ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਅਤੇ ਇਸ ਦੇ ਰਾਜਨੀਤੀ ’ਤੇ ਪ੍ਰਭਾਵ

0
392

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਅਤੇ ਇਸ ਦੇ ਰਾਜਨੀਤੀ ’ਤੇ ਪ੍ਰਭਾਵ

ਕਿਰਪਾਲ ਸਿੰਘ ਬਠਿੰਡਾ 88378-13661

ਲੋਕਤੰਤਰ ਤੇ ਸੰਵਿਧਾਨ ਦੇ ਹਵਾਲੇ ਨਾਲ ਆਪਣੇ ਲਈ ਹੱਕ ਮੰਗਣ ਵਾਲੇ ਜਦੋਂ ਖ਼ੁਦ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੇ ਹੋਣ ਤਾਂ ਬੜਾ ਹੀ ਅਜ਼ੀਬ ਲਗਦਾ ਹੈ। ਸਾਡੇ ਦੇਸ਼ ’ਚ ਐਸੇ ਲੋਕਾਂ ਦੀ ਕਮੀ ਨਹੀਂ ਜਿਹੜੇ ਆਪਣੇ ਫਰਜ ਪੂਰੇ ਕਰਨ ਦੀ ਥਾਂ ਕੇਵਲ ਆਪਣੇ ਲੋਕਤੰਤਰਕ ਅਤੇ ਸੰਵਿਧਾਨਕ ਹੱਕਾਂ ਦੀ ਗੱਲ ਬੜੀ ਉੱਚੀ ਆਵਾਜ਼ ’ਚ ਉਠਾਉਂਦੇ ਹੋਣ ਪਰ ਦੂਸਰਿਆਂ ਨੂੰ ਇਹੀ ਹੱਕ ਦੇਣ ਤੋਂ ਜ਼ਾਹਰਾ ਤੌਰ ’ਤੇ ਇਨਕਾਰੀ ਹੋਣ। ਭਾਜਪਾ ਵਾਲੇ ਇਸ ਕੰਮ ’ਚ ਸਭ ਤੋਂ ਮੋਹਰੀ ਹਨ। ਗੱਲ 5 ਜਨਵਰੀ 2022 ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਵਿਸ਼ਾਲ ਭਾਜਪਾ ਰੈਲੀ ਲਈ ਪਹੁੰਚ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰਸਤੇ ’ਚੋਂ ਮੁੜਨ ਲਈ ਮਜ਼ਬੂਰ ਹੋਣ ’ਤੇ ਉੱਠੇ ਸਿਆਸੀ ਬਵਾਲ ਤੋਂ ਸ਼ੁਰੂ ਕਰਦੇ ਹਾਂ।

ਭਾਜਪਾ ਨੂੰ ਬਹੁਤ ਵੱਡੀ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਮਦਦ ਨਾਲ 5 ਜਨਵਰੀ ਨੂੰ ਭਾਜਪਾ ਵੱਲੋਂ ਕੀਤੀ ਜਾਣ ਵਾਲੀ ਰੈਲੀ ਇਤਿਹਾਸਕ ਹੋਵੇਗੀ ਜਿਸ ਵਿੱਚ 5 ਲੱਖ ਲੋਕ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜਰੀ ’ਚ ਦੂਸਰੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ (ਬਾਦਲ) ’ਚੋਂ ਵੱਡੀ ਗਿਣਤੀ ਕੱਦਾਵਰ ਆਗੂਆਂ ਦੀ ਭਾਜਪਾ ਵਿੱਚ ਸ਼ਾਮੂਲੀਅਤ ਨਾਲ ਪੰਜਾਬ ’ਚ ਭਾਜਪਾ ਦੀ ਚੋਣ ਨੂੰ ਵੱਡਾ ਹੁਲਾਰਾ ਮਿਲੇਗਾ ਪਰ ਰੈਲੀ ’ਚ ਕੁਝ ਸੈਂਕੜਿਆਂ ਦੀ ਗਿਣਤੀ ’ਚ ਲੋਕ ਪਹੁੰਚੇ। ਕੇਂਦਰੀ ਅਤੇ ਸੂਬਾ ਸੁਰੱਖਿਆ ਏਜੰਸੀਆਂ ’ਚ ਆਪਸੀ ਤਾਲਮੇਲ ਦੀ ਰਹੀ ਘਾਟ ਸਦਕਾ ਸੁਰੱਖਿਆ ’ਚ ਰਹੀ ਤਰੁੱਟੀ ਕਾਰਨ ਪ੍ਰਧਾਨ ਮੰਤਰੀ ਦੇ ਰਸਤੇ ’ਚੋਂ ਵਾਪਸ ਮੁੜ ਜਾਣ ’ਤੇ ਰੈਲੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ। ਭਾਜਪਾ ਖਾਸ ਕਰਕੇ ਸ਼੍ਰੀ ਮੋਦੀ ’ਚ ਇਹ ਕਲਾ ਹੈ ਕਿ ਉਹ ਕਿਸੇ ਵੀ ਘਟਨਾ ਨੂੰ ਐਸਾ ਨਾਟਕੀ ਰੂਪ ਦਿੰਦੇ ਹਨ ਕਿ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਕੇ ਆਪਣੀ ਹਾਰੀ ਹੋਈ ਬਾਜ਼ੀ ਨੂੰ ਜਿੱਤ ਵਿਖਾਉਣ ’ਚ ਸਫਲ ਹੋ ਜਾਂਦੇ ਹਨ। ਜਿਵੇਂ ਕਿ ਸੁਰੱਖਿਆ ਸਿਸਟਮ ’ਚ ਕਮੀਆਂ ਕਾਰਨ 2019 ’ਚ ਹੋਇਆ ਦੁਖਦਾਈ ਪੁਲਵਾਮਾ ਹਮਲਾ ਜਿਸ ’ਚ 40 ਭਾਰਤੀ ਜੁਆਨ ਆਪਣੀਆਂ ਜਾਨਾਂ ਗੁਆ ਬੈਠੇ ਸਨ, ਆਪਣੀ ਇਹ ਨਾਕਾਮੀ ਕਬੂਲਣ ਦੀ ਥਾਂ ਸ਼ਹੀਦਾਂ ਦੀਆਂ ਤਸ਼ਵੀਰਾਂ ਆਪਣੀਆਂ ਚੋਣ ਰੈਲੀਆਂ ’ਚ ਪ੍ਰਕਾਸ਼ਿਤ ਕਰ ਹਮਦਰਦੀ ਲਹਿਰ ਬਣਾ ਚੋਣਾਂ ਜਿੱਤੀਆਂ। ਚੋਣਾਂ ਵਿੱਚ ਕਿਸ ਗੱਲ ਨੂੰ ਮੁੱਦਾ ਬਣਾਉਣਾ ਹੈ ਇਸ ਦਾ ਆਗਾਜ਼ ਖ਼ੁਦ ਪ੍ਰਧਾਨ ਮੰਤਰੀ ਕਰਦੇ ਹਨ। ਫਿਰੋਜ਼ਪੁਰ ਜਿਲ੍ਹੇ ਦੇ ਪਿਆਰੇਆਨਾ ਪਿੰਡ ਦੇ ਨਜ਼ਦੀਕ ਕੌਮੀ ਸ਼ਾਹ ਰਾਹ ’ਤੇ ਓਵਰਫਲਾਈ ’ਤੇ ਘਿਰ ਜਾਣ ਕਾਰਨ 15-20 ਮਿੰਟਾਂ ਦੀ ਉਡੀਕ ਪਿੱਛੋਂ ਵਾਪਸ ਬਠਿੰਡਾ ਹਵਾਈ ਅੱਡੇ ’ਤੇ ਆ ਕੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ “ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦੇਣਾ ਕਿ ਮੈਂ ਜਿੰਦਾ ਵਾਪਸ ਮੁੜ ਆਇਆ ਹਾਂ।” ਐਸਾ ਬਿਆਨ ਦੇਣ ਪਿਛੇ ਭਾਵਨਾ ਸੀ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਮਾੜੀ ਸਥਿਤੀ ਅਤੇ ਕਾਂਗਰਸ ਸਰਕਾਰ ਦੀ ਅਸਫਲਤਾ ਅਤੇ ਸਾਜਸ਼ ਸਿੱਧ ਕਰਕੇ ਸਾਰੇ ਦੇਸ਼ ’ਚ ਪੰਜਾਬ ਅਤੇ ਕਾਂਗਰਸ ਵਿਰੁੱਧ ਮਹੌਲ ਪੈਦਾ ਕਰ ਬਾਕੀ ਦੇ ਸੂਬਿਆਂ ਦੀਆਂ ਚੋਣਾਂ ’ਚ ਲਾਭ ਲੈ ਸਕਣ। ਮੋਦੀ ਦੇ ਇਸ ਬਿਆਨ ਪਿੱਛੋਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਟਵੀਟ ਕਰ ਅਤੇ ਦੋ ਕੇਂਦਰੀ ਮੰਤਰੀਆਂ ਬੀਬੀ ਸਿਮ੍ਰਿਤੀ ਇਰਾਨੀ ਅਤੇ ਬੀਬੀ ਮੀਨਾਖ਼ਸ਼ੀ ਲੇਖੀ ਨੇ ਪ੍ਰੈੱਸ ਕਾਨਫਰੰਸਾਂ ਰਾਹੀਂ ਇਸ ਤਰ੍ਹਾਂ ਦੀਆਂ ਖ਼ਬਰਾਂ ਫੈਲਾਈਆਂ ਜਿਸ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਹਾਂ ਨਲਾਇਕੀ ਅਤੇ ਪੰਜਾਬ ਦੇ ਲੋਕ ਅਪਰਾਧੀ ਹੋਣ ਦਾ ਦੋਸ਼ ਮੜ੍ਹ ਕੇ, ਮੁੜ 1984 ਵਾਪਰਨ ਦੀ ਪੇਸ਼ੀਨਗੋਈ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਤੁਰੰਤ ਕੇਂਦਰੀ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕੀਤੀ ਤੇ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਮੰਤਰੀ ਮੰਡਲ ਦੇ ਫੈਸਲੇ ਦੀ ਪ੍ਰੈੱਸ ਨੂੰ ਜਾਣਕਾਰੀ ਦੇਣ ਲਈ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਸਖਤ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਅਤੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਵਿਸਥਾਰਤ ਜਾਣਕਾਰੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਹੀ ਦਿਨ ਰਾਸ਼ਟਰਪਤੀ ਦੀ ਮੰਗ ਕਰ ਦਿੱਤੀ। ਮੋਦੀ ਸਰਕਾਰ ਅਤੇ ਭਾਜਪਾ ਵੱਲੋਂ ਜਿਸ ਤੇਜੀ ਅਤੇ ਗੰਭੀਰਤਾ ਨਾਲ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਇਸ ਨਾਲ ਸ਼ੱਕ ਪੈਦਾ ਹੁੰਦਾ ਸੀ ਕਿ ਸ਼ਾਇਦ ਪੰਜਾਬ ਭਾਜਪਾ ਕਾਨੂੰਨ ਵਿਵਸਥਾ ਦਾ ਬਹਾਨਾ ਬਣਾ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰੇਗੀ।

ਪੰਜਾਬ ਦੇ ਲੋਕਾਂ ਨੇ ਭਾਜਪਾ ਦੇ ਅਜੇਹੇ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਆਵਾਜ਼ ਬੁਲੰਦ ਕੀਤੀ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ’ਚ ਸਭ ਤੋਂ ਵੱਧ ਹਿੱਸਾ ਪਾਇਆ ਪਰ ਮਿਲੀ ਅਜ਼ਾਦੀ ਦੀ ਬਦੌਲਤ ਦੇਸ਼ ਦੀ ਵੰਡ ਕਾਰਨ ਸਭ ਤੋਂ ਵੱਧ ਜਾਨੀ, ਮਾਲੀ ਅਤੇ ਅੱਧਾ ਪੰਜਾਬ ਗੁਆ ਕੇ ਕੀਮਤ ਪੰਜਾਬ ਨੂੰ ਤਾਰਨੀ ਪਈ। ਅਜ਼ਾਦੀ ਉਪਰੰਤ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਾਉਣ ਸਮੇਂ ਪੰਜਾਬ ਨਾਲ ਫਿਰ ਧੱਕਾ ਹੋਇਆ ਫ਼ਲਸਰੂਪ ਬਾਕੀ ਦੇ ਪੰਜਾਬ ਦਾ ਪੰਜਾਬੀ ਬੋਲਦਾ ਵੱਡਾ ਹਿੱਸਾ, ਸੂਬੇ ਦੀ ਰਾਜਧਾਨੀ ਅਤੇ ਕੁਦਰਤੀ ਪਾਣੀਆਂ ਦੇ ਵਸੀਲੇ ਪੰਜਾਬ ਤੋਂ ਖੋਹੇ ਗਏ। ਸੰਨ 1982 ’ਚ ਆਪਣੇ ਹੱਕ ਮੰਗੇ ਤਾਂ 1984 ਦਾ ਘੱਲੂਘਾਰ ਵਰਤਾ ਦਿੱਤਾ।  ਸਰਹੱਦੀ ਸੂਬਾ ਹੋਣ ਕਾਰਨ ਪਾਕਿਸਤਾਨ ਨਾਲ ਲੱਗੇ ਯੁੱਧਾਂ ਦੌਰਾਨ ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਪੰਜਾਬ ਸਹਿੰਦਾ ਰਿਹਾ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਨੇ ਓਨੇ ਤਿਰੰਗੇ ਝੰਡੇ ਆਪਣੇ ਦਫ਼ਤਰਾਂ ’ਤੇ ਨਹੀਂ ਝੁਲਾਏ ਜਿਸ ਤੋਂ ਵੱਧ ਤਿਰੰਗਿਆਂ ’ਚ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਲਿਪਟ ਕੇ ਆ ਰਹੀਆਂ ਹਨ। ਕੇਂਦਰ ਸਰਕਾਰ ਨੇ 2020 ’ਚ ਕਿਸਾਨ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਬਣਾਏ ਤਾਂ ਰੱਦ ਕਰਵਾਉਣ ਲਈ ਵਿੱਢੇ ਦੇਸ਼ ਵਿਆਪੀ ਅੰਦੋਲਨ ’ਚ ਸਭ ਤੋਂ ਮੋਹਰੀ ਰੋਲ ਅਤੇ ਵੱਧ ਯੋਗਦਾਨ ਪੰਜਾਬ ਦਾ ਰਿਹਾ ਜਿਸ ਦੀ ਸਜਾ ਸਾਨੂੰ ਮੁੜ 1984 ਵਰਤਾਉਣ ਦੀਆਂ ਧਮਕੀਆਂ ਦੇ ਰੂਪ ’ਚ ਦਿੱਤੀ ਜਾ ਰਹੀ ਹੈ; ਤਾਂ ਸਾਨੂੰ ਚੁਣੌਤੀ ਪ੍ਰਵਾਨ ਹੈ। ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਗਵੰਤ ਮਾਨ ਅਤੇ ਸੁਨੀਲ ਜਾਖੜ ਸਮੇਤ ਜਿਨ੍ਹਾਂ ਜਿਨ੍ਹਾਂ ਪੰਜਾਬ ਦੇ ਆਗੂਆਂ ਨੇ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ’ਚ ਭਾਜਪਾ ਦਾ ਪੱਖ ਪੂਰਿਆ, ਉਨ੍ਹਾਂ ਸਭਨਾ ਦੀ ਭਾਰੀ ਅਲੋਚਨਾ ਹੋਈ ਕਿ ਇਹ ਆਗੂ ਪੰਜਾਬ ਦਾ ਪੱਖ ਪੂਰਨ ਦੀ ਥਾਂ ਸਿਆਸੀ ਵਿਰੋਧੀਆਂ ਦੇ ਤੌਰ ’ਤੇ ਬਿਆਨ ਦਾਗ਼ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਗ੍ਰਹਿ ਮੰਤਰੀ ਵੱਲੋਂ ਸਖਤ ਸਟੈਂਡ ਲਏ ਜਾਣ ਕਾਰਨ ਉਨ੍ਹਾਂ ਪ੍ਰਤੀ ਹਮਦਰਦੀ ਦੀ ਲਹਿਰ ਬਣੀ ਜੋ ਸਿਆਸੀ ਸਮੀਕਰਨ ਬਦਲ ਸਕਦੀ ਹੈ। ਪੰਜਾਬੀ ਭਾਈਚਾਰੇ ਵੱਲੋਂ ਜਿਸ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਸਨ ਉਸ ਤੋਂ ਭਾਜਪਾ ਸਮਝ ਗਈ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਨਾਲ ਭਾਜਪਾ ਪ੍ਰਤੀ ਗੁੱਸਾ ਅਤੇ ਕਾਂਗਰਸ ਨੂੰ ਪੰਜਾਬ ’ਚ ਹਮਦਰਦੀ ਮਿਲ ਸਕਦੀ ਹੈ ਇਸ ਲਈ ਭਾਜਪਾ ਵਫ਼ਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਕੇਵਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਦੀ ਬਰਖਾਸਤਗੀ ਦੀ ਮੰਗ ਹੀ ਕੀਤੀ, ਉਹ ਵੀ ਬੇਮਾਅਨੇ ਰਹੀ ਕਿਉਂਕਿ ਛੇਤੀ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ। ਕਾਂਗਰਸ ਸਰਕਾਰ ’ਤੇ ਦੋਸ਼ ਲਾਉਂਦਿਆਂ ਭਾਜਪਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ 42,750 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸੀ ਪਰ ਕਾਂਗਰਸ ਵਿਕਾਸ ਵਿਰੋਧੀ ਹੋਣ ਕਰਕੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਦੇਣ ’ਚ ਅਸਫਲ ਰਹਿਣ ਕਾਰਨ ਵਾਪਸ ਮੁੜਨਾ ਪਿਆ ਜਿਸ ਨਾਲ ਪੰਜਾਬ ਦਾ ਨੁਕਸਾਨ ਹੋਇਆ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਤਰੁਟੀ ਲਈ ਜਿੰਮੇਵਾਰ ਕੌਣ ਹੈ; ਇਸ ਦੀ ਜਾਂਚ ਦਾ ਕੰਮ ਤਾਂ ਸਰਬਉੱਚ ਅਦਾਲਤ ਨੇ ਆਪਣੇ ਹੱਥ ਲੈ ਲਿਆ ਹੈ ਇਸ ਲਈ ਆਪਣੇ ਵੱਲੋਂ ਕੋਈ ਟਿੱਪਣੀ ਕਰਨ ਨਾਲੋਂ ਸਾਨੂੰ ਅਦਾਲਤ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਲੋਕ ਇਸ ਕਾਂਡ ਨੂੰ ਮੋਦੀ ਦੀ ਡਰਾਮੇਬਾਜ਼ੀ ਕਿਉਂ ਦੱਸ ਰਹੇ ਹਨ ਇਸ ਦੇ ਹੇਠ ਲਿਖੇ ਕਾਰਨ ਹਨ : 

(1) ਇੱਕ ਵਾਰ ਦੀ ਗੱਲ ਹੈ ਕਿ ਇੱਕ ਔਰਤ ਸਿੱਧੀ ਸਟੇਜ਼ ’ਤੇ ਪਹੁੰਚ ਗਈ ਤੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕੰਨ ਫੜ ਕੇ ਕਹਿਣ ਲੱਗੀ; ਇਹ ਅਜ਼ਾਦੀ ਐ ? ਮੈਨੂੰ ਦੱਸੋ ਅਜ਼ਾਦੀ ਕਿੱਥੇ ਹੈ ? ਨਹਿਰੂ ਨੇ ਸਹਿਜ ’ਚ ਹੀ ਕਿਹਾ ਕੀ ਇਹ ਅਜ਼ਾਦੀ ਨਹੀਂ ਕਿ ਤੂੰ ਪ੍ਰਧਾਨ ਮੰਤਰੀ ਦਾ ਕੰਨ ਫੜ ਲਿਆ।

(2) 1967 ਦੀਆਂ ਆਮ ਚੋਣਾਂ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ ਤਾਂ ਭੀੜ ’ਚੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਜਿਸ ’ਚੋਂ ਇੱਕ ਵੱਟਾ ਪੀਐੱਮ ਦੇ ਨੱਕ ’ਤੇ ਬੱਜਾ ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਤੇ ਖੂਨ ਵਹਿਣ ਲੱਗਾ।  ਇੰਦਰਾ ਨੇ ਉਸ ਦੀ ਪ੍ਰਵਾਹ ਨਹੀਂ ਕੀਤੀ ਤੇ ਆਪਣੇ ਰੁਮਾਲ ਨਾਲ ਨੱਕ ਨੂੰ ਦਬਾਅ ਕੇ ਖੂਨ ਰੋਕਿਆ ਤੇ ਭਾਸ਼ਣ ਜਾਰੀ ਰੱਖਿਆ। ਬਾਅਦ ’ਚ ਪੱਟੀ ਕਰਵਾ ਕੇ ਉਸ ਨੂੰ ਸਟੇਜ਼ ਦੇ ਪਿੱਛੇ ਬੈਠਣ ਦੀ ਸਲਾਹ ਦਿੱਤੀ ਜਿਸ ਨੂੰ ਮੰਨਣ ਤੋਂ ਉਸ ਨੇ ਇਨਕਾਰ ਕੀਤਾ ਤੇ ਉਸੇ ਤਰ੍ਹਾਂ ਸਟੇਜ਼ ਦੀ ਪਹਿਲੀ ਕਤਾਰ ਵਿੱਚ ਬੈਠੀ ਰਹੀ ਅਤੇ ਬਾਅਦ ਵਿੱਚ ਕਲਕੱਤਾ ਜਾ ਕੇ ਵੀ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਜੈਪੁਰ ਵਿਖੇ ਵੀ ਉਸ ਦਾ ਵਿਰੋਧ ਹੋਇਆ ਸੀ ਜਿਸ ਨੂੰ ਵੇਖਦਿਆਂ ਸਕਿਉਰਟੀ ਸਟਾਫ ਨੇ ਉਸ ਨੂੰ ਪ੍ਰਚਾਰ ਦੌਰਾ ਰੱਦ ਕਰਨ ਦੀ ਸਲਾਹ ਦਿੱਤੀ ਪਰ ਉਸ ਨੇ ਆਪਣੇ ਤੈਅ ਕੀਤੇ ਸਾਰੇ ਪ੍ਰੋਗਰਾਮ ਬੜੀ ਦ੍ਰਿੜਤਾ ਨਾਲ ਨਿਭਾਉਣ ਤੋਂ ਬਾਅਦ ਦਿੱਲੀ ਆ ਕੇ ਨੱਕ ਦਾ ਉਪ੍ਰੇਸ਼ਨ ਕਰਵਾਇਆ। ਉਸ ਸਮੇਂ ਇੰਦਰਾ ਗਾਂਧੀ ਨੇ ਕਦੀ ਜਾਨ ਨੂੰ ਖਤਰੇ ਦਾ ਰੌਲ਼ਾ ਨਹੀਂ ਪਾਇਆ। ਦੂਜੇ ਪਾਸੇ ਹੁਣ ਤੱਕ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਚਾਰਿਆ ਜਾਂਦਾ ਪ੍ਰਧਾਨ ਮੰਤਰੀ; ਫਿਰੋਜਪੁਰ ਵਿਖੇ ਭੀੜ ਜਿਸ ਦੇ ਨੇੜੇ ਤੱਕ ਨਹੀਂ ਆਈ; ਕੁਝ ਕਿਸਾਨ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਨ ਜਿੱਥੋਂ ਨਾ ਕੋਈ ਉਸ ਵਿਰੁੱਧ ਨਾਹਰੇ ਸੁਣਾਈ ਦਿੰਦੇ ਸਨ ਅਤੇ ਨਾ ਹੀ ਕਿਸੇ ਨੇ ਉਸ ਵੱਲ ਇੱਟ ਵੱਟਾ ਚਲਾਇਆ। ਜੋ ਮੋਦੀ ਦੇ ਨੇੜੇ ਆਏ ਉਹ ਉਸ ਦੇ ਆਪਣੇ ਸਮਰਥਕ ਸਨ ਜੋ ਮੋਦੀ ਜਿੰਦਾਬਾਦ ਦੇ ਨਾਹਰੇ ਲਾ ਰਹੇ ਸਨ; ਫਿਰ ਵੀ ਜਾਨ ਬਚਾ ਕੇ ਜਿੰਦਾ ਮੁੜਨ ਦਾ ਜੋ ਚੀਕ ਚਿਹਾੜਾ ਪਾਇਆ ਉਸ ਨੇ ਸਿੱਧ ਕਰ ਦਿੱਤਾ ਕਿ ਉਹ ਭਾਰਤੀ ਸਮਾਜ ’ਚ ਕਮਜੋਰ ਸਮਝੀ ਜਾਂਦੀ ਇੱਕ ਔਰਤ ਨਾਲੋਂ ਵੀ ਕਮਜੋਰ ਦਿਲ ਵਾਲਾ ਡਰਪੋਕ ਵਿਅਕਤੀ ਹੈ।

(3) 2005 ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਲ਼ੇ ਝੰਡੇ ਵਿਖਾਏ। ਬਾਅਦ ’ਚ ਪ੍ਰਦਰਸ਼ਨਕਾਰੀਆਂ ’ਤੇ ਕੇਸ ਦਰਜ ਹੋਏ ਪਰ ਮਨਮੋਹਨ ਸਿੰਘ ਨੇ ਉਹ ਕੇਸ ਵਾਪਸ ਲੈਣ ਲਈ ਕਿਹਾ। ਨਹਿਰੂ ਅਤੇ ਮਨਮੋਹਨ ਸਿੰਘ ਦੀਆਂ ਇਨ੍ਹਾਂ ਉਦਾਹਰਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਲੋਕਤੰਤਰ ’ਚ ਲੀਡਰ ਅੰਦਰ ਵਿਰੋਧ ਸਹਿਣ ਦਾ ਮਾਦਾ ਭੀ ਹੋਣਾ ਚਾਹੀਦਾ ਹੈ।

(4) 2009 ’ਚ ਜਦੋਂ ਨਰਿੰਦਰ ਮੋਦੀ ਖ਼ੁਦ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਗੁਜਰਾਤ ਦੇ ਦੌਰੇ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵਿਰੋਧ ਹੋਇਆ; ਉਨ੍ਹਾਂ ’ਤੇ ਜੁੱਤੀ ਵੀ ਸੁੱਟੀ ਗਈ। ਉਸ ਸਮੇਂ ਕਾਂਗਰਸ ਨੇ ਕਦੀਂ ਗੁਜਰਾਤ ਸੂਬੇ ਵਿਰੁੱਧ ਇਸ ਤਰ੍ਹਾਂ ਦਾ ਬਵਾਲ ਖੜ੍ਹਾ ਨਹੀਂ ਕੀਤਾ ਜਿਸ ਤਰ੍ਹਾਂ ਭਾਜਪਾ ਹੁਣ ਪੰਜਾਬ ਵਿਰੁੱਧ ਕਰ ਰਹੀ ਹੈ ਜਦੋਂ ਕਿ ਇੱਥੇ ਨਾ ਕਿਸੇ ਨੇ ਉਸ ਵਿਰੁੱਧ ਨਾਹਰੇ ਲਗਾਏ, ਨਾ ਕਾਲ਼ੇ ਝੰਡੇ ਵਿਖਾਏ ਤੇ ਨਾ ਹੀ ਕਿਸੇ ਨੇ ਇੱਟ ਵੱਟਾ ਆਦਿ ਮਾਰਿਆ ।

(5). 5 ਅਕਤੂਬਰ 2014 ਤੇ 16 ਜੁਲਾਈ 2015 ਨੂੰ ਬਰਸਾਤ ਕਾਰਨ ਅਤੇ 28 ਜੂਨ 2015 ਨੂੰ ਰੈਲੀ ਵਾਲੀ ਗਰਾਂਊਂਡ ’ਚ ਬਿਜਲੀ ਦੇ ਕਰੰਟ ਲੱਗਣ ਨਾਲ ਹੋਈ ਇੱਕ ਮਾਲੀ ਦੀ ਮੌਤ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਦਾ ਆਪਣਾ ਦੌਰਾ ਮੌਕੇ ’ਤੇ ਲਗਾਤਾਰ ਤਿੰਨ ਵਾਰ ਰੱਦ ਕੀਤਾ ਸੀ; ਤਾਂ ਫਿਰ ਬਰਸਾਤ ਕਾਰਨ ਪੰਜਾਬ ’ਚ ਫਿਰੋਜ਼ਪੁਰ ਦਾ ਦੌਰਾ ਰੱਦ ਕਿਉਂ ਨਹੀਂ ਕੀਤਾ ਜਦੋਂ ਕਿ ਦਿੱਲੀ ਚੱਲਣ ਤੋਂ ਪਹਿਲਾਂ ਹੀ ਭਾਰੀ ਬਾਰਸ਼ ਹੋ ਰਹੀ ਸੀ ਅਤੇ ਮੌਸਮ ਵਿਭਾਗ ਕਈ ਦਿਨਾਂ ਤੱਕ ਲਗਾਤਾਰ ਬਾਰਸ਼ ਹੋਣ ਦੀਆਂ ਖ਼ਬਰਾਂ ਪਹਿਲਾਂ ਤੋਂ ਦੇ ਰਿਹਾ ਸੀ।

(6) 7 ਨਵੰਬਰ 2014 ਨੂੰ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਵਾਨਖੇੜੇ ਸਟੇਡੀਅਮ ’ਚ ਸਹੁੰ ਚੁੱਕ ਰਹੇ ਸਨ। ਪੀਐਮ ਮੋਦੀ, ਅਮਿਤ ਸ਼ਾਹ ਸਮੇਤ ਕਈ ਵੀਵੀਆਈਪੀ ਮੌਜੂਦ ਸਨ। ਇਸ ਦੌਰਾਨ ਅਨਿਲ ਮਿਸ਼ਰਾ ਨਾਂ ਦਾ ਵਿਅਕਤੀ ਤਿੰਨ-ਪੱਧਰੀ ਸੁਰੱਖਿਆ ਨੂੰ ਤੋੜ ਕੇ ਪੀਐਮ ਮੋਦੀ ਦੇ ਕੋਲ ਸਟੇਜ ਤੱਕ ਪਹੁੰਚ ਗਿਆ। ਉਸ ਕੋਲ ਨਾ ਤਾਂ ਕੋਈ ਪਛਾਣ ਪੱਤਰ ਸੀ ਅਤੇ ਨਾ ਹੀ ਕੋਈ ਪਾਸ। ਅਨਿਲ ਮਿਸ਼ਰਾ ਨੇ ਅਮਿਤ ਸ਼ਾਹ, ਫੜਨਵੀਸ ਅਤੇ ਊਧਵ ਠਾਕਰੇ ਨਾਲ ਸੈਲਫੀ ਵੀ ਲਈ। ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਭਾਵੇਂ ਜੇਲ੍ਹ ਭੇਜ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਾਂ ਜਾਨ ਨੂੰ ਖਤਰੇ ਦਾ ਰੌਲ਼ਾ ਕਿਸੇ ਨੇ ਨਹੀਂ ਪਾਇਆ।

(7) ਗੁਜਰਾਤ ਚੋਣਾਂ ਦੌਰਾਨ 12 ਦਸੰਬਰ 2017 ਨੂੰ ਆਪਣੇ ਸਮਰਥਕਾਂ ’ਚ ਜੋਸ਼ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਕਹਿਰੇ ਇੰਜਨ ਵਾਲੇ ਸੀ-ਪਲੇਨ (ਪਾਣੀ ’ਚ ਤਰਨ ਅਤੇ ਹਵਾ ’ਚ ਉੱਡਣ ਦੀ ਸਮਰਥਾ ਰੱਖਣ ਵਾਲੇ ਜਹਾਜ) ਵਿੱਚ ਬੈਠ ਕੇ ਸਟੰਟਬਾਜ਼ੀ ਕੀਤੀ ਜਦੋਂ ਕਿ ਸੁਰੱਖਿਆ ਨਿਯਮਾਂ ਅਨੁਸਾਰ ਪ੍ਰਧਾਨ ਮੰਤਰੀ ਸਿੰਗਲ ਇੰਜਨ ਵਾਲੇ ਪਲੇਨ ’ਚ ਸਵਾਰੀ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਦੀ ਜਾਨ ਨੂੰ ਜੋਖ਼ਮ ’ਚ ਪਾ ਕੇ ਸਟੰਟਬਾਜ਼ੀ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਜਾਂ ਫਿਰ ਮੋਦੀ ਨੇ ਐੱਸਪੀਜੀ ਦੀ ਸਲਾਹ ਦੀ ਪ੍ਰਵਾਹ ਨਹੀਂ ਕੀਤੀ ? ਇਸੇ ਤਰ੍ਹਾਂ ਆਪਣੀ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਕਰਦਿਆਂ ਸੁਰੱਖਿਆ ਪ੍ਰੋਟੋਕੋਲ ਨੂੰ ਭੰਗ ਕੀਤਾ ਤੇ ਇੱਕ ਸਮਰਥਕ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕ ਕੇ ਉਸ ਨੂੰ ਪਗੜੀ ਵੀ ਪਹਿਨਾਈ। ਪ੍ਰਧਾਨ ਮੰਤਰੀ ਨੂੰ ਪ੍ਰੋਟੋਕੋਲ ਭੰਗ ਕਰਨ, ਸਟੰਟਬਾਜ਼ੀ ਤੇ ਡਰਾਮੇਬਾਜ਼ੀ ਕਰਨ ਦੀ ਆਦਤ ਤੇ ਸ਼ੌਕ ਹੈ; ਜਿਸ ਦੀਆਂ ਉਪਰੋਕਤ ਉਦਾਹਰਣਾਂ ਤੋਂ ਇਲਾਵਾ ਹੋਰ ਅਨੇਕਾਂ ਉਦਾਹਰਣਾਂ ਪੁਰਾਣੇ ਅਖ਼ਬਾਰ ਚੋਂ ਲੱਭੀਆਂ ਜਾ ਸਕਦੀਆਂ ਹਨ, ਉਸ ਸਮੇਂ ਇਸ ਤਰ੍ਹਾਂ ਦਾ ਰੌਲ਼ਾ ਕਿਸੇ ਨੇ ਨਾ ਪਾਇਆ ਜਿਵੇਂ ਹੁਣ ਪੰਜਾਬ ’ਚ ਪਾਇਆ ਜਾ ਰਿਹਾ ਹੈ।

(8) 22 ਦਸੰਬਰ 2017 ਵਾਰਾਨਸੀ ਖੇਤਰ ’ਚ ਲੰਕਾ ਗੇਟ ਨਾਮੀ ਸਥਾਨ ’ਤੇ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਰਸਤਾ ਬਨਾਰਸ ਹਿੰਦੂ ਯੂਨੀਵਰਸਟੀ ਵਿੱਚੋਂ ਦੀ ਲੰਘ ਕੇ ਜਾਣ ਦਾ ਸੀ ਜਿੱਥੇ ਯੋਨ ਪੀੜਤ ਵਿਦਿਆਰਥਣਾਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਪੁਲਿਸ ਨੇ ਵਿਦਿਆਰਥਣਾਂ ਨੂੰ ਪ੍ਰਧਾਨ ਮੰਤਰੀ ਦੇ ਰਸਤੇ ’ਚੋਂ ਹਟਾਉਣ ਦਾ ਯਤਨ ਕੀਤਾ ਪਰ ਵਿਦਿਆਰਥਣਾਂ ਨਾ ਮੰਨੀਆਂ ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਨਾ ਲੱਗਾ ਅਤੇ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਦਾ ਧੰਨਵਾਦ ਕਿਉਂ ਨਾ ਕੀਤਾ ਕਿ ਉਹ ਜਾਨ ਬਚਾ ਕੇ ਜਿੰਦਾ ਵਾਪਸ ਮੁੜ ਗਿਆ।

(9) ਪੀਐਮ ਮੋਦੀ 25 ਦਸੰਬਰ 2017 ਨੂੰ ਨੋਇਡਾ ਵਿਚ ਕਾਲਕਾ ਜੀ ਮੈਟਰੋ ਲਾਈਨ, ਬੋਟੈਨੀਕਲ ਗਾਰਡਨ ਦਾ ਉਦਘਾਟਨ ਕਰਨ ਗਏ ਸਨ। ਉਹਨਾਂ ਦੇ ਕਾਫ਼ਲੇ ਦੀ ਅਗਵਾਈ ਕਰ ਰਹੇ ਦੋ ਪੁਲਿਸ ਵਾਲੇ ਗਲਤ ਰਸਤੇ ਪੈ ਗਏ। ਇਸ ਕਾਰਨ ਪੀਐਮ ਮੋਦੀ ਦਾ ਕਾਫ਼ਲਾ ਮਹਾਮਾਯਾ ਫਲਾਈਓਵਰ ਦੀ ਆਵਾਜਾਈ ਵਿਚ ਫਸ ਗਿਆ। ਉਸ ਸਮੇਂ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਦਾ ਧੰਨਵਾਦ ਕਿਉਂ ਨਾ ਕੀਤਾ ਕਿ ਉਹ ਜਾਨ ਬਚਾ ਕੇ ਜਿੰਦਾ ਵਾਪਸ ਮੁੜ ਗਿਆ। ਕੀ ਜਾਨ ਨੂੰ ਖਤਰਾ ਕੇਵਲ ਪੰਜਾਬ ਅਤੇ ਕਾਂਗਰਸੀ ਸਾਸ਼ਤ ਸੂਬਿਆਂ ’ਚ ਹੀ ਹੁੰਦਾ ਹੈ; ਆਪਣੀ ਪਾਰਟੀ ਵਾਲੀਆਂ ਸਰਕਾਰਾਂ ’ਚ ਜਾਨ ਨੂੰ ਕੋਈ ਖ਼ਤਰਾ ਨਹੀਂ ?

(10) 26 ਮਈ 2018 ਨੂੰ ਵਿਸ਼ਵ ਭਾਰਤੀ ਕਨਵੋਕੇਸ਼ਨ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਹੋਈ ਸੀ। ਇੱਕ ਨੌਜਵਾਨ ਐਸਪੀਜੀ ਸੁਰੱਖਿਆ ਵਿਚੋਂ ਲੰਘਦਾ ਹੋਇਆ ਸਿੱਧਾ ਪੀਐਮ ਮੋਦੀ ਕੋਲ ਜਾ ਪਹੁੰਚਿਆ। ਜਦੋਂ ਤੱਕ ਗਾਰਡ ਉਸ ਨੂੰ ਫੜ ਪਾਉਂਦਾ ਤਦ ਤੱਕ ਉਹ ਪੀਐੱਮ ਮੋਦੀ ਕੋਲ ਪਹੁੰਚ ਕੇ ਉਹਨਾਂ ਦੇ ਪੈਰ ਛੂਹ ਚੁੱਕਾ ਸੀ।

(11) 2 ਫ਼ਰਵਰੀ  2019 ਨੂੰ ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਦੇ ਅਸ਼ੋਕ ਨਗਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਬੈਰੀਕੇਡ ਤੋੜ ਕੇ ਭੀੜ ਸਟੇਜ ਵੱਲ ਵਧਣ ਲੱਗੀ। ਇਸ ਤੋਂ ਬਾਅਦ ਪੀਐਮ ਮੋਦੀ ਨੇ 20 ਮਿੰਟਾਂ ਵਿਚ ਆਪਣਾ ਭਾਸ਼ਣ ਖ਼ਤਮ ਕੀਤਾ ਅਤੇ ਐਸਪੀਜੀ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

(12) 14 ਫ਼ਰਵਰੀ 2019 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰੁਦਰਪੁਰ ਰੈਲੀ ਨੂੰ ਸੰਬੋਧਨ ਕਰਨਾ ਸੀ। ਮੋਦੀ ਜੀ ਦੇਹਰਾਦੂਨ ਹਵਾਈ ਅੱਡੇ ’ਤੇ ਉੱਤਰੇ ਪਰ ਖਰਾਬ ਮੌਸਮ ਕਾਰਨ ਹੈਲੀਕਾਪਟਰ ਰਾਹੀਂ ਰੁਦਰਪੁਰ ਨਾ ਜਾ ਸਕੇ ਤਾਂ ਉਨ੍ਹਾਂ ਦੇਹਰਾਦੂਨ ਹਵਾਈ ਅੱਡੇ ਤੋਂ ਹੀ ਫ਼ੋਨ ਰਾਹੀਂ ਸੰਬੋਧਨ ਕੀਤਾ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਇੱਕ ਵਾਰ ਬਹਰਾਈਚ ਰੈਲੀ ਨੂੰ ਫ਼ੋਨ ਰਾਹੀਂ ਸੰਬੋਧਨ ਕੀਤਾ, ਇਸ ਤਰ੍ਹਾਂ ਹੀ ਫਿਰੋਜ਼ਪੁਰ ਰੈਲੀ ਨੂੰ ਫ਼ੋਨ ਰਾਹੀਂ ਬਠਿੰਡਾ ਜਾਂ ਦਿੱਲੀ ਤੋਂ ਹੀ ਸੰਬੋਧਨ ਕਿਉਂ ਨਾ ਕੀਤਾ ? ਜਦੋਂ ਕਿ ਵਰ੍ਹਦੇ ਮੀਂਹ ’ਚ ਸੜਕ ਰਾਹੀਂ ਜਾਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਅਤੇ ਇਹ ਵੀ ਪਤਾ ਸੀ ਕਿ ਕਿਸਾਨਾਂ ਦਾ ਉਨ੍ਹਾਂ ਪ੍ਰਤੀ ਗੁੱਸਾ ਖਤਮ ਨਹੀਂ ਹੋਇਆ ਜਿਸ ਕਾਰਨ ਕਈ ਜਥੇਬੰਦੀਆਂ ਨੇ ਉਨ੍ਹਾਂ ਵਿਰੁੱਧ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਅਤੇ ਪੁਤਲੇ ਫੂਕਣ ਦਾ ਪ੍ਰੋਗਰਾਮ ਐਲਾਨਿਆ ਹੋਇਆ ਹੈ।

(13) ਉਕਤ ਘਟਨਾਵਾਂ ਤੋਂ ਇਲਾਵਾ ਪੀਐਮ ਮੋਦੀ ਖੁਦ ਕਈ ਵਾਰ ਸੁਰੱਖਿਆ ਪ੍ਰੋਟੋਕੋਲ ਤੋੜ ਕੇ ਲੋਕਾਂ ਨੂੰ ਮਿਲਦੇ ਰਹੇ ਹਨ। ਹਾਲ ਹੀ ’ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਣਸੀ ਪਹੁੰਚ ਕੇ ਕਈ ਥਾਵਾਂ ’ਤੇ ਪ੍ਰੋਟੋਕੋਲ ਤੋੜਿਆ। ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਵਿਚ ਵੀ ਪੀਐਮ ਮੋਦੀ ਕਈ ਵਾਰ ਪ੍ਰੋਟੋਕੋਲ ਤੋੜ ਚੁੱਕੇ ਹਨ। ਸੰਨ 2019 ‘ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦਿੱਲੀ ਏਅਰਪੋਰਟ ’ਤੇ ਜੱਫੀ ਪਾਉਣ ਦੀ ਤਸ਼ਵੀਰ ਕਾਫੀ ਵਾਇਰਲ ਹੋਈ ਸੀ। ਹਾਲ ਹੀ ’ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਨਸੀ ਪਹੁੰਚ ਕੇ ਕਈ ਥਾਵਾਂ ’ਤੇ ਪ੍ਰੋਟੋਕੋਲ ਤੋੜਿਆ।

ਜਦ ਪੱਛਮੀ ਬੰਗਾਲ ਦੀਆਂ ਚੋਣਾਂ ਅਤੇ 30 ਅਕਤੂਬਰ 2021 ਨੂੰ ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਦੀਆਂ ਸੀਟਾਂ ਲਈ ਮੱਧਕਾਲੀ ਚੋਣਾਂ ਵਿੱਚ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਭਾਰੀ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਅਤੇ ਅੱਗੇ ਫ਼ਰਵਰੀ, ਮਾਰਚ ’ਚ ਪੰਜਾਬ, ਯੂਪੀ ਸਮੇਤ 5 ਸੂਬਿਆਂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਅੰਦੋਲਨ ਕਾਰਨ ਭਾਰੀ ਨੁਕਾਸਨ ਹੋ ਜਾਣ ਦੇ ਆਉਣ ਲੱਗੇ ਤਾਂ ਬਿਨ੍ਹਾਂ ਕਿਸਾਨਾਂ ਨਾਲ ਸਲਾਹ ਜਾਂ ਮੀਟਿੰਗ ਕੀਤਿਆਂ ਤਿੰਨ ਕਾਨੂੰਨ ਰੱਦ ਕਰਨ ਅਤੇ ਐੱਮਐੱਸਪੀ ਲਈ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਦ ਕਿਸਾਨ ਫਿਰ ਵੀ ਉੱਠਣ ਲਈ ਤਿਆਰ ਨਾ ਹੋਏ ਤਾਂ ਨਵੰਬਰ ’ਚ ਹੋ ਰਹੇ ਸੰਸਦ ਸੈਸ਼ਨ ’ਚ ਤਿੰਨੇ ਕਾਨੂੰਨ ਰੱਦ ਕਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਕੁਝ ਲਿਖਤੀ ਵਾਅਦੇ ਕੀਤੇ ਜਿਵੇਂ ਕਿ ਐੱਮਐੱਸਪੀ ਕਾਨੂੰਨ ਲਈ ਸਾਂਝੀ ਕਮੇਟੀ ਬਣਾਉਣਾ; ਮੋਰਚੇ ਵਿੱਚ ਭਾਗ ਲੈਣ ਵਾਲੇ ਕਿਸਾਨ ਆਗੂਆਂ ਨੂੰ ਕਮੇਟੀ ’ਚ ਸ਼ਾਮਲ ਕਰਨਾ, ਮੋਰਚੇ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਸਮੂਹ ਸਮਰਥਕਾਂ ’ਤੇ ਦਰਜ ਹੋਏ ਕੇਸ ਵਾਪਸ ਲੈਣੇ, 26 ਜਨਵਰੀ ਦੀ ਘਟਨਾ ਦੌਰਾਨ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੇ ਫੜੇ ਗਏ ਟਰੈਕਟਰ ਅਤੇ ਹੋਰ ਸਮਾਨ ਵਾਪਸ ਕਰਨੇ। ਇਨ੍ਹਾਂ ਲਿਖਤੀ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ। ਇਹੀ ਗੁੱਸੇ ਅਤੇ ਰੋਸ ਦੇ ਮੁੱਖ ਕਾਰਨ ਸਨ। ਇਸ ਤੋਂ ਇਲਾਵਾ ਹੇਠ ਲਿਖੇ ਨੁਕਤੇ ਵੀ ਰੋਸ ਵਿੱਚ ਵਾਧਾ ਕਰਦੇ ਸਨ।

(1) ਦੇਸ਼ ਦੇ ਕਿਸਾਨ ਇੱਕ ਸਾਲ ਦੇ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ 2° ਸੈਂਟੀਗਰੇਡ ਤੱਕ ਦੀ ਅਤਿ ਠੰਡ ਦੇ ਮੌਸਮ ਤੋਂ ਲੈ ਕੇ 46° ਸੈਂਟੀਗਰੇਡ ਦੀ ਅਤਿ ਗਰਮੀ ਦੀ ਰੁੱਤ ਅਤੇ ਵਰਖਾ ਦੀ ਰੁੱਤ ’ਚ ਵਰ੍ਹਦੇ ਮੀਂਹਾਂ ਦੌਰਾਨ ਅਸਮਾਨ ਦੀ ਛੱਤ ਹੇਠ ਸੜਕਾਂ ’ਤੇ ਬੈਠੇ ਰਹੇ ਪਰ ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ਦੌਰਾਨ ਇੱਕ ਵਾਰੀ ਵੀ ਉਨ੍ਹਾਂ ਨੂੰ ਮਿਲ ਕੇ ਗਿਲੇ ਸ਼ਿਕਵੇ ਦੂਰ ਕਰਨ ਲਈ ਮੀਟਿੰਗ ਕਰਨ ਲਈ ਸਮਾਂ ਨਹੀਂ ਕੱਢਿਆ।

(2) ਮੋਰਚੇ ਦੌਰਾਨ 700 ਤੋਂ ਉੱਪਰ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਸਨ ਪਰ ਮੋਦੀ ਨੇ ਇੱਕ ਵੀ ਸ਼ਬਦ ਉਨ੍ਹਾਂ ਦੀ ਹਮਦਰਦੀ ’ਚ ਨਹੀਂ ਕਿਹਾ ਸਗੋਂ ਅੰਦੋਲਨਜੀਵੀ, ਪ੍ਰਜੀਵੀ ਆਦਿ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ। ਵੱਡੇ ਛੋਟੇ ਸਾਰੇ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਖ਼ਾਲਸਤਾਨੀ, ਦੇਸ਼ ਵਿਰੋਧੀ, ਪਾਕਿਸਤਾਨੀ ਅਤੇ ਏਜੰਸੀਆਂ ਦੇ ਏਜੰਟ, ਸਿਆਸਤ ਤੋਂ ਪ੍ਰੇਰਿਤ ਕਾਂਗਰਸ ਦੇ ਏਜੰਟ ਕਹਿ ਕੇ ਬਦਨਾਮ ਕੀਤਾ।

(3) ਕਿਸਾਨਾਂ ਨੂੰ ਧਮਕੀਆਂ ਦੇਣ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਪੁੱਤਰ ਅਸ਼ੀਸ਼ ਮਿਸ਼ਰਾ ਨੇ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿਖੇ ਪ੍ਰਦਰਸ਼ਨ ਕਰ ਵਾਪਸ ਜਾ ਰਹੇ ਕਿਸਾਨਾਂ ਉੱਪਰ ਪਿੱਛੋਂ ਆ ਕੇ ਗੱਡੀ ਚੜ੍ਹਾ ਦਿੱਤੀ। ਸਿੱਟੇ ਵਜੋਂ 4 ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ਸਮੇਤ ਕਈ ਗੰਭੀਰ ਰੂਪ ਵਿੱਚ ਜਖ਼ਮੀ ਹੋਏ। ਦੋਸ਼ੀ ਨੂੰ ਫੜਨ ਦੀ ਬਜਾਏ ਉਲਟੇ ਕਿਸਾਨਾਂ ’ਤੇ ਕੇਸ ਦਰਜ ਕਰ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਇਹ ਤਾਂ ਭਲਾ ਹੋਵੇ ਸੋਸ਼ਲ ਮੀਡੀਏ ਦਾ ਕਿ ਬਾਅਦ ’ਚ ਸਾਹਮਣੇ ਆਈਆਂ ਵੀਡੀਓਜ਼ ਨੇ ਉਹ ਸਬੂਤ ਮੁਹੱਈਆ ਕਰਵਾ ਦਿੱਤੇ ਜਿਸ ਨਾਲ ਅਸ਼ੀਸ਼ ਮਿਸ਼ਰਾ ਦੋਸ਼ੀ ਸਿੱਧ ਹੁੰਦਾ ਹੈ। ਅਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਓਨਾ ਚਿਰ ਨਹੀਂ ਹੋਈ ਜਦ ਤੱਕ ਸੁਪ੍ਰੀਮ ਕੋਰਟ ਨੇ ਯੂ.ਪੀ. ਸਰਕਾਰ ਨੂੰ ਝਾੜ ਨਹੀਂ ਪਾਈ। ਸੁਪ੍ਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਜਾਂਚ ਕਮੇਟੀ ਨੇ ਇਨ੍ਹਾਂ ਕਤਲਾਂ ਨੂੰ ਸਾਜਿਸ਼ ਦੱਸਿਆ ਜਿਸ ’ਚ ਅਜੈ ਮਿਸ਼ਰਾ ਵੀ ਸ਼ਾਮਲ ਹੈ। ਇਸ ਦੇ ਬਾਵਯੂਦ ਅਜੈ ਮਿਸ਼ਰਾ ਹਾਲੀ ਗ੍ਰਹਿ ਮੰਤਰੀ ਦੀ ਕੁਰਸੀ ’ਤੇ ਕਾਇਮ ਹੈ ਜਿਸ ਦੀ ਕਿਸਾਨ ਬਰਖਾਸਤਗੀ ਦੀ ਮੰਗ ਕਰ ਰਹੇ ਹਨ।

ਭਾਜਪਾ ਆਗ਼ੂਆਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ ਵਿਕਾਸ ਕਾਰਜਾਂ ਲਈ ਪੰਜਾਬ ਨੂੰ 42,750 ਕਰੋੜ ਦੇ ਪੈਕੇਜ਼ ਦੇਣੇ ਸਨ ਪਰ ਵਿਕਾਸ ਵਿਰੋਧੀਆਂ ਨੇ ਉਨ੍ਹਾਂ ਦੀ ਰੈਲੀ ਰੱਦ ਕਰਵਾ ਪੰਜਾਬ ਦਾ ਨੁਕਸਾਨ ਕੀਤਾ ਹੈ, ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ ਵਾਲੀ ਕਹਾਵਤ ਅਨੁਸਾਰ ਇਸ ਵਾਰ ਸੰਕੇਤ ਇਹੀ ਹਨ ਕਿ ਉਨ੍ਹਾਂ ਦੇ ਇਨ੍ਹਾਂ ਫੋਕੇ ਐਲਾਨਾਂ ਅਤੇ ਵਾਅਦਿਆਂ ਨਾਲ ਸਫਲਤਾ ਮਿਲਣ ਦੇ ਦਰਵਾਜੇ ਬੰਦ ਹਨ ਕਿਉਂਕਿ ਜੇ ਵਿਕਾਸ ਕਾਰਜਾਂ ਲਈ ਪੰਜਾਬ ਨੂੰ ਕੁਝ ਦੇਣਾ ਹੈ, ਨਾ ਤਾਂ ਮੋਦੀ ਨੇ ਆਪਣੀ ਜੇਬ ’ਚੋਂ ਅਤੇ ਨਾ ਹੀ ਭਾਜਪਾ ਪਾਰਟੀ ਫੰਡਾਂ ’ਚੋਂ ਦੇਣਾ ਹੈ, ਇਹ ਪਬਲਿਕ ਫੰਡਾਂ ’ਚੋਂ ਮਿਲਣਾ ਹੈ, ਜਿਸ ਵਿੱਚ ਟੈਕਸ ਅਦਾਇਗੀ ਦੇ ਤੌਰ ’ਤੇ ਪੰਜਾਬ ਦਾ ਵੀ ਓਨਾਂ ਹੀ ਹਿੱਸਾ ਅਤੇ ਹੱਕ ਹੈ ਜਿਨਾਂ ਬਾਕੀ ਦੇ ਸੂਬਿਆਂ ਦਾ। ਪਬਲਿਕ ਫੰਡਾਂ ’ਚੋਂ ਪੰਜਾਬ ਦਾ ਹਿੱਸਾ ਆਪਣੀਆਂ ਚੋਣ ਰੈਲੀਆਂ ’ਚ ਐਲਾਨ ਕਰ ਵੋਟਾਂ ਖ੍ਰੀਦਣ ਦਾ ਕੋਈ ਹੱਕ ਨਹੀਂ ਹੈ। ਜੇ ਕੁਝ ਦੇਣਾ ਹੈ ਉਹ ਬਠਿੰਡਾ ਵਿਖੇ ਜਾਂ ਦਿੱਲੀ ਬੈਠੇ ਵੀ ਐਲਾਨ ਕਰ ਸਕਦੇ ਸਨ। ਦੂਸਰੀ ਗੱਲ ਇਹ ਵੀ ਹੈ ਕਿ ਉਸ ਦੇ ਫੋਕੇ ਐਲਾਨਾਂ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਚੋਣਾਂ ਸਮੇਂ ਕੀਤੇ ਅਜਿਹੇ ਐਲਾਨ ਕਦੀ ਵੀ ਵਫ਼ਾ ਨਹੀਂ ਹੋਏ; ਹੇਠ ਲਿਖੀਆਂ ਕੁਝ ਉਦਾਹਰਣਾਂ ਦੀ ਵੰਨਗੀ ਹੈ:

(ੳ) ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਸਤ 2015 ’ਚ ਚੋਣ ਰੈਲੀ ਦੌਰਾਨ ਮੋਦੀ ਨੇ ਭਰੀ ਸਟੇਜ਼ ’ਤੇ ਕਿਹਾ ਮੈਂ ਆਪਣੇ ਵਾਅਦੇ ਪੂਰੇ ਕਰਨ ਆਇਆ ਹਾਂ ਦੱਸੋ ਤੁਹਾਨੂੰ ਕਿੰਨਾ ਚਾਹੀਦਾ ਹੈ 50,000  ਕਰੋੜ, 60,000; 70,000; 75,000; 80,000 ? ਚਲੋ ਮੈਂ 1.25 ਲੱਖ ਕਰੋੜ ਦਾ ਪੈਕੇਜ਼ ਦੇਣ ਦਾ ਐਲਾਨ ਕਰਦਾ ਹਾਂ, ਪਰ ਸਤੰਬਰ 2020 ਭਾਵ ਅਗਲੀਆਂ ਚੋਣਾਂ ਤੱਕ ਇਸ ਐਲਾਨੇ ਗਏ ਪੈਕੇਜ਼ ’ਚੋ ਬਿਹਾਰ ਨੂੰ ਕੁਝ ਨਹੀਂ ਮਿਲਿਆ। ਭਾਜਪਾ ਦੇ ਹੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਮੁਤਾਬਕ ਉਸ ਪਾਸ ਕੋਈ ਅਜਿਹਾ ਵੇਰਵਾ ਨਹੀਂ ਸੀ। ਜੇ ਬਿਹਾਰ ਨੂੰ ਕੁਝ ਮਿਲਿਆ ਹੁੰਦਾ ਤਾਂ ਕੋਈ ਕਾਰਨ ਹੀ ਨਹੀਂ ਕਿ ਭਾਜਪਾ ਨਾਲ ਸੰਬੰਧਿਤ ਉਪ ਮੁੱਖ ਮੰਤਰੀ ਪਾਸ ਉਸ ਦਾ ਵੇਰਵਾ ਨਾ ਹੋਵੇ। ਇਸ ਦਾ ਭਾਵ ਹੈ ਕਿ ਅਗਸਤ 2015 ’ਚ ਮੋਦੀ ਵੱਲੋਂ ਕੀਤਾ ਐਲਾਨ ਕੇਵਲ ਚੁਣਾਵੀ ਜ਼ੁਮਲਾ ਸੀ।

(ਅ) 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਦੇਸ਼ ਵਾਸੀਆਂ ਨਾਲ ਅਨੇਕਾਂ ਮਨ ਲੁਭਾਊ ਵਾਅਦੇ ਕੀਤੇ ਜਿਵੇਂ ਕਿ ਵਿਦੇਸ਼ਾਂ ’ਚੋਂ ਕਾਲ਼ਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ’ਚ 15 ਲੱਖ ਰੁਪਏ ਜਮਾਂ ਕਰਵਾਉਣੇ, ਸਵਾਮੀਨਾਥਨ ਰਿਪੋਰਟ ਲਾਗੂ ਕਰਨੀ, ਛੋਟੇ ਵਾਪਾਰੀਆਂ ਨੂੰ ਪੈਂਨਸ਼ਨ ਦੇਣੀ, ਹਰ ਸਾਲ 2 ਕਰੋੜ ਨੌਕਰੀਆਂ ਦੇਣੀਆਂ, ਦੇਸ਼ ਵਿਕਨੇ ਨਹੀਂ ਦੂੰਗਾ ਆਦਿਕ, ਪਰ ਇਨ੍ਹਾਂ ’ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸਗੋਂ ਵਾਅਦਿਆਂ ਦੇ ਉਲਟ ਕਾਰਵਾਈ ਕੀਤੀ ਹੈ।

(ੲ) ਜ਼ਬਾਨੀ ਵਾਅਦੇ ਪੂਰੇ ਕਰਨੇ ਤਾਂ ਇੱਕ ਪਾਸੇ ਰਹੇ 2020-21 ਦੇ ਬੱਜ਼ਟ ਵਿੱਚ 3 ਕਰੋੜ ਛੋਟੇ ਵਾਪਾਰੀਆਂ ਨੂੰ ਪੈਂਨਸ਼ਨ ਦੇਣ ਲਈ ਫੰਡ ਰਾਖਵੇਂ ਰੱਖੇ ਪਰ 24 ਫ਼ਰਵਰੀ 2021 ਤੱਕ ਕੇਵਲ 43,583 ਵਾਪਾਰੀਆਂ ਨੂੰ ਹੀ ਪੈਂਨਸ਼ਨ ਲਾਭ ਮਿਲੇ ਜਦੋਂ ਕਿ ਭਾਜਪਾ ਆਗੂ 5 ਲਾਭਕਾਰੀਆਂ ਦੀ ਗਿਣਤੀ 5 ਕਰੋੜ ਦੱਸਦੇ ਸਨ। ਹਰ ਸਾਲ ਪੇਸ਼ ਕੀਤੇ ਸਾਲਾਨਾ ਬੱਜ਼ਟਾਂ ਅਤੇ ਸਾਲ ਦੇ ਅਖੀਰ ’ਤੇ ਪੇਸ਼ ਕੀਤੇ ਸਪਲੀਮੈਂਟ ਬੱਜ਼ਟਾਂ ਵਿੱਚ ਰਾਖਵੇਂ ਫੰਡਾਂ ਦੀ ਰਾਸ਼ੀ 90% ਤੱਕ ਘਟ ਜਾਂਦੀ ਸੀ, ਜਿਸ ਦਾ ਭਾਵ ਲਾਭ ਨਾਮਾਤਰ ਵਾਪਰੀਆਂ ਨੂੰ ਹੀ ਮਿਲਿਆ ਜਦੋਂ ਕਿ ਬਾਕੀਆਂ ਤੋਂ ਕੇਵਲ ਤਾੜੀਆਂ ਮਰਵਾ ਕੇ ਵੋਟਾਂ ਵਟੋਰੀਆਂ ਗਈਆਂ।

ਅਜਿਹਾ ਜ਼ੁਮਲਾ-ਮਾਸਟਰ, ਪ੍ਰਧਾਨ ਮੰਤਰੀ ਜੇ ਕੁਝ ਫਿਰੋਜ਼ਪੁਰ ਰੈਲੀ ’ਚ ਐਲਾਨ ਕਰ ਜਾਂਦਾ ਤਾਂ ਪੰਜਾਬ ਨੂੰ ਕੀ ਪ੍ਰਾਪਤ ਹੋਣਾ ਸੀ ਇਹ ਤਾਂ ਰੱਬ ਜਾਣਦਾ ਹੈ ਪਰ ਲੋਕਾਂ ਦੇ ਨਕਾਰੇ ਹੋਏ ਸਿਆਸੀ ਨੇਤਾਵਾਂ ਦੀ ਵੱਡੀ ਗਿਣਤੀ ਨੂੰ ਆਪਣੀ ਕੀਮਤ ਪਵਾਉਣ ਲਈ ਭਾਜਪਾ ’ਚ ਜਾਣ ਦਾ ਬਹਾਨਾ ਜਰੂਰ ਮਿਲ ਜਾਣਾ ਸੀ ਭਾਵੇਂ ਕਿ ਅਜਿਹੇ ਦਲਬਦਲੂਆਂ ਦੀ ਮਦਦ ਨਾਲ ਭਾਜਪਾ ਦੇ ਪੈਰ ਉਸੇ ਤਰ੍ਹਾਂ ਨਹੀਂ ਲੱਗਣੇ ਜਿਵੇਂ ਕਿ ਟੀਐੱਮਸੀ ਦੇ ਵੱਡੀ ਗਿਣਤੀ ’ਚ ਆਗੂ ਸ਼ਾਮਲ ਕਰਵਾਉਣ ਪਿੱਛੋਂ ਵੀ ਬੰਗਾਲ ’ਚ ਭਾਜਪਾ ਦੇ ਸਰਕਾਰ ਬਣਾਉਣ ਦੇ ਮਨਸੂਬੇ ਸਫਲ ਨਹੀਂ ਹੋਏ ਅਤੇ ਭਾਜਪਾ ਦੀ ਹਾਰ ਉਪ੍ਰੰਤ ਜਿੱਤੇ ਹੋਏ ਆਗੂ ਵੀ ਪੁੱਠੇ ਪੈਰੀਂ ਭੱਜ ਕੇ ਮੁੜ ਮੁਆਫੀਆਂ ਮੰਗ ਕੇ ਟੀਐੱਮਸੀ ’ਚ ਸ਼ਾਮਲ ਹੋ ਗਏ।

(4) ਮੋਦੀ ਦੇ ਹੰਕਾਰੀ ਤੇ ਘੁਮੰਡੀ ਹੋਣ ਦੀ ਪੁਸ਼ਟੀ ਮੇਘਾਲਿਆ ਦੇ ਗਵਰਨਰ ਸਤਿਆ ਪਾਲ ਮਲਿਕ ਦਾ ਉਹ ਬਿਆਨ ਵੀ ਕਰਦਾ ਹੈ ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਕਿਹਾ ਹੈ ਉਨ੍ਹਾਂ ਦੀ 5 ਮਿੰਟ ’ਚ ਹੀ ਮੋਦੀ ਨਾਲ ਲੜਾਈ ਹੋ ਗਈ ਜਿਸ ਸਮੇਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਹੱਲ ਲੱਭਣ ਦੀ ਬੇਨਤੀ ਕਰਦਿਆਂ ਕਿਹਾ ਕਿ 500 ਕਿਸਾਨ ਆਪਣੀ ਜਾਨ ਗੁਆ ਬੈਠੇ ਹਨ ਇਸ ਲਈ ਜਲਦੀ ਇਸ ਦਾ ਹੱਲ ਲੱਭਿਆ ਜਾਵੇ ਤਾਂ ਉਹ ਇੰਨੇ ਘੁਮੰਡ ’ਚ ਸਨ ਕਿ ਝਟ ਉੱਤਰ ਦਿੱਤਾ ‘ਕਿਆ ਮੇਰੇ ਲਈ ਮਰੇ ਹੈਂ’। ਜਦ ਗਵਰਨਰ ਦੇ ਇਸ ਸਵਾਲ ਕਿ ਜਦ ਕਾਨੂੰਨ ਤੁਸੀਂ ਬਣਾਏ ਹਨ ਤਾਂ ਹੁਣ ਹੱਲ ਵੀ ਤੁਸੀਂ ਹੀ ਲੱਭਣਾ ਹੈ ਤਾਂ ਪ੍ਰਧਾਨ ਮੰਤਰੀ ਨੇ ਬਹੁਤ ਹੀ ਗੁੱਸੇ ’ਚ ਆ ਕੇ ਕਿਹਾ ‘ਜਾਉ ਅਮਿਤ ਸ਼ਾਹ ਸੇ ਬਾਤ ਕਰ ਲਓ’।

(5) ਅਸਲ ’ਚ ਮੋਦੀ ਜੀ ਕਿਸੇ ਦੀ ਸਲਾਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਤੇ ਸਭ ਕੁਝ ਆਪਣੇ ਆਪ ਨੂੰ ਹੀ ਵਿਖਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇੱਕਦਮ ਅਚਾਨਕ ਫੈਸਲੇ ਕਰ ਲੋਕਾਂ ਵਿੱਚ ਸ਼ਨਸ਼ਨੀ, ਦੁਬਿਧਾ ਅਤੇ ਬੇਚੈਨੀ ਪੈਦਾ ਕਰਨ ਦਾ ਸ਼ੌਕ ਹੈ ਜਿਵੇਂ ਕਿ 2015 ’ਚ ਮੋਦੀ ਜੀ ਅਚਨਚੇਤ ਲਾਹੌਰ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀ ਚੌਂਕਾ ਦਿੱਤਾ। 8 ਨਵੰਬਰ 2016 ਨੂੰ ਸ਼ਾਮ ਨੂੰ ਨੋਟਬੰਦੀ ਦਾ ਐਲਾਨ ਕਰ ਅੱਧੀ ਰਾਤ ਉਪ੍ਰੰਤ 500/- ਅਤੇ 1000/- ਰੁਪਏ ਦੇ ਨੋਟ ਬੰਦ ਕਰ ਦਿੱਤੇ। ਲੋਕਾਂ ਨੂੰ ਨੋਟ ਬਦਲਵਾਉਣ ਤੇ ਆਪਣੇ ਹੀ ਪੈਸੇ ਬੈਂਕ ’ਚ ਕਢਵਾਉਣ ਲਈ ਲੰਬੀਆਂ ਲਾਈਨਾਂ ’ਚ ਖੜ੍ਹਨਾ ਪਿਆ। ਸੈਂਕੜਿਆਂ ਨੂੰ ਜਾਨ ਗਵਾਉਣੀ ਪਈ ਅਤੇ ਦੇਸ਼ ਦੀ ਆਰਥਿਕਤਾ ਤਬਾਹ ਹੋ ਗਈ। ਦੇਸ਼ ਨੂੰ ਇਸ ਦਾ ਲਾਭ ਕੀ ਹੋਇਆ ਮੋਦੀ ਜੀ ਅੱਜ ਤੱਕ ਜਵਾਬ ਨਹੀਂ ਦੇ ਸਕੇ। 5 ਜੂਨ 2020 ਨੂੰ ਅਚਨਚੇਤ ਤਿੰਨ ਖੇਤੀ ਆਰਡੀਨੈਂਨਸ ਜਾਰੀ ਕੀਤੇ ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਯੂਦ ਗੈਰ ਸੰਵਿਧਾਨਕ ਤੌਰ ’ਤੇ ਬਿੱਲ ਪਾਸ ਕਰਵਾ ਕੇ ਬੜੀ ਕਾਹਲ਼ੀ ’ਚ ਕਾਨੂੰਨ ਲਾਗੂ ਕੀਤੇ, ਇਸ ਦੇ ਰੋਸ ਵਜੋਂ ਪ੍ਰਦਰਸ਼ਨ ਕਰਨ ਦਿੱਲੀ ਜਾ ਰਹੇ ਕਿਸਾਨਾਂ ਨੂੰ ਅੱਗੋਂ ਸੜਕਾਂ ਪੁੱਟੀਆਂ, ਕਿੱਲ ਗੱਡੇ, ਕੰਡਿਆਲੀ ਤਾਰਾਂ ਅਤੇ ਭਾਰੇ ਪੱਥਰਾਂ ਨਾਲ 7 ਪ੍ਰਤੀ ਬੈਰੀਕੇਡਿੰਗ ਕਰ ਸਾਲ ਭਰ ਕਿਸਾਨ ਨੂੰ ਗਰਮੀਆਂ, ਸਰਦੀਆਂ ਅਤੇ ਵਰਖਾ ਰੁੱਤਾਂ ’ਚ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ ਜਿੱਥੇ 700 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਬੈਠੇ। ਮੋਦੀ ਨੇ ਖ਼ੁਦ ਮੀਟਿੰਗ ਕਰਨ ਲਈ ਸਮਾਂ ਨਾ ਕੱਢਿਆ ਤੇ ਅੰਤ 19 ਨਵੰਬਰ 2021 ਨੂੰ ਤਿੰਨੇ ਕਾਨੂੰਨ ਰੱਦ ਕਰ ਸਮਝਦਾ ਹੈ ਕਿ ਉਸ ਨੇ ਕਿਸਾਨਾਂ ’ਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ। ਉਸੇ ਤਰ੍ਹਾਂ ਹੁਣ 5 ਜਨਵਰੀ 2022 ਨੂੰ ਆਪਣੀ ਜਾਨ ਨੂੰ ਖਤਰੇ ਦਾ ਰੌਲ਼ੇ ਪਾ ਕੇ ਅਖੌਤੀ ਰਾਸ਼ਟਰਵਾਦੀ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨਾ ਚਾਹੁੰਦਾ ਹੈ।