ਸਾਕਾ ਨੀਲਾ ਤਾਰਾ 1984

0
1234

ਸਾਕਾ ਨੀਲਾ ਤਾਰਾ 1984

ਮਨਦੀਪ ਕੌਰ

ਸਾਕਾ ਨੀਲਾ ਤਾਰਾ (ਤੀਜੇ ਘੱਲੂਘਾਰੇ) ਨੂੰ ਵਾਪਰਿਆ ਤਿੰਨ ਦਹਾਕੇ ਹੋ ਚੁੱਕੇ ਹਨ। ਹਾਲੇ ਵੀ ਵਾਪਰੇ ਇਸ ਦੁਖਾਂਤ ਦਾ ਸੇਕ ਮਹਿਸੂਸ ਹੁੰਦਾ ਹੈ। ਇਸ ਦੀ ਦੁਖਦਾਈ ਯਾਦ ਤਾਜ਼ਾ ਹੈ। ਆਉਣ ਵਾਲੇ ਦਹਾਕਿਆ ਵਿੱਚ ਵੀ ਇਸ ਦੇ ਫਿੱਕਾ ਪੈਣ ਦੀ ਉਮੀਦ ਨਹੀਂ ਹੈ। ਤੀਜਾ ਘੱਲੂਘਾਰਾ ਭਾਰਤ ਦੇ ਮਥੇ ’ਤੇ ਲੱਗਾ ਉਹ ਬਦਨੁਮਾ ਦਾਗ਼ ਹੈ, ਜੋ ਕਦੀ ਵੀ ਨਹੀਂ ਮਿੱਟ ਸਕਦਾ। ਸਾਕਾ ਨੀਲਾ ਤਾਰਾ, ਸਿੱਖ ਕੌਮ ਨਾਲ ਵਾਪਰੇ ਘੱਲੂਘਾਰਿਆਂ ਦੀ ਲੜੀ ਵਿੱਚੋਂ ਸਭ ਤੋ ਭਿਆਨਕ ਹਾਦਸਾ ਹੈ। ਇਹ ਸਾਕਾ ਸਿੱਖ ਪੰਥ ਨਾਲ ਕੀਤੀ ਵਿਸ਼ਵਾਸਘਾਤ, ਬੇਵਸਾਹੀ, ਵਿਤਕਰਿਆਂ ਅਤੇ ਤਸ਼ੱਦਦ ਦਾ ਵਰਤਾਰਾ ਸੀ। ਇਸ ਤੋਂ ਪਹਿਲਾ ਦੇ ਘੱਲੂਘਾਰਿਆਂ ਵਿੱਚ ਤਾਂ ਸਿੱਖਾਂ ’ਤੇ ਹਮਲਾ ਵਿਦੇਸ਼ੀਆਂ ਨੇ ਕੀਤਾ ਸੀ, ਪਰ ਇਹ ਲੋਕਰਾਜ ਦੇ ਠੇਕੇਦਾਰਾਂ ਨੇ ਕੀਤਾ ਸੀ।

ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਕਈ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲੀਆਂ ਪਰ ਸਿੱਖ ‘ਸਰਬਤ ਦੇ ਭਲੇ’ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਅੱਗੇ ਵਧਦੇ ਰਹੇ ਤਾਂ ਇੰਦਰਾ ਗਾਂਧੀ ਤਿਲਮਿਲਾ ਉੱਠੀ ਅਤੇ ਉਸ ਨੇ ਹਮਲਾ ਕਰਨ ਦਾ ਮਨ ਬਣਾਇਆ, ਉਸ ਨੇ ਰਾਜਨੀਤਿਕ ਚਾਲਾਂ ਚੱਲ ਕੇ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਇਹ ਹਮਲਾ ਮੋਹਰੇ ਵਜੋਂ ਵਰਤਿਆ ਤੇ ਸਾਕਾ ਨੀਲਾ ਤਾਰਾ ਜਿਹੇ ਘੱਲੂਘਾਰੇ ਨੂੰ ਅੰਜਾਮ ਦਿੱਤਾ।

ਹਮਲੇ ਲਈ ਤਰਜੀਹ ਪੰਜਾਬ ਪੁਲਿਸ ਕੋਲ ਰੱਖੀ ਗਈ ਸੀ, ਪਰ ਉਨ੍ਹਾਂ ਮਨਾ ਕਰ ਦਿੱਤਾ ਕਿਉਂਕਿ ਪੰਜਾਬ ਪੁਲਿਸ ਦੇ ਕਈ ਜਵਾਨ ਹਮਲਾ ਕਰਨ ਨੂੰ ਆਪਣੇ ਧਰਮ ਦੇ ਵਿਰੁਧ ਸਮਝਦੇ ਸਨ, ਫਿਰ ਇਸ ਕੰਮ ਲਈ ਸੀ. ਆਰ. ਪੀ. ਨੂੰ ਕਿਹਾ ਗਿਆ, ਉਹਨਾਂ ਕੁਝ ਦਿਨ ਪੜਤਾਲ ਤੋਂ ਬਾਅਦ ਮਨਾ ਕਰ ਦਿੱਤਾ, ਫਿਰ ਇਹ ਮਸਲਾ ਬੀ. ਐਸ. ਐਫ. ਕੋਲ ਰੱਖਿਆ ਗਿਆ ਜਦੋਂ ਉਹਨਾਂ ਵੀ ਮਨਾ ਕੀਤਾ ਤਾਂ ਇਹ ਕੰਮ ਫ਼ੌਜ ਨੂੰ ਕਰਨ ਲਈ ਕਿਹਾ ਗਿਆ ਦਰਬਾਰ ਸਾਹਿਬ ਦੀ ਇਮਾਰਤ ਇੱਕ ਮਜਬੂਤ ਤੇ ਵੱਡੇ ਅਕਾਰ ਵਿੱਚ ਹੋਣ ਕਾਰਨ ਕਬਜ਼ਾ ਕਰਨਾ ਬਹੁਤ ਔਖਾ ਸੀ, ਸੋ ਪਹਿਲਾਂ ਫ਼ੌਜ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਇੱਕ ਇਮਾਰਤ ’ਤੇ 17 ਦਿਨ ਦੀ ਸਿਖਲਾਈ ਦਿੱਤੀ ਗਈ ਅਤੇ ਫਿਰ ਹੈਦਰਾਬਾਦ ਦੀ ਇੱਕ ਵੱਡੇ ਆਕਾਰ ਦੀ ਇਮਾਰਤ ਵਿੱਚ ਮਈ 1984 ਘਟਨਾ ਬਾਰੇ ਸਿਖਲਾਈ ਦਿੱਤੀ ਗਈ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਕੰਮ ਸੋਚੀ ਸਮਝੀ ਸਾਜਸ਼ ਅਧੀਨ ਉਲੀਕੀਆਂ ਗਿਆ, ਜਿਹੜੇ ਲੋਕ ਇਹ ਕਹਿੰਦੇ ਹਨ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਕਰ ਕੇ ਹਮਲਾ ਹੋਇਆ, ਉਹਨਾਂ ਨੂੰ ਮੈ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਫ਼ੌਜ ਨੂੰ ਸਿਖਲਾਈ ਦਿੱਤੀ ਗਈ ਉਸ ਵੇਲੇ ਸੰਤ ਤਖ਼ਤ ਸਾਹਿਬ ’ਤੇ ਨਹੀਂ ਸਨ।

ਜਨਰਲ ਵੈਦਿਆ ਦੁਆਰਾ ਸ਼ਹੀਦੀ ਪੁਰਬ ਦਾ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ ਉਸ ਵੇਲੇ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਗੁਰੂ ਅਰਜੁਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਉਣਾ ਸੀ, ਸੋ ਉਹ ਚਾਹੁੰਦਾ ਸੀ ਕਿ ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਕਿ ਉਹ ਬਾਗ਼ੀ ਨਾ ਹੋ ਸਕਣ ਪਰ ਸਰਕਾਰ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ‘ਕੋਈ ਜ਼ੁਲਮ, ਕੋਈ ਸਿਤਮ ਸਾਨੂੰ ਝੁਕਾਅ ਨਹੀਂ ਸਕਦਾ ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਖੂਨ ਹੈ’ ਫ਼ੌਜ ਨੂੰ ਹੇਠ ਲਿਖੀਆਂ ਹਦਾਇਤਾ ਦਿੱਤੀਆਂ ਗਈਆ:

(1). ਵੱਧ ਤੋਂ ਵੱਧ ਫ਼ੌਜੀ ਬਲ ਪ੍ਰਯੋਗ ਕਰਨਾ ।

(2). ਕੋਈ ਵੀ ਫ਼ੌਜੀ ਬੇਝਿਜਕ ਅਤੇ ਬੇਕਿਰਕ ਹੋ ਕੇ ਇਮਾਰਤ ਦੇ ਕਿਸੇ ਪਾਸੇ ਹਮਲਾ ਕਰ ਸਕਦਾ ਹੈ ।

(3). ਕਿਸੇ ਵੀ ਫ਼ੌਜੀ ਦਾ ਕੋਰਟ ਮਾਰਸ਼ਲ ਨਹੀਂ ਹੋਵੇਗਾ ।

(4). ਦੋ ਘੰਟਿਆਂ ਵਿੱਚ ਫ਼ੌਜ ਤਖ਼ਤ ਸਾਹਿਬ ਨੂੰ ਘੇਰ ਲਵੇਗੀ ਅਤੇ ਅਗਲੇ 5 ਘੰਟਿਆਂ ਵਿੱਚ ਤਖ਼ਤ ਸਾਹਿਬ ’ਤੇ ਕਬਜ਼ਾ ਕਰ ਲਵੇਗੀ।

(5). ਸੰਤਾਂ ਨੂੰ ਜਿਉਂਦਾ ਫੜ ਕੇ ਇੰਦਰਾ ਕੋਲ ਪੇਸ਼ ਕੀਤਾ ਜਾਵੇਗਾ ।

(6). ਯਾਤਰੀਆਂ ਨੂੰ ਗੋਲੀ ਨਾ ਮਾਰੀ ਜਾਵੇ ਅਤੇ ਤਪਦੀ ਗ਼ਰਮੀ ਵਿੱਚ ਭੁੱਖਾ ਰੱਖਿਆ ਜਾਵੇਗਾ।

(7). ਕੋਈ ਵੀ ਫ਼ੌਜੀ ਕਿਸੇ ਵੀ ਔਰਤ ਨਾਲ ਬਦਸਲੂਕੀ ਕਰੇ ਤਾਂ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ ।

ਇਸ ਹਮਲੇ ਵਿੱਚ ਜਨਰਲ ਵੈਦਿਆ, ਲੈਫਟੀਨੈਂਟ ਜਨਰਲ ਕੁਲਦੀਪ ਬਰਾੜ, ਰਣਜੀਤ ਦਿਆਲ ਅਤੇ ਸੁੰਦਰ ਜੀ ਦੇ ਨਾਮ ਵਰਨਣਯੋਗ ਹਨ ਪਰ ਕੁਲਦੀਪ ਬਰਾੜ ਦਾ ਕਿਰਦਾਰ ਮੁੱਖ ਤੌਰ ’ਤੇ ਮੰਨਿਆ ਜਾਂਦਾ ਹੈ ਜਦਕਿ ਅੰਦਰੋਂ ਅੰਦਰੀ ਉਹ ਜਨਰਲ ਸੁਬੇਗ ਸਿੰਘ ਹੁਰਾ ਤੋਂ ਡਰ ਰਿਹਾ ਸੀ, ਜਿਸ ਦਾ ਅੰਦਾਜ਼ਾ ਸਾਕਾ ਨੀਲਾ ਤਾਰਾ ਤੋਂ ਬਾਅਦ ਦੀਆਂ ਉਸ ਦੀਆਂ ਲਿਖਤਾਂ ਤੋਂ ਲੱਗਦਾ ਹੈ।

ਉਹ ਲਿਖਦਾ ਹੈ ਕਿ ਸਾਨੂੰ ਸਭ ਤੋਂ ਵੱਡਾ ਡਰ ਸੀ ਕਿ ਅੰਦਰ ਜਨਰਲ ਸੁਬੇਗ ਸਿੰਘ ਵਰਗੇ ਦੇ ਹੱਥ ਕਮਾਨ ਹੈ, ਜਿਸ ਨੇ ਬੰਗਲਾ ਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜ੍ਹੇ ਕਰਵਾਏ ਸਨ, ਸਾਨੂੰ ਡਰ ਸੀ ਕਿ ਸਾਡੀ ਸੀ. ਆਈ. ਡੀ. ਨੂੰ ਉਹ ਹਾਥੀ ਦੇ ਦੰਦਾਂ ਵਾਂਗ ਕਰੇ ਕੁਝ ਹੋਰ ਅਤੇ ਵਿਖਾਵੇ ਕੁਝ ਹੋਰ । 

ਫ਼ੌਜ ਅਕਾਲ ਤਖ਼ਤ ਸਾਹਿਬ ’ਤੇ ਕਬਜ਼ਾ ਕਰਨ ਨੂੰ 4-5 ਘੰਟੇ ਦਾ ਕੰਮ ਸਮਝਦੀ ਸੀ । ਫ਼ੌਜ ਨੂੰ ਮਿਲੀਆਂ ਹਦਾਇਤਾਂ ਅਨੁਸਾਰ 14 ਗੁਰਸਿੱਖ ਫ਼ੌਜੀਆ ਨੂੰ ਰਜ਼ਾਮੰਦੀ ਕਰਨ ਲਈ ਵੀ ਪੈਕੇਜ ਨਾਲ ਭੇਜਿਆ ਗਿਆ ਪਰ ਉਨ੍ਹਾਂ ਫ਼ੌਜੀਆਂ ’ਤੇ ਐਸਾ ਪ੍ਰਭਾਵ ਪਿਆ ਕਿ ਉਹ ਵਾਪਸ ਹੀ ਨਹੀਂ ਆਏ, ਪੈਕੇਜ ਦਾ ਵੇਰਵਾ ਕੁਝ ਹੇਠ ਲਿਖੇ ਅਨੁਸਾਰ ਸੀ :

(1). ਆਪ ਇਕ ਅਰਬ ਡਾਲਰ ਲੈ ਕੇ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਪੱਕੇ ਤੌਰ ’ਤੇ ਰਹਿ ਸਕਦੇ ਹੋ ।

(2). ਸਾਡੀ ਫ਼ੌਜ ਡਰਾਮੇ ਦੇ ਤੋਰ ’ਤੇ ਤੁਹਾਨੂੰ ਗ੍ਰਿਫ਼ਤਾਰ ਕਰੇਗੀ।

(3). ਆਪ ਨੂੰ ਇਕ ਅਰਬ ਅਮਰੀਕੀ ਡਾਲਰ ਆਪ ਦੇ ਕੈਨੇਡਾ ਰਹਿੰਦੇ 10 ਸ਼ਰਧਾਲੂਆ ਦੇ ਨਾਮ ਅਗਲੇ 2 ਘੰਟਿਆਂ ਵਿੱਚ ਕਰ ਦਿੱਤਾ ਜਾਵੇਗਾ ।

(4). ਤੁਹਾਡੀਆਂ ਧਾਰਮਿਕ ਮੰਗਾਂ ਮੰਨ ਲੈਂਦੇ ਹਾਂ, ਬਾਕੀ ਖੇਤੀ ਨਾਲ ਸੰਬੰਧਿਤ ਛੱਡ ਦਿੰਦੇ ਹਾਂ ।

(5). ਕੇਂਦਰ ਸਰਕਾਰ ਤੁਹਾਨੂੰ ਸੈਂਸਰ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਥਾਪ ਦੇਵੇਗੀ, ਤੁਹਾਡੀ ਪਾਰਟੀ ਦਾ ਨਾਮ ਦਸਮੇਸ਼ ਪਾਰਟੀ ਦੇ ਨਾਮ ’ਤੇ ਰੱਖਿਆ ਜਾਵੇਗਾ ।  ਭਵਿੱਖ ਵਿੱਚ ਲਿਖਤੀ ਤੌਰ ’ਤੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦਾ ਤੁਹਾਨੂੰ ਸਮਰਥਨ ਹੋਵੇਗਾ।

ਮੁੱਕਦੀ ਗੱਲ ਇੰਦਰਾ ਗਾਂਧੀ ਨੇ ਤਰ੍ਹਾਂ-ਤਰ੍ਹਾਂ ਦੇ ਲਾਲਚ ਭਿੰਡਰਾਵਾਲਿਆਂ ਨੂੰ ਦਿੱਤੇ । ਅਖੀਰ 2 ਜੂਨ ਨੂੰ ਹਮਲੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਅਤੇ ਐਸਾ ਭਾਣਾ ਵਰਤਿਆ ਕਿ ਵੱਡੇ-ਵੱਡੇ ਗੋਡਿਆਂ ਵਿੱਚ ਸਿਰ ਦੇਣ ਲਗੇ । ਭਾਰਤੀ ਫ਼ੌਜ ਜੋ ਸਿੱਖਾਂ ਦਾ ਸ਼ਿਕਾਰ ਕਰਨ ਲਈ ਬੜੇ ਜੋਸ਼ ਨਾਲ ਆਈ ਸੀ, ਉਹਨਾਂ ਦੀਆਂ ਸਾਰੀਆਂ ਸਕੀਮਾਂ ਫੇਲ ਹੋ ਗਈਆਂ ਤੇ ਉਹਨਾਂ ’ਤੇ ਭਾਰੂ ਪੈਣ ਲੱਗੀਆਂ ਅਤੇ ਦਿੱਲੀ ਤੱਕ ਵਾਇਰਲੈਸਾਂ ਖੜਕ ਗਈਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਪੈਰਾਂ ਥਲਿਉ ਜ਼ਮੀਨ ਨਿਕਲ ਗਈ ਅਤੇ ਬਰਾੜ ਨੂੰ ਜੋ ਜਨਰਲ ਸੁਬੇਗ ਸਿੰਘ ਹੁਰਾ ਦਾ ਡਰ ਸੀ ਉਹ ਯਕੀਨ ਵਿੱਚ ਬਦਲ ਗਿਆ ਕਿਉਂਕਿ ਸੁਬੇਗ ਸਿੰਘ 1950 ਵਿੱਚ ਦੇਹਰਾਦੂਨ ਵਿੱਚ ਬਰਾੜ ਦੇ ਉਸਤਾਦ ਸਨ ਤੇ ਉਨ੍ਹਾਂ ਦੀ ਕਾਬਲੀਅਤ ਦਾ ਬਰਾੜ ਨੂੰ ਪਤਾ ਸੀ।

6 ਲੱਖ ਫ਼ੌਜ ਦਾ ਮੁਕਾਬਲਾ ਕਰੀਬ 500 ਸਿੰਘਾਂ ਨੇ ਕਰ ਕੇ ਚਮਕੌਰ ਸਾਹਿਬ ਦਾ ਇਤਿਹਾਸ ਦੁਹਰਾਇਆ, ਜਿਸ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਸਮੇਤ ਕਈ ਸਿੰਘ ਸ਼ਹੀਦ ਹੋ ਗਏ, ਜਦੋ ਫ਼ੌਜ ਦੇ ਹੱਥ ਜੁਝਾਰੂ ਸਿੰਘ ਨਾ ਆਏ ਤਾਂ ਉਨ੍ਹਾਂ ਦਰਬਾਰ ਸਾਹਿਬ ਪਰਕਰਮਾ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਾਰ ਦਿੱਤਾ। ਟਾਈਮ ਅਖ਼ਬਾਰ ਅਨੁਸਾਰ ਜ਼ਖ਼ਮੀ ਫ਼ੌਜੀ ਇੰਨੇ ਸਨ ਕਿ ਉਹਨਾਂ ਨੂੰ ਅੰਬਾਲਾ ਤੱਕ ਦੇ ਮਿਲਟਰੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ, ਜਿਸ ਪਵਿੱਤਰ ਪਰਿਕਰਮਾ ਵਿੱਚ ਚੱਲ ਰਹੇ ਸਿੱਖ ਕੋਲੋਂ ਕਾਗਜ਼ ਜਾ ਪੱਤਲ ਦਾ ਟੁਕੜਾ ਅਨਜਾਣੇ ਵਿੱਚ ਡਿੱਗ ਪਵੇ ਤਾਂ ਉਹ ਸਿੱਖ ਆਪਣੇ-ਆਪ ਨੂੰ ਕਸੂਰਵਾਰ ਮੰਨਦਾ ਹੈ, ਪਰ ਉਸੇ ਹੀ ਪਰਕਰਮਾ ਵਿੱਚ ਫ਼ੌਜੀ ਬੂਟ ਪਾ ਕੇ ਦਗੜ-ਦਗੜ ਕਰਦੇ ਫਿਰਦੇ ਰਹੇ, ਬੇਕਸੂਰ ਸੰਗਤਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ, ਸੰਗਮਰਮਰ ਦੀ ਪਰਕਰਮਾ ਸਿੱਖਾਂ ਦੇ ਖ਼ੂਨ ਨਾਲ ਲਹੂ- ਲੁਹਾਨ ਹੋ ਗਈ, ਜਿਸ ਪੁਸਤਕਾਲੇ ਵਿੱਚ ਗੁਰੂ ਸਾਹਿਬਾਨ ਦੇ ਹੱਥ ਲਿਖਤ ਅਨਮੋਲ ਖਰੜੇ ਸੀ, ਉਸ ਨੂੰ ਅੱਗ ਲਗਾ ਦਿੱਤੀ ਗਈ ਅਤੇ ਉਸ ਸਮੇਂ ਹਾਜ਼ਰ ਸੀਨੀਅਰ ਫ਼ੌਜੀ ਬ੍ਰਿਗੇਡੀਅਰ ਦੀ ਦੀਵਾਨ ਅਤੇ ਉਸ ਦੇ ਸਾਥੀ ਉਸ ਸਮੇਂ ਨਾਸ਼ਤੇ ਵਿੱਚ ਪੂਰੀਆਂ, ਪਰੋਠੇ ਖਾਂਦੇ ਪੁਸਤਕਾਲੇ ਦੇ ਦਰਵਾਜ਼ੇ ਦੇ ਬਾਹਰ ਨਜ਼ਰ ਆਏ, ਜਦੋਂ ਦੀਵਾਨ ’ਤੇ ਕਿਸੇ ਨੇ ਘਾਤ ਲਗਾ ਕੇ ਗੋਲੀ ਚਲਾਈ ਤਾਂ ਉਹ ਮਸੀ ਬਚਿਆ।

ਜਿਹੜੇ ਲੋਕ ਅੱਜ ਸੰਤ ਜਰਨੈਲ ਸਿੰਘ ਖਾਲਸਾ ਨੂੰ ਹਿੰਦੂਆਂ ਦੇ ਦੁਸ਼ਮਣ ਆਖਦੇ ਹਨ ਅਤੇ ਜਿਨ੍ਹਾਂ ਨੂੰ ਉਹਨਾਂ ਦੀ ਫੋਟੋ ਤੋਂ ਡਰ ਲੱਗਦਾ ਦੈ, ਉਹਨਾਂ ’ਚੋਂ ਕੋਈ ਇਹ ਦੱਸ ਸਕਦਾ ਹੈ ਕਿ ਗੁਰਦਾਸਪੁਰ ਜੇਲ੍ਹ ਵਿੱਚ ਉਹਨਾਂ ਸ਼ਿਵ ਮੰਦਰ ਬਣਾਇਆ ਤਾਂ ਕਿ ਹਿੰਦੂ ਵੀਰ ਆਪਣੇ ਇਸ਼ਟ ਨੂੰ ਧਿਆ ਸਕਣ, ਉਨ੍ਹਾਂ ਕੋਲ ਕੋਈ ਵੀ ਹਿੰਦੂ ਆਉਂਦਾ ਉਸ ਨੂੰ ਪੁੱਛਦੇ ਕਿ ਤੂੰ ਜਨੇਊ ਪਾਇਆ ਹੈ, ਜੇ ਨਹੀਂ ਪਾਇਆ ਤਾਂ ਪਾਊ ਅਤੇ ਆਪਣੇ ਧਰਮ ਵਿੱਚ ਪੱਕੇ ਹੋਵੋ, ਸੰਤਾਂ ਦੀਆਂ ਕੈਸਟਾਂ ਵਿੱਚ ਤਾਂ ਥਾਂ-ਥਾਂ ਹਰ ਹਿੰਦੂ ਨੂੰ ਪੱਕਾ ਹਿੰਦੂ, ਹਰ ਮੁਸਲਮਾਨ ਨੂੰ ਪੱਕਾ ਮੁਸਲਮਾਨ ਤੇ ਹਰ ਸਿੱਖ ਨੂੰ ਪੱਕਾ ਸਿੱਖ ਬਣਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਨੇ ਹਿੰਦੂ ਪਰਿਵਾਰ ਦੀਆਂ ਬੇਟੀਆਂ ਦੇ ਘਰ ਵਸਾਏ, ਜੇਕਰ ਕਿਸੇ ਹਿੰਦੂ ਬੇਟੀ ਦੇ ਸਹੁਰਾ ਪਰਿਵਾਰ ਨੇ ਤੰਗ ਕੀਤਾ ਤਾ ਉਸ ਦੇ ਸਹੁਰਿਆਂ ਨੂੰ ਪੁੱਛਦੇ ਕਿ ਤੈਨੂੰ ਜੋ-ਜੋ ਚਾਹੀਦਾ ਹੈ ਇਕ ਲਿਸਟ ਤਿਆਰ ਕਰ ਕੇ ਦੇ ਜਾਓ ਅਸੀਂ ਸਮਾਨ ਦਾ ਪ੍ਰਬੰਧ ਕਰਾਂਗੇ, ਇਹ ਸਾਡੀ ਬੇਟੀ ਹੈ।  ਇਹੋ ਜਿਹਾ ਮਨੁੱਖ ਜੋ ਸਭ ਦਾ ਸਾਂਝਾ ਹੋਵੇ, ਉਹ ਕਿਵੇਂ ਹਿੰਦੂ ਧਰਮ ਦਾ ਦੁਸ਼ਮਣ ਹੋ ਸਕਦਾ ਹੈ ? ? ?

ਅੱਜ 34 ਸਾਲ ਬਾਅਦ ਵੀ ਇਹ ਲੋੜ ਮਹਿਸੂਸ ਹੋ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਕਿ ਸਮੇਂ ਦੀ ਸਰਕਾਰ ਵੱਲੋਂ ਫ਼ੌਜ ਦੀ ਮਦਦ ਨਾਲ ਕੀਤੀ ਗਈ ਇਹ ਕਾਰਵਾਈ ਕਿੱਥੋਂ ਤੱਕ ਉਚਿਤ ਸੀ ? ਕੀ ਪੈਦਾ ਹੋਈ ਸਥਿਤੀ ਨਾਲ ਨਿਪਟਣ ਦਾ ਕੋਈ ਹੋਰ ਬਿਹਤਰ ਢੰਗ ਨਹੀਂ ਸੀ  ?  ਇਸ ਅਤੀ ਦੁਖਦਾਈ ਘਟਨਾਕ੍ਰਮ ਦਾ ਹੁਣ ਸਭ ਧਿਰਾਂ ਨੂੰ ਖੁੱਲ੍ਹੇ ਮਨ ਨਾਲ ਵਿਸ਼ਲੇਸ਼ਣ ਕਰ ਕੇ ਸਹੀ ਸਿੱਟਿਆਂ ਤੱਕ ਪੁੱਜਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਵੱਡੇ ਦੁਖਾਂਤ ਮੁੜ ਨਾ ਵਾਪਰਨ।