ਜਲਵਾਯੂ ਪਰਿਵਰਤਨ ਦਾ ਭਾਗ ਹੀ ਹੈ: ‘ਮਨੁੱਖੀ ਮਾਨਸਿਕਤਾ’

0
443

ਜਲਵਾਯੂ ਪਰਿਵਰਤਨ ਦਾ ਭਾਗ ਹੀ ਹੈ: ‘ਮਨੁੱਖੀ ਮਾਨਸਿਕਤਾ’

ਰਾਤ ਭਰ ਦੀ ਨੀਂਦਰ ਉਪਰੰਤ ਸਰੀਰਕ ਥਕਾਵਟ ਖ਼ਤਮ ਕਰਕੇ ਨਵੇਂ ਜੀਵਨ ਨਾਲ ਹੁਲਾਰੇ ’ਚ ਆਇਆ ਹੋਇਆ ਗੁਰਸਿੱਖ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਪੰਕਤੀ ‘‘ਰਾਤੀ, ਰੁਤੀ, ਥਿਤੀ, ਵਾਰ ॥’’ ਨੂੰ ਰੋਜ਼ਾਨਾ ਅੰਮ੍ਰਿਤ ਵੇਲੇ ਇਕਾਗਰਤਾ ਨਾਲ ਪੜ੍ਹਦਿਆਂ ਕੁਦਰਤ ਦੇ ਵਿਸਥਾਰ ਦੇ ਮੁਕਾਬਲੇ ਆਪਣੀ ਸੀਮਤ (ਤੁੱਛ) ਹੋਂਦ ਨੂੰ ਸਵੀਕਾਰ ਕਰਕੇ ਆਪਣੇ ਮਾਨਸਿਕ ਵਿਚਾਰਾਂ ਦੇ ਵਿਸਥਾਰ ਨੂੰ ਸਮੇਟਦਾ ਹੋਇਆ ਨਵੇਂ ਦਿਨ ਜਾਂ ਨਵੇਂ ਸਾਲ ਦੀ ਆਰੰਭਤਾ ਕਰਦਾ ਹੈ। ਸਮੂਹਿਕ ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਵਿਵੇਕਤਾ ਰੂਪੀ ਮੋਤੀ ਇਕੱਤਰ ਕਰਕੇ ਮਾਨਵਤਾ ਦੇ ਸਪੁਰਦ ਕੀਤੇ ਹਨ, ਜਿਨ੍ਹਾਂ ਦਾ ਅਸਲ ਮੁੱਲ ਉਸ ਵਿੱਚ ਟੁੱਭੀ ਲਾਉਣ ਵਾਲਾ ‘ਗੁਰਸਿੱਖ’ ਹੀ ਪਾ ਸਕਦਾ ਹੈ।

‘ਕਰਤਾ’ ਤੇ ‘ਕੁਦਰਤ’ ਪ੍ਰਮਾਤਮਾ ਦੇ ਦੋ ਨਿਰਾਕਾਰੀ ਤੇ ਆਕਾਰੀ ਭਾਵ ਸਰਗੁਣ ਤੇ ਨਿਰਗੁਣ ਰੂਪ ਹਨ। ‘ਸਰਗੁਣ’ ਤੋਂ ਭਾਵ ‘ਦ੍ਰਿਸ਼ਟਮਾਨ’ ਜਗਤ ਹੁੰਦਾ ਹੈ ਜਦਕਿ ‘ਨਿਰਗੁਣ’ ਤੋਂ ਭਾਵ ਕਰਤਾਰ ਦਾ ‘ਅਦ੍ਰਿਸ਼’ (ਅਲੌਕਿਕ) ਰੂਪ ਹੈ। ਦ੍ਰਿਸ਼ਟਮਾਨ ਰੂਪ ਨੂੰ ਵੇਖਣ ਲਈ ਕਰਤਾਰ ਨੇ ਜੀਵਾਂ ਲਈ ਪੰਜ ਗਿਆਨ ਇੰਦ੍ਰੇ (ਨੱਕ, ਕੰਨ, ਜੀਭ, ਨੇਤਰ ਤੇ ਤ੍ਵਚਾ ਭਾਵ ਚਮੜੀ, ਸਪਰਸ) ਬਖ਼ਸ਼ਸ਼ ਕੀਤੇ ਹੋਏ ਹਨ ਤੇ ਪਰਾਲੌਕਿਕ (ਅਦ੍ਰਿਸ਼) ਰੂਪ ਨੂੰ ਵੇਖਣ ਲਈ ਅਨੁਭਵੀ ਅੱਖਾਂ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਦੀ ਬਖ਼ਸ਼ਸ ਕੋਈ ਤਜਰਬੇਕਾਰ ‘ਗੁਰੂ’ ਹੀ ਕਰ ਸਕਦਾ ਹੈ; ਉਹ ਅੱਖਾਂ ਹਨ: ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮ: ੫/੫੭੭) ‘ਬਿਅੰਨਿ’ ਤੋਂ ਭਾਵ ਦੁਨੀਆਵੀ ਅੱਖਾਂ ਨਹੀਂ ਬਲਕਿ ਹੋਰ ਦੂਸਰੀਆਂ (ਅਨੁਭਵੀ) ਅੱਖਾਂ ਵੱਲ ਸੰਕੇਤ ਹੈ ਕਿਉਂਕਿ ਦੁਨਿਆਵੀ ਨੇਤਰਾਂ ’ਚ ਅਦ੍ਰਿਸ਼ (ਪ੍ਰਮਾਤਮਾ) ਨੂੰ ਵੇਖਣ ਦੀ ਸਮਰੱਥਾ ਨਹੀਂ ਹੁੰਦੀ ਤੇ ਇਹ ਸਮਰੱਥਾ ਨਾ ਹੋਣ ਕਾਰਨ ਅਦ੍ਰਿਸ਼ ਮਾਲਕ ਦੇ ਪ੍ਰੇਮ-ਰੰਗ ਦਾ ਆਨੰਦ (ਅਨੁਭਵ) ਮਾਣਨ ਲਈ ਉਤਸ਼ਾਹ ਵੀ ਪੈਦਾ ਨਹੀਂ ਹੋ ਸਕਦਾ; ਜਿਵੇਂ ਕਿ ਭਗਤ ਰਵਿਦਾਸ ਜੀ ਬਿਆਨ ਕਰ ਰਹੇ ਹਨ: ‘‘ਬਿਨੁ ਦੇਖੇ, ਉਪਜੈ ਨਹੀ ਆਸਾ ॥’’ (ਭਗਤ ਰਵਿਦਾਸ/੧੧੬੭) ਇਸ ਲਈ ਕਰਤਾਰ ਦੇ ‘ਨਿਰਾਕਾਰ’ (ਅਦ੍ਰਿਸ਼) ਸਰੂਪ ਦੀ ਸਮਝ ਪ੍ਰਾਪਤ ਕਰਨ ਲਈ ਉਸ ਦੇ ਆਕਾਰ (ਦ੍ਰਿਸ਼ਟਮਾਨ ਭਾਵ ਸਰਗੁਣ ਰੂਪ ਕੁਦਰਤ) ਬਾਰੇ ਬੋਧ ਹੋਣਾ ਜ਼ਰੂਰੀ ਹੈ, ਜਿਸ ਦਾ ਜ਼ਿਕਰ ਗੁਰੂ ਜੀ ‘ਜਪੁ’ ਬਾਣੀ ਦੀ ਪੰਕਤੀ ‘‘ਰਾਤੀ, ਰੁਤੀ, ਥਿਤੀ, ਵਾਰ ॥’’ ’ਚ ਵਿਸਥਾਰ ਨਾਲ ਕਰਦੇ ਹਨ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਪ੍ਰਮਾਤਮਾ ਨੇ ਆਪ ਹੀ ਇੱਕ ਕਲਾ ਵਰਤਾ (ਧਮਾਕਾ ਕਰ) ਕੇ ਆਕਾਰ (ਕੁਦਰਤ) ਦਾ ਵਿਸਥਾਰ ਰਚ ਦਿੱਤਾ: ‘‘ਕੀਤਾ ਪਸਾਉ, ਏਕੋ ਕਵਾਉ ॥’’ (ਜਪੁ/ਮ: ੧), ‘‘ਦੁਯੀ ਕੁਦਰਤਿ ਸਾਜੀਐ..॥’’ (ਮ: ੧/੪੬੩) ਇਸ ‘ਪਸਾਉ’ (ਪਸਾਰੇ, ਵਿਸਥਾਰ) ’ਚ ਹਵਾ (ਵੇਗ, ਗਤੀ), ਅੱਗ (ਗ਼ਰਮੀ, ਤਪਸ਼), ਧਰਤੀ (ਕਣਾਂ ਦਾ ਸੰਗ੍ਰਹਿ) ਆਦਿ ਤੱਤਾਂ ਦੀ ਰਾਹੀਂ ਗੈਸਾਂ; ਜਿਵੇਂ ਕਿ: ‘ਕਾਰਬੋਹਾਈਡ੍ਰੇਟ’ (ਕਾਰਬਨ, ਹਾਈਡਰੋਜਨ ਤੇ ਆਕਸੀਜਨ ਦਾ ਮੂਲ), ਕਾਰਬਨ ਡਾਈਆਕਸਾਈਡ (ਕਾਰਬਨ ਤੇ ਆਕਸੀਜਨ ਦਾ ਸੁਮੇਲ) ਆਦਿ ਹੋਂਦ ’ਚ ਆਈਆਂ। ਇਨ੍ਹਾਂ ਗੈਸਾਂ ਰਾਹੀਂ ਬਣੇ ਵਾਤਾਵਰਨ (ਮੌਸਮ) ਪਰਿਵਰਤਨ ਕਾਰਨ ਪਾਣੀ (ਹਾਈਡਰੋਜਨ ਤੇ ਆਕਸੀਜਨ ਦਾ ਸੁਮੇਲ) ਤਰਲ ਰੂਪ ਧਾਰਨ ਕਰ ਗਿਆ। ਇਸ ਪਾਣੀ ਤੋਂ ਸ਼ੁਰੂਆਤੀ ਸਮੁੰਦਰੀ ਜੀਵਾਂ ਨੇ ਆਪਣੀ ਸ਼ਕਲ ਬਣਾਈ, ਫਿਰ ਧਰਤੀ ’ਤੇ ਚੱਲਣ ਵਾਲੇ ਚਾਰ ਪੈਰੇ (ਥਣਧਾਰੀ) ਅਤੇ ਸਹਿਜੇ ਸਹਿਜੇ ਆਕਾਸ ’ਚ ਉੱਡਣ ਵਾਲੇ ਪੰਛੀ (ਚੋਗਾਧਾਰੀ) ਆਦਿ ਪ੍ਰਗਟ ਹੋ ਗਏ, ਜਿਨ੍ਹਾਂ ਦਾ ਮਾਪ (ਪੈਮਾਨਾ) ਅਣਗਿਣਤ ਹੈ: ‘‘ਅਸੰਖ ਨਾਵ, ਅਸੰਖ ਥਾਵ ॥’’ (ਜਪੁ /ਮ: ੧)

ਇਸ ਕੁਦਰਤੀ ਖੇਲ (ਰਚਨਾ) ’ਚ ਜਿੱਥੇ ਪਾਣੀ ਦੀ ਵਿਸ਼ੇਸ਼ ਭੂਮਿਕਾ ਹੋਣ ਕਾਰਨ ਇਸ ਨੂੰ ਜਗਤ ਦਾ ਪਿਤਾ: ‘‘ਪਾਣੀ ਪਿਤਾ ਜਗਤ ਕਾ.. ॥’’ (ਮ: ੧/੧੨੪੦) ਮੰਨਿਆ ਗਿਆ, ਉੱਥੇ ਹਵਾ ਦੀ ਨਮੀ (ਹੁੰਮਸ) ਰਾਹੀਂ ਹੋ ਰਹੇ ਜਲਵਾਯੂ (ਵਾਤਾਵਰਨ) ਪਰਿਵਰਤਨ ਰਾਹੀਂ ਸਮੂਹਿਕ ਜੀਵਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਬੰਦੋਬਸਤ ਵੀ ਕੀਤਾ ਗਿਆ।

ਕੁਦਰਤ ਦੇ ਮਾਲਕ ਨੇ ਆਪਣੇ ਨਿਯਮ (ਸੁਭਾਉ) ਅਨੁਸਾਰ ਤਮਾਮ ਜੀਵਾਂ ਨੂੰ ਜੀਵਤ ਰੱਖਣ ਲਈ ਜੋ ਖ਼ੁਰਾਕ ਉਪਲਬਧ ਕਰਵਾਈ, ਉਸ ਤਾਕਤ ਤੋਂ ‘ਕਾਮ’ (ਉਤੇਜਨਾ) ਪੈਦਾ ਕਰਕੇ ਕੁਦਰਤ ਦਾ ਵਿਕਾਸ ਨਿਰੰਤਰ ਜਾਰੀ ਰੱਖਣ ਦਾ ਪ੍ਰਬੰਧ ਕਰ ਦਿੱਤਾ ਗਿਆ। ਪਰਵਾਰਿਕ ‘ਮੋਹ’ ਨੇ ਸਭ ਜੀਵਾਂ ਦੇ ਸਬੰਧਾਂ ਨੂੰ ਮਜਬੂਤ ਕੀਤਾ ਤੇ ਖ਼ੁਰਾਕ ਲਈ ਯਤਨਸ਼ੀਲ ਰਹਿਣਾ ‘ਲੋਭ’ ਬਣ ਗਿਆ। ਇਸ ਲੋਭ ਰਾਹੀਂ ਜਿਸ ਜਿਸ ਨੇ ਰੱਬੀ ਦਾਤਾਂ ਵਿੱਚੋਂ ਵਧੇਰੇ ਖ਼ੁਰਾਕ ਪ੍ਰਾਪਤ ਕਰਨ ’ਚ ਸਫਲਤਾ ਪਾਈ, ਉਹ ਉਸ ਦਾਤ ’ਤੇ ਆਪਣਾ ਹੱਕ ਜਤਾਉਣ ਕਾਰਨ ਅਹੰਕਾਰੀ ਬ੍ਰਿਤੀ ਦਾ ਮਾਲਕ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਇਹ ਹੰਕਾਰੀ ਬ੍ਰਿਤੀ ਹੀ ਜਨਮ-ਮਰਨ ਦਾ ‘ਮੂਲ’ ਬਣੀ ਹੋਈ ਹੈ ਕਿਉਂਕਿ ‘ਹਉਮੈ’ ਤੂੰ ਤੂੰ ਨੂੰ ਮੈ ਮੈ ’ਚ ਬਦਲ ਦਿੰਦੀ ਹੈ: ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ ਵਿਸਰਿਐ, ਦੁਖੁ ਪਾਈ ॥’’ (ਮ: ੧/੯੪੬) ਇਸ ਵਾਕ ’ਚ ‘ਨਾਮਿ ਵਿਸਰਿਐ’ ਤੋਂ ਭਾਵ ‘ਕੁਦਰਤ ਦੇ ਰਚਨਹਾਰ (ਅਸਲ ਦਾਤਾਰ ਮਾਲਕ ਵੱਲੋਂ ਮਿਲੀ ਦਾਤ, ਅਹਿਸਾਨ) ਦੀ ਯਾਦ ਭੁੱਲਣ ਕਾਰਨ’ ਸਭ ਕੁਝ ਦਾ ਕਰਤਾ (ਕਰਨ ਵਾਲਾ) ਮਨੁੱਖ ਆਪ ਹੀ ਬਣ ਬੈਠਦਾ ਹੈ।

ਗੁਰੂ ਸਾਹਿਬਾਨਾਂ ਨੇ ਨਿਰੰਤਰ ਤੇ ਨਿਰਵਿਘਨ ਹੋ ਰਹੇ ਮੌਸਮੀ ਪਰਿਵਰਤਨ ਦੀਆਂ ਉਦਾਹਰਨਾਂ ਦੇ ਕੇ ਮਨੁੱਖਾਂ ਨੂੰ ਬਾਹਰਲੇ ਜਲਵਾਯੂ ਪਰਿਵਰਤਨ ਵਾਙ ਅੰਦਰੂਨੀ (ਮਾਨਸਿਕ) ਪਰਿਵਰਤਨ (ਮੈ ਮੈ ਦੀ ਬਜਾਏ ਤੂੰ ਤੂੰ) ਕਰਨ ਨੂੰ ਵਧੇਰੇ ਅਹਿਮੀਅਤ ਦਿੱਤੀ ਹੈ। ਗੁਰਬਾਣੀ ’ਚ ਦਰਜ ਬਾਰਹਾ ਮਾਹਾਂ, ਥਿਤਾਂ, ਰੁਤੀ, ਵਾਰ, ਦਿਨ ਰੈਣਿ ਆਦਿ ਬਾਣੀਆਂ ਦਾ ਮੂਲ ਵਿਸ਼ਾ ਵੀ ਇਹੀ ਹੈ; ਜਿਵੇਂ: ‘‘ਪੰਦ੍ਰਹ ਥਿਤਂੀ ਤੈ ਸਤ ਵਾਰ ॥ ਮਾਹਾ ਰੁਤੀ; ਆਵਹਿ ਵਾਰ ਵਾਰ ॥ ਦਿਨਸੁ ਰੈਣਿ; ਤਿਵੈ ਸੰਸਾਰੁ ॥ ਆਵਾ ਗਉਣੁ ਕੀਆ ਕਰਤਾਰਿ ॥’’ (ਮ: ੩/੮੪੨), ‘‘ਸਭੇ ਰੁਤੀ ਚੰਗੀਆ; ਜਿਤੁ ਸਚੇ ਸਿਉ ਨੇਹੁ ॥’’ (ਮ: ੧/੧੦੧੫), ‘‘ਪੋਖਿ ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥’’ (ਮ: ੫/੧੩੫) ਆਦਿ।

ਉਪਰੋਕਤ ਵਿਸ਼ੇ ਦੀ ਨੀਂਹ ਰੱਖਦਿਆਂ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 34 ਵੀਂ ਪਉੜੀ ਰਾਹੀਂ ਰਾਤਾਂ, ਰੁੱਤਾਂ (ਮੌਸਮ) ਥਿਤਾਂ (ਚੰਦ੍ਰਮਾ ਨਾਲ ਸਬੰਧਿਤ ਤਿਥੀਆਂ), ਵਾਰ (ਸੂਰਜ ਨਾਲ ਸਬੰਧਿਤ ਦਿਨ), ਹਵਾ, ਪਾਣੀ, ਅੱਗ, ਸਮੁੰਦਰ ਆਦਿ ਨੂੰ ‘ਧਰਤੀ’ (ਧਰਮਸਾਲ) ਦਾ ਸੁਰੱਖਿਆ ਕੱਵਚ ਮੰਨਿਆ, ਜਿਸ (ਧਰਤੀ) ਉੱਤੇ ਬਹਿ ਕੇ ਰੱਬੀ ਭਗਤ ਨੇ ਗ੍ਰਹਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ‘‘..ਸਰਨਿ ਰਾਮ ਕੀ ਲੇਹ ॥’’ ਲੈਂਣੀ ਹੈ; ਗੁਰੂ ਵਾਕ ਹੈ: ‘‘ਰਾਤੀ, ਰੁਤੀ, ਥਿਤੀ, ਵਾਰ ॥ ਪਵਣ, ਪਾਣੀ, ਅਗਨੀ, ਪਾਤਾਲ ॥ ਤਿਸੁ ਵਿਚਿ, ਧਰਤੀ ਥਾਪਿ ਰਖੀ; ‘ਧਰਮ ਸਾਲ’ ॥’’ (ਜਪੁ/ਮ: ੧) ‘ਧਰਮ ਸਾਲ’ ਦਾ ਅਰਥ ਹੈ ‘ਧਰਮ ਕਮਾਉਣ ਦੀ ਜਗ੍ਹਾ’ ਪਰ ਇਹ ‘ਧਰਮ’ ਕਮਾਉਣਾ ਪਸ਼ੂਆਂ ਦੇ ਜ਼ਿੰਮੇ ਨਹੀਂ ਆਇਆ ਬਲਕਿ ਮਨੁੱਖਾਂ ਨੇ ਕਮਾਉਣਾ ਹੈ, ਜਿਸ ਦਾ ਅਰਥ ਨੈਤਿਕਤਾ, ਇਨਸਾਨੀਅਤ, ਗੁਣਾਂ ਭਰਪੂਰ ਜੀਵਨ ਜਾਂ ਰੱਬੀ ਭਗਤ ਦਾ ਆਦਰਸ਼ ਜੀਵਨ ਮੰਨ ਸਕਦੇ ਹਾਂ।

ਗੁਰਬਾਣੀ ਅਨੁਸਾਰ ‘ਧਰਤੀ’ ਬਣੀ ਹੀ ਬੰਦਗੀ ਕਰਨ ਵਾਲੇ ਭਗਤਾਂ ਲਈ ਹੈ, ਜਿਸ ਕਰਕੇ ਇਸ ਦਾ ਨਾਂ ‘ਧਰਮਸਾਲ’ ਪੈ ਗਿਆ, ਬਾਕੀ ਜੂਨਾਂ ਤਾਂ ਮਨੁੱਖ ਦਾ ਕੇਵਲ ਪਾਣੀ ਭਰਦੀਆਂ ਹਨ: ‘‘ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ, ਤੇਰੀ ਸਿਕਦਾਰੀ ॥’’ (ਮ: ੫/੩੭੪) ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਇਸ ਬੰਦਗੀ ਵਾਲੀ ਜਗ੍ਹਾ (ਧਰਤੀ) ਉੱਤੇ ਚੋਰ (ਮੈ ਮੈ ਕਰਨ ਵਾਲੇ ਪਸ਼ੂ ਬ੍ਰਿਤੀ ਮਨੁੱਖ ਵੀ) ਆ ਕੇ ਬੈਠ ਗਏ: ‘‘ਕਬੀਰ ! ਧਰਤੀ ਸਾਧ ਕੀ, ਤਸਕਰ ਬੈਸਹਿ ਗਾਹਿ ॥’’ (ਮ: ੫/੯੬੫) ਆਦਿ।

‘ਧਰਮਸਾਲ’ ਉੱਤੇ ਬੈਠ ਕੇ (ਸੁਰੱਖਿਆ ਕੱਵਚ ਰੂਪ ਮੌਸਮ ਪਰਿਵਰਤਨ ਰਾਹੀਂ) ਕੇਵਲ ਉਸ ਰੁੱਤ ਜਾਂ ਸਮੇਂ ਨੂੰ ਹੀ ਰੰਗੀਲਾ (ਲਾਭਕਾਰੀ) ਮੰਨਿਆ ਜਾ ਸਕਦਾ ਹੈ ਜਿਸ ਦੌਰਾਨ ਇਹ ਭਾਵਨਾ ਵਿਅਕਤ ਕੀਤੀ ਜਾ ਸਕੇ ਕਿ: ‘‘ਸਾ ਰੁਤਿ ਸੁਹਾਵੀ; ਜਿਤੁ ਤੁਧੁ ਸਮਾਲੀ ॥’’ (ਮ: ੫/੯੭), ‘‘ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ; ਜਿਤੁ ਤੁਮਰੈ ਦੁਆਰੈ ਆਇਆ ॥’’ (ਮ: ੫/੭੪੯) ਆਦਿ।

‘ਗੁਰੂ’ ਤੇ ‘ਕਰਤਾਰ’ ਦੀ ਮਦਦ ਨਾਲ ਪ੍ਰਾਪਤ ਕੀਤੀਆਂ ਅਨੁਭਵੀ ਅੱਖਾਂ ਨਾਲ ਮਨੁੱਖ ਦੀ ਸਮਦ੍ਰਿਸ਼ਟੀ ਬਣਦੀ ਹੈ, ਜੋ ਪੁਕਾਰ ਉੱਠਦੀ ਹੈ ਕਿ: ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? ॥’’ (ਭਗਤ ਕਬੀਰ/੧੩੪੯) ਮਨੁੱਖ ਆਪਣੀਆਂ ਅੱਖਾਂ ਨਾਲ ਕੁਦਰਤ ਵਿੱਚੋਂ ਕਰਤਾਰ ਦੇ ਦਰਸ਼ਨ ਕਰਦਾ ਹੈ, ਕੰਨਾਂ ਨਾਲ ਉਸ ਦੀ ਉਸਤਤ ਸੁਣਦਾ ਹੈ, ਮੂੰਹ (ਰਸਨਾ) ਨਾਲ ਉਸ ਦਾ ਨਾਮ-ਸਿਮਰਦਾ ਹੈ: ‘‘ਅਖੀ ਕੁਦਰਤਿ, ਕੰਨੀ ਬਾਣੀ; ਮੁਖਿ ਆਖਣੁ ਸਚੁ ਨਾਮੁ ॥’’ (ਮ: ੧/੧੧੬੮) ਅਤੇ ਅਨੁਭਵ ਮਾਣਦਾ ਹੋਇਆ ਵਿਸਮਾਦ ’ਚ ਆਉਂਦਾ ਆਖਦਾ ਹੈ: ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥’’ (ਮ: ੧/੪੬੯)

‘ਜਪੁ’ ਬਾਣੀ ’ਚ ਵੀ ਗੁਰੂ ਨਾਨਕ ਸਾਹਿਬ ਜੀ ਕਰਤਾਰ ਦੀ ਕੁਦਰਤ ਦੇ ਵਿਸਥਾਰ ਬਾਰੇ ‘‘ਏਹੁ ਅੰਤੁ, ਨ ਜਾਣੈ ਕੋਇ ॥’’ (ਜਪੁ /ਮ: ੧) ਬਿਆਨ ਕਰਦੇ ਹੋਏ ਕੁਦਰਤ ਦਾ ਆਰੰਭਕ ਕਾਲ ਜਲਵਾਯੂ (ਵੇਲਾ ਜਾਂ ਸਮਾਂ, ਰੁੱਤ, ਦਿਨ, ਤਿਥ, ਮਹੀਨੇ ਆਦਿ) ਪਰਿਵਰਤਨ ਤੋਂ ਮੁਕਤ ਦੱਸ ਰਹੇ ਹਨ ਜਿਸ (ਸਮੇਂ) ਬਾਰੇ ਮੌਸਮ ਨੂੰ ਨਿਰਧਾਰਿਤ ਕਰਨ ਵਾਲਿਆਂ ਨੂੰ ਕੁਝ ਪਤਾ ਨਹੀਂ ਸੀ; ਜਿਵੇਂ: ‘‘ਕਵਣੁ ਸੁ ਵੇਲਾ ? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ? ॥ ਕਵਣਿ ਸਿ ਰੁਤੀ, ਮਾਹੁ ਕਵਣੁ; ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ; ਜਿ, ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ; ਜਿ, ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ॥’’ ਕਿਉਂਕਿ ਉਸ ਸਮੇਂ (ਜਲਵਾਯੂ) ਬਾਰੇ ਕੇਵਲ ‘‘ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥’’ (ਜਪੁ /ਮ: ੧) ਆਦਿ।

ਕਰਤਾਰ ਦੇ ਸਰਗੁਣ ਰੂਪ (ਭਾਵ ਕੁਦਰਤ ਦੇ ਵਿਸਥਾਰ) ’ਚ ਸ਼ੁਰੂਆਤੀ ਧਮਾਕੇ (‘‘ਕੀਤਾ ਪਸਾਉ, ਏਕੋ ਕਵਾਉ ॥’’) ਤੋਂ ਲੈ ਕੇ ਨਾ-ਮਾਤ੍ਰ ਆਕਾਰ ਵਾਲੇ ਅਣੂ ਤੱਕ ਹਰ ਵਸਤੂ ਗਤੀਸ਼ੀਲ (ਪਰਿਵਰਤਨਸ਼ੀਲ) ਹੈ; ਇਸ ਕਿਰਿਆਸ਼ੀਲਤਾ ’ਚ ਹੀ ਇੱਕ ਛੋਟਾ ਜਿਹਾ ਭਾਗ ਹੈ: ‘ਮਨੁੱਖ ਦਾ ਮਾਨਸਿਕ ਪਰਿਵਰਤਨ’, ਜਿਸ ਦੀ ਕਿਰਿਆ ‘ਮੌਸਮੀ ਪਰਿਵਰਤਨ’ ਨਾਲ ਮਿਲਦੀ ਜੁਲਦੀ ਹੈ, ਇਸ ਲਈ ਗੁਰਬਾਣੀ ਸਮੇਤ ਜ਼ਿਆਦਾਤਰ ਧਾਰਮਿਕ ਗ੍ਰੰਥਾਂ ’ਚ ‘ਮਾਨਸਿਕ ਪਰਿਵਰਤਨ’ ਬਾਰੇ ਜਾਣਕਾਰੀ ਦੇਣ ਲਈ ‘ਮੌਸਮੀ ਪਰਿਵਰਤਨ’ ਦੀਆਂ ਉਦਾਹਰਨਾਂ ਨੂੰ ਤਰਜੀਹ ਦਿੱਤੀ ਗਈ, ਮਿਲਦੀ ਹੈ।

ਮਨੁੱਖ ਨੇ ਮੌਸਮੀ ਪਰਿਵਰਤਨ ਵਾਙ ਹੀ ਵੀਚਾਰਕ (ਮਾਨਸਿਕ) ਬਦਲਾਅ ਨੂੰ ਨਿਰਧਾਰਿਕ ਕਰਨ ਲਈ ਜੁਗਾਂ (ਸਤਿਜੁਗ, ਤ੍ਰੇਤਾ, ਦੁਆਪਰ, ਕਲਿਜੁਗ ਆਦਿ) ਦੀ ਹੋਂਦ ਨਿਸ਼ਚਿਤ ਕੀਤੀ, ਰਾਤਾਂ, ਰੁੱਤਾਂ, ਮਹੀਨਿਆਂ, ਸਾਲਾਂ, ਸਦੀਆਂ, ਅੰਮ੍ਰਿਤ ਵੇਲਾ, ਸੰਧਿਆ, ਈਸਵੀ (ਈਸਾ ਮਸੀਹ ਨਾਲ ਸਬੰਧਿਤ ਸਮਾਂ), ਬਿਕ੍ਰਮੀ (ਰਾਜਾ ਬਿਕਰਮਾਜੀਤ ਦੇ ਨਾਂ ’ਤੇ, ਜੋ 57 ਪੂਰਵ-ਈਸਵੀ ’ਚ ਲਾਗੂ ਹੋਇਆ)’ ਆਦਿ ਨਾਲ ਸਮੇਂ ਨੂੰ ਯਾਦ ਰੱਖਣਾ ਜ਼ਰੂਰੀ ਸਮਝਿਆ ਗਿਆ, ਤਾਂ ਜੋ ਮੌਸਮੀ ਪਰਿਵਰਤਨ ਤੇ ਵੀਚਾਰਕ ਪਰਿਵਰਤਨ ’ਚ ਸੰਤੁਲਨ ਬਣਿਆ ਰਹੇ। ਧਿਆਨ ਰਹੇ ਕਿ ਇਸ ਮੌਸਮੀ ਪਰਿਵਰਤਨ ਨੂੰ ਆਧਾਰ ਬਣਾ ਕੇ ਕੀਤੀ ਗਈ ਸਮਾਂ ਵੰਡ ਦਾ ਸੰਬੰਧ ਪਸ਼ੂ-ਪੰਛੀਆਂ ਆਦਿ ਨਾਲ ਨਹੀਂ ਭਾਵ ਪਸ਼ੂਆਂ ਲਈ ਦਿਨ, ਰਾਤ, ਤਿਥ, ਸਾਲ, ਮਹੀਨੇ’ ਆਦਿ ਦੀ ਗਿਣਤੀ ਕੋਈ ਮਾਇਨਾ ਨਹੀਂ ਰੱਖਦੀ। ਨਵੇਂ ਸਾਲ ਦਾ ਜਸ਼ਨ ਵੀ ਕੇਵਲ ਮਨੁੱਖੀ ਮਾਨਸਿਕਤਾ ਦੀ ਉਪਜ ਹੈ, ਜੋ ਈਸਾ ਮਸੀਹ ਦੇ ਨਾਂ ’ਤੇ ਬਣੇ ਕੈਲੰਡਰ ਤੋਂ ਆਰੰਭ ਹੁੰਦਾ ਹੈ। ਜਾਗਦੀਆਂ ਕੌਮਾਂ ਆਪਣੇ ਬੋਧ ਨਾਲ ਇਸ ਤਰ੍ਹਾਂ ਸਮੇਂ ਦੀ ਵੰਡ ਨਿਰਧਾਰਿਤ ਕਰਦੀਆਂ ਹਨ ਕਿ ਪੂਰੀ ਦੁਨੀਆਂ ਉਨ੍ਹਾਂ ਦੀ ਸਮਝਦਾਰੀ ਨੂੰ ਸਲਾਮ ਕਰਦੀਆਂ ਹਨ ਤੇ ਇੱਕ ਦਿਨ ਉਹੀ ਸਮਾਂ ਵੰਡ ਕਿਸੇ ਇੱਕ ਫ਼ਿਰਕੇ ਤੱਕ ਸੀਮਤ ਨਾ ਰਹਿ ਕੇ ਸਮੂਹਿਕ ਲਈ ਪ੍ਰੇਰਨਾ ਸਰੋਤ ਬਣ ਜਾਂਦੀ ਹੈ ਪਰ ਵਿਵੇਕਹੀਣ ਕੌਮਾਂ ਅਗਰ ਉਕਤ ਮਿਸਾਲ ਵਾਙ ਆਪ ਵੀ ਆਪਣੀ ਯੋਗਤਾ ਦਾ ਸਬੂਤ ਨਾ ਦੇਣ ਤਾਂ ਉਹ ਆਪਣੇ ਅਸਤਿਤਵ ਨੂੰ ਹੀ ਖ਼ਤਮ ਕਰਨ ਵੱਲ ਵਧ ਰਹੀਆਂ ਹੁੰਦੀਆਂ ਹਨ। ਇਹੀ ਹਾਲ ਅਜੋਕੀ ਸਿੱਖ ਕੌਮ ਦਾ ਹੈ, ਜੋ ਆਪਣੇ ਗੁਰੂਆਂ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਵੀ ਨਿਸ਼ਚਿਤ ਦਿਨ ਨੂੰ ਮਨਾਉਣਾ ਜ਼ਰੂਰੀ ਨਹੀਂ ਸਮਝਦੀ। ਅੱਜ ਕਿਸੇ ਸਿੱਖ ਬੱਚੇ ਤੋਂ ਕੋਈ ਸਕੂਲ ਅਧਿਆਪਕ ਸਵਾਲ ਪੁੱਛੇ ਕਿ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਦ ਆਵੇਗਾ?, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਿਹਾੜਾ ਕਦੋਂ ਆਏਗਾ ? ਆਦਿ, ਤਾਂ ਉਹ ਵਿਚਾਰਾ ਮਾਸਟਰ ਦੇ ਮੂੰਹ ਵੱਲ ਵੇਖਣ ਤੋਂ ਵਧੀਕ ਕੁਝ ਨਹੀਂ ਬੋਲ ਸਕਦਾ, ਇਹੀ ਹਾਲ ਸਿੱਖ ਇਤਿਹਾਸ ਨਾਲ ਸਬੰਧਿਤ ਕਈ ਹੋਰ ਇਤਿਹਾਸਕ ਦਿਹਾੜਿਆਂ ਦਾ ਹੈ। ਅਗਰ ਇਹ ਸਿਲਸਿਲਾ ਜ਼ਾਰੀ ਰਿਹਾ ਤਾਂ ਅਸੀਂ ਆਪਣੇ ਭਵਿੱਖ ਨੂੰ ਇਤਨਾ ਧੁੰਦਲਾ ਬਣਾ ਦੇਵਾਂਗੇ ਕਿ, ਉਸ ਵਿੱਚ ਉਜਾਲਾ ਵੇਖਣਾ ਮੁਸ਼ਕਲ ਹੋ ਜਾਵੇਗਾ। ਇਹ ਸਭ ਦੁਚਿੱਤਾਪਨ ਸਾਡੀ ਵੋਟ ਬੈਂਕ ਦੀ ਰਾਜਨੀਤੀ ਦੀ ਦੇਣ ਹੈ, ਜਿਸ ਨੂੰ ਅਸੀਂ ਆਪਣੀ ਅਗਿਆਨਤਾ ਕਾਰਨ ਅਯੋਗ ਵਿਅਕਤੀ ਦੇ ਹੱਕ ’ਚ ਭੁਗਤਾ ਕੇ ਸ਼ਕਤੀ ਦੇ ਦੇਂਦੇ ਹਾਂ। ਇਸ ਲਈ ਅਸੀਂ ਵੀ ਬਰਾਬਰ ਦੇ ਦੋਸ਼ੀ ਹਾਂ। ਗੁਰਬਾਣੀ ਸਾਨੂੰ ਬਾਰ ਬਾਰ ਚੇਤੇ ਕਰਾਉਂਦੀ ਹੈ ਕਿ ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ॥’’ (ਮ: ੧/੧੪੮) ਪਰ ਅਸੀਂ ਗੁਰਬਾਣੀ ਨੂੰ ਵੀਚਾਰ ਕੇ ਆਪਣੇ ਜੀਵਨ ’ਚ ਤਬਦੀਲੀ ਲਿਆਉਣ ਦੀ ਬਜਾਏ ਕੇਵਲ ਉਸ ਦੇ ਬਾਹਰੀ ਸਤਿਕਾਰ ਤੱਕ ਸਿਮਟ ਕੇ ਰਹਿ ਗਏ ਹਾਂ।

ਅੰਤ ’ਚ ਉਕਤ ਤਮਾਮ ਵੀਚਾਰ ਦਾ ਇਹੀ ਸਾਰ ਮਿਲੇਗਾ ਕਿ ਕਰਤਾਰ ਦੇ ਨਿਯਮ ਅਨੁਸਾਰ ਕੁਦਰਤ ਦਾ ਵਿਕਾਸ ਹੀ ਪਰਿਵਰਤਸ਼ੀਲ ਕਿਰਿਆ ਕਰਕੇ ਹੈ ਪਰ ਇਹ ਮਨੁੱਖ ਨੇ ਫ਼ੈਸਲਾ ਕਰਨਾ ਹੈ ਕਿ, ਕੀ ਉਹ ਜਲਵਾਯੂ ਪਰਿਵਰਤਨ ਵਾਙ ਆਪਣੇ ਮਾਨਸਿਕ ਵੀਚਾਰਾਂ ’ਚ ਵੀ ਕੋਈ ਤਬਦੀਲੀ ਕਰੇਗਾ ਜਾਂ ਆਪਣਾ ਕੀਮਤੀ ਮਨੁੱਖਾ ਸਮਾਂ ਨਾ-ਸਮਝੀ ਕਾਰਨ ਪਸ਼ੂਆਂ ਵਾਙ ਵਿਅਰਥ ਗਵਾਏਗਾ। ਪਸ਼ੂ ਤੇ ਮਨੁੱਖ ’ਚ ਕੁਦਰਤ ਵੱਲੋਂ ਇਹੀ ਭਿੰਨਤਾ ਬਿਆਨੀ ਗਈ ਹੈ ਕਿ ਪਸ਼ੂ ਨੂੰ ਕਰਤਾਰ ਦੇ ਇਸ ਨਿਯਮ ਦੀ ਸਮਝ ਨਹੀਂ ਹੁੰਦੀ ਜਦਕਿ ਮਨੁੱਖ ਨੂੰ ‘ਗੁਰੂ’ ਦੀ ਰਾਹੀਂ ਇਹ ਸਮਝ ਕਰਵਾ ਦਿੱਤੀ ਜਾਂਦੀ ਹੈ ਕਿ ‘ਮਨੁੱਖੀ ਮਾਨਸਿਕ ਪਰਿਵਰਤਨ’ ਵੀ ਜਲਵਾਯੂ ਪਰਿਵਰਤਨ ਦਾ ਹੀ ਭਾਗ ਹੈ।’