ਰਹਰਾਸਿ (ਭਾਗ 1)
ੴ ਸਤਿ ਗੁਰ ਪ੍ਰਸਾਦਿ॥ ਸੋ ਦਰੁ, ਰਾਗੁ ਆਸਾ, ਮਹਲਾ ੧ ॥
ਉਚਾਰਨ : ਮਹਲਾ ਪਹਿਲਾ, ਨਾ ਕਿ ਮਹਿਲਾ ਪਹਿਲਾ ਜਾਂ ਮਹੱਲਾ ਪਹਿਲਾ।
(ਨੋਟ: ਉਕਤ ਦਰਜ ‘‘ੴ ਸਤਿ ਗੁਰ ਪ੍ਰਸਾਦਿ॥’’ ਸ਼ਬਦ-ਸੰਗ੍ਰਹਿ ਮੰਗਲਾਚਰਣ ਹੈ ਭਾਵ ‘ਲਿਖਾਰੀ ਵੱਲੋਂ ਵਿਸ਼ੇ ਦੀ ਅਰੰਭਤਾ ਸਮੇਂ ਆਪਣੇ ਇਸ਼ਟ ਦੇਵ ਦੀ ਕੀਤੀ ਗਈ ਪ੍ਰਸੰਸਾ ਜਾਂ ਉਸਤਤੀ’; ਜਦ ਕਿ ‘ਸੋ ਦਰੁ’ (ਸੰਯੁਕਤ) ਸ਼ਬਦਾਂ ਨਾਲ਼ ਇਹ ਸ਼ਬਦ ਅਰੰਭ ਹੋਣ ਕਾਰਨ ਅਗਲੇ 5 ਸ਼ਬਦਾਂ ਦੇ ਸੰਗ੍ਰਹਿ ਨੂੰ ਹੀ ‘ਸੋ ਦਰੁ’ ਸਿਰਲੇਖ (ਨਾਂ) ਦਿੱਤਾ ਗਿਆ ਹੈ, ਇਸ ਲਈ ਬਾਣੀ ਦੇ ‘ਸਿਰਲੇਖ’ ਦੀ ਬਜਾਏ ‘ਮੰਗਲਾਚਰਣ’ ਨੂੰ ਪਹਿਲ ਦੇਣੀ ਬਣਦੀ ਹੈ ਭਾਵ ‘ਮੰਗਲਾਚਰਣ’ ਪਹਿਲਾਂ ਉਚਾਰਨ ਕਰਨਾ ਚਾਹੀਦਾ ਹੈ, ਜੋ ਵਿਸ਼ੇ ਦੀ ਅਰੰਭਤਾ ਤੋਂ ਪਹਿਲਾਂ ਇਸ਼ਟ ਦੇਵ ਨਾਲ਼ ਸੰਬੰਧਿਤ ਹੈ ਕਿਉਂਕਿ ‘ਸਿਰਲੇਖ’ ਵਿਸ਼ੇ (‘ਸੋ ਦਰੁ’) ਦਾ ਨਾਂ ਹੈ। ਇਸ ਦਾ ਸਬੂਤ ਪੁਰਾਤਨ ਹੱਥ ਲਿਖਤ ਬੀੜਾਂ ’ਚ ‘ਮੰਗਲਾਚਰਣ’ ਨੂੰ ਸੱਜੇ ਪਾਸੇ ਅਤੇ ‘ਸਿਰਲੇਖ’ ਨੂੰ ਖੱਬੇ ਪਾਸੇ ਰੱਖਣ ਵਾਲ਼ੀ ਲਿਖਤ ਦੁਆਰਾ ਮਿਲਦਾ ਹੈ।
‘ਖੱਬੇ’ (ਸ਼ਬਦ) ਦਾ ਅੱਖਰੀ ਅਰਥ ‘ਕ੍ਰਾਂਤੀਕਾਰੀ’ ਵੀ ਹੁੰਦਾ ਹੈ, ਜਿਸ ਦਾ ਕਾਰਜ ਇਸ਼ਟ ਦੀ ਸ਼ਲਾਘਾ (ਤਾਰੀਫ਼) ਉਪਰੰਤ ਆਰੰਭ ਹੁੰਦਾ ਹੈ ਭਾਵ ਰਚਨਾ ਦੇ ਵਿਸ਼ੇ (ਕਾਂਤੀਕਾਰੀ) ਦੀ ਭੂਮਿਕਾ ਖੱਬੇਪਣ ਨੂੰ ਦਰਸਾਉਂਦੀ ਹੈ, ਨਾ ਕਿ ‘ਮੰਗਲਾਚਰਣ’ (ਸੱਜੇਪਣ, ਇਸ਼ਟ ਉਸਤਤੀ) ਨੂੰ।
ਯਾਦ ਰਹੇ ਕਿ ਗੁਰਦੁਆਰੇ ’ਚ ਪਰਕਰਮਾ ਕਰਦਿਆਂ ਗੁਰੂ ਜੀ ਨੂੰ ਸੱਜੇ ਪਾਸੇ ਰੱਖਣਾ, ਫ਼ੌਜ ਜਾਂ ਨੀਮ-ਫ਼ੌਜ ’ਚ ਸਿਪਾਹੀ ਤੋਂ ਉੱਪਰਲੇ ਅਹੁਦੇ ਹੌਲਦਾਰ ਤੱਕ ਦੇ ਰੈਂਕ ਦਾ ਸੂਚਕ ਨਿਸ਼ਾਨ (ਫੀਤੀ) ਨੂੰ ਸੱਜੇ ਪਾਸੇ ਵਾਲ਼ੇ ਕੰਧੇ ਉੱਤੇ ਲਗਾਉਣਾ, ਆਦਿ ਸੱਜੇ ਪਾਸੇ ਦੀ ਮਹਾਨਤਾ ਨੂੰ ਦਰਸਾਉਂਦਾ ਹੈ, ਜਿਸ ਦੀ ਇੱਕ ਉਦਾਹਰਨ ਗੁਰਬਾਣੀ ’ਚ ‘ਮੰਗਲਾਚਰਣ’ ਦੀ ਸੱਜੇ ਪਾਸੇ ਕੀਤੀ ਗਈ ਲਿਖਤ ਵੀ ਹੈ, ਪਰ ਪਦ-ਛੇਦ ਤੇ ਛਾਪੇ ਵਾਲ਼ੇ ਸਰੂਪਾਂ ’ਚ ‘ਸਿਰਲੇਖ’ ਤੇ ‘ਮੰਗਲਾਚਰਣ’ ਜਾਣੇ-ਅਣਜਾਣੇ ’ਚ ਅੱਗੜ-ਪਿੱਛੜ ਕਰ ਦਿੱਤੇ ਗਏ ਹਨ।
ਕੁਝ ਰੂੜ੍ਹੀਵਾਦੀ ਸਿੱਖੀ ਸਰੂਪ ਸੱਜੇ ਪਾਸੇ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ‘ਅਨੰਦ ਕਾਰਜ’ ਸਮੇਂ ਲੜਕੀ ਨੂੰ ਲੜਕੇ ਦੇ ਖੱਬੇ ਪਾਸੇ ਬੈਠਾਉਂਦੇ ਆਮ ਵੇਖੇ ਜਾ ਸਕਦੇ ਹਨ, ਜਿਨ੍ਹਾਂ ਦਾ ਮਕਸਦ ਲੜਕੀ ਦੇ ਮੁਕਾਬਲੇ ਲੜਕੇ ਨੂੰ ਵਿਸ਼ੇਸ਼ਤਾ ਦੇਣਾ ਹੈ, ਇਸ ਧਾਰਨਾ ਨੂੰ ‘ਗੁਰਮਤਿ’ ਨਹੀਂ ਬਲਕਿ ‘ਮਨਮਤਿ’ ਕਹਿਣਾ ਦਰੁਸਤ ਹੋਵੇਗਾ।
ਹਥਲਾ ਸ਼ਬਦ ‘ਜਪੁ’ ਬਾਣੀ ਦੀ 27 ਵੀਂ ਪਉੜੀ ’ਚ ਵੀ ਦਰਜ ਹੈ ਪਰ ਇਨ੍ਹਾਂ ਦੇ ਸ਼ਬਦ ਅੰਤਰ ਵਿਸ਼ੇਸ਼ ਧਿਆਨ ਮੰਗਦੇ ਹਨ; ਜਿਵੇਂ ਕਿ ‘ਜਪੁ’ ਪਉੜੀ ’ਚ 27 ਸ਼ਬਦ (‘ਗਾਵਹਿ’- 9 ਵਾਰ, ਵੀਚਾਰੇ-2 ਵਾਰ, ‘ਕਹੀਅਨਿ, ਤੁਹ ਨੋ, ਪਉਣੁ, ਜਾਣਹਿ, ਬਰਮਾ, ਇੰਦ, ਇਦਾਸਣਿ, ਵਿਚਾਰੇ, ਰਖੀਸਰ, ਸੁਰਗਾ, ਮਛ, ਵਰਭੰਡਾ, ਤੁਧੁਨੋ, ਵੇਖੈ, ਜਿਵ ਅਤੇ ਪਤਿ’ ਸ਼ਬਦ ਕੇਵਲ ਇੱਕ-ਇੱਕ ਵਾਰ) ਅਜਿਹੇ ਦਰਜ ਕੀਤੇ ਗਏ ਹਨ ਜੋ ਇਸ (‘ਸੋ ਦਰੁ’, ਰਹਰਾਸਿ ਸ਼ਬਦ) ਵਿੱਚ ਦਰਜ ਨਹੀਂ ਅਤੇ ‘ਸੋ ਦਰੁ’ (ਰਹਰਾਸਿ) ’ਚ ਦਰਜ 50 ਸ਼ਬਦ (‘ਤੇਰੇ’-6 ਵਾਰ, ‘ਤੁਧ ਨੋ’-14 ਵਾਰ, ‘ਗਾਵਨਿ’-11 ਵਾਰ, ‘ਬੀਚਾਰੇ’-3 ਵਾਰ, ‘ਤੇਰਾ, ਕਹੀਅਹਿ, ਤੁਧੁਨੋ, ਪਵਣੁ, ਜਾਣਨਿ, ਬ੍ਰਹਮਾ, ਇੰਦ੍ਰ, ਇੰਦ੍ਰਾਸਣਿ, ਰਖੀਸੁਰ, ਸੁਰਗੁ, ਮਛੁ, ਬ੍ਰਹਮੰਡਾ, ਦੇਖੈ, ਜਿਉ, ਫਿਰਿ ਅਤੇ ਪਾਤਿ’ ਸ਼ਬਦ ਕੇਵਲ ਇੱਕ-ਇੱਕ ਵਾਰ) ਅਜਿਹੇ ਦਰਜ ਕੀਤੇ ਗਏ ਹਨ ਜੋ ‘ਜਪੁ’ ਬਾਣੀ ਦੀ 27 ਵੀਂ ਪਉੜੀ ’ਚ ਦਰਜ ਨਹੀਂ ਹਨ, ਇਹ ਅੰਤਰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਦਾ ਸੰਕੇਤ ਹੈ, ਬੇਸ਼ੱਕ ਦੋਵੇਂ ਹੀ ਪਉੜੀਆਂ ਦੇ ਸ਼ਬਦਾਰਥ ਤੇ ਭਾਵਾਰਥਾਂ ’ਚ ਕੋਈ ਖ਼ਾਸ ਭਿੰਨਤਾ ਨਹੀਂ।
ਗੁਰਬਾਣੀ ਲਿਖਤ ਦਾ ਇਹ ਨਿਯਮ ਵੀ ਧਿਆਨ ਮੰਗਦਾ ਹੈ ਕਿ
(ੳ) ‘ਕਹੀਅਨਿ, ਗਾਵਹਿ, ਜਾਣਹਿ, ਆਵਹਿ’ (ਜਪੁ) ਤੇ ‘ਕਹੀਅਹਿ ਗਾਵਨਿ, ਜਾਣਨਿ, ਆਵਨਿ’ (‘ਸੋ ਦਰੁ’), ਸਾਰੇ ਹੀ ਕਿਰਿਆਵਾਚੀ ਸ਼ਬਦ ਅਨ੍ਯ ਪੁਰਖ, ਬਹੁ ਵਚਨ, ਵਰਤਮਾਨ ਕਾਲ ਨਾਲ਼ ਸੰਬੰਧਿਤ ਹਨ, ਜਿਨ੍ਹਾਂ ਦੇ ਕ੍ਰਮਵਾਰ ਸਾਂਝੇ ਅਰਥ ਹਨ: ‘ਆਖੇ ਜਾਂਦੇ ਹਨ, ਗਾਉਂਦੇ ਹਨ, ਜਾਣਦੇ ਹਨ, ਆਉਂਦੇ ਹਨ’।
(ਅ) ‘ਤੁਧੁਨੋ’ ਜੁੜਤ ਸ਼ਬਦ ਹੈ ਤੇ ‘ਤੁਧ ਨੋ’ ਪਦ-ਛੇਦ ਵਾਲ਼ਾ ਸ਼ਬਦ ਕਿਉਂਕਿ ਸੰਬੰਧਕੀ ‘ਨੋ’ ਚਿੰਨ੍ਹ ਨੇ ‘ਤੁਧ’ ਨੂੰ ਅੰਤ ਮੁਕਤਾ ਕਰ ਦਿੱਤਾ ਜੋ ਕਿ ‘ਤੁਧੁਨੋ’ ਸੰਯੁਕਤ ਸ਼ਬਦਾਂ ’ਚ ਨਹੀਂ ਹੋ ਸਕਿਆ।)
ਸੋ ਦਰੁ ਤੇਰਾ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥ ਉਚਾਰਨ : ਸਮ੍ਹਾਲ਼ੇ।
(ਹੇ ਨਿਰਾਕਾਰ ‘ਅਕਾਲ ਪੁਰਖ’ ! ਤੇਰਾ) ਉਹ ਨਿਵਾਸ ਦੁਆਰ ਤੇ ਨਿਵਾਸ ਸਥਾਨ ਕਿਹੋ ਜਿਹਾ (ਅਦਭੁਤ, ਅਲੌਕਿਕ) ਹੈ ! ਜਿਸ ਵਿੱਚ ਬੈਠ ਕੇ ਤੂੰ (ਤਮਾਮ ਜੀਵਾਂ ਦੀ) ਸੰਭਾਲ਼ (ਦੇਖ-ਭਾਲ਼, ਪਰਵਰਿਸ਼) ਕਰਦਾ ਹੈਂ !
(ਨੋਟ: ਉਕਤ ਸਵਾਲ, ਗੁਰੂ ਜੀ ਇੱਕ ਸਿੱਖ ਮਾਨਸਿਕਤਾ ਰਾਹੀਂ ਉੱਠਾ ਰਹੇ ਹਨ ਅਤੇ ਅਗਲੀਆਂ ਤੁਕਾਂ ’ਚ ਆਪ, ਕਰਤਾਰ ਦਾ ਰੂਪ (ਗੁਰੂ) ਹੋ ਕੇ ਜਵਾਬ ਦੇ ਰਹੇ ਹਨ।)
ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥ ਉਚਾਰਨ : ਅਸੰਖਾਂ।
(ਜਵਾਬ: ਉਸ ਅਦਭੁਤ ਦਰ-ਘਰ ’ਚ) ਅਣਗਿਣਤ ਕਿਸਮ ਦੇ ਤੇਰੇ ਅਨੰਦਮਈ ਸੰਗੀਤ-ਧੁਨਿ ਵਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ (ਅਨੁਭਵੀ) ਤੇਰੇ ਭਗਤ-ਜਨ ਵੀ ਅਣਗਿਣਤ ਹਨ (ਭਾਵ ਸਰਬ ਵਿਆਪਕ ‘ਅਕਾਲ ਪੁਰਖ’ ਨਾਲ਼ ਅਭੇਦ ਹੋਏ ਅਣਗਿਣਤ ਤੇਰੇ ਭਗਤ-ਜਨ ਸੰਗੀਤਮਈ ਧੁਨੀ ਦੇ ਅਨੰਦਮਈ ਪ੍ਰਭਾਵ ਵਾਙ ਮਸਤੀ ’ਚ ਐਸ਼-ਅਰਾਮ ਜੀਵਨ ਬਸਰ ਕਰਦੇ ਹਨ)।
ਕੇਤੇ ਤੇਰੇ ਰਾਗ, ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥ ਉਚਾਰਨ : ਸਿਉਂ, ਕਹੀਅਹਿਂ (ਕਹੀਐਂ ਵਾਙ)।
ਕਿਤਨੇ ਤੇਰੇ ਰਾਗ, ਰਾਗਣੀਆਂ ਸਮੇਤ ਮੰਨੇ (ਆਖੇ) ਜਾਂਦੇ ਹਨ, (ਜਿਨ੍ਹਾਂ ਰਾਹੀਂ) ਕਿਤਨੇ ਤੇਰੇ (ਭਗਤ) ਗਾਉਣ ਵਾਲ਼ੇ ਹਨ।
ਗਾਵਨਿ ਤੁਧ ਨੋ ਪਵਣੁ, ਪਾਣੀ, ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥
ਹਵਾ, ਪਾਣੀ, ਅੱਗ ਆਦਿਕ ਤੱਤ ਤੈਨੂੰ ਗਾਉਂਦੇ ਹਨ (ਭਾਵ ਤੇਰੇ ਨਿਯਮ ’ਚ ਚੱਲ ਰਹੇ ਹਨ) ਤੇਰੇ ਬੂਹੇ ’ਤੇ (ਆਗਿਆਕਾਰ ਬਣ ਕੇ ਖੜ੍ਹਾ) ਧਰਮਰਾਜ ਵੀ ਤੈਨੂੰ ਗਾਉਂਦਾ ਹੈ।
ਗਾਵਨਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥
ਚਿਤ੍ਰ ਗੁਪਤ (ਜੋ, ਜੀਵਾਂ ਦੁਆਰਾ ਕੀਤੇ ਜਾਂਦੇ ਕਰਮ) ਲਿਖਣਾ ਜਾਣਦੇ (ਮੰਨੇ ਜਾਂਦੇ) ਹਨ, ਵੀ ਤੈਨੂੰ ਗਾਉਂਦੇ ਹਨ, ਜਿਨ੍ਹਾਂ ਦੁਆਰਾ ਲਿਖ ਲਿਖ ਕੇ (ਸੰਭਾਲ਼ਿਆ ਰਿਕਾਰਡ) ਧਰਮਰਾਜ ਵਿਚਾਰਦਾ (ਮੰਨਿਆ ਜਾਂਦਾ) ਹੈ।
ਗਾਵਨਿ ਤੁਧ ਨੋ ਈਸਰੁ, ਬ੍ਰਹਮਾ, ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥ ਉਚਾਰਨ : ਈਸ਼ਰ।
ਸ਼ਿਵ, ਬ੍ਰਹਮਾ, ਦੇਵੀਆਂ ਆਦਿ ਵੀ ਤੈਨੂੰ ਗਾਉਂਦੇ ਹਨ, ਜੋ ਤੇਰੇ ਦੁਆਰਾ ਪ੍ਰਭਾਵਸ਼ਾਲੀ ਬਣਾਏ ਸਦਾ ਸੋਭਦੇ ਹਨ।
ਗਾਵਨਿ ਤੁਧ ਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥ ਉਚਾਰਨ : ਦੇਵਤਿਆਂ, ਨਾਲ਼ੇ।
(ਤੇਰੇ ਅਦਭੁਤ) ਦਰ ਤੋਂ (ਮਿਲੀ ਸ਼ਕਤੀ ਕਾਰਨ) ਅਨੇਕਾਂ ਇੰਦ੍ਰ, ਦੇਵਤਿਆਂ ਸਮੇਤ ਆਪਣੇ ਸਿੰਘਾਸਨ ਉੱਤੇ ਬੈਠੇ, ਤੈਨੂੰ ਗਾਉਂਦੇ ਹਨ।
ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧ ਨੋ ਸਾਧ ਬੀਚਾਰੇ ॥
ਪੁੱਗੇ ਹੋਏ ਯੋਗੀ, ਸਮਾਧੀ ਰਾਹੀਂ ਤੇ ਮਨ ਨੂੰ ਕਾਬੂ ਕਰਨ ਵਾਲ਼ੇ ਸਾਧ-ਜਨ ਵਿਚਾਰ ਵਿਚਾਰ ਕੇ (ਧਿਆਨ ਨਾਲ਼) ਤੈਨੂੰ ਗਾਉਂਦੇ ਹਨ।
ਗਾਵਨਿ ਤੁਧ ਨੋ ਜਤੀ, ਸਤੀ, ਸੰਤੋਖੀ; ਗਾਵਨਿ ਤੁਧ ਨੋ ਵੀਰ ਕਰਾਰੇ ॥
ਉੱਚੇ ਆਚਰਨ ਵਾਲ਼ੇ, ਉਦਾਰਵਾਦੀ ਜਾਂ ਪਰਉਪਕਾਰੀ, ਸਬਰ-ਸੰਤੋਖਵਾਨ ਤੇ ਸੂਰਵੀਰ (ਰਾਜੇ) ਤੈਨੂੰ ਗਾਉਂਦੇ ਹਨ।
ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥ ਉਚਾਰਨ : ਪੜ੍ਹਨ, ਵੇਦਾਂ, ਨਾਲ਼ੇ।
ਜਿਹੜੇ ਪੰਡਿਤ ਤੇ ਮਹਾਂ ਰਿਸ਼ੀ ਸਦਾ ਤੋਂ ਵੇਦਾਂ ਰਾਹੀਂ ਵਿੱਦਿਆ ਪੜ੍ਹਦੇ ਆ ਰਹੇ ਹਨ, ਉਹ ਵੀ ਤੈਨੂੰ ਗਾਉਂਦੇ ਹਨ।
ਗਾਵਨਿ ਤੁਧ ਨੋ ਮੋਹਣੀਆ ਮਨੁ ਮੋਹਨਿ; ਸੁਰਗੁ, ਮਛੁ, ਪਇਆਲੇ ॥ ਉਚਾਰਨ : ਮੋਹਣੀਆਂ।
ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ’ਚ ਆਪਣੀ ਸੁੰਦਰਤਾ ਨਾਲ਼ ਮਨ ਨੂੰ ਮੋਹ ਲੈਣ ਵਾਲ਼ੀਆਂ (ਮੰਨੀਆਂ ਜਾਂਦੀਆਂ) ਇਸਤ੍ਰੀਆਂ ਵੀ ਤੈਨੂੰ ਗਾਉਂਦੀਆਂ ਹਨ।
ਗਾਵਨਿ ਤੁਧ ਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਉਚਾਰਨ : ਨਾਲ਼ੇ।
ਤੇਰੇ ਦੁਆਰਾ ਪੈਦਾ ਕੀਤੇ ਗਏ 14 ਰਤਨ ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ਦੁਆਰਾ ਕੱਢੇ ਗਏ ਤੇ ਹੁਕਮ ਵਿੱਚ ਹੀ ਕਾਰਜਸ਼ੀਲ ਹਨ), ਜਿਨ੍ਹਾਂ ਨਾਲ਼ ਸੰਬੰਧਿਤ 68 ਤੀਰਥ ਬਣੇ ਹਨ।
ਗਾਵਨਿ ਤੁਧ ਨੋ ਜੋਧ ਮਹਾ ਬਲ ਸੂਰਾ; ਗਾਵਨਿ ਤੁਧ ਨੋ ਖਾਣੀ ਚਾਰੇ ॥ ਉਚਾਰਨ : ਮਹਾਂ ਬਲ।
ਮਹਾਂ ਬਲੀ ਯੋਧੇ, ਸੂਰਮੇ ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਤੈਨੂੰ ਗਾਉਂਦੀਆਂ ਹਨ।
ਗਾਵਨਿ ਤੁਧ ਨੋ ਖੰਡ, ਮੰਡਲ, ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥
ਖੰਡ (ਛੋਟਾ ਟੁਕੜਾ ਭਾਵ ਪ੍ਰਿਥਵੀ), ਮੰਡਲ (ਸੂਰਜ ਪਰਵਾਰ) ਤੇ ਬ੍ਰਹਮੰਡ (ਅਨੇਕਾਂ ਸੂਰਜਾਂ ਦਾ ਸੰਗ੍ਰਹਿ, ਜੋ ਅਦਭੁਤ ਸਹਾਰੇ ਨਾਲ਼) ਤੇਰੇ ਟਿਕਾਏ ਹੋਏ ਹਨ, ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ’ਚ ਖੜ੍ਹੇ ਹਨ)।
ਸੇਈ ਤੁਧ ਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥ ਉਚਾਰਨ : ਰੱਤੇ।
ਹੇ ਅਨੰਦਮਈ ਜੀਵਨ ਦੇ ਸ੍ਰੋਤ ! (ਅਸਲ ’ਚ) ਉਹੀ ਤੁਸਾਂ ਨੂੰ ਗਾਉਂਦੇ ਹਨ (ਭਾਵ ਉਨ੍ਹਾਂ ਦਾ ਗਾਉਣਾ ਹੀ ਲਾਭਕਾਰੀ ਹੈ ਜਾਂ ਤੇਰੇ ਦਰ ਉੱਤੇ ਕਬੂਲ ਹੁੰਦਾ ਹੈ) ਜੋ ਭਗਤ-ਜਨ ਤੇਰੇ ਪ੍ਰੇਮ ਰੰਗ ’ਚ ਭਿੱਜੇ ਹੋਏ (ਤੈਨੂੰ ਗਾਉਂਦੇ ਹਨ ਤੇ) ਤੁਸਾਂ ਨੂੰ ਪਸੰਦ ਵੀ ਆ ਜਾਂਦੇ ਹਨ।
ਹੋਰਿ ਕੇਤੇ ਤੁਧ ਨੋ ਗਾਵਨਿ; ਸੇ, ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ ? ॥
(ਉਕਤ ਕੀਤੇ ਗਏ ਤਮਾਮ ਵਰਣਨ ਤੋਂ ਇਲਾਵਾ) ਹੋਰ ਕਿਤਨੇ ਤੈਨੂੰ ਗਾਉਂਦੇ ਹਨ, ਉਹ ਮੇਰੇ ਚਿੱਤ ਚੇਤੇ ਵਿੱਚ ਨਹੀਂ ਆਉਂਦੇ ਜਾਂ ਆ ਰਹੇ (ਕਿਉਂਕਿ ਤੇਰੀ ਅਸੀਮ ਸ਼ਕਤੀ ਨੂੰ) ਨਿਮਾਣਾ ਜਿਹਾ ਨਾਨਕ ਕਿਵੇਂ ਵਿਚਾਰ ਸਕਦਾ ਹੈ ? (‘‘ਜੇਤੀ ਪ੍ਰਭੂ (ਨੇ) ਜਨਾਈ (ਸੂਝ ਦਿੱਤੀ), ਰਸਨਾ (ਜੀਭ ਨੇ) ਤੇਤ ਭਨੀ (ਓਨੀ ਦੱਸੀ)॥ ਅਨਜਾਨਤ ਜੋ ਸੇਵੈ, ਤੇਤੀ (ਉਹ ਤਮਾਮ) ਨਹ ਜਾਇ ਗਨੀ (ਨਾ ਗਿਣੀ ਜਾਂਦੀ ਜਾਂ ਦੱਸੀ ਜਾਂਦੀ)॥’’ ਮ:੫/੪੫੬)
ਸੋਈ ਸੋਈ, ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ ॥
(ਤਮਾਮ ਜਗਤ ਰਚਨਾ ਚਲਾਇਮਾਨ ਹੈ) ਕੇਵਲ ਉਹੀ ਮਾਲਕ ਅਤੇ ਉਸ ਦੀ ਮਹਿਮਾ ਸਦਾ ਸਥਿਰ ਹੈ।
ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
ਜਿਸ ‘ਅਕਾਲ ਪੁਰਖ’ ਨੇ ਤਮਾਮ (ਚਲਾਇਮਾਨ) ਰਚਨਾ ਬਣਾਈ ਹੈ, ਉਸ ਦੀ ਹੋਂਦ ਹੁਣ ਵਰਤਮਾਨ ’ਚ ਵੀ ਹੈ ਤੇ ਅਗਾਂਹ (ਭਵਿੱਖ ’ਚ ਕਿਆਮਤ ਉਪਰੰਤ) ਵੀ ਮੌਜੂਦ ਰਹੇਗੀ ਕਿਉਂਕਿ ਉਹ ਨਾ ਜੰਮਦਾ ਹੈ, ਨਾ ਮਰਦਾ ਹੈ।
ਰੰਗੀ, ਰੰਗੀ ਭਾਤੀ ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਉਚਾਰਨ : ਰੰਗੀਂ-ਰੰਗੀਂ, ਭਾਂਤੀਂ, ਜਿਨਸੀਂ।
ਜਿਸ (‘ਅਕਾਲ ਪੁਰਖ’ ਕਰਤਾਰ) ਨੇ ਭਿੰਨ ਭਿੰਨ ਰੰਗਾਂ ’ਚ ਭਾਂਤ-ਭਾਂਤ ਦੀ, ਕਈ ਕਿਸਮਾਂ ਦੀ ਕਰ ਕਰ ਕੇ ਮਾਇਆ ਪੈਦਾ ਕੀਤੀ ਹੈ।
ਕਰਿ ਕਰਿ ਦੇਖੈ, ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥ ਉਚਾਰਨ : ਜਿਉਂ।
ਜਿਵੇਂ ਉਸ ਦੀ ਇੱਛਾ ਹੈ ਆਪਣੀ ਨਾਸ਼ਵਾਨ ਰਚਨਾ ਨੂੰ ਪੈਦਾ ਕਰ ਕਰ ਕੇ ਆਪ ਹੀ ਇਸ ਦੀ ਸੰਭਾਲ਼ ਕਰਦਾ ਹੈ।
ਜੋ ਤਿਸੁ ਭਾਵੈ, ਸੋਈ ਕਰਸੀ; ਫਿਰਿ ਹੁਕਮੁ ਨ ਕਰਣਾ ਜਾਈ ॥
ਜੋ ਉਸ ਨੂੰ ਪਸੰਦ ਹੈ, ਉਸ ਤਰ੍ਹਾਂ ਜਗਤ ਰਚਨਾ ਕਰੇਗਾ (ਇਸ ਨਿਯਮ ਵਿਰੁਧ) ਮੁੜ ਸ਼ਿਕਾਇਤ ਨਹੀਂ ਕੀਤੀ ਜਾ ਸਕਦੀ।
ਸੋ ਪਾਤਿਸਾਹੁ, ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ॥੧॥ ਉਚਾਰਨ : ਪਾਤਿਸ਼ਾਹ, ਸ਼ਾਹਾਂ, ਰਜ਼ਾਈ।
ਹੇ ਨਾਨਕ ! ਉਹ ਬਾਦਸ਼ਾਹ; ਦੁਨਿਆਵੀ ਹੁਕਮਰਾਨਾਂ ਦਾ ਵੀ ਹੁਕਮਰਾਨ ਹੈ (ਭਾਵ ਤਮਾਮ ਸ਼ਾਸਕ ਉਸ ਦੇ ਹੁਕਮ ’ਚ ਬੱਧੇ ਹੋਏ ਹਨ, ਤਾਂ ਤੇ) ਉਸ ਦੀ ਰਜ਼ਾ ’ਚ ਚੱਲ ਰਿਹਾ (ਹਾਂ, ਨੂੰ ਸਵੀਕਾਰ ਕਰਨਾ ਹੀ ਲਾਭਕਾਰੀ ਹੈ, ਭਗਤੀ ਹੈ)।
ਆਸਾ, ਮਹਲਾ ੧ ॥
ਸੁਣਿ, ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ, ਡੀਠਾ ਹੋਇ ॥
(ਹੇ ਨਿਰਾਕਾਰ ‘ਅਕਾਲ ਪੁਰਖ’ ਮਾਲਕ ! ਤੇਰੇ ਬਾਰੇ ਇੱਕ ਦੂਸਰੇ ਤੋਂ) ਸੁਣ-ਸੁਣ ਕੇ (ਤੁਸਾਂ ਨੂੰ) ਹਰ ਕੋਈ ਵੱਡਾ ਆਖਦਾ ਹੈ ਪਰ ਤੁਸੀਂ ਕਿਤਨੇ ਵੱਡੇ ਹੋ ਇਹ ਤਾਂ ਅਨੁਭਵ ਕੀਤਿਆਂ ਹੀ ਮਾਲੂਮ ਹੁੰਦਾ ਹੈ।
ਕੀਮਤਿ ਪਾਇ, ਨ ਕਹਿਆ ਜਾਇ ॥ ਕਹਣੈ ਵਾਲੇ; ਤੇਰੇ ਰਹੇ ਸਮਾਇ ॥੧॥
(ਤੇਰੇ ਵਡੱਪਣ ਦਾ) ਮਿਣਤੀ ਪਾ ਕੇ ਵਰਣਨ ਨਹੀਂ ਹੋ ਸਕਦਾ (ਤੇਰੀ ਮਹਾਨਤਾ ਦਾ) ਵਰਣਨ ਕਰਨ ਵਾਲ਼ੇ ਤੇਰੇ (ਸਰੂਪ ’ਚ ਹੀ) ਲੀਨ ਹੋ ਗਏ (ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ’ਚ ਲੀਨ ਹੋ ਜਾਂਦੇ ਹਨ: ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’ ਜਪੁ)
ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ ਗਹੀਰਾ ! ॥ ਕੋਇ ਨ ਜਾਣੈ; ਤੇਰਾ ਕੇਤਾ, ਕੇਵਡੁ ਚੀਰਾ ॥੧॥ ਰਹਾਉ ॥
ਹੇ ਮੇਰੇ ਵੱਡੇ ਮਾਲਕ ! ਅਥਾਹ ਗੰਭੀਰਤਾ ਅਤੇ ਗੁਣਾਂ ਦੇ ਸ੍ਰੋਤ ! ਤੇਰਾ ਕਿਤਨਾ (ਵਿਆਪਕ ਸਰੂਪ) ਤੇ ਕਿਤਨਾ ਖਿਲਾਰਾ (ਜਾਂ ਚੌੜਾਈ) ਹੈ, ਕੋਈ ਨਹੀਂ ਜਾਣਦਾ।
(ਨੋਟ: ‘ਰਹਾਉ’ ਦਾ ਅਰਥ ‘ਠਹਿਰਨਾ, ਰੁਕਣਾ ਜਾਂ ਵਿਸ਼ੇਸ਼ ਧਿਆਨ ਦੇਣਾ’ ਹੈ ਪਰ ਇਹ ਠਹਿਰਾਅ ਪੰਕਤੀ ਦੀ ਸਮਾਪਤੀ ’ਤੇ ਨਹੀਂ ਬਲਕਿ ਤੁਕ ਦੀ ਅਰੰਭਤਾ ਤੋਂ ਸਮਾਪਤੀ (‘ਵਡੇ ਮੇਰੇ ਸਾਹਿਬਾ’ ਤੋਂ ‘ਕੇਵਡੁ ਚੀਰਾ’) ਤੱਕ ਠਹਿਰਨ ਦਾ ਸੰਕੇਤ ਹੈ, ਜੋ ਕਿ ਚਾਰ ਬੰਦਾਂ ਵਾਲ਼ੇ ਇਸ ਮੁਕੰਬਲ ਸ਼ਬਦ ਦਾ ਤੱਤ ਸਾਰ ਹੈ, ਕੇਂਦਰੀ ਭਾਵ ਹੈ, ਨਚੋੜ, ਅਰਕ, ਸਿੱਟਾ ਜਾਂ ਰਸ ਹੈ, ਇਸ ਲਈ ਹੀ ਇਸ ਸ਼ਬਦ ਦੇ ਪਹਿਲੇ ਬੰਦ ਦੀ ਸਮਾਪਤੀ ਉਪਰੰਤ ਇੱਕ (੧) ਆਉਣ ਦੇ ਬਾਵਜੂਦ ਦੁਬਾਰਾ ‘ਰਹਾਉ’ ਵਾਲ਼ੀ ਤੁਕ ਉਪਰੰਤ ਵੀ ਮੁੜ ਸੰਖਿਅਕ ਸ਼ਬਦ ਇੱਕ (੧) ਦਰਜ ਕੀਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ’ਚ ਕੁੱਲ 5868 ਸ਼ਬਦ ਦਰਜ ਹਨ ਜਿਨ੍ਹਾਂ ਵਿੱਚੋਂ ‘ਰਹਾਉ’ ਵਾਲ਼ੇ ਸ਼ਬਦ ਅਧੀਨ ਕੇਵਲ 2632 ਸ਼ਬਦ ਹੀ ਆਉਂਦੇ ਹਨ, ਜਿਨ੍ਹਾਂ ਵਿੱਚੋਂ 25 ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ’ਚ ‘ਰਹਾਉ ਦੂਜਾ’ ਵੀ ਦਰਜ ਹੈ ਭਾਵ ‘ਰਹਾਉ’ ਪਹਿਲਾ ਦੁਆਰਾ ਪੈਦਾ ਕੀਤੇ ਗਏ ਸਵਾਲ ਦਾ ਜਵਾਬ ਹੀ ‘ਰਹਾਉ ਦੂਜਾ’ ’ਚੋਂ ਮਿਲਦਾ ਹੈ।)
ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥ ਸਭ ਕੀਮਤਿ ਮਿਲਿ; ਕੀਮਤਿ ਪਾਈ ॥ ਉਚਾਰਨ : ਸੁਰਤੀਂ।
(ਸੰਗਤੀ ਰੂਪ ’ਚ) ਸਭ (ਸੂਝਵਾਨ) ਸਰੋਤਿਆਂ ਨੇ ਮਿਲ ਕੇ (ਤੇਰੇ ਬਾਰੇ) ਧਿਆਨ ਸਾਧਨਾ ਕੀਤੀ, (ਤੇਰੀ) ਤਮਾਮ ਮਿਣਤੀ (ਮਹਾਨਤਾ) ਨੂੰ ਮਿਲ ਕੇ ਵਿਚਾਰਿਆ ਭਾਵ ਤੇਰੇ ਸ਼ਕਤੀ ਨੂੰ ਸਵੀਕਾਰਿਆ।
ਗਿਆਨੀ, ਧਿਆਨੀ; ਗੁਰ ਗੁਰ ਹਾਈ ॥ ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥
ਗਿਆਨ ਪ੍ਰਾਪਤ ਕਰਨ ਵਾਲ਼ੇ, ਧਿਆਨ ਲਗਾਉਣ ਵਾਲ਼ੇ (ਭਾਵ ਮਨ ਦੀ ਬਿਰਤੀ ਜਾਂ ਮਨ ਦਾ ਟਿਕਾਅ ਇਕਾਗਰ ਕਰਨ ਵਾਲ਼ੇ), ਆਦਿ ਜੋ ਵੱਡਿਓਂ ਵੱਡੇ ਮੰਨੀਦੇ ਹਨ (ਉਨ੍ਹਾਂ ਤੋਂ ਵੀ) ਤੇਰੀ ਤਿਲ ਮਾਤਰ ਮਹਾਨਤਾ ਬਿਆਨ ਨਹੀਂ ਕੀਤੀ ਜਾ ਸਕਦੀ।
ਸਭਿ ਸਤ, ਸਭਿ ਤਪ; ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ ਉਚਾਰਨ : ਚੰਗਿਆਈਆਂ, ਸਿਧਾਂ, ਪੁਰਖਾਂ, ਕੀਆਂ, ਵਡਿਆਈਆਂ।
ਤਮਾਮ ਸਨਮਾਨਯੋਗ ਕਰਮ, ਤਮਾਮ ਸਰੀਰਕ ਕਸ਼ਟ, ਤਮਾਮ ਪਰਉਪਕਾਰਤਾ ਜਾਂ ਲੋਕ-ਭਲਾਈ ਕਰਮ, ਯੋਗੀ ਲੋਕਾਂ ਦੀਆਂ ਤਮਾਮ ਪ੍ਰਸਿੱਧੀਆਂ (ਆਦਿ ਨੂੰ ਹੀ ਸਰਬੋਤਮ ਕਰਮ ਮੰਨਿਆ ਗਿਆ, ਪਰ ਕੇਵਲ ਇੱਥੋਂ ਤੱਕ ਹੀ ਮਨੁੱਖਾ ਜੀਵਨ ਦਾ ਮਨੋਰਥ ਨਹੀਂ ਕਿਉਂਕਿ ਇਨ੍ਹਾਂ ਤਮਾਮ ਕਾਰਜਾਂ ’ਚ ਤੇਰੀਆਂ ਬਖ਼ਸ਼ਸ਼ਾਂ ਪ੍ਰਤੀ ਅਹਿਸਾਸ ਪ੍ਰਗਟ ਨਹੀਂ ਹੁੰਦਾ, ਜੋ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ)।
ਤੁਧੁ ਵਿਣੁ, ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥ ਉਚਾਰਨ : ਪਾਈ+ਆ, ਨਾਹੀਂ, ਰਹਾਈ+ਆ।
(ਹੇ ਨਿਰਾਕਾਰ ‘ਅਕਾਲ ਪੁਰਖ’ ਮਾਲਕ !) ਤੇਰੀ ਰਹਿਮਤ ਤੋਂ ਬਿਨਾਂ ਅਸਲ ਮਨੋਰਥ (ਕਾਮਯਾਬੀ) ਕਿਸੇ ਨੇ ਪ੍ਰਾਪਤ ਨਹੀਂ ਕੀਤੀ (ਬੇਸ਼ੱਕ ਉਕਤ ਤਮਾਮ ਕਾਰਜ ਵੀ ਕਰ ਲਏ ਜਾਣ ਪਰ ਜਿਨ੍ਹਾਂ ਨੂੰ ਇਹ ਅਸਲ ਜੀਵਨ ਪ੍ਰਾਪਤੀ ਤੇਰੇ) ਪ੍ਰਸਾਦ (ਬਖ਼ਸ਼ਸ਼) ਨਾਲ ਮਿਲ ਜਾਂਦੀ ਹੈ (ਉਨ੍ਹਾਂ ਦੇ ਦੁਨਿਆਵੀ ਜੀਵਨ ’ਚ ਕੋਈ) ਰੁਕਾਵਟ ਖੜ੍ਹੀ ਨਹੀਂ ਕਰ ਸਕਦਾ।
ਆਖਣ ਵਾਲਾ; ਕਿਆ ਵੇਚਾਰਾ ? ॥ ਸਿਫਤੀ ਭਰੇ; ਤੇਰੇ ਭੰਡਾਰਾ ॥ ਉਚਾਰਨ : ਵਾਲ਼ਾ, ਸਿਫ਼ਤੀਂ।
(ਦਰਅਸਲ, ਵਿਘਨਕਾਰੀ ਮਾਨਸਿਕਤਾ) ਬੋਲਣ ਵਾਲ਼ੇ ’ਚ ਕੀ ਸਮਰੱਥਾ ਹੈ ? (ਜਿਸ ਦੀ ਤੁਲਨਾ) ਤੇਰੀਆਂ ਰਹਿਮਤਾਂ ਨਾਲ਼ ਭਰੇ ਭੰਡਾਰਿਆਂ ਨਾਲ਼ ਕੀਤੀ ਜਾਵੇ।
(ਨੋਟ: ਗੁਰਬਾਣੀ ਲਿਖਤ ’ਚ ਇਹ ਨਿਯਮ ਪ੍ਰਧਾਨ ਹੈ ਕਿ ਜਿਸ ਵਿਸ਼ੇ ਨੂੰ ਵਿਸਥਾਰ ਦਿੰਦਿਆਂ ਕਿਸੇ ਵੀ ਸ਼ਬਦ ਨੂੰ ਬੰਦਾਂ (4, 6, 8 ਜਾਂ 16 ਆਦਿ) ’ਚ ਵੰਡਿਆ ਜਾਏ ਉਸ ਸ਼ਬਦ ਦਾ ਆਖ਼ਰੀ ਬੰਦ ਵਿਸ਼ੇ ਦੇ ਉਕਤ ਵਿਸਥਾਰ ਨੂੰ ਸੰਖੇਪ ’ਚ ਸਮੇਟਦਾ ਹੈ, ਇਸ ਲਈ ਉਕਤ ਸ਼ਬਦ ਦੇ ਤੀਸਰੇ ਬੰਦ ਦੀ ਸਮਾਪਤੀ, ਰੱਬੀ ਬਖ਼ਸ਼ਸ਼ਾਂ ’ਚ ਰੁਕਾਵਟ ਪੈਦਾ ਕਰਨ ਵਾਲ਼ੀ ਮਨੁੱਖਾ ਸ਼ਕਤੀ ਨੂੰ ਪ੍ਰਤੀਕ ਦੇ ਤੌਰ ’ਤੇ ਲਿਆ ਗਿਆ ਹੈ, ਤਾਂ ਤੇ ਜ਼ਰੂਰੀ ਹੈ ਕਿ ਉਸ ਮਨੁੱਖਾ ਸ਼ਕਤੀ ਨੂੰ ਵੀ ਕਰਤਾਰ ਦੇ ਹੁਕਮ ਅਧੀਨ ਵਿਚਰਨ ਕਾਰਨ ਨਫ਼ਰਤ ਰਹਿਤ ਭਾਵਨਾ ਨਾਲ ਵਿਸ਼ੇ ਦੀ ਸਮਾਪਤੀ ਕੀਤੀ ਜਾਵੇ ਭਾਵ ਚੌਥੇ ਬੰਦ ਦੇ ਅਰਥ ਕੀਤੇ ਜਾਣ, ਜਿਸ ਨੂੰ ਧਿਆਨ ’ਚ ਰੱਖਦਿਆਂ ਹੀ ਉਕਤ ਪੰਕਤੀ ਦੇ ਅਰਥ ਕਰਨੇ, ਦਰੁਸਤ ਲੱਗੇ, ਜੋ ਕਿ ਗੁਰਬਾਣੀ ਦੇ ਪ੍ਰਚਲਿਤ ਕੀਤੇ ਗਏ ਅਰਥਾਂ ਤੋਂ ਭਿੰਨ ਹਨ।)
ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥੨॥ ਉਚਾਰਨ : ਤੂੰ, ਦੇਹਿਂ।
ਹੇ ਨਾਨਕ ! (ਆਖ ਕਿ ਹੇ ਨਿਰਾਕਾਰ ‘ਅਕਾਲ ਪੁਰਖ’ ਮਾਲਕ !) ਜਿਸ (ਮਨੁੱਖ ਨੂੰ ਜੀਵਨ ਮਨੋਰਥ ’ਚ ਕਾਮਯਾਬੀ) ਤੂੰ ਬਖ਼ਸ਼ਸ਼ ਕਰਦਾ ਹੈਂ ਉਸ ਦੇ ਸਾਹਮਣੇ (ਕਿਸੇ ਦਾ) ਕੀ ਜ਼ੋਰ ਚੱਲ ਸਕਦਾ ਹੈ ? (ਕਿਉਂਕਿ ਉਸ ਦੇ ਜੀਵਨ ਨੂੰ ਤੂੰ) ਸਥਾਈ ਸਥਿਰ ਮਾਲਕ ਦਰੁਸਤ ਕਰਨ ਵਾਲ਼ਾ ਹੈਂ, ਸੋਹਣਾ ਬਣਾਉਣ ਵਾਲ਼ਾ ਹੈਂ।
(ਨੋਟ: ਉਕਤ ਵਿਸ਼ੇ ਦੇ ਸਮਾਪਤੀ ਭਾਵ ਨੂੰ ‘ਜਪੁ’ ਬਾਣੀ ’ਚ ‘‘ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ ? (ਕਿ) ਲਈ ?॥’’ ਸ਼ਬਦਾਂ ਰਾਹੀਂ ਵੀ ਸੰਖੇਪ ਰੂਪ ਦਿੱਤਾ ਗਿਆ ਹੈ।)