ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।
ਬਠਿੰਡਾ, ਅਪ੍ਰੈਲ 18 (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ’ਚ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਭਾਈ ਰਘਵੀਰ ਸਿੰਘ ਖਿਆਲੀਵਾਲਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥’’ (ਮਹਲਾ ੯/੬੩੩) ਦੀ ਬਾਖ਼ੂਬੀ ਵਿਆਖਿਆ ਕਰਦਿਆਂ ਸਮਝਾਇਆ ਕਿ ਉਨ੍ਹਾਂ ਨੇ ਇਹ ਸ਼ਬਦ ਸਿਰਫ ਸਾਡੇ ਲਈ ਉਚਾਰਨ ਹੀ ਨਹੀਂ ਕੀਤਾ ਸਗੋਂ ਇਸ ਅਨੁਸਾਰ ਜੀਵਨ ਆਪ ਬਤੀਤ ਕਰਕੇ ਸਾਡੇ ਲਈ ਪੂਰਨੇ ਵੀ ਪਾਏ ਹਨ।
ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਤਿਹਾਸ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਮੁਤਾਬਕ 1 ਅਪ੍ਰੈਲ ਸੰਨ 1621 ਈਸਵੀ ਨੂੰ ਹੋਇਆ ਦਰਜ ਹੈ। ਇਹ ਤਿੰਨੇ ਪਧਤੀਆਂ ਦੀਆਂ ਤਾਰੀਖ਼ਾਂ ਹੁਣ ਕਦੀ ਵੀ ਇਕੱਠੀਆਂ ਨਹੀਂ ਆਉਂਦੀਆਂ। ਮੌਜੂਦਾ ਸਮੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਕ ਮਨਾਏ ਜਾਣ ਕਰਕੇ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੇ ਹਨ ਜਿਸ ਕਾਰਨ ਪਿਛਲੇ ਸਾਲ 12 ਅਪ੍ਰੈਲ/੩੦ ਚੇਤ ਨੂੰ ਸੀ, ਇਸ ਸਾਲ 1 ਮਈ/੧੯ ਵੈਸਾਖ ਨੂੰ ਮਨਾਇਆ ਜਾਵੇਗਾ ਅਤੇ ਅਗਲੇ ਸਾਲ 21 ਅਪ੍ਰੈਲ/੮ ਵੈਸਾਖ ਨੂੰ ਹੋਵੇਗਾ ਭਾਵ ਕਿਸੇ ਦੇ ਕੁਝ ਪੱਲੇ ਨਹੀਂ ਪੈਂਦਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਸ ਤਾਰੀਖ਼ ਨੂੰ ਆ ਰਿਹਾ ਹੈ।
ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਯੂਨਾਇਟਡ ਨੇਸ਼ਨ ਨੂੰ ਪੱਤਰ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਧਰਮ ਦੇ ਧਾਰਮਿਕ ਚਿੰਨ੍ਹਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਆਪਣੇ ਤਿਨ ਪਿਆਰੇ ਗੁਰਸਿਖਾਂ ਸਮੇਤ ਮਹਾਨ ਕੁਰਬਾਨੀ ਦਿੱਤੀ, ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਮਿਸਾਲ ਹੈ, ਇਸ ਲਈ ਗੁਰੂ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਉਂਦਿਆਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਜਾਵੇ।
ਹੁਣ ਮੰਨ ਲਓ ਯੂਨਾਇਟਡ ਨੇਸ਼ਨ ਨੇ ਇਹ ਮੰਗ ਮੰਨ ਲਈ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਸੰਸਥਾ ਨੂੰ ਕਿਹੜੀ ਤਾਰੀਖ਼ ਦੇਣੀ ਹੈ ? ਇਸ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਅਤਿ ਜ਼ਰੂਰੀ ਹੈ। ਉਸ ਮੁਤਾਬਕ ਹਰ ਸਾਲ ੫ ਵੈਸਾਖ/18 ਅਪ੍ਰੈਲ ਨੂੰ ਹੀ ਆਵੇਗਾ ਕਿਉਂਕਿ ਅੱਜ ਕੱਲ੍ਹ ਬਿਕ੍ਰਮੀ ਕੈਲੰਡਰ ਦਾ ੫ ਵੈਸਾਖ, ਜੋ 1621 ਈਸਵੀ ’ਚ 1 ਅਪ੍ਰੈਲ ਨੂੰ ਆਇਆ ਸੀ, ਅੱਜ ਕੱਲ੍ਹ ਉਹ 17 ਜਾਂ 18 ਅਪ੍ਰੈਲ ਨੂੰ ਆਉਂਦਾ ਹੈ। ਜੇਕਰ ਅਜੇ ਵੀ ਸੋਧ ਨਾ ਕੀਤੀ ਤਾਂ ਉਕਤ ਵੇਰਵਿਆਂ ਮੁਤਾਬਕ ਹੋਰ ਵੀ ਅਗਾਂਹ-ਪਿਛਾਂਹ ਹੁੰਦਾ ਰਹੇਗਾ।