ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ
ਗਿਆਨੀ ਅਵਤਾਰ ਸਿੰਘ
ਅਕਸਰ ਦੋ ਸਵਾਲ ਕੀਤੇ ਜਾਂਦੇ ਹਨ। ਪਹਿਲਾ ਇਹ ਕਿ ਗੁਰਬਾਣੀ ਅੰਦਰ ਗੁਰੂ ਨੂੰ ਪੂਰਨ-ਗੁਰੂ ਮੰਨਿਆ ਹੈ। ਕੀ ਫਿਰ ਇਸ ਪੂਰੇ ਸ਼ਬਦ-ਗੁਰੂ (ਗਿਆਨ) ਤੋਂ ਬਾਹਰ ਹੋਰ ਕੋਈ ਗਿਆਨ ਨਹੀਂ ਬਚਦਾ ? ਦੂਜਾ ਇਹ ਸਵਾਲ ਕਿ ਗੁਰਬਾਣੀ ਅੰਦਰ ਭਗਤ ਸਾਹਿਬਾਨ ਦੀ ਰਚਨਾ ਨੂੰ ਭੀ ਗੁਰੂ ਸਾਹਿਬਾਨ ਦੀ ਰਚਨਾ ਦੇ ਬਰਾਬਰ ਦਰਜਾ ਮਿਲਿਆ ਹੋਇਆ ਹੈ। ਸਾਰੀ ਗੁਰਬਾਣੀ ਨੂੰ ਸ਼ਬਦ-ਗੁਰੂ ਹੋਣ ਦਾ ਸੁਭਾਗ ਪ੍ਰਾਪਤ ਹੈ ਤਾਂ ਫਿਰ ਭਗਤ ਸਾਹਿਬਾਨ ਨੂੰ ਵੀ ਸਤਿਗੁਰੂ ਜਾਂ ਪੂਰਾ ਗੁਰੂ; ਕਿਉਂ ਨਹੀਂ ਕਹਿ ਸਕਦੇ ? ਇਨ੍ਹਾਂ ਦੋਵੇਂ ਸਵਾਲਾਂ ਅੰਦਰ ਰੂਹਾਨੀਅਤ ਦਾ ਸੂਖਮ ਰਾਜ਼ ਛੁਪਿਆ ਹੈ। ਹਥਲੇ ਲੇਖ ਰਾਹੀਂ ਇਸ ਦੀ ਵਿਚਾਰ ਕਰਨੀ ਹੈ।
ਗੁਰੂ ਅਰਜਨ ਸਾਹਿਬ ਜੀ ਨੇ ਪੂਰਨ ਮਨੁੱਖ ਅੰਦਰ ਇਹ ਛੇ ਗੁਣ ਦੱਸੇ ਹਨ (1). ਪੂਰਾ ਧਿਆਨ ਇਕਾਗਰ ਕਰਕੇ ਕਣ-ਕਣ ’ਚ ਵਿਆਪਕ ਰਾਮ ਦਾ ਨਾਮ ਵਾਰ-ਵਾਰ ਜਪਣਾ ‘‘ਮੰਤ੍ਰੰ ਰਾਮ ਰਾਮ ਨਾਮੰ; ਧੵਾਨੰ ਸਰਬਤ੍ਰ ਪੂਰਨਹ ॥’’, (2). ਨਿਰਵੈਰ ਅਤੇ ਨਿਰਮਲ ਭਾਵਨਾ ਨਾਲ਼ ਸੁੱਖ ਦੁੱਖ ਨੂੰ ਇੱਕ ਸਮਾਨ ਜਾਣਨਾ ‘‘ਗੵਾਨੰ ਸਮ ਦੁਖ ਸੁਖੰ; ਜੁਗਤਿ ਨਿਰਮਲ ਨਿਰਵੈਰਣਹ ॥’’, (3). ਪੰਜ ਵਿਕਾਰਾਂ ਨੂੰ ਕਾਬੂ ਰੱਖ ਕੇ ਸਾਰਿਆਂ ਨਾਲ਼ ਪਿਆਰ ਕਰਨਾ ‘‘ਦਯਾਲੰ ਸਰਬਤ੍ਰ ਜੀਆ; ਪੰਚ ਦੋਖ ਬਿਵਰਜਿਤਹ ॥’’, (4). ਜਿਵੇਂ ਕਮਲ/ਕੰਵਲ ਫੁੱਲ ਪਾਣੀ ਤੋਂ ਅਭਿੱਜ ਰਹਿੰਦਾ ਹੈ; ਇਉਂ ਮਾਇਆ ਤੋਂ ਉਪਰਾਮ/ਵਿਰਕਤ ਰਹਿ ਕੇ ਰੱਬ ਦੀ ਮਹਿਮਾ ਗਾਉਣ ਨੂੰ ਭੋਜਨ ਬਣਾਉਣਾ ‘‘ਭੋਜਨੰ ਗੋਪਾਲ ਕੀਰਤਨੰ; ਅਲਪ ਮਾਯਾ ਜਲ ਕਮਲ ਰਹਤਹ ॥’’, (5). ਪ੍ਰੇਮ ਭਾਵਨਾ ਨਾਲ਼ ਰੱਬ ਦੀ ਭਗਤੀ ਕਰਦਿਆਂ ਦੁਸ਼ਮਣ ਅਤੇ ਦੋਸਤ ਨਾਲ਼ ਇੱਕ ਸਮਾਨ ਵਿਵਹਾਰ ਕਰਨਾ ‘‘ਉਪਦੇਸੰ ਸਮ ਮਿਤ੍ਰ ਸਤ੍ਰਹ; ਭਗਵੰਤ ਭਗਤਿ ਭਾਵਨੀ ॥’’ ਅਤੇ (6). ਵੈਰੀ ਦੇ ਔਗੁਣਾਂ ਨੂੰ ਵਧਾ ਕੇ ਕੀਤੀ ਕੋਈ ਗੱਲ; ਕੰਨਾਂ ਨਾਲ਼ ਨਾ ਸੁਣਨਾ ਅਤੇ ਅਹੰਕਾਰ ਤਿਆਗ ਕੇ ਸਭ ਨਾਲ਼ ਨਿਮਰਤਾ ਰੱਖਣੀ ‘‘ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ; ਆਪੁ ਤਿੵਾਗਿ, ਸਗਲ ਰੇਣੁਕਹ ॥’’ ਸੋ ਇਨ੍ਹਾਂ ਛੇ ਲੱਛਣਾਂ ਵਾਲ਼ਾ ਮਨੁੱਖ; ਪੂਰਨ ਮਨੁੱਖ ਅਖਵਾ ਸਕਦਾ ਹੈ। ਉਸ ਨੂੰ ‘ਸਾਧ ਸੱਜਣ’ ਯਾਨੀ ਮਨ ਨੂੰ ਜਿੱਤ ਚੁੱਕਿਆ ਮਨੁੱਖ; ਕਹਿਣਾ ਬਣਦਾ ਹੈ ‘‘ਖਟ ਲਖੵਣ ਪੂਰਨੰ ਪੁਰਖਹ; ਨਾਨਕ ! ਨਾਮ ਸਾਧ ਸ੍ਵਜਨਹ ॥੪੦॥’’ (ਸਹਸਕ੍ਰਿਤੀ/ਮਹਲਾ ੫/੧੩੫੭)
ਕੀ ਉਕਤ ਬਿਆਨ ਕੀਤੇ ਛੇ ਗੁਣਾਂ ਵਾਲ਼ੇ ਪੂਰਨ ਮਨੁੱਖ ਨੂੰ ‘ਪੂਰਨ ਸਤਿਗੁਰੂ’ ਕਹਿ ਸਕਦੇ ਹਾਂ ? ਜਵਾਬ ਹੈ: ਨਹੀਂ ਕਿਉਂਕਿ
(1). ਪੂਰਨ ਸਤਿਗੁਰੂ; ਪੈਦਾਇਸ਼ ਤੋਂ ਇਨ੍ਹਾਂ ਛੇ ਗੁਣਾਂ ਦਾ ਧਾਰਨੀ ਹੁੰਦਾ ਹੈ ਕਿਉਂਕਿ ਉਹ, ਰੱਬ ਦਾ ਰੂਪ ਹੈ; ਜਿਵੇਂ ਕਿ ਭੱਟ ਮਥੁਰਾ ਜੀ ਦੇ ਬਚਨ ਹਨ ਕਿ ਨਿਰਾਕਾਰ ਦੀ ਨਿਰਮਲ-ਜੋਤਿ ਦਾ ਨਾਂ ਹੀ ‘ਗੁਰੂ ਨਾਨਕ’ ਪਿਆ ਹੈ ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮)
(2). ਸਤਿਗੁਰੂ ਅੰਦਰ ਇਹ ਛੇ ਗੁਣ ਪੈਦਾਇਸ਼ ਤੋਂ ਹੁੰਦੇ ਹਨ। ਸਤਿਗੁਰੂ ਦੀ ਇਹ ਰੂਹਾਨੀਅਤ ਸ਼ਕਤੀ; ਸ਼ਰਧਾਵਾਨ ਅੰਦਰ ਇਉਂ ਤਬਦੀਲੀ ਲਿਆ ਦਿੰਦੀ ਹੈ ‘‘ਪਿੰਗੁਲ ਪਰਬਤ ਪਾਰਿ ਪਰੇ; ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ !॥ ਮੈਲੁ ਖੋਈ, ਕੋਟਿ ਅਘ ਹਰੇ; ਨਿਰਮਲ ਭਏ ਚੀਤਾ ॥੧॥ ਰਹਾਉ ॥ (ਮਹਲਾ ੫/੮੧੦) ਅਰਥ : ਹੇ ਮੇਰੇ ਮਿੱਤਰ ! ਪੂਰੇ ਸਤਿਗੁਰੂ ਦੀ ਕੀਤੀ ਸੰਗਤ ਦਾ ਮਹੱਤਵ ਸੁਣ। ਸਤਿਗੁਰੂ ਨੂੰ ਮਿਲ ਕੇ ਪਵਿੱਤਰ ਹੋ ਜਾਈਦਾ ਹੈ (ਗੁਰ ਭੇਟਿ ਪੁਨੀਤਾ)। ਗੁਰੂ; ਜਨਮ-ਜਨਮ ਦੀ ਮੈਲ਼ ਉਤਾਰ ਦਿੰਦਾ ਹੈ (ਮੈਲੁ ਖੋਈ)। ਕ੍ਰੋੜਾਂ ਪਾਪ ਮਿਟ ਜਾਂਦੇ ਹਨ (ਕੋਟਿ ਅਘ ਹਰੇ)। ਮਨ; ਨਿਰਮਲ ਹੋ ਜਾਂਦਾ ਹੈ (ਨਿਰਮਲ ਭਏ ਚੀਤਾ)। ਲੂਲ੍ਹਾ (ਅਪਾਹਜ) ਮਨੁੱਖ ਯਾਨੀ ਕਿ ਚੱਲਣ ਤੋਂ ਅਸਮਰੱਥ ਬੰਦਾ ਵੀ ਮਾਨੋ ਹਿਮਾਲਿਆ ਪਰਬਤ ਪਾਰ ਕਰ ਲੈਂਦਾ ਹੈ (ਪਿੰਗੁਲ ਪਰਬਤ ਪਾਰਿ ਪਰੇ)। ਮੂਰਖ ਮਨੁੱਖ; ਸਿਆਣਾ ਅਤੇ ਚੰਗਾ ਵਕਤਾ ਬਣ ਜਾਂਦਾ ਹੈ (ਖਲ ਚਤੁਰ ਬਕੀਤਾ)। ਨੇਤਰਹੀਣ ਮਨੁੱਖ ਨੂੰ ਮਾਨੋ ਤ੍ਰਿਲੋਕ (ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ) ਵਿਖਾਈ ਦੇਣ ਲੱਗ ਜਾਂਦਾ ਹੈ (ਅੰਧੁਲੇ ਤ੍ਰਿਭਵਣ ਸੂਝਿਆ)। ਸੋ ‘ਪੂਰਨ ਸਤਿਗੁਰੂ’ ਤੋਂ ਭਾਵ ਹੈ ‘ਨਿਰਾਕਾਰ ਅਤੇ ਆਕਾਰ (ਯਾਨੀ ਕਿ ਕੁਦਰਤਿ) ਦੀ ਸਚਾਈ ਨੂੰ ਹੂ-ਬਹੂ ਪ੍ਰਗਟ ਕਰਨ ਵਾਲ਼ੀ ਮਹਾਨ ਸ਼ਖ਼ਸੀਅਤ।
ਪੂਰਨ ਮਨੁੱਖ ਦੁਆਰਾ ਉਕਤ ਛੇ ਗੁਣ ਗ੍ਰਹਿਣ ਕਰਨ ਤੋਂ ਭਾਵ ਹੈ ‘ਨਿਰਾਕਾਰ ਵਿੱਚ ਲੀਨ ਹੋਣਾ’। ਰੱਬ ’ਚ ਲੀਨ ਹੋਣਾ ਅਤੇ ਰੱਬ ਦਾ ਰੂਪ ਹੋਣਾ; ਦੋਵਾਂ ’ਚ ਫ਼ਰਕ ਹੁੰਦਾ ਹੈ; ਜਿਵੇਂ ਕਿ ਪਾਰਸ ਅਤੇ ਪਾਰਸ ਹੋਣਾ, ਚੰਦਨ ਅਤੇ ਚੰਦਨ ਬਣਨਾ ਆਦਿ। ਨਿਰਾਕਾਰ ਦਾ ਰੂਪ ਹੋਣ ਕਾਰਨ ਪੂਰਨ ਸਤਿਗੁਰੂ ਜੀ; ਪਾਰਸ ਅਤੇ ਚੰਦਨ ਹਨ ਤਾਹੀਓਂ ਜਨਮ ਮਰਨ ਦੇ ਗੇੜ ’ਚ ਨਹੀਂ ਆਉਂਦੇ ਸਗੋਂ ਜਨਮ ਮਰਨ ਦੇ ਚੱਕਰ ’ਚ ਭਟਕਦਿਆਂ ਨੂੰ ਆਪਣੇ ਵਾਙ ਨਿਰਾਕਾਰ ’ਚ ਅਭੇਦ ਕਰ ਲੈਂਦੇ ਹਨ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮਹਲਾ ੫/੭੪੯) ਅਰਥ : ਪੂਰਨ ਸਤਿਗੁਰੂ; ਜਨਮ ਮਰਨ ਦੇ ਗੇੜ ’ਚ ਨਹੀਂ ਹੁੰਦੇ ਉਹ ਤਾਂ ਸੇਵਕਾਂ ਦੇ ਉਧਾਰ ਲਈ (ਸੰਸਾਰ ’ਚ) ਆਏ ਹੁੰਦੇ ਹਨ। ਗੁਰੂ ਉੱਤੇ ਭਰੋਸਾ ਰੱਖਣ ਵਾਲ਼ਿਆਂ ਨੂੰ ਰੂਹ/ਜਿੰਦ ਦੀ ਖ਼ੁਰਾਕ (ਯਾਨੀ ਕਿ ਉਹ ਅੰਮ੍ਰਿਤ-ਬੂਟੀ ਦਿੰਦੇ ਹਨ, ਜਿਸ ਨਾਲ਼ ਰੂਹ/ਆਤਮਾ; ਪ੍ਰਫੁਲਿਤ ਹੋਵੇ) ਦੇ ਕੇ ਹਰੀ ਦੀ ਭਗਤੀ ’ਚ ਜੋੜ ਲੈਂਦੇ ਹਨ, ਹਰੀ ਨਾਲ਼ ਮਿਲਾ ਲੈਂਦੇ ਹਨ।
‘ਪੂਰਨ ਸਤਿਗੁਰੂ’ ਆਪਣੇ ਅੰਦਰ ਵੱਸਦੇ ‘ੴ’ ਨੂੰ ਅਨੁਭਵ ਕਰਕੇ, ਉਸ ਦਾ ਆਪ ਦਰਸ਼ਨ ਕਰਕੇ ‘ਪੂਰਨ ਮਨੁੱਖ’ ਨੂੰ ਵੀ ਵੈਸਾ ਹੀ ਅਹਿਸਾਸ ਕਰਾ ਦਿੰਦਾ ਹੈ। ਇਸ ਸੂਖਮ ਰਾਜ਼ ਤੱਕ ਪਕੜ ਕਰਾਉਣ ਲਈ ਗੁਰਬਾਣੀ ਅੰਦਰ ਸੰਯੁਕਤ ਸ਼ਬਦ ‘ਦੇਖਿ+ਦਿਖਾਵੈ’ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਅਰਥ ਹੈ ‘(ਹਿਰਦੇ/ਅਨੁਭਵ ’ਚੋਂ ਆਪ) ਵੇਖ ਕੇ ਹੋਰਾਂ ਨੂੰ ਵਿਖਾਉਣਾ’। ਇਹ ਸ਼ਬਦ; ਗੁਰਬਾਣੀ ਅੰਦਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ 4 ਵਾਰ ਦਰਜ ਕੀਤੇ ਹਨ। ਇਨ੍ਹਾਂ ਚਾਰੇ ਸ਼ਬਦਾਂ ਦੇ ਕੇਵਲ ਇੱਕ-ਇੱਕ ਬੰਦ ਨੂੰ ਗਹੁ ਨਾਲ਼ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਕਿਵੇਂ ਹਰ ਬੰਦ ਦੀ ਸਮਾਪਤੀ ’ਚ ਪੂਰਨ ਸਤਿਗੁਰੂ ਅੰਦਰ ਇਹ ਗੁਣ ਸਾਬਤ ਕਰਨ ਲਈ ਪਹਿਲਾਂ; ਅਦ੍ਰਿਸ਼/ ਨਿਰਾਕਾਰ-ਸ਼ਕਤੀ ਦਾ ਚਿਤਰਨ ਉਲੀਕਿਆ ਗਿਆ ਤਾਂ ਜੋ ਸਾਫ਼ ਹੋ ਸਕੇ ਕਿ ਉਹ ਦੈਬੀ-ਸ਼ਕਤੀ ਅਨੁਭਵ ਨਾਲ਼ ਸੰਬੰਧਿਤ ਹੈ, ਨਾ ਕਿ ਦਿਮਾਗ਼ੀ ਗਿਆਨ ਨਾਲ਼ :
ਪਹਿਲਾ ਸ਼ਬਦ : ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ; ਰੂਪੁ ਨ ਰੇਖਿਆ ॥ ਖੋਜਤ ਖੋਜਤ; ਘਟਿ ਘਟਿ ਦੇਖਿਆ ॥ ਜੋ ਦੇਖਿ+ਦਿਖਾਵੈ; ਤਿਸ ਕਉ ਬਲਿ ਜਾਈ (ਜਾਈਂ) ॥ ਗੁਰ ਪਰਸਾਦਿ; ਪਰਮ ਪਦੁ ਪਾਈ (ਪਾਈਂ) ॥੧॥ (ਮਹਲਾ ੧/੮੩੯) ਅਰਥ : ਚੰਦ੍ਰਮਾ ਮਹੀਨੇ ਦੀ ਪਹਿਲੀ ਤਿਥ (ਏਕਮ) ਦੀ ਤਰ੍ਹਾਂ ਇੱਕ ਓਅੰਕਾਰ (ਏਕੰਕਾਰੁ) ਪ੍ਰਭੂ; ਅਦੁੱਤੀ (ਪ੍ਰਕਾਸ਼ ਰੂਪ) ਹੈ ਭਾਵ ਉਸ ਵਰਗਾ ਕੋਈ ਹੋਰ ਨਹੀਂ (ਏਕਮ ਏਕੰਕਾਰੁ ਨਿਰਾਲਾ)। ਅਟੱਲ ਹੈ, ਜੂਨਾਂ ’ਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤ ਨਹੀਂ ਭਾਵ ਸਾਰੀਆਂ ਹੀ ਜਾਤਾਂ-ਨਸਲਾਂ ’ਚ ਵੱਸਦਾ ਹੈ, ਫਿਰ ਵੀ ਉਸ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ (ਅਮਰੁ ਅਜੋਨੀ ਜਾਤਿ ਨ ਜਾਲਾ)। ਪੰਜ ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ ਹੈ ਕਿਉਂਕਿ ਉਸ ਦਾ ਰੂਪ-ਰੰਗ ਜਾਂ ਰੇਖਾ-ਚਿੰਨ੍ਹ ਨਹੀਂ (ਅਗਮ ਅਗੋਚਰੁ; ਰੂਪੁ ਨ ਰੇਖਿਆ)। ਅੰਦਰਲੇ ਤੀਰਥ ’ਤੇ ਇਸ਼ਨਾਨ ਕੀਤਿਆਂ ਭਾਵ ਸਵੈ ਪੜਚੋਲ ਕੀਤਿਆਂ (ਅੰਤਹਿਕਰਣ ਨੂੰ ਪਾਰਦਰਸ਼ੀ ਕਰਕੇ) ਹਿਰਦੇ ’ਚੋਂ ਪ੍ਰਗਟ ਹੁੰਦਾ ਹੈ (ਖੋਜਤ ਖੋਜਤ; ਘਟਿ ਘਟਿ ਦੇਖਿਆ)। ਜਿਹੜਾ (ਪੂਰਨ ਸਤਿਗੁਰੂ) ਐਸੀ ਅਦ੍ਰਿਸ਼, ਅਪਹੁੰਚ ਸ਼ਕਤੀ ਨੂੰ ਆਪ ਵੇਖ ਕੇ, ਮਹਿਸੂਸ ਕਰਕੇ; ਹੋਰਾਂ ਨੂੰ ਭੀ ਦਰਸ਼ਨ ਕਰਾਉਂਦਾ ਹੈ, ਮੈ ਉਸ ਤੋਂ ਕੁਰਬਾਨ ਹਾਂ (ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ)। ਐਸੇ ‘ਪੂਰਨ ਸਤਿਗੁਰੂ’ ਦੀ ਮਿਹਰ ਨਾਲ਼ ਮੈਂ ਸਰਬੋਤਮ ਪਦ ਪਾ ਸਕਦਾ ਹਾਂ, ਪੂਰਨ ਮਨੁੱਖ ਬਣ ਸਕਦਾ ਹਾਂ (ਗੁਰ ਪਰਸਾਦਿ; ਪਰਮ ਪਦੁ ਪਾਈ)। ਸਰਬੋਤਮ ਪਦ ਜਾਂ ਪੂਰਨ ਮਨੁੱਖ ਤੋਂ ਭਾਵ ਹੈ ‘ਸਚਖੰਡ ਦਾ ਨਿਵਾਸੀ ਹੋਣਾ, ਬੇਗ਼ਮਪੁਰੇ ਦਾ ਸ਼ਹਿਰੀ ਬਣਨਾ’।
ਦੂਜਾ ਸ਼ਬਦ : ਘਰਿ (’ਚ) ਆਉ ਪਿਆਰੇ ! ਦੁਤਰ ਤਾਰੇ; ਤੁਧੁ ਬਿਨੁ, ਅਢੁ ਨ ਮੋਲੋ ॥ ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ+ਦਿਖਾਵੈ ਢੋਲੋ ॥ (ਬਾਰਹਮਾਹਾ/ਮਹਲਾ ੧/੧੧੦੮) ਅਰਥ : ਹੇ ਪਿਆਰੇ ਪ੍ਰਭੂ ! ਮੇਰੇ ਹਿਰਦੇ ’ਚ ਆਓ ਯਾਨੀ ਆਪਣੀ ਹੋਂਦ ਦਾ ਅਹਿਸਾਸ ਕਰਾਓ (ਘਰਿ ਆਉ ਪਿਆਰੇ !)। ਇਹੀ ਅਹਿਸਾਸ ਬਿਖੜਾ ਸੰਸਾਰ-ਸਮੁੰਦਰ ਪਾਰ ਲੰਘਾਏਗਾ (ਦੁਤਰ ਤਾਰੇ)। ਤੇਰੇ ਦਰਸ਼ਨ ਬਿਨਾਂ ਜੀਵਨ ਦਾ ਅੱਧੀ ਕੌਡੀ ਮੁੱਲ ਨਹੀਂ (ਤੁਧੁ ਬਿਨੁ, ਅਢੁ ਨ ਮੋਲੋ)। (ਜੋ ਭੀ ਤੇਰੇ) ਪਿਆਰੇ ਦਾ ਆਪ ਦਰਸ਼ਨ ਕਰਦਾ ਹੋਇਆ ਮੈਨੂੰ ਭੀ ਦਰਸ਼ਨ ਕਰਾ ਦੇਵੇ (ਦੇਖਿ ਦਿਖਾਵੈ ਢੋਲੋ/ ਤਾਂ ਜੋ) ਮੈ ਭੀ ਤੈਨੂੰ ਪਸੰਦ ਆ ਜਾਵਾਂ (ਤੁਧੁ ਭਾਵਾਂ/ ਤਦ ਮੇਰੇ) ਕੀਮਤੀ ਬਣ ਚੁੱਕੇ ਜੀਵਨ ਦਾ ਕੌਣ ਅੰਦਾਜ਼ਾ ਲਗਾ ਸਕਦਾ ਹੈ (ਕੀਮਤਿ ਕਉਣ ਕਰੇ) ? ਸੋ ਐਸਾ ਹੀ ਭਾਵ ‘ਜਪੁ’ ਬਾਣੀ ਦੇ ਇਸ ਵਾਕ ਵਿੱਚ ਹੈ ‘‘ਮੰਨੇ ਕੀ ਗਤਿ; ਕਹੀ ਨ ਜਾਇ ॥’’ (ਜਪੁ) ਭਾਵ ਗੁਰੂ ਸਿੱਖਿਆ ਮੰਨਣ ਵਾਲ਼ੇ ਦੇ ਬਣੇ ਕੀਮਤੀ ਜੀਵਨ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਭਾਵ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਨੋਟ : ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਸ਼ਬਦਾਂ ਵਾਲ਼ੇ ਬੋਲ; ਭਾਵੇਂ ਗੁਰੂ ਸਾਹਿਬ ਜੀ ਦੇ ਦਿਲੋਂ ਪ੍ਰਗਟ ਹੋਏ ਹਨ, ਪਰ ਹਰ ਸਿੱਖ ਨੇ ਆਪਣੇ ਦਿਲੋਂ ਉੱਠੇ ਇਹ ਬੋਲ, ਸਮਝ ਕੇ ਪਾਠ ਕਰਨਾ ਹੈ ਭਾਵ ਇਸ ਵਾਕ ‘‘ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ’’ ਨੂੰ ਪੜ੍ਹਦਿਆਂ ਸਿੱਖ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ‘ਹੇ ਪਿਆਰੇ ਪ੍ਰਭੂ ! (ਜਿਹੜਾ ਪੂਰਨ ਸਤਿਗੁਰੂ; ਤੇਰਾ) ਦਰਸ਼ਨ ਆਪ ਕਰਦਿਆਂ ਮੈਨੂੰ (ਯਾਨੀ ਕਿ ਸਿੱਖ ਨੂੰ ਭੀ ਤੇਰੀ ਮੌਜੂਦਗੀ ਦਾ) ਅਹਿਸਾਸ ਕਰਾ ਦੇਵੇ ਤਾਂ ਜੋ ਮੈਂ ਵੀ ਤੈਨੂੰ ਪਸੰਦ ਆ ਸਕਾਂ (ਮੈਂ ਉਸ ਸਤਿਗੁਰੂ ਤੋਂ ਕੁਰਬਾਨ ਹਾਂ)। ਫਿਰ ਮੇਰੇ ਐਸੇ ਪੂਰਨ ਸਿੱਖੀ ਕਿਰਦਾਰ ਦਾ ਕੌਣ ਅੰਦਾਜ਼ਾ ਲਗਾ ਸਕਦਾ ਹੈ ? ਸੋ ਇਸ ਭਾਵਨਾ ਨਾਲ਼ ਹੀ ਐਸੇ ‘‘ਦੇਖਿ+ਦਿਖਾਵੈ’’ ਗੁਣਾਂ ਭਰਪੂਰ ‘ਪੂਰਨ ਸਤਿਗੁਰੂ’ ਤੋਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਲ਼ਾ ਅਹਿਸਾਸ ਪੈਦਾ ਹੋਣਾ ਹੈ।
ਤੀਜਾ ਸ਼ਬਦ : ਸਭ ਊਤਮ; ਕਿਸੁ ਆਖਉ (ਆਖਉਂ) ਹੀਨਾ ॥ ਹਰਿ ਭਗਤੀ; ਸਚਿ+ਨਾਮਿ (’ਚ) ਪਤੀਨਾ ॥੧॥ ਰਹਾਉ ॥ ਅਉਖਧ ਕਰਿ ਥਾਕੀ ਬਹੁਤੇਰੇ ॥ ਕਿਉ ਦੁਖੁ ਚੂਕੈ; ਬਿਨੁ ਗੁਰ ਮੇਰੇ …॥੨॥ ਰੋਗੁ ਵਡੋ; ਕਿਉ ਬਾਂਧਉ ਧੀਰਾ ?॥ ਰੋਗੁ ਬੁਝੈ, ਸੋ ਕਾਟੈ ਪੀਰਾ … ॥੩॥ ਗੁਰ ਕਾ ਸਬਦੁ; ਦਾਰੂ, ਹਰਿ ਨਾਉ ॥ ਜਿਉ ਤੂ ਰਾਖਹਿ; ਤਿਵੈ ਰਹਾਉ (ਰਹਾਉਂ)॥ ਜਗੁ ਰੋਗੀ; ਕਹ ਦੇਖਿ ਦਿਖਾਉ (ਦਿਖਾਉਂ)॥ ਹਰਿ ਨਿਰਮਾਇਲੁ; ਨਿਰਮਲੁ ਨਾਉ ॥੪॥ ਘਰ ਮਹਿ ਘਰੁ; ਜੋ ਦੇਖਿ+ਦਿਖਾਵੈ ॥ ਗੁਰ ਮਹਲੀ; ਸੋ ਮਹਲਿ (ਅੰਦਰ) ਬੁਲਾਵੈ …॥੫॥ (ਮਹਲਾ ੧/੧੧੮੯) ਅਰਥ : (ਸੰਸਾਰ ’ਚ) ਹਰ ਕੋਈ ਚੰਗਾ ਹੈ (ਕਿਉਂਕਿ ਸਾਰਿਆਂ ’ਚ ਪ੍ਰਭੂ ਵੱਸਦਾ ਹੈ)। ਮੈ ਕਿਸੇ ਨੂੰ ਮਾੜਾ ਨਹੀਂ ਕਹਾਂਗਾ (ਸਭ ਊਤਮ; ਕਿਸੁ ਆਖਉ ਹੀਨਾ), ਪਰ ਇਹ ਭਰੋਸਾ ਹਰੀ ਦੀ ਭਗਤੀ ਨਾਲ਼, ਉਸ ਦੇ ਸਥਿਰ ਨਾਮ ’ਚ ਜੁੜ ਕੇ ਹੀ ਬਣਦਾ ਹੈ (ਹਰਿ ਭਗਤੀ; ਸਚਿ+ਨਾਮਿ ਪਤੀਨਾ)॥ ਰਹਾਉ॥ (ਪੂਰਨ ਮਨੁੱਖ ਬਣਨ ਲਈ) ਬੜੇ ਇਲਾਜ ਕਰ ਕੇ ਵੇਖ ਲਏ (ਜਿਵੇਂ ਕਿ ਬਚਨ ਹਨ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ; ਅਧਿਕ ਅਹੰਬੁਧਿ (ਹੰਕਾਰ ’ਚ) ਬਾਧੇ ॥’’ (ਮਹਲਾ ੫/੬੪੧) ਹੁਣ) ਪੂਰਨ ਸਤਿਗੁਰੂ ਤੋਂ ਬਿਨਾਂ ਕਿਵੇਂ ਇਹ ਦੁੱਖ ਦੂਰ ਹੋਵੇ ਭਾਵ ਨਹੀਂ ਹੋ ਸਕਦਾ (ਅਉਖਧ ਕਰਿ ਥਾਕੀ ਬਹੁਤੇਰੇ॥ ਕਿਉ ਦੁਖੁ ਚੂਕੈ; ਬਿਨੁ ਗੁਰ ਮੇਰੇ)..।੨। ਜਦ ਰੋਗ ਭਾਰੀ ਹੋਵੇ ਤਾਂ ਮਨ ਸ਼ਾਂਤ ਕਿਵੇਂ ਹੋ ਸਕਦਾ ਹੈ (ਰੋਗੁ ਵਡੋ; ਕਿਉ ਬਾਂਧਉ ਧੀਰਾ ?)। ਜਿਹੜਾ (ਪੂਰਨ ਸਤਿਗੁਰੂ; ਇਸ) ਰੋਗ ਨੂੰ ਸਮਝਦਾ ਹੈ, ਉਹੀ ਮੇਰੀ ਪੀੜਾ ਦੂਰ ਕਰੇਗਾ (ਰੋਗੁ ਬੁਝੈ, ਸੋ ਕਾਟੈ ਪੀਰਾ)। ਗੁਰੂ ਦਾ ਉਪਦੇਸ਼ ਹੀ ਹਰੀ ਦਾ ਨਾਮ (ਨਾਮਣਾ/ਵਡਿਆਈ) ਹੈ ਤੇ ਦਵਾ ਹੈ (ਗੁਰ ਕਾ ਸਬਦੁ; ਦਾਰੂ, ਹਰਿ ਨਾਉ)। ਹੇ ਪ੍ਰਭੂ ! ਜਿਧਰ ਤੂੰ ਰੱਖਦਾ ਹੈਂ, ਓਧਰ ਹੀ ਮੇਰਾ ਚਿਤ ਡੋਲਦਾ ਹੈ (‘‘ਜਿਉ ਤੂ ਰਾਖਹਿ; ਤਿਵੈ ਰਹਾਉ॥’’ ਕਿਉਂਕਿ ਮੈ ਤੇਰੇ ਹੁਕਮ ’ਚ ਬੱਝਿਆ ਹਾਂ । ਮੇਰੇ ਵਾਙ ਸਾਰਾ ਸੰਸਾਰ ਰੋਗੀ ਹੈ; ਜਿਵੇਂ ਕਿ ਬਚਨ ਹਨ ‘‘ਜੋ ਜੋ ਦੀਸੈ; ਸੋ ਸੋ ਰੋਗੀ ॥’’) ਮੈ ਕਿਹੜੇ (ਰੋਗ ਰਹਿਤ; ਮੇਰਾ ਸਤਿਗੁਰੁ ਜੋਗੀ ॥’’ ਮਹਲਾ ੫/੧੧੪੦) ਨੂੰ ਲੱਭ ਕੇ ਆਪਣਾ ਰੋਗ ਦੱਸਾਂ (‘‘ਜਗੁ ਰੋਗੀ; ਕਹ ਦੇਖਿ ਦਿਖਾਉ ॥’’ ਸਤਿਗੁਰੂ ਦਾ ਉਪਦੇਸ਼, ਜੋ ਹਰੀ ਦਾ ਨਾਮ ਹੈ ਓਹੀ) ਇਸ ਰੋਗ ਤੋਂ ਮੁਕਤ ਹੈ (ਹਰਿ ਨਿਰਮਾਇਲੁ; ਨਿਰਮਲੁ ਨਾਉ)।੪। ਰੱਬੀ ਦਰਬਾਰ ’ਚ ਜਿਹੜਾ (ਪੂਰਨ) ਸਤਿਗੁਰੂ ਆਪ ਵੱਸਦਾ ਹੈ (ਗੁਰ ਮਹਲੀ), ਓਹੀ ਹਰੀ ਦਾ ਦਰਸ਼ਨ ਆਪ ਕਰਦਾ ਹੋਇਆ ਮੈਨੂੰ ਕਰਾ ਸਕਦਾ ਹੈ ਯਾਨੀ ਰੱਬੀ ਦਰਗਾਹ ’ਚ ਬੁਲਾ ਸਕਦਾ ਹੈ (ਘਰ ਮਹਿ ਘਰੁ; ਜੋ ਦੇਖਿ+ਦਿਖਾਵੈ; ਸੋ ਮਹਲਿ (’ਚ) ਬੁਲਾਵੈ..॥੫॥) ਧਿਆਨ ਰਹੇ ਕਿ ਗੁਰਮਤਿ; ‘ਹਰੀ ਦੀ ਦਰਗਾਹ, ਉਸ ਦਾ ਨਿਵਾਸ ਸਥਾਨ’ ਸਾਰੇ ਸਰੀਰਾਂ ਦੇ ਅੰਦਰ ਮੰਨਦੀ ਹੈ।
ਚੌਥਾ ਸ਼ਬਦ : ‘ਪੂਰਨ ਸਤਿਗੁਰੂ’ ਅੰਦਰ ਰੱਬ ਵਰਗੀ ਅਥਾਹ ਸਮਰੱਥਾ ਹੋਣ ਦੇ ਬਾਵਜੂਦ ਵੀ ਸਤਿਗੁਰੂ; ਆਪਣੇ ਆਪ ਨੂੰ ਕੋਈ ਮਹੱਤਵ ਨਹੀਂ ਲੈਣਾ ਚਾਹੁੰਦਾ। ਸਦਾ ਇਹੀ ਬਚਨ ਕੀਤੇ ‘‘ਆਪੇ ਦੇਖਿ ਦਿਖਾਵੈ ਆਪੇ ॥ ਆਪੇ ਥਾਪਿ, ਉਥਾਪੇ ਆਪੇ ॥ ਆਪੇ ਜੋੜਿ, ਵਿਛੋੜੇ ਕਰਤਾ; ਆਪੇ ਮਾਰਿ ਜੀਵਾਇਦਾ ॥੧੫॥’’ (ਮਹਲਾ ੧/੧੦੩੪) ਅਰਥ : ਅਕਾਲ ਪੁਰਖ ਆਪ ਹੀ ‘ਪੂਰਨ ਸਤਿਗੁਰੂ’ ਦੇ ਰੂਪ ’ਚ ਆਪਣਾ ਦਰਸ਼ਨ ਕਰਦਾ ਹੋਇਆ ਹੋਰਾਂ ਨੂੰ (ਆਪਣਾ) ਦਰਸ਼ਨ ਕਰਾਉਂਦਾ ਹੈ (ਆਪੇ ਦੇਖਿ, ਦਿਖਾਵੈ ਆਪੇ)। ਆਪ ਹੀ ਸਭ ਨੂੰ ਪੈਦਾ ਕਰ-ਕਰ ਕੇ ਆਪ ਹੀ ਸਭ ਨੂੰ ਮਾਰਦਾ ਹੈ ਯਾਨੀ ਜਨਮ ਮਰਨ (ਆਵਾਗਮਣ) ਦੇ ਚੱਕਰ ’ਚ ਪਾਉਂਦਾ ਹੈ (ਆਪੇ ਥਾਪਿ, ਉਥਾਪੇ ਆਪੇ)। ਕਰਤਾਰ; ਆਪ ਹੀ (ਸਾਰਿਆਂ ਦੇ ਪਰਵਾਰਿਕ) ਮੇਲ਼ ਕਰਾ ਕੇ ਮੁੜ ਵਿਛੋੜਦਾ/ਵੱਖ-ਵੱਖ ਜੂਨਾਂ ’ਚ ਭੇਜਦਾ ਹੈ (ਆਪੇ ਜੋੜਿ, ਵਿਛੋੜੇ ਕਰਤਾ/ ਕੋਈ ਭਾਗਾਂ ਭਰਿਆ ਪਰਵਾਰ ਵੀ ਹੁੰਦਾ ਹੈ, ਜੋ ਸਤਿਗੁਰੂ ਸਿੱਖਿਆ ਅਨੁਸਾਰੀ ਜੀਵਨ ਬਤੀਤ ਕਰਦਾ ਹੋਇਆ ਇਕੱਠਾ ਕਰਤਾਰ ’ਚ ਲੀਨ ਹੁੰਦਾ ਹੈ, ਲੀਨ ਰਹਿੰਦਾ ਹੈ। ਮੁੜ ਕਦੇ ਪਰਵਾਰਿਕ ਵਿਛੋੜਾ ਨਹੀਂ ਹੁੰਦਾ; ਜਿਵੇਂ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸਾਰਾ ਪਰਵਾਰ (ਸਾਹਿਬਜ਼ਾਦਿਆਂ ਸਮੇਤ) ਅੱਜ ਭੀ ਕਰਤਾਰ ’ਚ ਲੀਨ ਹੈ, ਜੂਨਾਂ ਦੇ ਚੱਕਰ ’ਚ ਪੈ ਕੇ ਵਿਛੜਿਆ ਨਹੀਂ), ਆਪ ਹੀ ਸਾਰਿਆਂ ਨੂੰ ਮਾਰਦਾ ਤੇ ਮੁੜ ਜਨਮ ਦਿੰਦਾ ਹੈ (ਆਪੇ ਮਾਰਿ ਜੀਵਾਇਦਾ)। ਇਸ ਲਈ ‘ਕਰਤਾਰ ਚਿਤ ਆਵੇ’, ਦਾ ਸੁਨੇਹਾ ਹੀ ਗੁਰੂ ਨਾਨਕ ਸਾਹਿਬ ਜੀ ਨੇ ਚਾਰੇ ਉਦਾਸੀਆਂ ਸਮੇਂ ਹਰ ਜਗ੍ਹਾ ਦਿੱਤਾ ਹੈ।
ਸੋ ਉਕਤ ਚਾਰੇ ਸ਼ਬਦਾਂ ’ਚ ‘ਦੇਖਿ ਦਿਖਾਵੈ’ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਹਨ। ਗੁਰੂ ਨਾਨਕ ਸਾਹਿਬ ਨੇ ਹੀ ਰੱਬ ਦੀ ਸਰਬ ਵਿਆਪਕਤਾ ਨੂੰ ਜੋਤਿ ਰੂਪ ਵਜੋਂ ਪੂਰੇ ਬ੍ਰਹਿਮੰਡ, ਜੀਵ-ਜੰਤ, ਬਨਸਪਤੀ, ਪਾਣੀ ਆਦਿ ’ਚ ਇਉਂ ਬਿਆਨ ਕੀਤਾ ਹੈ :
ਸਰਬ ਜੋਤਿ ਤੇਰੀ ਪਸਰਿ ਰਹੀ ॥ ਜਹ ਜਹ ਦੇਖਾ ਤਹ ਨਰਹਰੀ (ਓਥੇ ਹੀ ਪ੍ਰਭੂ) ॥ (ਮਹਲਾ ੧/੮੭੬)
ਤ੍ਰਿਭਵਣ ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)
ਅਗਨਿ, ਪਾਣੀ, ਜੀਉ (ਜਿੰਦ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)
ਅੰਡਜ, ਜੇਰਜ, ਸੇਤਜ, ਉਤਭੁਜ (ਚਾਰੇ ਖਾਣੀਆਂ ਅੰਦਰ); ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)
ਸੂਰਜੁ ਚੰਦੁ ਉਪਾਇ; ਜੋਤਿ ਸਮਾਣਿਆ ॥ (ਮਹਲਾ ੧/੧੨੭੯)
ਸਗਲ ਸਰੋਵਰ ਜੋਤਿ ਸਮਾਣੀ ॥ (ਮਹਲਾ ੧/੧੩੪੨)
ਪਹਿਲਾ ਪਾਣੀ ਜੀਉ (ਜਿੰਦ/ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ॥ (ਮਹਲਾ ੧/੪੭੨)
ਜੇਤੇ ਦਾਣੇ ਅੰਨ ਕੇ; ਜੀਆ (ਜਿੰਦ/ਜੋਤਿ) ਬਾਝੁ ਨ ਕੋਇ ॥ (ਮਹਲਾ ੧/੪੭੨)
ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ॥ (ਮਹਲਾ ੧/੧੩)
ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਉਕਤ ਸਾਰੇ ਸ਼ਬਦਾਂ ਤੋਂ ਪਹਿਲਾਂ ਭਗਤ ਸਾਹਿਬਾਨ ਨੇ ਨਿਰਾਕਾਰ ਨੂੰ ਸਰਬ ਵਿਆਪਕ ਅਤੇ ‘ਜੋਤਿ ਰੂਪ’ ’ਚ ਸੰਖੇਪ ਜਿਹਾ ਇਉਂ ਵਰਣਨ ਕੀਤਾ ਹੈ :
ਵਸੀ ਰਬੁ ਹਿਆਲੀਐ (ਦਿਲ ’ਚ); ਜੰਗਲੁ ਕਿਆ ਢੂਢੇਹਿ ?॥ (ਬਾਬਾ ਫ਼ਰੀਦ ਜੀ/੧੩੭੮)
ਜਹਾ ਜਾਈਐ; ਤਹ ਜਲ ਪਖਾਨ (ਪੱਥਰ) ॥ ਤੂ, ਪੂਰਿ ਰਹਿਓ ਹੈ ਸਭ ਸਮਾਨ ॥ (ਭਗਤ ਰਾਮਾਨੰਦ/੧੧੯੫)
ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/੪੮੫)
ਜੀਅ ਕੀ ਜੋਤਿ (ਜੀਵ ਅੰਦਰਲੀ ਜੋਤਿ); ਨ ਜਾਨੈ ਕੋਈ ॥ ਤੈ ਮੈ ਕੀਆ; ਸੁ ਮਾਲੂਮੁ ਹੋਈ ॥੧॥ ਰਹਾਉ ॥ (ਭਗਤ ਨਾਮਦੇਵ/੧੩੫੧)
ਜਬ ਲਗੁ ਜੋਤਿ (ਭਾਵ ਪ੍ਰਾਣ) ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥ (ਭਗਤ ਕਬੀਰ/੬੯੨)
ਚੰਦੁ ਸੂਰਜੁ ਦੁਇ; ਜੋਤਿ ਸਰੂਪੁ ॥ ਜੋਤੀ ਅੰਤਰਿ; ਬ੍ਰਹਮੁ ਅਨੂਪੁ ॥ (ਭਗਤ ਕਬੀਰ/੯੭੨)
ਹਰਿ ਮਹਿ ਤਨੁ ਹੈ; ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥ (ਭਗਤ ਕਬੀਰ/੮੭੦)
ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/੬੫੮)
ਜੋਤਿ (ਯਾਦ) ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ (ਭਗਤ ਧੰਨਾ/੪੮੭) ਭਾਵ ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਜੋਤਿ (ਯਾਦ) ਟਿਕ ਗਈ, ਉਸ ਨੇ ਧੋਖਾ ਨਾ ਖਾਣ ਵਾਲ਼ੇ ਰੱਬ ਨੂੰ ਪਛਾਣ ਲਿਆ।
ਭਗਤ ਸਾਹਿਬਾਨ ਦੇ ਉਕਤ ਸਾਰੇ ਬਚਨਾਂ ਵਿੱਚ ਰੱਬੀ ਜੋਤਿ ਦੀ ਕਣ-ਕਣ ਵਿੱਚ ਵਿਆਪਕਤਾ ਬਾਰੇ ਪੂਰਨ ਵਿਸਥਾਰ ਸਹਿਤ ਨਹੀਂ; ਜਿਵੇਂ ਕਿ ਉਕਤ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਪੂਰਨ ਵਿਸਥਾਰ ਸਹਿਤ ਹੈ। ਸੋ ‘ਦੇਖਿ ਦਿਖਾਵੈ’ ਦਾ ਦਮ ਭਰਨ ਵਾਲ਼ੀ ਮਹਾਨ ਸ਼ਖ਼ਸੀਅਸ; ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਨ, ਨਾ ਕਿ ਪੂਰਨ ਮਨੁੱਖ। ਪਰ ਹਾਂ, ਜੇ ਪੂਰਨ ਸਤਿਗੁਰੂ ਚਾਹੇ ਤਾਂ ਪੂਰਨ ਮਨੁੱਖ ਅੰਦਰ ਆਪਣੀ ਇਹ ਰੂਹਾਨੀਅਤ ਸ਼ਕਤੀ (ਜੋਤਿ) ਟਿਕਾ ਕੇ ਉਸ ਨੂੰ ਆਪਣਾ ਉੱਤਰਾਧਿਕਾਰੀ (ਪੂਰਨ ਸਤਿਗੁਰੂ) ਬਣਾ ਸਕਦੇ ਹਨ। ਸਾਰੇ ਹੀ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਆਪਣੇ ਅਨੁਭਵ; ਗੁਰਬਾਣੀ ਰਾਹੀਂ ਸਾਂਝੇ ਕਰਦਿਆਂ ਆਪਣੇ ਅਤੀਤ ਦੀ ਮੈਲ਼ ਵਿੱਚੋਂ ਪੂਰਨ ਸਤਿਗੁਰੂ ਦੀ ਕਿਰਪਾ ਨਾਲ਼ ਮਿਲੀ ਰੌਸ਼ਨੀ ਨੂੰ ਵਾਰ-ਵਾਰ ਬਿਆਨ ਕੀਤਾ ਹੈ। ਐਸੀ ਝਲਕ ਪੈਦਾਇਸ਼ੀ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਬਿਲਕੁਲ ਨਹੀਂ ਮਿਲਦੀ।
ਗੁਰਬਾਣੀ ਨੂੰ ਥੋੜ੍ਹਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਸ਼ਬਦ-ਸੰਖਿਆ ਦੀ ਮਿਸਾਲ ਨਾਲ਼ ਸਮਝਣਾ ਜ਼ਰੂਰੀ ਹੈ; ਜਿਵੇਂ ਕਿ ਗੁਰਬਾਣੀ ’ਚ ਕੁੱਲ 5870 ਸ਼ਬਦ ਹਨ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ 977 ਸ਼ਬਦ ਹਨ ਯਾਨੀ ਕਿ 16.7% । ‘ਜੋਤਿ’ ਸ਼ਬਦ (ਜਿਸ ਦਾ ਅਰਥ ਰੱਬੀ ਜੋਤਿ/ਰੂਹ ਹੈ); ਗੁਰਬਾਣੀ ਅੰਦਰ 200 ਕੁ ਵਾਰ ਹੈ। ਇਨ੍ਹਾਂ ’ਚੋਂ 97 ਵਾਰ ਯਾਨੀ 50% ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਹੈ ਅਤੇ ਜ਼ਰਰੇ-ਜ਼ਰਰੇ ’ਚ ਵਿਆਪਕ ਰੱਬੀ ਜੋਤਿ ਬਿਆਨ ਕੀਤੀ, ਜੋ ਬੜਾ ਹੀ ਸੂਖਮ ਭੇਦ ਬਣਿਆ ਹੋਇਆ ਸੀ।
ਦੂਜੇ ਪਾਸੇ ਗੁਰਬਾਣੀ ਅੰਦਰ ਹਿਰਦੇ ਦੀ ਦਸ਼ਾ ਬਿਆਨ ਕਰਨ ਲਈ ‘ਕਮਲੁ’ (53 ਵਾਰ) ਅਤੇ ‘ਕਾਸਟ’ (ਭਾਵ ਲੱਕੜ/21 ਵਾਰ) ਦਰਜ ਹੈ। ਸੁੱਕਾ ਕਾਸਟ-ਹਿਰਦਾ ਹਰਾ ਹੋ ਗਿਆ (ਹਰਿਆ 57 ਵਾਰ) ਅਤੇ ਕਮਲੁ; ਖਿੜ ਗਿਆ/ਪ੍ਰਗਾਸ ਹੋ ਗਿਆ (ਪਰਗਾਸ/ਖਿੜਿਆ 242 ਵਾਰ) ਦਰਜ ਹੈ। ਇਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ ‘ਹਰਿਆ’ ਸ਼ਬਦ ਮਾਤਰ 4 ਵਾਰ ਯਾਨੀ ਕਿ ਕੁੱਲ ਸੰਖਿਆ ਦਾ 8% ਅਤੇ ਪਰਗਾਸ 22 ਵਾਰ (ਕੇਵਲ 9%) ਦਰਜ ਕੀਤਾ ਹੈ। ਉਹ ਵੀ ਆਪਣੇ ਉੱਤੇ ਢੁਕਾਅ ਕੇ ਨਹੀਂ ਬਲਕਿ ਰਾਮ ਦਾ ਨਾਮ ਜਪਣ ਵਾਲ਼ਿਆਂ ਦੇ ਹਿਰਦੇ ਅੰਦਰ ਹੁੰਦੇ ਪ੍ਰਕਾਸ਼ ਲਈ ਜਾਂ ਕੁੱਝ ਹੋਰ ਅਰਥਾਂ ਵਿੱਚ; ਜਿਵੇਂ ਕਿ ‘‘ਨਾਨਕ ! ਸਿਫਤੀ ਰਤਿਆ; ਮਨੁ ਤਨੁ ਹਰਿਆ ਹੋਇ ॥ (ਮਹਲਾ ੧/੧੨੪੦), ਅੰਤਰਿ ਨਾਮੁ; ਕਮਲੁ ਪਰਗਾਸਾ ॥ (ਮਹਲਾ ੧/੪੧੨), ਨਾਨਕ ! ਗਿਆਨ ਰਤਨੁ ਪਰਗਾਸਿਆ; ਹਰਿ ਮਨਿ (’ਚ) ਵਸਿਆ ਨਿਰੰਕਾਰੀ ਜੀਉ ॥ (ਮਹਲਾ ੧/੫੯੮), ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥ (ਮਹਲਾ ੧/੯੦੭), ਪੰਚ ਤਤੁ; ਸੁੰਨਹੁ (ਰੱਬ ਤੋਂ) ਪਰਗਾਸਾ ॥’’ (ਮਹਲਾ ੧/੧੦੩੮) ਅਰਥ : ਅਫੁਰ ਅਵਸਥਾ (ਜਿੱਥੇ ਕੋਈ ਮਾਇਕ ਫੁਰਨਾ ਨਾ ਉੱਠੇ) ਵਿੱਚ ਬਿਰਾਜਮਾਨ ਪ੍ਰਭੂ ਤੋਂ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਬਣੇ ਹਨ।
ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਉਕਤ ਸਾਰੇ ਵਾਕਾਂ ਵਿੱਚ ‘ਗੁਰੂ, ਗੁਰੂ ਦਾ ਸ਼ਬਦ ਜਾਂ ਗੁਰਮਖਿ’ ਆਦਿ ਸ਼ਬਦ ਦਰਜ ਨਹੀਂ ਹਨ; ਜਿਵੇਂ ਕਿ ਉੱਤਰਾਧਿਕਾਰੀ ਸਤਿਗੁਰੂ (ਤੀਜੇ, ਚੌਥੇ ਅਤੇ ਪੰਜਵੇਂ ਪਾਤਿਸ਼ਾਹ) ਜੀ ਦੀ ਹੇਠਲੀ ਬਾਣੀ ’ਚ ਦਰਜ ਹਨ।
ਗੁਰੂ ਅਮਰਦਾਸ ਜੀ
ਨਾਨਕ ! ਘਟਿ ਘਟਿ (’ਚ) ਏਕੋ ਵਰਤਦਾ; ਸਬਦਿ (ਰਾਹੀਂ) ਕਰੇ ਪਰਗਾਸ ॥ (ਮਹਲਾ ੩/੧੪੨੦)
ਅਰਥ : ਭਾਵੇਂ ਕਿ ਹਰ ਸਰੀਰ ਅੰਦਰ ਰੱਬ ਵੱਸਦਾ ਹੈ, ਤਾਂ ਵੀ ਗੁਰੂ-ਸ਼ਬਦ ਰਾਹੀਂ ਇਹ ਸੋਝੀ ਹੁੰਦੀ ਹੈ, ਮਹਿਸੂਸ ਹੁੰਦਾ ਹੈ।
ਗੁਰ ਕੈ ਸਬਦਿ (ਨਾਲ਼) ਕਮਲੁ ਪਰਗਾਸਿਆ; ਹਉਮੈ ਦੁਰਮਤਿ ਖੋਈ ॥ (ਮਹਲਾ ੩/੧੩੩੪)
ਅਰਥ : ਸਤਿਗੁਰੂ ਦੇ ਉਪਦੇਸ਼ ਰਾਹੀਂ ਅਹੰਕਰ ਅਤੇ ਭੈੜੀ ਮਤਿ ਦੂਰ ਹੋ ਕੇ ਹਿਰਦਾ-ਕੰਵਲ ਖਿੜਿਆ ਹੈ।
ਗੁਰੂ ਰਾਮਦਾਸ ਜੀ
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ; ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥ (ਮਹਲਾ ੪/੯੮੫)
ਅਰਥ : ਜਦੋਂ ਸਤਿਗੁਰੂ ਮਿਲਿਆ ਤਾਂ ਹਰੀ ਦਾ ਨਾਮ ਜਪ-ਜਪ ਕੇ ਡਰ ਅਤੇ ਭੁਲੇਖਾ ਦੂਰ ਹੋ ਗਿਆ। ਹਿਰਦਾ-ਕਮਲ ਖਿੜ ਗਿਆ।
ਸਤਿਗੁਰੁ ਸੰਤੁ ਮਿਲੈ, ਸਾਂਤਿ ਪਾਈਐ; ਕਿਲਵਿਖ ਦੁਖ ਕਾਟੇ, ਸਭਿ ਦੂਰਿ ॥ ਆਤਮ ਜੋਤਿ ਭਈ ਪਰਫੂਲਿਤ; ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥ (ਮਹਲਾ ੪/੧੧੯੮)
ਅਰਥ : (ਜਦੋਂ) ਸਤਿਗੁਰੂ-ਸੰਤ ਮਿਲਿਆ (ਤਾਂ ਮਨ) ਅਡੋਲ ਹੋ ਗਿਆ। (ਗੁਰੂ ਨੇ) ਸਾਰੇ ਪਾਪ ਕੱਟ ਦਿੱਤੇ। ਸਾਰੇ ਦੁੱਖ; ਦੂਰ ਕਰ ਦਿੱਤੇ।
ਗੁਰੂ ਅਰਜਨ ਸਾਹਿਬ ਜੀ
ਗੁਰਮੁਖਿ ਕਮਲੁ ਪ੍ਰਗਾਸੀਐ, ਭਾਈ ! ਰਿਦੈ ਹੋਵੈ ਪਰਗਾਸੁ॥ (ਮਹਲਾ ੫/੬੪੦)
ਅਰਥ : ਹੇ ਭਾਈ ! ਮੁਖੀ ਗੁਰੂ ਦੀ ਰਾਹੀਂ ਹਿਰਦਾ-ਕੰਵਲ ਖਿੜਦਾ ਹੈ। ਹਿਰਦੇ ਅੰਦਰ ਚਾਨਣ ਹੋ ਜਾਂਦਾ ਹੈ ਭਾਵ ਬਿਬੇਕ-ਬੁਧਿ ਪ੍ਰਗਟ ਹੋ ਜਾਂਦੀ ਹੈ।
ਨੇਤ੍ਰ ਪ੍ਰਗਾਸੁ ਕੀਆ, ਗੁਰਦੇਵ ॥ (ਮਹਲਾ ੫/੨੦੦)
ਅਰਥ : (ਪੂਰਨ) ਪ੍ਰਕਾਸ਼ਮਈ ਸਤਿਗੁਰੂ ਨੇ (ਮੇਰੇ) ਨੇਤਰਾਂ ਵਿੱਚ ਚਾਨਣ ਕਰ ਦਿੱਤਾ।
ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥ (ਸੋ ਦਰੁ ਗੂਜਰੀ/ਮਹਲਾ ੫/੧੦)
ਅਰਥ : ਸਤਿਗੁਰੂ ਦੀ ਕਿਰਪਾ ਨਾਲ਼ ਸਰਬੋਤਮ ਪਦ (ਬੇਗ਼ਮਪੁਰਾ) ਪ੍ਰਾਪਤ ਹੋ ਗਿਆ। ਮਾਨੋ ਸੁੱਕੀ ਲੱਕੜ ਵਰਗਾ ਖ਼ੁਸ਼ਕ ਹਿਰਦਾ (ਗੁਣਾਂ ਨਾਲ਼) ਹਰਾ ਭਰਾ ਹੋ ਗਿਆ।
ਉੱਤਰਾਧਿਕਾਰੀ ਗੁਰੂ ਸਾਹਿਬਾਨ ਦੇ ਕੁੱਝ ਕੁ ਹੋਰ ਸ਼ਬਦ ਵੀ ਧਿਆਨ ਮੰਗਦੇ ਹਨ; ਜਿਵੇਂ ਕਿ ‘‘ਮਨੁ ਤਨੁ ਹਰਿਆ; ਸਤਿਗੁਰ ਭਾਏ (ਗੁਰੂ ਦੇ ਪ੍ਰੇਮ ਨਾਲ਼)॥ (ਮਹਲਾ ੩/੧੧੭੩), ਇਹੁ ਜਗੁ ਹਰਿਆ; ਸਤਿਗੁਰ ਭਾਏ ॥ (ਮਹਲਾ ੩/੧੧੭੭), ਰਾਮ ਨਾਮੁ ਗੁਰਿ (ਨੇ) ਉਦਕੁ (ਅੰਮ੍ਰਿਤ–ਜਲ) ਚੁਆਇਆ; ਫਿਰਿ ਹਰਿਆ ਹੋਆ ਰਸਿਆ ॥ (ਮਹਲਾ ੪/੧੧੯੧), ਮੇਰਾ ਮਨੁ; ਸਾਧ ਜਨਾਂ ਮਿਲਿ ਹਰਿਆ ॥ (ਮਹਲਾ ੪/੧੨੯੪), ਸਾਧ ਕ੍ਰਿਪਾ ਤੇ ਸੂਕਾ ਹਰਿਆ ॥ (ਮਹਲਾ ੫/੧੦੨), ਗੁਰਿ (ਨੇ) ਵਣੁ ਤਿਣੁ ਹਰਿਆ ਕੀਤਿਆ; ਨਾਨਕ ! ਕਿਆ ਮਨੁਖ ?॥’’ (ਮਹਲਾ ੫/੯੫੮) ਅਰਥ : ਪੂਰਨ ਸਤਿਗੁਰੂ ਨੇ ਤਾਂ ਜੰਗਲ਼, ਘਾਹ-ਫੁਸ ਹਰੇ ਭਰੇ ਕਰ ਦਿੱਤੇ। ਚੇਤਨ ਬੁੱਧੀ ਮਨੁੱਖ ਉਸ ਲਈ ਕਿਹੜੀ ਵੱਡੀ ਸ਼ੈ ਹੈ ?
ਧਿਆਨ ਰਹੇ ਕਿ ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਦਾ ਉਪਦੇਸ਼; ਹਰਿ ਦਾ ਨਾਮ ਹੈ ਤਾਹੀਓਂ ਗੁਰੂ ਅਰਜਨ ਸਾਹਿਬ ਜੀ ਦੇ ਉਕਤ ਸ਼ਬਦ ਵਾਙ ਭਗਤ ਕਬੀਰ ਜੀ ਨੇ ਵੀ ਫ਼ੁਰਮਾਇਆ ਕਿ ਜਿਸ ਮੂੰਹ (ਰਸਨਾ) ਨਾਲ਼ ਰਾਮ-ਰਾਮ ਜਪਿਆ ਜਾਏ। ਉਹ ਰਸਨਾ ਸਲਾਹੁਣਯੋਗ ਹੈ, ਉਸ ਦੀ ਤਾਰੀਫ਼ ਕਰਨੀ ਬਣਦੀ ਹੈ। ਰਾਮ-ਰਾਮ ਕਹਿਣ ਨਾਲ਼ ਤਾਂ ਸਾਰਾ ਪਿੰਡ, ਪਵਿੱਤਰ ਹੋ ਜਾਂਦਾ ਹੈ, ਸਰੀਰ ਕਿਵੇਂ ਪਵਿੱਤਰ ਨਹੀਂ ਹੋਏਗਾ ‘‘ਕਬੀਰ ! ਸੁੋਈ ਮੁਖੁ ਧੰਨਿ ਹੈ; ਜਾ ਮੁਖਿ (ਨਾਲ਼) ਕਹੀਐ ਰਾਮੁ ॥ ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ॥’’ (ਭਗਤ ਕਬੀਰ/੧੩੭੦)
‘ਆਸਾ ਕੀ ਵਾਰ’ ਦੀ ਹੀ ਪਹਿਲੀ ਪਉੜੀ ਨਾਲ਼ ਦੋ ਸਲੋਕ ਦਰਜ ਹਨ, ਜਿਨ੍ਹਾਂ ਦਾ ਸਿਧਾਂਤਿਕ ਅੰਤਰ ਵਿਚਾਰ ਮੰਗਦਾ ਹੈ। ਦੂਜਾ ਸਲੋਕ ਗੁਰੂ ਅੰਗਦ ਸਾਹਿਬ ਜੀ ਦਾ ਇਉਂ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ, ਘੋਰ ਅੰਧਾਰ ॥੨॥’’ (ਮਹਲਾ ੨/੪੬੩) ਅਰਥ : ਅਗਰ ਅਕਾਸ਼ ’ਚ 100 ਚੰਦ ਤੇ 1000 ਸੂਰਜ ਚੜ੍ਹ ਜਾਣ, ਉੱਗ ਪੈਣ; (ਫਿਰ ਵੀ) ਪੂਰਨ ਸਤਿਗੁਰੂ ਤੋਂ ਬਿਨਾਂ ਹਿਰਦੇ ਅੰਦਰ ਘੁੱਪ ਹਨ੍ਹੇਰਾ ਬਣਿਆ ਰਹਿੰਦਾ ਹੈ। ਦੂਜੇ ਪਾਸੇ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਲੋਕ ਇਉਂ ਹੈ ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥੧॥’’ (ਮਹਲਾ ੧/੪੬੨) ਅਰਥ : ਆਪਣੇ ਗੁਰੂ ਤੋਂ 100 ਵਾਰ ਪ੍ਰਤੀ ਦਿਨ ਬਲਿਹਾਰ ਜਾਣਾ ਬਣਦਾ ਹੈ, ਜਿਸ ਨੇ ਆਮ ਮਨੁੱਖ ਤੋਂ ਦੇਵਤੇ (ਪੂਰਨ ਮਨੁੱਖ) ਬਣਾ ਦਿੱਤੇ। ਐਸਾ ਕਰਦਿਆਂ ਸਤਿਗੁਰੂ ਨੂੰ ਕੋਈ ਦੇਰ ਭੀ ਨਾ ਲੱਗੀ।
ਇਤਿਹਾਸ ਗਵਾਹ ਹੈ ਕਿ ਪੂਰਨ ਸਤਿਗੁਰੂ (ਗੁਰੂ ਨਾਨਕ ਸਾਹਿਬ) ਦੀ ਸ਼ਰਨ ਲੈਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਲੰਬਾ ਸਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹਾੜਾਂ (ਕਟਰਾ ਨਗਰ, ਜੰਮੂ) ਦੀਆਂ ਯਾਤਰਾਵਾਂ ਕਰਦੇ ਰਹੇ ਸਨ। ਉਕਤ ਦੂਜੇ ਸਲੋਕ ’ਚ ਉਨ੍ਹਾਂ ਨੇ ਆਪਣੇ ਉੱਤੇ ਢੁਕਾਅ ਕੇ ਕਿਹਾ ‘‘ਗੁਰ ਬਿਨੁ, ਘੋਰ ਅੰਧਾਰ ॥’’ ਜਦਕਿ ਗੁਰੂ ਨਾਨਕ ਸਾਹਿਬ ਜੀ; ਅਨ੍ਯ ਪੂਰਖ ਬਹੁ ਵਚਨ ’ਚ ਆਪਣੇ ਵਿਚਾਰ ਉਲਥਾਉਂਦੇ ਫ਼ੁਰਮਾਉਂਦੇ ਹਨ ਕਿ ਸਤਿਗੁਰੂ ਨੇ ਮਨੁੱਖ ਤੋਂ ਕਈ ਦੇਵਤੇ ਬਣਾ ਦਿੱਤੇ। ਜੇਕਰ ਆਪ ਨੇ ਵੀ ਆਪਣੇ ਉੱਤੇ ਢੁਕਾਅ ਕੇ ਗੱਲ ਕੀਤੀ ਹੁੰਦੀ ਤਾਂ ਵਾਕ ਇਉਂ ਹੁੰਦਾ ‘‘ਮਾਣਸ ਤੇ ਦੇਵਤਾ ਕੀਆ’’।
ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨਾਲ਼ ਚਰਚਾ ਕਰਦਿਆਂ ਵੀ ਇਹੀ ਕਿਹਾ ਕਿ ਸਤਿਗੁਰੂ ਮਿਲਣ ਨਾਲ਼ ਅੰਦਰਲਾ ਅੰਨ੍ਹੇਰਾ ਦੂਰ ਹੁੰਦਾ ਹੈ ‘‘ਸਤਿਗੁਰੁ ਮਿਲੈ; ਅੰਧੇਰਾ ਜਾਇ ॥ ਨਾਨਕ ! ਹਉਮੈ ਮੇਟਿ, ਸਮਾਇ ॥੧੫॥ (ਗੋਸਟਿ/ਮਹਲਾ ੧/੯੩੯), ਕਈ ਹੋਰਾਂ ਵਾਕਾਂ ਵਿੱਚ ਵੀ ਇਹੀ ਬਚਨ ਕੀਤੇ ‘‘ਸਤਗੁਰੁ ਮਿਲੈ ਅੰਧੇਰਾ ਜਾਇ ॥ ਜਹ ਦੇਖਾ; ਤਹ ਰਹਿਆ ਸਮਾਇ ॥’’ (ਮਹਲਾ ੧/੮੭੭) ਤਾਹੀਓਂ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ ਹੈ ਕਿ ਪੂਰਨ ਸਤਿਗੁਰੂ; ਬੰਦੇ ਦੀ ਰੂਹ ਨੂੰ ਖ਼ੁਰਾਕ ਦੇ ਕੇ ਹਰੀ ਨਾਲ਼ ਜੋੜਦਾ ਹੈ ‘‘ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮਹਲਾ ੫/੭੪੯) ਕਿਉਂਕਿ ਹਨ੍ਹੇਰਾ ਅੰਦਰਲਾ ਹੀ ਹੈ। ਗੁਰੂ ਅਮਰਦਾਸ ਜੀ ਵੀ ਇਹੀ ਕਹਿ ਰਹੇ ਹਨ ‘‘ਨਾਨਕ ! ਸਤਿਗੁਰਿ (ਨੇ) ਸੋ ਧਨੁ ਸਉਪਿਆ; ਜਿ ਜੀਅ ਮਹਿ ਰਹਿਆ ਸਮਾਇ ॥’’ (ਮਹਲਾ ੩/੫੧੦) ਅਰਥ : ਸਤਿਗੁਰੂ ਨੇ ਮੈਨੂੰ ਉਹ ਨਾਮ-ਧਨ ਦਿੱਤਾ, ਜਿਹੜਾ ਜਿੰਦ ਨਾਲ਼ ਸੰਬੰਧਿਤ ਹੈ ਭਾਵ ਜੋ ਰੂਹ ਦੀ ਖ਼ੁਰਾਕ ਹੈ, ਨਾ ਕਿ ਸਰੀਰਕ ਭੋਜਨ।
ਗੁਰੂ ਅਮਰਦਾਸ ਜੀ ਦੇ ਕੁੱਲ 869 ਸ਼ਬਦ ਹਨ ਯਾਨੀ 14.8%। ਗੁਰਬਾਣੀ ਅੰਦਰ ‘ਗੁਰ’ ਤੇ ‘ਸਤਿਗੁਰ’ ਸ਼ਬਦ; 7306 ਵਾਰ (19 ਰੂਪਾਂ ’ਚ) ਹਨ। ਜਿਨ੍ਹਾਂ ਵਿੱਚੋਂ ਕੇਵਲ ਆਪ ਜੀ ਨੇ ਹੀ 3000 ਤੋਂ ਵੱਧ (40%) ਵਾਰ ਦਰਜ ਕਰ ਰੂਹਾਨੀਅਤ ਮਾਰਗ ’ਚ ਸਤਿਗੁਰੂ ਦੀ ਲੋੜ ਨੂੰ ਬੜੇ ਵਿਸਥਾਰ ਸਹਿਤ ਬਿਆਨ ਕੀਤਾ ਹੈ; ਜਿਵੇਂ ਕਿ
(ੳ). ਧੁਰ ਦਰਗਾਹ (ਮਾਲਕ) ਵੱਲੋਂ ਉਸ ਦਾ ਹੁਕਮ ਹੈ ਕਿ ਸਤਿਗੁਰੂ ਤੋਂ ਬਿਨਾਂ ਮਾਲਕ ਨੂੰ ਯਾਦ ਨਹੀਂ ਕੀਤਾ ਜਾ ਸਕਦਾ ‘‘ਧੁਰਿ (ਤੋਂ) ਖਸਮੈ ਕਾ ਹੁਕਮੁ ਪਇਆ; ਵਿਣੁ ਸਤਿਗੁਰ ਚੇਤਿਆ ਨ ਜਾਇ ॥’’ (ਮਹਲਾ ੩/੫੫੬) ਨਿਰਾਕਾਰ-ਪਤੀ ਤੋਂ ਵਿਛੁੜੀਆਂ ਰੂਹਾਂ ਨੂੰ ਅਕਾਲ ਪੁਰਖ; ਸਤਿਗੁਰੂ ਦੇ ਚਰਨੀਂ ਲਾ ਕੇ ਹੀ ਆਪਣੇ ਨਾਲ਼ ਜੋੜਦਾ ਹੈ ‘‘ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ (ਪਾਏਂ/ਚਰਨੀਂ)॥’’ (ਮਹਲਾ ੩/੫੮੩) ਕਿਉਂਕਿ ਮਾਲਕ ਨੂੰ ਮਿਲਣ ਦੀ ਚਾਬੀ/ਰਾਜ਼ ਕੇਵਲ ਸਤਿਗੁਰੂ ਕੋਲ਼ ਹੈ। ਕਿਸੇ ਹੋਰ ਤੋਂ ਇਹ ਰਾਜ਼ ਨਹੀਂ ਖੁੱਲ੍ਹਦਾ ‘‘ਸਤਿਗੁਰ ਹਥਿ (’ਚ) ਕੁੰਜੀ; ਹੋਰਤੁ ਦਰੁ ਖੁਲੈ ਨਾਹੀ…॥’’ (ਮਹਲਾ ੩/੧੨੪), ਪਰ ਸਤਿਗੁਰੂ ਨੂੰ ਜੈਸਾ ਕੋਈ ਸਮਝਦਾ ਹੈ ਵੈਸਾ ਹੀ ਫਲ਼ ਪਾਉਂਦਾ ਹੈ ‘‘ਜੇਹਾ ਸਤਗੁਰੁ ਕਰਿ ਜਾਣਿਆ; ਤੇਹੋ ਜੇਹਾ ਸੁਖੁ ਹੋਇ ॥ (ਮਹਲਾ ੩/੩੦), ਜੇਹਾ ਸਤਿਗੁਰ ਨੋ ਜਾਣੈ, ਤੇਹੋ ਹੋਵੈ…॥’’ (ਮਹਲਾ ੩/੫੯੦) ਸੋ ਸਿੱਖ ਨੂੰ ਚਾਹੀਦਾ ਹੈ ਕਿ ਉਹ, ਸਤਿਗੁਰੂ ਨੂੰ ਰੱਬ ਦਾ ਰੂਪ ਜਾਣੇ, ਨਾ ਕਿ ਮਨੁੱਖ ਦਾ ਰੂਪ।
ਇੱਕ ਵਾਰ ਗੰਗਾ ਇਸ਼ਨਾਨ ਕਰਨ ਤੋਂ ਵਾਪਸ ਪਰਤਦਿਆਂ ਕੁੱਝ ਤੀਰਥ ਯਾਤ੍ਰੀ; ਰਾਤ ਨੂੰ ਇੱਕ ਆਸ਼ਰਮ ’ਚ ਠਹਿਰੇ, ਜਿੱਥੇ (ਗੁਰੂ) ਅਮਰਦਾਸ ਜੀ ਨੇ ਉਨ੍ਹਾਂ ਸਾਧੂਆਂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਇੱਕ ਸਾਧੂ ਨੇ ਆਪ ਜੀ ਤੋਂ ਆਪਣੇ ਗੁਰੂ ਦਾ ਨਾਂ ਪੁੱਛ ਲਿਆ ਤਾਂ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ। ਇਹ ਜਵਾਬ ਸੁਣ ਕੇ ਕ੍ਰੋਧਿਤ ਹੋਏ ਸਾਧੂ ਨੇ ਕਿਹਾ ਕਿ ਮੈਂ ਇੱਕ ਨਿਗੁਰੇ ਦੇ ਹੱਥੋਂ ਭੋਜਨ ਛਕ ਲਿਆ ਹੈ, ਇਸ ਲਈ ਮੈਨੂੰ ਮੁੜ ਗੰਗਾ ਇਸ਼ਨਾਨ ਕਰਨ ਜਾਣਾ ਪੈਣਾ ਹੈ। ਇਸ ਘਟਨਾ ਤੋਂ ਬਾਅਦ ਆਪ; ਸਤਿਗੁਰੂ ਦੀ ਤਲਾਸ਼ ਕਰਨ ਲੱਗੇ। ਓਧਰੋਂ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ, ਜੋ ਆਪ ਜੀ ਦੇ ਭਤੀਜੇ ਨਾਲ਼ ਵਿਆਹੀ ਸੀ, ਉਨ੍ਹਾਂ ਨੇ ਪਾਠ ਕਰਦਿਆਂ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਪੜ੍ਹੀ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ ॥’’ (ਮਹਲਾ ੧/੯੯੦) ਅਰਥ : ਅਗਰ ਐਸਾ ਗੁਰੂ ਮਿਲ ਜਾਵੇ, ਜੋ ਅਮਰ ਕਰਨ ਵਾਲ਼ਾ ਹਰੀ ਨਾਮ ਦੇ ਦੇਵੇ ਤਾਂ ਮਨ; ਟਿਕ ਜਾਂਦਾ ਹੈ (ਇੱਧਰ ਓਧਰ ਨਹੀਂ ਭਟਕਦਾ ਕਿਉਂਕਿ ਓਦੋਂ) ਸੜਿਆ ਲੋਹਾ (ਵਿਕਾਰੀ ਮਨ); ਸੋਨਾ ਬਣ ਚੁੱਕਾ ਹੁੰਦਾ ਹੈ। ਇਨ੍ਹਾਂ ਬਚਨ ’ਤੇ ਅਮਲ ਕਰਦਿਆਂ ਆਪ ਸੱਚੇ ਸਤਿਗੁਰੂ (ਗੁਰੂ ਅੰਗਦ ਸਾਹਿਬ) ਦੀ ਸ਼ਰਨ ਵਿੱਚ ਗਏ ਅਤੇ ਅਣਥੱਕ ਸੇਵਾ-ਭਗਤੀ ਕਰਨ ਉਪਰੰਤ ਆਪ ਵੀ ਪੂਰਨ ਸਤਿਗੁਰੂ ਬਣੇ। ਗੁਰਬਾਣੀ ਉਚਾਰਦਿਆਂ ਆਪ ਨੇ ਉਸ ਸਾਧੂ ਦੇ ਬੋਲ ਨੂੰ ਆਪਣੀ ਬਾਣੀ ’ਚ ਇਉਂ ਸ਼ਾਮਲ ਕੀਤਾ ‘‘ਸਤਿਗੁਰ ਬਾਝਹੁ ਗੁਰੁ ਨਹੀ ਕੋਈ; ਨਿਗੁਰੇ ਕਾ ਹੈ ਨਾਉ ਬੁਰਾ ॥’’ (ਪਟੀ/ਮਹਲਾ ੩/੪੩੫), ਇਸ ਲਈ ਪਿੱਛੇ ਕਿਹਾ ਗਿਆ ਹੈ ਕਿ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਆਪਣੇ ਅਤੀਤ ਦੇ ਅਨੁਭਵ ਨੂੰ ਮਿਸਾਲ ਵਜੋਂ ਵਰਤਿਆ ਹੈ।
(ਅ). ਗੁਰੂ ਅਮਰਦਾਸ ਜੀ ਨੇ ਸਤਿਗੁਰੂ ਨੂੰ ਵਾਰ-ਵਾਰ ‘ਪੂਰਨ ਸਤਿਗੁਰੂ’ ਕਿਹਾ ਹੈ; ਜਿਵੇਂ ਕਿ ‘‘ਹਰਿ ਜੀਉ ! ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ! ਪੂਰੈ+ਸਤਿਗੁਰਿ (ਨੇ) ਲਏ ਰਲਾਇ ॥ ਰਹਾਉ ॥ (ਮਹਲਾ ੩/੬੩੮), ਅਰਦਾਸਿ ਕਰਂੀ ਗੁਰ+ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥ (ਮਹਲਾ ੩/੫੭੧), ਸੰਤ ਸਾਜਨ ਭਏ ਸ+ਰਸੇ; ਪੂਰੇ+ਗੁਰ ਤੇ ਜਾਣੀ ॥’’ (ਅਨੰਦ/ਮਹਲਾ ੩/੯੨੨) ਆਦਿ।
ਗੁਰਬਾਣੀ ਅੰਦਰ ‘ਗੁਰਾ’ ਸ਼ਬਦ 3 ਵਾਰ ਹੈ। ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਨੇ 2 ਵਾਰ ਤੇ ਭਗਤ ਸਧਨਾ ਜੀ ਨੇ 1 ਵਾਰ ਦਰਜ ਕੀਤਾ ਹੈ। ‘ਸਤਿਗੁਰਾ’ ਸ਼ਬਦ 6 ਵਾਰ ਹੈ, ਜਿਨ੍ਹਾਂ ਵਿੱਚੋਂ ਗੁਰੂ ਰਾਮਦਾਸ ਜੀ ਨੇ 5 ਵਾਰ ਤੇ ਗੁਰੂ ਅਰਜਨ ਸਾਹਿਬ ਜੀ ਨੇ 1 ਵਾਰ ਦਰਜ ਕੀਤਾ ਹੈ। ‘ਗੁਰਾ’ ਅਤੇ ਸਤਿਗੁਰਾ’ ਸ਼ਬਦ ਸੰਬੋਧਨ ਕਾਰਕ ਹਨ ਭਾਵ ਇਨ੍ਹਾਂ ਰਾਹੀਂ ਪੂਰਨ ਸਤਿਗੁਰੂ ਅੱਗੇ ਬੇਨਤੀ ਕਰਦਿਆਂ ਆਪਣੀ ਦਿਲੀ ਪੀੜਾ ਪ੍ਰਗਟ ਕੀਤੀ ਗਈ ਹੈ; ਜਿਵੇਂ ਕਿ
ਗੁਰੂ ਰਾਮਦਾਸ ਜੀ (5 ਵਾਰ)
ਮੇਰੇ ਸਤਿਗੁਰਾ ! ਮੈ ਤੁਝ ਬਿਨੁ, ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ (ਮਹਲਾ ੪/੩੯)
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ! ਜਬ ਗੁਰੁ ਬੋਲਹ; ਤਬ ਬਿਸਮੁ (ਹੈਰਾਨ) ਹੋਇ ਜਾਇ ॥ ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ, ਜੈਸੇ ਹਮ ਸਤਿਗੁਰਿ (ਨੇ) ਰਾਖਿ ਲੀਏ ਛਡਾਇ ॥ (ਮਹਲਾ ੪/੧੬੭)
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ; ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ (ਕੀੜਿਆਂ ਨੂੰ ਮਾਨ ਬਖ਼ਸ਼ਿਆ)॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ (ਦਾ); ਜਿਤੁ ਮਿਲਿਐ, ਚੂਕੇ ਸਭਿ ਸੋਗ ਸੰਤਾਪੇ ॥ (ਮਹਲਾ ੪/੧੬੭)
ਮੇਰੇ ਸਤਿਗੁਰਾ ! ਮੈ (ਮੈਨੂੰ) ਹਰਿ ਹਰਿ ਨਾਮੁ ਦ੍ਰਿੜਾਇ ॥ ਮੇਰਾ ਮਾਤ ਪਿਤਾ ਸੁਤ ਬੰਧਪੋ; ਮੈ (ਮੇਰਾ) ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥ (ਮਹਲਾ ੪/੯੯੬)
ਨੋਟ : ਚੇਤੇ ਰਹੇ ਕਿ ਗੁਰੂ ਰਾਮਦਾਸ ਜੀ ਦਾ ਜਨਮ ਆਰਥਿਕ ਤੰਗੀ ’ਚ ਹੋਇਆ ਸੀ, ਜੋ ਇਨ੍ਹਾਂ ਬਚਨਾਂ ’ਚੋਂ ਪ੍ਰਗਟ ਵੀ ਹੁੰਦਾ ਪਿਆ ਹੈ।
ਗੁਰੂ ਅਰਜਨ ਸਾਹਿਬ ਜੀ (1 ਵਾਰ)
ਮੇਰੇ ਸਤਿਗੁਰਾ ! ਹਉ ਤੁਧੁ ਵਿਟਹੁ ਕੁਰਬਾਣੁ ॥ ਤੇਰੇ ਦਰਸਨ ਕਉ ਬਲਿਹਾਰਣੈ; ਤੁਸਿ (ਖ਼ੁਸ਼ ਹੋ ਕੇ) ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥ (ਮਹਲਾ ੫/੫੨)
ਭਗਤ ਸਧਨਾ ਜੀ (1 ਵਾਰ)
ਤਵ ਗੁਨ ਕਹਾ ਜਗਤ ਗੁਰਾ ! ਜਉ ਕਰਮੁ ਨ ਨਾਸੈ ॥ ਸਿੰਘ ਸਰਨ ਕਤ ਜਾਈਐ; ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥ (ਭਗਤ ਸਧਨਾ/੮੫੮) ਅਰਥ : ਹੇ ਮਾਨਵਤਾ ਦੇ ਰਹਿਬਰ ਜਗਤ ਗੁਰੂ (ਪੂਰਨ ਸਤਿਗੁਰੂ) ! ਤੇਰੇ ਗੁਣ ਕਿੱਥੇ ਰਹਿ ਗਏ ਜੇ ਮੇਰੇ ਅਤੀਤ ਦਾ ਮਾੜਾ ਨਸੀਬ ਹੀ ਨਾ ਖ਼ਤਮ ਹੋਇਆ ? ਤੇਰੇ ਸ਼ੇਰ ਦੀ ਸ਼ਰਨ ਕਾਹਦੇ ਲਈ ਆਈਏ ਭਾਵ ਤੇਰੀ ਸ਼ਰਨ ਆਉਣ ਦਾ ਕੀ ਲਾਭ, ਜੇ ਪਿਛਲੇ ਮਾੜੇ ਕਰਮ ਰੂਪ ਗਿੱਦੜ ਹੀ ਤੰਗ ਕਰੀ ਜਾਣ ?
ਗੁਰੂ ਨਾਨਕ ਸਾਹਿਬ (2 ਵਾਰ)
ਆਪ ਨੇ ‘ਜਪੁ’ ਬਾਣੀ ਦੀ 5ਵੀਂ ਤੇ 6ਵੀਂ ਪਉੜੀ ’ਚ ਦੋ ਵਾਰ ‘ਗੁਰਾ’ ਸ਼ਬਦ ਇਉਂ ਦਰਜ ਕੀਤਾ ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥੫॥’’ (ਜਪੁ/ਮਹਲਾ ੧/੨) ਅਰਥ : ਹੇ ਪੂਰਨ ਸਤਿਗੁਰੂ ! ਮੈਨੂੰ ਇੱਕ ਐਸੀ ਸੂਝ ਦੇਹ ਤਾਂ ਕਿ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਇੱਕੋ ਇੱਕ ਦਾਤਾਰ ਪਿਤਾ ਹੈ, ਉਸ ਦੀ ਯਾਦ ਮੈਨੂੰ ਕਦੇ ਨਾ ਭੁੱਲੇ।
ਵਿਚਾਰ : ਗੁਰੂ ਨਾਨਕ ਸਾਹਿਬ ਜੀ ਦੇ ਉਕਤ ਵਾਕ ’ਚ ਤਿੰਨ ਪਾਤਰ ਹਨ (1). ਬੇਨਤੀ ਕਰਤਾ/ਬਾਣੀਕਾਰ। (2). ਗੁਰਾ। (3). ਸਭਨਾ ਜੀਆ ਕਾ ਇਕੁ ਦਾਤਾ। ਹੁਣ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾ ਪਾਤਰ (ਬੇਨਤੀ ਕਰਤਾ) ਮੰਨੀਏ ਤਾਂ ਦੂਜੇ ਪਾਤਰ ‘ਗੁਰਾ’ ਨੂੰ ਅਕਾਲ ਪੁਰਖ ਮੰਨਣਾ ਪੈਣਾ ਹੈ ਤਾਂ ਫਿਰ ਤੀਸਰਾ ਪਾਤਰ ‘ਸਭਨਾ ਜੀਆ ਕਾ ਇਕੁ ਦਾਤਾ’ ਕੌਣ ਹੋਇਆ ? ਇਸ ਲਈ ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਸਿੱਖ ਨੇ ਆਪਣੇ ਬੋਲ ਸਮਝਣਾ ਹੈ; ਇਸ ਤਰ੍ਹਾਂ ਫਿਰ ਪਹਿਲਾ ਪਾਤਰ ਬੇਨਤੀ ਕਰਤਾ ਵਜੋਂ ‘ਸਿੱਖ’ ਹੈ, ਜੋ ਦੂਸਰੇ ਪਾਤਰ ‘ਗੁਰਾ’ ਯਾਨੀ ਕਿ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਕਿ ਤੀਸਰਾ ਪਾਤਰ (ਅਕਾਲ ਪੁਰਖ ਭਾਵ ‘‘ਸਭਨਾ ਜੀਆ ਕਾ ਇਕੁ ਦਾਤਾ॥’’) ਮੈਨੂੰ ਕਦੇ ਨਾ ਭੁੱਲੇ।
ਹੁਣ ਜੇਕਰ ‘ਗੁਰਾ’; ਕੇਵਲ ਸ਼ਬਦ-ਗਿਆਨ ਹੈ ਤਾਂ ਇਸ ਨੂੰ ਪੜ੍ਹਨਾ ਅਤੇ ਸਮਝਣਾ ਹੀ ਕਾਫ਼ੀ ਹੈ। ਨਿਤਨੇਮ ਕਰਦਿਆਂ ਹਰ ਦਿਨ ‘ਗੁਰਾ !’ ਨੂੰ ਸੰਬੋਧਨ ਕਰ ਕੇ ਮਦਦ ਲਈ ਪੁਕਾਰ ਕਰਨਾ ਕਿ ‘‘ਸਭਨਾ ਜੀਆ ਕਾ ਇਕੁ ਦਾਤਾ॥’’ ਮੈਨੂੰ ਕਦੇ ਨਾ ਭੁੱਲੇ; ਕੇਵਲ ਤੋਤਾ ਰਟਣੀ ਹੀ ਬਣ ਜਾਣਾ ਹੈ। ਇਸ ਲਈ ਸ਼ਬਦ-ਗਿਆਨ ਦੇ ਨਾਲ਼-ਨਾਲ਼ ਅੱਜ ਵੀ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਨੂੰ ਹਾਜ਼ਰ ਨਾਜ਼ਰ ਜਾਣਨਾ ਹੈ। ਗੁਰਬਾਣੀ ਦੇ ਵੀ ਬਚਨ ਹਨ ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ॥ (ਮਹਲਾ ੪/੭੫੯), ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ (ਭਗਤ ਕਬੀਰ/੪੭੯) ਅਰਥ : (ਫੁੱਲ ਤੋੜ ਕੇ ਪੱਥਰ-ਮੂਰਤੀ ’ਤੇ ਚੜ੍ਹਾਉਣ ਵਾਲ਼ੀ) ਮਾਲਣੀ ਅਜੇ ਭੀ ਕੁਰਾਹੇ ਪਈ ਹੈ ਜਦਕਿ ਪ੍ਰਕਾਸ਼ਮਈ (ਆਤਮ ਪ੍ਰਕਾਸ਼ ਰੂਪ) ਸਤਿਗੁਰੂ ਹਰ ਸਮੇਂ ਜਿਉਂਦਾ-ਜਾਗਦਾ ਹਰ ਥਾਂ ਮੌਜੂਦ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵੀ ਬਚਨ ਹਨ ਕਿ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ॥ ਸਿਮਰਿ ਸਿਮਰਿ (ਕੇ); ਤਿਸੁ ਸਦਾ ਸਮ੍ਹਾਲੇ ॥੧॥ ਰਹਾਉ ॥’’ (ਮਹਲਾ ੫/ ੩੯੪)
ਸੋ ਤਰਕ ਵਿਤਰਕ ਦੇ ਆਦੀ ਸਿੱਖਾਂ ਨੂੰ ਆਪਣੇ ਮਨ ਤੋਂ ਪੁੱਛਣਾ ਬਣਦਾ ਹੈ ਕਿ ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਭੱਟ ਕਲਸਹਾਰ ਜੀ ਆਦਿ ਕਾਲ ਤੋਂ ਜਿਉਂਦਾ-ਜਾਗਦਾ ਮੰਨਦੇ ਹਨ; ਜਿਵੇਂ ਕਿ ਵਾਕ ਹੈ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ, ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥ ਕਲਿਜੁਗਿ (’ਚ), ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ॥’’ (ਸਵਈਏ ਮਹਲੇ ਪਹਿਲੇ ਕੇ/ਭਟ ਕਲੵ/੧੩੯੦) ਉਹ ਜੋਤਿ ਸਰੂਪ ‘ਚ ਬਿਰਾਜਮਾਨ ਹੁਣ ਕਿਵੇਂ ਅਲੋਪ ਹੋ ਸਕਦੇ ?
ਸੋ ਐਸਾ ਕਹਿਣਾ ਭੀ ਠੀਕ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਕੋਈ ਪੂਰਨ ਸਤਿਗੁਰੂ; ਜਗਤ ’ਚ ਪੈਦਾ ਨਹੀਂ ਹੋਇਆ, ਨਹੀਂ ਤਾਂ ਭਗਤ ਕਬੀਰ ਜੀ ਅਤੇ ਭਗਤ ਸਧਨਾ ਜੀ ਦੇ ਉਕਤ ਵਾਕਾਂ ਦਾ ਅਰਥ; ਗੁਰਮਤਿ ਅਨੁਸਾਰੀ ਨਹੀਂ ਹੋਣਾ। ਗੁਰੂ ਨਾਨਕ ਸਾਹਿਬ (ਪੂਰਨ ਸਤਿਗੁਰੂ) ਅਤੇ ਭਗਤ ਕਬੀਰ ਜੀ (ਪੂਰਨ ਮਨੁੱਖ) ਦੀ ਬਾਣੀ ਦਾ ਅੰਤਰ ਜਾਣਨ ਲਈ ਭਗਤ ਕਬੀਰ ਜੀ ਦਾ ਚਾਰ ਬੰਦਾਂ ਵਾਲ਼ਾ ਹੇਠਲਾ ਇੱਕੋ ਸ਼ਬਦ ਵਿਚਾਰਨਾ ਸਹਾਇਤਾ ਕਰ ਸਕਦਾ ਹੈ :
ਗੁਰ ਚਰਣ ਲਾਗਿ ਹਮ ਬਿਨਵਤਾ; ਪੂਛਤ ਕਹ ਜੀ ਉਪਾਇਆ ॥
ਕਵਨ ਕਾਜਿ ਜਗੁ ਉਪਜੈ ਬਿਨਸੈ; ਕਹਹੁ ਮੋਹਿ ਸਮਝਾਇਆ ॥੧॥
ਅਰਥ : ਸਤਿਗੁਰੂ ਦੇ ਚਰਨੀਂ ਲੱਗ ਕੇ ਮੈਂ ਬੇਨਤੀ ਕਰਦਾ ਹਾਂ, ਪੁੱਛਦਾ ਹਾਂ ਕਿ ਕਾਹਦੇ ਲਈ ਜੀਵ ਪੈਦਾ ਕੀਤਾ ਹੈ ? ਕਿਹੜੇ ਕੰਮ ਨਾਲ਼ ਜਗਤ ਜੰਮਦਾ ਮਰਦਾ ਹੈ ? ਮੈਨੂੰ ਦੱਸੋ ਅਤੇ ਸਮਝਾਓ।
ਦੇਵ ! ਕਰਹੁ ਦਇਆ, ਮੋਹਿ ਮਾਰਗਿ (’ਤੇ) ਲਾਵਹੁ; ਜਿਤੁ ਭੈ ਬੰਧਨ ਤੂਟੈ ॥
ਜਨਮ ਮਰਨ ਦੁਖ, ਫੇੜ ਕਰਮ ਸੁਖ; ਜੀਅ ਜਨਮ ਤੇ ਛੂਟੈ ॥੧॥ ਰਹਾਉ ॥
ਅਰਥ : ਹੇ ਸਤਿਗੁਰੂ ! ਮਿਹਰ ਕਰ। ਮੈਨੂੰ ਚੰਗੇ ਰਾਹ ਪਾਓ। ਜਿਸ ’ਤੇ ਚੱਲਦਿਆਂ ਸਾਰੇ ਡਰ ਅਤੇ ਸੰਸਾਰਿਤ ਬੰਧਨ ਟੁੱਟ ਜਾਣ। ਕੀਤੇ ਹੋਏ ਕੰਮਾਂ ਅਨੁਸਾਰ ਜਨਮ ਮਰਨ ਦੇ ਦੁੱਖ-ਸੁੱਖ, ਜੀਵ ਦੇ ਜਨਮ ਤੋਂ ਹੀ ਯਾਨੀ ਉੱਕਾ ਹੀ ਮੁੱਕ ਜਾਣ।
ਮਾਇਆ ਫਾਸ, ਬੰਧ ਨਹੀ ਫਾਰੈ; ਅਰੁ ਮਨ ਸੁੰਨਿ (’ਚ) ਨ ਲੂਕੇ ॥
ਆਪਾ ਪਦੁ ਨਿਰਬਾਣੁ ਨ ਚੀਨਿ੍ਆ; ਇਨ ਬਿਧਿ ਅਭਿਉ ਨ ਚੂਕੇ ॥੨॥
ਅਰਥ : ਮੇਰਾ ਮਨ ਮਾਇਆ ਦੀ ਫਾਹੀ/ਬੰਧਨ ਤੋੜਦਾ ਨਹੀਂ ਅਤੇ ਅਫੁਰ-ਪ੍ਰਭੂ ’ਚ ਟਿਕਦਾ ਨਹੀਂ। ਵਾਸ਼ਨਾ ਤੋਂ ਮੁਕਤ ਹੋਣਾ ਹੀ ਅਸਲ ਸਥਾਈ ਟਿਕਾਣਾ ਹੈ, ਪਰ ਫਿਰ ਵੀ ਉਸ ਨੂੰ ਪਛਾਣਦਾ ਨਹੀਂ। ਇਸ ਹਾਲਤ ਕਾਰਨ ਰੁੱਖਾਪਣ ਨਹੀਂ ਮਰਦਾ।
ਕਹੀ ਨ ਉਪਜੈ, ਉਪਜੀ ਜਾਣੈ; ਭਾਵ ਅਭਾਵ ਬਿਹੂਣਾ ॥
ਉਦੈ ਅਸਤ ਕੀ ਮਨ ਬੁਧਿ ਨਾਸੀ; ਤਉ ਸਦਾ ਸਹਜਿ (’ਚ) ਲਿਵ ਲੀਣਾ ॥੩॥
ਅਰਥ : (ਹੇ ਸਤਿਗੁਰੂ !) ਚੰਗੇ-ਮੰਦੇ ਦੀ ਪਛਾਣ ਕਰਨ ਤੋਂ ਅਸਮਰੱਥ ਮੇਰਾ ਮਨ; (ਮਾਇਆ ਨੂੰ ਰੱਬ ਤੋਂ ਵੱਖਰੀ ਸ਼ੈ ਵਜੋਂ) ਪੈਦਾ ਹੋਈ ਮੰਨਦਾ ਹੈ, ਜੋ ਕਿ ਅਸਲ ’ਚ ਕਿਤੇ ਵੱਖਰੀ ਸ਼ੈ ਪੈਦਾ ਹੋਈ ਨਹੀਂ ਹੈ ਭਾਵ ਰੱਬ ਦੀ ਰਜ਼ਾ ਅੰਦਰ ਹੀ ਮਾਇਆ ਹੈ। (ਜਦੋਂ ਤੋਂ ਤੇਰੀ ਮਿਹਰ ਹੋਈ) ਜਨਮ ਮਰਨ ’ਚ ਪਾਉਣ ਵਾਲ਼ੀ ਮਨ ਦੀ ਮੱਤ; ਨਾਸ ਹੋ ਗਈ ਤਦੋਂ (ਮਨ ਵੀ) ਅਡੋਲਤਾ ’ਚ ਟਿਕ ਗਿਆ।
ਜਿਉ ਪ੍ਰਤਿਬਿੰਬੁ, ਬਿੰਬ ਕਉ ਮਿਲੀ ਹੈ; ਉਦਕ ਕੁੰਭੁ ਬਿਗਰਾਨਾ ॥
ਕਹੁ ਕਬੀਰ ! ਐਸਾ ਗੁਣ ਭ੍ਰਮੁ ਭਾਗਾ; ਤਉ ਮਨੁ ਸੁੰਨਿ (’ਚ) ਸਮਾਨਾਂ ॥੪॥ (ਭਗਤ ਕਬੀਰ/੪੭੫)
ਅਰਥ : ਜਿਵੇਂ ਪਾਣੀ ਦੇ ਭਰੇ ਘੜੇ ਦੇ ਟੁੱਟਣ ਨਾਲ਼ ਅਕਸ/ਪਰਛਾਈ; ਉਸ ਦੇ ਨਾਲ਼ ਹੀ ਖ਼ਤਮ ਹੋ ਜਾਂਦੀ ਹੈ; (ਓਵੇਂ ਸ੍ਰਿਸ਼ਟੀ; ਨਾਸ ਹੋ ਕੇ ਪ੍ਰਭੂ ’ਚ ਲੀਨ ਹੋ ਜਾਂਦੀ ਹੈ) ਕਬੀਰ ਜੀ ਆਖਦੇ ਹਨ ਕਿ ਜਦ ਸ੍ਰਿਸ਼ਟੀ ਵੱਖਰੀ ਹਸਤੀ ਹੈ, ਵਾਲ਼ਾ ਭਰਮ ਮਿਟ ਗਿਆ ਤਦੋਂ ਮਨ ਅਡੋਲ ਹੋ ਕੇ ਕਰਤਾਰ ’ਚ ਲੀਨ ਹੋ ਗਿਆ।
ਵਿਚਾਰ : ਭਗਤ ਕਬੀਰ ਜੀ ਦੇ ਉਕਤ ਸ਼ਬਦ ਦੇ ਪਹਿਲੇ ਬੰਦ ’ਚ ਸਵਾਲ ਸੀ ਕਿ ਜੀਵ ਪੈਦਾ ਕਿਉਂ ਹੁੰਦਾ ਹੈ ? ਮੈਨੂੰ ਦੱਸੋ, ਸਮਝਾਓ, ਜਿਸ ਦਾ ਜਵਾਬ ਪੂਰੇ ਸ਼ਬਦ ’ਚ ਅਸਪਸ਼ਟ ਹੈ। ਇਸ ਦੀ ਥਾਂ ਇਹ ਪ੍ਰਸੰਗ ਭਾਰੂ ਰਿਹਾ ਕਿ ਸੰਸਾਰ ਨਾਸ਼ਵਾਨ ਹੈ, ਜੋ ਇੱਕ ਦਿਨ ਅਕਾਲ ਪੁਰਖ ’ਚ ਲੀਨ ਹੋਣਾ ਹੈ। ਮਾਇਆ ਵੀ ਉਸੇ ਪ੍ਰਭੂ ਦੇ ਹੁਕਮ ’ਚ ਹੈ।
ਉਕਤ ਸਵਾਲ ਹੀ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਿਆ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ! ਕਿਤੁ ਕਿਤੁ ਦੁਖਿ (’ਚ) ਬਿਨਸਿ ਜਾਈ ?॥’’, ਇਸ ਦਾ ਜਵਾਬ ਪੂਰਨ ਸਤਿਗੁਰੂ ਜੀ ਨੇ ਇਉਂ ਦਿੱਤਾ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ+ਵਿਸਰਿਐ (ਨਾਲ਼) ਦੁਖੁ ਪਾਈ ॥’’ (ਗੋਸਟਿ/ਮਹਲਾ ੧/੯੪੬) ਭਾਵ ਵਾਰ-ਵਾਰ ਜਗਤ ਉਤਪਤਿ ਹੋਣ ਦਾ ਕਾਰਨ ਅਹੰਕਾਰ ਹੈ ਕਿਉਂਕਿ ਅਹੰਕਾਰ ’ਚ ਬੰਦਾ; ਮਾਲਕ ਦੇ ਹੁਕਮ ’ਚ ਹਾਂ, ਨੂੰ ਭੁਲਾ ਕੇ ਆਪ ਹੀ ਸਭ ਕੁੱਝ ਕਰਨ/ਕਰਾਉਣ ਵਾਲ਼ਾ ਬਣ ਬੈਠਦਾ ਹੈ; ਇਉਂ (ਮਾਲਕ ਦੇ) ਨਾਮ ਨੂੰ ਵਿਸਾਰਨ ਨਾਲ਼ ਜਗਤ ਦੁਖੀ ਹੁੰਦਾ ਹੈ, ਜੰਮਦਾ ਮਰਦਾ ਹੈ।
ਭਾਰਤ ’ਚ ਸਦੀਆਂ ਤੋਂ ਪ੍ਰਚਲਿਤ ਭਗਤੀ ਲਹਿਰ ਦਾ ਤੱਤ-ਸਾਰ ਭਗਤ ਸਾਹਿਬਾਨ ਦੀ ਬਾਣੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਹੈ। ਸਮੁੱਚੀ ਗੁਰਬਾਣੀ ਨੂੰ ਗਹੁ ਨਾਲ਼ ਵਾਚਣ ਤੋਂ ਬਾਅਦ ਪ੍ਰਤੀਤ ਹੁੰਦਾ ਹੈ ਕਿ ਭਗਤ ਸਾਹਿਬਾਨ ਦੀ ਬਾਣੀ ਅੰਦਰ ਸੱਚੇ ਧਰਮ ਦੇ ਕਈ ਸੂਖਮ ਰਾਜ਼; ਇਸ਼ਾਰਾ ਮਾਤਰ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਿਸਥਾਰ ਸਹਿਤ ਸਪਸ਼ਟ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਕਣ-ਕਣ ’ਚ ਜੋਤਿ ਰੂਪ ਵਜੋਂ ਵਿਆਪਕਤਾ, ਉਸ ਦਾ ਹੁਕਮ, ਬ੍ਰਹਿਮੰਡ ਰਚਨ ਦਾ ਢੰਗ ਅਤੇ ਕਾਰਨ, ਮਨ ਦੀ ਬਣਤਰ ਆਦਿ ਵਿਸ਼ਿਆਂ ਉੱਤੇ ਬਹੁਤ ਹੀ ਖੋਜ ਭਰਪੂਰ ਤੱਥ; ਮਾਨਵਤਾ ਸਾਮ੍ਹਣੇ ਰੱਖੇ ਹਨ। ਐਸੀ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਵਾਸਤੇ ਵੀ ਬੜਾ ਖੋਜੀ ਦਿਮਾਗ਼ ਅਤੇ ਉੱਚਾ ਕਿਰਦਾਰ ਹੋਣਾ; ਬੜਾ ਲਾਜ਼ਮੀ ਹੈ।
ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ‘ਪੂਰਨ ਸਤਿਗੁਰੂ’; ਜਨਮ-ਮਰਨ ਦੇ ਗੇੜ ’ਚ ਨਹੀਂ ਹੁੰਦਾ, ਪਰ ਭਗਤ ਰਵਿਦਾਸ ਜੀ (ਪੂਰਨ ਮਨੁੱਖ) ਦੇ ਬਚਨ ਹਨ ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥’’ (ਭਗਤ ਰਵਿਦਾਸ/੬੯੪) ਪੂਰਨ ਸਤਿਗੁਰੂ ਦੀ ਕਿਰਪਾ ਨਾਲ਼ ਮਿਲੀ ਸਫਲਤਾ ਬਾਰੇ ਵੀ ਆਪ ਜੀ ਦੇ ਬਚਨ ਹਨ ‘‘ਜਨ ਰਵਿਦਾਸ ਰਾਮ ਰੰਗਿ (’ਚ) ਰਾਤਾ ॥ ਇਉ ਗੁਰ ਪਰਸਾਦਿ (ਨਾਲ਼) ਨਰਕ ਨਹੀ ਜਾਤਾ ॥’’ (ਭਗਤ ਰਵਿਦਾਸ/੪੮੭)
(ੲ). ਹੇਠਲੇ ਵਾਕਾਂ ’ਚ ਭਗਤ ਸਾਹਿਬਾਨ ਅਤੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਦੀ ਰਚਨਾ ਵਿੱਚ; ‘ਪੂਰਨ ਸਤਿਗੁਰੂ’ ਦੀ ਲੋੜ ਨੂੰ ਇੱਕੋ ਜਿਹਾ ਬਿਆਨ ਕੀਤਾ ਗਿਆ ਹੈ :
ਸਫਲ ਜਨਮੁ ਮੋ ਕਉ; ਗੁਰਿ (ਨੇ) ਕੀਨਾ ॥ ਦੁਖ ਬਿਸਾਰਿ, ਸੁਖ ਅੰਤਰਿ ਲੀਨਾ ॥ (ਭਗਤ ਨਾਮਦੇਵ/੮੫੮)
ਘਰਿ ਘਰਿ (’ਚ) ਖਾਇਆ; ਪਿੰਡੁ (ਸਰੀਰ) ਬਧਾਇਆ; ਖਿੰਥਾ ਮੁੰਦਾ ਮਾਇਆ ॥ ਭੂਮਿ ਮਸਾਣ ਕੀ ਭਸਮ ਲਗਾਈ; ਗੁਰ ਬਿਨੁ ਤਤੁ ਨ ਪਾਇਆ ॥ (ਭਗਤ ਤ੍ਰਿਲੋਚਨ/੫੨੬)
ਸਤਿਗੁਰ ! ਮੈ ਬਲਿਹਾਰੀ ਤੋਰ ॥ ਜਿਨਿ, ਸਕਲ ਬਿਕਲ ਭ੍ਰਮ; ਕਾਟੇ ਮੋਰ (ਮੇਰੇ) ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥ (ਭਗਤ ਰਾਮਾਨੰਦ/੧੧੯੫) ਅਰਥ : ਹੇ ਪੂਰਨ ਸਤਿਗੁਰੂ ! ਮੈ ਤੇਰੇ ਤੋਂ ਕੁਰਬਾਨ ਹਾਂ, ਜਿਸ ਨੇ ਮੇਰੇ ਭਾਰੀ ਭਰਮ-ਭੁਲੇਖੇ ਦੂਰ ਕਰ ਦਿੱਤੇ। ਪੂਰਨ ਸਤਿਗੁਰੂ ਦਾ ਉਪਦੇਸ਼ ਜਦ ਕ੍ਰੋੜਾਂ ਬੁਰੇ ਐਬ ਖ਼ਤਮ ਕਰ ਦਿੰਦਾ ਹੈ ਤਾਂ ਰਾਮਾਨੰਦ ਦਾ ਮਾਲਕ ਪ੍ਰਭੂ; ਹਰ ਥਾਂ ਨਜ਼ਰ ਆਉਂਦਾ ਹੈ।
ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ; ਬਾਟ ਨ ਪਾਵੈ ॥ (ਭਗਤ ਬੇਣੀ/੧੩੫੧) ਆਦਿ।
ਉਕਤ ਸਾਰੇ ਹੀ ਵਾਕਾਂ ਵਿੱਚ ਭਗਤ ਸਾਹਿਬਾਨ; ਪੂਰਨ ਸਤਿਗੁਰੂ (ਪਾਰਸ/ਚੰਦਨ) ਨੂੰ ਛੂਹ ਕੇ ਪਾਰਸ ਬਣੇ, ਚੰਦਨ ਬਣੇ ਪ੍ਰਤੀਤ ਹੁੰਦੇ ਹਨ। ਇਹੀ ਗਵਾਹੀ; ਪੂਰਨ ਸਤਿਗੁਰੂ ਨੂੰ ਛੂਹ ਕੇ ਖ਼ੁਦ ਚੰਦਨ ਬਣੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਇਉਂ ਭਰੀ ਹੈ ‘‘ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ+ਗੁਰ ਤੇ ਗਤਿ ਪਾਈ ॥ (ਮਹਲਾ ੩/੬੭), ਤ੍ਰਿਲੋਚਨ (ਨੂੰ) ਗੁਰ ਮਿਲਿ ਭਈ ਸਿਧਿ ॥ ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ ॥ (ਮਹਲਾ ੫/੧੧੯੨), ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥’’ (ਮਹਲਾ ੪/੮੩੫) ਭਗਤ ਰਵਿਦਾਸ ਜੀ ਨੇ ਗੁਰੂ ਦੇ ਸਹਿਯੋਗ ਨਾਲ਼ ਚੰਦਨ ਬਣਨ ਦਾ ਖ਼ੁਦ ਵੀ ਜ਼ਿਕਰ ਕੀਤਾ ਹੈ; ਜਿਵੇਂ ਕਿ ‘‘ਸਾਧਸੰਗਤਿ ਬਿਨਾ ਭਾਉ ਨਹੀ ਊਪਜੈ; ਭਾਵ ਬਿਨੁ, ਭਗਤਿ ਨਹੀ ਹੋਇ ਤੇਰੀ ॥’’ (ਭਗਤ ਰਵਿਦਾਸ/੬੯੪) ਗੁਰੂ ਅਰਜਨ ਸਾਹਿਬ ਜੀ ਭਗਤ ਸਾਹਿਬਾਨ ਨੂੰ ਜਿੱਥੇ ਨਿਰਾਕਾਰ ਨਾਲ਼ ਇੱਕ-ਮਿੱਕ ਹੋਏ (ਪੂਰਨ ਮਨੁੱਖ) ਕਹਿ ਰਹੇ ਹਨ ਓਥੇ ਗੁਰੂ ਨਾਨਕ ਸਾਹਿਬ ਜੀ ਨੂੰ ਨਿਰਾਕਾਰ ਦਾ ਰੂਪ ਕਿਹਾ ਹੈ; ਜਿਵੇਂ ਕਿ ‘‘ਕਬੀਰਿ (ਨੇ) ਧਿਆਇਓ ਏਕ ਰੰਗ ॥ ਨਾਮਦੇਵ; ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ; ਗੋਵਿੰਦ ਰੂਪ ॥’’ (ਮਹਲਾ ੫/੧੧੯੨)
ਹਥਲੇ ਲੇਖ ਦਾ ਮਕਸਦ ਕੋਈ ਐਸਾ ਭਰਮ ਪੈਦਾ ਕਰਨਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ 35 ਬਾਣੀਕਾਰ ਮਹਾਂ ਪੁਰਖਾਂ ਦੇ ਰੂਹਾਨੀਅਤ ਜੀਵਨ ’ਚ ਕੋਈ ਅੰਤਰ ਰਿਹਾ ਸੀ ਬਲਕਿ ਇਹ ਵਿਚਾਰਨਾ ਹੈ ਕਿ ‘ਪੂਰਨ ਸਤਿਗੁਰੂ’ ਅਤੇ ‘ਪੂਰਨ ਮਨੁੱਖ’ ਦੇ ਦੁਨਿਆਵੀ ਸਫ਼ਰ ’ਚ ਕੀ ਕੀ ਅੰਤਰ ਹੁੰਦਾ ਹੈ। ਵੈਸੇ ਦੋਵੇਂ ਹੀ ਜੀਵਨ ਰੂਹਾਨੀਅਤ ਮਾਰਗ ’ਤੇ ਚੱਲਣ ਕਾਰਨ ਬਹੁਮੁੱਲੇ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰੋੜਾਂ ’ਚੋਂ ਕੋਈ ਇੱਕ ਅੱਧਾ ਹੀ ਪ੍ਰਾਪਤ ਕਰਦਾ ਹੈ। ਇਹੀ ਨਿਚੋੜ; ਜਗਤ ਵਿੱਚ ਸਭ ਤੋਂ ਲੰਬੀਆਂ ਯਾਤਰਾਵਾਂ ਕਰਨ ਵਾਲ਼ੇ ‘ਗੁਰੂ ਨਾਨਕ ਸਾਹਿਬ’ ਅਤੇ ‘ਗੁਰੂ ਤੇਗ਼ ਬਹਾਦਰ ਸਾਹਿਬ’ ਨੇ ਕੱਢਿਆ ਹੈ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ॥ (ਮਹਲਾ ੧/੧੪੧੧), ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (ਜਿਸ ਦੇ ਚਿੱਤ ’ਚ ਪ੍ਰਭੂ ਹੁੰਦੈ)॥’’ (ਮਹਲਾ ੯/੧੪੨੭) ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲ਼ੇ ਗੁਰੂ ਅਰਜਨ ਸਾਹਿਬ ਜੀ ਨੇ ਵਾਰ-ਵਾਰ ਕਿਹਾ ਕਿ ਨਿਰਾਕਾਰ-ਅਦ੍ਰਿਸ਼ ਰੱਬ ਨੂੰ ਜਾਨਣ ਵਾਲ਼ੇ ਕ੍ਰੋੜਾਂ ਵਿੱਚੋਂ ਵਿਰਲੇ ਹੀ ਹੁੰਦੇ ਹਨ; ਜਿਵੇਂ ਕਿ ਬਚਨ ਹਨ ‘‘ਕੋਟਿ ਮਧੇ ਕਿਨੈ ਬਿਰਲੈ (ਨੇ) ਚੀਨਾ (ਪਛਾਣਿਆ) ॥ (ਸੁਖਮਨੀ/ਮਹਲਾ ੫/੨੭੯), ਕੋਟਿ ਮਧੇ ਕੋ ਵਿਰਲਾ ਸੇਵਕੁ; ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ (ਮਹਲਾ ੫/੪੯੫), ਕੋਟਿ ਮਧੇ ਕੋਊ ਬਿਰਲਾ ਸੇਵਕੁ; ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥ (ਮਹਲਾ ੫/੧੨੬੯), ਕੋਟਿ ਮਧੇ ਕੋ ਵਿਰਲਾ ਦਾਸੁ ॥’’ (ਮਹਲਾ ੫/੧੩੪੦)
ਸੋ ਸੰਖੇਪ ’ਚ ਇਹੀ ਕਹਿਣਾ ਬਣਦਾ ਹੈ ਕਿ ਗੁਰਬਾਣੀ ਅੰਦਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੂੰ ਸ੍ਰਿਸ਼ਟੀ ਦੇ ਆਦਿ ਤੋਂ; ਨਿਰਾਕਾਰ ਦੀ ਜੋਤਿ ਰੂਪ ‘ਚ ਬਿਆਨ ਕੀਤਾ ਹੈ, ਜਿਨ੍ਹਾਂ ਨੇ ਅਗਾਂਹ ਆਪਣੇ ਉੱਤਰਾਧਿਕਾਰੀਆਂ ’ਚ ਆਪਣੀ ਜੋਤਿ (ਜੋ ਨਿਰਾਕਾਰੀ ਜੋਤਿ ਸੀ) ਨੂੰ ਸਥਾਪਿਤ ਕੀਤਾ; ਜਿਵੇਂ ਕਿ ਪਾਵਨ ਬਚਨ ਹਨ ‘‘ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ ਪਾਤਿਸ਼ਾਹ ਨੇ) ਕਾਇਆ ਫੇਰਿ ਪਲਟੀਐ ॥ (ਬਲਵੰਡ ਸਤਾ/੯੬੬) ਭਾਵ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਅੰਦਰ ਜੋਤਿ ਅਤੇ ਜੀਵਨ ਰਹਿਣੀ; ਇੱਕ ਸਮਾਨ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ’ਚ ਕੇਵਲ ਸਰੀਰ ਹੀ ਬਦਲਿਆ ਹੈ ‘‘ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ (ਆਪਣੇ ਆਪ ਨਾਲ਼ ਉਸ ਨੇ ਇੱਕ ਮਿੱਕ ਕੀਤਾ)॥’’ (ਬਲਵੰਡ ਸਤਾ/੯੬੭), ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥ ਤਿਨਿ (ਉਸ ਨੇ) ਲਹਣਾ ਥਾਪਿ; ਜੋਤਿ ਜਗਿ (’ਚ) ਧਾਰੀ ॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੧) ਅਤੇ ਅਗਾਂਹ ਗੁਰੂ ਰਾਮਦਾਸ ਜੀ ਨੇ ਆਪਣੀ ਇਲਾਹੀ ਜੋਤਿ ਗੁਰੂ ਅਰਜਨ ਸਾਹਿਬ ਅੰਦਰ ਟਿਕਾ ਦਿੱਤੀ ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਨਾਨਕ) ਜੋਤਿ ਅਰਜੁਨ ਮਾਹਿ ਧਰੀ ॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯) ਜਦਕਿ ਭਗਤ ਸਾਹਿਬਾਨ ਦੀ ਬਾਣੀ ਵਿੱਚੋਂ ਕੋਈ ਐਸਾ ਸੰਕੇਤ ਨਹੀਂ ਮਿਲਦਾ, ਜਿਸ ਤੋਂ ਪ੍ਰਤੀਤ ਹੋਵੇ ਕਿ ਉਨ੍ਹਾਂ ਅੰਦਰ ਕਿਸੇ ਪੂਰਨ ਸਤਿਗੁਰੂ ਦੀ ਜੋਤਿ ਜਾਂ ਨਿਰਾਕਾਰ ਦੀ ਇਲਾਹੀ ਜੋਤਿ ਸੀ/ਹੈ, ਜਿਸ ਨੂੰ ਉਨ੍ਹਾਂ ਆਪਣੇ ਉੱਤਰਾਧਿਕਾਰੀ ਵਜੋਂ ਦੂਜੇ-ਤੀਜੇ ਸਰੀਰ ’ਚ ਤਬਦੀਲ ਕੀਤਾ ਹੈ, ਇਸ ਲਈ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਵਾਙ ਭਗਤ ਸਾਹਿਬਾਨ ਜਾਂ ਭੱਟ ਸਾਹਿਬਾਨ ਨੂੰ ‘ਸਤਿਗੁਰੂ’ ਜਾਂ ‘ਪੂਰਨ ਸਤਿਗੁਰੂ’ ਕਹਿਣਾ ਸਹੀ ਨਹੀਂ। ਵੈਸੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਇੱਕ ਕਬੀਲੇ ਦੇ ਮਹਾਂ ਪੁਰਖ ਸਮਝ ਕੇ ਪੂਜਣ ਵਾਲ਼ੇ ਸ਼ਰਧਾਵਾਨ ਭਾਵੇਂ ‘ਸਤਿਗੁਰੂ’ ਕਹਿ ਕੇ ਇਨ੍ਹਾਂ ਨੂੰ ਸਤਿਕਾਰ ਦੇਣ; ਸਿੱਖ ਨੂੰ ਉਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰਸਿੱਖ ਲਈ ਸਿਧਾਂਤ ਸਰਬੋਤਮ ਹੈ, ਨਾ ਕਿ ਕੋਈ ਸਰੀਰ।
ਦੂਜਾ ਸਵਾਲ ਕਿ ਜੇਕਰ ਸਤਿਗੁਰੂ; ਪੂਰਨ ਹੈ ਤਾਂ ਕੀ ਗੁਰੂ ਸ਼ਬਦ-ਗਿਆਨ ਤੋਂ ਬਾਹਰ ਕੁੱਝ ਹੋਰ ਗਿਆਨ ਨਹੀਂ ਬਚਦਾ ? ਇਸ ਦਾ ਜਵਾਬ ਇਹੀ ਹੈ ਕਿ ਨਿਰਾਕਾਰ-ਅਦ੍ਰਿਸ਼ ਸ਼ਕਤੀ ਦੀ ਹੋਂਦ ਨੂੰ ਆਪਣੇ ਅੰਦਰੋਂ ਪ੍ਰਗਟ ਕਰਨ ਕਾਰਨ ਹੀ ਗੁਰੂ ਨਾਨਕ ਸਾਹਿਬ ਜੀ ਨੂੰ ‘ਪੈਦਾਇਸ਼ੀ ਪੂਰਨ ਸਤਿਗੁਰੂ’ ਆਖਿਆ ਗਿਆ, ਨਾ ਕਿ ਨਿਰਾਕਾਰ ਦਾ ਅੰਤ ਪਾਉਣ ਕਾਰਨ। ਜੇ ਗੁਰਮਤਿ ਅਨੁਸਾਰੀ ਪ੍ਰਭੂ ਬਾਰੇ ਕਿਸੇ ਹੋਰ ਗ੍ਰੰਥ ’ਚ ਵੀ ਸ਼ਬਦ-ਗਿਆਨ ਮਿਲਿਆ ਤਾਂ ਗੁਰੂ ਸਾਹਿਬਾਨ ਨੇ ਉਨ੍ਹਾਂ ਅਮੋਲਕ ਰਚਨਾਵਾਂ ਨੂੰ ਵੀ ਆਪਣੇ ਸ਼ਬਦ-ਸੰਗ੍ਰਹਿ ’ਚ ਸ਼ਾਮਲ ਕੀਤਾ ਹੈ, ਨਾ ਕਿ ਉਨ੍ਹਾਂ ਨੂੰ ਅਣਡਿੱਠ ਕੀਤਾ ਜਾਂ ਉਨ੍ਹਾਂ ਦਾ ਵਿਰੋਧ ਕੀਤਾ ਹੈ। ਗੁਰਬਾਣੀ ਅੰਦਰ ਇੱਕ ਤੋਂ ਵੱਧ ਲਿਖਾਰੀ ਹੋਣਾ ਅਤੇ ਇੱਕ ਤੋਂ ਵੱਧ ਭਾਸ਼ਾਵਾਂ ਨੂੰ ਸ਼ਾਮਲ ਕਰਨਾ ਹੀ ਇਹ ਸਾਬਤ ਕਰਦਾ ਹੈ ਕਿ ਨਿਰਾਕਾਰ, ਆਕਾਰ (ਕੁਦਰਤਿ) ਅਤੇ ਮਨ ਬਾਰੇ ਪ੍ਰਗਟਾਇਆ ਤੱਥਾਂ ਆਧਾਰਿਤ ਗਿਆਨ; ਅਸੀਮ ਹੈ। ਜਿਸ ਨੂੰ ਅਣਗਿਣਤ ਗ੍ਰੰਥਾਂ ’ਚ ਜਾਂ ਅਣਗਿਣਤ ਲਿਖਤਾਂ ਰਾਹੀਂ ਪੂਰਨ ਕਲਮਬੰਦ ਨਹੀਂ ਕੀਤਾ ਜਾ ਸਕਦਾ। ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੇ ਹੀ ਬਚਨ ਹਨ ਕਿ ਜਿਵੇਂ ਨਦੀਆਂ ਅਤੇ ਨਾਲੇ; ਸਮੁੰਦਰ ’ਚ ਪੈ ਕੇ ਸਮੁੰਦਰ ਦਾ ਅੰਤ ਨਹੀਂ ਜਾਣ ਸਕਦੇ; ਇਉਂ ਨਿਰਾਕਾਰ ਦਾ ਭੀ ਅੰਤ ਨਹੀਂ ਪੈ ਸਕਦਾ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ (’ਚ), ਨ ਜਾਣੀਅਹਿ ॥ (ਜਪੁ/ਮਹਲਾ ੧), ਹਰਿ ਕੀ ਕੀਮਤਿ ਨਾ ਪਵੈ; ਹਰਿ ਜਸੁ ਲਿਖਣੁ ਨ ਜਾਇ ॥ (ਮਹਲਾ ੩/੭੫੬), ਕਬੀਰ ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥ ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥੮੧॥’’ (ਭਗਤ ਕਬੀਰ/੧੩੬੮) ਅਰਥ : ਹੇ ਕਬੀਰ ਜੀ ! ਆਖ ਕਿ ਜੇ ਸੱਤੇ ਸਮੁੰਦਰਾਂ ਨੂੰ ਸਿਆਹੀ ਬਣਾ ਲਵਾਂ ਅਤੇ ਸਾਰੀ ਬਨਸਪਤੀ ਨੂੰ ਕਲਮ; ਤਾਂ ਭੀ ਨਿਰਾਕਾਰ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ, ਲਿਖੇ ਨਹੀਂ ਜਾ ਸਕਦੇ।
ਅੰਤ ’ਚ ਭਾਈ ਗੁਰਦਾਸ ਜੀ ਦੀ ਹੇਠਲੀ ਪਉੜੀ ਵਿਚਾਰਨਯੋਗ ਹੈ, ਜਿਸ ਵਿੱਚ ‘ਸਤਿਗੁਰ’ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਲਈ ਹੈ, ਬਾਕੀ ਉੱਤਰਾਧਿਕਾਰੀ ਗੁਰੂ ਸਾਹਿਬਾਨ ਲਈ; ਕੇਵਲ ‘ਗੁਰ’ ਜਾਂ ‘ਸਿੱਖ’ ਸ਼ਬਦ ਵਰਤੇ ਗਏ ਹਨ :
ਸਤਿਗੁਰ ਨਾਨਕ ਦੇਉ; ਆਪੁ ਉਪਾਇਆ। ਗੁਰ ਅੰਗਦੁ; ਗੁਰਸਿਖੁ ਬਬਾਣੇ ਆਇਆ।
ਗੁਰਸਿਖੁ ਹੈ ਗੁਰ ਅਮਰੁ; ਸਤਿਗੁਰ ਭਾਇਆ। ਰਾਮਦਾਸੁ ਗੁਰਸਿਖੁ; ਗੁਰ ਸਦਵਾਇਆ।
ਗੁਰੁ, ਅਰਜਨੁ ਗੁਰਸਿਖੁ; ਪਰਗਟੀ ਆਇਆ। ਗੁਰਸਿਖੁ ਹਰਿਗੋਵਿੰਦੁ; ਨ ਲੁਕੈ ਲੁਕਾਇਆ ॥੧॥
(ਭਾਈ ਗੁਰਦਾਸ ਜੀ/ਵਾਰ ੨੦ ਪਉੜੀ ੧)
ਅਰਥ : ਅਕਾਲ ਪੁਰਖ ਨੇ ਆਪ (ਆਪਣੀ ਜੋਤਿ ਪਾ ਕੇ) ਸਤਿਗੁਰੂ ਨਾਨਕ ਸਾਹਿਬ ਜੀ ਨੂੰ ਜਗਤ ’ਚ ਪੈਦਾ ਕੀਤਾ। ਬਾਬੇ (ਨਾਨਕ ਜੀ) ਦੀ ਸ਼ਰਨ ’ਚ ਗੁਰਸਿੱਖ ਬਣ ਕੇ ਆਏ ਅੰਗਦ ਜੀ; ਆਪ ਵੀ ਗੁਰੂ ਬਣੇ। ਗੁਰਸਿੱਖ ਬਣ ਕੇ ਸ਼ਰਨ ’ਚ ਆਏ ਅਮਰਦਾਸ ਜੀ; ਸਤਿਗੁਰੂ (ਅੰਗਦ ਸਾਹਿਬ) ਨੂੰ ਗੁਰੂ ਰੂਪ ’ਚ ਪਸੰਦ ਆਏ। (ਗੁਰੂ ਅਮਰਦਾਸ ਜੀ ਦੀ) ਸ਼ਰਨ ’ਚ ਗੁਰਸਿੱਖ ਬਣ ਕੇ ਆਏ ਰਾਮਦਾਸ ਜੀ; ਗੁਰੂ ਅਖਵਾਏ। (ਗੁਰੂ ਰਾਮਦਾਸ ਜੀ ਦੀ) ਸ਼ਰਨ ’ਚ ਗੁਰਸਿੱਖ ਬਣ ਕੇ ਆਏ ਅਰਜਨ ਜੀ; ਆਪ ਵੀ ਗੁਰੂ ਬਣ ਗਏ। (ਗੁਰੂ ਅਰਜਨ ਸਾਹਿਬ ਦੀ) ਸ਼ਰਨ ’ਚ ਗੁਰਸਿੱਖ ਬਣ ਕੇ ਆਏ ਹਰਗੋਵਿੰਦ ਜੀ, ਜੋ ਛੁਪ ਨਹੀਂ ਸਕਦੇ ਯਾਨੀ ਜਗਤ ਗੁਰੂ, ਪ੍ਰਸਿੱਧ ਹੋਏ।
ਸੋ ਰੂਹਾਨੀਅਤ ਮਾਰਗ ਦੇ ਚਾਹਵਾਨਾਂ ਸਿੱਖਾਂ ਨੂੰ ਸਦਾ ਆਪਣੇ ‘ਪੂਰਨ ਸਤਿਗੁਰੂ’ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਅਤੇ ਰਸਨਾ ਨਾਲ਼ ਇਹੀ ਅਰਦਾਸ ਕਰਨੀ ਫਬਦੀ ਹੈ ‘‘ਗੁਰੁ ਦਾਤਾ ਸਮਰਥੁ ਗੁਰੁ; ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ ਡੁਬਦਾ ਲਏ ਤਰਾਇ ॥’’ (ਮਹਲਾ ੫/੪੯)