ਪੰਜਾਬੀਓ ! ਦੇਸ਼ ਪੰਜਾਬ ਸੀ ਸਾਡਾ ! !
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ – 95920-93472
ਪੰਜਾਬ ਸ਼ਬਦ ਆਪਣੇ ਅੰਦਰ ਆਪਣੀ ਬਹੁ-ਪੱਖੀ ਅਹਿਮੀਅਤ ਸਮੋਈ ਬੈਠਾ ਹੈ। ਪੰਜਾਬ ਦੀ ਮਹੱਤਤਾ ਨੂੰ ਰੂਹ ਦੇ ਤਲ ’ਤੇ ਜਾਣਨ ਤੇ ਮਾਨਣ ਵਾਲੇ ਅਸਲੀ ਵਾਰਸ ਸਮੇਂ ਦੇ ਗੇੜ ਨਾਲ ਰੁਖ਼ਸਤ ਹੁੰਦੇ ਗਏ। ਉਨ੍ਹਾਂ ਦੀ ਥਾਂ ’ਤੇ ਉਸ ਤਰ੍ਹਾਂ ਪੰਜਾਬ ਨੂੰ ਸਮਝਣ ਤੇ ਜਿਊਣ ਵਾਲੇ ਨਵੇਂ ਵਾਰਸ ਤਿਆਰ ਹੋਣੋ ਘਟਦੇ ਗਏ। ਨਵਿਆਂ ਨੂੰ ਪੰਜਾਬ ਦੀ ਸਮਝ ਨਾ ਹੋਣ ਕਰਕੇ ਉਨ੍ਹਾਂ ਦੀ ਰੂਹ ਅੰਦਰ ਪੰਜਾਬ ਉਤਰਨਾ, ਜੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਤਾਂ ਲਗਾਤਾਰ ਘਟਦਾ ਜ਼ਰੂਰ ਗਿਆ।
ਪੰਜਾਬ ਦਾ ਪਿਛੋਕੜ, ਪੰਜਾਬ ਦਾ ਇਤਿਹਾਸ ਤੇ ਪੰਜਾਬ ਦਾ ਵਿਰਸਾ ਨਵੀਆਂ ਪੀੜੀਆਂ ਲਈ ਖਿੱਚ ਦਾ ਕੇਂਦਰ ਨਹੀਂ ਹੈ ਅਤੇ ਪਿਛਲੇ ਲੰਮੇ ਅਰਸੇ ਤੋਂ ਹਾਸ਼ੀਏ ’ਤੇ ਹੈ।
ਪੰਜਾਬ ਵੱਲ ਅੱਜ ਝਾਤ ਮਾਰ ਕੇ ਦੇਖੀਏ ਕਿ ਕਿੰਨਾ ਕੁ ਨਿੱਘ ਹੈ ਜਾਂ ਲਗਾਓ ਹੈ। ਪੰਜਾਬ ਦਾ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਰੂਪ ਅੱਜ ਕਿੱਥੇ ਪੁੱਜ ਗਿਆ ਹੈ। ਪੰਜਾਬ ਨੇ ਸੰਸਾਰ ਵਿਚ ਸਰਦਾਰੀ ਕੀਤੀ ਹੈ। ਪੰਜਾਬ ਦੇ ਜਾਇਆਂ ਨੇ ਸਦੀਆਂ ਪਹਿਲਾਂ ਤੋਂ ਸੰਸਾਰ ਅੰਦਰ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰਕੇ ਸੰਸਾਰ ਪਾਸੋਂ ਆਪਣੀ ਅਣਖ, ਸਵੈ-ਮਾਣ ਦੇ ਸੋਹਲੇ ਗਵਾਏ ਹਨ।
ਕੁਦਰਤ ਦੇ ਕਾਦਰ ਨੇ ਪੰਜਾਬ ਨੂੰ ਧਰਤੀ ਦਾ ਉਹ ਹਿੱਸਾ ਸਿਰਜਿਆ ਹੈ, ਜਿਸ ਨੂੰ ਪ੍ਰਕਿਰਤੀ ਰਚਨਾ ਦਾ ਨਗੀਨਾ ਆਖ ਸਕਦੇ ਹਾਂ। ਇਸ ਧਰਤੀ ਵਰਗਾ ਪਾਉਣ, ਪਾਣੀ, ਆਬੋ ਹਵਾ ਦੁਨੀਆਂ ਦੇ ਕਿਸੇ ਕੋਨੇ ਵਿਚ ਨਹੀਂ ਹੈ। ਪੰਜਾਬ ਦੇ ਜਾਏ ਮਨੁੱਖ ਵਰਗਾ ਕੱਦ ਕਾਠ, ਰੂਪ ਰੰਗ, ਸਭ ਕੁਝ ਆਪਣਾ ਹੀ ਹੈ। ਪੰਜਾਬ ਦੇ ਇਤਿਹਾਸ ਵਰਗਾ ਇਤਿਹਾਸ ਵੀ ਸ਼ਾਇਦ ਦੁਨੀਆਂ ਦੀ ਧਰਤੀ ’ਤੇ ਕਿਸੇ ਖ਼ਾਸ ਹਿੱਸੇ ਦੇ ਵਾਸੀਆਂ ਨੇ ਨਹੀਂ ਸਿਰਜਿਆ। ਪੰਜਾਬ ਦੇ ਵਡ-ਵਡੇਰਿਆਂ ਨੇ ਪੰਜਾਬ ਨੂੰ ਸਿਰਮੌਰ ਬਣਾਉਣ ਲਈ ਕਿਵੇਂ ਤੇ ਕੀ ਕੀ ਸੰਘਰਸ਼ ਕੀਤਾ ਤੇ ਤਸ਼ੱਦਦ ਸਹਿਆ, ਸਭ ਕੁਝ ਦੀ ਵੱਖਰੀ-ਵੱਖਰੀ ਕਹਾਣੀ ਹੈ।
ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਅਖਵਾਉਣ ਦਾ ਮਾਣ ਨਸੀਬ ਹੋਇਆ। ਗੁਰੂ ਸਾਹਿਬਾਨ ਨੇ ਇਸ ਧਰਤੀ ’ਤੇ ਸਚਿਆਰ ਮਨੁੱਖ ਦੀ ਸਿਰਜਣਾ ਦਾ ਸੰਕਲਪ ਅਕਾਲ ਪੁਰਖ ਦੇ ਹੁਕਮ, ਰਜ਼ਾ ਵਿਚ ਲਿਆ। ਕੂੜ ਦੀ ਕੰਧ ਜੋ ਮਨੁੱਖ ਦੇ ਅੰਦਰ ਸਦੀਆਂ ਤੋਂ ਉਸਰੀ ਹੋਈ ਸੀ, ਉਸ ਨੂੰ ਤੋੜਨ ਦੀ ਜੁਗਤਿ ਗੁਰੂ ਸਾਹਿਬਾਨ ਨੇ ਰੱਬੀ ਗਿਆਨ ਨਾਲ ਤਕਰੀਬਨ ਢਾਈ ਸਦੀਆਂ ਲਾ ਕੇ ਸੰਸਾਰ ਦੇ ਮਨੁੱਖ ਨੂੰ ਸਮਝਾਉਣ ਤੇ ਦ੍ਰਿੜ੍ਹ ਕਰਵਾਉਣ ਲਈ ਵੱਡਾ ਦਾਈਆ ਇੱਥੋਂ ਹੀ ਅਰੰਭਿਆ।
ਗੁਰੂ ਦਿ੍ਸ਼ਟੀ ਨੇ ‘‘ਜਲਤੀ ਸਭਿ ਪ੍ਰਿਥਵੀ’’ (ਵਾਰ ੧ ਪਉੜੀ ੨੪) ਵੇਖੀ ਤੇ ਪਰਜਾ ਨੂੰ ਅਗਿਆਨੀ ਪਾਇਆ। ਅਧੋਗਤੀ ਦੀ ਸ਼ਿਕਾਰ ਇਸ ਦੁਖਦਾਈ ਰੂਪ ਨੂੰ ਬਦਲਣ ਦਾ ਬੀੜਾ ਅਕਾਲ ਪੁਰਖੀ ਹੁਕਮ ਵਿਚ ਚੁੱਕ ਕੇ ਜੋ ਕੁਝ ਅਤੇ ਜਿਵੇਂ ਕੀਤਾ; ਸਭ ਕੁਝ ਇਤਿਹਾਸ ਦੇ ਅਮੀਰ ਪੰਨਿਆਂ ’ਤੇ ਪੰਜਾਬ ਦੇ ਜਾਇਆਂ ਦੀ ਵਿਰਾਸਤ ਹੈ। ਇਸੇ ਕਰਕੇ ਪੰਜਾਬ ਨੂੰ ਗੁਰੂਆਂ ਦਾ ਪੰਜਾਬ, ਮਾਣ ਸਨਮਾਨ ਨਾਲ ਆਖਿਆ ਗਿਆ ਹੈ। ਅਵਤਾਰੀ ਤਥਾ ਪੈਗੰਬਰੀ ਦੁਨੀਆਂ ਵਿਚ ਗੁਰੂਆਂ ਦੀ ਘਾਲੀ ਘਾਲ ਬਿਲਕੁਲ ਵਿਲੱਖਣ ਹੈ।
ਪੰਜਾਬ ਦੇ ਵਿਰਸੇ, ਮਾਣ ਵਿਚ ਗੁਰੂਆਂ ਵੱਲੋਂ ਅਕਾਲੀ ਹੁਕਮ ਨਾਲ ਜੋ ਖ਼ਾਲਸਾ ਪ੍ਰਗਟ ਕੀਤਾ ਗਿਆ, ਉਸ ਨਾਲ ਸੰਸਾਰ ਦਾ ਸਭ ਸਨਮਾਨਿਤ ਪਾਤਰ ਹੋਣ ਦਾ ਰੁਤਬਾ ਵੀ ਮਿਲਿਆ। ਖਾਲਸਾ ਪੰਥ ਦੇ ਵਾਰਸਾਂ ਦਾ ਇਤਿਹਾਸ ਵੀ ਪੰਜਾਬ ਦੀ ਹੋਂਦ ਤੇ ਵਿਲੱਖਣਤਾ ਵਿਚ, ਜੋ ਗਵਾਹੀ ਭਰਦਾ ਹੈ, ਉਸ ਨੂੰ ਕਦਾਚਿਤ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੇ ਜਾਇਆਂ ਨੇ ਹੱਕ ਸੱਚ ਲਈ ਹਮੇਸ਼ਾਂ ਛਾਤੀ ਤਾਣ ਕੇ ਵੱਖ ਵੱਖ ਸੰਘਰਸ਼ ਲੜੇ ਤੇ ਜਿੱਤੇ। ਦੁਨੀਆਂ ਨੂੰ ਦੱਸਿਆ ਆਪਣੇ ਵਿਰਸੇ ਦੀ ਮਹਾਨਤਾ ਤੇ ਮਾਨਤਾ ਬਾਰੇ।
ਪੰਜਾਬੀ ਜਦੋਂ ਵਿਰਸੇ, ਵਿਰਾਸਤ ਦੀਆਂ ਜੜ੍ਹਾਂ ਨਾਲ ਜੁੜੇ ਰਹੇ, ਉਦੋਂ ਇਨ੍ਹਾਂ ਪੰਜਾਬ ਲਈ ਜੀਅ ਜਾਨ ਹੂਲ ਕੇ ਕੰਮ ਵੀ ਕੀਤਾ ਤੇ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਵੀ ਰੱਖਿਆ।
ਸਵਾਲ ਵਰਤਮਾਨ ਪੰਜਾਬ ’ਤੇ ਆਣ ਟਿਕਦਾ ਹੈ। ਅੱਜ ਪੰਜਾਬ ਦਾ ਕੀ ਹਾਲ ਹੈ ? ਜੇ ਮਾੜਾ ਜਾਂ ਨਾ ਉਮੀਦਾ ਹੈ ਤਾਂ ਕਿਉਂ ?
ਪੰਜਾਬ ਦੇ ਅਸਲੀ ਪੁੱਤਰਾਂ ਦਾ ਸਬੂਤ ਦੇਣ ਦਾ ਮੌਕਾ 1947 ਵਿਚ ਤੇ ਬਾਅਦ ਵਿਚ ਆਇਆ ਤਾਂ ਪੰਜਾਬੀਓ ! ਪੰਜਾਬੀ ਦਾ ਇਕ ਸਤਿਕਾਰਤ ਤੇ ਵੱਡਾ ਹਿੱਸਾ ਪੰਜਾਬੀ ਭਾਸ਼ਾ ਨੂੰ ਮਾਂ ਬੋਲੀ ਮੰਨਣ ਤੋਂ ਹੀ ਮੁਕਰ ਕੇ ਅਕ੍ਰਿਤਘਣ ਹੋ ਬੈਠਾ ! ਕੀ ਸੀ ਇਹ ਤੇ ਕਿਉਂ ਸੀ ? ਅੱਜ ਤੱਕ ਅਣਸੁਲਝਿਆ ਸਵਾਲ ਸਭ ਪੰਜਾਬੀਆਂ ਨੂੰ ਕੰਬਣੀ ਛੇੜਦਾ ਹੈ ! ਭਾਰਤੀ ਆਜ਼ਾਦੀ ਦੇ ਮਹਾਂਰਥੀ ਆਜ਼ਾਦੀ ਤੋਂ ਖਾਲੀ ਹੱਥ ਕਰ ਦਿੱਤੇ ਗਏ। ਲੋਹੜਾ ਰੱਬ ਦਾ, ਆਪਣੇ ਹਮਦਰਦ ਅਖਵਾਉਣ ਵਾਲਿਆਂ ਨੇ ਪੰਜਾਬ ਨਾਲ ਧੋਖਾ ਕਰਕੇ ਨਵੀਂ ਬਰਬਾਦੀ ਦਾ ਦਰ ਖੋਲ੍ਹ ਦਿੱਤਾ।
ਨਵੇਂ ਭਾਰਤੀ ਹਾਕਮਾਂ ਨੇ ਪੰਜਾਬ ਨਾਲ ਕੀ ਕੀ ਤੇ ਕਿਵੇਂ ਕਿਵੇਂ ਧੋਖੇ ਤੇ ਧੋਖਾ ਕੀਤਾ। ਹਾਕਮਾਂ ਨੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਾਸਤੇ ਪੰਜਾਬੀਆਂ ਨੂੰ ਕੋਹ-ਕੋਹ ਮਾਰਿਆ। ਜਿਨ੍ਹਾਂ ਬੇਖੌਫ ਖ਼ੂਨੀ ਧਾਰਾ ਵਗਾਈਆਂ ਅਤੇ ਫਾਂਸੀ ਦੇ ਰੱਸੇ ਚੁੰਮੇ, ਉਨ੍ਹਾਂ ਦੇ ਵਾਰਸਾਂ ਨੂੰ ਮੁੜ ਦੋਹਰੀ ਤੇਹਰੀ ਅਜੀਬੋ ਗਰੀਬ ਗੁਲਾਮੀ ਦੀਆਂ ਨਵੀਆਂ ਜ਼ੰਜੀਰਾਂ ਵਿਚ ਜਕੜ ਕੇ ਭਵਿੱਖ ਦੀ ਆਜ਼ਾਦੀ ਦੇ ਸਭ ਦਰਵਾਜ਼ੇ ਹੀ ਬੰਦ ਕਰ ਸੁੱਟੇ।
ਸਮੇਂ ਸਮੇਂ ਬਣੇ ਅਖੌਤੀ ਆਗੂਆਂ ਨੇ ਹੀ ਪੰਜਾਬ ਨੂੰ ਹਾਕਮਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਤੋਂ ਵਰਜਿਆ। ਜ਼ੁਰਅਤ ਨਾਲ ਲਾਮਬੰਦੀ ਦੀ ਪਿਰਤ ਵਿਚ ਰੋੜੇ ਅਟਕਾ ਦਿੱਤੇ।
ਸੱਤਾ ਦੇ ਲਾਲਚ ਨੇ ਐਸਾ ਜਨਮ ਲੈ ਲਿਆ। ਪੰਜਾਬ ਨੂੰ ਪੰਜਾਬ ਰੱਖਣ ਦਾ ਸਮੇਂ ਸਮੇਂ ਅਹਿਦ ਕਰਨ ਵਾਲੇ ਕਾਤਲਾਂ ਦੀ ਬਗਲ ਦਾ ਸ਼ਿੰਗਾਰ ਹੋਣ ਲੱਗੇ। ਜੋ ਕੁਝ ਹੁਣ ਤੱਕ ਪੰਜਾਬੀਆਂ ਨਾਲ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਉਮਤ ਨਾਲ ਹੋਇਆ ਹੈ, ਇਹ ਕੀ ਸੀ, ਕਿਉਂ ਸੀ ? ਕਿਨ੍ਹੇ ਸੋਚਣਾ ਸੀ ਤੇ ਸਮੇਂ ਦੀਆਂ ਭਾਰਤੀ ਅਖੌਤੀ ਲੋਕਤੰਤਰ ਦੀਆਂ ਦਾਅਵੇਦਾਰ ਸਰਕਾਰਾਂ ਪਾਸੋਂ ਜੁਆਬ ਲੈਣੇ ਸਨ ? ਉਹ ਕਿਉਂ ਨਹੀਂ ਹੁਣ ਤੱਕ ਐਸਾ ਕਰ ਸਕੇ ? ਅੱਜ ਦੇ ਪੰਜਾਬੀ ਜ਼ਰੂਰ ਸੋਚਣ।
ਇਨ੍ਹਾਂ ਸਵਾਲਾਂ ਦੇ ਸਾਹਮਣੇ ਅੱਜ ਪੰਜਾਬ ਦਾ ਕੋਈ ਵੀ ਵਰਗ ਪੱਕੇ ਪੈਰੀ ਟਿਕਣ ਦੀ ਹਿੰਮਤ ਨਹੀਂ ਦਿਖਾ ਰਿਹਾ। ਕਿੱਧਰੇ ਵੀ ਇਨ੍ਹਾਂ ਸਵਾਲਾਂ ਨੂੰ ਕਿਸੇ ਹਿੱਸੇ ਵੱਲੋਂ ਸੱਚੇ ਮਨੋ ਵਿਚਾਰ ਦਾ ਨਿਰੰਤਰ ਹਿੱਸਾ ਬਣਾਉਣ ਦੀ ਆਵਾਜ਼ ਨਹੀਂ ਸੁਣਾਈ ਦੇਂਦੀ। ਇਹ ਗੱਲ ਵੀ ਆਪਣੇ ਆਪ ਵਿਚ ਸਵਾਲ ਹੈ ?
ਮਸਲਾ ਫਿਰ ਓਹੀਓ ਹੀ ਹੈ ਕਿ ਏਦਾਂ ਕਿਉਂ ?
ਸਵਾਲਾਂ ਦੀਆਂ ਪਰਤਾਂ ਮਜ਼ਬੂਤੀ ਨਾਲ ਵਧੀ ਜਾ ਰਹੀਆਂ ਹਨ। ਪੰਜਾਬ ਦੇ ਜਾਏ ਧੌਣਾਂ ਸੁੱਟੀ, ਪਤਾ ਨਹੀਂ ਕਿਹੜੀ ਗੈਬੀ ਸ਼ਕਤੀ ਦੀ ਉਡੀਕ ਕਰ ਰਹੇ ਹਨ। ਸੰਸਾਰ ਵਿਚ ਕੌਣ ਹੈ, ਜੋ ਪੰਜਾਬ ਨੂੰ ਪੰਜਾਬ ਰੱਖਣ ਲਈ ਸੱਚੇ ਦਿਲੋਂ ਕੰਮ ਕਰੇਗਾ। ਐਸਾ ਹਮਦਰਦ ਸਾਰੇ ਸੰਸਾਰ ਵਿਚੋਂ ਲੱਭਿਆ ਵੀ ਨਹੀਂ ਲੱਭਣਾ ! ਹਾਲਾਤ ਇਹ ਬਣਾ ਲਏ ਅਗਲਿਆਂ ਨੇ। ਆਪਣੇ ਘਰ ਨੂੰ ਅੱਗ ਲੱਗ ਗਈ ਘਰ ਦੇ ਚਿਰਾਗ਼ ਤੋਂ। ਇੱਥੇ ਫਿਰ ਹੋ ਕੀ ਸਕਦਾ ਹੈ ?
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਸਾਡਾ ਪੰਜਾਬੀਓ ! ਹੱਥ ਫੜਨਾ ਤੇ ਮਾਰਗ ਦਰਸ਼ਨ ਕਰਨਾ ਹੈ, ‘‘ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ॥’’ (ਮਹਲਾ ੧/੪੭੪) ਸੋ ਕਦੋਂ ਉਠਣਾ ਆਪਾਂ ? ਕਿਸ ਦਾ ਇੰਤਜ਼ਾਰ ਹੈ ਪੰਜਾਬੀਓ ! ਹੋ ਅੱਜ ਵੀ ਸਭ ਕੁਝ ਸਕਦਾ ਹੈ। ਰੱਤਾ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਨੂੰ ਆਪਣਾ ਕਹਿਣ ਤੇ ਮੰਨਣ ਦੀ ਸੱਚੇ ਦਿਲੋਂ ਲੋੜ ਹੈ, ‘‘ਨਹ ਬਿਲੰਬ ਧਰਮੰ ਬਿਲੰਬ ਪਾਪੰ ॥’’ (ਮਹਲਾ ੫/੧੩੫੪)
ਸੋ ਆਓ ਜੀ ! ਪੰਜਾਬੀਓ ! ਉੱਠੀਏ, ਬਿਨਾ ਦੇਰ ਉੱਠੀਏ ! !
ਉੱਠ ਪੰਜਾਬੀਆ ਉੱਠ ਬੈਠ ! ਨਹੀਂ ਜੱਗ ਵਿਚ ਕੋਈ ਸਾਨੀ ਤੇਰਾ।
ਤੇਰੇ ਸੁੱਤੇ ਹੋਣ ਕਰਕੇ ਹੀ ਹੈ ਪੰਜਾਬੀਆ ! ਤੇਰੇ ਚਾਰੇ ਤਰਫ਼ ਅੰਧੇਰਾ।
ਆਓ, ਮਨਾਂ ਦੀ ਮੈਲ ਧੋ ਲਈਏ ! ਮੰਨ ਲਈਏ ਪੰਜਾਬ ਸਾਡਾ ਹੈ। ਮੈਂ ਪੰਜਾਬੀ ਹਾਂ, ਮੇਰੀ ਮਾਂ ਬੋਲੀ ਪੰਜਾਬੀ ਸੀ, ਹੈ ਤੇ ਰਹੇਗੀ।
ਜੋੜੀਏ ਸਿਰ ਪੰਜਾਬ ਦੇ ਜਾਏ। ਭਾਵੇਂ ਪਹਿਲਾਂ ਥੋੜੇ ਹੀ ਉੱਠਣ। ਦਰ-ਦਰ ਸਭ ਕੋਲ ਜਾ ਪੰਜਾਬ ਦੀ ਸਹੀ ਸਲਾਮਤੀ ਲਈ ਸੰਗ ਸ਼ਰਮ ਛੱਡ ਝੋਲੀ ਅੱਡ ਖੈਰ ਮੰਗਣ।