ਆਤਮਿਕ ਵਿਕਾਸ ਅਤੇ ਆਰਥਿਕ-ਸਮਾਜਿਕ ਸੁਰੱਖਿਆ ਦੇ ਸਰੋਤ ਹੋਣ ਗੁਰ ਪੁਰਬ ਤੇ ਤਿਉਹਾਰ

0
349

ਆਤਮਿਕ ਵਿਕਾਸ ਅਤੇ ਆਰਥਿਕ-ਸਮਾਜਿਕ ਸੁਰੱਖਿਆ ਦੇ ਸਰੋਤ ਹੋਣ ਗੁਰ ਪੁਰਬ ਤੇ ਤਿਉਹਾਰ

ਰਸ਼ਪਾਲ ਸਿੰਘ-98554-40151

ਕਿਸੇ ਵੀ ਕੌਮ ਦੇ ਉੱਜਲੇ ਭਵਿੱਖ ਲਈ ਉਸ ਦਾ ਅਰਥਚਾਰਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਗੁਰਬਾਣੀ ਅਤੇ ਸਾਹਿਤ ਵਿਚੋਂ ਇਹ ਸੰਕੇਤ ਮਿਲਦੇ ਹਨ ਕਿ ਸਮਾਜਿਕ-ਧਾਰਮਿਕ ਰੂਹਾਂ ਨੇ ਇਕ ਕਲਿਆਣਕਾਰੀ ਸਮਾਜਿਕ-ਆਰਥਿਕ ਵਿਵਸਥਾ ਦਾ ਸੰਕਲਪ ਪੇਸ਼ ਕੀਤਾ ਹੈ। ਧਰਮ ਮਨੁੱਖ ਦੀ ਅੰਤਰੀਵ ਸ਼ਕਤੀ ਨੂੰ ਸੇਧ ਪ੍ਰਦਾਨ ਕਰਦਾ ਹੈ। ਧਰਮ ਦੀ ਕ੍ਰਾਂਤੀਕਾਰੀ ਸ਼ਕਤੀ ਨਵੀਆਂ ਸੰਸਥਾਵਾਂ ਲਈ ਅਤੇ ਨਵੀਆਂ ਸਮਾਜਿਕ-ਆਰਥਿਕ ਸੱਭਿਆਚਾਰ ਗਤੀਵਿਧੀਆਂ ਲਈ ਕਿਰਿਆਵਾਂ ਕਰਵਾਉਂਦੀ ਹੈ ਬਸ਼ਰਤੇ ਕਿ ਧਰਮ, ਕਰਮਕਾਂਡ ਤੱਕ ਸੀਮਤ ਨਾ ਹੋਵੇ। ਜੇ ਕਰਤਾਰੀ ਸ਼ਕਤੀਆਂ ਕਰਮਕਾਂਡ ਉੱਤੇ ਹੀ ਖਰਚ ਹੋ ਰਹੀਆਂ ਹੋਣ ਤਾਂ ਆਰਥਿਕ ਤਬਦੀਲੀ ਲਈ, ਨਾ ਤਾਂ ਸੋਚ ਉੱਭਰੇਗੀ ਅਤੇ ਨਾ ਹੀ ਇਨਕਲਾਬੀ ਸਮੂਹ ਪੈਦਾ ਹੋਵੇਗਾ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਦੇ ਨਾਲ ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਸਿਰਜਿਆ ਤੇ ਕਬੂਲਿਆ। ਧਾਰਮਿਕ ਮੰਡਲ ਅਤੇ ਸੰਸਾਰਕ ਮੰਡਲ ਦੇ ਸੰਤੁਲਨਮਈ ਸਰੂਪ ਨੂੰ ਪੇਸ਼ ਕੀਤਾ। ਭੌਤਿਕ ਵਿਕਾਸ ਦੀਆਂ ਸਿਖਰਾਂ ਨੂੰ ਛੋਹਣ ਦੀ ਪ੍ਰਵਾਨਗੀ ਬਖਸ਼ੀ । ਸਿੱਖ ਨੈਤਿਕਚਾਰ ਪੱਕਾ ਹਾਮੀ ਹੈ ਕਿ ਵਿਸ਼ਵ ਪੱਧਰ ’ਤੇ ਪਰਸਪਰ ਹਮਦਰਦੀ ਹੀ ਸਹੀ ਪ੍ਰਣਾਲੀ ਹੈ । ਸਿੱਖੀ ਸ਼ਾਸਤਰ ਦਾ ਪਰਉਪਕਾਰੀ ਚਮਤਕਾਰ ਦੁਨੀਆ ਨੇ ਡਿੱਠਾ ਹੈ। ਗੁਰੂ ਸਾਹਿਬਾਨ ਨੇ ਪੇਂਡੂ ਜੀਵਨ ਉੱਤੇ ਭਾਰੂ ਆਰੀਆ ਸਭਿਅਤਾ ਦੀ ਖੜੋਤ ਪ੍ਰਵਿਰਤੀ ਨੂੰ ਤੋੜਿਆ। ਪਿੰਡਾਂ ਨੂੰ ਵਿਕਸਤ ਕਰਨ ਲਈ ਸ਼ਹਿਰੀਕਰਨ ਦੀ ਵਿਵਸਥਾ ਕਾਇਮ ਕੀਤੀ ਅਤੇ ਨਵੇਂ ਸ਼ਹਿਰ ਵੀ ਵਸਾਏ। ਸ਼ਹਿਰਾਂ ਨੂੰ ਆਰਥਿਕ ਆਧਾਰ ਦਿੱਤਾ। ਜੇਕਰ ਵਪਾਰੀਆਂ ਅਤੇ ਕਾਰੀਗਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹਨਾਂ ਗੁਰੂ ਸਾਹਿਬ ਆਪ ਜਾਂ ਸਿੱਖਾਂ ਦੀ ਸਹਾਇਤਾ ਨਾਲ, ਉਨ੍ਹਾਂ ਲਈ ਰਾਸ-ਪੂੰਜੀ ਦਾ ਪ੍ਰਬੰਧ ਕਰ ਕੇ ਦਿੰਦੇ। ਉਦਯੋਗਿਕ, ਵਪਾਰਕ, ਵਿੱਦਿਅਕ, ਨਰੋਏ ਸਰੀਰ ਤੇ ਸੱਭਿਆਚਾਰਕ ਕਾਰਜਾਂ ਨੂੰ ਉਭਾਰਿਆ। ਗੁਰੂ ਰਾਮਦਾਸ ਜੀ ਨੇ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਅੰਮ੍ਰਿਤਸਰ ਦੀ ਧਰਤੀ ’ਤੇ ਵਸਾਇਆ। ਅੰਮ੍ਰਿਤਸਰ ਦਸਤਕਾਰੀ ਅਤੇ ਵਪਾਰ ਦਾ ਵੱਡਾ ਕੇਂਦਰ ਬਣ ਗਿਆ। ਨਵੇਂ ਨਗਰਾਂ ਦੀ ਉਸਾਰੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਅਥਾਹ ਪੈਸੇ ਦੀ ਲੋੜ ਸੀ, ਇਸ ਲਈ ਦਸਵੰਧ ਦੀ ਪ੍ਰਥਾ ਜਾਰੀ ਕੀਤੀ ਗਈ। ਹਰੇਕ ਸਿੱਖ ਲਈ ਜਰੂਰੀ ਹੋ ਗਿਆ ਕਿ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ ਕੌਮੀ ਖਜ਼ਾਨੇ ਵਿਚ ਲੋਕ-ਭਲਾਈ ਹਿਤ ਜਮ੍ਹਾ ਕਰਵਾਏ। ਉੱਚੇ-ਸੁੱਚੇ ਗੁਰਸਿੱਖੀ ਜੀਵਨ ਦੇ ਧਾਰਨੀ ਪ੍ਰਚਾਰਕ ਨਿਯੁਕਤ ਕੀਤੇ ਗਏ। ਇਹਨਾਂ ਨੂੰ ਮਸੰਦ ਕਿਹਾ ਗਿਆ ਹੈ। ਮਸੰਦ, ਅਰਬੀ ਦੇ ਸ਼ਬਦ ‘ਮਸਨਦ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਿਰਹਾਣਾ, ਤਕੀਆ ਜਾਂ ਗੱਦੀ। ਸਮੇਂ ਦੇ ਹਾਕਮ ਤਖ਼ਤ ਉੱਤੇ ਸਿਰਹਾਣੇ ਲਾ ਕੇ ਬੈਠਿਆ ਕਰਦੇ ਸਨ ਤੇ ਉਹਨਾਂ ਨੂੰ ‘ਮਸਨਦ ਨਸ਼ੀਨ’ ਕਿਹਾ ਜਾਂਦਾ ਸੀ। ਮਸੰਦਾਂ ਨੂੰ ‘ਰਾਮਦਾਸੀਏ’ ਵੀ ਕਿਹਾ ਜਾਂਦਾ ਸੀ। ਪਿੱਛੋਂ ‘ਗੁਰੂ ਕੇ’ ਸ਼ਬਦ ਵੀ ਵਰਤਿਆ ਜਾਂਦਾ ਰਿਹਾ । ਮਿਆਰੀ ਪ੍ਰਚਾਰ ਦੀ ਬਦੌਲਤ ਭਾਰੀ ਗਿਣਤੀ ਵਿਚ ਲੋਕ ਸਿੱਖੀ ਦੇ ਦਾਇਰੇ ਵਿਚ ਆਉਂਦੇ ਸਨ। ਉਦਾਹਰਨ ਲਈ ਮਹਾਨ ਵਿਆਖਿਆਕਾਰ ਤੇ ਕਈ ਭਾਸ਼ਾਵਾਂ ਦੇ ਜਾਣਕਾਰ ਭਾਈ ਗੁਰਦਾਸ ਜੀ ਨੇ ਆਗਰੇ ਤੇ ਕਾਂਸ਼ੀ ਵਿਖੇ ਨਿਵਾਸ ਰੱਖ ਕੇ ਦੂਰ-ਦੂਰ ਤੱਕ ਸਿੱਖੀ ਦੀ ਖੁਸ਼ਬੋ ਫੈਲਾਈ। ਲੋਕਾਂ ਦੀ ਬੋਲੀ ਵਿਚ ਪ੍ਰਚਾਰ ਕੀਤਾ। ਇਹ ਮਸੰਦ ਹਰ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ’ਤੇ ਦੋ ਵਾਰ ਗੁਰੂ-ਦਰਬਾਰ ਵਿਚ ਹਾਜ਼ਰ ਹੋ ਕੇ ਗੁਰੂ ਸਾਹਿਬ ਨੂੰ ਸਾਰਾ ਹਿਸਾਬ ਦਿੰਦੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਵਲੋਂ ਧਰਮ ਪ੍ਰਚਾਰ ਲਈ ਨਿਯੁਕਤ 22 ਮੰਜੀਦਾਰਾਂ ਅਤੇ 52 ਪੀਹੜੇਦਾਰਾਂ ਨਾਲ ਸੰਪਰਕ ਰੱਖਦੇ ਸਨ। ਗੁਰੂ ਸਾਹਿਬਾਨ ਵਲੋਂ ਚੱਲ ਰਹੇ ਕਾਰਜਾਂ ਦੀ ਅਤੇ ਸੰਗਤਾਂ ਦੇ ਹਰ ਦੁੱਖ-ਸੁੱਖ ਦੀ ਖਬਰ ਦਾ ਆਦਾਨ-ਪ੍ਰਦਾਨ ਵੀ ਕਰਦੇ ਸਨ। ਕੀ ਅੱਜ ਸਾਂਝੇ ਕੌਮੀ ਖਜ਼ਾਨੇ ਦੇ ਸੰਕਲਪ ਦੀ ਲੋੜ ਨਹੀਂ ਹੈ  ? ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ, ਕਿਰਤੀਆਂ ਅਤੇ ਵਿਦਿਆਰਥੀਆਂ ਦਾ ਉਜਾੜਾ ਰੋਕਣਾ ਸਮੇਂ ਦੀ ਮੰਗ ਨਹੀਂ  ? ਗਰੀਬਾਂ ਦੇ ਦੁੱਖਾਂ-ਸੁੱਖਾਂ ਵਿਚ ਭਾਈਵਾਲ ਬਣਨ ਦੀ ਲੋੜ ਨਹੀਂ ਹੈ ? ਪਿਆਰ ਤੇ ਮਿਆਰ ਭਰਪੂਰ ਪ੍ਰਚਾਰ ਦੀ ਲੋੜ ਨਹੀਂ ਹੈ  ? ਉੱਤਰ ਹੋਵੇਗਾ, ਜੀ ਹਾਂ ਲੋੜ ਹੈ ਕਿਉਂਕਿ ਭੁੱਖੇ ਪਿਆਸੇ ਦੀ ਸਹਾਇਤਾ ਕਰਨਾ ਅਤੇ ਨਿਆਂ ਦੇਣਾ ਸਾਡੇ ਸੰਸਕਾਰਾਂ ਦਾ ਹਿੱਸਾ ਹੀ ਰਿਹਾ ਹੈ।

ਇਕ ਪ੍ਰੇਰਣਾਸ੍ਰੋਤ ਮਿਸਾਲ ਹੋਰ ਵੀ ਸੋਨੇ ’ਤੇ ਸੋਹਾਗਾ ਰਹੇਗੀ ਕਿ ਸਦਕਾਏ-ਫ਼ਿਤਰ, ਈਦ ਮੌਕੇ ਦਿੱਤੇ ਜਾਣ ਵਾਲਾ ਮਹਾਨ ਦਾਨ ਹੈ। ਜੋ ਹਰ ਮੁਸਲਮਾਨ ਵੱਲੋਂ ਈਦ ਦੀ ਨਮਾਜ਼ ਲਈ ਘਰੋਂ ਚੱਲਣ ਤੋਂ ਪਹਿਲਾਂ-ਪਹਿਲਾਂ ਅਦਾ ਕਰਨਾ ਜ਼ਰੂਰੀ ਹੁੰਦੀ ਹੈ। ਐਸਾ ਨਾ ਹੋਵੇ ਕਿ ਆਮ ਲੋਕ ਈਦ ਦੀਆਂ ਖੁਸ਼ੀਆਂ ਵਿਚ ਮਗਨ ਹੋਣ ਅਤੇ ਦੂਜੇ ਪਾਸੇ ਗਰੀਬ, ਯਤੀਮ, ਮੁਥਾਜ ਕਿਸਮ ਦੇ ਲੋਕ ਮਾਲ਼ੀ ਤੰਗੀ ਹੋਣ ਕਾਰਨ ਇਨ੍ਹਾਂ ਖੁਸ਼ੀਆਂ ਵਿਚ ਸ਼ਾਮਲ ਹੀ ਨਾ ਹੋ ਸਕਣ। ਸਦਕਾਏ ਫ਼ਿਤਰ ਦੀ ਦਰ ਮੁਸਲਿਮ ਵਿਦਵਾਨਾਂ ਅਨੁਸਾਰ 1 ਕਿਲੋ 666 ਗ੍ਰਾਮ ਤੋਂ ਲੈ ਕੇ ਢਾਈ ਕਿਲੋ ਕਣਕ ਪ੍ਰਤੀ ਵਿਅਕਤੀ (ਜੀਅ) ਜਾਂ ਉਸ ਦੇ ਬਰਾਬਰ ਬਣਦੀ ਰਾਸੀ ਹੋਣੀ ਚਾਹੀਦੀ ਹੈ। ਰਮਜ਼ਾਨ ਮਹੀਨਾ ਅਤੇ ਉਸ ਨਾਲ ਜੁੜਿਆ ਈਦ ਦਾ ਦਿਹਾੜਾ ਅਸਲ ਵਿਚ ਮੁਸਲਿਮ ਧਾਰਮਿਕ ਜੀਵਨ ਸ਼ੈਲੀ ਨੂੰ ਮੁੜ ਉਸ ਲੀਹ ’ਤੇ ਪਾਉਣ ਦੀ ਸਾਲਾਨਾ ਕੋਸ਼ਿਸ਼ ਵਾਂਗ ਹੈ, ਜਿਸ ਨਾਲ ਸਾਲ ਦੇ ਬਾਕੀ ਮਹੀਨਿਆਂ ਵਿਚ ਆਏ ਵਿਗਾੜ ਅਤੇ ਸੁਸਤੀ ਨੂੰ ਦੂਰ ਕਰਨ ਵਿਚ ਮਦਦ ਜ਼ਰੂਰ ਮਿਲਦੀ ਹੈ।

ਵੀਚਾਰੀਏ ਤਾਂ ਸਹੀ ਕਿ ਅਸੀਂ ਅੱਜ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ ਤੋਂ ਕਿੰਨਾ ਦੁਰੇਡੇ ਜਾ ਖੜ੍ਹੇ ਹਾਂ। ਭਰਮ ਨੂੰ ਹੀ ਧਰਮ ਕਹੀ ਜਾ ਰਹੇ ਹਾਂ। ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪਿ੍ਰਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।’’ (ਭਾਈ ਗੁਰਦਾਸ ਜੀ/ਵਾਰ ੧/ ਪਉੜੀ ੨੪) ਵਚਨਾਂ ’ਚ ਦਰਜ ਬਾਬੇ ਵਾਲਾ ਧਿਆਨ, ਬਾਬੇ ਵਾਲਾ ਦਿਖਣਾ ਤੇ ਸੁਣਨਾ ਧਰਮ ਦੇ ਬਣੇ ਚਾਲਕਾਂ-ਸੰਚਾਲਕਾਂ ਵਿਚੋਂ ਅਲੋਪ ਕਿਉਂ ਹੈ ? ਬਾਬੇ ਕੇ ਕਹਾਉਣ ਵਾਲਿਆਂ ਵੱਲੋਂ ਗੁਰ ਪੁਰਬਾਂ ਸਬੰਧੀ ਅਪਣਾਏ ਜਾਂਦੇ ਕਾਰਜ-ਢੰਗ ਕੇਵਲ ਰਸਮਮੁਖੀ ਹੀ ਹਨ। ਸਿੱਖ ਕੌਮ ਦੇ ਕੌਮਾਂਤਰੀ ਪਸਾਰੇ ਅਤੇ ਧਰਮ ਦੀ ਆੜ ਵਿਚ ਬੜੇ ਵੱਡੇ ਪਏ ਖਿਲਾਰੇ ਨੂੰ ਇਕ ਪਾਸੇ ਰੱਖਦਿਆਂ ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਨਮੂਨਾ ਹੀ ਸਥਿਤੀ ਸਪਸ਼ਟ ਕਰ ਸਕਦਾ ਹੈ; ਜਿਵੇਂ ਕਿ ਮਈ- ਜੂਨ ਮਹੀਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਅਕਤੂਬਰ-ਨਵੰਬਰ ਮਹੀਨੇ ਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰ ਪੁਰਬਾਂ ਸਬੰਧੀ ਬੜੀ ਸ਼ਰਧਾ ਨਾਲ ਸਮਾਂ ਤੇ ਸਰਮਾਇਆ ਖ਼ਰਚ ਕੀਤਾ ਜਾਂਦਾ ਹੈ। ਗੁਰਪੁਰਬਾਂ ਪ੍ਰਤੀ ਸਵਾ-ਸਵਾ ਮਹੀਨਾ ਪਹਿਲਾਂ ਦੋ ਸੰਸਥਾਵਾਂ ਵੱਲੋਂ ਸਵੇਰ ਸ਼ਾਮ ਦੀਆਂ ਕੀਰਤਨ ਲੜੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਵਧੇਰੇ ਅੱਧਖੜ੍ਹ ਉਮਰ ਦੀਆਂ ਸੰਗਤਾਂ ਹੀ ਹੁੰਦੀਆਂ ਹਨ ਅਤੇ ਔਸਤਨ ਦੋ ਸੌ ਤੋਂ ਵੱਧ ਗਿਣਤੀ ਨਹੀਂ ਹੁੰਦੀ। ਗੁਰ ਪੁਰਬਾਂ ਨਾਲ ਸਬੰਧਿਤ ਇਤਿਹਾਸ ਜਾਂ ਗੁਰਮਤਿ ਵੀਚਾਰ ਤੇ ਲਿਟਰੇਚਰ ਤੋਂ ਪਰਹੇਜ਼ ਹੀ ਰੱਖਿਆ ਹੁੰਦਾ ਹੈ। ਸੰਗਤਾਂ ਦੇ ਆਉਣ ਜਾਣ ਦੇ ਪੈਟਰੋਲ ਡੀਜ਼ਲ ਖ਼ਰਚੇ ਪਾਸੇ ਰੱਖ ਦੇਈਏ ਤਾਂ ਕੇਵਲ ਲੰਗਰ ’ਤੇ ਹੀ ਘਰ ਵਾਲਿਆਂ ਦਾ ਖ਼ਰਚ ਅੰਦਾਜ਼ਨ 50 ਹਜ਼ਾਰ ਰੁਪਏ ਰੋਜ਼ਾਨਾ ਆਉਂਦਾ ਹੈ। ਸਵਾ ਮਹੀਨੇ ਦੇ ਅੰਦਰ ਇਕ ਗੁਰਪੁਰਬ ’ਤੇ ਲਗਭਗ 20 ਲੱਖ ਰੁਪਿਆ ਅਤੇ ਤਿੰਨ ਗੁਰ ਪੁਰਬਾਂ ’ਤੇ 60 ਲੱਖ ਰੁਪਿਆ ਖਰਚ ਦਿੱਤਾ ਜਾਂਦਾ ਹੈ। ਨਾਮਵਰ ਕੀਰਤਨੀਏ ਬੁਲਾਏ ਹੋਣ ਤਾਂ ਇਸ ਵਿਚ ਇਕ ਦੋ ਗੁਣਾ ਹੋਰ ਜੋੜਿਆ ਜਾ ਸਕਦਾ ਹੈ। ਗੁਰ ਪੁਰਬ ਵਾਲੇ ਦਿਨ ਦਾ ਖਰਚ ਵੱਖਰਾ। ਸਭਾ-ਸੁਸਾਇਟੀਆਂ ਦੇ ਇਨ੍ਹਾਂ ਪ੍ਰੋਗਰਾਮਾਂ ਤੋਂ ਵੱਖਰਿਆਂ ਗੁਰਦੁਆਰਿਆਂ ਵਲੋਂ ਮਨਾਏ ਜਾਂਦੇ ਗੁਰ ਪੁਰਬ, ਸਜਾਏ ਜਾਂਦੇ ਨਗਰ ਕੀਰਤਨ ਤੇ ਬਜ਼ਾਰਾਂ ਵਿਚ ਲੱਗੇ ਲੰਗਰਾਂ ਤੇ ਪ੍ਰਬੰਧਾਂ ਦਾ ਖ਼ਰਚ ਵੱਖਰਾ।

ਗੁਰ ਪੁਰਬ ਮਨਾਉਣ ਦੀ ਬਹੁਤ ਹੀ ਅਹਿਮੀਅਤ ਹੁੰਦੀ ਹੈ ਪਰ ਗੁਰੂ ਸਾਹਿਬਾਨ ਦੀ ਨਸੀਹਤ ਹੇਠ ਮਨਾਏ ਜਾਣ। ਛੋਟਾ ਜਿਹਾ ਸ਼ਹਿਰ ਇਕ ਪਿੰਡ ਦੀ ਉਸ ਸਮੱਸਿਆ ਦਾ ਸਮਾਧਾਨ ਸਹਿਜੇ ਹੀ ਕਰ ਸਕਦਾ ਹੈ, ਜੋ ਕਿ ਅੱਜ ਸੰਨ 2017 ਵਿਚ ਭਾਰਤ ਦੇ ਕੁਝ ਰਾਜਾਂ ਤੇ ਖਾਸ ਕਰ ਕੇ ਪੰਜਾਬ ਦਾ ਇਕ ਭਖਦਾ ਮਸਲਾ ਬਣੀ ਹੋਈ ਹੈ। ਉਹ ਹੈ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ’ਤੇ ਪੈਦਾ ਹੁੰਦੇ ਪ੍ਰਦੂਸ਼ਣ ਅਤੇ ਕਰਜ਼ੇ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੁੰਦੀਆਂ ਖ਼ੁਦਕੁਸ਼ੀਆਂ।

ਪੰਜਾਬ ਸਰਕਾਰ ਨੇ ਟ੍ਰਿਬਿਊਨਲ ਨੂੰ ਦਿੱਤੇ ਹਲਫ਼ਨਾਮੇ ਵਿਚ ਕਿਹਾ ਕਿ ਹੁਣ ਤੱਕ ਦੀ ਸਾਰੀ ਮਸ਼ੀਨਰੀ ਮਿਲਾ ਕੇ 61 ਹਜ਼ਾਰ ਹੈਕਟੇਅਰ ਝੋਨੇ ਦੀ ਪਰਾਲੀ ਦਾ ਪ੍ਰਬੰਧ ਅੱਗ ਲਗਾਏ ਬਿਨਾਂ ਕੀਤਾ ਜਾ ਸਕਦਾ ਹੈ। ਜੇਕਰ 2 ਏਕੜ ਤੱਕ ਵਾਲੇ ਨੂੰ ਮੁਫ਼ਤ, 5 ਏਕੜ ਵਾਲਿਆਂ ਨੂੰ 5 ਹਜ਼ਾਰ ਰੁਪਏ ਅਤੇ ਇਸ ਤੋਂ ਵੱਧ ਵਾਲਿਆਂ ਨੂੰ 15 ਹਜ਼ਾਰ ਰੁਪਏ ਵਿਚ ਤਕਨੀਕ ਤੇ ਮਸ਼ੀਨਰੀ ਉਪਲਬਧ ਕਰਵਾਉਣ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਨੂੰ ਲਾਗੂ ਕਰਨਾ ਹੋਵੇ ਤਾਂ 9392 ਕਰੋੜ ਰੁਪਏ ਚਾਹੀਦੇ ਹਨ। ਸਪਸ਼ਟ ਹੋ ਗਿਆ ਕਿ ਸਰਕਾਰਾਂ ਬੇਵੱਸ ਹਨ ਜਿਸ ਦਾ ਮੂਲ ਕਾਰਨ, ਕਿ ਉਹ ਨਿੱਜ ਤੱਕ ਸੀਮਤ ਹਨ। ਏਥੇ ਧਰਮ ਦੀ ਪਰਉਪਕਾਰੀ ਜੁਗਤਿ ਹੀ ਜੀਵਨ ਪ੍ਰਦਾਨ ਕਰ ਸਕਦੀ ਹੈ। ਸਰਕਾਰੀ ਵਿੱਤੀ ਅੰਕੜਾ ਆਧਾਰ ਬਣਾਈਏ ਤਾਂ ਪੰਜਾਬ ਦੇ ਹਰ ਪਿੰਡ ਨੂੰ ਲਗਭਗ 80 ਲੱਖ ਰੁਪਏ ਦੀ ਤਕਨੀਕ ਤੇ ਮਸ਼ੀਨਰੀ ਦੇ ਕੇ ਪਰਾਲੀ ਨੂੰ ਫੂਕਣ ਤੋਂ ਰੋਕਿਆ ਜਾ ਸਕਦਾ ਹੈ। ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਇਕ ਧਾਰਮਿਕ ਵਰਗ ਤੇ ਪਿੰਡ ਵਾਲੇ ਰਲ਼ ਕੇ ਇਕ ਪਿੰਡ ’ਚ ਪਰਾਲੀ ਦੀ ਅੱਗ ਨੂੰ ਰੋਕ ਸਕਦੇ ਹਨ, ਜੋ ਜ਼ਰੂਰੀ ਹੈ, ਪਰ ਲੋੜ ਹੈ ਗੁਰੂਆਂ ਵਾਲੀ ਸੂਝ-ਬੂਝ ਦੀ।

ਦੁਨਿਆਵੀ ਬਾਦਸ਼ਾਹਾਂ ਦੀਆਂ ਹੱਦਾਂ ਹੁੰਦੀਆਂ ਹਨ ਪਰ ‘‘ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ ॥’’ (ਮ: ੫/੧੪੨੬) ਦੀਆਂ ਹੱਦਾਂ ਨਹੀਂ ਹੁੰਦੀਆਂ। ਪਾਤਸ਼ਾਹ ਆਪ ਅਸੀਮ ਸ਼ਕਤੀ ਹੈ ਅਤੇ ਉਸ ਦੀ ਸ਼ਕਤੀ ਨਾਲ ਚੱਲਣ ਵਾਲੀ ਲੁਕਾਈ ਭਾਣੇ ਵਿਚ ਹਿੰਮਤ ਨਾਲ ਜੀਵਦੀ ਹੈ। ਬਹੁਤ ਕੁਝ ਵੱਸ ਵਿਚ ਆ ਜਾਂਦਾ ਹੈ। 20 ਅਕਤੂਬਰ 2017 ਦੀ ਖ਼ਬਰ ਹੈ ਕਿ ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਪਰਾਲੀ ਸੰਭਾਲ ਮਲਚਰ ਅਤੇ ਪਲਟਾਵੇ ਹਲਾਂ ਸਮੇਤ ਹੋਰ ਸੰਦ ਛੋਟੇ ਕਿਸਾਨਾਂ ਨੂੰ ਵਰਤ ਲੈਣ ਲਈ ਜਨਤਕ ਪੇਸ਼ਕਸ਼ ਕੀਤੀ ਹੈ। ਜੋ 10-12 ਲੱਖ ਰੁਪਏ ਦੇ ਹਨ। ਕੈਨੇਡਾ ਵਿਚ ਰਹਿੰਦੇ ਸ਼ੇਰਪੁਰ ਦੋਨਾ ਦੇ ਸਤਨਾਮ ਸਿੰਘ ਹੁੰਦਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਪਰਾਲੀ ਨੂੰ ਖੇਤਾਂ ਵਿਚ ਵਾਹੁਦਿਆਂ ਹੋਣ ਵਾਲੇ ਤੇਲ ਖਰਚੇ ਦਾ ਭਾਰ ਚੁੱਕਣਗੇ। ਸਤਨਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ’ਤੇ ਟੇਕ ਨਾ ਰੱਖਣ ਸਗੋਂ ਇਕ ਦੂਜੇ ਦਾ ਸਾਥ ਦੇ ਕੇ ਇਸ ਸੰਕਟ ਵਿਚੋਂ ਨਿਕਲਣ।

ਸਚਮੁੱਚ ਦੁਰਦਸ਼ਾ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਤੇ ਸਿਹਤਮੰਦ ਦਿਸ਼ਾ ਅਖ਼ਤਿਆਰ ਕਰਨੀ ਹੋਵੇਗੀ। ਪਹਿਲਾ ਸਵਾਲ ਤਾਂ ਇਹ ਕਿ ਐਸੀਆਂ ਫ਼ਸਲਾਂ ਬੀਜੀਆਂ ਹੀ ਕਿਉਂ ਜਾਣ ਜੋ ਧਰਤੀ ਹੇਠਲੇ ਪਾਣੀ ਦਾ ਹੀ ਖਾਤਮਾ ਕਰ ਦੇਣ ਤੇ ਫਿਰ ਸਮੇਟਣ ਲਈ ਪੌਣ-ਪਾਣੀ ਨੂੰ ਪ੍ਰਦੂਸ਼ਿਤ ਕਰ ਦੇਣ। ਆਉਣ ਵਾਲੀ ਪੀੜ੍ਹੀ ਆਕਸੀਜਨ ਤੇ ਪਾਣੀ ਨੂੰ ਤਰਸਦੀ ਮਰੇਗੀ। ਇਹ ਕੈਸੀ ਕਮਾਈ ਜੋ ਹਸਪਤਾਲਾਂ ਰਾਹੀਂ ਫਿਰ ਕਾਰਪੋਰੇਟ ਘਰਾਣਿਆਂ ਦੇ ਹੀ ਘਰ ਜਾ ਕੇ ਪੁੱਜੇਗੀ। ਭਾਰਤ ਅੰਦਰ ਲੋੜਾਂ ਦੀ ਪੂਰਤੀ ਕਰਨ ਉਪਰੰਤ ਹਰ ਵਰ੍ਹੇ 30-35 ਮਿਲੀਅਨ ਟਨ ਅਨਾਜ ਬਚਾਅ ਕੇ ਰੱਖਣ ਦੀ ਗੁੰਜਾਇਸ਼ ਹੁੰਦੀ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਹਰ ਸਾਲ ਸਾਢੇ ਛੇ ਕਰੋੜ ਲੋਕ ਭੁੱਖਮਰੀ ਜਾਂ ਨੀਮ ਭੁੱਖਮਰੀ ਕਾਰਨ ਰੋਗਾਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਯੁਨੀਸੈਫ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ 3 ਲੱਖ ਬੱਚੇ ਇਕ ਦਿਨ ਦੀ ਜ਼ਿੰਦਗੀ ਵੀ ਪੂਰੀ ਨਹੀਂ ਕਰਦੇ। ਕੁਪੋਸ਼ਣ ਅਤੇ ਇਲਾਜ ਦੀ ਘਾਟ ਕਰ ਕੇ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 10 ਲੱਖ ਬੱਚੇ ਹਰ ਸਾਲ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਕ ਲੱਖ ਮਾਵਾਂ ਪਿੱਛੇ ਪੰਝੀ ਹਜ਼ਾਰ ਜਣੇਪੇ ਸਮੇਂ ਹੀ ਸਫਰ ਮੁਕਾ ਬਹਿੰਦੀਆਂ ਹਨ। ਇਹ ਮੌਤਾਂ ਕੁਦਰਤੀ ਨਹੀਂ। ਖੁਰਾਕ ਸੁਰੱਖਿਆ ਅਤੇ ਸਿਹਤ ਸਹੂਲਤਾਂ ਦਾ ਵਿਗੜਿਆ ਢਾਂਚਾ ਹੀ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਹੈ।

9392 ਕਰੋੜ ਰੁਪਏ ਦੀ ਲੋੜ ਹੈ ਪੰਜਾਬ ਸਰਕਾਰ ਨੂੰ ਪਰਾਲੀ ਦੀ ਸੰਭਾਲ ਲਈ। ਕੀ ਹੁਣ ਵਾਤਾਵਰਣ ਅਤੇ ਲੁਕਾਈ ਦੀ ਹੱਤਿਆ ਕਰ ਕੇ ਉਸੇ ਵਿਚ ਆਤਮ-ਹੱਤਿਆ ਕਰ ਲੈਣੀ ਹੈ  ? ਨਹੀਂ ਜੀ। ਗੁਰੂ ਦਾ ਗਿਆਨ ਫ਼ੁਰਮਾਨ ਵਰਤੀਏ । ਇਹ ਵੀ ਭੁਚਾਲ, ਤੁਫ਼ਾਨ ਤੇ ਸੁਨਾਮੀ ਜੈਸੀ ਆਫ਼ਤ ਹੈ । ਜੇ ਇਹ ਸੇਵਾ ਨਹੀਂ ਤਾਂ ਫਿਰ ਜਿਸ ਨੂੰ ਸੇਵਾ ਸਮਝਦੇ ਹਾਂ ਉਸ ਨੂੰ ਅਣਿਆਈ ਮੌਤੇ ਮਰ ਕੇ ਕਿਵੇਂ ਕਰਾਂਗੇ  ? ਤਬਾਹੀ ਰੋਕੀ ਜਾ ਸਕਦੀ ਹੈ। ਤੁਰਨਾ ਪਵੇਗਾ। ‘‘ਚੜ੍ਹਿਆ ਸੋਧਣ ਧਰਤਿ ਲੋਕਾਈ’’ ਉੱਚੇ-ਦਰ ਦੀ ਵਾਰਸ ਸਿੱਖ ਕੌਮ ਦੀ ਗਿਣਤੀ 2 ਕਰੋੜ ਮੰਨ ਲਈ ਜਾਵੇ। ਇਸ ’ਚੋਂ 1 ਕਰੋੜ ਸਿੱਖਾਂ ਨੂੰ ਯੋਗ ਮੰਨ ਲਿਆ ਜਾਵੇ ਕਿ ਉਹ ਹਰ ਰੋਜ਼ 10 ਰੁਪਏ ਸਾਂਝੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਸਕਦੇ ਹਨ ਤਾਂ ਰੋਜ਼ਾਨਾ 10 ਕਰੋੜ ਰੁਪਿਆ ਇਕੱਠਾ ਹੁੰਦਾ ਹੈ। ਇਕ ਮਹੀਨੇ ਦਾ 300 ਕਰੋੜ ਤੇ ਇਕ ਸਾਲ ਦਾ 3600 ਕਰੋੜ ਇਕੱਠਾ ਹੋ ਜਾਂਦਾ ਹੈ। ਐਨੀ ਵੱਡੀ ਸਮੱਸਿਆ ਨੂੰ ਨਜਿੱਠਣ ਦਾ 3 ਸਾਲ ਦਾ ਟੀਚਾ ਰੱਖ ਲਿਆ ਜਾਵੇ ਤਾਂ 9300 ਕਰੋੜ ਤੋਂ ਵੱਧ ਹੀ ਇਕੱਠਾ ਹੋ ਜਾਣਾ ਹੈ, ਜਿਵੇਂ ਗੁਰੂ ਕਾ ਲੰਗਰ ਚਲਾਉਣ ਵਿਚ ਸ਼ਰਧਾ ਰੱਖੀ ਜਾਂਦੀ ਹੈ, ਇਵੇਂ ਹੀ ਕੌਮਾਂਤਰੀ ਪੱਧਰ ’ਤੇ ਤਾਲਮੇਲ ਰੱਖ ਕੇ ਖੇਤੀਬਾੜੀ ਨੂੰ ‘ਗੁਰੂ ਕੀ ਖੇਤੀ’ ਦੀ ਸ਼ਰਧਾ ਨਾਲ ਤੇ ਕੁਦਰਤ ਦੀ ਕਦਰ ਕਰਦਿਆਂ ਨਿਭਾਉਣ ਲੱਗ ਜਾਈਏ ਤਾਂ ਸਮੱਸਿਆਵਾਂ ਸਿਮਟ ਕੇ ਰਹਿ ਜਾਣਗੀਆਂ। ਭਾਈ ਭਾਈ ਬਣ ਤੁਰਨਾ ਪੈਣਾ ਹੈ। ‘ਮੰਗਿਆਂ ਨਹੀਂ ਮਿਲਣੀ ਤੇ ਆਪਣੀ ਬਣਾ ਲੈ ਮਿੱਤਰਾ’ ਲਿਖਿਆ ਤਾਅਨਾ ਟਰਾਲੀਆਂ ਤੋਂ ਮਿਟਾਉਣਾ ਹੋਵੇਗਾ। ਹੁਣ 9300 ਕਰੋੜ ਦਾ ਖ਼ਰਚ ਨਹੀਂ ਹੋਵੇਗਾ। 3600 ਕਰੋੜ ਵਿਚ ਵੀ ਸੁਚੱਜੇ ਢੰਗ ਨਾਲ ਮਸਲਾ ਹੱਲ ਹੋ ਜਾਣਾ ਹੈ। ਖੜ੍ਹੇ ਕਿੱਥੇ ਹਾਂ ਇਕ ਝਾਤ ਮਾਰੀਏ । ਪੰਜਾਬ ਵਿਚ ਹਰੇਕ ਸਾਲ 20,000 ਟ੍ਰੈਕਟਰ ਵੇਚੇ ਜਾ ਰਹੇ ਹਨ ਜੋ ਕਿ 90-105 ਹਾਰਸ ਪਾਵਰ ਦੇ ਹਨ। 4.30 ਲੱਖ ਟ੍ਰੈਕਟਰ ਹਨ। ਪੰਜਾਬ ਵਿਚ 1000 ਹੈਕਟੇਅਰ ਲਈ 95 ਟ੍ਰੈਕਟਰ ਹਨ। ਜਦੋਂ ਕਿ ਭਾਰਤ ਵਿਚ 15 ਅਤੇ ਚੀਨ ਵਿਚ ਕੇਵਲ 7 ਹਨ। ਪੰਜਾਬ ਵਿਚ 62% ਕਿਸਾਨਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। ਪੰਜਾਬ ਵਿਚ ਔਸਤਨ ਜ਼ਮੀਨ ਦਾ ਆਕਾਰ 2 ਹੈਕਟੇਅਰ ਤੋਂ ਵੀ ਘੱਟ ਹੈ। ਹਰੇਕ ਦੂਸਰੇ ਪਰਿਵਾਰ ਕੋਲ ਆਪਣਾ ਟ੍ਰੈਕਟਰ ਹੈ। ਇਹ ਸਥਿਤੀ ਆਰਥਿਕ ਤੌਰ ’ਤੇ ਤਰਕ ਸੰਗਤ ਨਹੀਂ ਹੈ। ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਕਿਸਾਨ ਆਮਦਨ ਕਮਿਸ਼ਨ ਬਣਾਵੇ। ਅਮਰੀਕਾ ਤੇ ਯੂਰਪ ਵਾਂਗ ਕਿਸਾਨਾਂ ਨੂੰ ਸਿੱਧੀ ਆਮਦਨ ਦੀ ਲੋੜ ਹੈ। ਕਿਸਾਨ ਤੇ ਧਾਰਮਿਕ ਜਗਤ ਅਮੁਲ ਡੇਅਰੀ ਪ੍ਰੋਗਰਾਮ ਦੀ ਤਰਜ਼ ’ਤੇ ਸਹਿਕਾਰੀ ਢਾਂਚਾ ਸਥਾਪਤ ਕਰੇ । ਬਹੁ-ਫ਼ਸਲੀ ਪ੍ਰਬੰਧ ’ਤੇ ਢੁਕਵਾਂ ਜ਼ੋਰ ਦਿੱਤਾ ਜਾਵੇ।

ਕਿਸਾਨ ਤੇ ਸਰਕਾਰਾਂ ਆਹਮੋ ਸਾਹਮਣੇ ਖੜ੍ਹ ਰਹੇ ਹਨ ਜੋ ਅਰਥਹੀਣ ਵੀ ਹੈ ਤੇ ਮੰਦਭਾਗਾ ਵੀ। ਮਸਲਾ ਅਰਥ-ਵਿਵਸਥਾ ਕਰ ਕੇ ਉਲਝਿਆ ਹੋਇਆ ਹੈ। ਅਰਥ ਸ਼ਾਸ਼ਤਰੀਆਂ ਅਤੇ ਵਿਗਿਆਨਕਾਂ ਵੱਲੋਂ ਸੁਧਰੀਆਂ ਅਤੇ ਮਹਿੰਗੀਆਂ ਤਕਨੀਕਾਂ ਦੀਆਂ ਤਜ਼ਵੀਜਾਂ ਖੇਤੀ ਅੰਦਰ ਭਾਰੀ ਉਲਝਣਾਂ ਹਨ। ਯੋਜਨਾਬੱਧ ਢੰਗ ਨਾਲ ਉਲਝਾਇਆ ਹੋਇਆ ਹੈ। ਸੰਨ 1995 ਵਿਚ ਵਿਸ਼ਵ ਬੈਂਕ ਦੇ ਇਕ ਸਾਬਕਾ ਉੱਚ ਅਧਿਕਾਰੀ ਵਲੋਂ ਚੇਨਈ ਵਿਚ ਸਮਾਜਿਕ ਕਾਰਕੁੰਨਾਂ ਨਾਲ ਬੈਠਿਆਂ ਕੀਤੀਆਂ ਗੱਲਾਂ-ਬਾਤਾਂ ’ਚੋਂ ਹੋਇਆ ਖ਼ੁਲਾਸਾ ਲੂੰ ਕੰਡੇ ਖੜ੍ਹੇ ਕਰਨ ਵਾਲਾ ਹੈ। ਉਹ ਸੀ ਵਿਸ਼ਵ ਬੈਂਕ ਵਲੋਂ ਭਾਰਤ ਨੂੰ ਹਦਾਇਤ; ਕਿ ਵੱਧ ਤੋਂ ਵੱਧ ਲੋਕਾਂ ਨੂੰ ਖੇਤੀ ’ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਉਦਯੋਗ ਸਥਾਪਤ ਕੀਤੇ ਜਾ ਸਕਣ। ਕੇਂਦਰ ਸਰਕਾਰ ਵਲੋਂ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਾ ਕਰਨਾ, ਐਸੀਆਂ ਹਦਾਇਤਾਂ ਦਾ ਸਬੂਤ ਹੀ ਹੈ। ਦੂਜੇ ਪਾਸੇ ਅਮਰੀਕਾ ਨੇ ਯਕੀਨੀ ਬਣਾਇਆ ਹੋਇਆ ਹੈ ਕਿ ਕਿਸਾਨ ਨਿੱਜੀ ਵਰਤੋਂ ਲਈ ਜ਼ਮੀਨਾਂ ਨਾ ਵੇਚਣ। ਪਰਾਲੀ ਜਾਂ ਨਾੜ ਮਾਮਲਾ ਉਜਾੜੇ ਦੀ ਚਾਲ ਦਾ ਹਿੱਸਾ ਹੈ। ਅੱਜ ਸਾਂਭ-ਸੰਭਾਲ ਜਾਂ ਸਮੇਟਣ ਲਈ ਪੈਸੇ ’ਤੇ ਕੇਂਦ੍ਰਿਤ ਹੈ। ਜਦ ਕਿ ਲੋੜ ਜ਼ਿੰਦ-ਜਾਨ ਬਚਾਉਣ ਦੀ ਹੈ। ਹੁਣ ਏਥੇ ਗੁਰੂ ਸਾਹਿਬਾਨਾਂ ਵਲੋਂ ਅੰਨ-ਜਲ ਸੰਕਟ ਦੌਰਾਨ ਪਾਏ ਮਹੱਤਵ ਪੂਰਨ ਯੋਗਦਾਨ ਦਾ ਧਿਆਨ ਧਰਿਆਂ ਸੰਕਟ ਟਲ਼ ਸਕਦਾ ਹੈ। ਧਾਰਮਿਕ ਵਰਗ ਕੌਮ ਨੂੰ ਸੰਵਾਰਨ ਲਈ ਵਿਉਂਤਬੰਦੀ ਨਾਲ ਖਰਚ ਕਰਨ ਲੱਗ ਜਾਵੇ ਤਾਂ ਜਨ-ਸਧਾਰਨ ਨੂੰ ਆਤਮਿਕ ਲਾਭ ਵੀ ਮਿਲੇਗਾ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਰੋਗੀਆਂ ਨੂੰ ਸਹਾਰਾ ਵੀ। ਦੁਨੀਆਂ ਭਰ ਦੇ ਪੈਦਾਵਰੀ ਸ੍ਰੋਤਾਂ ਉੱਤੇ ਸਾਮਰਾਜੀ ਕਾਰਪੋਰੇਟੀ ਪੂੰਜੀ ਕਬਜ਼ਿਆਂ ਦੀ ਹੋੜ ਲੱਗੀ ਹੋਈ ਹੈ। ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਚੱਲ ਰਹੀਆਂ ਹਨ। ਲੋਕਰਾਜ ਮਖੌਟਾ ਹੀ ਹੈ। ਗੁਰੂ ਨਾਨਕ ਸਾਹਿਬ ਨੇ ਐਸੇ ਹਾਲਾਤਾਂ ਨੂੰ ਤੁਰੰਤ ਗੰਭੀਰਤਾ ਨਾਲ ਲਿਆ ਸੀ । ਬਾਬਰ ਨੂੰ ਜਾਬਰ ਕਹਿਣ ਦੀ ਜੁਰਅਤ ਕੀਤੀ ਸੀ। ਵਿਕਾਊ ਵਿਗਿਆਨ ਨੇ ਵੰਸ਼-ਰਹਿਤ ਬੀਜ ਤਿਆਰ ਕਰ ਕੇ ਪਰੋਸ ਦਿੱਤਾ ਹੈ। ਵਾਤਾਵਰਨ ਤੇਜ਼ੀ ਨਾਲ ਵਿਗੜ ਰਿਹਾ ਹੈ। ਨਾਸਾ ਦੇ ਉਪਗ੍ਰਹਿ ਸਰਵੇਖਣ ਅਨੁਸਾਰ ਧਰਤੀ ਹੇਠਲੇ ਪਾਣੀ ਭੰਡਾਰ 2020 ਤੱਕ ਸੁੱਕ ਜਾਣਗੇ। ਜ਼ਹਿਰੀਲੀ ਭੋਜਨ ਪ੍ਰਣਾਲੀ, ਪ੍ਰਦੂਸ਼ਿਤ ਹਵਾ ਪਾਣੀ ਅਤੇ ਤਣਾਅ ਕਾਰਨ ਵੱਡੀ ਪੱਧਰ ’ਤੇ ਲੋਕ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਚੁੱਕੇ ਹਨ। ਮਨੁੱਖ ਤੇ ਪਸ਼ੂ ਪੰਛੀ ਬੱਚੇ ਪੈਦਾ ਕਰਨ ਤੋਂ ਅਸਮਰੱਥ ਹੋ ਰਹੇ ਹਨ। 99 ਫ਼ੀ ਸਦੀ ਆਬਾਦੀ ਵੱਖ ਵੱਖ ਤਰ੍ਹਾਂ ਦੀ ਮੰਦਹਾਲੀ ਤੇ ਬਦਹਾਲੀ ਝੱਲ ਰਹੀ ਹੈ। ਬੇਰੋਜ਼ਗਾਰੀ- ਅਰਧ-ਬੇਰੋਜ਼ਗਾਰੀ ਵੱਡੇ ਪੱਧਰ ’ਤੇ ਪਸਰ ਗਈ ਹੈ। ਮੁਨਾਫ਼ਿਆਂ ਤੇ ਖ਼ੁਦਗਰਜੀਆਂ ਦੇ ਇਸ ਦੌਰ ਵਿਚ ਹਰ ਵਸਤੂ ਮਹਿੰਗੀ ਹੋ ਰਹੀ ਹੈ ਪਰ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ।

ਇਸ ਵਿਵਸਥਾ ਨੂੰ ਪਲਟ ਕੇ ਸਰਬੱਤ ਦੇ ਭਲੇ ਵਾਲੀ ਵਿਵਸਥਾ ਸਥਾਪਤ ਕਰਨ ਲਈ 99 ਫ਼ੀਸਦੀ ਨੂੰ ਚੌਕਸ ਕਰਨਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨਾਂ ਦੇ ਪ੍ਰਬੰਧਕੀ ਬੋਰਡ, ਡੇਰੇ, ਮਹਾ ਨਗਰਾਂ ਤੇ ਵਿਦੇਸ਼ਾਂ ਦੇ ਵੱਡੇ ਵੱਡੇ ਗੁਰਦੁਆਰੇ ਤਾਂ ਸਮੁੱਚੀ ਕਾਇਨਾਤ ਦੀ ਕਾਇਆ ਕਲਪ ਕਰਨ ਦੀ ਸ਼ਕਤੀ ਰੱਖਦੇ ਹਨ। ਇਹਨਾਂ ਵਲੋਂ ਵਿੱਦਿਆ, ਡਾਕਟਰੀ ਇਲਾਜ, ਲੰਗਰ ਅਤੇ ਪ੍ਰਚਾਰ-ਪ੍ਰਸਾਰ ਦੇ ਬਹੁਤ ਸਾਰੇ ਸੇਵਾ-ਕਾਰਜ ਯੋਜਨਾਬੱਧ ਢੰਗ ਨਾਲ ਨਿਭਾਏ ਵੀ ਜਾਂਦੇ ਹਨ, ਜੋ ਕਿ ਨਾ-ਕਾਫ਼ੀ ਹਨ। ਕੁਝ ਨਾ ਕੁਝ ਤਸੱਲੀਬਖ਼ਸ਼ ਜ਼ਰੂਰ ਹਨ, ਪਰ ਸਿੱਖ ਕੌਮ ਦੇ ਕੁਝ ਉਹਨਾਂ ਅੰਗਾਂ ਦੀ ਕਾਰਗੁਜ਼ਾਰੀ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਜੋ ਕੌਮ ਦੀ ਆਰਥਿਕਤਾ ਨੂੰ ਪ੍ਰਭਾਵਤ ਤਾਂ ਕਰਦੇ ਹਨ ਪਰ ਆਤਮਿਕ ਤੇ ਆਰਥਿਕ ਪੱਖੋਂ ਕੌਮ ਨੂੰ ਸਵਾਰਨ ਤੋਂ ਅਵੇਸਲੇ ਹਨ। ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰੇ, ਜਿਨ੍ਹਾਂ ਕੋਲ ਲੱਖਾਂ ਰੁਪਏ ਫ਼ੰਡ ਪਏ ਹਨ ਪਰ ਇਹਨਾਂ ਫ਼ੰਡਾਂ ਰਾਹੀਂ ਸਮੱਸਿਆਵਾਂ ਦੇ ਸਮਾਧਾਨ ਲਈ ਪ੍ਰੋਜੈਕਟ ਯੋਜਨਾ ਕੋਈ ਨਹੀਂ ਹੈ। ਇਕ-ਇਕ ਪੈਸਾ ਸੰਭਾਲ ਕੇ ਰੱਖਣਾ ਤੇ ਇਕ-ਇਕ ਪੈਸੇ ਦਾ ਹਿਸਾਬ ਰੱਖਣਾ ਹੀ ਸੇਵਾ ਤੇ ਧਰਮ ਨਿਸ਼ਚਿਤ ਕੀਤਾ ਹੋਇਆ ਹੈ। ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੀ ਮੰਦਹਾਲੀ ਦੇ ਮਾਹੌਲ ਨਾਲ ਮਖੌਲ ਕਰ ਕੇ ਡੰਗ ਟਪਾ ਲਿਆ ਜਾਂਦਾ ਹੈ। ਖੁਦਕੁਸ਼ੀਆਂ ਹੋਣ ’ਤੇ ਦਰੀਆਂ ਉੱਪਰ ਬੈਠ ਅਫ਼ਸੋਸ ਕਰ ਲਿਆ ਜਾਂਦਾ ਹੈ। ਫੰਡ ਕੇਵਲ ਤੇ ਕੇਵਲ ਇਮਾਰਤਾਂ ਦੀ ਉਸਾਰੀ ਜਾਂ ਫਿਰ ਕੁਝ ਸਮਾਗਮਾਂ ’ਤੇ ਖਰਚ ਹੁੰਦੇ ਹਨ। ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਵਾਲਾ ਸੰਕਲਪ ਸੁਣਨ-ਮੰਨਣ ਦਾ ਹਿੱਸਾ ਹੀ ਨਹੀਂ ਰਹਿ ਜਾਂਦਾ।

ਭਾਰਤੀ ਦੀ ਕੁਲ ਰਾਸ਼ਟਰੀ ਆਮਦਨ ਦਾ 03 ਫੀਸਦੀ ਹਿੱਸਾ ਤਿਉਹਾਰਾਂ ਦੀ ਭੇਟ ਚੜ੍ਹ ਜਾਂਦਾ ਹੈ। ਨਤੀਜਾ, ਨਾ ਕੋਈ ਉਤਪਾਦ ਅਤੇ ਨਾ ਹੀ ਕੋਈ ਆਰਥਿਕ ਤੇ ਆਤਮਿਕ ਵਿਕਾਸ। ਤਿਉਹਾਰ, ਪਰਉਪਕਾਰ ਤੋਂ ਹਟ ਕੇ ਸਮੁੱਚਾ ਵਾਤਾਵਰਨ ਪਲੀਤ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਦਾ ਵੱਖ-ਵੱਖ ਦੇਸ਼ਾਂ ਦਾ ਰਟਨ ਕਰਨਾ, ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਦਾ ਵਿਸ਼ਵ ਪੱਧਰ ਦੀਆਂ ਸਮੱਸਿਆਵਾਂ ਨਾਲ ਸਰੋਕਾਰ ਸੀ। ਕੀ ਅੱਜ ਸਿੱਖ ਧਰਮ ਦੇ ਪ੍ਰਬੰਧਕਾਂ ਤੇ ਪ੍ਰਚਾਰਕਾਂ ਦਾ ਲੋਕਲ ਤੇ ਗਲੋਬਲ ਮਸਲਿਆਂ ਨਾਲ ਸਰੋਕਾਰ ਹੈ  ? ਆਤਮਿਕ ਮੰਡਲਾਂ ਦੇ ਰਾਹੀਆਂ ਨੂੰ ਵਿਸ਼ਵ ਦੀ ਖੁਸ਼ਹਾਲੀ ਲਈ ਆਤਮਿਕ ਵਿਕਾਸ ਅਤੇ ਆਰਥਿਕ ਸੁਰੱਖਿਆ ਨਾਲ ਸਰੋਕਾਰ ਰੱਖਦਾ ਮਾਡਲ ਸਿਰਜਣਾ ਹੋਵੇਗਾ। ਆਤਮਿਕ ਤੇ ਆਰਥਿਕ ਫੋਰਮ ਦਾ ਗਠਨ ਕਰਨਾ ਸਮੇਂ ਦੀ ਮੁੱਖ ਮੰਗ ਹੈ। ਜੋ ਸਰਬਤ ਦੇ ਅਮਲ਼ੀ ਭਲੇ ਲਈ ਇਕ-ਇਕ ਦਰਵਾਜ਼ੇ ਨਾਲ ਜੁੜੀ ਹੋਵੇ ਤੇ ਲੋਕਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਤੇ ਹੱਦਾਂ ਪ੍ਰਤੀ ਸਲਾਹਕਾਰ ਹੋਵੇ। ਜੇ ਅੱਜ ਅੰਦਾਜ਼ਨ ਸਵਾ ਲੱਖ ਵਿਦਿਆਰਥੀ 20-20 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਵਿਦੇਸ਼ ਦੀ ਉਡਾਰੀ ਮਾਰ ਗਿਆ ਹੈ ਜਾਂ ਮਾਰ ਰਿਹਾ ਹੈ ਤਾਂ ਇਸ ਦੇ ਦੂਰ-ਰਸ ਨਤੀਜੇ ਕੀ ਹੋਣੇ ਹਨ, ਸੋਚਣਾ ਹੋਵੇਗਾ। ਵਾਤਾਵਰਨ ਤੇ ਊਰਜਾ ਦੇ ਖੇਤਰ ਵਿਚ ਵੀ ਤੁਰੰਤ ਕਦਮ ਉਠਾਉਣੇ ਹੋਣਗੇ। ਉਦਾਹਰਨ ਲਈ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਢਾਈ ਕਰੋੜ ਦੀ ਲਾਗਤ ਨਾਲ 504 ਮੈਗਾਵਾਟ ਸਮਰੱਥਾ ਵਾਲਾ ਸੌਰ ਊਰਜਾ ਵਾਲਾ ਪਲਾਂਟ ਲਗਾਇਆ ਗਿਆ ਹੈ। ਜੋ ਇਕ ਘੰਟੇ ਵਿਚ 25 ਯੂਨਿਟ ਬਿਜਲੀ ਤਿਆਰ ਕਰ ਕੇ 1 ਲੱਖ ਤੋਂ ਵੱਧ ਸ਼ਰਧਾਲੂਆਂ ਲਈ ਪੌਸ਼ਟਿਕ ਲੰਗਰ ਤਿਆਰ ਕਰਦਾ ਹੈ। ਪ੍ਰਤੀ ਦਿਨ 200 ਗੈਸ ਸਿਲੰਡਰ ਅਤੇ ਬਾਲਣ ਬਚਾਉਣ ਵਾਲੀ ਅਪਣਾਈ ਤਕਨੀਕ ਰਾਹ-ਦਸੇਰਾ ਹੈ। ਮਾਚਿਸ ਤੀਲ਼ੀ ਨਾਲ ਅਸਿੱਧੇ ਰੂਪ ਵਿਚ ਨੋਟ ਤੇ ਵਾਤਾਵਰਨ ਨੂੰ ਸਾੜਨ ਦੇ ਰੁਝਾਨਾਂ ਵਿਰੁੱਧ ਚੇਤਨਾ ਮੁਹਿੰਮਾਂ ਤੋਰੀਏ। ਬਾਬੇ ਨਾਨਕ ਦੇ ਉੱਚੇ-ਦਰ ਦੇ ਨਵ-ਨਰੋਏ ਸੰਕਲਪਾਂ ਨਾਲ ਸਿਹਤਮੰਦ ਸੰਸਾਰ ਦੀ ਸਿਰਜਣਾ ਹਿਤ ਲਾਮਬੰਦ ਹੋਈਏ ਤੇ ਤੁਰੀਏ।

ਰਸ਼ਪਾਲ ਸਿੰਘ-98554-40151

ਸ਼ੁਭ ਕਰਮਨ ਸੁਸਾਇਟੀ, ਹੁਸ਼ਿਆਰਪੁਰ।

098554-40151 rashpalsingh714@gmail.com

ਆਪ ਜੀ ਦੇ ਗਿਆਤ-ਹਿਤ :

ਕਾਰਜ-ਖੇਤਰ: ਐਨ. ਜੀ. ਓ. ਜ਼ ਸੰਸਥਾਵਾਂ ਨਾਲ ਸਿਹਤ, ਸਿੱਖਿਆ ਤੇ ਵਾਤਾਵਰਣ ਪ੍ਰੋਜੈਕਟਾਂ ਲਈ ਵਿਜ਼ਟਿੰਗ ਕਮਿਊਨਿਟੀ ਮੋਟੀਵੇਟਰ।

ਫੋਰਮਰ ਪ੍ਰੋਜੈਕਟ ਡਾਇਰੈਕਟਰ-ਕਮ-ਕੌਂਸਲਰ ਨਸ਼ਾ ਛਡਾਊ ਕੇਂਦਰ ਐਨ. ਜੀ. ਓ. (ਸਰਕਾਰੀ ਅੰਸ਼ਕ ਸਹਾਇਤਾ)

ਵਿੱਦਿਆ: ਸਮਾਜ-ਵਿਗਿਆਨ ਪੋਸਟ ਗ੍ਰੈਜੂਏਸ਼ਨ ਡਿਗਰੀ