ਜੰਮੂ ਵਿਚ ਮੂਲ ਨਾਨਕਸ਼ਾਹੀ ਕੈਲੰਡਰ 550 (2018-2019) ਕੀਤਾ ਜਾ ਰਿਹਾ ਹੈ ਪਹਿਲਾਂ ਹੀ ਜਾਰੀ
ਬਠਿੰਡਾ, 12 ਦਸੰਬਰ (ਕਿਰਪਾਲ ਸਿੰਘ) : ਭਾਈ ਮੱਖਨ ਸਿੰਘ ਪ੍ਰਧਾਨ ਵਿਸ਼ਵ ਚੇਤਨਾ ਲਹਿਰ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ; ਭਾਈ ਨਵਦੀਪ ਪਾਲ ਸਿੰਘ ਤੇ ਭਾਈ ਦਪਿੰਦਰ ਸਿੰਘ ਸਿੱਖ ਨੌਜਵਾਨ ਸਭਾ ਸੈਨਿਕ ਕਲੋਨੀ ਜੰਮੂ ਅਤੇ ਭਾਈ ਭੂਪਿੰਦਰ ਸਿੰਘ ਗੜ੍ਹੀ (ਊਧਮਪੁਰ) ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਅਧਾਰ ’ਤੇ ਜਾਰੀ ਕੀਤੇ ਜਾ ਰਹੇ ਕੈਲੰਡਰਾਂ ਵਿੱਚ ਹਰ ਸਾਲ ਹੀ ਗੁਰ ਪੁਰਬਾਂ ਦੀਆਂ ਤਰੀਖਾਂ 11 ਤੋਂ 19 ਦਿਨ ਅੱਗੇ ਪਿੱਛੇ ਹੋ ਜਾਣ ਕਾਰਨ ਸੰਗਤਾਂ ਵਿੱਚ ਭੰਬਲਭੂਸਾ ਪਿਆ ਰਹਿੰਦਾ ਹੈ; ਇਸ ਲਈ ਜੰਮੂ ਕਸ਼ਮੀਰ ਦੀਆਂ ਮੁੱਖ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਬਿਕ੍ਰਮੀ ਕੈਲੰਡਰ ਨੂੰ ਮੁੱਢੋਂ ਹੀ ਰੱਦ ਕਰ ਕੇ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ 90% ਤੋਂ ਵੱਧ ਗੁਰਦੁਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਇਆ ਜਾ ਰਿਹਾ ਹੈ ਅਤੇ ਬਾਕੀ ਦੇ ਪ੍ਰਬੰਧਕਾਂ ਨੂੰ ਸੰਗਤਾਂ ਆਪਣੇ ਪੱਧਰ ’ਤੇ ਹੀ ਸਮਝਾ ਕੇ ਇਸੇ ਦਿਨ ਮਨਾਉਣ ਲਈ ਤਿਆਰ ਕਰਨ ਦੇ ਆਹਰੇ ਲੱਗੀਆਂ ਹੋਈਆਂ ਹਨ। ਪੋਹ ਸੁਦੀ 7 ਨੂੰ ਗੁਰ ਪੁਰਬ ਮਨਾਉਣ ਵਾਲੇ ਪ੍ਰਬੰਧਕਾਂ ਤੋਂ ਸੰਗਤਾਂ ਪੁੱਛਦੀਆਂ ਹਨ ਕਿ ਜੇ ਹਰ ਸਾਲ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕਰਮਵਾਰ ਸੂਰਜੀ ਮਹੀਨੇ ਦੀ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ! ਜੋ ਕਿ ਹਰ ਸਾਲ ਹੀ ਸਾਂਝੇ ਕੈਲੰਡਰ ਦੀ 5 ਜਨਵਰੀ ਨੂੰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਪਾਵਨ ਅੰਗ ’ਤੇ ਲਿਖਿਆ ਹੈ ਕਿ ਗੁਰ ਪੁਰਬ ਚੰਦਰਮਾਂ ਦੀਆਂ ਤਰੀਖਾਂ ਅਤੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਨਾਲ ਮਨਾਏ ਜਾਣ ? ਕਿਸੇ ਵੀ ਪ੍ਰਬੰਧਕ ਜਾਂ ਜਥੇਦਾਰ ਕੋਲ ਸੰਗਤਾਂ ਦੇ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ ਤਾਂ ਉਹ ਬੇਵੱਸ ਜਾਪਦੇ ਹਨ ਪਰ ਫਿਰ ਵੀ ਕੁਝ ਕੁ ਹਾਲੀ ਵੀ ਦੁਚਿੱਤੀ ਵਿੱਚ ਪਏ ਹੋਏ ਹਨ। ਉਮੀਦ ਹੈ ਕਿ ਬਾਕੀ ਬਚੇ 10% ਗੁਰਦੁਆਰਿਆਂ ਵਿੱਚੋਂ ਵੀ ਕੁਝ ਆਪਣਾ ਪ੍ਰੋਗਰਾਮ ਬਦਲ ਕੇ 23 ਪੋਹ / 5 ਜਨਵਰੀ ਨੂੰ ਗੁਰ ਪੁਰਬ ਮਨਾਉਣ ਦਾ ਫੈਸਲਾ ਕਰ ਲੈਣ।
ਸੰਗਤਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ 11 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਆਪਣੇ ਪੱਧਰ ’ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ’ਚ ਹੀ ਅਗਲੇ ਸਾਲ ਦਾ ਕੈਲੰਡਰ ਰੀਲੀਜ਼ ਕਰਨ ਦਾ ਫੈਸਲਾ ਕਰ ਲਿਆ ਹੈ, ਤਾਂ ਕਿ ਕਿਸੇ ਵੀ ਪ੍ਰਬੰਧਕ ਅਤੇ ਸੰਗਤ ਨੂੰ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਸਬੰਧੀ ਸਮਾਗਮਾਂ ਦਾ ਪ੍ਰੋਗਰਾਮ ਉਲੀਕਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਦੇਣ ਲਈ‘ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁਕਵਾਂ ਹੈ’, ਨਾਮ ਦਾ ਟ੍ਰੈਕਟ ਛਪਵਾ ਕੇ ਮੁਫਤ ਵੰਡਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ; ਨਾਨਕਸ਼ਾਹੀ ਸੰਮਤ 550 (2018-19) ਦੇ ਕੈਲੰਡਰ ਦਾ ਡਿਜ਼ਾਈਨ ਤਿਆਰ ਕਰ ਕੇ ਛਪਣ ਲਈ ਪ੍ਰਿੰਟਿੰਗ ਪ੍ਰੈੱਸ ਨੂੰ ਦੇ ਦਿੱਤਾ ਹੈ ਅਤੇ ਕੈਲੰਡਰ ਛੱਪਦੇ ਸਾਰ ਹੀ 25 ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਜਾਵੇਗਾ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਪੋਹ ਸੁਦੀ 7 ਨੂੰ ਮਨਾਉਣ ਦੀ ਥਾਂ 23 ਪੋਹ, ਜਿਹੜੀ ਕਿ ਹਰ ਸਾਲ ਹੀ 5 ਜਨਵਰੀ ਨੂੰ ਆਉਂਦੀ ਹੈ; ਨੂੰ ਮਨਾਉਣ ਸਬੰਧੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਹੋਰ ਚੇਤੰਨਤਾ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਰਹੇ ਗੁਰਦੁਆਰਿਆਂ ਨੂੰ ਛੱਡ ਕੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਵੀ 90% ਤੋਂ ਵੱਧ ਗੁਰਦੁਆਰਿਆਂ ਵਿੱਚ ਗੁਰਪੁਰਬ ਪੋਹ ਸੁਦੀ 7 ਦੀ ਥਾਂ 23 ਪੋਹ/ 5 ਜਨਵਰੀ ਜਾਂ ਛੁੱਟੀ ਵਾਲਾ ਦਿਨ ਜਾਣ ਕੇ ਇਸ ਦੇ ਅੱਗੇ ਪਿੱਛੇ ਆ ਰਹੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਨੱਥੀ: ਜੰਮੂ ਕਸ਼ਮੀਰ ਦੀਆਂ ਸੰਸਥਾਵਾਂ ਵੱਲੋਂ ਛਪ ਰਹੇ ਨਾਨਕਸ਼ਾਹੀ ਕੈਲੰਡਰ ਦੀ ਫੋਟੋ
ਜਾਰੀ ਕਰਤਾ: ਨਵਦੀਪ ਸਿੰਘ 90708-21984