿਰੰਕਾਰੀ ਜੀ ਦੀ ਜਨਨੀ ‘‘ਧਨੁ ਜਨਨੀ ਜਿਨਿ ਜਾਇਆ; ਧੰਨੁ ਪਿਤਾ ਪਰਧਾਨੁ ॥’’ (ਮਹਲਾ ੩/੩੨) ਵਾਲ਼ੀ ਧੰਨ ਧੰਨ ਮਾਤਾ ਤ੍ਰਿਪਤਾ ਜੀ ਬਾਰੇ ਜਾਣਨ ਦਾ ਜਤਨ ਕਰ ਰਹੇ ਹਾਂ।
ਸੋ ਮਾਤਾ ਤ੍ਰਿਪਤਾ ਜੀ ਦਾ ਜਨਮ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਦੇ ਵਸਨੀਕ ਭਾਈ ਰਾਮਾ ਜੀ ਅਤੇ ਮਾਤਾ ਭਿਰਾਈ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਜੀ ਨੇ ਆਪਣੀ ਲਾਡਲੀ ਧੀ ਰਾਣੀ ਦਾ ਨਾਂ ‘ਤ੍ਰਿਪਤਾ’ ਰੱਖਿਆ। ਤ੍ਰਿਪਤਾ ਵਰਗੀ ਸਿਆਣੀ ਧੀ; ਘਰ ਵਿਚ ਪਾ ਕੇ ਮਾਤਾ-ਪਿਤਾ ਵੀ ਧੰਨ-ਧੰਨ ਹੋ ਗਏ। ਆਪ ਜੀ ਦੇ ਇਕ ਵੱਡੇ ਵੀਰ ਸ੍ਰੀ ਕ੍ਰਿਸ਼ਨਾ ਜੀ ਵੀ ਸਨ। ਜੋ ਕੇ ਆਪਣੀ ਛੋਟੀ ਭੈਣ ਤ੍ਰਿਪਤਾ ਨੂੰ ਬਹੁਤ ਪਿਆਰ ਕਰਦੇ ਸਨ।
ਮਾਤਾ-ਪਿਤਾ ਨੇ ਆਪਣੀ ਲਾਡਲੀ ਧੀ ਤ੍ਰਿਪਤਾ ਨੂੰ ਮੁੱਢਲੀ ਵਿੱਦਿਆ ਅਤੇ ਘਰ ਕਾਜ ਦੇ ਕੰਮਾਂ ਵਿਚ ਨਿਪੁੰਨ ਕਰਨ ਤੋਂ ਬਾਅਦ ਉਨ੍ਹਾਂ ਵਾਸਤੇ ਇਕ ਚੰਗਾ ਵਰ ਰਾਇ ਭੋਇ ਦੀ ਤਲਵੰਡੀ ਦੇ ਵਸਨੀਕ ਸ਼ਿਵ ਰਾਮ ਬੇਦੀ ਦੇ ਸਪੁੱਤਰ ਮਹਿਤਾ ਕਲਿਆਣ ਦਾਸ ਜੀ (ਮਹਿਤਾ ਕਾਲੂ ਜੀ), ਜੋ ਕਿ ਤਲਵੰਡੀ ਦੇ ਹਾਕਮ ਰਾਇ ਬੁਲਾਰ ਕੋਲ ਪਟਵਾਰੀ ਵਜੋਂ ਨੌਕਰੀ ਕਰਦੇ ਸਨ ਤੇ ਇਮਾਨਦਾਰ, ਮਿਹਨਤੀ ਅਤੇ ਗਰੀਬਾਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਨੇਕ ਇਨਸਾਨ ਸਨ; ਐਸੇ ਹੋਣਹਾਰ ਨੌਜਵਾਨ ਮਹਿਤਾ ਕਾਲੂ ਜੀ ਨਾਲ ਮਾਤਾ ਤ੍ਰਿਪਤਾ ਜੀ ਦਾ ਵਿਆਹ ਕਰ ਦਿੱਤਾ।
ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਜੋੜੀ ਗੁਣਾਂ ਪੱਖੋਂ ‘ਜੋੜੀਆਂ ਜੱਗ ਥੋੜ੍ਹੀਆਂ’ ਵਿੱਚੋਂ ਇਕ ਸੀ। ਆਪ ਜੀ ਦੇ ਘਰੋਂ ਕਦੀ ਵੀ ਕੋਈ ਖਾਲੀ ਜਾਂ ਭੁੱਖਾ ਨਹੀਂ ਸੀ ਜਾਂਦਾ। ਮਾਤਾ ਤ੍ਰਿਪਤਾ ਜੀ ਘਰ ਆਏ ਗਏ ਅਤਿਥੀ ਦੀ ਸੇਵਾ ਬੜੇ ਪਿਆਰ ਨਾਲ ਕਰਦੇ। ਘਰ ਦਾ ਸਾਰਾ ਕੰਮ ਕਾਜ ਇਕ ਚੰਗੀ ਗ੍ਰਹਿਣੀ ਵਜੋਂ ਆਪ ਹੀ ਸਾਂਭਦੇ।
ਅਕਾਲ ਪੁਰਖ ਨੇ ਕਿਰਪਾ ਕੀਤੀ ਇਸ ਸੁਭਾਗੀ ਜੋੜੀ ਦੇ ਘਰ ਸੰਨ 1464 ਈਸਵੀ ਵਿਚ ਪਹਿਲੀ ਬੱਚੀ ਨਾਨਕੀ ਜੀ ਨੇ ਜਨਮ ਲਿਆ, ਜੋ ਖੁਦ ਸਿਆਣੀ ਕੋਮਲ ਚਿੱਤ ਅਤੇ ਮਾਤਾ-ਪਿਤਾ ਵਾਂਗ ਹੀ ਦਰਦਵੰਦ ਸੀ। ਇਸ ਤੋਂ ਬਾਅਦ ਪੰਜ ਸਾਲ ਬਾਅਦ ਸੰਨ 1469 ਈਸਵੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਰਗਾ ਇਲਾਹੀ ਨੂਰ ਵੀ ਇਸ ਸੁਭਾਗੀ ਜੋੜੀ ਦੀ ਝੋਲ਼ੀ ਪਿਆ। ਇਸ ਸਮੇਂ ਮਾਤਾ ਤ੍ਰਿਪਤਾ ਜੀ ਦੀ ਅਵਸਥਾ ਬਾਰੇ ਚੂੜਾ ਮਣੀ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :
ਕਾਲੂ ਤੀਅ ਬੈਸੇ ਜਿਸ ਅੰਦਰ। ਅਤ ਸ਼ੋਭਾ ਸੁ ਲਗੈ ਸੁ ਸੁੰਦਰ॥
ਜਦਪ ਭੂਖਨ ਸਗਲ ਉਤਾਰੇ। ਤਦਪ ਸੁੰਦਰਤਾ ਅਧਿਕ ਉਸਾਰੇ॥ (ਨਾਨਕ ਪ੍ਰਕਾਸ਼)
ਮਾਂ ਤ੍ਰਿਪਤਾ; ਤ੍ਰਿਪਤ ਮਾਂ ਹੈ। ਰੱਜੀ ਹੋਈ ਹੈ ਕਿਉਂਕਿ ਸੰਸਾਰ ਨੂੰ ਤ੍ਰਿਪਤ ਕਰਨ ਵਾਲੇ ਸਤਿਗੁਰੂ ਨੇ ਇਸ ਨੂੰ ਮਾਂ ਚੁਣਿਆ ਹੈ। ਜਿਸ ਮਾਤਾ ਤ੍ਰਿਪਤਾ ਦੇ ਅੰਦਰ ਗੁਰੂ ਦਾ ਨਿਵਾਸ ਹੈ, ਉਹ ਮਾਤਾ ਜਿੱਥੇ ਬੈਠਦੀ ਹੈ, ਉਸ ਥਾਂ ਦੀ ਸ਼ੋਭਾ ਵੱਧ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਹਨ ਕਿ ਕੋਈ ਸ਼ੰਕਾ ਕਰੇ ਤਾਂ ਮੈਂ ਉੱਤਰ ਦਿਆਂਗਾ ਕਿ ਕਰੋੜਾਂ ਬ੍ਰਹਿਮੰਡਾਂ ਦੀ ਸ਼ੋਭਾ ਵਧਾਉਣ ਵਾਲੇ ਸਤਿਗੁਰੂ ਜਿੱਥੇ ਨਿਵਾਸ ਕਰਦੇ ਹੋਣ, ਉੱਥੇ ਐਸੀ ਸ਼ੋਭਾ ਹੋਣੀ ਕੋਈ ਅਤਿ ਕਥਨੀ ਨਹੀਂ :
ਸੁਨ ਸੰਦੇਹ ਕਰੇ ਜੇ ਕੋਊ। ਕੋਟ ਬ੍ਰਹਿਮੰਗ ਸ਼ੋਭ ਦਾ ਜੋਊ॥
ਤਿਹ ਨਿਵਾਸ ਕੀਨੋ ਜਿਹ ਥਾਈਂ। ਕਿਉ ਨਾ ਹੋਇ ਤਿਹ ਸ਼ੋਭ ਸਵਾਈ॥ (ਨਾਨਕ ਪ੍ਰਕਾਸ਼)
ਇਹ ਗੱਲ ਧਿਆਨ ਯੋਗ ਹੈ ਕਿ ਪਹਿਲਾ ਗੁਰ-ਨਿਵਾਸ ਅਸਥਾਨ ਮਾਤਾ ਤ੍ਰਿਪਤਾ ਦੀ ਕਾਇਆ ਸੀ। ਅੱਜ ਗੁਰ-ਨਿਵਾਸ ਅਸਥਾਨ ਸਿੱਖ ਦਾ ਹਿਰਦਾ ਹੈ ਤੇ ਅੱਜ ਸਿੱਖ ਦਾ ਗੁਰੂ, ‘ਗੁਰ ਸ਼ਬਦ ਹੈ’। ਧਰਤੀ ਦਾ ਉਹ ਥਾਂ ਤਲਵੰਡੀ ਧੰਨ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਅਰੰਭ ਵਿਚ ਆਪਣੇ ਚਰਨ-ਕਮਲਾਂ ਨਾਲ ਪਵਿੱਤਰ ਕੀਤਾ, ਪਰ ਅੱਜ ਤਾਂ ਸਾਰੀ ਧਰਤੀ ਨੂੰ ਹੀ ਮਾਣ ਹੈ ਕਿ ਇਸ ਧਰਤੀ ’ਤੇ ਗੁਰੂ ਨਾਨਕ ਸਾਹਿਬ ਜੀ ਵਿਚਰੇ ਸਨ, ‘‘ਸਾ ਧਰਤੀ ਭਈ ਹਰੀਆਵਲੀ; ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ ਸੇ ਜੰਤ ਭਏ ਹਰੀਆਵਲੇ; ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥’’ (ਮਹਲਾ ੪/੩੧੦) ਮਾਤਾ ਤ੍ਰਿਪਤਾ ਜੀ ਨੇ ਆਪਣੇ ਦੋਹਾਂ ਬੱਚਿਆਂ ਨੂੰ ਮਨੁੱਖੀ ਹਮਦਰਦੀ, ਲੋੜਵੰਦਾਂ ਦੀ ਸੇਵਾ ਅਤੇ ਸਭ ਦਾ ਭਲਾ ਕਰਨ ਵਰਗੇ ਚੰਗੇ ਸੰਸਕਾਰ ਦਿੱਤੇ।
ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਨਾਲ ਖੇਈਂ ਵਾਲੇ ਬੱਚਿਆਂ ਨੂੰ ਪਿਆਰ ਨਾਲ ਘਰ ਲੈ ਆਉਂਦੇ ਤਾਂ ਮਾਤਾ ਜੀ ਸਾਰਿਆਂ ਨੂੰ ਹੀ ਗੁਰੂ ਨਾਨਕ ਸਾਹਿਬ ਵਰਗਾ ਪਿਆਰ ਦਿੰਦੇ ਅਤੇ ਵੱਧ ਤੋਂ ਵੱਧ ਸੇਵਾ ਕਰਦੇ। ਆਪ ਜੀ; ਧੀ ਅਤੇ ਪੁੱਤਰ ਵਿਚ ਕੋਈ ਫ਼ਰਕ ਨਾ ਕਰਦੇ ਸਗੋਂ ਦੋਵਾਂ ਬੱਚਿਆਂ ਨੂੰ ਨਿੱਘਾ ਪ੍ਰੇਮ ਦਿੰਦੇ। ਗੁਰੂ ਸਾਖੀਆਂ ਵਿਚ ਇਹ ਮਾਤ-ਪ੍ਰੇਮ ਥਾਂ-ਥਾਂ ਝਲਕਦਾ ਹੈ। ਮਾਤਾ ਜੀ ਹਰ ਕੰਮ ਵਿਚ ਉਨ੍ਹਾਂ ਨੂੰ ਆਪਣਾ ਸੱਜਾ ਹੱਥ ਸਮਝ ਕੇ ਉਨ੍ਹਾਂ ਤੋਂ ਸਲਾਹ ਮਸ਼ਵਰਾ ਲੈਂਦੇ ਸਨ ਅਤੇ ਗੁਰੂ ਜੀ ਵੀ ਹਰ ਕੰਮ ਕਰਨ ਤੋਂ ਪਹਿਲਾਂ ਆਪਣੇ ਮਾਤਾ ਜੀ ਨਾਲ ਸਲਾਹ ਕਰਦੇ ਸਨ। 9 ਸਾਲ ਦੀ ਉਮਰ ਵਿਚ ਜਿਸ ਢੰਗ ਨਾਲ ਗੁਰੂ ਸਾਹਿਬ ਜੀ ਨੇ ਪੰਡਿਤ ਹਰਦਿਆਲ ਜੀ ਨਾਲ ਸੰਵਾਦ ਕੀਤਾ, ਉਸ ਤੋਂ ਇਹ ਪਤਾ ਲੱਗਦਾ ਹੈ ਕਿ ਕਪਾਹ ਦੇ ਜਨੇਊ ਨੂੰ ਨਾ ਪਾ ਕੇ, ਜੋ ਦੈਵੀ ਗੁਣਾਂ ਦੇ ਜਨੇਊ ਦੀ ਗੱਲ ਰੱਖੀ; ਉਸ ਵਿਚ ਵੀ (ਮਾਤਾ ਅਤੇ ਭੈਣ) ਔਰਤ ਜਾਤੀ ਨੂੰ ਧਰਮ ਦੀ ਕਤਾਰ ਵਿਚ ਨਾਲ ਖੜ੍ਹਾ ਕਰਕੇ ਸਨਮਾਨਿਤ ਕੀਤਾ।
ਦੂਜੇ ਪਾਸੇ, ਇਸ ਜਗਤ ਜਲੰਦੇ ਦੇ ਤਾਰਨਹਾਰ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਵੀ ਮਾਤਾ-ਪਿਤਾ ਤੋਂ ਮੁੱਖ ਨਾ ਮੋੜਿਆ। ਇਕਲੌਤੇ ਪੁੱਤਰ ਹੋਣ ਦੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆਪ ਜੀ ਨੂੰ ਸਦਾ ਹੀ ਰਿਹਾ। ਮਾਤਾ-ਪਿਤਾ ਵੀ ਐਸੇ ਸਪੁੱਤਰ ਨੂੰ ਪਾ ਕੇ ਆਪਣੇ ਆਪ ਨੂੰ ਧੰਨ-ਧੰਨ ਸਮਝਦੇ ਸਨ ਅਤੇ ਸਪੁੱਤਰ ਦੇ ਜੀਵਨ ਉਦੇਸ਼ ਦੀ ਸਮਝ ਆਉਣ ’ਤੇ ਸਦਾ ਹੀ ਉਸ ਨਾਲ ਸਹਿਮਤੀ ਪ੍ਰਗਟਾਉਂਦਿਆਂ ਉਸ ਦੀ ਪਿੱਠ ’ਤੇ ਖੜ੍ਹੇ ਰਹੇ।
ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਲੰਮੇ-ਲੰਮੇ ਪ੍ਰਚਾਰ ਦੌਰਿਆਂ (ਚਾਰ ਉਦਾਸੀਆਂ) ਦਾ ਸਮਾਂ ਘਰ-ਪਰਵਾਰ ਦੇ ਇਸ ਪਿਆਰ ਅਤੇ ਭਰੋਸੇ ਸਦਕਾ ਹੀ ਬਤੀਤ ਕੀਤਾ ਅਤੇ ਆਪਣੇ ਉਦੇਸ਼ ਵਿਚ ਸਫਲਤਾ ਹਾਸਲ ਕੀਤੀ।
ਇਕ ਦਿਨ ਸਤਿਗੁਰੂ ਜੀ ਉਦਾਸੀ (ਪ੍ਰਚਾਰ ਦੌਰੇ) ਤੋਂ ਪਰਤ ਰਹੇ ਹਨ ਤੇ ਭਾਈ ਮਰਦਾਨੇ ਨੂੰ ਆਖਦੇ ਹਨ, ‘ਚਲ ਮਰਦਾਨਿਆਂ ! ਤਲਵੰਡੀ ਚੱਲ ਕੇ ਮਾਤਾ-ਪਿਤਾ ਨੂੰ ਮਿਲ ਆਉਂਦੇ ਹਾਂ।’
ਪੁੱਤਰ-ਪ੍ਰੇਮ ਦੀ ਖਿੱਚ ਸਦਕਾ, ਦੂਜੇ ਪਾਸੇ ਮਾਂ; ਮਨ ਹੀ ਮਨ ਵਿਚ ਸੋਚਦੀ ਹੈ ਕਿ ਬਹੁਤ ਦਿਨ ਹੋ ਗਏ, ਮੇਰਾ ਪੁੱਤਰ ਘਰ ਨਹੀਂ ਪਰਤਿਆ। ਉਹ ਕਿਹੜਾ ਸੁਭਾਗਾ ਦਿਨ ਆਵੇਗਾ ਜਦੋਂ ਮੇਰਾ ਨਾਨਕ ਘਰ ਆਵੇਗਾ ? ਇਨ੍ਹਾਂ ਖ਼ਿਆਲਾਂ ਵਿਚ ਡੁੱਬੀ ਮਾਤਾ ਤ੍ਰਿਪਤਾ ਨੂੰ ਇਕ ਗੁਆਂਢਣ ਨੇ ਆ ਸੁਨੇਹਾ ਦਿੱਤਾ, ‘ਨੀ ਪਟਵਾਰਨੇ ! ਤੇਰੇ ਪੁੱਤਰ ਦਾ ਸਾਥੀ ਮਰਦਾਨਾ ਆਇਆ ਹੈ !’ ਮਾਂ ਉਸੇ ਵੇਲੇ ਮਰਦਾਨੇ ਨੂੰ ਮਿਲਣ ਵਾਸਤੇ ਅੱਗੇ ਵਧੀ। ਮਰਦਾਨੇ ਨੇ ਮਾਂ ਦੇ ਚਰਨੀਂ ਹੱਥ ਲਾ ਕੇ ਅਸੀਸ ਪ੍ਰਾਪਤ ਕੀਤੀ। ਮਾਂ ਨੇ ਮਰਦਾਨੇ ਨੂੰ ਘੁੱਟ ਕੇ ਗਲ਼ ਨਾਲ ਲਾ ਲਿਆ ਤੇ ਆਪਣੇ ਪੁੱਤਰ ਨਾਨਕ ਦੀ ਛੁਹ ਦਾ ਅਨੰਦ ਪ੍ਰਾਪਤ ਕੀਤਾ ਤੇ ਹੌਲ਼ੀ ਜਿਹੀ ਪੁੱਛਿਆ, ‘ਵੇ ਮਰਦਾਨਿਆਂ ! ਨਾਨਕ ਨਹੀਂ ਆਇਆ ?’
‘ਮਰਦਾਨਿਆਂ ! ਤੂੰ ਇਕੱਲਾ ਹੀ ਆਇਆ ਹੈਂ ? ਤੇਰਾ ਯਾਰ ਕਿੱਥੇ ਹੈ। ਮੇਰਾ ਪਿਆਰਾ ਨਾਨਕ ਕਿੱਥੇ ਹੈ ?’ ਮਾਤਾ ਜੀ ਦਾ ਗਲ਼ਾ ਭਰ ਆਇਆ, ਬੋਲਿਆ ਨਾ ਗਿਆ। ਮਰਦਾਨਾ ਖਾਮੋਸ਼ ਰਹਿੰਦਾ ਹੈ। ਕੋਈ ਜਵਾਬ ਨਹੀਂ ਦਿੰਦਾ। ਉਸ ਨੂੰ ਗੁਰੂ ਜੀ ਦਾ ਹੁਕਮ ਸੀ, ਇਸ ਪ੍ਰਸ਼ਨ ਬਾਰੇ ਚੁੱਪ ਧਾਰੀ ਰੱਖੋ। ਗੁਰੂ ਜੀ ਦੀ ਆਗਿਆ ਸੀ, ਉਨ੍ਹਾਂ ਬਾਰੇ ਨਹੀਂ ਦੱਸਣਾ। ਉਹ ਡਰਦਾ ਹੈ, ਕੁਝ ਦੱਸ ਹੀ ਨਾ ਬੈਠੇ। ਇੱਧਰ ਭਾਈ ਮਰਦਾਨਾ ਪ੍ਰੇਮ ਦਾ ਵੇਗ ਦੇਖਦਾ ਹੈ। ਸਿਕਦੇ ਨੇਤਰਾਂ ਵਿੱਚੋਂ ਨਿਕਲਦੇ ਹੰਝੂ ਉਸ ਕੋਲੋਂ ਦੇਖੇ ਨਾ ਜਾਂਦੇ। ਉਸ ਕੋਲ ਬੈਠਿਆ ਨਾ ਗਿਆ। ਮਾਤਾ ਦੇ ਪ੍ਰੇਮ ਦਾ ਵੇਗ ਉਸ ਦੇ ਕਲੇਜੇ ਨੂੰ ਧੂਹ ਪਾ ਰਿਹਾ ਸੀ। ਮਾਤਾ ਦੇ ਵਾਰ-ਵਾਰ ਇਸ ਪ੍ਰਸ਼ਨ ਦਾ ਕਿ ‘ਮਰਦਾਨਿਆਂ ! ਦੱਸ ਮੇਰਾ ਨਾਨਕ ਕਿੱਥੇ ਹੈ’। ਦਾ ਉਹ ਕੀ ਜਵਾਬ ਦੇਵੇ ? ਉਸ ਨੂੰ ਸਮਝ ਨਹੀਂ ਸੀ ਆ ਰਿਹਾ।
ਉਸ ਕੋਲੋਂ ਬੈਠਿਆ ਨਾ ਗਿਆ। ਉਹ ਤੁਰ ਚੱਲਿਆ। ਮਾਤਾ ਜੀ ਉਦਾਸ ਪ੍ਰੇਸ਼ਾਨ। ਮਾਤਾ ਜੀ ਦੇ ਕਲੇਜੇ ਪੁੱਤਰ-ਪ੍ਰੇਮ ਦਾ ਤੀਰ ਵੱਜਿਆ, ਰੁਗ ਭਰ ਆਇਆ। ਉਦਾਸੀ ਵਿਚ ਇਕ ਆਸ ਦੀ ਕਿਰਨ ਚਮਕੀ।
‘ਕੀ ਪਤਾ, ਪੁੱਤਰ ਸਾਧੂ ਹੈ। ਸ਼ਹਿਰ ਦੇ ਬਾਹਰ ਹੀ ਨਾ ਬੈਠਾ ਹੋਵੇ। ਇਹ ਵੀ ਉਸ ਚੋਜੀ ਦਾ ਕੋਈ ਚੋਜ ਹੋਵੇ’। ਉਸ ਨੇ ਸੁਲੱਖਣੀ ਨੂੰ ਨਾਲ ਲੀਤਾ-ਸ੍ਰੀ ਚੰਦ, ਲੱਖਮੀ ਚੰਦ ਵੀ ਨਾਲ ਤੁਰ ਪਏ। ਮਾਤਾ ਜੀ ਪ੍ਰੇਮ ਵਿਚ ਅਤਿ ਵਿਆਕੁਲ ਹੋਏ ਪ੍ਰਸ਼ਾਦੇ, ਮਿਠਾਈਆਂ, ਨਵੇਂ ਬਸਤਰ ਲਈ ਮਰਦਾਨੇ ਦੇ ਪਿੱਛੇ-ਪਿੱਛੇ ਤੁਰ ਪਏ। ਉਨ੍ਹਾਂ ਨਾਲ ਆਂਢੀ-ਗੁਆਂਢੀ ਵੀ ਤੁਰ ਪਏ। ਪ੍ਰੇਮ ਦੀ ਤਾਰ ਉਨ੍ਹਾਂ ਨੂੰ ਨਾਨਕ ਵੱਲ ਧੂਹ ਲਿਜਾ ਰਹੀ ਸੀ।
ਸ਼ਹਰ ਤੋਂ ਬਾਹਰ ਪਹੁੰਚੇ ਤਾਂ ਕੀ ਦੇਖਦੇ ਹਨ-ਨਾਨਕ ਦਰੱਖ਼ਤ ਦੇ ਥੱਲੇ ਸਤਿ ਕਰਤਾਰ ਦੀ ਧੁਨੀ ਰਮਾ ਕੇ ਬੈਠਾ ਹੈ। ਧਾਹ ਕੇ ਪੁੱਤਰ ਨੂੰ ਗਲਵਕੜੀ ਵਿਚ ਲਿਆ। ਪੁੱਤਰ ਨੂੰ ਚੁੰਮਦੀ ਵੀ ਜਾਵੇ, ਪਿਆਰ ਕਰਦੀ ਵੀ ਜਾਵੇ। ਅੱਜ ਮੁੱਦਤਾਂ ਬਾਅਦ ਨਾਨਕ ਦੇ ਚੰਨ-ਮੁਖੜੇ ਦੇ ਉਸ ਨੂੰ ਦਰਸ਼ਨ ਹੋਏ ਸਨ।
ਪੁੱਤਰ ਨੂੰ ਕਲੇਜੇ ਨਾਲ ਲਾ ਕੇ ਘੁੱਟ ਲਿਆ। ਪਿਆਰ ਦੀ ਖੁਮਾਰੀ ਵਿਚ ਬੇਸੁੱਧ ਹੋ ਗਈ, ‘ਵੇ ਪੁੱਤ ! ਮੈਂ ਵਾਰੀ, ਮੈਂ ਸਦਕੇ, ਮੈਂ ਸਦਕੇ ਰਾਹਾਂ ਤੋਂ, ਜਿਨ੍ਹਾਂ ਤੋਂ ਤੂੰ ਚੱਲ ਕੇ ਆਇਆ ਹੈਂ’ ਨਾਨਕ ਦੀਆਂ ਅੱਖਾਂ ਮਾਤਾ ਦਾ ਵੈਰਾਗ ਤੇ ਤੜਪ ਦੇਖ ਕੇ ਭਰ ਆਈਆਂ। ਸੁਲੱਖਣੀ ਪਤੀ-ਚਰਨਾਂ ’ਤੇ ਢਹਿ ਪਈ। ਮੱਥਾ ਟੇਕਿਆ- ਉਸ ਦਾ ਪਿਆਰ; ਮੂਕ ਪਿਆਰ ਬਣ ਕੇ ਰਹਿ ਗਿਆ। ਤ੍ਰਿਪ-ਤ੍ਰਿਪ ਹੰਝੂਆਂ ਦੇ ਸਿਵਾ ਉਹ ਕੁਝ ਵੀ ਨਾ ਬੋਲ ਸਕੀ। ਸ੍ਰੀ ਚੰਦ, ਲਖਮੀ ਚੰਦ ਲੱਤਾਂ ਨੂੰ ਚਿੰਬੜ ਗਏ।
ਇੰਨੇ ਵਿਚ ਸਾਰੀ ਤਲਵੰਡੀ ਵਿਚ ਖ਼ਬਰ ਫੈਲ ਗਈ ਕਿ ਬਾਬਾ ਨਾਨਕ ਆਇਆ ਹੈ। ਤਲਵੰਡੀ ਦੇ ਲੋਕ ਤੇ ਪਿਤਾ ਕਾਲੂ ਜੀ ਵੀ ਉਸ ਥਾਂ ਆਣ ਪੁੱਜੇ, ਜਿਨ੍ਹਾਂ ਕਦੇ ਬਚਪਨ ਵਿਚ ਸੱਚਾ-ਸੌਦਾ ਕਰਨ ਦੀ ਜਾਚ ਸਿਖਾਈ ਸੀ। ਪੁੱਤਰ ਦੇ ਲੰਮੇ ਵਿਛੋੜੇ ਨੇ ਬਾਪੂ ਦੇ ਦਿਲ ਨੂੰ ਮੋਮ ਬਣਾ ਦਿੱਤਾ ਸੀ। ਉਹ ਪੁੱਤਰ-ਮਿਲਾਪ ਨੂੰ ਤਰਸ ਰਿਹਾ ਸੀ। ਧਾਹ ਕੇ ਨਾਨਕ ਨੂੰ ਗਲਵੱਕੜੀ ਵਿਚ ਲੈਂਦਾ ਹੈ, ਮੱਥਾ ਚੰੁਮਦਾ ਹੈ। ਨਾਨਕ ਉਸ ਲਈ ਇਕ ਛੋਟਾ ਬੱਚਾ ਬਣ ਗਿਆ ਹੈ, ਜਿਸ ਨੂੰ ਪਿਆਰ ਕਰਦਾ ਜਾਂਦਾ ਹੈ, ਪਰ ਪਿਆਰ ਕਰਦਿਆਂ ਉਸ ਦਾ ਦਿਲ ਨਹੀਂ ਭਰਦਾ।
ਮਾਤਾ ਤ੍ਰਿਪਤਾ; ਨਾਨਕ ਨੂੰ ਪੁੱਛਦੀ ਹੈ, ‘ਵੇ ਨਾਨਕ ! ਤੂੰ ਸਾਲਾਂ ਬੱਧੀ ਘਰ ਨਹੀਂ ਆਉਂਦਾ, ਕੀ ਤੈਨੂੰ ਸਾਡੀ ਯਾਦ ਬਿਲਕੁਲ ਨਹੀਂ ਆਉਂਦੀ ? ਇਸ ਸੁਲੱਖਣੀ ਦੀ ਵੀ ਯਾਦ ਨਹੀਂ ਆਉਂਦੀ, ਜਿਹੜੀ ਤੇਰੇ ਰਾਹ ਵਿਚ ਪਲਕਾਂ ਵਿਛਾਈ ਬੈਠੀ ਰਹਿੰਦੀ ਹੈ। ਨਿੱਕੇ-ਨਿੱਕੇ ਬਾਲ ਜੋ ਤੇਰੇ ਪਿਆਰ ਲਈ ਸਹਿਕਦੇ ਰਹਿੰਦੇ ਹਨ, ਉਨ੍ਹਾਂ ਦੀ ਯਾਦ ਵੀ ਤੈਨੂੰ ਸਤਾਉਂਦੀ ਨਹੀਂ ’ ?
ਨਾਨਕ ਹੱਸ ਛੱਡਦਾ ਹੈ, ‘ਮਾਂ, ਇਹ ਸਾਰਾ ਸੰਸਾਰ ਮੇਰਾ ਘਰ ਹੈ। ਇਸ ਸੰਸਾਰ ਵਿਚ ਬਹੁਤ ਦੁੱਖ ਹੈ, ਸੰਤਾਪ ਹੈ। ਮੈਂ ਸਾਰੇ ਸੰਸਾਰ ਦੀ ਕੁਰਲਾਟ ਸੁਣ ਕੇ ਘਰ ਦੀ ਚਾਰ ਦੀਵਾਰੀ ਵਿਚ ਸੀਮਿਤ ਕਿਵੇਂ ਰਹਿ ਸਕਦਾ ਹਾਂ ? ਮੈਂ ਪ੍ਰਮਾਤਮਾ ਦੇ ਹੁਕਮ ਦਾ ਬੱਝਾ ਹਾਂ, ਉਸ ਦੇ ਪਿਆਰ ਦਾ ਸੁਨੇਹਾ ਸਾਰੀ ਲੋਕਾਈ ਤਕ ਪਹੁੰਚਾਣਾ ਰੱਬੋਂ ਮੇਰਾ ਕਾਰਜ ਲੱਗਾ ਹੈ।’
ਮਰਦਾਨਾ ਕਹਿੰਦਾ ਹੈ, ‘ਨਹੀਂ ਮਾਂ ! ਨਹੀਂ; ਨਾਨਕ ਤੁਹਾਨੂੰ ਯਾਦ ਕਰੇ ਜਾਂ ਨਾ ਕਰੇ, ਪਰ ਮੈਂ ਤੁਹਾਨੂੰ ਜ਼ਰੂਰ ਯਾਦ ਕਰਦਾ ਹਾਂ। ਜਦੋਂ ਨਾਨਕ ਕਿਸੇ ਦੁਖੀ ਆਤਮਾ ਨੂੰ ਜਿਵਾਲਦਾ ਹੈ, ਕਿਸੇ ਮੁਰਦਾ ਸਰੀਰ ਅੰਦਰ ਰੂਹ ਫੂਕਦਾ ਹੈ, ਠੰਡ ਪਹੁੰਚਾਂਦਾ ਹੈ ਤਾਂ ਉਹ ਦੁਖੀ ਰੂਹ ਪੁਕਾਰ ਉਠਦੀ ਹੈ, ‘‘ਧਨੁ ਜਨਨੀ ਜਿਨਿ ਜਾਇਆ; ਧੰਨੁ ਪਿਤਾ ਪਰਧਾਨੁ ॥’’ (ਮਹਲਾ ੩/੩੨)
‘ਜਗਤ ਜਲੰਦਾ’ ਤਾਰਨ ਖਾਤਰ ਨਾਨਕ ਨੇ ਮੋਹ, ਮਾਇਆ ਤੇ ਮਮਤਾ ਦਾ ਤਿਆਗ ਕੀਤਾ ਹੈ। ਮਾਤਾ ! ਤੂੰ ਸਚਮੁੱਚ ਧੰਨ ਹੈਂ, ਜਿਸ ਨੇ ਅਜਿਹਾ ਅਣਮੋਲ ਹੀਰਾ ਪੈਦਾ ਕੀਤਾ ਹੈ। ਉਸ ਸਮੇਂ ਮਾਂ ਦੀ ਗਲਵਕੜੀ ਦੇ ਪਿਆਰ ਦਾ ਨਿੱਘ ਮਾਣ ਰਹੇ ਗੁਰੂ ਨਾਨਕ ਸਾਹਿਬ ਜੀ ਬੋਲਦੇ ਹਨ, ‘ਨਹੀਂ ਮਾਂ ! ਨਹੀਂ-ਮੇਰੀ ਪਿਆਰੀ ਅੰਮੀਏ ! ਮੈਂ ਤੈਨੂੰ ਹਰ ਪਲ, ਹਰ ਘੜੀ ਯਾਦ ਕਰਦਾ ਹਾਂ। ਇਹ ਪਿਆਰ ਲਫ਼ਜ਼ਾਂ ਦਾ ਮੋਹਤਾਜ ਨਹੀਂ, ਤੁਸੀਂ ਸਮਰਥ ਮਾਤਾ ਹੋ।’
ਬਸ ਫਿਰ ਕੀ ਸੀ ਮਾਤਾ ਤ੍ਰਿਪਤਾ ਜੀ; ਆਪਣੇ ਪੁੱਤਰ ਦਾ ਮੱਥਾ ਚੁੰਮਦੇ ਸੀਸ ’ਤੇ ਹੱਥ ਫੇਰ ਅਸੀਸ ਦੇਂਦੇ ਤੇ ਆਖਦੇ ਹਨ, ‘ਪੁੱਤਰ ਜੀ ! ਮੇਰੀਆਂ ਅਸੀਸਾਂ ਆਪ ਜੀ ਦੇ ਨਾਲ ਹਨ। ਆਪ ਆਪਣੇ ਦਿਲ ਵਿਚ ਜਗਤ ਜਲੰਦੇ ਨੂੰ ਠਾਰਨ ਲਈ, ਜੋ ਉਦੇਸ਼ ਲੈ ਕੇ ਨਿਕਲੇ ਹੋ; ਉਸ ਨੂੰ ਪੂਰਾ ਕਰਨ ਵਿਚ ਪ੍ਰਮਾਤਮਾ ਸਦਾ ਆਪ ਦਾ ਸਹਾਈ ਹੋਵੇ।’
ਮਾਤਾ-ਪਿਤਾ ਤੋਂ ਅਸੀਸਾਂ ਪ੍ਰਾਪਤ ਕਰਕੇ ਸਤਿਗੁਰੂ ਜੀ ਨੇ ਰਾਵੀ ਦਰਿਆ ਕਿਨਾਰੇ ਕਰਤਾਰਪੁਰ ਨਗਰ ਵਸਾਇਆ ਤੇ ਸੰਨ 1522 ਈਸਵੀ ਵਿਚ ਆਪ ਜੀ ਦੇ ਮਾਤਾ-ਪਿਤਾ ਤਿੰਨ ਦਿਨਾਂ ਦੇ ਫ਼ਰਕ ਨਾਲ ਕਰਤਾਰਪੁਰ ਵਿਖੇ ਅਕਾਲ ਚਲਾਣਾ ਕਰ ਗਏ। ਆਪ ਜੀ ਨੇ ਆਪਣੇ ਮਾਤਾ-ਪਿਤਾ ਦਾ ਸਸਕਾਰ ਆਪ ਹੀ ਕੀਤਾ ਤੇ ਕਿਸੇ ਨੂੰ ਵੀ ਦਿਖਾਵੇ ਦੀਆਂ ਰਸਮਾਂ ਨਾ ਕਰਨ ਦਿੱਤੀਆਂ। ਸਿਰਫ ਇਕ ਵਾਹਿਗੁਰੂ ਜੀ ਨੂੰ ਹੀ ਯਾਦ ਕਰਨ ਅਤੇ ਉਸ ਦੀ ਰਜ਼ਾ ਦਾ ਉਦੇਸ਼ ਦਿੱਤਾ।
ਸੋ ਅੰਤਮ ਲਫ਼ਜ਼ਾਂ ਵਿਚ ਇਹ ਲਿਖਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਗਿਆਨ ਖਜ਼ਾਨਾ ਜਗਤ ਨੂੰ ਬਖਸ਼ਿਆ, ਉਸ ਦੀ ਸ਼ੁਰੂਆਤ ਮਾਂ ਤ੍ਰਿਪਤਾ ਦੀ ਗੋਦ ਤੋਂ ਹੀ ਹੁੰਦੀ ਹੈ। ਗਰਭ ਦੌਰਾਨ ਕੀਤੀ ਅਰਦਾਸ ਅਤੇ ਬੱਚੇ ਦੇ ਚੰਗੇ ਭਵਿੱਖ ਲਈ ਦਿੱਤੀ ਅਸੀਸ ਵਿਚ ਕੁਝ ਤਾਂ ਦੰਮ ਸੀ ਕਿ ਨਾਨਕ ਜੀ; ਪਾਰਬ੍ਰਹਮ ਦਾ ਰੂਪ ਹੋ ਗਏ। ਇਸ ਮਾਂ ਦੀ ਕੀਤੀ ਕੁਰਬਾਨੀ ਨੂੰ ਕੋਟਿ-ਕੋਟਿ ਨਮਸਕਾਰ ਕਰਨਾ ਬਣਦਾ ਹੈ, ਜਿਸ ਨੇ ਪੈਗ਼ੰਬਰ ਨੂੰ ਜਨਮ ਦੇ ਕੇ ਸਮਾਜ ’ਚ ਇਸਤਰੀ ਵਰਗ ਨੂੰ ਸਿਰ ਉੱਚਾ ਕਰਕੇ ਇੱਜ਼ਤ ਵਾਲੀ ਕਤਾਰ ’ਚ ਅੱਗੇ ਲਿਆ ਖੜ੍ਹਾ ਕੀਤਾ ਅਤੇ ਪੁਰਜ਼ੋਰ ਹਿਮਾਇਤ ਕਰਦਿਆਂ ਫ਼ੁਰਮਾਇਆ, ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮਹਲਾ ੧/੪੭੩)
ਸੋ ਆਓ ! ਗੁਰੂ ਪਿਆਰਿਓ ! ਅੱਜ ਅਸੀਂ ਵੀ ਧੰਨ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਉਚਾਰਨ ਕੀਤੇ ਇਨ੍ਹਾਂ ਪਿਆਰ ਭਰੇ ਬਚਨਾਂ ਨੂੰ ਪੜ੍ਹ ਕੇ ਸਮਾਪਤੀ ਕਰੀਏ, ‘‘ਧਨੁ ਧੰਨੁ ਪਿਤਾ; ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ; ਜਿਨਿ ਗੁਰੂ ਜਣਿਆ ਮਾਇ ॥’’ (ਮਹਲਾ ੪/੩੧੦)