ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਮੂਲ ਨਾਨਕਸ਼ਾਹੀ ਕੈਲੰਡਰ ਭਾਈ ਪੰਥਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਹੇਰਾਂ ਵੱਲੋਂ ਕੀਤਾ ਰੀਲੀਜ਼

0
596

ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਮੂਲ ਨਾਨਕਸ਼ਾਹੀ ਕੈਲੰਡਰ ਭਾਈ ਪੰਥਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਹੇਰਾਂ ਵੱਲੋਂ ਕੀਤਾ ਰੀਲੀਜ਼

ਬਠਿੰਡਾ, 16 ਮਾਰਚ (ਕਿਰਪਾਲ ਸਿੰਘ): ਰਾਇ ਕੋਟ ਦੇ ਨਜ਼ਦੀਕ ਪਿੰਡ ਬੱਸੀਆਂ ਵਿਖੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜਸਪਾਲ ਸਿੰਘ ਹੇਰਾਂ ਸੰਪਾਦਕ ਪਹਿਰੇਦਾਰ ਦੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਦੌਰਾਨ ਅੱਜ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 549 (2017-18) ਰੀਲੀਜ਼ ਕੀਤਾ। ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸਬੰਧਤ ਪ੍ਰਚਾਰਕ ਟੀਮ ਦੇ ਮੈਂਬਰ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਿਪਾਲੀ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਕਿਰਪਾਲ ਸਿੰਘ ਬਠਿੰਡਾ, ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ, ਭਾਈ ਸਾਹਿਬ ਸਿੰਘ ਲੱਖਣਾ, ਭਾਈ ਉਪਕਾਰ ਸਿੰਘ ਭਿੰਡਰ, ਬੀਬੀ ਗਗਨਦੀਪ ਕੌਰ ਵਜੀਦਕੇ ਖੁਰਦ, ਬੀਬੀ ਸੁਰਿੰਦਰ ਕੌਰ ਮਹਿਲ ਕਲਾਂ, ਭਾਈ ਗੁਰਚਰਨ ਸਿੰਘ ਅੱਕਾਂਵਾਲੀ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਬਹਾਦਰ ਸਿੰਘ ਢਿਪਾਲੀ, ਭਾਈ ਮਨਵੀਰ ਸਿੰਘ ਰਾਜਪੁਰਾ, ਭਾਈ ਅਮਰਜੀਤ ਸਿੰਘ ਗੁੱਜਰਵਾਲ, ਭਾਈ ਲਿਸ਼ਕਾਰ ਸਿੰਘ, ਭਾਈ ਬਲਜੀਤ ਸਿੰਘ ਸ਼ੇਰਪੁਰ, ਡਾ: ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਬੀਰ ਸਿੰਘ ਖਿਆਲੀਵਾਲਾ ਅਤੇ ਭਾਈ ਸੁਦਾਗਰ ਸਿੰਘ ਭਦੌੜ ਆਦਿਕ ਹਾਜਰ ਸਨ। ਇਸ ਮੌਕੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਚੰਗੀਆਂ ਮੰਦੀਆਂ ਤਿੱਥਾਂ ਵਾਰਾਂ ਦੇ ਵਹਿਮ ਵਿੱਚੋਂ ਕੱਢਣ ਲਈ ਸਤਿਗੁਰੂ ਜੀ ਨੇ ਸਾਡੇ ਲਈ ਉਪਦੇਸ਼ਮਈ ਬਚਨ ਉਚਾਰਨ ਕੀਤੇ ਹਨ: ‘ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ ਮੁਗਧ ਗਵਾਰ । ਗੁਰਬਾਣੀ, ਸਿੱਖ ਇਤਿਹਾਸ ਅਤੇ ਕੈਲੰਡਰ ਵਿਗਿਆਨ ਤੋਂ ਸੇਧ ਲੈਂਦਿਆਂ ਕੌਮ ਨੇ ਭਾਈ ਪਾਲ ਸਿੰਘ ਪੁਰੇਵਾਲ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ 2003 ਦੀ ਵੈਸਾਖੀ ਤੋਂ ਲਾਗੂ ਕੀਤਾ ਜਿਸ ਨੂੰ 2010 ਤੱਕ ਸੱਤ ਸਾਲਾਂ ਤੱਕ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਸਰਕਾਰਾਂ ਸਵੀਕਾਰਦੀਆਂ ਰਹੀਆਂ ਪਰ ਕੌਮ ਨੂੰ ਵਿਵਾਦਾਂ ਵਿੱਚ ਉਲਝਾ ਕੇ ਕੌਮੀ ਸ਼ਕਤੀ ਤੇ ਸਮਾਂ ਅਜਾਈਂ ਗਵਾਉਣ ਦੇ ਆਹਰੇ ਲੱਗੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਢਹੇ ਚੜ੍ਹ ਕੇ ਡੇਰਾਵਾਦੀਆਂ ਅਤੇ ਸੁਆਰਥ ਤੋਂ ਪ੍ਰੇਰਤ ਰਾਜਨੀਤਕਾਂ ਦੇ ਗਠਜੋੜ ਵੱਲੋਂ ਇਸ ਕੈਲੰਡਰ ਦਾ ਕਤਲ ਕਰਕੇ ਬਿਕ੍ਰਮੀ ਕੈਲੰਡਰ ਉਪਰ ਹੀ ਨਾਨਕਸ਼ਾਹੀ ਕੈਲੰਡਰ ਲਿਖ ਕੇ ਸੰਗਤਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਸਿੱਖਾਂ ਲਈ ਹਰ ਸਾਲ ਹੀ ਗੁਰਪੁਰਬਾਂ ਦੀਆਂ ਤਰੀਖਾਂ ਸਬੰਧੀ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।

ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਦਾ ਅੰਤਰ ਦਸਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਦੀ ਮਿਤੀ 2003 ਤੋਂ ਅੱਜ ਤੱਕ ਹਰ ਨਵੇਂ ਸਾਲ ਦਾ ਅਰੰਭ 1 ਚੇਤ, 14 ਮਾਰਚ ਤੋਂ ਹੋਇਆ ਹੈ ਅਤੇ ਵੈਸਾਖੀ ਹਰ ਸਾਲ 14 ਅਪ੍ਰੈਲ ਨੂੰ ਹੀ ਆਈ ਹੈ ਅਤੇ ਅੱਗੇ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਹਮੇਸ਼ਾਂ ਲਈ ਨਵੇਂ ਸਾਲ ਦਾ ਅਰੰਭ ਅਤੇ ਵੈਸਾਖੀ ਕਰਮਵਾਰ ਇਨ੍ਹਾਂ ਹੀ ਤਰੀਖਾਂ ਨੂੰ ਆਉਂਦੀ ਰਹੇਗੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਅਖੌਤੀ ਨਾਨਕਸ਼ਾਹੀ ਸੰਮਤ 545 (2013-14), ਸੰਮਤ 546 (2014-15), ਸੰਮਤ 547 (2015-16), ਸੰਮਤ 548 (2016-17) 549, ਸੰਮਤ (2017-18) ਲਈ ਜਾਰੀ ਕੀਤੇ ਕੈਲੰਡਰਾਂ ਮੁਤਾਬਿਕ ਨਵਾਂ ਸਾਲ 1 ਚੇਤ ਤਾਂ 14 ਮਾਰਚ ਤੋਂ ਹੀ ਸ਼ੁਰੂ ਹੋਇਆ ਹੈ ਪਰ ਵੈਸਾਖੀ 2013 ਵਿੱਚ 13 ਅਪ੍ਰੈਲ, 2014 ਅਤੇ 2015 ਵਿੱਚ 14 ਅਪ੍ਰੈਲ ਨੂੰ, 2016 ਅਤੇ 2017 ਵਿੱਚ 13 ਅਪ੍ਰੈਲ ਨੂੰ ਹੈ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 2013 ਅਤੇ 2014 ਵਿੱਚ ਦੋਵਾਂ ਦਾ ਹੀ 18 ਅਪ੍ਰੈਲ,  2015 ਵਿੱਚ ਕਰਮਵਾਰ 6 ਵੈਸਾਖ ਤੇ 27 ਚੇਤ, 2016 ਵਿੱਚ ਕਰਮਵਾਰ 25 ਵੈਸਾਖ ਤੇ 15 ਵੈਸਾਖ ਅਤੇ  2017 ਵਿੱਚ ਕਰਮਵਾਰ 15 ਵੈਸਾਖ ਤੇ 4 ਵੈਸਾਖ ਵਿਖਾਏ ਗਏ ਹਨ। ਜਿਹੜੇ ਲੋਕ ਰੌਲ਼ਾ ਪਾਉਂਦੇ ਆ ਰਹੇ ਹਨ ਕਿ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਦੇ ਨਾਮ ’ਤੇ ਸਿੱਖ ਇਤਿਹਾਸ ਵਿਗਾੜ ਦਿੱਤਾ ਹੈ ਉਹ ਦੱਸਣ ਕਿ ਦੂਸਰੇ ਤੇ ਨੌਵੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਇਹ ਤਰੀਖਾਂ ਉਨ੍ਹਾਂ ਕਿਹੜੇ ਇਤਿਹਾਸਕ ਸਰੋਤ ਤੋਂ ਲਈਆਂ ਹਨ ਅਤੇ ਇਨ੍ਹਾਂ ਵੱਲੋਂ ਕਥਿਤ ਤੌਰ ’ਤੇ ਸੋਧੇ ਕੈਲੰਡਰਾਂ ਵਿੱਚ ਵੀ ਇਹ ਦੋਵੇਂ ਦਿਹਾੜੇ ਕਦੀ ਇਕੱਠੇ, ਕਦੀ 10 ਦਿਨਾਂ ਤੇ ਕਦੀ 11 ਦਿਨਾਂ ਦੇ ਆਪਸੀ ਫਰਕ ਨਾਲ ਅਤੇ ਕਦੀ 19 ਦਿਨ ਪਿੱਛੋਂ ਅਤੇ ਕਦੀ 11 ਦਿਨ ਪਹਿਲਾਂ ਕਿਉਂ ਆ ਰਹੇ ਹਨ ? ਇਹ ਇੱਕ ਉਦਾਹਰਨ ਹੈ; ਜੇ ਬਾਕੀ ਦੀਆਂ ਸਾਰੀਆਂ ਤਰੀਖਾਂ ਦੀ ਪੜਤਾਲ ਕੀਤੀ ਜਾਵੇ ਤਾਂ ਨਤੀਜਾ ਇਸੇ ਤਰ੍ਹਾਂ ਦਾ ਹੀ ਹੈ। ਹੁਣ ਇਹ ਸਿੱਖ ਕੌਮ ਨੇ ਸੋਚਣਾਂ ਹੈ ਕਿ ਇਨ੍ਹਾਂ ਮਨਮਤੀ ਡੇਰੇਦਾਰਾਂ ਅਤੇ ਸੁਆਰਥੀ ਰਾਜਨੀਤਕ ਆਗੂਆਂ ਦੇ ਮਗਰ ਲੱਗ ਕੇ ਸੰਗ੍ਰਾਂਦ, ਦਸਵੀਂ, ਇਕਾਦਸੀ, ਚਉਦਸ, ਮੱਸਿਆ, ਪੂਰਨਮਾਸ਼ੀ ਆਦਿਕ ਤਿੱਥਾਂ ਮਨਾਉਣ ਦੇ ਚਾਅ ਵਿੱਚ ਗੁਰਪੁਰਬ ਹੀ ਕਦੀ ਗਿਆਰਾਂ ਦਿਨ ਪਹਿਲਾਂ ਅਤੇ ਕਦੀ ਅਠਾਰਾਂ ਉਨੀ ਦਿਨ ਪਿੱਛੋਂ ਮਨਾ ਕੇ ਮੁਗਧ ਗਵਾਰ ਬਣੇ ਰਹਿਣਾ ਹੈ ਜਾਂ ਤਿਥਾਂ ਵਾਰਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ ਨਿਸਚਤ ਤਰੀਖਾਂ ਨੂੰ ਮਨਾ ਕੇ ਗੁਰੂ ਦੇ ਸਚਿਆਰ ਸਿੱਖ ਬਣਨਾ ਹੈ।