ਪੰਜਾਬ ਜੰਗ ਨਹੀਂ, ਅਮਨ ਚਾਹੁੰਦਾ ਹੈ।

0
316

ਪੰਜਾਬ ਜੰਗ ਨਹੀਂ, ਅਮਨ ਚਾਹੁੰਦਾ ਹੈ।

ਕਿਰਪਾਲ ਸਿੰਘ ਬਠਿੰਡਾ 88378-13661

26 ਫਰਵਰੀ ਨੂੰ ਜਦੋਂ ਤੋਂ ਭਾਰਤੀ ਹਵਾਈ ਸੈਨਾ ਨੇ ਸਰਹੱਦੋਂ ਪਾਰ ਕੀਤੀ ਕਰਵਾਈ ਦੌਰਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਦੇ 350 ਅੱਤਵਾਦੀ ਮਾਰੇ ਜਾਣ ਅਤੇ ਇਸ ਵੱਡੀ ਪ੍ਰਾਪਤੀ ਦੇ ਮਨਾਏ ਜਾ ਰਹੇ ਜਸ਼ਨਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਜਿਨ੍ਹਾਂ ਵਿੱਚ ਫੌਜ ਤੋਂ ਵੱਧ ਮੋਦੀ ਨੂੰ ਲਾਮਿਸਾਲ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸੇ ਸਮੇਂ ਤੋਂ ਮੇਰੇ ਮਨ ’ਚ ਸ਼ੰਕੇ ਉਪਜ ਰਹੇ ਸਨ। ਪੰਜਾਬ ਵਿੱਚ ਕਾਲ਼ੇ ਦੌਰ ਸਮੇਂ ਪੱਟੀ ਇਲਾਕੇ ਦੇ ਇਕ ਦਲਿਤ ਨੌਜਵਾਨ ਦਾ ਮੈਨੂੰ ਚੇਤਾ ਆ ਰਿਹਾ ਸੀ ਜਿਸ ਨੂੰ ਕਥਿਤ ਮੁਕਾਬਲੇ ’ਚ ਮਰਿਆ ਦੱਸ ਕੇ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਲਿਆਂਦਾ ਗਿਆ। ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਲਿਆਂਦੀ ਗਈ ਲਾਸ਼ ’ਚ ਹਿੱਲਜੁਲ ਵੇਖੀ ਤੇ ਪੁਲਿਸ ਨੂੰ ਦੱਸਿਆ ਕਿ ਇਸ ਦਾ ਪੋਸਟ ਮਾਰਟਮ ਨਹੀਂ ਬਲਕਿ ਇਲਾਜ਼ ਕਰਨ ਦੀ ਲੋੜ ਹੈ। ਪੁਲਿਸ ਵਾਲੇ ਉਸ ਬਦਨਸੀਬ ਨੂੰ ਜ਼ਬਰਦਸਤੀ ਉਥੋਂ ਚੁੱਕ ਕੇ ਲੈ ਗਏ ਤੇ ਕੁਝ ਸਮੇਂ ਬਾਅਦ ਉਸ ਨੂੰ ਲਾਸ਼ ਬਣਾ ਕੇ ਲੈ ਆਏ। ਬਹੁਤ ਸਾਰੇ ਕਥਿਤ ਅੱਤਵਾਦੀ ਜਿਨ੍ਹਾਂ ਦੇ ਸਿਰਾਂ ’ਤੇ ਇਨਾਮ ਰੱਖੇ ਗਏ ਸਨ ਉਨ੍ਹਾਂ ਨੂੰ ਮੁਕਾਬਿਲਆਂ ਵਿੱਚ ਮਾਰਿਆ ਦੱਸ ਕੇ ਪੁਲਿਸ ਮੁਲਾਜਮਾਂ ਨੇ ਇਨਾਮ ਤੇ ਤਰੱਕੀਆਂ ਹਾਸਲ ਕੀਤੀਆਂ ਪਰ ਉਹ ਵਿਅਕਤੀ ਹਾਲੀ ਵੀ ਜੀਵਤ ਹਨ। ਇਹ ਯਾਦਾਂ ਹੀ ਮੇਰੇ ਸ਼ੰਕਿਆਂ ਵਿੱਚ ਵਾਧਾ ਕਰ ਰਹੀਆਂ ਸਨ ਕਿ ਜਿੱਥੋਂ ਦੀਆਂ ਸਰਕਾਰਾਂ ਜਿਉਂਦਿਆਂ ਨੂੰ ਮਾਰੇ ਦੱਸ ਕੇ ਇਨਾਮ ਵੰਡ ਰਹੀ ਹੋਵੇ, ਰੇਲ ਹਾਦਸੇ ’ਚ ਮਰੇ ਮੁਸਾਫਿਰਾਂ ਦੀ ਤਿੰਨ ਦਿਨਾਂ ਤੱਕ ਸਹੀ ਗਿਣਤੀ ਨਹੀਂ ਦੱਸ ਸਕਦੀ, ਨੋਟਬੰਦੀ ਤੋਂ ਢਾਈ ਸਾਲ ਪਿੱਛੋਂ ਤੱਕ ਵੀ ਇਸ ਰਾਹੀਂ ਇਕੱਤਰ ਹੋਈ ਬਲੈਕ-ਮਨੀ ਦੀ ਰਕਮ ਨਹੀਂ ਦੱਸ ਸਕੀ ਉੱਥੋਂ ਦੀ ਸਰਕਾਰ ਨੇ ਹਵਾਈ ਸੈਨਾ ਵੱਲੋਂ ਸਰਹੱਦੋਂ ਪਾਰ 17 ਮਿੰਟਾਂ ਦੀ ਕੀਤੀ ਕਾਰਵਾਈ ਦੌਰਾਨ ਮਾਰੇ 350 ਅੱਤਵਾਦੀਆਂ ਦੀ ਗਿਣਤੀ ਅਤੇ ਅਜ਼ਹਰ ਮਸੂਦ ਦੇ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦੀ ਸ਼ਿਨਾਖਤ ਕਿਵੇਂ ਕਰ ਲਈ ? ਵੱਡੀ ਹੈਰਾਨੀ ਇਹ ਹੈ ਕਿ ਇੱਕ ਪਾਸੇ ਤਾਂ ਸਰਹੱਦੋਂ ਪਾਰ ਕੀਤੀ ਵੱਡੀ ਕਾਰਵਾਈ ਦਾ ਢੋਲ ਪਿੱਟ ਕੇ ਗੋਦੀ ਮੀਡੀਆ ਰਾਹੀਂ ਵੋਟਾਂ ਦਾ ਧਰੁਵੀਕਾਰਨ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਇਸ ਕਾਰਵਾਈ ਦੇ ਸਬੂਤ ਮੰਗਣ ਵਾਲੇ ਵਿਰੋਧੀ ਧਿਰ ਦੇ ਆਗੂਆਂ ਦੀ ਦੇਸ਼ ਭਗਤੀ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਸਬੂਤ ਮੰਗ ਕੇ ਇਹ ਦੇਸ਼ ਦੀ ਬਦਨਾਮੀ ਕਰ ਰਹੇ ਹਨ। ਹੈਰਾਨੀ ਹੈ ਕਿ ਜਿਸ ਕਾਰਵਾਈ ਦੇ ਸਬੂਤ ਦੇਣ ਨਾਲ ਦੇਸ਼ ਦੀ ਬਦਨਾਮੀ ਹੁੰਦੀ ਹੈ ਉਸ ਕਾਰਵਾਈ ਦੀ ਪ੍ਰਾਪਤੀ ਦਾ ਢੋਲ ਪਿੱਟਣ ਦੀ ਕੀ ਲੋੜ ਹੈ ? ਕੇਵਲ ਵੋਟਾਂ ਦੇ ਧਰੁਵੀਕਰਨ ਲਈ ?

ਇਹ ਵੀ ਚੇਤੇ ਰੱਖਣਯੋਗ ਹੈ ਕਿ 1984 ’ਚ ਜਿਸ ਤਰ੍ਹਾਂ ਸਰਕਾਰ ਤੇ ਇਸ ਦੇ ਗੋਦੀ ਮੀਡੀਏ ਨੇ ਸਿੱਖਾਂ ਨੂੰ ਦੇਸ਼ ਦੇ ਦੁਸ਼ਮਣ ਤੇ ਪਾਕਿਸਤਾਨ ਪੱਖੀ ਹੋਣਾ, ਪ੍ਰਚਾਰ ਕੇ ਬੇਕਸੂਰ ਸਿੱਖਾਂ ਦਾ ਘਾਣ ਕੀਤਾ, ਠੀਕ ਉਸੇ ਤਰ੍ਹਾਂ ਹੁਣ ਕਸ਼ਮੀਰੀਆਂ ਨੂੰ ਦੇਸ਼ ਵਿਰੋਧੀ ਪ੍ਰਚਾਰਿਆ ਜਾ ਰਿਹਾ ਹੈ। ਅਜਿਹਾ ਝੂਠਾ ਪ੍ਰਚਾਰ ਕਦੀ ਵੀ ਅੱਤਵਾਦ ਦੇ ਖਾਤਮੇ ਲਈ ਸਹਾਇਕ ਨਹੀਂ ਹੋਵੇਗਾ ਸਗੋਂ ਘੱਟ ਗਿਣਤੀਆਂ ਵਿੱਚ ਤੋਖਲਾ ਵਧੇਗਾ ਕਿ ਜਿਸ ਦੇਸ਼ ਵਿੱਚ ਹਰ ਚੋਣਾਂ ਸਮੇਂ ਰਾਮ ਮੰਦਰ ਦੀ ਉਸਾਰੀ ਅਤੇ ਅੱਤਵਾਦ ਦੇ ਨਾਮ ’ਤੇ ਪਾਕਿਸਤਾਨ ਨਾਲ ਜੰਗ ਦਾ ਹਊਆ ਖੜ੍ਹਾ ਕਰਕੇ ਫਿਰਕਾਪ੍ਰਸਤੀ ਨੂੰ ਵਡਾਵਾ ਦੇ ਕੇ ਘੱਟ ਗਿਣਤੀਆਂ ਵਿਰੁੱਧ ਨਫਰਤ ਫੈਲਾ ਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕਰਨ ਦੀ ਨੀਤੀ ਅਪਣਾਈ ਜਾਂਦੀ ਹੋਵੇ, ਗਊ ਮਾਸ ਦੇ ਨਾਮ ’ਤੇ ਦਲਿਤਾਂ ਤੇ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਦੇ ਹਜੂਮੀ ਹਿੰਸਾ ਰਾਹੀਂ ਮਿੰਟਾਂ ਵਿੱਚ ਹੀ ਕਤਲ ਕੀਤੇ ਜਾਣ ਨੂੰ ਜਾਇਜ ਠਹਿਰਾਇਆ ਜਾਂਦਾ ਹੋਵੇ ਉਸ ਦੇਸ਼ ਵਿੱਚ ਭਲਾਂ ਅਮਨ ਸ਼ਾਂਤੀ ਕਿਵੇਂ ਰੱਖੀ ਜਾ ਸਕਦੀ ਹੈ ? ਘੱਟ ਗਿਣਤੀਆਂ ਸੋਚਣ ਲਈ ਮਜਬੂਰ ਹੋਣਗੀਆਂ ਕਿ ਪਲ ਪਲ ਸਹਿਮ ਦੇ ਡਰ ਹੇਠ ਜਿਉਣ ਨਾਲੋਂ ਚੰਗਾ ਹੈ ਕਿ ਲੜ ਮਰ ਜਾਵੋ ਇਸ ਲਈ ਕਦੀ ਵੀ ਅੱਤਵਾਦ ਖਤਮ ਨਹੀਂ ਹੋਵੇਗਾ। ਸਰਕਾਰ ਦੀ ਪ੍ਰਾਪਤੀ ਇਸ ਵਿੱਚ ਨਹੀਂ ਹੈ ਕਿ ਉਸ ਨੇ ਕਿੰਨੇ ਅੱਤਵਾਦੀ ਮਾਰੇ ਹਨ ਸਗੋਂ ਪ੍ਰਾਪਤੀ ਇਸ ਵਿੱਚ ਹੈ ਕਿ ਉਸ ਨੇ ਆਪਣੇ ਫੌਜੀਆਂ ਅਤੇ ਸ਼ਹਿਰੀਆਂ ਦੇ ਘੱਟ ਤੋਂ ਘੱਟ ਜਾਨ ਮਾਲ ਦੇ ਨੁਕਸਾਨ ਨਾਲ ਵੱਧ ਤੋਂ ਵੱਧ ਅਮਨ ਅਮਾਨ ਕਿਸ ਤਰ੍ਹਾਂ ਰੱਖਣਾ ਹੈ। ਇਸ ਪੱਖੋਂ ਮੋਦੀ ਸਰਕਾਰ ਪਿਛਲੀਆਂ ਸਾਰੀਆਂ ਸਾਰਕਾਰਾਂ ਨਾਲੋਂ ਫੇਲ ਸਾਬਤ ਹੋਈ ਹੈ ਕਿਉਂਕਿ ਸਰਕਾਰੀ ਅੰਕੜੇ ਹੀ ਦੱਸ ਰਹੇ ਹਨ ਕਿ ਫੌਜੀ ਤੇ ਅਰਧ ਫੌਜੀ ਸੁਰੱਖਿਆ ਕਰਮਚਾਰੀਆਂ ਤੇ ਆਮ ਨਾਗਰਿਕਾਂ ਦਾ ਜਾਨੀ ਮਾਲੀ ਨੁਕਸਾਨ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਸਮੇਂ ਨਾਲੋਂ ਕਿਤੇ ਵੱਧ ਹੈ। ਆਮ ਕਸ਼ਮੀਰੀ ਲੋਕ ਜਿਸ ਤਰ੍ਹਾਂ ਹੁਣ ਅੱਤਵਾਦੀ ਦੇ ਹੱਕ ਵਿੱਚ ਅਤੇ ਸੁਰੱਖਿਆ ਦਸਤਿਆਂ ਦੇ ਵਿਰੋਧ ਵਿੱਚ ਲਾਮਬੰਦ ਹੋ ਰਹੇ ਹਨ ਪਹਿਲਾਂ ਕਦੀ ਨਹੀਂ ਹੋਏ ਸਨ। ਇਹ ਸਭ ਮੋਦੀ-ਅਮਿਤਸ਼ਾਹ ਜੋੜੀ ਦੀਆਂ ਨੀਤੀਆਂ ਕਾਰਨ ਹੀ ਹੋ ਰਿਹਾ ਹੈ। ਅੱਤਵਾਦ ਘਟਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਸਦਭਾਵਨਾ ਦਾ ਮਹੌਲ ਸਿਰਜ ਕੇ ਕਸ਼ਮੀਰੀਆਂ ਸਮੇਤ ਭਾਰਤ ਵਿੱਚ ਵਸਣ ਵਾਲੀਆਂ ਸਮੁੱਚੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਬਰਾਬਰ ਦੇ ਭਾਈਵਾਲ ਹੋਣ ਦਾ ਮਾਨ ਸਨਮਾਨ ਦਿੱਤਾ ਜਾਵੇ ਜਿਸ ਦੀ ਆਸ ਰੱਖਣੀ ਮੋਦੀ-ਅਮਿਤ ਸ਼ਾਹ ਦੀ ਜੋੜੀ ਤੋਂ ਅਸੰਭਵ ਜਾਪਦੀ ਹੈ।

ਹੁਣ ਤੱਕ ਸੋਸ਼ਿਲ ਮੀਡੀਏ ਰਾਹੀਂ ਮਿਲੀ ਜਾਣਕਾਰੀ ਅਤੇ 3 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਵਿੱਚ ਸ਼੍ਰੀ ਸਵਰਾਜਬੀਰ ਵੱਲੋਂ ‘ਗ਼ੈਰ-ਜਿੰਮੇਵਾਰ ਪ੍ਰਚਾਰ’ ਸਿਰਲੇਖ ਹੇਠ ਲਿਖੀ ਸੰਪਾਦਕੀ, ਸੰਪਾਦਕੀ ਪੰਨੇ ’ਤੇ ਸ਼੍ਰੀ ਰਾਮਚੰਦਰ ਗੁਹਾ ਦਾ ਲੇਖ ‘ਦੇਸ਼ ਭਗਤੀ ਦੇ ਬਦਲਦੇ ਮਾਅਨੇ’ ਅਤੇ ਪੰਨਾ ਨੰ: 4 ਉੱਪਰ ‘ਵਿਚਲੀ ਗੱਲ’ ਨਾਮ ਦੀ ਲੇਖ ਲੜੀ ਹੇਠ ‘ਕੋਠੇ ਚੜ੍ਹ ਕੇ ਵੇਖਿਓ, ਅਸੀਂ ਖੜ੍ਹਾਂਗੇ ਕੰਧ ਬਣ ਕੇ …..’ ਪੜ੍ਹਨ ਉਪ੍ਰੰਤ ਮੇਰੇ ਸ਼ੰਕੇ ਯਕੀਨ ਵਿੱਚ ਬਦਲ ਗਏ ਕਿ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਬੇਰੁਜ਼ਗਾਰੀ, ਬੀਮਾਰੀ ਅਤੇ ਭੁੱਖਮਰੀ ਨਾਲ ਜੂਝ ਰਹੇ ਲੋਕਾਂ ਦੀਆਂ ਅਹਿਮ ਸਮੱਸਿਆਵਾਂ ਵੱਲੋਂ ਵੋਟਰਾਂ ਦਾ ਧਿਆਨ ਹਟਾਉਣ ਲਈ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਅੱਤਵਾਦ ਦੇ ਖਾਤਮੇ ਦੇ ਨਾਮ ’ਤੇ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਬਹੁ ਗਿਣਤੀ ਨੂੰ ਦੇਸ਼ ਭਗਤੀ ਦੇ ਅਖੌਤੀ ਰੰਗ ’ਚ ਰੰਗ ਕੇ ਬਹੁਗਿਣਤੀ ਵੋਟਰਾਂ ਦਾ ਆਪਣੇ ਪੱਖ ਵਿੱਚ ਧਰੁਵੀਕਰਨ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਸੱਤਾ ਪ੍ਰਾਪਤੀ ਦੀ ਹੋੜ ਵਿੱਚ ਦੋਵੇਂ ਗੁਆਂਢੀ ਦੇਸ਼ਾਂ ਦੇ ਵਾਸੀਆਂ ਵਿਚਕਾਰ ਅਤੇ ਆਪਣੇ ਹੀ ਦੇਸ਼ ਦੇ ਮੁਸਲਮਾਨਾਂ ਵਿਰੁੱਧ ਘੋਲੀ ਜਾ ਰਹੀ ਜ਼ਹਿਰ ਤੋਂ ਇਹ ਬਿਲਕੁਲ ਬੇਫਿਕਰ ਹਨ ਜਿਸ ਨਾਲ ਅੱਤਵਾਦ ਘਟੇਗਾ ਨਹੀਂ ਬਲਕਿ ਵਧੇਗਾ। ਪਾਕਿਸਤਾਨ ਤੇ ਹਿੰਦੁਸਤਾਨ ਦੋਵੇਂ ਹੀ ਐਟਮੀ ਹਥਿਆਰਾਂ ਨਾਲ ਲੈਸ ਹਨ ਇਸ ਲਈ ਜੰਗ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨ ਤੋਂ ਕੋਈ ਵੀ ਨਾ-ਵਾਕਫ ਨਹੀਂ ਹੈ। ਫਿਰਕੂ ਸੋਚ ਵਾਲੇ ਆਗੂਆਂ ਦੀਆਂ ਨੀਤੀਆਂ ਕਾਰਨ ਪੰਜਾਬ ਨੇ ਪਹਿਲਾਂ ਹੀ 1947 ਦੀ ਵੰਡ ਦਾ ਸੰਤਾਪ ਭੋਗਿਆ ਹੈ। ਪੰਜਾਬ ਨੂੰ ਆਪਣੇ ਜਾਇਜ ਹੱਕਾਂ ਤੋਂ ਵਾਂਝਾ ਰੱਖ ਕੇ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਕਾਰਨ ਪੰਜਾਬ ਵਿੱਚ ਆਏ ਅੱਤਵਾਦ ਦੇ ਦੌਰ ਦੌਰਾਨ ਭੋਗੇ ਸੰਤਾਪ ਦੀਆਂ ਚੀਸਾਂ ਹੁਣ ਤੱਕ ਸੁਣਾਈ ਦੇ ਰਹੀਆਂ ਹਨ।  ਪਾਕਿ ਨਾਲ ਹਰ ਜੁਧ ਸਮੇਂ ਸਰਹੱਦੀ ਖੇਤਰ ਦੇ ਪਿੰਡਾਂ ਦੇ ਉਜਾੜੇ ਦੇ ਰੂਪ ਵਿੱਚ ਆਪਣੇ ਹੀ ਦੇਸ਼ ਵਿੱਚ ਰਿਫੂਜੀਆਂ ਦੀ ਤਰ੍ਹਾਂ ਅਣਮਿਥੇ ਸਮੇਂ ਲਈ ਟੈਂਟਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਲਈ ਦੇਸ਼ ਤੇ ਖਾਸ ਕਰਕੇ ਪੰਜਾਬ ਜੰਗ ਬਿਲਕੁਲ ਨਹੀਂ ਚਾਹੁੰਦਾ ਸਗੋਂ ਨਾ ਕੋ ਬੈਰੀ, ਨਹੀ ਬਿਗਾਨਾ;   ਸਗਲ ਸੰਗਿ ਹਮ ਕਉ ਬਨਿ ਆਈ ਦੀ ਸਿੱਖਿਆ ’ਤੇ ਅਮਲ ਕਰਦਾ ਹੋਇਆ ਆਪਸੀ ਭਾਈਚਾਰਕ ਸਾਂਝ ਵਧਾ ਕੇ ਅਮਨ ਅਮਾਨ ਨਾਲ ਰਹਿਣਾ ਚਾਹੁੰਦਾ ਹੈ।  ਇਸ ਲਈ ਨਵੇਂ ਜੁੱਧ ਦਾ ਹਰ ਪੰਜਾਬੀ ਵਿਰੋਧ ਕਰਦਾ ਹੈ।

ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ ਕਰ ਕੇ ਜਾਣਿਆ ਜਾਂਦਾ ਹੈ ਜਿਸ ਨੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦੇ ਹੱਲ ਲਈ ਦਬਾਅ ਪਾਉਣਾ ਹੁੰਦਾ ਹੈ ਪਰ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਜਿਸ ਤਰ੍ਹਾਂ ਸਰਕਾਰ ਦੇ ਪ੍ਰਚਾਰਕ ਵਿੰਗ ਦੀ ਤਰ੍ਹਾਂ ਰੋਲ ਨਿਭਾ ਰਿਹਾ ਹੈ ਇਹ ਹੋਰ ਵੀ ਦੁੱਖਦਾਇਕ ਹੈ, ਪਰ ਸੁੱਖ ਦਾ ਸਾਹ ਆਇਆ ਜਦੋਂ 3 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਨੇ ਸਿੱਧ ਕਰ ਦਿੱਤਾ ਕਿ ਸਾਰੇ ਦਾ ਸਾਰਾ ਗੋਦੀ ਮੀਡੀਆ ਨਹੀਂ ਬਲਕਿ ਲੋਕਾਂ ਦੇ ਮਨਾਂ ਦੀ ਤਰਜਮਾਨੀ ਕਰਨ ਲਈ ਸੱਚੀ ਸੁੱਚੀ ਤੇ ਨਿਰਪੱਖ ਪੱਤਰਕਾਰੀ ਕਰਨ ਵਾਲੇ ਲੇਖਕ ਅਤੇ ਉਨ੍ਹਾਂ ਨੂੰ ਢੁਕਵੀਂ ਜਗ੍ਹਾ ਦੇਣ ਵਾਲੇ ਮੀਡੀਏ ਦੀ ਹੋਂਦ ਪ੍ਰਗਟਾਉਣ ਲਈ ਕੁਝ ਅੰਸ਼ ਹਾਲੀ ਬਾਕੀ ਬਚੇ ਹਨ: ਦਾਵਾ ਅਗਨਿ, ਬਹੁਤੁ ਤ੍ਰਿਣ ਜਾਲੇ;   ਕੋਈ ਹਰਿਆ ਬੂਟੁ, ਰਹਿਓ ਰੀ! ਤਿੰਨੇ ਲੇਖਾਂ ਦਾ ਇੱਕ ਇੱਕ ਸ਼ਬਦ ਆਪਣੀ ਵਿਆਖਿਆ ਆਪ ਕਰਦੇ ਮਹਿਸੂਸ ਹੋ ਰਹੇ ਹਨ; ਇਨ੍ਹਾਂ ਦੀ ਹੋਰ ਵਿਆਖਿਆ ਕਰਨ ਦੀ ਲੋੜ ਨਹੀਂ ਰਹੀ ਇਸ ਲਈ ਪੰਜਾਬੀ ਟ੍ਰਿਬਿਊਨ ਵਧਾਈ ਦਾ ਹੱਕਦਾਰ ਹੈ ਸੋ ਮੇਰੇ ਵੱਲੋਂ ਅਦਾਰਾ ਪੰਜਾਬੀ ਟ੍ਰਿਬਿਊਨ ਅਤੇ ਲੇਖਕਾਂ ਨੂੰ ਵਧਾਈਆਂ।