ਰਾਗੀ ਖਾਓ, ਸਿਹਤਮੰਦ ਹੋ ਜਾਓ

0
1105

ਰਾਗੀ ਖਾਓ, ਸਿਹਤਮੰਦ ਹੋ ਜਾਓ 

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ)-0175-2216783

ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ। ਮਾੜੇ ਚੰਗੇ ਮੌਸਮ ਨੂੰ ਸੌਖਿਆਂ ਜਰ ਜਾਂਦੀ ਹੈ। ਕਰਨਾਟਕ ਵਿੱਚੋਂ ਪੂਰੇ ਭਾਰਤ ਵਾਸਤੇ 58 ਫੀਸਦੀ ਰਾਗੀ ਪਹੁੰਚਦੀ ਹੈ। ਇਸ ਤੋਂ ਵਧੀਆ ਅੰਨ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹ ਕਣ ਤੇ ਹੋਰ ਅਨੇਕ ਲੋੜੀਂਦੇ ਤੱਤ ਹੁੰਦੇ ਹਨ। ਇਸ ਵਿਚ ਅਨਸੈਚੂਰੇਟਿਡ ਥਿੰਦਾ ਕਾਫ਼ੀ ਘੱਟ ਹੈ।

ਭਾਰ ਘਟਾਉਣ ਲਈ ਇਸ ਤੋਂ ਬਿਹਤਰ ਕੋਈ ਹੋਰ ਅੰਨ ਨਹੀਂ ਤੇ ਬੀਮਾਰੀਆਂ ਤੋਂ ਬਚਾਉਣ ਵਿਚ ਵੀ ਇਸ ਦਾ ਕੋਈ ਸਾਨੀ ਨਹੀਂ। ਕਮਜ਼ੋਰ ਹੱਡੀਆਂ, ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਹੀ ਪੈਂਦੀ ਹੈ।

ਕਮਾਲ ਤਾਂ ਇਹ ਵੇਖੋ ਕਿ ਤਣਾਓ ਘਟਾਉਣ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕੀ ਹੈ। ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸ ਨੂੰ ਇੰਜ ਹੀ ਪਿਹਾ ਕੇ ਖਾਧਾ ਜਾ ਸਕਦਾ ਹੈ ਜਿਸ ਨਾਲ ਇਸ ਦੀ ਪੋਸ਼ਟਿਕਤਾ ਬਰਕਰਾਰ ਰਹਿੰਦੀ ਹੈ।

ਫ਼ਾਇਦੇ :-

ਭਾਰ ਘਟਾਉਣ ਲਈ :-

ਜਿੰਨੇ ਵੀ ਉੱਚ ਪੱਧਰੀ ਜਾਂ ਮਹਿੰਗੇ ਭਾਰ ਘਟਾਉਣ ਵਾਲੇ ਪਲੈਨ ਸ਼ੁਰੁ ਕੀਤੇ ਜਾਣ, ਹਰ ਕਿਸੇ ਵਿਚ ਖ਼ੁਰਾਕ ਵਿਚ ਰਾਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ ? ਇਸ ਵਿਚਲਾ ਅਮਾਈਨੋ ਏਸਿਡ ‘ਟਰਿਪਟੋਫੈਨ’ ਭੁੱਖ ਮਾਰਦਾ ਹੈ। ਸਭ ਤੋਂ ਵੱਧ ਫਾਈਬਰ ਭਰਪੂਰ ਹੋਣ ਸਦਕਾ ਇਹ ਢਿੱਡ ’ਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ ਘਟਾ ਦਿੰਦਾ ਹੈ। ਢਿੱਡ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ ਤੇ ਫਾਈਬਰ ਛੇਤੀ ਹਜ਼ਮ ਨਾ ਹੋਣ ਕਾਰਨ ਢਿੱਡ ਛੇਤੀ ਖਾਲੀ ਵੀ ਨਹੀਂ ਹੁੰਦਾ।

ਹੱਡੀਆਂ ਤਗੜੀਆਂ ਕਰਨ ਲਈ :-

ਰਾਗੀ ਵਿਚ ਜਿੰਨਾ ਕੈਲਸ਼ੀਅਮ ਹੈ, ਓਨਾ ਕਿਸੇ ਹੋਰ ਸਬਜ਼ੀ ਜਾਂ ਅੰਨ ’ਚ ਨਹੀਂ। ਇਸੇ ਲਈ ਰਾਗੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਭੰਡਾਰ ਜਮਾਂ ਹੋ ਜਾਂਦਾ ਹੈ ਜੋ ਹੱਡੀਆਂ ਤਗੜੀਆਂ ਕਰ ਦਿੰਦਾ ਹੈ ਤੇ ਛੇਤੀ ਖੁਰਨ ਵੀ ਨਹੀਂ ਦਿੰਦਾ। ਇਸੇ ਲਈ ਬੱਚਿਆਂ ਤੇ ਬਜ਼ੁਰਗਾਂ ਲਈ ਰਾਗੀ ਦਾ ਦਲੀਆ ਇਕ ਬੇਸ਼ਕੀਮਤੀ ਸੁਗਾਤ ਵਾਂਗ ਹੈ ਜੋ ਥੋੜ੍ਹੀ ਮਾਤਰਾ ਵਿਚ ਪੂਰੀ ਤਾਕਤ ਦੇ ਦਿੰਦਾ ਹੈ।

ਸ਼ੱਕਰ ਰੋਗੀਆਂ ਲਈ :-

ਜਿਨ੍ਹਾਂ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ ਹੈ, ਉਨ੍ਹਾਂ ਵਾਸਤੇ ਰਾਗੀ ਕੁਦਰਤੀ ਨਿਆਮਤ ਤੋਂ ਘੱਟ ਨਹੀਂ ਕਿਉਂਕਿ ਇਸ ਵਿਚਲਾ ਫਾਈਬਰ ਤੇ ‘ਪੌਲੀਫੀਨੋਲ’, ਕਣਕ, ਚੌਲਾਂ ਤੇ ਹੋਰ ਸਾਰੇ ਕਿਸਮਾਂ ਦੇ ਅੰਨ ਤੋਂ ਕਿਤੇ ਵੱਧ ਹੈ। ਇਸ ਨੂੰ ਖਾਣ ਨਾਲ ਰੋਟੀ ਛੇਤੀ ਹਜ਼ਮ ਨਹੀਂ ਹੁੰਦੀ ਤੇ ਲਹੂ ਵਿਚ ਸ਼ੱਕਰ ਦੀ ਮਾਤਰਾ ਛੇਤੀ ਵਧਦੀ ਨਹੀਂ। ਰਾਗੀ ਦਾ ਗਲਾਈਸੀਮਿਕ ਇੰਡੈਕਸ ਕਾਫ਼ੀ ਘੱਟ ਹੋਣ ਸਦਕਾ ਸ਼ੱਕਰ ਰੋਗੀਆਂ ਨੂੰ ਅੱਧ ਰਾਤ ਨੂੰ ਸ਼ੱਕਰ ਦੀ ਮਾਤਰਾ ਘਟਣ ਦਾ ਖ਼ਤਰਾ ਟਲ ਜਾਂਦਾ ਹੈ ਤੇ ਉਨ੍ਹਾਂ ਦੀ ਸ਼ੱਕਰ ਦੀ ਮਾਤਰਾ ਸਹੀ ਰਹਿੰਦੀ ਹੈ।

ਕੋਲੈਸਟਰੋਲ ਨੂੰ ਘਟਾਉਣ ਲਈ :-

ਕੋਲੈਸਟਰੋਲ ਨੂੰ ਘਟਾਉਣ ਵਿਚ ਵੀ ਰਾਗੀ ਦਾ ਕੋਈ ਸਾਨੀ ਨਹੀਂ। ਦਿਲ ਨੂੰ ਸਿਹਤਮੰਦ ਰੱਖਣ ਲਈ ਰਾਗੀ ਬੇਮਿਸਾਲ ਹੈ। ਇਹ ਨਾੜੀਆਂ ਵਿਚ ਕੋਲੈਸਟਰੋਲ ਦੇ ਖਲੇਪੜ ਜੰਮਣ ਨਹੀਂ ਦਿੰਦੀ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੀ ਹੈ। ਦਿਮਾਗ਼ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖ ਕੇ ਪਾਸਾ ਮਰਨ ਦਾ ਖ਼ਤਰਾ ਘਟਾ ਦਿੰਦੀ ਹੈ।

ਅਮਾਈਨੋ ਏਸਿਡ ‘ਲੈਸੀਥਿਨ’ ਤੇ ‘ਮੀਥਾਈਓਨੀਨ’ ਕੋਲੈਸਟਰੋਲ ਨੂੰ ਛੇਤੀ ਘਟਾਉਣ ਦੇ ਨਾਲ-ਨਾਲ ਜਿਗਰ ਵਿੱਚੋਂ ਜੰਮੇ ਥੰਦੇ ਨੂੰ ਵੀ ਖੋਰ ਦਿੰਦੇ ਹਨ। ‘ਥਰੀਓਨੀਨ’ ਅਮਾਈਨੋ ਏਸਿਡ ਜੋ ਰਾਗੀ ਵਿਚ ਬੇਅੰਤ ਹੈ, ਉਹ ਜਿਗਰ ਵਿਚ ਥਿੰਦਾ ਇਕੱਠਾ ਹੋਣ ਹੀ ਨਹੀਂ ਦਿੰਦਾ।

ਜੇ ਰਾਗੀ ਨੂੰ ਪੂਰੀ ਪੱਕਣ ਤੋਂ ਪਹਿਲਾਂ ਵਰਤ ਲਿਆ ਜਾਵੇ, ਯਾਨੀ ਜਦੋਂ ਅਜੇ ਹਰੀ ਹੀ ਹੋਵੇ, ਤਾਂ ਇਹ ਬਲੱਡ ਪੈ੍ਰੱਸ਼ਰ ਘਟਾਉਣ ਵਿਚ ਵੀ ਸਹਾਈ ਹੋ ਜਾਂਦੀ ਹੈ।

ਤਣਾਓ ਘਟਾਉਣ ਲਈ :-

ਐਂਟੀ ਆਕਸੀਡੈਂਟ ਭਰਪੂਰ ਹੋਣ ਕਾਰਨ, ਖ਼ਾਸ ਕਰ ਟਰਿਪਟੋਫ਼ੈਨ ਤੇ ਹੋਰ ਅਮਾਈਨੋ ਏਸਿਡ, ਰਾਗੀ ਖਾਣ ਨਾਲ ਸਰੀਰ ਅੰਦਰ ਫਰੀ ਰੈਡੀਕਲ ਆਪਣੇ ਮਾੜੇ ਅਸਰ ਛੱਡ ਨਹੀਂ ਸਕਦੇ ਤੇ ਨਤੀਜਾ-ਤਣਾਓ ਦਾ ਘਟਣਾ। ਇੰਜ ਹੁੰਦੇ ਸਾਰ ਬਲੱਡ ਪ੍ਰੈੱਸ਼ਰ ਨਾਰਮਲ ਹੋ ਜਾਂਦਾ ਹੈ, ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ, ਸਿਰ ਪੀੜ ਠੀਕ ਹੋ ਜਾਂਦੀ ਹੈ ਤੇ ਨੀਂਦਰ ਵੀ ਵਧੀਆ ਆਉਣ ਲੱਗ ਪੈਂਦੀ ਹੈ।

ਸਿਰ ਪੀੜ ਤੇ ਮਿਗਰੇਨ ਵਾਲੇ ਮਰੀਜ਼ਾਂ ਲਈ ਰਾਗੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ ਹੈ।

ਪੱਠਿਆਂ ਦਾ ਕੰਮ ਕਾਰ :-

ਕੁਦਰਤੀ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਮਾ ਰਾਗੀ ਹੀ ਮੰਨਿਆ ਗਿਆ ਹੈ। ਨਾ ਸਿਰਫ਼ ਅਮਾਈਨੋ ਏਸਿਡ, ਬਲਕਿ ਕੈਲਸ਼ੀਅਮ, ਲੋਹ-ਕਣ, ਨਾਇਆਸਿਨ, ਥਾਇਆਮੀਨ, ਰਾਈਬੋਫਲੇਵਿਨ, ਵੇਲੀਨ, ਥਰੀਓਨੀਨ, ਆਈਸੋਲਿਊਸੀਨ, ਮੀਥਾਇਓਨੀਨ ਤੇ ਟਰਿਪਟੋਫੈਨ ਪੱਠਿਆਂ ਦੇ ਕੰਮ ਕਾਰ, ਉਨ੍ਹਾਂ ਲਈ ਲਹੂ ਬਣਾਉਣਾ, ਤਣਾਓ ਘਟਾ ਕੇ ਗਰੋਥ ਹਾਰਮੋਨ ਵਧਾਉਣਾ, ਆਦਿ ਵਿਚ ਮਦਦ ਕਰਦੇ ਹਨ। ਇਸੇ ਲਈ ਲੰਬਾਈ ਵਧਾਉਣ ਲਈ ਰਾਗੀ ਜ਼ਰੂਰ ਖਾਣੀ ਚਾਹੀਦੀ ਹੈ।

ਲਹੂ ਦੀ ਕਮੀ ਠੀਕ ਕਰਨੀ :-

ਪੁੰਗਰੀ ਹੋਈ ਰਾਗੀ ਰੈਗੂਲਰ ਤੌਰ ਉੱਤੇ ਵਰਤਣ ਵਾਲਿਆਂ ਨੂੰ ਲਹੂ ਦੀ ਕਮੀ ਹੋ ਹੀ ਨਹੀਂ ਸਕਦੀ। ਇਸ ਵਿਚਲਾ ਵਿਟਾਮਿਨ ਸੀ ਖ਼ੁਰਾਕ ਵਿੱਚੋਂ ਲੋਹ ਕਣ ਹਜ਼ਮ ਕਰਨ ਵਿਚ ਮਦਦ ਕਰਦਾ ਹੈ। ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਰੋਜ਼ ਰਾਗੀ ਖਾਣ ਵਾਲਿਆਂ ਨੂੰ ਆਇਰਨ ਦੀਆਂ ਗੋਲੀਆਂ ਖਾਣ ਦੀ ਲੋੜ ਹੀ ਨਹੀਂ ਰਹਿੰਦੀ।

ਹਾਜ਼ਮਾ ਠੀਕ ਕਰਨਾ :-

ਫਾਈਬਰ ਭਰਪੂਰ ਹੋਣ ਕਾਰਨ ਅੰਤੜੀਆਂ ਠੀਕ ਠਾਕ ਚਲਦੀਆਂ ਰਹਿੰਦੀਆਂ ਹਨ ਤੇ ਕਬਜ਼ ਨਹੀਂ ਹੁੰਦੀ। ਰਾਗੀ ਵਿਚਲਾ ਫਾਈਬਰ ਹਜ਼ਮ ਨਹੀਂ ਹੁੰਦਾ ਤੇ ਪਾਣੀ ਨੂੰ ਵਿਚ ਮਿਲਾ ਕੇ ਅੰਤੜੀਆਂ ਤੰਦਰੁਸਤ ਰੱਖਦਾ ਹੈ ਜਿਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ।

ਜੱਚਾ ਦਾ ਦੁੱਧ ਵੱਧ ਬਣਨਾ :-

ਦੁੱਧ ਪਿਆਉਣ ਵਾਲੀਆਂ ਮਾਵਾਂ ਵਾਸਤੇ ਰਾਗੀ ਬਹੁਤ ਲਾਹੇਵੰਦ ਹੈ। ਜਿੱਥੇ ਇਹ ਸੰਪੂਰਨ ਖ਼ੁਰਾਕ ਵਾਂਗ ਹੈ, ਉੱਥੇ ਹੀਮੋਗਲੋਬਿਨ ਠੀਕ ਰੱਖਦੀ ਹੈ ਤੇ ਹੱਡੀਆਂ ਵੀ ਤਗੜੀਆਂ ਕਰਦੀ ਹੈ। ਹਰੀ ਰਾਗੀ ਜੱਚਾ ਦਾ ਦੁੱਧ ਵਧਾ ਦਿੰਦੀ ਹੈ ਤੇ ਮਾਂ ਦੇ ਦੁੱਧ ਵਿਚ ਸਾਰੇ ਜ਼ਰੂਰੀ ਤੱਤ ਵੀ ਭਰ ਦਿੰਦੀ ਹੈ ਜਿਵੇਂ, ਲੋਹ ਕਣ, ਕੈਲਸ਼ੀਅਮ, ਤੇ ਦਿਮਾਗ਼ ਵਧਾਉਣ ਵਾਲੇ ਅਮਾਈਨੋ ਏਸਿਡ ਵੀ।

ਚਮੜੀ ਨੂੰ ਜਵਾਨ ਰੱਖਣਾ :-

ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਰਾਗੀ ਦਾ ‘ਐਂਟੀਏਜਿੰਗ ਡਰਿੰਕ’ ਬਹੁਤ ਆਮ ਵਰਤਿਆ ਜਾਂਦਾ ਹੈ। ਰਾਗੀ ਵਿਚਲੇ ਅਮਾਈਨੋ ਏਸਿਡ ‘ਮੀਥਾਇਓਨੀਨ’ ਤੇ ‘ਲਾਈਸੀਨ’, ਕੋਲਾਜਨ ਬਣਾਉਂਦੇ ਹਨ। ਕੋਲਾਜਨ ਨਾਲ ਚਮੜੀ ਢਿੱਲੀ ਨਹੀਂ ਪੈਂਦੀ ਤੇ ਝੁਰੜੀਆਂ ਵੀ ਛੇਤੀ ਨਹੀਂ ਪੈਂਦੀਆਂ। ਇਸੇ ਲਈ ਰਾਗੀ ਖਾਣ ਵਾਲੇ ਜ਼ਿਆਦਾ ਦੇਰ ਜਵਾਨ ਦਿਸਦੇ ਰਹਿੰਦੇ ਹਨ।

ਰਾਗੀ ਨੂੰ ਖਾਣ ਦਾ ਤਰੀਕਾ :-

  1. ਪੰਜ ਕਿਲੋ ਮਲਟੀਗਰੇਨ (ਛੋਲੇ, ਸੋਇਆਬੀਨ, ਕਣਕ, ਜੁਆਰ, ਬਾਜਰਾ, ਸੱਤੂ) ਆਟੇ ਵਿਚ ਇੱਕ ਕਿਲੋ ਛਾਣਬੂਰਾ ਤੇ ਇੱਕ ਕਿਲੋ ਰਾਗੀ ਪਾ ਕੇ ਰੱਖ ਲਵੋ। ਇਸ ਦਾ ਆਟਾ ਗੁੰਨ ਕੇ ਰੋਟੀ ਬਣਾਉਣ ਨਾਲ ਸਰੀਰ ਸਿਹਤਮੰਦ ਰੱਖਿਆ ਜਾ ਸਕਦਾ ਹੈ।
  2. ਰਾਗੀ ਦਾ ਸ਼ਰਬਤ ਬਣਾਉਣ ਲਈ :-

* ਇੱਕ ਕੱਪ ਪਾਣੀ ਲਓ

* ਤਿੰਨ ਚਮਚ ਸ਼ੱਕਰ

* ਇੱਕ ਚਮਚ ਛੋਟੀ ਲਾਚੀ ਪੀਸੀ ਹੋਈ

* ਦੁੱਧ 1/4 ਕੱਪ

* ਰਾਗੀ ਦਾ ਆਟਾ 1/2 ਕੱਪ

ਰਾਗੀ ਦੇ ਆਟੇ ਨੂੰ ਵੱਡੇ ਭਾਂਡੇ ਵਿਚ ਪਾ ਕੇ, ਹੌਲੀ-ਹੌਲੀ ਵਿਚ ਪਾਣੀ ਮਿਲਾਓ ਤੇ ਲਗਾਤਾਰ ਹਿਲਾਉਂਦੇ ਰਹੋ ਤਾਂ ਜੋ ਢੇਲੇ ਨਾ ਬਣ ਜਾਣ। ਗਾੜ੍ਹੀ ਪੇਸਟ ਬਣ ਜਾਣ ਉੱਤੇ ਇਸ ਨੂੰ ਪਾਸੇ ਰੱਖ ਦਿਓ। ਦੁੱਧ ਉਬਾਲੋ ਤੇ ਗਾੜ੍ਹੀ ਪੇਸਟ ਨੂੰ ਦੁੱਧ ਵਿਚ ਹੌਲੀ-ਹੌਲੀ ਹਿਲਾਉਂਦੇ ਹੋਏ ਮਿਲਾ ਦਿਓ। ਵਿੱਚੇ ਸ਼ੱਕਰ ਤੇ ਲਾਚੀ ਪਾ ਦਿਓ। ਹੌਲੀ ਕੀਤੀ ਹੋਈ ਗੈਸ ਉੱਤੇ ਭਾਂਡਾ ਰੱਖ ਕੇ ਹੌਲੀ-ਹੌਲੀ ਹਿਲਾਉਂਦੇ ਰਹੋ। ਫੇਰ ਠੰਡਾ ਕਰ ਕੇ ਵਿਚ ਬਦਾਮ, ਕਾਜੂ ਤੇ ਅਖਰੋਟ ਦੇ ਟੋਟੇ ਪਾ ਲਵੋ। ਲਓ ਜੀ ਹੋ ਗਈ ਤਿਆਰ ਗਰਮੀਆਂ ਵਾਸਤੇ ਠੰਡੀ ਸੁਗ਼ਾਤ ਤੇ ਸਰਦੀਆਂ ਦੀ ਗਰਮ ਸੁਗ਼ਾਤ। ਇਸ ਤੋਂ ਵਧੀਆ ਹੋਰ ਕੋਈ ਸਿਹਤਮੰਦ ਸ਼ਰਬਤ ਹੋ ਹੀ ਨਹੀਂ ਸਕਦਾ। (ਸ਼ੱਕਰ ਰੋਗੀ ਸ਼ੱਕਰ ਤੋਂ ਬਗ਼ੈਰ ਪੀਣ)

  1. ਰਾਗੀ ਦਾ ਸੂਪ :-

ਜੇ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ ਤੇ ਸਿਹਤਮੰਦ ਰਹਿਣ ਦਾ ਫ਼ੈਸਲਾ ਕਰ ਚੁੱਕਿਆ ਹੈ ਤਾਂ ਰਾਗੀ ਦਾ ਸੂਪ ਪੀਤੇ ਬਿਨਾਂ ਅਗਲਾ ਦਿਨ ਚੜ੍ਹਨਾ ਹੀ ਨਹੀਂ ਚਾਹੀਦਾ। ਬਿਨਾਂ ਘਿਓ ਦੇ, ਪਰ ਸਬਜ਼ੀਆਂ ਦੇ ਸਾਰੇ ਜ਼ਰੂਰੀ ਤੱਤਾਂ ਸਮੇਤ ਬਣਿਆ ਇਹ ਸੂਪ ਪੂਰਨ ਸੰਤੁਲਿਤ ਖ਼ੁਰਾਕ ਹੈ।

ਰਾਗੀ ਦਾ ਆਟਾ -3/4 ਕੱਪ

ਟਮਾਟਰ ਕੱਟਿਆ ਹੋਇਆ-1

ਪਿਆਜ਼ ਕੱਟਿਆ ਹੋਇਆ-1

ਫੁੱਲ ਗੋਭੀ ਕੱਦੂਕਸ ਕੀਤੀ ਹੋਈ-1/2 ਕੱਪ

ਹਰੇ ਮਟਰ -1/4 ਕੱਪ

ਗਾਜਰਾਂ ਕੱਟੀਆਂ ਹੋਈਆਂ- 1/4 ਕੱਪ

ਥੋਮ-4 ਤੁਰੀਆਂ ਬਰੀਕ ਕੱਟੀਆਂ ਹੋਈਆਂ

ਪਾਣੀ – ਇੱਕ ਲਿਟਰ

ਦੁੱਧ – ਦੋ ਕੱਪ

ਖੰਡ – ਦੋ ਚਮਚ

ਲੂਣ ਤੇ ਮਿਰਚ ਸਵਾਦ ਅਨੁਸਾਰ

ਖੋਪੇ ਦਾ ਤੇਲ – ਦੋ ਚਮਚ

ਜ਼ੀਰਾ – ਦੋ ਚਮਚ

ਕੜ੍ਹੀ ਪੱਤਾ – ਦੋ

ਪੈਨ ਦੇ ਵਿਚ ਪਾਣੀ ਪਾ ਕੇ ਉਬਾਲੋ। ਉਸ ਵਿਚ ਪਿਆਜ਼, ਥੋਮ, ਗਾਜਰਾਂ, ਫੁੱਲਗੋਭੀ, ਹਰੇ ਮਟਰ, ਟਮਾਟਰ, ਲੂਣ, ਮਿਰਚ ਤੇ ਖੰਡ ਮਿਲਾ ਦਿਓ। ਇਸ ਨੂੰ 10 ਮਿੰਟ ਉਬਾਲੋ। ਇੱਕ ਵੱਖਰੇ ਪੈਨ ਵਿਚ ਖੋਪੇ ਦਾ ਤੇਲ ਗਰਮ ਕਰ ਕੇ ਜੀਰਾ ਤੇ ਕੜ੍ਹੀ ਪੱਤਾ ਪਾ ਕੇ ਭੁੰਨ ਲਵੋ ਤੇ ਬਾਕੀ ਦੇ ਉਬਲੇ ਪਾਣੀ ਵਿਚ ਮਿਲਾ ਦਿਓ। ਫਿਰ ਵਿਚ ਦੁੱਧ ਮਿਲਾਓ। ਅਖ਼ੀਰ ਵਿਚ ਪਾਣੀ ਵਿਚ ਘੁਲਿਆ ਰਾਗੀ ਦਾ ਆਟਾ ਮਿਲਾ ਦਿਓ। ਇਸ ਸਾਰੇ ਮਿਸ਼ਰਨ ਨੂੰ ਹਲਕੀ ਅੱਗ ਉੱਤੇ 10 ਮਿੰਟ ਲਈ ਰਿੰਨੋ। ਫੇਰ ਤਾਜ਼ਾ ਹਰਾ ਧਨੀਆ ਬਰੀਕ ਕੱਟ ਕੇ ਉੱਤੇ ਪਾ ਦਿਓ ਤੇ ਗਰਮਾ ਗਰਮ ਪੀ ਲਵੋ।

  1. ਰਾਗੀ ਦਾ ਉਪਮਾ :-

ਆਮ ਤੌਰ ਉੱਤੇ ਉਪਮਾ ਚੌਲਾਂ ਨੂੰ ਫੇਹ ਕੇ ਬਣਾਇਆ ਜਾਂਦਾ ਹੈ ਪਰ ਰਾਗੀ ਦਾ ਉਪਮਾ ਉਸ ਤੋਂ ਕਿਤੇ ਵੱਧ ਸਿਹਤਮੰਦ ਹੈ।

ਰਾਗੀ ਦਾ ਆਟਾ – ਇੱਕ ਕੱਪ

ਰਾਈ (ਸਰਸੋਂ) – 1/2 ਚਮਚ

ਜੀਰਾ – 1/2 ਚਮਚ

ਤੇਲ – 4 ਚਮਚ

ਛੋਲਿਆਂ ਦੀ ਦਾਲ – 1/2 ਚਮਚ

ਉੜਦ ਦਾਲ – 1/2 ਚਮਚ

ਹਲਦੀ – ਇੱਕ ਚੂੰਢੀ

ਹਰੀਆਂ ਮਿਰਚਾਂ – 2 (ਕੱਟੀਆਂ ਹੋਈਆਂ)

ਪਿਆਜ਼ ਕੱਟਿਆ ਹੋਇਆ – ਇੱਕ

ਟਮਾਟਰ ਕੱਟਿਆ ਹੋਇਆ- ਇੱਕ

ਕੜ੍ਹੀ ਪੱਤਾ – 4

ਧਨੀਆ ਕੱਟਿਆ ਹੋਇਆ- 4 ਚਮਚ

ਲੂਣ – ਸਵਾਦ ਅਨੁਸਾਰ

ਪਾਣੀ – 2 ਕੱਪ

ਨਿੰਬੂ ਨਿਚੋੜਿਆ ਹੋਇਆ- 4 ਚਮਚ

ਇੱਕ ਚਮਚ ਤੇਲ ਪੈਨ ਵਿਚ ਗਰਮ ਕਰ ਕੇ ਉਸ ਵਿਚ ਰਾਗੀ ਦੇ ਆਟੇ ਨੂੰ ਭੁੰਨ ਲਵੋ। ਬਾਕੀ ਦੇ ਤੇਲ ਨੂੰ ਹੋਰ ਪੈਨ ਵਿਚ ਗਰਮ ਕਰ ਕੇ ਜੀਰਾ ਤੇ ਰਾਈ ਭੁੰਨੋ। ਉਸ ਵਿਚ ਦਾਲਾਂ ਪਾ ਕੇ ਫੇਰ ਭੁੰਨੋ। ਜਦੋਂ ਹਲਕਾ ਭੂਰਾ ਹੋ ਜਾਏ ਤਾਂ ਵਿਚ ਕੜ੍ਹੀ ਪੱਤਾ, ਪਿਆਜ਼ ਤੇ ਟਮਾਟਰ ਪਾ ਕੇ ਹੋਰ ਭੁੰਨੋ। ਫੇਰ ਵਿਚ ਲੂਣ ਤੇ ਪਾਣੀ ਪਾ ਕੇ ਉਬਾਲੋ। ਲਗਾਤਾਰ ਹਿਲਾਉਂਦੇ ਹੋਏ ਰਾਗੀ ਦਾ ਭੁੰਨਿਆ ਆਟਾ ਮਿਲਾਓ ਤੇ ਪੰਜ ਮਿੰਟ ਤੱਕ ਢਕ ਕੇ ਹਲਕੀ ਅੱਗ ਉੱਤੇ ਪਕਾਓ। ਫੇਰ ਨਿੰਬੂ ਤਰੋਂਕ ਕੇ, ਹਰਾ ਧਨੀਆ ਕੱਟ ਕੇ, ਉੱਤੇ ਛਿੜਕੋ ਤੇ ਗਰਮਾ ਗਰਮ ਛਕੋ।

  1. ਰਾਗੀ ਇਡਲੀ :-

ਸਭ ਤੋਂ ਮਸ਼ਹੂਰ ਇਡਲੀ, ਜਿਸ ਵਿਚ ਫਾਈਬਰ, ਪੋਟਾਸ਼ੀਅਮ ਤੇ ਕੈਲਸ਼ੀਅਮ ਭਰਿਆ ਪਿਆ ਹੈ, ਉਹ ਰਾਗੀ ਦੀ ਬਣੀ ਇਡਲੀ ਹੀ ਹੈ। ਨਾਸ਼ਤੇ ਵਿਚ ਖਾਧੀ ਰਾਗੀ ਇਡਲੀ ਨਾ ਸਿਰਫ਼ ਕੈਲੋਸਟਰੋਲ ਬਲਕਿ ਸ਼ੱਕਰ ਦੀ ਮਾਤਰਾ ਵੀ ਲਹੂ ਵਿੱਚੋਂ ਘਟਾਉਂਦੀ ਹੈ।

ਜੇ ਇਸ ਵਿਚ ਗਾਜਰਾਂ, ਫਲੀਆਂ ਤੇ ਸ਼ਿਮਲਾ ਮਿਰਚ ਕੱਦੂਕਸ ਕਰ ਕੇ ਮਿਲਾ ਲਈਆਂ ਜਾਣ ਜਾਂ ਇਡਲੀ ਨਾਲ ਖਾਣ ਲਈ ਵਖ ਚਟਨੀ ਵਿਚ ਮਿਲਾ ਲਈਆਂ ਜਾਣ ਤਾਂ ਸੁਆਦ ਦੁਗਣਾ ਹੋ ਸਕਦਾ ਹੈ।

ਰਾਗੀ ਦਾ ਆਟਾ – ਇੱਕ ਕੱਪ

ਰਵਾ ਇਡਲੀ ਚੌਲਾਂ ਦਾ ਪਾਊਡਰ-ਅੱਧਾ ਕੱਪ

ਪਾਣੀ – ਲੋੜ ਅਨੁਸਾਰ

ਲੂਣ – ਲੋੜ ਅਨੁਸਾਰ

ਮਿੱਠਾ ਸੋਡਾ – ਇੰਕ ਚੂੰਢੀ

ਤੇਲ – 3 ਚਮਚ

ਉੜਦ ਦਾਲ ਤੇ ਚੌਲਾਂ ਨੂੰ ਵੱਖੋ-ਵਖ ਇਕ ਘੰਟੇ ਲਈ ਪਾਣੀ ਵਿਚ ਭਿਉਂ ਦਿਓ। ਫੇਰ ਵਾਧੂ ਪਾਣੀ ਕੱਢ ਕੇ ਮਿਕਸੀ ਵਿਚ ਬਰੀਕ ਕਰ ਲਵੋ। ਫੇਰ ਰਾਗੀ ਦਾ ਆਟਾ ਮਿਲਾ ਦਿਓ ਤੇ ਚੰਗੀ ਤਰ੍ਹਾਂ ਹਿਲਾ ਦਿਓ। ਰਾਤ ਭਰ ਇਸ ਮਿਸ਼ਰਨ ਨੂੰ ਗਰਮ ਥਾਂ ਉੱਤੇ ਢਕ ਕੇ ਰੱਖ ਦਿਓ। ਸਵੇਰੇ ਰਤਾ ਕੁ ਲੂਣ ਤੇ ਮਿੱਠਾ ਸੋਡਾ ਮਿਲਾ ਦਿਓ। ਫੇਰ ਇਡਲੀ ਸਟੈਂਡ ਦੇ ਖੋਲਾਂ ਵਿਚ ਹਲਕਾ ਤੇਲ ਲਾ ਕੇ, ਉੱਤੇ ਇਹ ਮਿਸ਼ਰਨ ਪਾ ਦਿਓ। ਪੰਦਰਾਂ ਤੋਂ 20 ਮਿੰਟ ਭਾਫ਼ ਦੇ ਕੇ ਕੱਢ ਲਵੋ ਤੇ ਟਮਾਟਰ ਦੀ ਚਟਨੀ ਨਾਲ ਖਾ ਲਵੋ।

ਡੱਬਾ ਬੰਦ ਚੀਜ਼ਾਂ ਤੇ ਪ੍ਰੋਸੈੱਸਡ ਚੀਜ਼ਾਂ ਸਾਡੇ ਸਰੀਰ ਦਾ ਨਾਸ ਮਾਰ ਰਹੀਆਂ ਹਨ। ਰਾਗੀ ਹਮੇਸ਼ਾਂ ਤੋਂ ਪਿੰਡਾਂ ਵਿਚ ਵਰਤੀ ਜਾਂਦੀ ਸੀ, ਪਰ ਹੌਲੀ-ਹੌਲੀ ਸ਼ਹਿਰੀ ਮਾਹੌਲ ਵਿਚ ਰਚ ਜਾਣ ਸਦਕਾ ਇਹ ਅਲੋਪ ਹੁੰਦੀ ਜਾ ਰਹੀ ਹੈ। ਬਰੈੱਡ, ਪਾਸਤਾ, ਬਿਸਕੁਟ, ਬਰਗਰ ਖਾ-ਖਾ ਕੇ ਸਾਡੇ ਪੇਂਡੂ ਬੱਚੇ ਵੀ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਿਚ ਰਹਿ ਰਹੇ ਬੱਚੇ ਆਪਣੇ ਆਪ ਨੂੰ ਸ਼ਹਿਰੀ ਅਖਵਾਉਣ ਲਈ ਸੰਤੁਲਿਤ ਤੇ ਸਿਹਤਮੰਦ ਖ਼ੁਰਾਕ ਛੱਡ ਕੇ ਕੋਕ, ਪਿਜ਼ਾ ਵਿਚ ਹੀ ਰੁਲ ਚੁੱਕੇ ਹਨ।

ਇਹੀ ਕਾਰਨ ਹੈ ਕਿ ਬੱਚਿਆਂ ਵਿਚ ਬੀਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ ਹੈ।

ਘੱਟ ਪਾਣੀ ਮੰਗਦੀ ਰਾਗੀ ਜਿੱਥੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਹਲ ਕਰ ਸਕਦੀ ਹੈ, ਉੱਥੇ ਪੰਜਾਬ ਦੀ ਜਵਾਨੀ ਨੂੰ ਸਿਹਤਮੰਦ ਵੀ ਰੱਖ ਸਕਦੀ ਹੈ। ਇਸੇ ਲਈ ਲੋੜ ਹੈ ਤੁਰੰਤ ਇਸ ਤਬਦੀਲੀ ਵੱਲ ਧਿਆਨ ਦੇਣ ਦੀ !

ਜੇ ਉਮਰ ਲੰਮੀ ਭੋਗਣੀ ਚਾਹੁੰਦੇ ਹਾਂ, ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤੇ ਧਰਤੀ ਹੇਠਲੇ ਘਟਦੇ ਪਾਣੀ ਬਾਰੇ ਵੀ ਫਿਕਰਮੰਦ ਹਾਂ, ਤਾਂ ਹਰ ਹਾਲ ਰਾਗੀ ਦੀ ਫਸਲ ਬੀਜਣੀ ਪਵੇਗੀ ਤੇ ਇਸ ਦੀ ਵਰਤੋਂ ਵੀ ਸਭ ਨੂੰ ਰੁਜ਼ਾਨਾ ਕਰਨੀ ਪਵੇਗੀ।