‘ਸੁਖਮਨੀ’ ਹੀ ਕਿਉਂ ?

0
579

 ‘ਸੁਖਮਨੀ’ ਹੀ ਕਿਉਂ ?

ਗੁਰਪ੍ਰੀਤ ਸਿੰਘ (USA)

ਸਿਰਲੇਖ ਦੇ ਨਾਂ ਤੋਂ ਹੀ ਅੰਦਾਜ਼ਾ ਲਗ ਸਕਦਾ ਹੈ ਕਿ ਹਥਲੇ ਲੇਖ ਦਾ ਵਿਸਾ ਬਾਣੀ ‘ਸੁਖਮਨੀ’ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ ੨੬੨ ਤੋਂ ੨੯੬ ਤੱਕ (ਸਭ ਤੋਂ ਲੰਮੀ ਰਚਨਾ, ਜੋ ਕੁੱਲ ਅੰਕ 35 ’ਚ) ਸੁਭਾਇਮਾਨ ਹੈ।

ਕੀ ਕਾਰਨ ਹੈ ਕਿ ਨਿਤਨੇਮ ਤੋਂ ਬਾਅਦ, ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਸ਼ਾਇਦ ‘ਸੁਖਮਨੀ’ ਹੀ ਹੈ ? ਕੀ ਇਸ ਕਰ ਕੇ ਕਿ ਡੇਰਿਆਂ ਵਾਲੇ ਅਖੌਤੀ ਮਹਾਂ ਪੁਰਖਾਂ ਵੱਲੋਂ ਫੈਲਾਇਆ ਗਿਆ ਭਰਮ ਜਾਲ਼ ਬਹੁਤਿਆਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਜਾਂ ਇਨਸਾਨ ਦੁਆਰਾ ਸੁੱਖ ਪ੍ਰਾਪਤੀ ਦੀ ਚਾਹਤ ਵੀ ਬਰਾਬਰ ਦੀ ਹੀ ਹਿੱਸੇਦਾਰ ਹੈ ? ਜਿਵੇਂ ਕਿ ਗੁਰ ਵਾਕ ਹੈ :

ਸੁਖ ਕਉ ਮਾਗੈ ਸਭੁ ਕੋ, ਦੁਖੁ ਨ ਮਾਗੈ ਕੋਇ ॥ (ਮ:੧/੫੭)

ਸੁਖਮਨੀ ਵਿੱਚ ਆਏ ਬ੍ਰਹਮ-ਗਿਆਨੀ, ਸਾਧ ਅਤੇ ਸੰਤ ਸਬਦਾਂ ਦੇ ਅਰਥਾਂ ਨੂੰ ਡੇਰੇਦਾਰ ਬਿਰਤੀ ਤਰੋੜ – ਮਰੋੜ ਕੇ ਬੜੀ ਬੇਸ਼ਰਮੀ ਨਾਲ ਆਪਣੇ ’ਤੇ ਢੁਕਾਉਣ ਦਾ ਅਸਫਲ ਯਤਨ ਕਰਦੀ ਆ ਰਹੀ ਹੈ।

ਇਹਨਾਂ ਅਗਿਆਨੀ ਅਖੌਤੀ ਮਹਾਂ ਪੁਰਖਾਂ ਵੱਲੋਂ ਇਹ ਪ੍ਰਚਾਰ ਕਰਨਾ ਕਿ ਸੁਖਮਨੀ ਦੇ 24, 000 ਅੱਖਰ ਹਨ ਤੇ ਹਰ ਕੋਈ ਮਨੁੱਖ ਵੀ ਚੌਵੀ ਘੰਟਿਆਂ ਵਿੱਚ 24, 000 ਸਾਹ ਲੈਂਦਾ ਹੈ, ਇੱਕ ਕੋਰੇ ਝੂਠ ਤੋਂ ਇਲਾਵਾ ਕੁਝ ਵੀ ਨਹੀਂ ਹੈ।  ਕੇਵਲ ਇੱਕ ਘੰਟਾ ਜੀਵਨ ਦਾ ਕੱਢੋ, ਸੁਖਮਨੀ ਦਾ ਇੱਕ ਪਾਠ ਕਰ ਲਵੋ ਤਾਂ ਤੁਹਾਡੇ ਸਾਰੇ ਸਾਹ ਸਫਲ ਹੋ ਜਾਂਦੇ ਹਨ !  ਵਾਹ !  ਸੌਦਾ ਬੜਾ ਸਸਤਾ ਵੇਚ ਰਹੇ ਹਨ ਮਹਾਂ ਪੁਰਖ !  ਤਾਂ ਫਿਰ ਬਾਕੀ ਦੇ 23 ਘੰਟਿਆਂ ਦਾ ਹਿਸਾਬ ਕੀ ਤੁਹਾਡਾ ਨਿੱਜੀ ਮੁਨੀਮ ਦੇਵੇਗਾ ?

(ਵੈਸੇ ਸੁਖਮਨੀ ਦੇ ਅੱਖਰਾਂ ਦੀ ਗਿਣਤੀ ਲਗਾ – ਮਾਤਰ ਆਦਿ ਸਮੇਤ 39, 000 ਦੇ ਕਰੀਬ ਬਣਦੀ ਹੈ ਤੇ ਕੋਈ ਵੀ ਭਿੰਨ – ਭਿੰਨ ਦੋ ਪ੍ਰਾਣੀ 24 ਘੰਟਿਆਂ ਵਿੱਚ ਇੱਕੋ ਜਿਹੇ ਸਾਹ ਨਹੀਂ ਲੈ ਸਕਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਰਮ ਫੈਲਾਉਣ ’ਚ ਮਾਹਰ ਇਨ੍ਹਾਂ ਡੇਰੇਦਾਰਾਂ ਵੱਲੋਂ ਆਪੋ-ਆਪਣੀਆਂ ਵੈਬ-ਸਾਈਟਜ ਵੀ ਚਲਾਈਆਂ ਜਾ ਰਹੀਆਂ ਹਨ, ਪਰ ਸਾਹਾਂ ਦੀ ਗਿਣਤੀ ਬਾਰੇ ਇੰਟਰਨੈੱਟ ’ਤੇ ਆਪ ਕਦੀ ਖੋਜ ਕਰਨ ਦੀ ਇਨ੍ਹਾਂ ਵੀ ਖੇਚਲ ਹੀ ਨਹੀਂ ਕੀਤੀ)

ਬਾਣੀ ‘ਸੁਖਮਨੀ’ ਤਾਂ ਅਸਲ ਵਿੱਚ ਨਿਰੰਕਾਰ ਨੂੰ ਹਰ ਦਮ ਹਿਰਦੇ ’ਚ ਵਸਾਉਣ ਦੀ ਮਹੱਤਤਾ ਦਰਸਾਉਂਦੀ ਹੈ; ਜਿਵੇਂ ਕਿ

ਜਿਨਿ ਤੇਰੀ ਮਨ  !  ਬਨਤ ਬਨਾਈ॥

ਊਠਤ ਬੈਠਤ ਸਦ; ਤਿਸਹਿ ਧਿਆਈ॥.. ..

ਪ੍ਰਭ ਕੀ ਉਸਤਿਤ, ਕਰਹੁ ਦਿਨ ਰਾਤਿ॥

ਤਿਸਹਿ ਧਿਆਵਹੁ, ਸਾਸਿ ਗਿਰਾਸਿ॥, ਆਦਿ।

ਗੁਰਬਾਣੀ ਨੂੰ ਕਿਸੇ ਮੰਤਰ ਵਾਂਗ ਪੜ੍ਹਨਾ ਜਾਂ ਗਿਣਤੀ-ਮਿਣਤੀ ਦੇ ਚੱਕਰ ’ਚ ਪੈ ਕੇ, ਕਿਸੇ ਫਲ਼ ਦੀ ਇੱਛਾ ਰੱਖਣੀ ਗੁਰਮਤਿ ਦੇ ਸਿਧਾਂਤ ਤੋਂ ਬਿਲਕੁਲ ਉਲਟ ਹੈ।  ਸਰੀਰਕ ਰੋਗ ਨਿਵਾਰਨ ਲਈ ‘ਸੁਖਮਨੀ’ ਜਾਂ ‘ਦੁੱਖ-ਭੰਜਨੀ’ ਦੇ ਕਲਪਿਤ ਨਾਂ ਹੇਠ ਸੰਗ੍ਰਹਿ ਕੀਤੇ ਸਬਦਾਂ ਦਾ ਵਾਰ-ਵਾਰ ਪਾਠ ਕਰਨਾ ਕੇਵਲ ਬਿਪਰਵਾਦ ਸੋਚ ਦੀ ਹੀ ਦੇਣ ਹੈ ਵਰਨਾ ਗੁਰੂ ਸਾਹਿਬ ਜੀ ਨੂੰ ਦਵਾਖ਼ਾਨੇ ਖੋਲ੍ਹਣ ਦੀ ਲੋੜ ਨਾ ਪੈਂਦੀ। ਇਸ ਗੱਲ ਨੂੰ ਤਾਂ ਮਨ ’ਚੋਂ ਉੱਕਾ ਹੀ ਵਿਸਾਰ ਦੇਣਾ ਚਾਹੀਦਾ ਹੈ ਕਿ ਕੋਈ ਵੀ ਮਨੁੱਖ ਕਿਸੇ ਦੂਸਰੇ ਮਨੁੱਖ ਨੂੰ ਕੋਈ ਦਾਤ ਪ੍ਰਦਾਨ ਕਰ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾ ਰਹੇ ਹਨ, ‘‘ਸਭਨਾ ਦਾਤਾ ਏਕੁ ਤੂ, ਮਾਣਸ ਦਾਤਿ ਨ ਹੋਇ॥’’ ( ਮ:੧/੫੯੫)

ਬਾਣੀ ‘ਸੁਖਮਨੀ’ ’ਚ ਵੀ ਪੰਚਮ ਪਿਤਾ ਫ਼ੁਰਮਾਉਂਦੇ ਹਨ, ‘‘ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ॥ ਦੇਵਨ ਕਉ, ਏਕੈ ਭਗਵਾਨੁ॥’’

ਸੋ ਯਾਦ ਰਹੇ ਕਿ ਸੱਚਾ ਅਤੇ ਸਦੀਵੀ ਸੁੱਖ ਕੇਵਲ ਪ੍ਰਭੂ ਦੀ ਸ਼ਰਨ ’ਚ ਆਇਆਂ ਹੀ ਪ੍ਰਾਪਤ ਹੁੰਦਾ ਹੈ, ‘‘ਬਿਨੁ ਸਤਿਗੁਰ, ਸੁਖੁ ਨ ਪਾਵਈ; ਫਿਰਿ ਫਿਰਿ ਜੋਨੀ ਪਾਹਿ॥’’ (ਮ:੩/੨੬)

ਅਸਲ ਵਿੱਚ ਤਾਂ ਸਤਿਗੁਰ ਦੇ ਸ਼ਬਦ ਤੋਂ ਛੁੱਟ ਹੋਰ ਕਿਸੇ ਵੀ ਤਰ੍ਹਾਂ ਦੀ ਯਾਚਨਾ ਕਰਨਾ ਹੀ ਦੁੱਖਾਂ ਨੂੰ ਸੱਦਾ ਦੇਣ ਦੇ ਬਰਾਬਰ ਹੈ ਕਿਉਂਕਿ ਮਨੁੱਖ ਦੀ ਵਿਸੇ-ਵਿਕਾਰਾਂ ਪ੍ਰਤੀ ਖਿੱਚ, ਨਿਰੰਤਰ ਬਰਕਰਾਰ ਰਹਿੰਦੀ ਹੈ ਪਰ ਇੱਕ ਗੁਰਸਿੱਖ ਦੀ ਅਰਦਾਸ ’ਚ ਕੇਵਲ ਪ੍ਰਭੂ ਦੇ ਨਾਮ ਦੀ ਮੰਗ ਹੀ ਸ਼ਾਮਲ ਹੋਣੀ ਚਾਹੀਦੀ ਹੈ, ‘‘ਵਿਣੁ ਤੁਧੁ ਹੋਰੁ ਜਿ ਮੰਗਣਾ; ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ; ਉਤਰੈ ਮਨ ਕੀ ਭੁਖ॥’’ (ਮ: ੫/੯੫੮)

ਗੁਰਦੁਆਰਿਆਂ ਵਿੱਚ ਹਫ਼ਤੇ ਬਾਅਦ ਇਕੱਠੇ ਹੋ ਕੇ ਬਾਣੀ ਪੜ੍ਹਨਾ ਬਹੁਤ ਚੰਗਾ ਉਪਰਾਲਾ (ਉਦਮ) ਹੈ, ਪਰ ਸਿੱਖ ਵੱਲੋਂ ਬਾਣੀ – ਬਾਣੀ ਦੇ ਮਹੱਤਵ ਵਿੱਚ ਫ਼ਰਕ (ਵਿਤਕਰਾ) ਮੰਨਣਾ ਉਚਿਤ ਨਹੀਂ ਜਾਪਦਾ। ਮਿਸਰੀ ਦੀ ਡਲ਼ੀ ਨੂੰ ਕਿਸੇ ਪਾਸਿਓਂ ਵੀ ਚੱਖ ਲਵੋ, ਇੱਕੋ ਜਿਹਾ ਸੁਆਦ ਆਵੇਗਾ।  ਮਸਲਾ ਕੇਵਲ ਵਿਚਾਰ ਸਹਿਤ ਪੜ੍ਹ ਕੇ ਅਮਲ ’ਚ ਲਿਆਉਣ ਦਾ ਹੈ।  ਸੰਪੂਰਨ ਗੁਰੂ ਗ੍ਰੰਥ ਸਾਹਿਬ ’ਚੋਂ ਕੋਈ ਵੀ ਬਾਣੀ ਪੜ੍ਹ ਲਵੋ, ਹਰ ਰਚਨਾ (ਬਾਣੀ) ’ਚ ਇਕ-ਸਾਰ ਉਪਦੇਸ਼ ਮਿਲਦਾ ਹੈ ਕਿ ਮਨੁੱਖ ਨੂੰ ਗੁਣ ਧਾਰਨ ਕੀਤੇ ਬਿਨਾਂ ਜੀਵਨ ਯਾਤਰਾ ਦੌਰਾਨ ਸੰਪੂਰਨ ਸਫਲਤਾ ਨਹੀਂ ਮਿਲ ਸਕਦੀ।  ਪ੍ਰਮਾਣ ਵਜੋਂ, ਆਓ ਕੁੱਝ ਗੁਰ ਵਾਕਾਂ ’ਤੇ ਗ਼ੌਰ ਕਰੀਏ :

ਵਿਣੁ ਗੁਣ (ਰੱਬੀ ਮਿਹਰ) ਕੀਤੇ, ਭਗਤਿ ਨ ਹੋਇ॥ (ਮ:੧/੪)

ਮੂੜੇ  !  ਰਾਮੁ ਜਪਹੁ ਗੁਣ ਸਾਰਿ (ਚੇਤੇ ਕਰ-ਕਰ ਕੇ)॥ (ਮ: ੧/੧੯)

ਜਾਇ ਪੁਛਹੁ ਸੋਹਾਗਣੀ; ਤੁਸੀ ਰਾਵਿਆ ਕਿਨੀ ਗੁਣਂੀ  ? ॥  ਸਹਜਿ ਸੰਤੋਖਿ ਸੀਗਾਰੀਆ; ਮਿਠਾ ਬੋਲਣੀ ॥  ਪਿਰੁ ਰੀਸਾਲੂ ਤਾ ਮਿਲੈ; ਜਾ ਗੁਰ ਕਾ ਸਬਦੁ ਸੁਣੀ ॥ (ਮ: ੧/੧੭)

ਜਿਨ ਗੁਣ, ਤਿਨ ਸਦ ਮਨਿ ਵਸੈ, ਅਉਗੁਣਵੰਤਿਆ ਦੂਰਿ॥

ਮਨਮੁਖ ਗੁਣ ਤੈ ਬਾਹਰੇ, ਬਿਨੁ ਨਾਵੈ ਮਰਦੇ ਝੂਰਿ॥ (ਮ: ੩/੨੭)

ਆਪਣਾ-ਆਪ ਸੰਵਾਰਦਾ ਹੋਇਆ ਮਨੁੱਖ, ਜਦ ਗੁਣ ਇਕੱਤਰ ਕਰਦਾ ਹੈ ਤਾਂ ਨਾਮ ਦੀ ਪ੍ਰਾਪਤੀ ਭਾਵ ਰੱਬੀ ਵਿਸ਼ਾਲਤਾ ਦਾ ਅਹਿਸਾਸ ਹੁੰਦਾ ਹੈ :

 ਗੁਣ ਤੇ ਨਾਮੁ ਪਰਾਪਤਿ ਹੋਇ॥ (ਮ:੩/੩੬੧)

ਅਜਿਹੇ ਖੋਜੀ ਸਾਧਕ ਨੂੰ ਤਦ ਸਭ ਤੋਂ ਉੱਚੀ ਸ਼ੋਭਾ ਮਿਲਦੀ ਹੈ ਤੇ ਇਸੇ ਗੁਣ ਕਾਰਨ ਹੀ ਇਸ ਬਾਣੀ ਦਾ ਨਾਮ, ਸੁੱਖਾਂ ਦੀ ਮਣੀ ਭਾਵ ਸਰਬੋਤਮ ਸੁੱਖ ਰੱਖਿਆ ਗਿਆ, ‘‘ਸਭ ਤੇ ਊਚ; ਤਾ ਕੀ ਸੋਭਾ ਬਨੀ॥ ਨਾਨਕ  !  ਇਹ ਗੁਣਿ (ਕਰ ਕੇ ਹੀ) ਨਾਮੁ ਸੁਖਮਨੀ॥’’ ॥੮॥੨੪॥ (ਗਉੜੀ ਸੁਖਮਨੀ/ਮ: ੫/੨੯੬)