‘ਨਾਹਿ’ ਸ਼ਬਦ ਦਾ ਉਚਾਰਨ ਅਤੇ ਵਿਆਕਰਣਿਕ ਜਾਣਕਾਰੀ

0
391

‘ਨਾਹਿ’ ਸ਼ਬਦ ਦਾ ਉਚਾਰਨ ਅਤੇ ਵਿਆਕਰਣਿਕ ਜਾਣਕਾਰੀ

ਗਰਬਾਣੀ-ਪਾਠ ਕਰਦੇ ਸਮੇਂ ਅਸੀਂ ਇਹ ਮਾਪਦੰਡ ਲੈ ਕੇ ਚਲਦੇ ਹਾਂ ਕਿ ਕਿਸੇ ਸ਼ਬਦ ਨੂੰ ਅੰਤ ਲਗਿਆ ਔਂਕੜ ਪੁਲਿੰਗ ਨਾਂਵ ਇਕ ਵਚਨ ਦਾ ਸੂਚਕ ਹੁੰਦਾ ਹੈ, ਉਸ ਨੂੰ ਉਚਾਰਣ ਦਾ ਭਾਗ ਨਹੀਂ ਬਣਾਇਆ ਜਾਂਦਾ। ਕਾਰਕੀ-ਰੂਪ ਅਤੇ ਮੂਲ ਸਵਰੂਪ ਨੂੰ ਪ੍ਰਗਟ ਕਰਦੀ ਸਿਹਾਰੀ ਵੀ ਉਚਾਰਣ ਦਾ ਭਾਗ ਨਹੀਂ ਬਣਦੀ। ਕਿਤੇ-ਕਿਤੇ ਕਾਵਿਕ ਸੁਹਜ ਲਈ ਮੂਲਕ ਸਿਹਾਰੀ ਨੂੰ ਵੀ ਉਚਾਰਣ ਦਾ ਭਾਗ ਬਣਾ ਲਿਆ ਜਾਂਦਾ ਹੈ। ਅਸਾਂ ਜਿਸ ਸ਼ਬਦ ਦੇ ਉਚਾਰਣ ਸੰਬੰਧੀ ਵੀਚਾਰ ਕਰਨੀ ਹੈ, ਆਮ ਕਰਕੇ ਦੇਖੀਦਾ ਹੈ ਕਿ ਉਕਤ ਸ਼ਬਦਾਂ ਦਾ ਉਚਾਰਣ ਦਰੁਸਤ ਰੂਪ ਵਿੱਚ ਨਹੀਂ ਕੀਤਾ ਜਾਂਦਾ। ਵੀਚਾਰ ਅਧੀਨ ਸ਼ਬਦ ਹਨ ‘ਨਾਹੁ, ਨਾਹਿ ਤੇ ਨਾਹ’।

ਪਹਿਲਾਂ ਅਸੀਂ ‘ਨਾਹੁ’ ਅਤੇ ‘ਨਾਹ’ ਸ਼ਬਦ ਲਵਾਂਗੇ।

ਭਾਗ-1 ‘ਨਾਹੁ’

ਸ਼ਬਦ ‘ਨਾਹੁ’ ਸਮੱਗਰ ਗੁਰਬਾਣੀ ਦੀ ਲਿਖ਼ਤ ਵਿੱਚ 7 ਵਾਰ ਦਰਜ ਹੈ, ਜਿਸ ਦੇ ਪ੍ਰਮਾਣ ਇਸ ਤਰ੍ਹਾਂ ਮਿਲਦੇ ਹਨ:

‘‘ਆਸਾੜੁ ਤਪੰਦਾ ਤਿਸੁ ਲਗੈ, ਹਰਿ ‘ਨਾਹੁ’ ਨ ਜਿੰਨਾ ਪਾਸਿ ॥’’ (ਪੰ:੧੩੪)

‘‘ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ‘ਨਾਹੁ’ ॥’’ (ਪੰ:੧੩੫)

‘‘ਜਾ ਕੈ ਗ੍ਰਿਹਿ ਹਰਿ ‘ਨਾਹੁ’, ਸੁ ਸਦ ਹੀ ਰਾਵਏ ॥’’ (ਪੰ:੪੫੭)

‘‘ਨਵਲ ਨਵਤਨ ‘ਨਾਹੁ’ ਬਾਲਾ, ਕਵਨ ਰਸਨਾ ਗੁਨ ਭਣਾ ॥’’ (ਪੰ:੮੪੭)

‘‘ਹਰਿ ਜੀਉ ‘ਨਾਹੁ’ ਮਿਲਿਆ, ਮਉਲਿਆ ਮਨੁ ਤਨੁ ਸਾਸੁ ਜੀਉ ॥’’ (ਪੰ:੯੨੭)

‘‘ਘਰਿ ‘ਨਾਹੁ’ ਨਿਹਚਲੁ, ਅਨਦੁ ਸਖੀਏ! ਚਰਨ ਕਮਲ ਪ੍ਰਫੁਲਿਆ ॥’’ (ਪੰ:੯੨੭)

‘‘ਨਾਨਕ ! ‘ਨਾਹੁ’ ਨ ਵੀਛੁੜੈ ਤਿਨ, ਸਚੈ ਰਤੜੀਆਹ ॥’’ (ਪੰ:੧੦੧੫)

ਉਪਰੋਕਤ ਪੰਗਤੀਆਂ ਵਿੱਚ ਦਰਜ ਸ਼ਬਦ ‘ਨਾਹੁ’ ਦਾ ਜੋੜ ਪ੍ਰਾਕ੍ਰਿਤ ‘ਨਾਥੁ’ ਤੋਂ ਤਦਭਵ ਰੂਪ ਬਣਿਆ ਹੈ। ਉਕਤ ਸ਼ਬਦ ਦਾ ਤੱਤਸਮ ਰੂਪ ਸੰਸਕ੍ਰਿਤ ਵਿੱਚ ‘ਨਾਥ’ ਕਰਕੇ ਭੀ ਦੇਖੀਦਾ ਹੈ। ਇਸ ਸ਼ਬਦ ਦਾ ਆਮ ਕਰਕੇ ਉਚਾਰਣ ‘ਨਾਂਹ’ ਸੁਣਦੇ ਹਾਂ, ਜੋ ਕਿ ਉਚਾਰਣ ਅਸ਼ੁੱਧ ਹੈ ਕਿਉਂਕਿ ‘ਨਾਂਹ’ ਸ਼ਬਦ ਨਿਖੇਧ-ਬੋਧਕ ਵਜ਼ੋਂ ਜਾਣਿਆ ਜਾਂਦਾ ਹੈ। ਸੰਬੰਧਤ ਸ਼ਬਦ ਦਾ ਸ਼ੁੱਧ ਉਚਾਰਣ ‘ਨਾਹ’ ਹੈ, ਅੰਤ ਲਗਿਆ ਔਂਕੜ ਪੁਲਿੰਗ ਨਾਂਵ ਇਕ ਵਚਨ ਦੇ ਸੂਚਕ ਵਜੋਂ ਹੋਣ ਕਾਰਨ ਉਚਾਰਣ ਦਾ ਭਾਗ ਨਹੀਂ ਬਣੇਗਾ।

‘ਨਾਹੁ’ ਸ਼ਬਦ ਦਾ ਪਹਿਲਾ ਅੱਖਰ ‘ਨ’ ਭਾਵੇਂ ਕਿ ਅਨੁਨਾਸ਼ਕੀ ਹੈ ਭਾਵ ਮਾਮੂਲੀ ਜਿਹੀ ਆਵਾਜ਼ ਨਾਸਕਾ ਵਿੱਚੋਂ ਆਏਗੀ ਪਰ ਇਸ ਉੱਪਰ ਬਿੰਦੀ ਦਾ ਪ੍ਰਯੋਗ ਕਰਕੇ ‘ਨਾਸਕੀ’ ਬਨਾੳਣਾ, ਠੀਕ ਨਹੀਂ ਹੈ। ਗੁਰਬਾਣੀ ’ਚ ਇਸ ਸ਼ਬਦ ਦੇ ਪ੍ਰਸੰਗਕ ਅਰਥ ‘ਨਾਥ, ਖਸਮ, ਮਾਲਕ, ਪ੍ਰਭੂ’ ਆਦਿ ਬਣਦੇ ਹਨ।

ਭਾਗ-2 ‘ਨਾਹ’

ਉਪਰੋਕਤ ਸ਼ਬਦ ਸਮੱਗਰ ਗੁਰਬਾਣੀ ਦੀ ਲਿਖ਼ਤ ਵਿੱਚ 25 ਵਾਰ ਦਰਜ ਹੈ, ਜਿਸ ਦਾ ਅਰਥ ਅਤੇ ਉਚਾਰਣ ‘ਨਾਹੁ’ ਸ਼ਬਦ ਵਾਲਾ ਹੀ ਹੈ। ਅੰਤ ਮੁਕਤਾ ਹੋਣ ਦਾ ਕਾਰਨ ਕਿਤੇ ਬਹੁ ਵਚਨ, ਕਿਤੇ ਇਸ ਸ਼ਬਦ ਵਿੱਚੋਂ ਸੰਬੰਧਕ ਸ਼ਬਦ ਨਿਕਲਣਾ ਅਤੇ ਕਿਤੇ ਸੰਬੋਧਨ-ਵਾਚੀ ਹੋਣਾ ਹੀ ਹੈ:

‘‘ਨਾਹ ਬਿਨੁ ਘਰ ਵਾਸੁ ਨਾਹੀ, ਪੁਛਹੁ ਸਖੀ ਸਹੇਲੀਆ ॥’’ (ਪੰ:੨੪੨)

‘‘ਸੁਣਿ ਨਾਹ ਪ੍ਰਭੂ ਜੀਉ ! ਏਕਲੜੀ ਬਨ ਮਾਹੇ ॥’’ (ਪੰ:੨੪੩)

‘‘ਨਾਨਕ ਕਾਮਣਿ ਨਾਹ (ਦੀ) ਪਿਆਰੀ, ਰਾਮ ਨਾਮੁ ਗਲਿ ਹਾਰੋ ॥’’ (ਪੰ:੨੪੪)

ਪਹਿਲੀ ਪੰਗਤੀ ਅੰਦਰ ‘ਨਾਹ’ ਦਾ ਅੰਤ ਮੁਕਤਾ, ਇਸ ਨਾਲ ਸੰਬੰਧਕ ਸ਼ਬਦ ‘ਬਿਨੁ’ ਦਾ ਹੋਣਾ ਹੈ, ਦੂਜੀ ਪੰਗਤੀ ’ਚ ਸੰਬੰਧਤ ਸ਼ਬਦ ਸੰਬੋਧਨ-ਵਾਚੀ ਹੋਣ ਕਾਰਨ ਅੰਤ ਮੁਕਤਾ ਹੈ ਅਤੇ ਤੀਜੀ ਪੰਗਤੀ ਵਿੱਚ ਉਕਤ ਸ਼ਬਦ ਸੰਬੰਧ ਕਾਰਕ (ਲੁਪਤ ‘ਦੀ’) ਕਰਕੇ ਅੰਤ ਮੁਕਤਾ ਹੈ।

ਭਾਗ-3 ‘ਨਾਹਿ’

ਇਹ ਸ਼ਬਦ ਗੁਰਬਾਣੀ ਦੀ ਲਿਖ਼ਤ ਵਿੱਚ 185 ਵਾਰ ਦਰਜ ਹੈ। ਅਸਲ ਵਿੱਚ ਸੰਸਕ੍ਰਿਤ ਤੋਂ ‘ਨਾਹੀ’ ਸ਼ਬਦ ਦਾ ਤਦਭਵ ਜੋੜ‘ਨਾਹਿ’ ਬਣਿਆ ਹੋਇਆ ਹੈ। ਉਕਤ ਸ਼ਬਦ ਦਾ ਤੱਤਸਮ ਰੂਪ ‘ਨਾਹੀ’ ਵੀ ਗੁਰਬਾਣੀ ’ਚ ਮਿਲਦਾ ਹੈ।

ਗੁਰਬਾਣੀ ਵਿਆਕਰਣ ਅਨੁਸਾਰ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਵਜ਼ੋਂ ਦਰਜ ਹੈ। ਉਪਰੋਕਤ ਸ਼ਬਦ ਦੇ ਅੰਤ ਲੱਗੀ ਸਿਹਾਰੀ ਜਿੱਥੇ ਮੂਲਕ-ਪਹਿਚਾਣ ਪ੍ਰਗਟ ਕਰਦੀ ਹੈ ਉੱਥੇ ਉਚਾਰਨ ਦਾ ਅਨਿਖੜਵਾਂ ਭਾਗ ਵੀ ਹੈ। ਕਈ ਸੱਜਣ ਇਸ ਸ਼ਬਦ ਦੀ ਅੰਤਲੀ ਸਿਹਾਰੀ ਉਚਾਰਣ ਨਹੀਂ ਕਰਦੇ, ਪਰ ਇਹ ਨਾ-ਵਾਕਫੀ ਹੀ ਹੈ ਕਿਉਕਿ ਸੰਬੰਧਤ ਸ਼ਬਦ ਦੀ ਸਿਹਾਰੀ, ਉਚਾਰਨ ਦਾ ਭਾਗ ਨਾ ਬਣਾਇਆਂ ਜਿੱਥੇ ਮੂਲ ਸਰੂਪ ਬਿਗੜਦਾ ਹੈ ਉੱਥੇ ਕਾਵਿਕ ਸੁਹਜ ਭੀ ਨਹੀਂ ਰਹਿੰਦਾ।

ਸੋ, ਉਕਤ ਲਫਜ਼ ਦਾ ਸ਼ੁੱਧ ਉਚਾਰਨ ‘ਨਾਹਿਂ’ ਵਾਂਗ ਕਰਨਾ ਚਾਹੀਦਾ ਹੈ :

‘‘ਨਾਨਕ! ਜੋ ਤਿਸੁ ਭਾਵੈ ਸੋ ਥੀਐ, ਇਨਾ ਜੰਤਾ ਵਸਿ ਕਿਛੁ ‘ਨਾਹਿ’ ॥’’ (ਪੰ: ੫੫)

‘‘ਸਿਵ ਪੁਰੀ, ਬ੍ਰਹਮ ਇੰਦ੍ਰ ਪੁਰੀ, ਨਿਹਚਲੁ ਕੋ ਥਾਉ ‘ਨਾਹਿ’ ॥’’ (ਪੰ:੨੧੪)

‘‘ਨਾਨਕ! ਗੁਰ ਬਿਨੁ ‘ਨਾਹਿ’ ਪਤਿ, ਪਤਿ ਵਿਣੁ ਪਾਰਿ ਨ ਪਾਇ ॥’’ (ਪੰ:੧੩੮)

‘ਨਾਹਿ’ -ਨਿਰਣਾ-ਵਾਚੀ ਕਿਰਿਆ ਵਿਸ਼ੇਸ਼ਣ ਭਾਵ ‘ਨਹੀਂ’। ਉਚਾਰਨ -ਨਾਹਿਂ।

ਭੁੱਲ-ਚੁਕ ਦੀ ਖਿਮਾ