ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ।

0
1295

ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ।

ਪ੍ਰਿੰਸੀਪਲ ਗੰਗਾ ਸਿੰਘ

ਕੌਮਾਂ ਦੀਆਂ ਬਣਾਵਟਾਂ ਸਦਾ ਹੀ ਜ਼ਿਹਨੀ (ਦਿਮਾਗ਼ੀ) ਤਬਦੀਲੀ ਨਾਲ ਬਦਲਦੀਆਂ ਰਹਿੰਦੀਆਂ ਹਨ। ਜਿਹੋ ਜਿਹੀ ਮਾਨਸਿਕ ਅਵਸਥਾ ਕਿਸੇ ਕੌਮ ਦੀ ਹੁੰਦੀ ਹੈ, ਉਹੋ ਜਿਹਾ ਵਿਵਹਾਰ ਕਰਨ ਕਰ ਕੇ ਹੀ ਉਹ ਸਹਿਜੇ-ਸਹਿਜੇ ਉਸ ਰੂਪ ਵਿੱਚ ਢਲ ਜਾਂਦੀ ਹੈ। ਇਸ ਕਰ ਕੇ ਹੀ ਆਗੂ ਜੋ ਚਲਨ (ਚਾਲ-ਚਲਣ/ਕਿਰਦਾਰ) ਤੇ ਜੀਵਨ; ਕੌਮਾਂ ਦਾ ਬਣਾਉਣਾ ਚਾਹੁੰਣ, ਉਹਨਾਂ ਭਾਵਾਂ ਨੂੰ ਦ੍ਰਿੜ੍ਹ ਕਰਾਉਣ ਲਈ ਉਹ ਖ਼ਾਸ-ਖ਼ਾਸ ਗੱਲਾਂ ਦੇ ਸ੍ਵਾਧਿਆਇ (ਕੌਮੀ ਪਾਠ) ਤੇ ਅਭਿਆਸ ਨੂੰ ਰਿਵਾਜ ਦੇਂਦੇ ਹਨ ਤੇ ਕਈ ਚਿਰਾਂ ਦੇ ਅਭਿਆਸ ਮਗਰੋਂ ਜ਼ਿਹਨ-ਨਸ਼ੀਨ (ਦਿਮਾਗ਼ ’ਚ ਬੈਠੀਆਂ) ਹੋਈਆਂ ਗੱਲਾਂ ਕੌਮਾਂ ਦੇ ਜੀਵਨ-ਵਿਵਹਾਰ ਦਾ ਇੱਕ ਅੰਗ ਬਣ ਜਾਂਦੀਆਂ ਹਨ।

ਉੱਪਰ ਦੱਸਿਆ ਨਿਯਮ ਭਾਵੇਂ ਕੌਮਾਂ ਵਿੱਚ ਆਮ ਕਰ ਕੇ ਵਰਤਿਆ ਜਾਂਦਾ ਹੈ, ਪਰ ਖ਼ਾਲਸੇ ਦਾ ਜੀਵਨ ਤਾਂ ਸਤਿਗੁਰਾਂ ਨੇ ਖ਼ਾਸ ਤੌਰ ’ਤੇ ਇਸੇ ਹੀ ਸਾਂਚੇ ਵਿੱਚ ਢਾਲਿਆ ਹੈ। ਹਰ ਇੱਕ ਖ਼ਾਲਸੇ ਦੇ ਨਾਮ ਦੇ ਮਗਰ ‘ਸਿੰਘ’ ਸ਼ਬਦ ਆਉਣਾ, ਸਿੰਘ ਦਾ ਆਪਣੇ ਆਪ ਨੂੰ ‘ਸਵਾ ਲੱਖ’ ਕਹਿਣਾ ਤੇ ‘ਫ਼ੌਜ’ ਸਮਝਣਾ, ਦੋ ਸਿੰਘਾਂ ਦਾ ਮਿਲ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।’ ਬੁਲਾਉਣਾ, ਅਰਦਾਸੇ ਤੋਂ ਬਾਅਦ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡਣਾ ਤੇ ਗੜਗੱਜ ਬੋਲਿਆਂ ਦੀ ਵਰਤੋਂ ਕਰਨੀ, ਇਹ ਸਭ ਗੱਲਾਂ ਸਾਡੀ ਇਸ ਸੋਚ ਦੀ ਪੁਸ਼ਟੀ ਕਰਦੀਆਂ ਹਨ ਕਿ ਖ਼ਾਲਸੇ ਜੀ ਦਾ ਪ੍ਰਭਾਵਸ਼ਾਲੀ ਤੇ ਬਰਕਤ ਵਾਲਾ ਸੁਭਾਅ ਬਣਾਉਣ ਲਈ ਹੀ ਉਸ ਦੀ ਨਿਤ ਵਰਤੋਂ ਦੇ ‘ਬੋਲੇ’ ਉਤਸ਼ਾਹਜਨਕ ਬਣਾਏ ਗਏ ਹਨ। ਇਹੀ ਕਾਰਨ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਖ਼ਾਲਸਾ ਇੱਕ ਪ੍ਰਸਿੱਧ ਤਿਆਰ-ਬਰ-ਤਿਆਰ ਜਥਾ ਸਜ ਗਿਆ। ਜੇ ਅਸੀਂ ਗਹੁ ਕਰ ਕੇ ਤੱਕੀਏ ਤਾਂ ਖ਼ਾਲਸਈ ਵਰਤੋਂ ਦਾ ਹਰ ਇਕ ਫ਼ਿਕਰਾ, ਕੋਈ ਨਾ ਕੋਈ ਤਅੱਲੁਕ ਇਸ ਕੌਮ ਉਸਾਰੀ ਨਾਲ ਰੱਖਦਾ ਹੈ, ਨਿਰਾਰਥ ਕੋਈ ਵੀ ਨਹੀਂ। ਇਹ ਗੱਲ ਅੱਡਰੀ ਹੈ ਕਿ ਅਸੀਂ ਉਸ ਦਾ ਸਹੀ ਮਤਲਬ ਸਮਝਣ ਵਿੱਚ ਟਪਲਾ ਖਾ ਗਏ ਹੋਈਏ।

ਖ਼ਾਲਸਾ ਜੋ ਸ਼ਬਦ ਰੋਜ਼ਾਨਾ ਵਰਤੋਂ ਵਿੱਚ ਦੁਹਰਾਉਂਦਾ ਹੈ, ਉਹਨਾਂ ਵਿੱਚੋਂ ਆਮ ਤੌਰ ’ਤੇ ਅਰਦਾਸ ਮਗਰੋਂ ਤਿੰਨ ਦੋਹਰੇ ਪੜ੍ਹੇ ਜਾਂਦੇ ਹਨ। ਪਹਿਲਿਆਂ ਦੋਹਾਂ ਵਿੱਚ ‘ਸ੍ਰੀ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਦਾ ਕਾਇਮ ਹੋਣਾ ਤੇ ਸ੍ਰੀ ਗੁਰੂ ਜੀ ਦੀ ਅਰਸ਼ੀ (ਇਲਾਹੀ) ਬਾਣੀ ਦੀ ਤਾਬਿਆਦਾਰੀ ਕਰਨ ਦਾ ਈਮਾਨ (ਵਿਸ਼ਵਾਸ)’ ਰੋਜ਼ ਦੁਹਰਾਇਆ ਜਾਂਦਾ ਹੈ ਤੇ ਅਗਲੇ (ਤੀਜੇ ਸ਼ਬਦ) ਵਿੱਚ ‘ਖ਼ਾਲਸੇ ਦਾ ਬ੍ਰਹਿਮੰਡੀ ਰਾਜ ਕਾਇਮ ਹੋਣ ਦਾ ਤੇ ਪ੍ਰਾਣੀ ਮਾਤ੍ਰ ਦੇ ਉਹਦੀ ਸ਼ਰਨ ਆਉਣ ਦਾ’ ਨਿਸ਼ਚਾ ਰੋਜ਼ ਯਾਦ ਕੀਤਾ ਜਾਂਦਾ ਹੈ। ਇਸ ਪਿਛਲੇ ਦੋਹਰੇ ਤੋਂ ਬਹੁਤ ਲੋਕਾਂ ਨੂੰ ਟਪਲਾ ਲਗਦਾ ਹੈ, ਕਈ ਤਾਂ ਇਹ ਸਮਝਦੇ ਹਨ ਕਿ ਇਸ ਦਾ ਪੜ੍ਹਨਾ ਮੌਜੂਦਾ ਰਾਜ ਦੇ ਕਰਮਚਾਰੀਆਂ ਨੂੰ ਨਰਾਜ਼ ਕਰਨਾ ਹੈ ਤੇ ਕਈ ਇਹ ਸਮਝਦੇ ਹਨ ਕਿ ਇਹ ਫ਼ਿਰਕਾਦਾਰਾਨਾ ਰਾਜ ਦਾ ਨਿਸ਼ਚਾ ਹੋਣ ਕਰ ਕੇ ਦੇਸ਼ ਦੀ ਕੌਮੀ ਲਹਿਰ ਨੂੰ ਸੱਟ ਮਾਰਦਾ ਹੈ, ਇਸ ਲਈ ਇਹਨੂੰ ਨਹੀਂ ਪੜ੍ਹਨਾ ਚਾਹੀਦਾ। ਕਈਆਂ ਦਾ ਇਹ ਖ਼ਿਆਲ ਹੈ ਕਿ ਅਸੀਂ ਜਿਹੜੇ 60ਕੁ ਲੱਖ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲੇ ਤੁਰੇ ਫਿਰਦੇ ਹਾਂ, ਸਾਡਾ ਰਾਜ ਕਿੱਥੇ ਹੋਣਾ ਹੈ ? ਤੇ ਜੇ ਸਾਡੇ ਵਿੱਚ ਬਲ ਹੁੰਦਾ ਤਾਂ ਖ਼ਾਲਸਾ ਸਲਤਨਤ (ਮਹਾਰਾਜਾ ਰਣਜੀਤ ਸਿੰਘ ਦੁਆਰਾ ਮਿਲੀ ਬਾਦਸ਼ਾਹੀ) ਹੀ ਕਿਉਂ ਹੱਥੋਂ ਜਾਂਦੀ ? ਇਸ ਲਈ ਇਸ ਸ਼ੇਖ-ਚਿਲੀ ਵਾਲੀ ਮਨੌਤ ਨੂੰ ਦੁਹਰਾਉਣ ਦਾ ਕੋਈ ਲਾਭ ਨਹੀਂ।

ਸੋ, ਅਸੀਂ ਅੱਜ ਇਸ ਗੱਲ ’ਤੇ ਵਿਚਾਰ ਕਰਨੀ ਹੈ ਕਿ ਕੀ ਸਾਨੂੰ ਇਹਨਾਂ ਦੋਹਾਂ ਖ਼ਿਆਲਾਂ ਵਿੱਚੋਂ ਕਿਸੇ ਇੱਕ ਦੇ ਮਗਰ ਲੱਗ ਕੇ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ ? ਇਸ ਦਾ ਜਵਾਬ ਨਿਸ਼ਚੇ ਹੀ ‘ਨਹੀਂ’ ਮਿਲੇਗਾ ਕਿਉਂਕਿ ਖ਼ਾਲਸੇ ਨੇ ਮੁੱਢ ਤੋਂ ਹੀ ਪੂਰਨ ਸਾਂਤੀ ਵਰਤਾਉਣ ਦਾ ਦਾਅਵਾ ਕੀਤਾ ਹੋਇਆ ਹੈ ਤੇ ਕਲਗੀਧਰ ਪਿਤਾ ਨੇ ਇਸ ਨਾਦੀ ਪੁੱਤਰ ਦੀ ਰਾਹੀਂ ਜਗਤ ਦਾ ਨਕਸ਼ਾ ਇਸ ਤਰ੍ਹਾਂ ਬੰਨ੍ਹਣ ਦਾ ਐਲਾਨ ਕੀਤਾ ਸੀ, ‘‘ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈ ਥਲ ਮੈ, ਪਲ ਹੀ ਪਲ ਮੈ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢਿ ਜੈਤ ਧੁਨਿ, ਪਾਪਨ ਕੈ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗਿ, ਸਤ੍ਰ ਸਭੈ ਅਵਿਲੋਕਿ ਚਪੈਂਗੇ ’’ (ਤ੍ਵ ਪ੍ਰਸਾਦਿ ਸਵੱਯੇ, ਪਾ: ੧੦)

ਇਹ ਲੋਕ-ਸ਼ਾਂਤੀ ਦਾ ਨਕਸ਼ਾ ਤਦ ਹੀ ਕਾਇਮ ਹੋ ਸਕਦਾ ਹੈ ਜੇ ਧਾਰਮਕ, ਭਾਈਚਾਰਕ ਤੇ ਰਾਜਨੀਤਿਕ ਅਵਸਥਾ; ਧਰਮ ਮਰਯਾਦਾ ਅਨੁਸਾਰ ਕਾਇਮ ਕੀਤੀ ਜਾਏ। ਜਦ ਤੱਕ ਇਹ ਕਿਸੇ ਅਧਰਮ ਦੇ ਆਸਰੇ ’ਤੇ ਕਾਇਮ ਹਨ, ਚਾਹੇ ਉਹ ਮਾਇਕੀ ਤਾਣ ਹੋਵੇ ਤੇ ਚਾਹੇ ਆਸੁਰੀ ਸ਼ਸਤਰ ਬਲ; ਜਗਤ ਵਿੱਚ ਕਦੇ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਜਗਤ ਵਿੱਚ ਰੋਜ਼ ਰਾਜਨੀਤਿਕ ਤਬਦੀਲੀਆਂ ਹੋ ਰਹੀਆਂ ਹਨ, ਯੁੱਧ ਦੇ ਬੱਦਲ ਜਗਤ ਦੇ ਅਮਨ ਦੇ ਅਕਾਸ਼ ’ਤੇ ਹਰ ਵੇਲੇ ਘਿਰੇ ਰਹਿੰਦੇ ਹਨ। ਮਨੁੱਖ ਨੇ ਪਹਿਲੇ ਕਬੀਲਿਆਂ ਦੇ ਲੋਕ-ਰਾਜ ਤੋਂ ਅਰੰਭ ਕਰ ਕੇ ਇੱਕ ਸ਼ਹਿਨਸ਼ਾਹੀ ਰਾਜ ਕਾਇਮ ਕਰਨ ਤੱਕ ਅਤੇ ਫਿਰ ਉਸ ਤੋਂ ਉਪਰਾਮ ਹੋ ਕੇ, ਮੁੜ ਕੇ ਲੋਕ-ਰਾਜ ਤੱਕ ਹਰ ਕਿਸਮ ਦੇ ਰਾਜ-ਪ੍ਰਬੰਧ ਦਾ ਤਰੀਕਾ ਅਜ਼ਮਾ ਦੇਖਿਆ ਹੈ, ਸ਼ਾਂਤੀ ਕਿਧਰੇ ਭੀ ਨਹੀਂ ਆਈ ਤੇ ਨਾ ਆਉਣੀ ਹੈ, ਕਿਉਂਜੋ ਹਰ ਇੱਕ ਪ੍ਰਬੰਧ ਵਿੱਚ ਦਵੈਸ਼ ਤੇ ਈਰਖਾ ਕੰਮ ਕਰਦੀ ਹੈ। ਜਿੱਥੇ ਰਾਜਾ ਤੇ ਸ਼ਹਿਨਸ਼ਾਹ ਹੈ, ਉਸ ਨੂੰ ਆਪਣੇ ਗੌਰਵ ਤੇ ਮਾਣ ਦਾ ਖ਼ਬਤ (ਪਾਗਲਪੁਣਾ) ਹੁੰਦਾ ਹੈ ਅਤੇ ਜਿੱਥੇ ਗ਼ਰੀਬਾਂ ਦਾ ਇਕੱਠ ਹੁੰਦਾ ਹੈ, ਉਹ ਅਮੀਰਾਂ ਨਾਲ ਈਰਖਾ ਤੇ ਵਿਵਾਦ ਕਰਦੇ ਹਨ। ਜੇ ਕਿਸੇ ਇੱਕ ਪਾਤਿਸ਼ਾਹ ਦੇ ਹੱਥ ਸੈਨਾ ਦਾ ਬਲ ਆ ਜਾਂਦਾ ਹੈ ਤਾਂ ਉਹ ਰਿਆਇਆਂ (ਲੋਕਾਂ) ਨੂੰ ਟੈਕਸਾਂ ਤੇ ਉਗਰਾਹੀਆਂ ਦੇ ਪੱਜ (ਬਹਾਨੇ) ਨਾਲ ਲੁੱਟ ਲੈਂਦਾ ਹੈ। ਜੇ ਆਮ ਜਨਤਾ ਜਾ ਜ਼ੋਰ ਪੈਂਦਾ ਹੈ ਤਾਂ ਉਹ ਲੋਕ-ਵੰਡ ਦੇ ਬਹਾਨੇ ਅਮੀਰਾਂ ਨੂੰ ਲੱਟ ਲੈਂਦੇ ਹਨ। ਗੱਲ ਕੀ, ਹਰ ਤਰ੍ਹਾਂ ਹੀ ਕਲੇਸ਼ ਹੈ। ਹੋਵੇ ਵੀ ਕਿਉਂ ਨਾ ?  ਧੁਰੋਂ ਹੁਕਮ ਹੈ : ‘‘ਅੰਧਕਾਰ, ਸੁਖਿ ਕਬਹਿ ਸੋਈ ਹੈ ਰਾਜਾ ਰੰਕੁ ਦੋਊ ਮਿਲਿ ਰੋਈ ਹੈ ’’ (ਗਉੜੀ, ਭਗਤ ਕਬੀਰ, ਪੰਨਾ ੩੨੫)

ਸੁੱਖ ਤਾਂ ਪ੍ਰਕਾਸ਼ ਵਿੱਚ ਹੋਣਾ ਹੈ ਤੇ ਪ੍ਰਕਾਸ਼ ‘ਜਾਗਤਿ ਜੋਤਿ’ ਦੇ ਪੁਜਾਰੀਆਂ ਦੇ ਹਿਰਦੇ ਵਿੱਚ ਹੀ ਆਉਣਾ ਹੈ। ਜੋ ‘ਜੋਤਿ’ ਦੇ ਉਪਾਸ਼ਕ ਨਹੀਂ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਜਾਗਤਿ ਜੋਤਿ ਦੇ ਚਾਨਣੇ ਦੇ ਸਾਹਮਣੇ ਮਾਇਆ ਦੀ ਭੀਤ ਆਈ ਹੋਈ ਹੈ, ਉਹ ਤਾਂ ਹਨੇਰੇ ਵਿੱਚ ਹਨ ਭਾਵੇਂ ਉਹਨਾਂ ਦਾ ਜ਼ਾਹਿਰਾ ਭੇਖ ਸਿੱਖਾਂ ਵਾਲਾ ਹੀ ਕਿਉਂ ਨਾ ਹੋਵੇ। ਬਿਨਾਂ ਸੱਚੇ ਖ਼ਾਲਸੇ ਦੇ, ਜਗਤ ਹਨੇਰੇ ਵਿੱਚ ਹੈ ਤੇ ਹਨੇਰੇ ਦੇ ਰਾਜ-ਪ੍ਰਬੰਧ ਵਿੱਚ ਸੁੱਖ ਦੀ ਤਲਾਸ਼; ਅਕਾਸ਼ ਵਿੱਚੋਂ ਫੁੱਲ ਤੋੜਨੇ ਵਾਂਗ ਹੁੰਦੀ ਹੈ।

ਖ਼ਾਲਸੇ ਦੀ ਸਕੀਮ ਵਿੱਚ ਤਾਂ ਜੋ ਰਾਜ-ਪ੍ਰਬੰਧ ਲਿਖਿਆ ਹੈ, ਉਸ ਦਾ ਪਹਿਲਾ ਫ਼ਿਕਰਾ (ਵਾਕ) ਹੀ ਇਹ ਹੈ ਕਿ ਜਿਸ ਦਿਨ ਖ਼ਾਲਸਈ ਰਾਜ-ਪ੍ਰਬੰਧ ਹੋਵੇਗਾ, ਉਸ ਦਿਨ ਦੁਨੀਆ ਦਾ ਨਾਮ ਬਦਲ ਕੇ ‘ਬੇਗ਼ਮਪੁਰਾ’ ਰੱਖ ਦਿੱਤਾ ਜਾਏਗਾ ਤੇ ਦਸਤੂਰ ਇਹ ਵਰਤੇਗਾ : ‘‘ਬੇਗਮ ਪੁਰਾ ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ, ਤਿਹਿ ਠਾਉ   ਨਾਂ ਤਸਵੀਸ ਖਿਰਾਜੁ ਮਾਲੁ   ਖਉਫੁ ਖਤਾ, ਤਰਸੁ ਜਵਾਲੁ ’’ (ਗਉੜੀ ਭਗਤ ਰਵਿਦਾਸ, ਪੰਨਾ ੩੪੫)

ਦੁਨੀਆ ਗਈ ਤਾਂ, ਲਾਲਚ ਮੋਇਆ, ਜਿੱਥੇ ਲਾਲਚ ਨਹੀਂ ਉੱਥੇ ਖੋਹਣ-ਖਿੱਚਣ ਤੇ ਚੋਰੀ-ਧਾੜੇ ਕਾਹਦੇ ? ਜੇ ਚੋਰੀ ਨਹੀਂ ਤਾਂ ਰਾਖੀ ਕਿਉਂ ? ਜੇ ਰਖਵਾਲੀ ਨਹੀਂ ਤਾਂ ਖ਼ਰਾਜ (ਟੈਕਸ) ਕਿਉਂ ? ਇਹ ਤਾਂ ਸਾਰਾ ਢਾਂਚਾ ਹੀ ਲਾਲਚ ਦੇ ਸਿਰ ’ਤੇ ਖਲੋਤਾ ਹੋਇਆ ਹੈ। ਜਦੋਂ ਖ਼ਲਕਤ ਵਿੱਚ ਖ਼ਾਲਿਕ ਨੂੰ ਸਮਝ ਕੇ ਪੂਜਿਆ ਗਿਆ, ਤਦੋਂ ਲਾਲਚ ਨਾਲ ਇਕੱਤਰ ਕੀਤੀ ਸਮੱਗਰੀ ਇੱਕ ਦੂਜੇ ਨੂੰ ਚਾੜ੍ਹੀ ਜਾਏਗੀ। ਆਪਾ ਧਾਪੀ ਤਾਂ ਰਹਿਣੀ ਨਹੀਂ, ਉਸ ਬੇਗ਼ਮਪੁਰੇ ਵਿੱਚ ਹੀ ਸਮੂਹ ਸੰਤ, ਪ੍ਰਸੰਨ ਫਿਰਨਗੇ। ਸੋ, ਸਤਿਗੁਰਾਂ ਦੇ ਇਸ ਦਾਅਵੇ ਨੂੰ ਪੂਰਨ ਕਰਨ ਲਈ ਖ਼ਾਲਸੇ ਨੇ ਸਦਾ ਤਿਆਰ ਰਹਿਣਾ ਹੈ ਤੇ ਉੱਚ ਭਾਵਾਂ ਨੂੰ ਅੰਦਰ ਵਸਾਉਣਾ ਹੈ, ਪਰ ਇਹ ਸਕੀਮ, ਪੂਰਨ ਭੀ ਗੁਰਮਤਿ ਦੀ ਰੌਸ਼ਨੀ ਵਿੱਚ ਹੀ ਹੋ ਸਕਦੀ ਹੈ। ਜਿਹੜੇ ਲੋਕਾਂ ਦਾ ਇਹ ਖ਼ਿਆਲ ਹੈ ਕਿ ਪੰਜਾਬ ਵਿੱਚ ਪਿਛਲੀ ਹਕੂਮਤ, ਜੋ ਸਿੱਖ ਰਾਜ ਕਹੀ ਜਾਂਦੀ ਸੀ, ਜੇ ਸੱਚਮੁੱਚ ਹੀ ਖ਼ਾਲਸਈ ਰਾਜ-ਪ੍ਰਬੰਧ ਅਮਨ ਦਾ ਜ਼ਾਮਨ (ਗਵਾਹ) ਹੈ ਤਾਂ ਉਹ ਕਿਉਂ ਬਦਲੀ ? ਇਸ ਦਾ ਉੱਤਰ ਇਹ ਹੈ ਕਿ ਬੜੇ ਬੜੇ ਆਲੀਸ਼ਾਨ ਮਹਿਲ ਬਣਾਉਣ ਲਈ ਪਹਿਲਾਂ ਛੋਟੇ ਛੋਟੇ ਮਾਡਲ ਤਿਆਰ ਕੀਤੇ ਜਾਂਦੇ ਹਨ। ਜੇ ਮਾਡਲ ਵਿੱਚ ਕੋਈ ਗ਼ਲਤੀ ਆ ਜਾਵੇ ਤਾਂ ਉਸ ਨੂੰ ਤੋੜ ਘੱਤੀਦਾ ਹੈ, ਪਰ ਮਾਡਲ ਦਾ ਟੁੱਟਣਾ ਮਹਿਲ ਦਾ ਢਹਿਣਾ ਨਹੀਂ ਹੈ। ਖ਼ਾਲਸੇ ਵਿੱਚ ਭਜਨ-ਬਲ ਕਰ ਕੇ ਤੇਜ ਆਇਆ ਸੀ, ਉਸ ਆਸਰੇ ਥੋੜ੍ਹੇ ਜਿਹੇ ਹਿੱਸੇ ਵਿੱਚ ਬੇਗ਼ਮਪੁਰੇ ਦੀ ਤਹਰੀਕ ਚਲਾਈ ਗਈ ਸੀ, ਪਰ ਛੇਤੀ ਹੀ ਭੇਖੀਆਂ ਵਿੱਚ ਸ਼ਾਮਲ ਹੋ ਜਾਣ ਕਰ ਕੇ, ਰਾਜ-ਮਦ ਅਤੇ ਅਯਾਸ਼ੀ ਨੇ ਉਸ ਮਾਡਲ ਟਾਊਨ (ਨਮੂਨੇ ਦੇ ਸ਼ਹਿਰ) ਵਿੱਚ ਡੇਰਾ ਜਮਾ ਲਿਆ। ਸੋ ਸਤਿਗੁਰ ਨੇ ਉਹ ਮਾਡਲ ਭੰਨ ਘੱਤਿਆ। ਜੇ ਉਹ ਸਹੀ ਤੌਰ ’ਤੇ ਖ਼ਾਲਸਈ ਰਾਜ-ਪ੍ਰਬੰਧ ਹੁੰਦਾ ਤਾਂ ਕਦੀ ਨਾ ਟੁੱਟਦਾ, ਸਗੋਂ ਵਧੇਰੇ ਫੈਲਦਾ।

ਬੱਸ, ਉੱਪਰ ਲਿਖੀ ਸਾਰੀ ਵਾਰਤਾ ਤੋਂ ਸਾਡਾ ਭਾਵ ਇਹ ਹੈ ਕਿ ‘ਜਾਗਤਿ ਜੋਤਿ ਉਪਾਸ਼ਕਾਂ ਤੋਂ ਬਿਨਾਂ’ ਕਿਸੇ ਕਿਸਮ ਦਾ ਪ੍ਰਬੰਧ ਸੁਖਦਾਈ ਨਹੀਂ ਹੋ ਸਕਦਾ। ਰਾਜ-ਪ੍ਰਬੰਧ ਦੇ ਮੌਜੂਦਾ ਤਰੀਕੇ ਇੱਕ-ਇੱਕ ਕਰ ਕੇ ਅਜ਼ਮਾਏ ਜਾ ਰਹੇ ਹਨ।

ਮੁਸਲਮਾਨਾਂ ਦੀਆਂ ਕੁੱਲ ਰਾਜਧਾਨੀਆਂ ਵਿੱਚ ਖ਼ੁਦ-ਮੁਖ਼ਤਾਰ ਬਾਦਸ਼ਾਹ ਹਨ, ਅੰਗਰੇਜ਼ਾਂ ਤੇ ਜਾਪਾਨ ਦੇ ਰਾਜ ਵਿੱਚ ਬਾਦਸ਼ਾਹਾਂ ਨਾਲ ਕਾਨੂੰਨੀ ਪਾਰਲੀਮੈਂਟਾਂ ਹਨ, ਫ਼ਰਾਂਸ ਤੇ ਜਰਮਨੀ ਦੇ ਰਾਜ ਵਿੱਚ ਜਮਹੂਰੀ ਹਕੂਮਤ ਤੇ ਰੂਸ ਵਿੱਚ ਮਜ਼ਦੂਰ ਕਿਸਾਨ ਰਾਜ ਹੈ, ਪਰ ਇਹਨਾਂ ਸਾਰਿਆਂ ਪ੍ਰਬੰਧਾਂ ਵਿੱਚੋਂ ਕਿਸੇ ਨੂੰ ਭੀ ਆਦਰਸ਼ਕ ਪ੍ਰਬੰਧ ਨਹੀਂ ਕਿਹਾ ਜਾ ਸਕਦਾ, ਹਰ ਥਾਂ ਗੜਬੜੀ ਤੇ ਬੇਚੈਨੀ ਹੈ। ਇਹ ਕਿਉਂ ? ਇਸ ਲਈ ਕਿ ਰਾਜ ਕਰਮਚਾਰੀ ‘ਜਾਗਤਿ ਜੋਤਿ ਦੇ ਉਪਾਸ਼ਕ’ ਨਹੀਂ, ਬਲਕਿ ਆਤਮ ਚਾਨਣ ਤੋਂ ਖ਼ਾਲੀ ਫੋਕੇ ਦਿਮਾਗ਼ਾਂ ਵਿੱਚ ਬੈਠ ਕੇ ਘਾੜਤਾਂ ਘੜਦੇ ਹਨ। ਦਿਮਾਗ਼ ਪੰਜ ਤੱਤਾਂ ਦੀ ਅੰਸ਼ ਹੈ ਤੇ ਉਹਨਾਂ ਤੱਤਾਂ ਦਾ ਅਮਲ ਹੀ (ਜੀਵਨ ’ਚ) ਵਾਪਰਦਾ ਹੈ। ਇਸ ਲਈ ਜਗਤ ਨੂੰ ਸੁੱਖ ਕਦੇ ਨਹੀਂ ਹੋ ਸਕਦਾ, ਜਦ ਤੱਕ ਕਿ ਸੱਚਾ ਖ਼ਾਲਸਾ ਰਾਜ-ਪ੍ਰਬੰਧ ਸਾਰੇ ਜਗਤ ਵਿੱਚ ਕਾਇਮ ਨਾ ਕੀਤਾ ਜਾਵੇ।

ਹੁਣ ਉਹ ਹੋਵੇ ਕਿੱਦਾਂ ? ਇਸ ਦਾ ਉੱਤਰ ਇਹੀ ਹੈ ਕਿ ਜਿਸ ਤਰ੍ਹਾਂ ਅਜੇ ਅਸੀਂ ਪੂਰਨ ਖ਼ਾਲਸੇ ਨਹੀਂ, ਪਰ ਖ਼ਾਲਸਾ ਬਣਨ ਲਈ ਉਸ ਦੀ ਕਰਨੀ ਦਾ ਕਥਨ ਪੜ੍ਹਦੇ ਤੇ ਦੁਹਰਾਉਂਦੇ ਹੋਏ ਗੁਰਾਂ ਕੋਲੋਂ ਖ਼ਾਲਸਾ ਹੋਣ ਦੀ ਮੰਗ ਮੰਗਦੇ ਹਾਂ, ਓਦਾਂ ਹੀ ਜਦ ਤੱਕ ਸਰਬੱਤ ਜਗਤ ਉੱਤੇ ਸਾਧੂਆਂ ਦੇ ਪ੍ਰਸੰਨ ਫਿਰਕੇ ਵਾਲਾ ਤੇ ਸਤਰੂਆਂ ਦੇ ਅਵਲੋਕ ਚਪਣ ਵਾਲਾ ਧਰਮ-ਰਾਜ (ਸਾਧ ਸਮੂਹ ਪ੍ਰਸੰਨ ਫਿਰੈ ਜਗਿ, ਸਤ੍ਰ ਸਭੈ ਅਵਿਲੋਕਿ ਚਪੈਂਗੇ ) ਕਾਇਮ ਨਹੀਂ ਹੋ ਜਾਂਦਾ।  ਸਾਨੂੰ ਵਾਜਬ ਹੈ ਕਿ ਅਸੀਂ ਖ਼ਾਲਸੇ ਬਣਨਾ ਹੈ ਤਾਂ ਅਸਾਂ ਸਤਿਗੁਰਾਂ ਦੇ ਐਲਾਨ ਕੀਤੇ ਹੋਏ ਗੁਰਸਿੱਖਾਂ ਦੇ ਇਸ ਬਚਨ ਨੂੰ ਪੂਰਨ ਕਰਨ ਦਾ ਯਤਨ ਕਰਦੇ ਰਹਿਣਾ ਹੈ ਕਿ ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਕੋਇ ਖ਼ਵਾਰ ਹੋਇ ਸਭ ਮਿਲੈਂਗੇ, ਬਚੇ ਸ਼ਰਨ ਜੋ ਹੋਇ