ਗੁਰਮਤਿ ਦਾ ਮੂਲ ਭਾਵ (ਸਚੁ ਬਨਾਮ ਕੂੜੁ)
ਗਿਆਨੀ ਅਵਤਾਰ ਸਿੰਘ
ਹਰ ਮਨੁੱਖ; ਆਪਣੀ ਆਪਣੀ ਸੋਚ ਨਾਲ਼ ‘ਸੱਚ’ ਅਤੇ ‘ਕੂੜ’ (ਝੂਠ) ਦੇ ਅੰਤਰ ਨੂੰ ਜਾਣਦਾ ਹੈ; ਜਿਵੇਂ ਕਿ ਗੁਰਬਾਣੀ ਦੇ ਇੱਕੋ ਸ਼ਬਦ ਦਾ ਅਰਥ; ਇੱਕ ਸਿੱਖ ਅਲੱਗ ਸਮਝਦਾ ਹੈ ਅਤੇ ਦੂਜਾ; ਕੋਈ ਹੋਰ ਅਰਥ ਲੈਂਦਾ ਹੈ। ਇਹੀ ਮਨਮਤ; ਵਿਵਾਦਾਂ ਦਾ ਕਾਰਨ ਬਣਦੀ ਹੈ। ਸੰਸਾਰ ’ਚ ਅਕਸਰ ਵਿਵਾਦਾਂ ਦੀ ਜੜ੍ਹ; ਮਨਮਤ ਹੀ ਹੈ, ਜਿਸ ਨੂੰ ਬੜੀ ਚਤੁਰਾਈ ਨਾਲ਼ ਧਰਮ ਦਾ ਜਾਮਾ ਪਾ ਕੇ ਢਕ ਲਿਆ ਜਾਂਦਾ ਹੈ। ਸੋ ਮਨੁੱਖ ਦੀ ਨਾ ਸਮਝੀ ਹੀ ਅਸਲ ਸੱਚ ਤੇ ਅਸਲ ਝੂਠ ਦੀ ਪਰਖ ਨਾ ਕਰ ਸਕਣ ਲਈ ਜ਼ਿੰਮੇਵਾਰ ਹੈ ਵਰਨਾ ਸੱਚ; ਸੱਚ ਹੁੰਦਾ ਹੈ ਅਤੇ ਝੂਠ; ਝੂਠ ਹੀ ਰਹਿੰਦਾ ਹੈ।
ਗੁਰਬਾਣੀ ਨੇ ‘ਸਚੁ’ ਅਤੇ ‘ਕੂੜੁ’ ਦੇ ਜੋ ਅਰਥ ਕੀਤੇ ਹਨ, ਉਨ੍ਹਾਂ ਉੱਤੇ ਭਾਵੇਂ ਕਿ ਅਸ਼ਰਧਕ ਬੰਦੇ ਦਾ ਭਰੋਸਾ ਨਾ ਬਣ ਸਕੇ, ਪਰ ਅਰਥਾਂ ਨੂੰ ਕੋਈ ਮਨਮਤ ਦਾ ਰੰਗ ਨਹੀਂ ਚਾੜ੍ਹ ਸਕਦਾ। ਗੁਰਬਾਣੀ ਅੰਦਰ ‘ਸਚੁ’ ਸ਼ਬਦ 22 ਰੂਪਾਂ (ਸਚੁ, ਸਚਿ, ਸਚੜਾ ਆਦਿ) ’ਚ 3798 ਵਾਰ ਹੈ, ਜਿਨ੍ਹਾਂ ਵਿੱਚੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ 1290 ਵਾਰ ਵਰਤਿਆ ਹੈ ਯਾਨੀ ਕਿ 34% ਜਦਕਿ ਆਪ ਜੀ ਦੀ ਕੁੱਲ ਬਾਣੀ; ਗੁਰਬਾਣੀ ਸ਼ਬਦ ਸੰਖਿਆ ਮੁਤਾਬਕ ਮਾਤਰ 16.7% (ਕੁੱਲ 5870 ਵਿੱਚੋਂ 977 ਸ਼ਬਦ) ਹੈ। ਸਮੁੱਚੀ ਗੁਰਬਾਣੀ ਦੀ ਵਿਚਾਰ ਕਰਨ ਉਪਰੰਤ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੇ ਮੂਲ ਅਸੂਲਾਂ ਨੂੰ ਬੜੇ ਵਿਸਥਾਰ ਸਹਿਤ ਸਰਲ ਤੇ ਸਪਸ਼ਟ ਕੀਤਾ ਹੈ; ਜਿਵੇਂ ਕਿ ਅਕਾਲ ਪੁਰਖ ਦੀ ਸਰਬ ਵਿਆਪਕ ਹੋਂਦ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸ਼ਬਦ ‘ਜੋਤਿ’; ਆਪ ਜੀ ਦੀ ਬਾਣੀ ’ਚ 50% (ਕੁੱਲ 200 ਵਿੱਚੋਂ 97 ਵਾਰ) ਹੈ, ਜੋ ਕਿ ਬੜਾ ਗੰਭੀਰ ਤੇ ਅਹਿਮ ਵਿਸ਼ਾ ਹੈ। ਹਥਲੇ ਲੇਖ ’ਚ ਕੇਵਲ ਪਹਿਲੇ ਪਾਤਿਸ਼ਾਹ ਜੀ ਦੁਆਰਾ ਵਰਤੇ ‘ਸਚੁ’ ਨੂੰ ਹੀ ਕਈ ਪੱਖੋਂ ਵਿਚਾਰਿਆ ਜਾਏਗਾ।
ਗੁਰਬਾਣੀ ਅੰਦਰ ‘ਸਚੁ’ ਦੇ ਅਰਥ ਹਨ, ‘ਸਦੀਵੀ ਸਥਿਰ (ਅਕਾਲ ਪੁਰਖ), ਸਦੀਵੀ ਸਥਿਰ (ਉਸ ਦਾ ਨਾਮ/ਵਡਿਆਈ), ਸਦੀਵੀ ਸਥਿਰ (ਗੁਰੂ ਅਤੇ ਉਸ ਦਾ ਸ਼ਬਦ), ਸਦੀਵੀ ਸਥਿਰ (ਉਹ ਜ਼ਿੰਦਗੀ, ਜੋ ਸਚੁ ਨੂੰ ਸਦਾ ਯਾਦ ਰੱਖਦੀ ਹੈ)’। ਧਿਆਨ ਰਹੇ ਕਿ ‘ਸਦੀਵੀ ਸਥਿਰ’ ਅਰਥ; ਗੁਰਬਾਣੀ ’ਚ ਦਰਜ ਦੋ ਹੋਰ ਸ਼ਬਦਾਂ ‘ਸਤਿ’ (153 ਵਾਰ) ਅਤੇ ‘ਥਿਰ’ (97 ਵਾਰ) ਵਿੱਚੋਂ ਵੀ ਮਿਲਦੇ ਹਨ।
ਗੁਰੂ ਗ੍ਰੰਥ ਸਾਹਿਬ ਦਾ ਅਰੰਭਕ ਸ਼ਬਦ ਹੈ ‘ੴ’, ਜੋ ਅੰਕ ਗਣਿਤ ਦੇ ਪਹਿਲੇ ਅੰਕ ‘੧’ ਅਤੇ ਵਰਣਮਾਲਾ ਦੇ ਪਹਿਲੇ ਅੱਖਰ ‘ੳ’ ਦੇ ਸੁਮੇਲ ਤੋਂ ਬਣਿਆ ਹੈ। ਇਸ ਦੇ ਨਾਲ਼ ਦੂਜਾ ਸ਼ਬਦ ਹੈ ‘ਸਤਿ’, ਜੋ ਸੰਸਕ੍ਰਿਤ ਭਾਸ਼ਾ ਦਾ ਹੈ। ਭਾਸ਼ਾਈ ਨਿਯਮਾਂ ਮੁਤਾਬਕ ਇਹ ‘ਤਤਸਮ’ ਸ਼ਬਦ ਹੈ ਯਾਨੀ ਕਿ ਦੂਸਰੀ ਭਾਸ਼ਾ ਦਾ ਹੂ-ਬਹੂ ਸ਼ਬਦ। ਇਸ ਦਾ ਤਦਭਵ ਰੂਪ ਹੈ ‘ਸਚੁ’ (ਨੋਟ : ਤਦਭਵ ਸ਼ਬਦ; ਤਤਸਮ ਸ਼ਬਦਾਂ ਦਾ ਬਲਦਿਆ ਰੂਪ ਹੁੰਦਾ ਹੈ)। ਦੋਵਾਂ ਦੇ ਅਰਥ ਇੱਕ ਸਮਾਨ ਹਨ। ‘ਸਤਿ’ (ਤਤਸਮ) ਉੱਤੇ ਗੁਰਬਾਣੀ ਦਾ ਕੋਈ ਲਿਖਤ ਨਿਯਮ ਨਹੀਂ ਢੁੱਕਦਾ ਜਦਕਿ ‘ਸਚੁ’ (ਤਦਭਵ) ਉੱਤੇ ਗੁਰਬਾਣੀ ਦੇ ਸਾਰੇ ਵਿਆਕਰਣਿਕ ਨਿਯਮ ਲਾਗੂ ਹੁੰਦੇ ਹਨ। ਮਿਸਾਲ ਵਜੋਂ ‘ਸਚਿ’ ਦਾ ਅਰਥ ਹੈ ‘ਸਦੀਵੀ ਸਥਿਰ ਵਿੱਚ’ ਜਾਂ ‘ਸਦੀਵੀ ਸਥਿਰ ਨਾਲ਼’, ਪਰ ‘ਸਤਿ’ ਦੇ ਅਰਥਾਂ ’ਚੋਂ ਸੰਬੰਧਕੀ ਚਿੰਨ੍ਹ (ਵਿੱਚ, ਨਾਲ਼) ਨਹੀਂ ਲੈ ਸਕਦੇ ਕਿਉਂਕਿ ‘ਸਤਿ’ ਦੀ ਸਿਹਾਰੀ ਅੰਤ; ਮੂਲਕ ਹੈ, ਜਿਸ ਦਾ ਉਚਾਰਨ ਹੁੰਦਾ ਹੈ ‘ਸਤ੍ਯ’ ਜਦਕਿ ‘ਸਚੁ/ਸਚਿ’ ਦਾ ਉਚਾਰਨ ਹੈ ‘ਸਚ’। ਚੇਤੇ ਰਹੇ ਕਿ ‘ਸਤਿ’ (ਤਤਸਮ) ਦਾ ਰੂਪ ‘ਸਤੁ’ ਬਿਲਕੁਲ ਨਹੀਂ ਬਣ ਸਕਦਾ, ਇਸ ਲਈ ਗੁਰਬਾਣੀ ’ਚ ਦਰਜ ‘ਸਤੁ’ (68 ਵਾਰ) ਦਾ ਅਰਥ ਉੱਚਾ ਆਚਰਨ ਅਤੇ ਦਾਨ ਹੈ, ਨਾ ਕਿ ‘ਸਦੀਵੀ ਸਥਿਰ’।
‘ਸਚੁ’ ਦੇ ਅਰਥ ਜਾਣਨ ਤੋਂ ਬਾਅਦ ਸਪਸ਼ਟ ਹੈ ਕਿ ‘ਕੂੜੁ’ ਦਾ ਅਰਥ ਹੈ ‘ਅਸਤ੍ਯ’, ਜੋ ਸਦੀਵੀ ਸਥਿਰ ਨਹੀਂ। ਗੁਰਬਾਣੀ ’ਚ ‘ਕੂੜੁ’ (ਕੂੜ, ਕੂੜਿ, ਕੂੜੇ, ਕੂੜੈ, ਕੂੜੋ, ਕੂੜੀ ਆਦਿ 8 ਰੂਪਾਂ ’ਚ 263 ਵਾਰ) ਨੂੰ ਹੀ ‘ਝੂਠੁ’ (8 ਰੂਪਾਂ ’ਚ 215 ਵਾਰ) ਮੰਨਿਆ ਹੈ। ਗੁਰੂ ਸਾਹਿਬਾਨ ਅਨੁਸਾਰ ਸਰੀਰ, ਧਨ-ਪਦਾਰਥ, ਸਾਕ-ਸੰਬੰਧੀ, ਕੁਦਰਤ/ਬ੍ਰਹਿਮੰਡ; ਸਦਾ ਰਹਿਣ ਵਾਲ਼ੇ ਨਹੀਂ, ਇੱਕ ਦਿਨ ਅਵੱਸ਼ ਨਾਸ ਹੋਣਗੇ ਭਾਵ ਇਸ ਸਭ ਕੂੜ ਹਨ, ਝੂਠ ਹਨ। ਸੋ ‘ਸਚੁ’ ਦਾ ਅਰਥ ਜਿੱਥੇ ‘ਸਦੀਵੀ ਸਥਿਰ’ ਹੈ, ਓਥੇ ‘ਕੂੜੁ/ਝੂਠੁ’ ਦਾ ਅਰਥ ਹੈ ‘ਸਦੀਵੀ ਸਥਿਰ ਨਾ ਰਹਿਣਾ’। ‘ਸਚੁ, ਕੂੜੁ ਤੇ ਝੂਠੁ’ ਤਿੰਨੇ ਇੱਕ ਵਚਨ ਪੁਲਿੰਗ ਨਾਂਵ ਹਨ। ‘ਸਚਿ’ ਦੀ ਅੰਤ ਸਿਹਾਰੀ ਵਾਙ ‘ਕੂੜਿ/ਝੂਠਿ’ ਦੀ ਅੰਤ ਸਿਹਾਰੀ ਵੀ ‘ਵਿੱਚ, ਨਾਲ਼’ ਲੁਪਤ ਸੰਬੰਧਕੀ ਅਰਥ ਦਿੰਦੀ ਹੈ।
ਹਥਲੇ ਵਿਸ਼ੇ ਦੀ ਗਹਿਰਾਈ ਨੂੰ ਜਾਣਨ ਲਈ ਖਗੋਲ ਵਿਗਿਆਨ ਨੂੰ ਥੋੜ੍ਹਾ ਸਮਝਣਾ ਲਾਹੇਵੰਦ ਹੈ। ਤਾਰਾ ਵਿਗਿਆਨੀਆਂ ਮੁਤਾਬਕ ਪੂਰਾ ਬ੍ਰਹਿਮੰਡ ਗਤੀਸ਼ੀਲ ਹੈ ਯਾਨੀ ਕਿ ਇੱਕ ਥਾਂ ਸਥਿਰ ਨਹੀਂ। ਬ੍ਰਹਿਮੰਡ ਦੇ ਜਿਉਂ ਜਿਉਂ ਕੇਂਦਰ ਵੱਲ ਜਾਈਏ, ਇਸ ਦੀ ਗਤੀ ਵਧਦੀ ਜਾਂਦੀ ਹੈ; ਜਿਵੇਂ ਕਿ ਧਰਤੀ ਦੇ ਗੁਰੂਤਾ-ਆਕਰਸ਼ਣ (Gravity) ਨਾਲ਼ ਚੰਦ; ਧਰਤੀ ਦੁਆਲੇ 3683 ਕਿਲੋਮੀਟਰ ਪ੍ਰਤੀ ਘੰਟਾ ਘੁੰਮਦਾ ਹੈ। ਸੂਰਜ ਦੇ ਗੁਰੂਤਾ-ਆਕਰਸ਼ਣ ਨਾਲ਼ ਧਰਤੀ; ਸੂਰਜ ਦੁਆਲੇ 1, 07, 208 ਕਿਲੋਮੀਟਰ ਪ੍ਰਤੀ ਘੰਟਾ ਗਤੀ ਕਰਦੀ ਹੈ ਯਾਨੀ ਕਿ ਚੰਦ ਦੇ ਘੁੰਮਣ ਦੀ ਗਤੀ ਨਾਲੋਂ 29 ਗੁਣਾ ਵੱਧ। ਮਿਲਕੀ ਵੇ ਗਲੈਕਸੀ ਦੇ ਪ੍ਰਭਾਵ ਨਾਲ਼ ਸੂਰਜ; ਉਸ ਦੁਆਲੇ 8,28,000 ਕਿਲੋਮੀਟਰ ਪ੍ਰਤੀ ਘੰਟਾ ਘੁੰਮਦਾ ਹੈ, ਜੋ ਧਰਤੀ ਦੀ ਗਤੀ ਤੋਂ ਵੀ 7.78 ਗੁਣਾ ਵੱਧ ਹੈ। ਮਿਲਕੀ ਵੇ; ਆਪਣੇ ਕੇਂਦਰ (ਬਲੈਕ ਹੋਲ) ਦੁਆਲੇ 21,60,000 ਕਿਲੋਮੀਟਰ ਪ੍ਰਤੀ ਘੰਟਾ ਘੁੰਮਦੀ ਹੈ, ਜੋ ਕਿ ਸੂਰਜ ਦੀ ਗਤੀ ਨਾਲੋਂ ਵੀ 2.61 ਗੁਣਾ ਵੱਧ ਹੈ ਅਤੇ 15 ਅਗਸਤ 1992 ਦੀ ਇੱਕ ਖੋਜ ਮੁਤਾਬਕ ਮਿਲਕੀ ਵੇ ਦਾ ਬਲੈਕ ਹੋਲ/GRS 1915+105; ਇੱਕ ਸਕਿੰਡ ’ਚ 950 ਤੋਂ 1150 ਵਾਰ ਘੁੰਮਦਾ ਹੈ ਯਾਨੀ ਕਿ ਇਸ ਦੇ ਇੱਕ ਸਕਿੰਡ ’ਚ ਹੀ 950 ਤੋਂ 1150 ਦਿਨ-ਰਾਤ ਹੁੰਦੇ ਹਨ ਜਦਕਿ ਇਸ ਦੇ ਮੁਕਾਬਲੇ ਚੰਦ ਦੀ ਗਤੀ ਐਨੀ ਧੀਮੀ ਹੈ ਕਿ ਉਸ ਦਾ ਇੱਕ ਦਿਨ ਤੇ ਰਾਤ; ਧਰਤੀ ਦੇ ਸਾਢੇ 14-14 ਦਿਨਾਂ ਬਰਾਬਰ ਹੁੰਦਾ ਹੈ। ਇਸੇ ਤਰ੍ਹਾਂ ਮਿਲਕੀ ਵੇ ਦਾ ਬਲੈਕ ਹੋਲ ਵੀ ਬ੍ਰਹਿਮੰਡ ਦੇ ਕਿਸੇ ਹੋਰ ਵੱਡੇ ਬਲੈਕ ਹੋਲ ਦੇ ਪ੍ਰਭਾਵ ਨਾਲ਼ ਘੁੰਮਦਾ ਹੈ, ਜਿਸ ਦੀ ਗਤੀ ਇਸ ਤੋਂ ਕਈ ਗੁਣਾਂ ਵੱਧ ਹੈ, ਆਦਿ।
ਸੋ ਕੁਦਰਤਿ ’ਚ ਜੋ ਪਦਾਰਥ (ਮਾਦਾ) ਗਤੀਸ਼ੀਲ ਹੈ, ਉਹ ਇੱਕ ਦਿਨ ਅਵੱਸ਼ ਖ਼ਤਮ ਹੋਵੇਗਾ। ਖਗੋਲ ਵਿਗਿਆਨ ਮੁਤਾਬਕ ਸਾਡੇ ਸੂਰਜ ਵਰਗੇ ਤਾਰਿਆਂ ਦੀ ਉਮਰ ਕੇਵਲ 9-10 ਅਰਬ ਸਾਲ ਹੈ, ਜਿਸ ਵਿੱਚੋਂ ਇਹ ਸੂਰਜ ਅੱਧੀ ਉਮਰ ਭੋਗ ਚੁੱਕਿਆ ਹੈ ਤੇ ਅਗਲੇ 4.5 ਜਾਂ 5 ਅਰਬ ਸਾਲਾਂ ਤੋਂ ਬਾਅਦ ਇਹ ਖ਼ਤਮ ਹੋ ਜਾਏਗਾ। ਕੋਈ ਦੂਸਰਾ ਤਾਰਾ ਇਸ ਨੂੰ ਆਪਣੇ ਵੱਲ ਖਿੱਚ ਕੇ ਇਸ ਦਾ ਵਜੂਦ ਮਿਟਾ ਦੇਵੇਗਾ। ਸੂਰਜ ਦੀ ਮੌਤ ਨਾਲ਼ ਇਸ ਦੇ ਬਾਕੀ ਗ੍ਰਹਿ (ਧਰਤੀ, ਬੁਧ, ਸ਼ੁਕਰ, ਮੰਗਲ ਆਦਿ) ਵੀ ਖ਼ਤਮ ਹੋ ਜਾਣਗੇ। ਗੁਰੂ ਅਰਜਨ ਸਾਹਿਬ ਜੀ ਨੇ ਇਹ ਸਚਾਈ; ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤੀ ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ॥ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ ॥’’ (ਮਹਲਾ ੫/੧੨੦੪) ਅਰਥ : ਦਿਨ, ਰਾਤ, ਤਾਰੇ, ਸੂਰਜ, ਚੰਦ, ਪਹਾੜ, ਧਰਤੀ, ਪਾਣੀ, ਹਵਾ ਆਦਿਕ ਇੱਕ ਦਿਨ ਖ਼ਤਮ ਹੋ ਜਾਣਗੇ। ਕੇਵਲ ਗੁਰੂ ਦੇ ਬਚਨ ਹੀ ਸਦੀਵੀ ਸਥਿਰ ਰਹਿਣੇ ਹਨ ਕਿਉਂਕਿ ਇਹ ਬੋਲ; ਉਸ ‘ਸਚੁ’ ਦੇ ਗੁਣਾਂ ਨਾਲ਼ ਸੰਬੰਧਿਤ ਹਨ, ਜੋ ਕਦੇ ਨਾਸ ਨਹੀਂ ਹੁੰਦਾ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦ ਸਾਰੀ ਕੁਦਰਤ ਹੀ ਚਲਾਇਮਾਨ ਹੈ ਤਾਂ ਫਿਰ ਕੀ ਕੋਈ ਐਸੀ ਸ਼ਕਤੀ ਵੀ ਹੈ, ਜੋ ਇੱਕ ਜਗ੍ਹਾ ਸਥਿਰ ਹੈ। ਨਾ ਕਿਸੇ ਦੇ ਪ੍ਰਭਾਵ (ਗੁਰੂਤਾ-ਆਕਰਸ਼ਣ) ਨਾਲ਼ ਘੁੰਮਦੀ ਹੈ ਤੇ ਨਾ ਕਦੇ ਨਾਸ ਹੁੰਦੀ ਹੈ ? ਜਵਾਬ : ਗੁਰਬਾਣੀ ਅੰਦਰ ਐਸੀ ਸ਼ਕਤੀ ਨੂੰ ਨਾਂ ਦਿੱਤਾ ਹੈ ‘ੴ’, ਇਸ ਦੇ ਨਾਲ਼ ‘ਸਤਿ’ ਲਿਖ ਕੇ ਸਾਬਤ ਕਰ ਦਿੱਤਾ ਕਿ ਇਹ ਸਦੀਵੀ ਸਥਿਰ ਹੈ। ‘ਜਪੁ’ ਬਾਣੀ ਦਾ ਅਰੰਭਕ ਸਲੋਕ ਵੀ ਇਸ ਸਚਾਈ ਦੀ ਸੰਖੇਪ ਵਿਆਖਿਆ ਹੈ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ (ਜਪੁ/ ਮਹਲਾ ੧/੧) ਅਰਥ : ੴ; ਜਗਤ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ਭਾਵ ਸਥਿਰ ਸੀ। ਯੁੱਗ ਪਰੰਪਰਾ ਦੀ ਅਰੰਭਤਾ ਸਮੇਂ ਵੀ ਮੌਜੂਦ ਸੀ। ਹੁਣ ਵੀ ਮੌਜੂਦ ਹੈ ਅਤੇ ਕੁਦਰਤ ਦੇ ਵਿਨਾਸ਼ (ਕਿਆਮਤ) ਉਪਰੰਤ ਵੀ ਕਾਇਮ ਹੋਏਗਾ।
ਗੁਰਬਾਣੀ ’ਚ ਜ਼ਿੰਦਗੀ ਅਤੇ ਕੁਦਰਤ ਦੀ ਸਚਾਈ ਬਾਰੇ ਵੀ ਭਾਵੇਂ ਕਾਫ਼ੀ ਜਾਣਕਾਰੀ ਦਰਜ ਹੈ, ਪਰ ਗੁਰਬਾਣੀ ਦਾ ਮੂਲ ਭਾਵ (ਤੱਤ-ਸਾਰ); ‘ਸਚੁ’ ਨਾਲ਼ ਸੰਬੰਧਿਤ ਗਿਆਨ ਹੀ ਹੈ। ‘ਜਪੁ’ ਬਾਣੀ ਅੰਦਰ ਦਰਜ ਰੂਹਾਨੀਅਤ ਦੇ ਪੰਜ ਪੜਾਵਾਂ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸਚਖੰਡਿ) ਵਿੱਚੋਂ ਅੰਤਮ ਪੜਾਅ, ਜੋ ਸਰਬੋਤਮ ਦਰਜਾ ਹੈ, ਮਨੁੱਖੀ ਜ਼ਿੰਦਗੀ ਦੀ ਮੰਜ਼ਲ ਹੈ, ਉਹ ਹੈ ‘ਸਚਖੰਡਿ’; ਜਿਵੇਂ ਕਿ ‘‘ਸਚਖੰਡਿ (’ਚ) ਵਸੈ ਨਿਰੰਕਾਰੁ ॥’’ (ਜਪੁ/ਮਹਲਾ ੧/੮) ਭਾਵ ਸਦੀਵੀ ਸਥਿਰ ਅਵਸਥਾ ’ਚ ਨਿਰਾਕਾਰ ਵੱਸਦਾ ਹੈ। ਨਿਰਾਕਾਰ ਸ਼ਬਦ; ਨਾਸਵਾਨ ਆਕਾਰ, ਨਾਸਵਾਨ ਕੁਦਰਤ/ਬ੍ਰਹਿਮੰਡ ਤੋਂ ਵਿਪਰੀਤ ਅਬਿਨਾਸ਼ੀ ਅਰਥਾਂ ’ਚ ਹੈ ਤਾਹੀਓਂ ਇਸ ਅਵਸਥਾ (ਖੰਡ) ’ਚ ‘ਸਚ’ ਨੂੰ ਸ਼ਾਮਲ ਕੀਤਾ ਹੈ ‘ਸਚਖੰਡਿ’। ਗੁਰੂ ਨਾਨਕ ਸਾਹਿਬ ਜੀ; ‘ਸਚਖੰਡਿ’ ਦੇ ਅਰਥ ਹੋਰ ਸਰਲ ਸਮਝਾਉਣ ਲਈ ਇਸ ਨੂੰ ‘ਸਚੈ+ਥਾਨਿ’ (ਭਾਵ ਸਥਿਰ ਜਗ੍ਹਾ ਵਿੱਚ) ਵੀ ਲਿਖਦੇ ਹਨ; ਜਿਵੇਂ ਕਿ ‘‘ਸਚੈ+ਥਾਨਿ (’ਚ) ਵਸੈ ਨਿਰੰਕਾਰਾ ॥’’ (ਮਹਲਾ ੧/੧੦੪੦), ਇਹ ਪੜਾਅ; ਗਤੀਸ਼ੀਲ ਕੁਦਰਤ/ਆਕਾਰ ਤੋਂ ਬਹੁਤ ਉੱਪਰ ਹੈ; ਜਿਵੇਂ ਕਿ ਪਹਿਲੇ ਪਾਤਿਸ਼ਾਹ ਜੀ ਦੇ ਹੇਠਲੇ ਬਚਨ ਫ਼ੁਰਮਾ ਰਹੇ ਹਨ :
ਸਚੈ ਊਪਰਿ ਅਵਰੁ ਨ ਦੀਸੈ; ਸਾਚੇ ਕੀਮਤਿ ਪਾਈ ਹੇ ॥ (ਮਹਲਾ ੧/੧੦੨੩) ਭਾਵ ਸਦੀਵੀ ਸਥਿਰ ਤੋਂ ਵੱਡੀ ਕੋਈ ਹੋਰ ਸ਼ਕਤੀ ਨਹੀਂ, ਜਿਸ ਨੂੰ ਸਚੁ ਕਹਿ ਦੇਈਏ।
ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥ (ਮਹਲਾ ੧/੬੨) ਭਾਵ ‘ਸਚੁ’ ਤੋਂ ਹੇਠਾਂ ਯਾਨੀ ਕੂੜ ਵਿੱਚ ਹਰ ਕੋਈ ਗ੍ਰਸਤ ਹੈ। ਇਸ ਤੋਂ ਬਹੁਤ ਉਤਾਂਹ ਸਦੀਵੀ ਸਥਿਰ ਕਿਰਦਾਰ ਹੁੰਦਾ ਹੈ, ਰੁਤਬਾ ਹੈ, ਰੂਹਾਨੀਅਤ ਦੀ ਮੰਜ਼ਲ ਹੈ।
ਸਾਚੇ ਊਪਰਿ ਅਵਰੁ ਨ ਦੀਸੈ; ਸਾਚੇ ਸਾਚਿ (’ਚ) ਸਮਾਵੈ ॥ (ਮਹਲਾ ੧/੧੧੧੨) ਭਾਵ ਜੋ ਸਚ ’ਚ ਲੀਨ ਹੋ ਗਿਆ; ਉਹ, ਸਦੀਵੀ ਸਥਿਰ (ੴ) ਤੋਂ ਉਤਾਂਹ ਕਿਸੇ ਹੋਰ ਹਸਤੀ ਨੂੰ ‘ਸਚੁ’ ਨਹੀਂ ਮੰਨਦਾ।
ਕੋਈ ਨਵੀਂ ਸ਼ਕਤੀ ਤਦ ਉਪਜਦੀ ਹੈ ਜਦ ਪੁਰਾਣੀ ਖ਼ਤਮ ਹੋਵੇ, ਪਰ ੴ ਤਾਂ ਸਦਾ ਸਥਿਰ ਹੈ, ਸਦਾ ਨਵਾਂ ਹੈ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥੧॥ ਰਹਾਉ ॥ (ਮਹਲਾ ੧/੬੬੦), ਹੈ ਭੀ, ਹੋਸੀ; ਜਾਇ ਨ ਜਾਸੀ; ਸਚਾ ਸਿਰਜਣਹਾਰੋ ॥’’ (ਮਹਲਾ ੧/੨੪) ਉਸ ਸਥਿਰ ਤੋਂ ਹੀ ਕੁਦਰਤ ਉਪਜੀ ਹੈ ‘‘ਜੋ ਕਹੀਐ; ਸੋ ਪ੍ਰਭ ਤੇ ਹੋਈ ॥ ਜੁਗਹ ਜੁਗੰਤਰਿ; ਸਾਹਿਬੁ ਸਚੁ ਸੋਈ (ਓਹੀ)॥’’ (ਮਹਲਾ ੧/੯੦੫)
ਗੁਰਬਾਣੀ ਵਿੱਚ ਇਕਲੌਤਾ ਸ਼ਬਦ (ਸੋ ਦਰੁ); ਤਿੰਨ ਵਾਰ ਦਰਜ ਹੈ ਅਤੇ ਸੁਬ੍ਹਾ ਸ਼ਾਮ ਨਿਤਨੇਮ ਵਜੋਂ ਪੜ੍ਹਿਆ ਵੀ ਜਾਂਦਾ ਹੈ। ਇਸ ਸ਼ਬਦ ਨੂੰ ਐਨੀ ਮਹੱਤਤਾ ਦੇਣ ਦਾ ਅਸਲ ਕਾਰਨ ਇਹ ਹੈ ਕਿ ਸ਼ਰਧਾਵਾਨ ਲੋਕਾਂ ਨੇ ਨਾਸਵਾਨ ਕੁਦਰਤ ’ਚੋਂ ਕਾਲਪਨਿਕ ਸ਼ਕਤੀਆਂ ਨੂੰ ‘ਸਚੁ’ (ਸਥਿਰ) ਜਾਣ ਕੇ ਸਦੀਆਂ ਤੋਂ ਉਨ੍ਹਾਂ ਦੀ ਪੂਜਾ ਕੀਤੀ, ਜਿਸ ਕਾਰਨ ਅਸਲ ‘ਸਚ’ ਬਾਰੇ ਚੇਤਾ ਹੀ ਨਾ ਰਿਹਾ। ਇਨ੍ਹਾਂ ਸਭ ਕਾਲਪਨਿਕ ਸ਼ਕਤੀਆਂ ਨੂੰ ‘ਸਚ’ ਦੇ ਹੁਕਮ (ਯਾਨੀ ਪ੍ਰਭਾਵ) ’ਚ ਵਿਚਰਦੇ ਸਿੱਧ ਕਰਨ ਲਈ ੴ ਦੇ ਗੁਣ ਗਾਉਣਾ; ਪ੍ਰਤੀਕ ਬਣਾਇਆ ਗਿਆ। ਧਿਆਨ ਰਹੇ ਕਿ ਇਨ੍ਹਾਂ ਸਾਰਿਆਂ ਦਾ ਗਾਉਣਾ; ਰੱਬੀ ਭਗਤ ਵਾਙ ਉਸ ਦੇ ਪਿਆਰ ’ਚ ਭਿੱਜ ਕੇ ‘ਸਚ’ ਦੇ ਗੁਣ ਗਾਉਣਾ ਬਿਲਕੁਲ ਨਹੀਂ ਹੈ। ਇਸ ਦੀ ਪੁਸ਼ਟੀ; ਸ਼ਬਦ ਦੀ ਇਹ ਪੰਕਤੀ ਕਰਦੀ ਹੈ ‘‘ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’ (ਜਪੁ) ਭਾਵ ਜੋ ਉਸ ਦੇ ਪ੍ਰੇਮ-ਰੰਗ ਵਿੱਚ ਭਿੱਜ ਕੇ ਉਸ ਨੂੰ ਗਾਉਂਦੇ ਹਨ, ਉਹੀ ਉਸ ਨੂੰ ਪਸੰਦ ਹਨ, ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਸਾਰਥਿਕ ਹੈ। ਇਸ ਪੰਕਤੀ ਤੋਂ ਸਾਫ਼ ਹੈ ਕਿ ਇਸ ਸ਼ਬਦ ’ਚ ਬਾਕੀ ਬਿਆਨ ਕੀਤੇ ਸਾਰੇ ਕਾਲਪਨਿਕ (ਦੇਵੀ-ਦੇਵਤੇ, ਖੰਡ ਮੰਡਲ ਆਦਿਕ); ਉਸ ਦੇ ਪ੍ਰੇਮ-ਰੰਗ ’ਚ ਭਿੱਜ ਕੇ ਨਹੀਂ ਗਾਉਂਦੇ ਯਾਨੀ ਉਨ੍ਹਾਂ ਨੂੰ ‘ਸਚੁ’ ਬਾਰੇ ਕੋਈ ਸੋਝੀ ਨਹੀਂ। ਉਨ੍ਹਾਂ ਦੇ ਗਾਉਣ ਤੋਂ ਭਾਵ ਕੇਵਲ ਹੁਕਮ ’ਚ ਚੱਲਣਾ ਹੈ। ਜੇਕਰ ਇਹ ਮੰਨੀਏ ਕਿ ਦੇਵੀ ਦੇਵਤੇ ਵੀ ਨਿਰਾਕਾਰ ਨੂੰ ਦਿਲੋਂ ਪਿਆਰ ਨਾਲ਼ ਗਾਉਂਦੇ ਹਨ ਤਾਂ ਇਹ ਹਿੰਦੂ ਧਰਮ ਵਿਰੁਧ ਹੈ ਕਿਉਂਕਿ ਉਨ੍ਹਾਂ ਦੇ ਫ਼ਲਸਫ਼ੇ ’ਚ ਇਹ ਸਾਰੇ; ਸੰਸਾਰ ਨੂੰ ਬਣਾਉਣ ਵਾਲ਼ੇ, ਰਿਜ਼ਕ ਦੇਣ ਵਾਲ਼ੇ, ਮਾਰਨ ਵਾਲ਼ੇ, ਵਰਖਾ ਕਰਨ ਵਾਲ਼ੇ ਆਦਿਕ ਸਰਬ ਸ਼ਕਤੀਮਾਨ ਹਨ, ਨਾ ਕਿ ਇਨ੍ਹਾਂ ਤੋਂ ਉਤਾਂਹ ਕੋਈ ਹੋਰ ਵੱਡੀ ਸ਼ਕਤੀ ਹੈ।
‘ਸੋ ਦਰੁ’ ਸ਼ਬਦ ਇਹ ਸਪਸ਼ਟ ਕਰਦਾ ਹੈ ਕਿ ਜਿਵੇਂ ਚੰਦ, ਸੂਰਜ ਆਦਿਕ ਗ੍ਰਹਿ; ਆਪਣੇ ਤੋਂ ਵੱਡੇ ਤਾਰਿਆਂ ਦਾ ਪ੍ਰਭਾਵ ਕਬੂਲਦੇ ਹਨ, ਉਸੇ ਤਰ੍ਹਾਂ ਸਭ ਕਾਲਪਨਿਕ ਸ਼ਕਤੀਆਂ ਵੀ ‘ਸਚੁ’ ਪਾਸੋਂ ਸ਼ਕਤੀਆਂ ਲੈਂਦੀਆਂ ਹਨ, ਉਸ ਦਾ ਪ੍ਰਭਾਵ ਕਬੂਲਦੀਆਂ ਹਨ। ਇਸੇ ਸ਼ਬਦ ਦੇ ਅਖੀਰ ’ਚ ‘ਸਚੁ’ ਨੂੰ ਸਦੀਵੀ ਸਥਿਰ ਅਤੇ ਸਰਬ ਸ਼ਕਤੀਮਾਨ ਵੀ ਕਿਹਾ ਹੈ ‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ; ਸਾਚੀ ਨਾਈ (ਵਡਿਆਈ)॥ ਹੈ ਭੀ, ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’ (ਜਪੁ/ਮਹਲਾ ੧/੬), ‘ਸਚੁ’ ਹੀ ਸਦੀਵੀ ਸਥਿਰ ਹੈ, ਇਹ ਸੰਦੇਸ਼; ਪਹਿਲੇ ਪਾਤਿਸ਼ਾਹ ਜੀ ਨੇ ਵਾਰ-ਵਾਰ ਦਿੱਤਾ; ਜਿਵੇਂ ਕਿ ‘‘ਸਾਚਾ ਸਚੁ ਸੋਈ; ਅਵਰੁ ਨ ਕੋਈ ॥ (ਮਹਲਾ ੧/੧੦੨੦), ਸਰਬੰ ਸਾਚਾ ਏਕੁ ਹੈ; ਦੂਜਾ ਨਾਹੀ ਕੋਇ ॥ (ਮਹਲਾ ੧/੬੬੦), ਜੁਗੁ ਜੁਗੁ ਸਾਚਾ; ਹੈ ਭੀ, ਹੋਸੀ ॥’’ (ਮਹਲਾ ੧/੧੦੨੨), ਪਰ ‘ਸਚੁ’; ਅਦ੍ਰਿਸ਼ ਹੈ, ਨਿਰਾਕਾਰ ਹੈ, ਇਸ ਲਈ ਮਨੁੱਖੀ ਸ਼ਕਤੀ; ਜਿਵੇਂ ਕਿ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਦੀ ਪਹੁੰਚ ਤੋਂ ਪਰੇ ਹੈ, ਉਤਾਂਹ ਹੈ; ਫਿਰ ਉਸ ਨਾਲ਼ ਜਾਣ-ਪਛਾਣ ਕਿਵੇਂ ਬਣੇ ? ਇਸ ਬਾਰੇ ਆਪ ਜੀ ਨੇ ਜੋਗੀਆਂ ਨੂੰ ਇਉਂ ਸਮਝਾਇਆ ‘‘ਸਾਚਾ ਸਾਹਿਬੁ ਸਾਚੀ ਨਾਈ; ਪਰਖੈ ਗੁਰ ਕੀ ਬਾਤ ਖਰੀ ॥੧੦॥ (ਗੋਸਟਿ/ਮਹਲਾ ੧/੯੩੯) ਅਰਥ : ਇਹ ਪਰਖ, ਇਹ ਸੋਝੀ; ਸਤਿਗੁਰੂ ਦੀ ਖਰੀ ਗੱਲ (ਭਾਵ ਬਾਣੀ) ਰਾਹੀਂ ਹੁੰਦੀ ਹੈ ਕਿ ਸੱਚਾ ਮਾਲਕ ਅਤੇ ਉਸ ਅੰਦਰਲੇ ਗੁਣ; ਸਦੀਵੀ ਸਥਿਰ ਹਨ।
ਆਪ ਜੀ ਨੇ ਇਹ ਵੀ ਫ਼ੁਰਮਾਇਆ ਕਿ ਉਹ ਜਿੰਨਾ ਵੱਡਾ ਹੋਣਾ ਚਾਹੇ ਓਨਾ ਵੱਡਾ ਹੋ ਜਾਂਦਾ ਹੈ। ਆਪਣੀ ਇਸ ਵਿਸ਼ਾਲਤਾ ਬਾਰੇ ਉਹ ਆਪ ਹੀ ਜਾਣਦਾ ਹੈ ‘‘ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥’’ (ਜਪੁ/ਮਹਲਾ ੧/੬), ਕਿਸੇ ਦੂਸਰੇ ਤੋਂ ਆਪਣੀ ਵਡਿਆਈ ਸੁਣ ਕੇ ਨਾ ਉਹ ਹੋਰ ਵੱਡਾ ਹੁੰਦਾ ਹੈ ਤੇ ਵਡਿਆਈ ਨਾ ਸੁਣਨ ’ਤੇ ਨਾ ਉਹ ਛੋਟਾ ਹੁੰਦਾ ਹੈ ਭਾਵ ਉਸ ਦੀ ਮਹਿਮਾ ਕਰਨ ਦਾ ਲਾਭ; ਉਸ ਦੇ ਭਗਤ ਨੂੰ ਹੀ ਹੈ, ਨਾ ਕਿ ਉਸ ਖ਼ੁਦ ਨੂੰ ‘‘ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ; ਕੀਮਤਿ ਨਹੀ ਪਾਈ ॥ ਜੇ ਸਭਿ ਮਿਲਿ ਕੈ; ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥੨॥’’ (ਸੋ ਦਰੁ/ਮਹਲਾ ੧/੯)
ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਵਾਰ-ਵਾਰ ਕਿਹਾ ਕਿ ਸਾਰਾ ਸੰਸਾਰ ਕੂੜ ਹੈ, ਨਾਸਵਾਨ ਹੈ। ਸਦੀਵੀ ਸਥਿਰ ਅਤੇ ਅਬਿਨਾਸ਼ੀ; ਕੇਵਲ ‘ਸਚੁ’ ਹੈ, ‘‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ ॥ (ਮਹਲਾ ੧/੯੫੩), ਮੁਕਾਮੁ (ਥਿਰ) ਓਹੀ ਏਕੁ ਹੈ; ਨਾਨਕਾ ! ਸਚੁ ਬੁਗੋਇ (ਬੋਲਦਾ ਹੈ) ॥ (ਮਹਲਾ ੧/੬੪), ਨਾ ਸਮਝੀ ਕਾਰਨ ਪਸ਼ੂ-ਪੰਛੀਆਂ ਵਾਙ ਮਨੁੱਖ ਵੀ; ਨਾਸਵਾਨ ਕੂੜ ਨੂੰ ‘ਸਚੁ’ ਸਮਝ ਕੇ ਉਸ ਨਾਲ਼ ਪ੍ਰੇਮ ਕਰਦੇ ਹਨ ਤਾਹੀਓਂ ਕੀਮਤੀ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ਤੇ ‘ਸਚੁ’ ਦੇ ਦਰ ’ਤੇ ਪ੍ਰਵਾਨ ਨਹੀਂ ਹੁੰਦਾ, ‘‘ਵਿਣੁ ਸਚੇ ਸਭੁ ਕੂੜੁ; ਕੂੜੁ ਕਮਾਈਐ ॥ (ਮਹਲਾ ੧/੧੪੭), ਵਿਣੁ ਸਚੇ; ਦਰਬਾਰੁ, ਕੂੜਿ (ਰਾਹੀਂ) ਨ ਪਾਈਐ ॥ (ਮਹਲਾ ੧/੧੪੭), ਸਚੈ ਦੈ ਦੀਬਾਣਿ (’ਚ); ਕੂੜਿ (ਨਾਲ਼) ਨ ਜਾਈਐ ॥ (ਮਹਲਾ ੧/੧੪੬), ਸਚਿ (’ਚ) ਮਿਲੈ ਸਚਿਆਰੁ; ਕੂੜਿ (ਨਾਲ਼) ਨ ਪਾਈਐ ॥’’ (ਮਹਲਾ ੧/੪੧੯) ਭਾਵ ਸਚ ਵਿੱਚ ਉਸ ਵਰਗਾ ਸਚਿਆਰ ਹੋ ਕੇ ਹੀ ਲੀਨ ਹੋਈਦਾ ਹੈ, ਕੂੜ ਦੀ ਰਾਹੀਂ ਨਹੀਂ। ਕੁੱਝ ਵਿਰਲੇ ਪ੍ਰੇਮ-ਰੰਗ ਵੀ ਮਾਣਦੇ ਹਨ, ‘‘ਪਲੈ (’ਚ) ਸਾਚੁ; ਸਚੇ ਸਚਿਆਰਾ ॥’’ (ਮਹਲਾ ੧/੧੦੩੫) ਭਾਵ ਜਿਨ੍ਹਾਂ ਦੇ ਪੱਲੇ ਯਾਨੀ ਹਿਰਦੇ ’ਚ ਸਦੀਵੀ ਸਥਿਰ ‘ਸਚੁ’ ਵੱਸਦਾ ਹੈ, ਉਹ ਸਚਿਆਰ ਹਨ, ‘ਸਤਿ ੴ’ ਵਿੱਚ ਲੀਨ ਹਨ।
ਗੁਰੂ ਨਾਨਕ ਸਾਹਿਬ ਜੀ ਅਨੁਸਾਰ ਸੰਸਾਰ; ਇਸ ਲਈ ਰੋਗੀ ਹੈ ਕਿਉਂਕਿ ‘ਸਚੁ’ ਨੂੰ ਪਿਆਰ ਨਹੀਂ ਕਰਦਾ, ‘‘ਸੰਸਾਰੁ ਰੋਗੀ, ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ ॥’’ (ਮਹਲਾ ੧/੬੮੭), ਇਹ ਮੈਲ਼; ਸਚੁ ਨਾਮੁ ਜਪ ਕੇ ਲਹਿੰਦੀ ਹੈ, ‘‘ਲਾਗੀ ਮੈਲੁ; ਮਿਟੈ, ਸਚਿ+ਨਾਇ (ਰਾਹੀਂ) ॥’’ (ਮਹਲਾ ੧/੩੫੨), ਇਸ ਲਈ ਅੰਮ੍ਰਿਤ ਵੇਲ਼ੇ ਤੋਂ ਹੀ ਸੱਚਾ ਨਾਮ ਜਪਣ ਲਈ ਤੇ ਉਸ ਦੀ ਵਡਿਆਈ ਕਰਨ ਲਈ ਕਿਹਾ ਹੈ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥’’ (ਜਪੁ/ਮਹਲਾ ੧/੨), ਇਸ ਤੋਂ ਬਿਨਾਂ ਸੰਸਾਰ-ਸਮੁੰਦਰ ਨਹੀਂ ਤਰਿਆ ਜਾ ਸਕਦਾ, ‘‘ਸਚ ਬਿਨੁ; ਭਵਜਲੁ ਜਾਇ ਨ ਤਰਿਆ ॥’’ (ਮਹਲਾ ੧/੧੦੪੧), ਸਤਿਗੁਰੂ ਨੇ ਹੀ ਸੱਚੇ ਨਾਮ ਰਾਹੀਂ ‘ਸਚੁ’ ਦੀ ਹੋਂਦ ਪ੍ਰਗਟ ਕੀਤੀ, ‘‘ਸਤਿਗੁਰਿ (ਨੇ), ਸਾਚਾ ਦਰਸੁ ਦਿਖਾਇਆ ॥’’ (ਮਹਲਾ ੧/੧੧੮੯), ਮਨਮੁਖ ਬੰਦੇ ਲਈ ਸਚੁ ਨਾਮੁ ਨੂੰ ਜਪਣਾ ਬੜਾ ਕਠਿਨ ਕੰਮ ਹੈ ‘‘ਆਖਣਿ ਅਉਖਾ; ਸਾਚਾ ਨਾਉ ॥’’ (ਸੋ ਦਰੁ/ਮਹਲਾ ੧/੯), ਇਸ ਲਈ ਬਚਨ ਕੀਤਾ ਗਿਆ ਕਿ ਕੋਈ ਵਿਰਲਾ ਗੁਰਮੁਖ ਹੀ ਇਸ ਮਾਰਗ ’ਤੇ ਚੱਲਦਾ ਹੈ, ‘‘ਗੁਰਮੁਖਿ ਕੋਈ; ਸਚੁ ਕਮਾਵੈ ॥’’ (ਮਹਲਾ ੧/੧੩੪੪), ਫਿਰ ਉਹ ਵਿਰਲਾ ‘‘ਗੁਰਮੁਖਿ; ਓਅੰਕਾਰਿ+ਸਚਿ (’ਚ) ਸਮਾਇਆ ॥’’ (ਮਹਲਾ ੧/੧੨੮੫) ਅਰਥ : ਗੁਰੂ ਦੀ ਸ਼ਰਨ ਲੈਣ ਵਾਲ਼ਾ; ਓਅੰਕਾਰ ਅਤੇ ਸਦੀਵੀ ਸਥਿਰ ’ਚ ਲੀਨ ਹੋ ਜਾਂਦਾ ਹੈ। ਧਿਆਨ ਰਹੇ ਕਿ ਇੱਥੇ ਮੂਲ ਮੰਤਰ ਵਾਲ਼ੇ ‘ੴ’ ਨੂੰ ‘ਓਅੰਕਾਰਿ’ ਅਤੇ ‘ਸਤਿ’ ਨੂੰ ‘ਸਚਿ’ ਲਿਖਿਆ ਹੈ।
ਕੀਮਤੀ ਮਨੁੱਖਾ ਜਨਮ ਤਾਂ ਹੀ ਸਫਲ ਹੋਣਾ ਹੈ ਜੇਕਰ ਸਮੁੱਚੀ ਮਨੁੱਖ ਜਾਤੀ; ਰੂਹਾਨੀਅਤ ਦਾ ਐਸਾ ਗਿਆਨ ਲਵੇ, ਜਿਸ ਨਾਲ਼ ਸਚ ਦਾ ਸੇਵਕ ਬਣਿਆ ਜਾ ਸਕੇ ‘‘ਐਸਾ ਗਿਆਨੁ; ਜਪਹੁ ਮਨ ਮੇਰੇ ! ॥ ਹੋਵਹੁ ਚਾਕਰ; ਸਾਚੇ ਕੇਰੇ (ਥਿਰ ਮਾਲਕ ਦੇ) ॥੧॥ ਰਹਾਉ ॥ (ਮਹਲਾ ੧/੭੨੮), ਇਹ ਗਿਆਨ ਕੇਵਲ ਐਸੇ ਸਤਿਗੁਰੂ ਪਾਸੋਂ ਮਿਲੇਗਾ, ਜੋ ਆਪ ਸਚ ’ਚ ਲੀਨ ਹੋਵੇ ਅਤੇ ਸਚ ਨੂੰ ਪ੍ਰਤੱਖ ਵੇਖਦਾ ਹੈ ਤਾਂ ਹੀ ਉਸ ਦੇ ਚੇਲੇ (ਸੇਵਕ) ਦੇ ਹਿਰਦੇ ’ਚ ਠੰਢ ਪਏਗਾ, ਸ਼ਾਂਤੀ ਹੋਵੇਗਾ, ਸਥਿਰਤਾ/ਅਡੋਲਤਾ ਆਏਗੀ ‘‘ਸਾਚੇ ਗੁਰ ਕੀ ਸਾਚੀ ਸੀਖ ॥ ਤਨੁ ਮਨੁ ਸੀਤਲੁ; ਸਾਚੁ ਪਰੀਖ ॥’’ (ਮਹਲਾ ੧/੧੫੨), ਸਤਿਗੁਰੂ ਨੇ ਜਿਨ੍ਹਾਂ ਦੀ ਬਾਂਹ ਫੜੀ; ਉਹ, ਸੰਸਾਰ-ਸਮੁੰਦਰ ਤੋਂ ਤਰ ਗਏ, ‘‘ਗੁਰਿ (ਨੇ) ਰਾਖੇ ਸੇ ਉਬਰੇ; ਸਚਾ ਸਬਦੁ ਵੀਚਾਰਿ (ਕੇ) ॥ (ਮਹਲਾ ੧/੧੦੧੦), ਨਾਨਕ ! ਬੇੜੀ ਸਚ ਕੀ; ਤਰੀਐ ਗੁਰ ਵੀਚਾਰਿ (ਕੇ)॥ (ਮਹਲਾ ੧/੨੦) ‘ਸਚੁ’ ਦੇ ਸੁਭਾਅ ਅਨੁਸਾਰ ਕਿਰਤ-ਕਾਰ ਕਰਨ ਵਾਲ਼ਾ ਭਾਵ ਬੰਦਗੀ ਕਰਨ ਵਾਲ਼ਾ ਭਗਤ; ਆਪਣੇ ਆਪ ਨੂੰ ਉਸ ਦੀ ਰਜ਼ਾ ’ਚ ਵਿਚਰਦਾ, ਮਹਿਸੂਸ ਕਰਦਾ ਹੈ। ਇਹੀ ਅਸਲ ਲਾਭ ਹੈ, ਜੋ ਉਸ ਨੇ ਪ੍ਰਾਪਤ ਕੀਤਾ, ‘‘ਕਾਰ ਕਮਾਵਹਿ ਸਚ ਕੀ; ਲਾਹਾ ਮਿਲੈ ਰਜਾਇ ॥’’ (ਮਹਲਾ ੧/੫੯) ਸਤਿਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ; ਉਹ, ਸਚ ਨਾਲ਼ ਲਿਵ ਜੋੜ ਕੇ ਸੰਸਾਰ ਤੋਂ ਤਰ ਗਏ, ‘‘ਗੁਰਿ (ਨੇ) ਰਾਖੇ, ਸੇ ਉਬਰੇ; ਸਾਚੇ ਸਿਉ ਲਿਵ ਲਾਇ ॥’’ (ਮਹਲਾ ੧/੫੪), ਧਿਆਨ ਰਹੇ ਕਿ ਇਨ੍ਹਾਂ ਸਾਰੇ ਸ਼ਬਦਾਂ ’ਚ ਸਦੀਵੀ ਸਥਿਰ (ਪ੍ਰਭੂ), ਸਦੀਵੀ ਸਥਿਰ (ਗੁਰੂ ਅਤੇ ਉਸ ਦਾ ਸ਼ਬਦ), ਸਦੀਵੀ ਸਥਿਰ (ੴ ਦੀ ਵਡਿਆਈ) ਲਈ ‘ਸਚੁ’ ਸ਼ਬਦ ਵਰਤਿਆ ਹੈ ਅਤੇ ਸਾਰੇ ਹੀ ਵਾਕ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਹੋਏ ਹਨ।
ਕਿਸੇ ਦੇ ਮਰਨ ’ਤੇ ਅਲਾਹਣੀਆਂ ਬਾਣੀ ਪੜ੍ਹੀ ਜਾਂਦੀ ਹੈ। ਮਰ ਚੁੱਕੇ ਦੀ ਤਾਰੀਫ਼ ’ਚ ਨਗਰ ਨਿਵਾਸੀ; ਉਸ ਨੂੰ ਬੜਾ ਇਮਾਨਦਾਰ, ਸਮਾਜ ਦੇ ਕੰਮ ਆਉਣ ਵਾਲ਼ਾ ਸੂਰਮਾ ਆਦਿ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਅਸਲ ਸੂਰਮੇ ਉਹ ਹੁੰਦੇ ਹਨ, ਜਿਨ੍ਹਾਂ ਨੇ ਮਰਨ ਉਪਰੰਤ ਸੱਚੀ ਦਰਗਾਹ ’ਚ ਨਾਮਣਾ ਖੱਟਿਆ ਹੈ ‘‘ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ॥’’ (ਅਲਾਹਣੀਆ/ਮਹਲਾ ੧/੫੮੦) ਓਥੇ ਹੁੰਦੇ ਹਿਸਾਬ-ਕਿਤਾਬ ਸਮੇਂ ‘ਸਚੁ’ ਤੋਂ ਬਿਨਾਂ ਕੋਈ ਸਾਥੀ ਨਹੀਂ ਬਣਦਾ ‘‘ਬਿਨੁ ਸਾਚੇ ਕੋ ਬੇਲੀ ਨਾਹੀ; ਸਾਚਾ ਏਹੁ ਬੀਚਾਰੋ ॥’’ (ਅਲਾਹਣੀਆ/ਮਹਲਾ ੧/੫੮੧), ਆਪ ਨੇ ਓਅੰਕਾਰ ਬਾਣੀ ’ਚ ਵੀ ਇਹ ਸੰਦੇਸ਼ ਦਿੱਤਾ ਹੈ ‘‘ਬਿਨੁ ਸਾਚੇ; ਨਹੀ ਦਰਗਹ ਮਾਨੁ ॥’’ (ਓਅੰਕਾਰ/ਮਹਲਾ ੧/੯੩੭), ਤਾਂ ਤੇ ਜਦ ਤੱਕ ਸਰੀਰ ’ਚ ਜਾਨ ਹੈ, ‘ਸਚੁ’ ਨੂੰ ਸਿਮਰਨਾ ਚਾਹੀਦਾ ਹੈ ‘‘ਜਉ ਲਗੁ ਜੀਉ ਪਰਾਣ; ਸਚੁ ਧਿਆਈਐ ॥’’ (ਮਹਲਾ ੧/੪੨੨)
ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ ‘ਸਚ’ ਦੀ ਵਿਆਖਿਆ; ਸੰਸਾਰ ’ਚ ਦੂਰ ਦੂਰ ਤੱਕ ਪਹੁੰਚ ਗਈ ਕਿਉਂਕਿ ਆਸਾ ਕੀ ਵਾਰ ਦੇ ਕੀਰਤਨ ਰਾਹੀਂ ਵੀ ਆਪ ਜੀ ਨੇ ਇਹ ਸਮਝਾਇਆ ‘‘ਸਚੁ ਤਾ ਪਰੁ ਜਾਣੀਐ; ਜਾ ਸਿਖ ਸਚੀ ਲੇਇ ॥’’ (ਮਹਲਾ ੧/੪੬੮) ਭਾਵ ਜੇਕਰ ਅਸਲ ਰੂਹਾਨੀਅਤ ਸਿੱਖਿਆ ਮਿਲੇ ਤਾਂ ਹੀ ‘ਸਚੁ’ ਨੂੰ ਜਾਣਿਆ ਜਾਂਦਾ ਹੈ। ਜੋਗੀਆਂ ਨਾਲ਼ ਹੋਈ ਗੋਸਟੀ/ਚਰਚਾ ਸਮੇਂ ਚਰਪਟ ਜੋਗੀ ਨੇ ਵੀ ਇਹ ਪੁੱਛਿਆ ਕਿ ‘ਸਚੁ’ ਬਾਰੇ ਕੋਈ ਵਿਚਾਰ ਦਿਓ, ‘‘ਚਰਪਟੁ ਬੋਲੈ ਅਉਧੂ–ਨਾਨਕ ! ਦੇਹੁ ਸਚਾ ਬੀਚਾਰੋ ॥’’ (ਗੋਸਟਿ/ਮਹਲਾ ੧/੯੩੮), ਇੱਥੇ ਚਰਪਟ ਜੋਗੀ ਨੇ ਗੁਰੂ ਸਾਹਿਬ ਜੀ ਨੂੰ ਵਿਰਕਤ ਨਾਨਕ ! (ਅਉਧੂ ਨਾਨਕ) ਕਹਿ ਕੇ ਸੰਬੋਧਨ ਕੀਤਾ ਹੈ। ਵਿਰਕਤ ਮਨੁੱਖ; ਮਾਇਆ ਤੋਂ ਨਿਰਮੋਹ ਹੁੰਦੇ ਹਨ। ਐਸੇ ਵਿਰਕਤ-ਗੁਰੂ ਜੀ ਪਾਸੋਂ ਜਿਨ੍ਹਾਂ ਨੇ ‘ਸਚੁ’ ਬਾਰੇ ਸੁਣਿਆ ਉਨ੍ਹਾਂ ਨੇ ਐਲਾਨੀਆ ਕਿਹਾ ਕਿ ਅਸੀਂ ਤੈਥੋਂ ਕੁਰਬਾਨ ਹਾਂ ‘‘ਹਉ ਬਲਿਹਾਰੀ ਗੁਰ ਆਪਣੇ; ਜਿਨਿ ਸਚੀ ਬੂਝ ਦਿਤੀ ਬੁਝਾਇ ॥’’ (ਮਹਲਾ ੧/੧੨੮੨) ਕਿਉਂਕਿ ਸਮਝ ਲਿਆ ਕਿ ‘ਸਚੁ’ ਨੂੰ ਪਿਆਰ ਕਰਨ ਤੋਂ ਬਿਨਾਂ; ਮਨੁੱਖਾ ਦੇਹ ਅਸਫਲ ਹੈ, ਗੁਣਾਂ ਤੋਂ ਸੱਖਣੀ ਹੈ, ‘‘ਨਿਰਗੁਣ ਦੇਹ, ਸਾਚ ਬਿਨੁ ਕਾਚੀ; ਮੈ ਪੂਛਉ ਗੁਰੁ ਅਪਨਾ ॥’’ (ਮਹਲਾ ੧/੧੨੭੪)
ਜੋਗੀਆਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਗ੍ਰਿਹਸਤ ਨੂੰ ਤਿਆਗ ਕੇ ਕਾਹਦੇ ਲਈ ਸਾਧੂ ਬਣੇ ਹੋ। ਕੀ ਖਰੀਦਣਾ ਭਾਵ ਲੱਭਣਾ ਚਾਹੁੰਦੇ ਹੋ। ਉਸ ਨਾਲ਼ ਕਿਵੇਂ ਆਪਣੇ ਸਤਸੰਗੀਆਂ ਨੂੰ ਸੰਸਾਰ ਤੋਂ ਪਾਰ ਲੰਘਾਵੋਗੇ ?, ‘‘ਕਿਸੁ ਕਾਰਣਿ; ਗ੍ਰਿਹੁ ਤਜਿਓ, ਉਦਾਸੀ ?॥ ਕਿਸੁ ਕਾਰਣਿ; ਇਹੁ ਭੇਖੁ ਨਿਵਾਸੀ ?॥ ਕਿਸੁ ਵਖਰ ਕੇ ਤੁਮ ਵਣਜਾਰੇ ?॥ ਕਿਉ ਕਰਿ ਸਾਥੁ ਲੰਘਾਵਹੁ ਪਾਰੇ ?॥੧੭॥’’ (ਗੋਸਟਿ/ਮਹਲਾ ੧/੯੩੯) ਆਪ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਵਾਙ ਗੋਰਖ (ਸ਼ਿਵ) ਦੀ ਭਾਲ ਕਰਨ ਲਈ ਜੰਗਲ਼ਾਂ ’ਚ ਨਹੀਂ ਆਏ। ਸਾਡਾ ‘ਸਚੁ’ ਤਾਂ ਸਰਬ ਵਿਆਪਕ ਹੈ। ਅਸੀਂ ਤਾਂ ਉਸ ਨਾਲ਼ ਜੁੜਨ ਵਾਲ਼ੇ ਗੁਰਮੁਖਾਂ ਦੀ ਭਾਲ ਕਰਨ ਲਈ ਇਹ ਲਿਬਾਸ ਧਾਰਨ ਕੀਤਾ ਹੈ। ਉਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣਗੇ, ‘‘ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਨਿਵਾਸੀ ॥ ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ ! ਗੁਰਮੁਖਿ ਉਤਰਸਿ ਪਾਰੇ ॥੧੮॥’’ (ਗੋਸਟਿ/ਮਹਲਾ ੧/੯੩੯), ਧਿਆਨ ਰਹੇ ਕਿ ਇੱਥੇ ਕਿਰਿਆ ਸ਼ਬਦ ‘ਉਤਰਸਿ’ ਭਵਿੱਖ ਸੂਚਕ ਹੈ, ਇਸ ਲਈ ‘(ਪਾਰ) ਲੰਘਣਗੇ’ ਅਰਥ ਕੀਤੇ ਹਨ। ਗੁਰਬਾਣੀ ਲਿਖਤ ਅਨੁਸਾਰ ਕਿਸੇ ਕਿਰਿਆਵਾਚੀ ਸ਼ਬਦ ਦੇ ਅੰਤ ’ਚ ‘ਸਿ, ਸੁ, ਸੀ’ ਅੱਖਰ ਹੋਣ ਤਾਂ ਭਵਿੱਖ ਵੱਲ ਅਰਥ ਦਿੰਦੇ ਹਨ; ਜਿਵੇਂ ਕਿ ‘ਹੋਸੀ-ਹੋਵੇਗਾ, ਜਾਸੀ-ਜਾਏਗਾ, ਮਰਸੀ-ਮਰੇਗਾ, ਆਦਿ।
ਐਸਾ ਸੌਦਾ ਕਰਨ ਵਾਲ਼ੇ ਵਪਾਰੀ ਵਿਰਲੇ ਹੀ ਹੁੰਦੇ ਹਨ, ‘‘ਸਾਚ ਵਖਰ ਕੇ ਵਾਪਾਰੀ ਵਿਰਲੇ; ਲੈ ਲਾਹਾ ਸਉਦਾ ਕੀਨਾ ਹੇ ॥’’ (ਮਹਲਾ ੧/੧੦੨੮), ਜਿਸ ਅੰਦਰ ਇਹ ਵਪਾਰ ਕਰਨ ਦੀ ਤਾਂਘ ਹੋਵੇ, ਉਸ ਦੁਆਰਾ ਕੀਤਾ ਇਹ ਵਪਾਰ ਹੀ ਸਫਲ ਹੁੰਦਾ ਹੈ, ‘‘ਸਚੇ ਕਾ ਵਾਪਾਰੀ ਹੋਵੈ; ਸਚੋ ਸਉਦਾ ਪਾਇਦਾ ॥’’ (ਮਹਲਾ ੧/੧੦੩੬), ਆਪ ਜੀ ਦੀ ਨਜ਼ਰ ਵਿੱਚ ਸਫਲ ਗੁਰਮੁਖ-ਵਪਾਰੀ ਐਸੇ ਹੁੰਦੇ ਹਨ ‘‘ਗੁਰਮੁਖਿ; ਸਾਚੇ ਕਾ ਭਉ ਪਾਵੈ ॥ ਗੁਰਮੁਖਿ; ਬਾਣੀ (ਨਾਲ਼) ਅਘੜੁ (ਮਨ) ਘੜਾਵੈ ॥ ਗੁਰਮੁਖਿ, ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰਮੁਖਿ, ਰੋਮਿ ਰੋਮਿ (ਨਾਲ਼) ਹਰਿ ਧਿਆਵੈ ॥ ਨਾਨਕ ! ਗੁਰਮੁਖਿ ਸਾਚਿ (’ਚ) ਸਮਾਵੈ ॥੨੭॥’’ (ਗੋਸਟਿ/ਮਹਲਾ ੧/੯੪੧), ਇੱਥੇ ‘‘ਗੁਰਮੁਖਿ; ਸਾਚੇ ਕਾ ਭਉ ਪਾਵੈ ॥’’ ਦਾ ਅਰਥ ਹੈ ਕਿ ਜਿਹੜਾ ਵੀ ਸਚ ਦੇ ਡਰ-ਅਦਬ ’ਚ ਰਹਿੰਦਾ ਹੈ, ਕੇਵਲ ਓਹੀ ‘‘ਗੁਰਮੁਖਿ ਸਾਚਿ (’ਚ) ਸਮਾਵੈ ॥’’ ਹੁਣ ਗੁਰਬਾਣੀ ਪ੍ਰਤੀ ਸ਼ਰਧਾ ਰੱਖਣ ਵਾਲ਼ੇ ਗੁਰੂ ਪਿਆਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਬਣਦਾ ਹੈ ਕਿ ਮੈਂ ਕਿੰਨਾ ਕੁ ਸਚੁ-ਨਿਰਾਕਾਰ ਦੇ ਡਰ-ਅਦਬ ’ਚ ਰਹਿੰਦਾ ਹਾਂ। ਜ਼ਿਆਦਾਤਰ ਸਿੱਖ ਪ੍ਰਚਾਰਕ; ਗੁਰਬਾਣੀ ਦੇ ਇਸ ਮੂਲ ਵਿਸ਼ੇ ’ਤੇ ਬੋਲਦੇ ਹੀ ਨਹੀਂ ਵੇਖੇ ਗਏ। ‘ਸਚੁ’ ਨਾਲ਼ ਜੁੜਨ ਦੇ ਚਾਹਵਾਨ ਗੁਰਸਿੱਖਾਂ ਨੂੰ ਆਪ ਗੁਰਬਾਣੀ ਵਿਚਾਰ ਕੇ ਸਤਿਗੁਰੂ ਅੱਗੇ ਅਰਦਾਸ ਕਰਨੀ ਸਿਖਣੀ ਹੈ ਕਿ ਆਪ ਜੀ ਦੇ ਇਨ੍ਹਾਂ ਅੰਮ੍ਰਿਤਮਈ ਬਚਨਾਂ ਨੂੰ ਅਮਲ ’ਚ ਲਿਆਉਣ ਲਈ ਭਰੋਸਾ ਤੇ ਹਿੰਮਤ ਬਖ਼ਸ਼ੋ ਜੀ। ਜਿਨ੍ਹਾਂ ਅੰਦਰ ਐਸੀ ਭਾਵਨਾ ਬਣੀ, ਉਨ੍ਹਾਂ ਨੇ ਆਪਣਾ ਵਪਾਰ ਸਫਲ ਕਰ ਲਿਆ, ‘‘ਚਲੈ ਜਨਮੁ ਸਵਾਰਿ (ਕੇ); ਵਖਰੁ ਸਚੁ ਲੈ (ਕੇ) ॥ ਪਤਿ ਪਾਏ ਦਰਬਾਰਿ (’ਚ) ਸਤਿਗੁਰ ਸਬਦਿ ਭੈ (ਰਾਹੀਂ)॥੧॥ ਰਹਾਉ ॥’’ (ਮਹਲਾ ੧/੭੫੧), ਅਸਲ ’ਚ ਭਗਤ ਭੀ ਓਹੀ ਹਨ ‘‘ਸੇਈ ਭਗਤ; ਜਿਨ ਸਚਿ (’ਚ) ਚਿਤੁ ਲਾਇਆ ॥ (ਮਹਲਾ ੧/੧੩੪੨), ਸਾਚ ਬਿਨਾ; ਦਰਿ (’ਤੇ) ਸਿਝੈ (ਕਾਮਯਾਬੀ) ਨ ਕੋਈ ॥ (ਮਹਲਾ ੧/੧੦੨੭), ਤਬ ਲਗੁ ਮਹਲੁ ਨ ਪਾਈਐ; ਜਬ ਲਗੁ ਸਾਚੁ ਨ ਚੀਤਿ (’ਚ) ॥’’ (ਮਹਲਾ ੧/੫੮), ਇਸੇ ਲਈ ‘‘ਜਿਨੀ ਸਚੁ ਪਛਾਣਿਆ; ਸੇ ਸੁਖੀਏ ਜੁਗ ਚਾਰਿ ॥’’ (ਮਹਲਾ ੧/੫੫), ਬਾਬਾ ਫ਼ਰੀਦ ਜੀ ਨੇ ਆਪ ਅੱਲ੍ਹਾ ਦੇ ਪਿਆਰ ’ਚ ਭਿੱਜ ਕੇ ਬਚਨ ਕੀਤੇ ਕਿ ਜਿਨ੍ਹਾਂ ਨੇ ਸਚੁ ਨੂੰ ਜਾਣਿਆ ਹੈ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ ‘‘ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ॥’’ (ਬਾਬਾ ਫ਼ਰੀਦ ਜੀ/੪੮੮) ਪਦ ਅਰਥ : ਸਚ ਦਾ ਉਰਲਾ-ਪਰਲਾ ਕੋਈ ਕਿਨਾਰਾ ਨਹੀਂ (ਅਪਾਰ), ਉਹ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਅਗੰਮ), ਉਹ ਬੇਅੰਤ ਹੈ। ਸਾਰਿਆਂ ਨੂੰ ਪਾਲਣ ਵਾਲ਼ਾ ਹੈ (ਪਰਵਦਗਾਰ)।
‘ਸਚੁ’ ਤੋਂ ਇਨਕਾਰੀ ਮਨਮੁਖ; ਸਚ ਦੀ ਹੋਂਦ ’ਤੇ ਕਦੇ ਭਰੋਸਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਆਪਣੇ ਪੰਜ ਗਿਆਨ ਇੰਦ੍ਰਿਆਂ ਵਾਲ਼ੇ ਗਿਆਨ ’ਤੇ ਹੀ ਮਾਣ ਹੈ, ਸੰਤੁਸ਼ਟੀ ਹੈ ਭਾਵੇਂ ਕਿ ਇਸ ਸਮਝ ਨੇ ਉਨ੍ਹਾਂ ਦਾ ਕੂੜ ਨਾਲ਼ ਹੀ ਗਹਿਰਾ ਸੰਬੰਧ ਬਣਾਇਆ ਹੈ, ‘‘ਸਾਕਤ, ਸਚੁ ਨ ਭਾਵਈ; ਕੂੜੈ ਕੂੜੀ ਪਾਂਇ ॥’’ (ਮਹਲਾ ੧/੨੨) ਅਰਥ : ਰੱਬ ਤੋਂ ਟੁੱਟੇ ਬੰਦੇ ਨੂੰ ਸਚੁ ਕਦੇ ਪਸੰਦ ਨਹੀਂ ਕਿਉਂਕਿ ਉਸ ਕੂੜ ਦੇ ਪੂਜਾਰੀ ਦਾ ਸੰਸਾਰ ਵੱਲ ਹੀ ਝੁਕਾਅ ਰਹਿੰਦਾ ਹੈ। ਐਸਾ ਬੰਦਾ; ਸਦਾ ਦੁਚਿੱਤੀ ’ਚ ਹੁੰਦਾ ਹੈ ਤਾਹੀਓਂ ਅਦ੍ਰਿਸ਼/ਨਿਰਾਕਾਰ ’ਤੇ ਭਰੋਸਾ ਕਰਨਯੋਗ ਨਹੀਂ ਹੁੰਦਾ। ਦੁਬਿਧਾ ’ਚ ਹੀ ਮਰ ਕੇ ਆਵਾਗਮਣ ’ਚ ਜਾ ਪੈਂਦਾ ਹੈ, ‘‘ਸਾਕਤ ਕੂੜੇ; ਸਚੁ ਨ ਭਾਵੈ ॥ ਦੁਬਿਧਾ ਬਾਧਾ; ਆਵੈ ਜਾਵੈ ॥’’ (ਮਹਲਾ ੧/੧੦੯), ਪਰ ਜੋ ਦੁਚਿੱਤੀ ਵਾਲ਼ਾ ਭਰਮ ਮਿਟਾ ਕੇ ਸਚ ਦੇ ਪ੍ਰੇਮ-ਰੰਗ ’ਚ ਰੰਗੇ ਗਏ, ਉਹ ਕੂੜ ਤੋਂ ਮੁਕਤ ਹੋ ਗਏ ‘‘ਸਚਿ (’ਚ) ਰਤੇ, ਸੇ ਉਬਰੇ; ਦੁਬਿਧਾ ਛੋਡਿ ਵਿਕਾਰ ॥’’ (ਮਹਲਾ ੧/੫੫), ਸਦਾ ਮੈਂ ਮੇਰੀ ’ਚ ਰਹਿਣ ਵਾਲ਼ਾ ਸੰਸਾਰੀ ਬੰਦਾ; ਸਚੁ ਨੂੰ ਨਹੀਂ ਪਾ ਸਕਦਾ ‘‘ਹਉ ਹਉ ਕਰਤ; ਨਹੀ ਸਚੁ ਪਾਈਐ ॥’’ (ਮਹਲਾ ੧/੨੨੬) ਜੋਗੀਆਂ ਨੇ ਸਵਾਲ ਪੁੱਛਿਆ ਕਿ ਅਹੰਕਾਰ ਨੂੰ ਮਾਰਨ ਦੀ ਕਿਹੜੀ ਦਵਾ ਹੈ ‘‘ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ ?॥’’ (ਗੋਸਟਿ/ਮਹਲਾ ੧/੯੪੩), ਗੁਰੂ ਜੀ ਨੇ ਜਵਾਬ ਦਿੱਤਾ ਕਿ ਜੋ ਸੱਚ ਦੇ ਡਰ-ਅਦਬ ’ਚ ਰੰਗਿਆ ਗਿਆ ਉਸ ਅੰਦਰੋਂ ਅਹੰਕਾਰ ਮਰ ਜਾਂਦਾ ਹੈ ‘‘ਸਚ ਭੈ ਰਾਤਾ; ਗਰਬੁ ਨਿਵਾਰੈ ॥ ਏਕੋ ਜਾਤਾ ਸਬਦੁ ਵੀਚਾਰੈ ॥’’ (ਗੋਸਟਿ/ਮਹਲਾ ੧/੯੪੩), ਐਸਾ ਜਾਪਦਾ ਹੈ ਕਿ ਜੋਗੀ; ਆਪਣੇ ਅਜਾਈਂ ਜਾ ਰਹੇ ਮਨੁੱਖਾ ਜਨਮ ਬਾਰੇ ਬਹੁਤ ਚਿੰਤਤ ਸਨ। ਸਤਿਗੁਰੂ ਜੀ ਕਿਰਪਾ ਕਰਨ ਤਾਂ ਜੋ ਜੋਗੀਆਂ ਵਰਗੀ ਤਾਂਘ; ਹਰ ਮਨੁੱਖ ਅੰਦਰ ਪੈਦਾ ਹੋਵੇ।
ਆਸਾ ਕੀ ਵਾਰ ’ਚ ਵੀ ਆਪ ਜੀ ਨੇ ਇਹ ਫ਼ੁਰਮਾਇਆ ‘‘ਸਤਿਗੁਰਿ+ਮਿਲਿਐ (ਨਾਲ਼); ਸਚੁ ਪਾਇਆ; ਜਿਨ੍ਹੀ, ਵਿਚਹੁ ਆਪੁ (ਹੰਕਾਰ) ਗਵਾਇਆ ॥ ਜਿਨਿ, ਸਚੋ ਸਚੁ ਬੁਝਾਇਆ ॥੪॥’’ (ਮਹਲਾ ੧/੪੬੫) ਭਾਵ ਸਤਿਗੁਰੂ ਦੇ ਮਿਲਣ ਨਾਲ਼ ਜਿਸ ਨੇ ਆਪਣੇ ਅੰਦਰੋਂ ਅਹੰਕਾਰ ਨੂੰ ਮਾਰ ਲਿਆ, ਉਸ ਨੇ ਹੀ ਨਿਰੋਲ ਸਚੁ ਨੂੰ ਆਪਣੇ ਅੰਦਰੋਂ ਪ੍ਰਗਟ ਕੀਤਾ ਹੈ। ‘ਸਚੁ’ ਦੀ ਹੋਂਦ ਦਾ ਅਹਿਸਾਸ ਮਾਣਿਆ ਹੈ।
ਗੁਰੂ ਜੀ ਨੇ ਬਚਨ ਕੀਤਾ ਕਿ ਸਾਰਾ ਸੰਸਾਰ; ਅਹੰਕਾਰ ’ਚ ਗ੍ਰਸਤ ਹੋ ਕੇ ਕੂੜ ਰੂਪ ਧੰਧਾ ਕਮਾਉਂਦਾ ਹੈ ਤਾਹੀਓਂ ਸਚੁ; ਕਿਸੇ ਨੂੰ ਪਸੰਦ ਨਹੀਂ ‘‘ਧੰਧੁ ਪਿਟੇ ਸੰਸਾਰੁ; ਸਚੁ ਨ ਭਾਇਆ ॥’’ (ਮਹਲਾ ੧/੪੧੯) ਭਾਵੇਂ ਕਿ ਕੂੜ ਨੇ ਅਨੇਕਾਂ ਮਨਮੁਖ; ਸੰਸਾਰ-ਸਮੁੰਦਰ ’ਚ ਡੋਬ ਦਿੱਤੇ ‘‘ਨਾਨਕ ! ਸਚੇ ਨਾਮ ਵਿਣੁ; ਕੇਤੇ ਡੁਬੇ ਸਾਥ ॥’’ (ਮਹਲਾ ੧/੧੨੮੭), ਰਹਰਾਸਿ ਸਮੇਂ ਪੜ੍ਹੀ ਜਾਣ ਵਾਲ਼ੀ ਬਾਣੀ ’ਚ ਵੀ ਆਪ ਜੀ ਨੇ ਕਿਹਾ ਕਿ ਸੰਸਾਰ; ਮੋਹ ਰੂਪ ਚਿੱਕੜ ਹੈ। ਇਸ ਵਿੱਚ ਵਿਰਕਤ ਹੋਣ ਲਈ ਪੈਰ ਅਗਾਂਹ ਨਹੀਂ ਵਧਦਾ। ਅਨੇਕਾਂ ਮਨੁੱਖ; ਇਸ ਦਲਦਲ ’ਚ ਫਸ ਕੇ ਬਾਜ਼ੀ ਹਾਰ ਗਏ ‘‘ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ ਤਹ ਡੂਬੀਅਲੇ ॥’’ (ਸੋ ਪੁਰਖੁ/ਮਹਲਾ ੧/੧੨), ਗੁਰੂ ਦੀ ਕਿਰਪਾ ਨਾਲ਼ ਸਚੁ ਨਾਮੁ ਜਪ ਕੇ ਇਸ ਜਿੱਲ੍ਹਣ ’ਚੋਂ ਪਾਰ ਹੋਈਦਾ ਹੈ ‘‘ਬਾਬਾ ! ਜਗੁ ਫਾਥਾ ਮਹਾ ਜਾਲਿ ॥ ਗੁਰ ਪਰਸਾਦੀ ਉਬਰੇ; ਸਚਾ ਨਾਮੁ ਸਮਾਲਿ (ਹਿਰਦੇ ’ਚ ਵਸਾ ਕੇ) ॥੧॥ ਰਹਾਉ ॥’’ (ਮਹਲਾ ੧/੧੦੦੯), ਸੁਆਸ-ਪੂੰਜੀ ਖ਼ਤਮ ਹੋਣ ’ਤੇ ਅੰਤ ਮਨਮੁਖ ਬੰਦੇ ਧਾਹਾਂ ਮਾਰ ਕੇ ਰੋਂਦੇ ਹਨ, ‘‘ਹਰਿ ਨਾਮੁ ਭਗਤਿ ਨ ਰਿਦੈ ਸਾਚਾ; ਸੇ ਅੰਤਿ ਧਾਹੀ ਰੁੰਨਿਆ ॥’’ (ਮਹਲਾ ੧/੪੩੯) ਸਚੁ ਦੇ ਦਰ ਉੱਤੇ ਜਦ ਲੇਖਾ-ਜੋਖਾ ਹੁੰਦਾ ਹੈ ਤਾਂ ਓਥੇ ਓਹੀ ਬਚੇ, ਜਿਹੜੇ ਨਾਮ ਜਪ ਕੇ ਸੁੰਦਰ ਬਣੇ ਭਾਵ ਜੋ ਜਨਮ ਜਨਮ ਦੀ ਮੈਲ਼ ਧੋ ਚੁੱਕੇ ਹਨ, ‘‘ਸਭਨਾ ਕਾ ਦਰਿ ਲੇਖਾ ਸਚੈ; ਛੂਟਸਿ ਨਾਮਿ (ਨਾਲ਼) ਸੁਹਾਵਣਿਆ ॥’’ (ਮਹਲਾ ੧/੧੦੯), ਜੋ ਸੱਚ ’ਚ ਰੰਗੇ ਗਏ, ਉਨ੍ਹਾਂ ਦਾ ਮੁੜ-ਮੁੜ ਜਨਮ ਨਹੀਂ ਹੁੰਦਾ ‘‘ਸਚੇ ਸੇਤੀ ਰਤਿਆ; ਜਨਮੁ ਨ ਦੂਜੀ ਵਾਰ ਜੀਉ ॥’’ (ਮਹਲਾ ੧/੭੫੧), ਸਚ ਨਾਮ ਤੋਂ ਬਿਨਾਂ ਮਾਇਆ ਦੀ ਭੁੱਖ ਨਹੀਂ ਲਹਿੰਦੀ ‘‘ਨਾਨਕ ! ਸਚੇ ਨਾਮ ਬਿਨੁ; ਕਿਸੈ ਨ ਲਥੀ ਭੁਖ ॥’’ (ਮਹਲਾ ੧/੧੦੯੧), ਇਸ ਭੁੱਖ ਦੇ ਹੁੰਦਿਆਂ ਸੰਤੋਖ/ਅਡੋਲਤਾ ਅਤੇ ਉੱਚਾ ਇਖ਼ਲਾਕ ਨਹੀਂ ਪਨਪਦਾ, ‘‘ਸਚ ਬਿਨੁ; ਸਤੁ ਸੰਤੋਖੁ ਨ ਪਾਵੈ ॥’’ (ਮਹਲਾ ੧/੧੦੪੦)
ਮਾਇਆ ਵਾਲ਼ੀ ਭੁੱਖ ਦੀ ਬਜਾਇ ਜਿਨ੍ਹਾਂ ਅੰਦਰ ‘ਸਚੁ’ ਨੂੰ ਮਿਲਣ ਦੀ ਭੁੱਖ/ਤਾਂਘ ਹੈ, ਉਨ੍ਹਾਂ ਅੰਦਰਲੀ ਇਹ ਤਾਂਘ; ਜੀਵਨ ਨੂੰ ਸੰਤੋਖੀ ਬਣਾਉਂਦੀ ਹੈ, ਦੁੱਖਾਂ ਤੋਂ ਮੁਕਤ ਕਰਦੀ ਹੈ ਕਿਉਂਕਿ ਉਹ ਸੱਚ ’ਚ ਮਗਨ ਹੋ ਕੇ ਮਾਇਆ ਵੱਲੋਂ ਰੱਜੇ ਰਹਿੰਦੇ ਹਨ, ‘‘ਖਾਵੈ ਦੂਖ; ਭੂਖ ਸਾਚੇ ਕੀ; ਸਾਚੇ ਹੀ ਤ੍ਰਿਪਤਾਸਿ ਰਹੈ ॥’’ (ਮਹਲਾ ੧/੯੪੫), ਐਸੇ ਸੰਤੋਖੀਆਂ ਨੇ ਹੀ ਸਥਿਰ/ਅਡੋਲ ਰਹਿ ਕੇ ਦਿਲੋਂ ਸਚੁ ਨੂੰ ਸਿਮਰਿਆ ਹੈ, ‘‘ਸੇਵ ਕੀਤੀ ਸੰਤੋਖੀੲਂੀ; ਜਿਨ੍ਹੀ, ਸਚੋ ਸਚੁ ਧਿਆਇਆ ॥’’ (ਮਹਲਾ ੧/੪੬੭) ਜਦਕਿ ਸੰਤੋਖ ਵਿਹੂਣਾ ਮਨਮੁਖ; ਕੂੜ ’ਚ ਮਗਨ ਰਹਿੰਦਾ ਹੈ ‘‘ਮਨਮੁਖੁ ਸਚਿ (’ਚ) ਨ ਭੀਜਈ; ਕੂੜੁ ਕੂੜਿ (’ਚ) ਗਡਾਵੈ ॥’’ (ਮਹਲਾ ੧/੪੧੯)
ਵਿਚਾਰੇ ਮਨਮੁਖ ਦਾ ਵੀ ਕੀ ਕਸੂਰ ਹੈ। ਸਾਰਾ ਸੰਸਾਰ ਆਪਣੇ ਆਪਣੇ ਲੇਖੇ ’ਚ ਵਿਚਰਦਾ ਹੈ। ਬੁਰੇ ਨਸੀਬਾਂ ਦਾ ਫਲ਼ ਭੋਗਦਾ ਹੈ, ਜਿਸ ਨੂੰ ‘ਜਨਮ ਜਨਮ ਕੀ ਮੈਲ਼’ ਕਿਹਾ ਹੈ। ਇਹ; ਇੱਕ ਤਰ੍ਹਾਂ ਦੀ ਅਗਿਆਨਤਾ ਹੈ, ਹਨ੍ਹੇਰਾ ਹੈ, ਭਰਮ ਹੈ; ਜਿਸ ਨਾਲ਼ ਮਨੁੱਖ ਅੰਦਰ ਡਰ ਉਪਜਦਾ ਹੈ। ਜਦ ਤੱਕ ਲੇਖ ਨਹੀਂ ਮਿਟਦਾ; ਹਿਰਦੇ ਅੰਦਰੋਂ ਡਰ-ਸਹਿਮ ਨਹੀਂ ਜਾਂਦਾ। ਨਿਰਾਕਾਰ-ਸਚੁ ਹੀ ਲੇਖਾ ਰਹਿਤ ਹੋਣ ਕਾਰਨ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੈ, ‘‘ਸਗਲਿਆ ਭਉ ਲਿਖਿਆ ਸਿਰਿ (’ਤੇ) ਲੇਖੁ ॥ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ॥੧॥’’ (ਮਹਲਾ ੧/੪੬੪), ਨਿਰਭਉ ਸਚ ਨਾਲ਼ ਪ੍ਰੀਤ ਕੀਤਿਆਂ ਡਰ ਦੂਰ ਹੁੰਦਾ ਹੈ ‘‘ਮਨ ਰੇ ! ਸਚੁ ਮਿਲੈ; ਭਉ ਜਾਇ ॥ (ਮਹਲਾ ੧/੧੮) ਵਰਨਾ ਕੋਈ ਮੁਕਤ ਨਹੀਂ ਹੁੰਦਾ ‘‘ਨਾਨਕ ! ਮੁਕਤਿ ਨਹੀ; ਬਿਨੁ ਨਾਵੈ ਸਾਚੇ ॥’’ (ਮਹਲਾ ੧/੧੨੭੫), ਸੰਸਾਰ ’ਚ ਆਉਣਾ ਤਾਂ ਹੀ ਸਫਲ ਹੈ, ਜੇਕਰ ਸਚ ’ਚ ਧਿਆਨ ਜੁੜੇ, ‘‘ਤਾ ਜਗਿ (’ਚ) ਆਇਆ ਜਾਣੀਐ; (ਜੇ) ਸਾਚੈ (’ਚ) ਲਿਵ ਲਾਏ ॥’’ (ਮਹਲਾ ੧/੪੨੧), ‘ਸਚੁ’ ਦੀ ਕਮਾਈ ਹੀ ਸ੍ਵਰਗ ਦਾ ਵਾਸਾ ਹੈ, ਜੋ ਜ਼ਬਾਨੀ ਗੱਲਾਂ ਕੀਤਿਆਂ ਨਹੀਂ ਮਿਲਦਾ, ‘‘ਗਲੀ ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ (ਕੇ) ॥’’ (ਮਹਲਾ ੧/੧੪੧) ਭਾਵ ਪਾਣੀ ਦੀਆਂ ਕੁਰਲੀਆਂ ਕਰਨ ਨਾਲ਼ ਪਿਆਸ ਨਹੀਂ ਮਿਟਦੀ; ਪਾਣੀ ਪੀਣਾ ਪੈਣਾ ਹੈ।
ਸਚੁ ਨੂੰ ਮਿਲ ਕੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਭਾਵ ਬੋਲ-ਚਾਲ ’ਚ ਸੰਜੀਦਗੀ ਆ ਜਾਂਦੀ ਹੈ ‘‘ਸੁਚਿ ਹੋਵੈ ਤਾ; ਸਚੁ ਪਾਈਐ ॥’’ (ਮਹਲਾ ੧/੪੭੨) ਕਿਉਂਕਿ ਸਚੁ-ਪ੍ਰਭੂ ਵੀ ਆਖ਼ਿਰ ਸਰੀਰ ਵਿੱਚੋਂ ਹੀ ਮਿਲਣਾ ਹੈ। ਸ਼ਹਰਾਂ ਦੀ ਸੁਰੱਖਿਆ ਲਈ ਬਣਾਏ ਕਿਲ੍ਹਿਆਂ ਵਾਙ ਸਰੀਰ ਵੀ ਇੱਕ ਕਿਲ੍ਹਾ ਹੈ, ਜਿਸ ਦੇ ਦਸਮ ਦੁਆਰ ਰੂਪੀ ਸ਼ਹਰ ’ਚ ‘ਸਚੁ’ ਵੱਸਦਾ ਹੈ ‘‘ਕਾਇਆ ਨਗਰੁ; ਨਗਰ ਗੜ ਅੰਦਰਿ ॥ ਸਾਚਾ ਵਾਸਾ ਪੁਰਿ+ਗਗਨੰਦਰਿ (’ਚ)॥’’ (ਮਹਲਾ ੧/੧੦੩੩), ਅੰਦਰਲੇ ਤੀਰਥ ’ਤੇ ਇਸ਼ਨਾਨ ਕੀਤਿਆਂ ਭਾਵ ਵਿਕਾਰਾਂ ਨੂੰ ਦੂਰ ਕਰ ਕਰ ਨਿਰਮਲ ਹੋ ਕੇ ‘ਸਚੁ’ ਨੂੰ ਜਾਣੀਦਾ ਹੈ ‘‘ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ (’ਤੇ) ਕਰੇ ਨਿਵਾਸੁ ॥’’ (ਮਹਲਾ ੧/੪੬੮) ਯਾਨੀ ਸਚ ਦਾ ਸਿਮਰਨ ਕਰ ਕਰ ਪਾਰਦਰਸ਼ੀ ਹੋਏ (ਭਾਵ ਜਨਮ ਜਨਮ ਦੀ ਮੈਲ਼ ਧੋਤਿਆਂ) ਅੰਤਹਿਕਰਣ ’ਚੋਂ ਰੱਬੀ ਨੂਰ ਦਾ ਪ੍ਰਕਾਸ਼ ਹੁੰਦਾ ਹੈ, ਦਿੱਬ-ਦ੍ਰਿਸ਼ਟੀ ਉਪਜਦੀ ਹੈ ‘‘ਸਚਿ+ਸਿਮਰਿਐ (ਨਾਲ਼); ਹੋਵੈ ਪਰਗਾਸੁ ॥ (ਮਹਲਾ ੧/੬੬੧)
‘ਸਚੁ’ ਨੂੰ ਪਾਉਣ ਲਈ ਕਿਤੇ ਜੰਗਲ਼ਾਂ ’ਚ ਜਾਣ ਦੀ ਲੋੜ ਨਹੀਂ ਬਲਕਿ ਉਹ ਸਾਰਿਆਂ ਦੇ ਅੰਦਰ ਹੈ, ਅੰਗ-ਸੰਗ ਹੈ ‘‘ਜਹ ਜਹ ਦੇਖਉ; ਤਹ ਤਹ ਸਾਚਾ ॥ (ਮਹਲਾ ੧/੨੨੪), ਸਾਚਾ ਠਾਕੁਰੁ ਤ੍ਰਿਭਵਣਿ (ਹਰ ਥਾਂ ’ਚ) ਮੇਰਾ ॥ (ਮਹਲਾ ੧/੧੦੯), ਤੂੰ ਸਭਨੀ ਥਾਈ, ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥’’ (ਮਹਲਾ ੧/੪੩੮), ਜਿਹੜੇ ਸਚ ਦੇ ਪ੍ਰੇਮ-ਰੰਗ ’ਚ ਰੰਗ ਜਾਣ ਉਹੀ ‘ਸਚੁ’ ਨੂੰ ਨੇੜਿਓਂ ਮਹਿਸੂਸ ਕਰਦੇ ਹਨ। ਹਾਜ਼ਰ-ਨਾਜ਼ਰ ਜਾਣ ਕੇ ਅਰਦਾਸ ਕਰਦੇ ਹਨ। ਉਹੀ ਦੁੱਖ ਸੁੱਖ ਦੇਣ ਵਾਲ਼ਾ ਹੈ ‘‘ਸਾਚੈ (’ਚ) ਰਾਚੇ ਦੇਖਿ ਹਜੂਰੇ ॥ ਘਟਿ ਘਟਿ (’ਚ) ਸਾਚੁ ਰਹਿਆ ਭਰਪੂਰੇ ॥ (ਮਹਲਾ ੧/੯੪੩), ਹੈ ਹਜੂਰਿ (ਅੰਗ–ਸੰਗ); ਹਾਜਰੁ ਅਰਦਾਸਿ ॥ ਦੁਖੁ ਸੁਖੁ; ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥’’ (ਮਹਲਾ ੧/੩੫੨)
ਜਿਹੜਾ ਗੁਰੂ ਪਿਆਰਾ; ‘ਸਚ’ ਵਿੱਚ ਲੀਨ ਹੋ ਗਿਆ ਉਹ, ਹਰ ਕਾਰਜ ਦਾ ਮਹੱਤਵ; ਉਸ ਦੀ ਬਖ਼ਸ਼ਸ਼ ਨੂੰ ਦਿੰਦਾ ਹੈ; ਜਿਵੇਂ ਕਿ ਬਚਨ ਹਨ ‘‘ਸਚਾ ਸਾਹਿਬੁ ਏਕੁ ਤੂੰ; ਜਿਨਿ (ਜਿਸ ਨੇ) ਸਚੋ ਸਚੁ ਵਰਤਾਇਆ ॥ ਜਿਸੁ ਤੂੰ ਦੇਹਿ; ਤਿਸੁ ਮਿਲੈ ਸਚੁ; ਤਾ ਤਿਨ੍ਹੀ ਸਚੁ ਕਮਾਇਆ ॥ ਸਤਿਗੁਰਿ+ਮਿਲਿਐ (ਨਾਲ਼) ਸਚੁ ਪਾਇਆ; ਜਿਨ੍ ਕੈ ਹਿਰਦੈ (’ਚ) ਸਚੁ ਵਸਾਇਆ ॥ ਮੂਰਖ ਸਚੁ ਨ ਜਾਣਨ੍ਹੀ; ਮਨਮੁਖੀ ਜਨਮੁ ਗਵਾਇਆ ॥ ਵਿਚਿ ਦੁਨੀਆ; ਕਾਹੇ ਆਇਆ ?॥੮॥’’ (ਆਸਾ ਕੀ ਵਾਰ/ਮਹਲਾ ੧/੪੬੭) ਭਾਵ ਮਨਮੁਖ; ਹਰ ਗੱਲ ਦਾ ਮਹੱਤਵ ਆਪਣੇ ’ਤੇ ਲੈਂਦੇ ਹਨ ਤਾਹੀਓਂ ਮੂਰਖ ਮੰਨੇ ਜਾਂਦੇ ਹਨ। ਉਹ, ਅਪਾਰ ਅਗੰਮ ਬੇਅੰਤ ਪਰਵਦਗਾਰ ਸਚੁ ਨੂੰ ਅਹਿਮੀਅਤ ਨਹੀਂ ਦਿੰਦੇ ਤੇ ਆਪਣਾ ਕੀਮਤੀ ਜਨਮ ਵਿਅਰਥ ਗਵਾ ਲੈਂਦੇ ਹਨ। ਦੱਸੋਂ ਉਹ ਕਾਹਦੇ ਲਈ ਸੰਸਾਰ ’ਚ ਆਏ ? ਸੋ ਸੰਸਾਰ ’ਚ ਆਉਣਾ ਤਾਂ ਹੀ ਸਫਲ ਹੈ ਜੇਕਰ ‘ਸਚੁ’ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਨਾਲ਼ ਪ੍ਰੀਤ ਪਾਈ ਜਾਵੇ। ਉਸ ਨੂੰ ਅਸਲ ਮਾਲਕ ਮੰਨਿਆ ਜਾਏ, ‘‘ਤਾ ਜਗਿ (’ਚ) ਆਇਆ ਜਾਣੀਐ; (ਜੇ) ਸਾਚੈ (’ਚ) ਲਿਵ ਲਾਏ ॥’’ (ਮਹਲਾ ੧/੪੨੧)
‘ਸਚੁ’ ਨਾਲ਼ ਪਿਆਰ ਪਾ ਚੁੱਕਿਆ ਰੱਬੀ ਆਸ਼ਕ; ਕਿਸੇ ਦੁਨਿਆਵੀ ਪਦਾਰਥ ਦੀ ਮੰਗ ਨਹੀਂ ਕਰਦਾ ਸਗੋਂ ਉਸ ਨਾਲ਼ ਨੇੜਤਾ ਬਣਾਉਣ ਲਈ ਆਪਣੀ ਦਿਲੀ ਬੇਦਨਾ ਪ੍ਰਗਟ ਕਰਦਾ ਹੈ, ‘‘ਤੇਰੇ ਗੁਣ ਗਾਵਾ; ਦੇਹਿ ਬੁਝਾਈ ॥ ਜੈਸੇ ਸਚ ਮਹਿ ਰਹਉ; ਰਜਾਈ ! ॥੧॥ ਰਹਾਉ ॥ (ਮਹਲਾ ੧/੭੯੫), ਵਾਹੁ ਵਾਹੁ ਸਾਚੇ ! ਮੈ ਤੇਰੀ ਟੇਕ ॥ ਹਉ ਪਾਪੀ; ਤੂੰ ਨਿਰਮਲੁ ਏਕ ॥੧॥ ਰਹਾਉ ॥’’ (ਮਹਲਾ ੧/੧੫੩) ਇਸ ਤਰ੍ਹਾਂ ਅਰਦਾਸ ਕੀਤਿਆਂ ਬੁਰੇ ਲੇਖ ਨਾਸ ਹੋ ਕੇ ਅੰਦਰ ਆਤਮ ਪ੍ਰਕਾਸ਼ ਹੁੰਦਾ ਹੈ ਜਦਕਿ ਮਨਮੁਖ; ਆਪਣਾ ਮਾੜਾ ਨਸੀਬ ਭੋਗਦਾ ਦੁਖੀ ਰਹਿੰਦਾ ਹੈ। ਓਅੰਕਾਰ ਬਾਣੀ ਅੰਦਰ ਆਪ ਜੀ ਨੇ ਕਿਹਾ ਕਿ ਮਨਮੁਖ ਰਿਹਾਂ ਬੁਰਾ ਨਸੀਬ ਨਹੀਂ ਮਿਟਦਾ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥’’ (ਓਅੰਕਾਰ/ਮਹਲਾ ੧/੯੩੭), ਚੰਗਾ-ਮੰਦਾ ਨਸੀਬ; ਸਾਰਿਆਂ ਦੇ ਜ਼ਿੰਮੇ ਹੈ। ਬੁਰਾ ਨਸੀਬ; ‘ਸਚੁ’ ਨੂੰ ਸਮਝਣ ’ਚ ਰੁਕਾਵਟ ਬਣਦਾ ਹੈ ਤਾਹੀਓਂ ਚੇਤਾ ਕਰਾਇਆ, ‘‘ਬਾਬਾ ! ਸਾਚਾ ਸਾਹਿਬੁ (ਨੂੰ); ਦੂਰਿ ਨ ਦੇਖੁ ॥ ਸਰਬ ਜੋਤਿ ਜਗਜੀਵਨਾ; ਸਿਰਿ ਸਿਰਿ (’ਤੇ) ਸਾਚਾ ਲੇਖੁ ॥੧॥ ਰਹਾਉ ॥’’ (ਮਹਲਾ ੧/੯੯੨) ਅਰਥ : ਹੇ ਭਾਈ ! ਜਗਤ ਨੂੰ ਜੀਵਨ ਦੇਣ ਵਾਲ਼ੇ ਮਾਲਕ ਨੂੰ ਸੰਸਾਰ ਤੋਂ ਵੱਖਰਾ ਨਾ ਜਾਣ। ਉਹ ਸਾਰਿਆਂ ਅੰਦਰ ਜੋਤਿ ਰੂਪ ਵਜੋਂ ਬਿਰਾਜਮਾਨ ਹੈ। ਉਸ ਨੇ ਹੀ ਸਾਰਿਆਂ ਦੇ ਸਿਰ ਉੱਤੇ ਭਾਵ ਜ਼ਿੰਮੇ ਨਸੀਬ-ਲੇਖ ਲਿਖਿਆ ਹੈ।
ਦੂਜੇ ਪਾਸੇ ‘ਸਚੁ’ ਨੂੰ ਅੰਗ-ਸੰਗ ਜਾਣ ਕੇ ਉਸ ਨਾਲ਼ ਪ੍ਰੀਤ ਕਰਨ ਵਾਲ਼ਿਆਂ ਅੰਦਰ ਨਵੀਂ ਚੇਤਨਾ ਉਤਪੰਨ ਹੁੰਦੀ ਹੈ। ਇਹ ਦੈਵੀ-ਦ੍ਰਿਸ਼ਟੀ ਹੀ ਉਸ ਦਾ ਦਰਸ਼ਨ ਹੈ, ‘‘ਅੰਤਰਿ ਪ੍ਰੇਮੁ; ਪਰਾਪਤਿ ਦਰਸਨੁ ॥’’ (ਮਹਲਾ ੧/੧੦੩੨), ਭਗਤ ਆਪਣੇ ਆਪ ਨੂੰ ਮਾਲਕ ਦੀਆਂ ਦਾਸੀਆਂ ਸਮਝਦੇ ਹਨ ਤੇ ਮਾਲਕ ਨੂੰ ਆਪਣਾ ਪਤੀ ‘‘ਹਮ ਸਹ ਕੇਰੀਆ ਦਾਸੀਆ; ਸਾਚਾ ਖਸਮੁ ਹਮਾਰਾ ॥’’ (ਮਹਲਾ ੧/੭੨੯) ਮਾਤਾ ਦੇ ਗਰਭ ’ਚੋਂ ਪੈਦਾ ਹੋਇਆ ਹਰ ਜੀਵਨ; ‘ਸਚ’ ਦੀ ਦਾਸੀ ਹੈ ਤਾਹੀਓਂ ਗੁਰਬਾਣੀ ’ਚ ਭਗਤਾਂ ਲਈ ਇਸਤਰੀ ਲਿੰਗ ਨਾਂਵ (ਸਾਧਨ, ਸੁਲਖਣੀ, ਕੁਲਖਣੀ, ਆਦਿ) ਵਰਤੇ ਗਏ ਹਨ। ‘ਸਚੁ’ ਮਾਲਕ ਕੇਵਲ ਓਹੀ ਹੈ, ਜੋ ਗਰਭ ’ਚੋਂ ਪੈਦਾ ਨਹੀਂ ਹੁੰਦਾ ‘‘ਨਾਨਕ ! ਭੰਡੈ ਬਾਹਰਾ; ਏਕੋ ਸਚਾ ਸੋਇ ॥’’ (ਮਹਲਾ ੧/੪੭੩) ‘ਭੰਡੈ ਬਾਹਰਾ’ ਦਾ ਅਰਥ ਹੈ, ਜੋ ਔਰਤ ਤੋਂ ਪੈਦਾ ਨਹੀਂ ਹੁੰਦਾ।
ਸੋ ਪੂਰੀ ਵਿਚਾਰ ਦਾ ਭਾਵ ਇਹੀ ਹੈ ਕਿ ਵਿਖਾਈ ਦੇਣ ਵਾਲ਼ਾ ਪੂਰਾ ਸੰਸਾਰ; ਲੇਖ-ਨਸੀਬ ਅਧੀਨ ਹੈ, ਡਰ-ਦੁਬਿਧਾ ਅਧੀਨ ਹੈ; ਜਿਸ ਤੋਂ ਮੁਕਤ ਹੋਣ ਲਈ ਲੇਖ ਰਹਿਤ ਨਿਰਭਉ ਸਦੀਵੀ ਸਥਿਰ (ਸਚੁ) ਨਾਲ਼ ਧਿਆਨ ਜੋੜਨਾ ਹੈ। ਕੇਵਲ ਓਹੀ ਅਸਲ ਸਾਥੀ ਹੈ। ਉਸ ਤੋਂ ਹੀ ਸਾਰੀ ਜਗਤ ਉਤਪਤੀ ਹੋਈ ਹੈ। ਇਸ ਦੇ ਕਣ ਕਣ ’ਚ ਉਹ ਆਪ; ਜੋਤਿ ਸਰੂਪ ਵਜੋਂ ਬਿਰਾਜਮਾਨ ਹੈ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮਹਲਾ ੧/੧੯) ਭਾਵ ਜਿਸ ਸਚੁ ਤੋਂ ਹਵਾ (ਗੈਸ) ਬਣੀ, ਫਿਰ ਹਵਾ ਤੋਂ ਪਾਣੀ ਅਤੇ ਪਾਣੀ ਤੋਂ ਜੀਵ-ਜੰਤ, ਜਿਨ੍ਹਾਂ ਸਾਰਿਆਂ ਅੰਦਰ ਓਹੀ ਸਚੁ; ਜੋਤਿ ਰੂਪ ਵਜੋਂ ਸੁਭਾਇਮਾਨ ਹੈ, ਜਿਸ ਤੋਂ ਪਹਿਲਾਂ ਪਹਿਲ ਹਵਾ ਬਣੀ ਸੀ।
ਨਿਤਨੇਮ ਕਰਦਿਆਂ ‘ਸਚੁ’ ਦੀ ਤਾਂਘ ਅਤੇ ਉਸ ਦੇ ਵਿਛੋੜੇ ਦਾ ਅਹਿਸਾਸ (ਬਿਰਹਾ) ਪੈਦਾ ਹੋਣਾ ਲਾਜ਼ਮੀ ਹੈ, ਤਾਂ ਜੋ ਦਿਲੋਂ ਇਹ ਪੁਕਾਰ ਉੱਠੇ, ‘‘ਸੋ ਕਿਉ ਵਿਸਰੈ ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ+ਨਾਇ (ਰਾਹੀਂ) ॥੧॥ ਰਹਾਉ ॥ (ਸੋ ਦਰੁ/ਮਹਲਾ ੧/੯) ਭਾਵ ਹੇ ਮੇਰੀ ਮਾਂ ! ਉਹ ਸਦੀਵੀ ਸਥਿਰ ਮਾਲਕ ਮੈਨੂੰ ਕਦੇ ਨਾ ਭੁੱਲੇ, ਜਿਹੜਾ ਸੱਚੇ ਨਾਮ ਰਾਹੀਂ ਮਿਲਦਾ ਹੈ ਯਾਨੀ ਮੈ ਸੱਚਾ ਨਾਮ ਨਿਰੰਤਰ ਜਪਦਾ ਰਹਾਂ ਤਾਂ ਜੋ ਸਚ ਨਾਲ਼ ਮਿਲਾਪ ਬਣਿਆ ਰਹੇ। ‘ਸਚੁ’ ਦੀ ਕਿਰਪਾ ਨਾਲ਼ ਤਨ ਮਨ ਸ਼ੀਤਲ ਹੁੰਦਾ ਹੈ। ਮਨ, ਅਡੋਲ/ਸਥਿਰ ਹੁੰਦਾ ਹੈ। ਸਚੀ-ਸਫਲ ਜ਼ਿੰਦਗੀ ਬਣਦੀ ਹੈ, ਜੋ ਕਿਸੇ ਵਿਰਲੇ ਨੂੰ ਨਸੀਬ ਹੁੰਦੀ ਹੈ, ‘‘ਜਿਸ ਨੋ ਸਾਚਾ; ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥ ਅੰਮ੍ਰਿਤ ਕੀ ਸਾਰ ਸੋਈ ਜਾਣੈ; ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥’’ (ਮਹਲਾ ੧/੯੯੩), ਸਤਿਗੁਰੂ ਦੇ ਅੰਮ੍ਰਿਤਮਈ ਬੋਲਾਂ ਦੀ ਕਦਰ ਕਰਦਾ ਹੋਇਆ ਉਹ, ਜਣੇ-ਖਣੇ ਨੂੰ ਖਸਮ ਨਹੀਂ ਬਣਾਉਂਦਾ ਬਲਕਿ ਇੱਕੋ ਮਾਲਕ ਉੱਤੇ ਨਿਸ਼ਚਾ ਧਾਰਦਾ ਹੈ ‘‘ਸਾਹਿਬੁ ਮੇਰਾ ਏਕੁ ਹੈ; ਅਵਰੁ ਨਹੀ ਭਾਈ ! ॥ ਕਿਰਪਾ ਤੇ ਸੁਖੁ ਪਾਇਆ; ਸਾਚੇ ਪਰਥਾਈ ॥’’ (ਮਹਲਾ ੧/੪੨੦) ਉਹ ਮਾਇਆਵੀ ਬੰਦਨਾਂ ਤੋਂ ਮੁਕਤ ਹੋ ਕੇ ਹੋਰਾਂ ਨੂੰ ਵੀ ਸਹੀ ਰਾਹ ਪਾਉਂਦਾ ਹੈ ਕਿ ‘‘ਸਾਚੀ ਬਾਣੀ; ਮੀਠੀ ਅੰਮ੍ਰਿਤ ਧਾਰ ॥ ਜਿਨਿ ਪੀਤੀ; ਤਿਸੁ ਮੋਖ ਦੁਆਰ ॥’’ (ਮਹਲਾ ੧/੧੨੭੫)
ਸੋ ਸੂਰਜ, ਤਾਰੇ, ਸੰਸਾਰ, ਸਰੀਰ, ਪਦਾਰਥ ਆਦਿਕ ਕੋਈ ਵੀ ਸਥਿਰ ਨਹੀਂ। ਸਦਾ ਲਈ ਸਾਥ ਦੇਣ ਵਾਲ਼ੇ ਨਹੀਂ। ਕੇਵਲ ਸਦੀਵੀ ਸਾਥੀ ‘ਸਚੁ’ ਹੈ। ਸਦੀਵੀ ਸਾਥੀ; ਉਸ ਦਾ ਨਾਮ ਹੈ। ਸਦੀਵੀ ਸਾਥੀ; ਸਤਿਗੁਰੂ ਹੈ, ਉਸ ਦਾ ਸ਼ਬਦ ਹੈ, ਜਿਸ ਉੱਤੇ ਭਰੋਸਾ ਰੱਖ ਕੇ ਅਮਲ ਕਰਨਾ ਹੈ ਤਾਂ ਜੋ ਜ਼ਿੰਦਗੀ ਵੀ ਸਦੀਵੀ ਸਥਿਰ ਹੋਵੇ। ਵਾਰ ਵਾਰ ਦੇ ਜਨਮ ਤੋਂ ਮੁਕਤੀ ਮਿਲੇ। ਜਗਤ ਰਚਨਾ ਦਾ ਇਹੀ ਅਟੁੱਟ ਵਿਧਾਨ ਹੈ, ‘‘ਨਾਨਕ ! ਸਚੇ ਕੀ ਸਾਚੀ ਕਾਰ ॥’’ (ਜਪੁ/ਮਹਲਾ ੧/੭), ਜੀਵਨ; ਸੱਚੀ ਟਕਸਾਲ ’ਚ ਹੀ ਘੜਿਆ ਜਾਣਾ ਹੈ ‘‘ਘੜੀਐ ਸਬਦੁ; ਸਚੀ ਟਕਸਾਲ ॥’’ (ਜਪੁ/ਮਹਲਾ ੧/੮), ਐਨਾ ਬ੍ਰਹਮ ਗਿਆਨ ਪ੍ਰਤੱਖ ਹੋਣ ਦੇ ਬਾਵਜੂਦ ਵੀ ਜਿਹੜੇ ਬੰਦੇ ਕੂੜ (ਵਿਖਾਈ ਦੇਣ ਵਾਲ਼ੇ ਜਗਤ) ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਹਨ, ਗੁਰੂ ਅਰਜਨ ਸਾਹਿਬ ਜੀ ਉਨ੍ਹਾਂ ਨੂੰ ਮੂਰਖ ਕਹਿ ਕੇ ਸੰਬੋਧਨ ਕਰਦੇ ਹਨ ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ ?॥’’ (ਮਹਲਾ ੫/੮੦੮) ਕਿਉਂਕਿ ਆਪ ਨੇ ਪੂਰੇ ਬ੍ਰਹਿਮੰਡ ਨੂੰ ਨਿਰੰਤਰ ਨਾਸਵਾਨ ਕਿਹਾ ਹੈ; ਜਿਵੇਂ ਕਿ ਬਚਨ ਹਨ ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ॥ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ (ਥਿਰ)॥ (ਮਹਲਾ ੫/੧੨੦੪), ਘਟੰਤ ਰੂਪੰ, ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ (ਅਕਾਸ਼)॥ ਘਟੰਤ ਬਸੁਧਾ (ਧਰਤੀ); ਗਿਰਿ ਤਰ ਸਿਖੰਡੰ (ਪਰਬਤ)॥ ਘਟੰਤ ਲਲਨਾ (ਔਰਤ); ਸੁਤ ਭ੍ਰਾਤ ਹੀਤੰ (ਰਿਸ਼ਤੇਦਾਰ)॥ ਘਟੰਤ ਕਨਿਕ (ਸੋਨਾ) ਮਾਨਿਕ (ਮੋਤੀ) ਮਾਇਆ ਸ੍ਵਰੂਪੰ ॥ ਨਹ ਘਟੰਤ; ਕੇਵਲ ਗੋਪਾਲ ਅਚੁਤ (ਅਬਿਨਾਸੀ)॥ ਅਸਥਿਰੰ ਨਾਨਕ ! ਸਾਧ ਜਨ ॥’’ (ਮਹਲਾ ੫/੧੩੫੪) ਅਰਥ : ਸਰੀਰ (ਸ਼ਕਲ), ਸੱਤੇ ਦੀਪ, ਸੂਰਜ, ਚੰਦ, ਤਾਰੇ, ਅਕਾਸ਼, ਧਰਤੀ, ਪਹਾੜ, ਦਰਖ਼ਤ ਭਾਵ ਬਨਸਪਤੀ, ਹਿਮਾਲਿਆ ਪਰਬਤ, ਔਰਤ, ਪੁੱਤਰ, ਭਰਾ, ਰਿਸ਼ਤੇਦਾਰ, ਸੋਨਾ, ਮੋਤੀ, ਮਾਇਆ ਦੇ ਰੂਪ ਭਾਵ ਧਨ-ਪਦਾਰਥ ਆਦਿਕ ਸਾਰੇ ਨਾਸ ਹੋਣ ਵਾਲ਼ੇ ਹਨ। ਕੇਵਲ ਸਦੀਵੀ ਸਥਿਰ ਹੈ ਭਾਵ ਨਾਸ ਰਹਿਤ ਹੈ ‘ਸਾਰਿਆਂ ਨੂੰ ਪੈਦਾ ਕਰਨ ਵਾਲ਼ਾ ੴ ਅਤੇ ਉਸ ਦੇ ਸੰਤ ਜਨ (ਭਾਵ ਸਤਿਗੁਰੂ)’।
ਸੋ ਗੁਰਬਾਣੀ ਦੇ ਉੱਚੇ-ਸੁੱਚੇ ਖ਼ਿਆਲਾਂ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਉੱਚੇ ਜੀਵਨ ਵਾਲ਼ੇ ਗੁਰਸਿੱਖ ਪ੍ਰਚਾਰਕ ਹੋਣੇ ਸਿੱਖ ਕੌਮ ਅਤੇ ਮਨੁੱਖਤਾ ਲਈ ਲਾਭਕਾਰੀ ਹਨ ਕਿਉਂਕਿ ਗੁਰਬਾਣੀ; ਦਿਮਾਗ਼ੀ ਗਿਆਨ ’ਚੋਂ ਉਪਜੀ ਰਚਨਾ ਨਹੀਂ, ਜਿਸ ਨੂੰ ਕੇਵਲ ਪੜ੍ਹ ਕੇ ਜਾਂ ਡਿਗਰੀ ਲੈ ਕੇ ਪ੍ਰਚਾਰਿਆ ਜਾ ਸਕਦਾ ਹੈ। ਇਹ ਅਨੁਭਵ ’ਚੋਂ ਪ੍ਰਗਟ ਹੋਈ ਸਚਾਈ ਹੈ। ਜਿਸ ਦਾ ਝਲਕਾਰਾ ਲੈਣ ਲਈ ਅਨੁਭਵੀ ਅੱਖ ਖੁੱਲਣੀ, ਮੁੱਢਲੀ ਸ਼ਰਤ ਹੈ ਤਾਹੀਓਂ ਗੁਰੂ ਅਰਜਨ ਸਾਹਿਬ ਜੀ ਨੇ ਤਾੜਨਾ ਕੀਤੀ ਕਿ ਪਹਿਲਾਂ ਗੁਰਮਤਿ ਨੂੰ ਆਪਣੇ ਜੀਵਨ ’ਚ ਕਮਾ ਕੇ, ਫਿਰ ਹੋਰਾਂ ਨੂੰ ਦੱਸੀ ਇਹ ਸਚਾਈ ਹੀ ਲਾਭ ਪਹੁੰਚਾਉਂਦੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮਹਲਾ ੫/੩੮੧) ਕਿਉਂਕਿ ਅਸ਼ਰਧਕ ਪ੍ਰਚਾਰਕ; ਕਦੇ ਵੀ ਆਪਣੇ ਖ਼ੁਸ਼ਕ ਦਿਮਾਗ਼ੀ ਗਿਆਨ ’ਚੋਂ ਬੋਲੇ ਬੋਲ ਨੂੰ ਸ਼ਰਧਾਵਾਨ ਦੇ ਹਿਰਦੇ ਅੰਦਰ ਪ੍ਰਪੱਕ ਨਹੀਂ ਕਰ ਸਕਦਾ। ਸ਼ਾਇਦ ਐਸੇ ਸਿੱਖ ਪ੍ਰਚਾਰਕਾਂ ਦੀ ਘਾਟ ਕਾਰਨ ਹੀ ਸਮੂਹ ਮਨੁੱਖ ਜਾਤੀ; ਸਤਿਗੁਰੂ ਜੀ ਦੇ ਇਨ੍ਹਾਂ ਅੰਮ੍ਰਿਤਮਈ ਅਨਮੋਲ ਰਤਨਾਂ ਤੋਂ ਬਹੁਤਾ ਲਾਭ ਨਹੀਂ ਉਠਾ ਸਕੀ।
Great work
ਉਤਸਾਹ ਵਧਾਉਣ ਲਈ ਧੰਨਵਾਦ ਜੀ। ਸਤਿਗੁਰੂ ਜੀ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਖਸ਼ਦੇ ਰਹਿਣ।
Comments are closed.