ਪੰਥ ਦਰਦੀਓ ਪੰਥ ਲਈ ਆਓ ਅੱਗੇ।
ਅਮਲ ਗੱਲਾਂ ’ਤੇ ਕਰਨਾ ਲੋੜ ਬਣ ਗਈ।
ਘੜ ਲਓ ਪੰਥਕ ਸਿਆਸਤ ਰੂਪ ਵੱਖਰਾ !
ਝੰਡਾ ਚੁੱਕਣਾ ਤੁਹਾਡੇ ਲਈ ਠੌਰ ਬਣ ਗਈ।
ਨੀਝ ਸੰਸਾਰ ਦੀ ਪੰਥ ਦੇ ਦਰਦੀਆਂ ’ਤੇ।
ਘੜਨੀ ਰਣਨੀਤੀ ਅੱਜ ਦਾ ਤੌਰ ਬਣ ਗਈ।
ਜਵਾਬ ਇਤਿਹਾਸ ਤੁਹਾਡੇ ਤੋਂ ਮੰਗਦਾ ਹੈ।
ਪੰਥਕ ਹੋਣੀ ਸਿਰਜੋ ਡਾਢੀ ਹੋੜ ਬਣ ਗਈ।
ਤਖ਼ਤ ਅਕਾਲ ਪਇਆ ਉਡੀਕ ਕਰਦਾ।
ਝੱਬਰ ਧਾਰੋਵਾਲੀ ਦਾ ਰੂਪ ਬਣ ਜਾਓ।
ਕਬਜ਼ਾ ਅੱਜ ਵੀ ਮਹੰਤਸ਼ਾਹੀ ਉਸ ਉੱਤੇ।
ਪ੍ਰੋਫ਼ੈਸਰ ਤੇਜਾ ਸਿੰਘ ਤੇ ਦੂਜਿਆਂ ਦਾ ਰੂਪ ਬਣ ਜਾਓ।
ਪੰਥਕ ਪ੍ਰਬੰਧ ਲਈ ਪੰਥ ਦੀ ਲੋੜ ਭਾਈ।
ਗਿਆਨੀ ਦਿੱਤ ਸਿੰਘ ਜੀਵਨ ਸਰੂਪ ਬਣ ਜਾਓ।
ਰੱਖ ਕੇ ਨਿਗਾਹ ਗੁਰਮੁਖ ਸਿੰਘ ਕਰਨੀ ’ਤੇ।
ਕੰਵਰ ਕਪੂਰਥਲਾ ਦਾ ਰੂਪ ਬਣ ਜਾਓ।
ਡਰੋ ਨ ਵਕਤ ਦੇ ਪਖੰਡ ਧਾਰੀਆਂ ਤੋਂ
ਗਰਜ ਸਿਧਾਂਤ ਨਾਲ ਇਨ੍ਹਾਂ ਦੌੜਨਾ ਹੈ।
ਪੰਥਕ ਜਾਹੋ ਜਲਾਲ ਦੀ ਤਾਬ ਨਾਲ।
ਜਾਣੋ ਕਿਲ੍ਹਾ ਇਨ੍ਹਾਂ ਦਾ ਪੰਥ ਨੇ ਤੋੜਨਾ ਹੈ।
ਘਰ ਘਰ ਪੰਥਕ ਪਿਆਰ ਦਾ ਦਿਓ ਹੋਕਾ।
ਭਰਮ ਅਨਮੱਤੀਆਂ ਦਾ ਪੰਥ ਨੇ ਤੋੜਨਾ ਹੈ।
ਉੱਠੋ ਕਮਰ ਕੱਸੇ ਛੇਤੀ ਸਜਾ ਲਈਏ।
ਹੋਸ਼ ਜੋਸ਼ ਨਾਲ ਵਕਤ ਨੂੰ ਹੋੜਨਾ ਹੈ।
ਨਵਾਂ ਯੁੱਧ ਲੜਨ ਦਾ ਗੁਰੂ ਮੌਕਾ ਦਿੱਤਾ।
ਸੰਗਲ ਜਾਤਾਂ ਪਾਤਾਂ ਵਾਲੇ ਹੱਥੀਂ ਤੋੜ ਸੁੱਟੀਏ।
ਵਿਦਿਆ ਵਿਰਸੇ ਦਾ ਆਪਾਂ ਸੁਮੇਲ ਕਰਕੇ।
ਦੈਂਤ ਨਫ਼ਰਤ ਵਾਲਾ ਪਿਛਾਂਹ ਮੋੜ ਸੁੱਟੀਏ।
ਜਗਤ ਵਿਚ ਖ਼ਾਲਸਾ ਦੀ ਬਣੇ ਸ਼ਾਖਾ।
ਵਿੱਥਾਂ ਵਾਲੀਆਂ ਹੱਦਾਂ ਵੀ ਤੋੜ ਸੁੱਟੀਏ।
ਦਿਲ ਜਿੱਤ ਲਈਏ ਕੁਲ ਮਖਲੂਕ ਵਾਲਾ।
ਪਏ ਖਾਏ ਨੇ ਉਨ੍ਹਾਂ ਪੂਰ ਸੁੱਟੀਏ।
ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472