Oankar ਜਾਂ Oamkar
ਚੇਅਰਮੈਨ ਹਰਭਜਨ ਸਿੰਘ (ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)
ਕੁਝ ਸਮਾਂ ਪਹਿਲਾਂ ਮੈਂ ‘ਓਅੰਕਾਰ’ ਦੇ ਵਿਵੇਚਨ ਲਈ ਇੱਕ ਵਿਸ਼ੇਸ਼ ਲੇਖ ਲਿਖਿਆ ਸੀ, ਅੱਜ ਐਵੇਂ ਧਿਆਨ ਵਿੱਚ ਆ ਗਿਆ ਕਿ ਇਸ ਨੂੰ ਸਾਡੇ ਸਿੱਖ ਰੋਮਨ ਅੱਖਰਾਂ ਵਿੱਚ ਕਿਵੇਂ ਲਿਖਦੇ ਹਨ? ਵੇਖਿਆ ਕਿ ਕੋਈ ‘Onkar’ ਕੋਈ ਦੂਜਾ ‘Onkaar’ ਅਤੇ ਕੋਈ ਤੀਜਾ ‘Oankar’ ਲਿਖ ਲੈਂਦਾ ਹੈ। ਭੈਰਉ ਰਾਗ ਵਿੱਚ ਕਬੀਰ ਜੀ ਦੀ ਬਹੁ-ਪ੍ਰਚਲਿਤ ਪੰਕਤੀ ਹੈ- ‘‘ਲੋਗਨ ਰਾਮੁ ਖਿਲਉਨਾ ਜਾਨਾਂ ॥’’ (੧੧੫੮) ਇਹ ਸਾਧਾਰਣ ਜਿਹੀ ਉਕਤਿ ਨਹੀਂ, ਬਲਕਿ ਸਮੁੱਚੀ ਮਨੁੱਖਤਾ ਦਾ ਰੱਬ ਪ੍ਰਤਿ ਨਿਰਾਦਰੀ ਭਰਿਆ ਵਿਵਹਾਰ ਇੱਕ ਤੁਕ ਵਿਚ ਸੰਚਿਤ ਕਰ ਦਿੱਤਾ ਹੈ। ਧਰਮ ਅਤੇ ਪਰਮੇਸ਼ਰ ਨੂੰ ਮਨੁੱਖ ਗੱਲਾਂ-ਬਾਤਾਂ ਅਤੇ ਠੱਗ-ਪਰਵਚਨਾਂ ਵਿੱਚ ਸਭ ਤੋਂ ਉੱਚਤਮ ਅਤੇ ਪਵਿੱਤ੍ਰ ਕਹਿੰਦਾ ਹੈ, ਪਰ ਇਹ ਸਿਰਫ਼ ਕਹਿਣ ਦੀਆਂ ਗੱਲਾਂ ਹਨ। ਹਕੀਕਤ ਮਨੁੱਖ; ਪਰਮੇਸ਼ਰ ਅਤੇ ਧਰਮ ਨੂੰ ਸਭ ਤੋਂ ਨਿਖਿਧ ਅਤੇ ਵਾਧੂ ਕਲਪਨਾ ਮਾਤ੍ਰ ਮੰਨਦਾ ਹੈ। ਇਸੇ ਲਈ ਲੋਕ ਧਾਰਮਿਕ ਕਰਮ ਪੈਸੇ ਦੇ ਕੇ ਕਰਵਾ ਲੈਂਦੇ ਹਨ ਅਤੇ ਪੈਸੇ ਵੀ ਸਾਧਾਰਣ ਮਜ਼ਦੂਰੀ ਤੋਂ ਘੱਟ ਦੇਣ ਦਾ ਯਤਨ ਕਰਦੇ ਹਨ। ਸਾਡੇ ਸਿੱਖਾਂ ਵਿੱਚ ਪੁਜਾਰੀ-ਪ੍ਰਥਾ ਨਿਸ਼ੇਧ ਹੋਣ ਕਾਰਣ ਗ੍ਰੰਥੀ ਸਿੰਘ ਦਾ ਕਾਰਜ ਬਹੁਤ ਪਵਿੱਤ੍ਰ ਹੈ ਅਤੇ ਸਿੱਧਾ ਅਧਿਆਤਮਕ ਗਿਆਨ ਨਾਲ ਸੰਬੰਧਿਤ ਹੈ, ਪਰ ਕੇਵਲ ਸੰਕਲਪ ਅਤੇ ਚਿੰਤਨ ਵਿੱਚ। ਵਿਵਹਾਰ ਵਿੱਚ ਅਸੀਂ ਵੇਖਦੇ ਹਾਂ, ਕਿ ਸਾਡੀ ਕੌਮ ਦੀ ਆਮ ਧਾਰਨਾ ਹੈ ਕਿ ਜੋ ਕਿਸੇ ਕੰਮ ਨੂੰ ਕਰਣ ਜੋਗਾ ਨਾ ਹੋਵੇ, ਉਹ ਗੁਰਦੁਆਰੇ ਜਾ ਬੈਠਦਾ ਹੈ। ਰੱਬ ਅਤੇ ਧਰਮ; ਹਰ ਵਿਅਕਤੀ ਦੀ ਖਿੱਚ-ਧੂਹ ਤੋਂ ਪ੍ਰੇਸ਼ਾਨ ਹਨ। ਜੋ, ਕੁਝ ਵੀ ਨਾ ਜਾਣਦਾ ਹੋਵੇ, ਉਹ ਵੀ ਸ਼੍ਰੇਸਠਤਮ ਧਰਮ-ਸ਼ਾਸਤ੍ਰੀ। ਜਿਸ ਨੂੰ ‘ਪਰਮੇਸ਼ਰ’ ਸ਼ਬਦ ਦੇ ਅਰਥ ਪਤਾ ਨਾ ਹੋਣ, ਓਹ ਅਕਾਲ ਪੁਰਖ ਦੇ ਪਰਮ-ਗਿਆਤਾ ਹੋ ਕੇ ਪ੍ਰਵਚਨ ਕਰਦਾ ਹੈ।
ਬੰਦਿਆਂ ਦੇ ਨਾਵਾਂ ਦੀ ਵੀ ਕਦੇ ਉਹ ਦੁਰਗਤੀ ਹੋਈ ਹੈ, ਜੋ ‘ਓਅੰਕਾਰ’ ਨੂੰ ਰੋਮਨ ਅੱਖਰਾਂ ਵਿੱਚ ਲਿੱਖਣ ਵਾਲੇ ਸਿੱਖਾਂ ਨੇ ਇਸ ਪਦ ਦੀ ਕੀਤੀ ਹੈ। ਹਿੰਦੂ ਧਰਮ-ਸ਼ਾਸਤ੍ਰੀਆਂ ਨੇ ਤਾਂ ਇਸ ਦੀਆਂ ਮਾਤ੍ਰਾਵਾਂ ਦਾ ਧਿਆਨ ਰੱਖਿਆ ਹੈ, ਪਰ ਸਿੱਖ ਲਿਖਾਰੀਆਂ ਨੂੰ ਮਾਤ੍ਰਾ, ਅਮਾਤ੍ਰਾ, ਕੁਮਾਤ੍ਰਾ ਦਾ ਕੋਈ ਫ਼ਰਕ ਨਹੀਂ ਪੈਂਦਾ। ਸ਼ਾਇਦ ਲੋੜ ਤੋਂ ਜ਼ਿਆਦਾ ਪੜ੍ਹ ਗਏ ਹਨ ਜਾਂ ਹੋਰ ਵਿਦਿਆ ਸਮਝ ਨਹੀਂ ਆਈ, ਤਾਂ ਰਾਤ ਦੇ ਹਨੇਰੇ ਵਿੱਚ ਇੱਧਰ ਘੁਸ ਗਏ ਹਨ। ‘ਓਅੰਕਾਰ’ ਦੀਆਂ ਤਿੰਨ ਮਾਤ੍ਰਾ ਸਰਗੁਣ ਬ੍ਰਹਮ ਦਾ ਸਾਰ ਹਨ। ਇਹ ਪਰਮੇਸ਼ਰ ਦਾ ਦਰਸ਼ਨ-ਸਿਰਜਕ ਅੱਖਰ ਹਨ, ਫ਼ਜ਼ੂਲ ਨਹੀਂ ਕਿ ਜੋ ਚਾਹੋ ਕਰ ਲਓ। ਨਾਮ ਤਾਂ ਕਿਸੇ ਵੀ ਭਾਸ਼ਾ ਵਿੱਚ ਬਦਲਦਾ ਨਹੀਂ, ਇਹ ਰੱਬ ਦੇ ਨਾਮ ਦੀ ਐਸੀ ਕਰੂਪ ਟੁੱਟ ਭੱਜ ਕਿਉਂ ? ਸ਼ਾਇਦ ਉਹ ਸਭ ਤੋਂ ਗ਼ਰੀਬ ਅਤੇ ਅਨਾਥ ਹੈ, ਜਿਹੜਾ ਮਰਜ਼ੀ ਆਵੇ ਆਪਣੀ ਗੰਦੀ ਲੱਤ ਮਾਰ ਕੇ ਲੰਘ ਜਾਵੇ। ਮੈਨੂੰ ਇਹ ਕਹਿਣ ਵਿੱਚ ਕੋਈ ਸੰਦੇਹ ਅਤੇ ਆਲੋਚਨਾ-ਭੈਅ ਨਹੀਂ, ਕਿ ਜਿਤਨਾ ਸਿੱਖਾਂ ਦੇ ਵਿਵਹਾਰ ਨੇ ‘ਲੋਗਨ ਰਾਮੁ ਖਿਲਉਨਾ ਜਾਨਾਂ’ ਨੂੰ ਸੱਚ ਕੀਤਾ ਹੈ, ਉਤਨਾ ਸ਼ਾਇਦ ਹੀ ਹੋਰ ਕਿਸੇ ਕੌਮ ਨੇ ਕੀਤਾ ਹੋਵੇ। ਹਿੰਦੂਆਂ ਵਿੱਚ ਅੰਧ-ਵਿਸ਼ਵਾਸ ਉਨ੍ਹਾਂ ਦੀ ਕਮਜ਼ੋਰੀ ਹੈ, ਪਰ ਇਹ ਵੀ ਸਿਫ਼ਤ ਹੈ ਕਿ ਹਰ ਵਿਅਕਤੀ ਧਰਮ-ਦਰਸ਼ਨ ਦਾ ਗਿਆਤਾ ਨਹੀਂ ਬਣਦਾ। ਕੇਵਲ ਗਿਆਨਵਾਨ ਹੀ ਧਾਰਮਿਕ ਵਿਆਖਿਆ ਵਿੱਚ ਪੈਂਦੇ ਹਨ, ਜਦੋਂ ਕਿ ਸਿੱਖਾਂ ਵਿੱਚ ਹਰ ਵਿਅਕਤੀ ਧਰਮ, ਇਤਿਹਾਸ, ਗੁਰਬਾਣੀ ਦਾ ਪਰਿਪੱਕ ਗਿਆਤਾ ਹੈ।
ਗੁਰੂ ਜੀ ਦੀ ਧਾਰਮਿਕ ਕ੍ਰਾਂਤਿ ਦੀ ਇੱਕ ਵੱਡੀ ਸ਼ੋਭਾ ਇਹ ਸੀ, ਕਿ ਉਨ੍ਹਾਂ ਨੇ ਪਰਮੇਸ਼ਰ ਦੇ ਪ੍ਰਚਲਿਤ ਨਾਵਾਂ ਦਾ ਨਿਖੇਧ ਨਹੀਂ ਸੀ ਕੀਤਾ। ਸੰਕਲਪ ਨਵੀਨ ਦੇ ਦਿੱਤੇ। ਪਰਮੇਸ਼ਰ ਦੀ ਆਦਿ-ਜੁਗਾਦਿ ਵਾਦਿਤਾ ਉੱਤੇ ਰੱਤਾ ਵੀ ਆਂਚ ਨਹੀਂ ਆਉਣ ਦਿੱਤੀ। ਪਰਮੇਸ਼ਰ ਦੇ ਪੁਰਾਣੇ ਨਾਮ ਰੱਦ ਕਰਨ ਦਾ ਭਾਵ ਹੈ, ਰੱਬ ਦੀ ਸਨਾਤਨਤਾ ਵਿੱਚ ਅਵਿਸ਼ਵਾਸ; ਜਿਵੇਂ ਕਿ ਪਹਿਲਾਂ ਉਹ ਹੈ ਨਹੀਂ ਸੀ ਨਵਾਂ-ਨਵਾਂ ਲੱਭ ਕੇ ਸਿੰਘਾਸਣ ਉੱਤੇ ਬੈਠਾਇਆ ਹੈ। ਗੁਰੂ ਜੀ ਦਾ ਪਰਮੇਸ਼ਰ ਆਦਿ-ਜੁਗਾਦਿ ਸੀ। ਇਸੇ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਭਾਰਤ ਵਿੱਚ ਬਹੁ-ਪ੍ਰਚਲਿਤ ਅਤਿ ਪਾਰਿਸ਼ਕ੍ਰਿਤ (ਸ਼ੋਧਿਤ) ‘ਓਅੰਕਾਰ’ ਨੂੰ ਸਰਵ-ਉੱਚ ਨਾਮ ਘੋਸ਼ਿਤ ਕਰ ਦਿੱਤਾ। ਉਸ ਦੇ ਅੱਗੇ ਗਿਣਤੀ ਦਾ ਏਕਾ ਵੀ ਲਗਾਇਆ, ਉਸ ਦਾ ਅੱਖਰ-ਕ੍ਰਮ ਵੀ ਬਦਲਿਆ, ਉਸ ਦੀ ਆਕ੍ਰਿਤੀ ਵੀ ਬਦਲੀ। ਸਮੁੱਚਾ ਸੰਕਲਪ ਬਦਲ ਦਿੱਤਾ। ਅਸਲੋਂ ਨਵੀਨ ਅਤੇ ਸ਼ੋਧਿਤ ਸਰੂਪ ਸਥਾਪਿਤ ਕੀਤਾ, ਪਰ ਪੁਰਾਤਨ ਸਰੂਪ ਅਤੇ ਵਿਵੇਚਨ ਦੀ ਨਿਰੰਤਰਤਾ ਵਿੱਚ ਨਵ-ਵਿਕਸਿਤ ਚਿੰਤਨ ਪ੍ਰਸਾਰਿਆ। ਜੋ ਸੀ, ਉਹ ਲੈ ਲਿਆ। ਉਸ ਨੂੰ ਰੱਦ ਨਹੀਂ ਕੀਤਾ, ਪਰ ਹੋਰ ਵਿਕਸਿਤ ਨਵੀਨ ਵਿਵੇਚਨ ਵੀ ਦੇ ਦਿੱਤਾ। ਵੱਖ-ਵੱਖ ਮੱਤਾਂ ਦੇ ਪਰਮੇਸ਼ਰ ਵੀ ਭਿੰਨ-ਭਿੰਨ ਨਾ ਹੋਣ ਸਗੋਂ ਸਾਰੀ ਮਾਨਵਤਾ; ਇੱਕ ਰੱਬ ਨੂੰ ਮੰਨੇ, ਇਸ ਲਈ ਵੈਦਿਕ-ਕਾਲ ਦਾ ‘ਓਅੰਕਾਰ’, ਜਿਸ ਦਾ ਸਰੂਪ ਉਨ੍ਹਾਂ ਤੱਕ ਪਹੁੰਚਦਿਆਂ ਧੁੰਦਲਾ ਜਿਹਾ ਗਿਆ ਸੀ, ਉਸ ਨੂੰ ਸ਼ੋਧਿਤ ਰੂਪ ਦੇ ਕੇ ਪੁਨਰ-ਜਾਗ੍ਰਿਤ ਕਰ ਦਿੱਤਾ। ਵੈਦਿਕ ਕਾਲ ਦਾ ਭਾਵ ਆਦਿ-ਕਾਲ ਤੋਂ ਹੈ, ਨਾ ਕਿ ਹਿੰਦੂ ਵਾਲੇ ਬ੍ਰਹਮਾ ਦੇਵਤੇ ਤੋਂ। ‘ਦਖਣੀ ਓਅੰਕਾਰੁ ਬਾਣੀ ਵਿੱਚ ਇਸ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ- ‘‘ਓਅੰਕਾਰਿ; ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ; ਸੈਲ ਜੁਗ ਭਏ ॥ ਓਅੰਕਾਰਿ; ਬੇਦ ਨਿਰਮਏ ॥’’ (ਰਾਮਕਲੀ ਓਅੰਕਾਰ, ਮ: ੧, ਅੰਗ ੯੩੦)
ਸਿੱਖ ਗੁਰੂ ਜੀ ਦੇ ਇਸ ਪ੍ਰਥਮ ਅਤੇ ਆਧਾਰ-ਵਿਚਾਰ ਦੀਆਂ ਜੜ੍ਹਾਂ ਉੱਤੇ ਕੁਹਾੜੇ ਦੇ ਪ੍ਰਹਾਰ ਕਰਦੇ ਹਨ, ਜਦੋਂ ਓਹ ਹਿੰਦੂਆਂ ਅਤੇ ਸਿੱਖਾਂ ਦੇ ਵੱਖ-ਵੱਖ ‘ਓਅੰਕਾਰ’ ਸਥਾਪਿਤ ਕਰਦੇ ਹਨ। ਜੇ ਵੱਖ-ਵੱਖ ਰੱਖਣਾ ਹੁੰਦਾ, ਤਾਂ ਗੁਰੁ ਜੀ ਨੂੰ ‘ਓਅੰਕਾਰ’ ਰੱਖਣ ਦੀ ਜ਼ਰੂਰਤ ਕੀ ਸੀ? ‘ਸਤਿ ਕਰਤਾਰ, ਕਰਤਾ ਪਰੁਖ, ਅਕਾਲ ਪੁਰਖ’ ਲਿਖ ਸਕਦੇ ਸਨ। ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਮਾਨਵ-ਏਕਤਾ ਵਾਸਤੇ ਸਾਰੀ ਮਾਨਵਤਾ ਦਾ ਇੱਕ ਪਿਤਾ ਸਥਾਪਿਤ ਕਰਨਾ ਲਾਜ਼ਮੀ ਸੀ, ਜਦੋਂ ਕਿ ਸਾਡੀ ਦ੍ਰਿਸ਼ਟੀ ਵਿੱਚ ਸਭ ਕੁਝ ਛਿੰਨ-ਭਿੰਨ ਕਰਨਾ ਹੀ ਅਸਲ ਧਾਰਮਿਕਤਾ ਹੈ। ਇਸੇ ਅੰਧਕਾਰੀ ਵਿਚਾਰ ਕਾਰਣ ‘ਓਅੰਕਾਰ’ ਦੇ ਰੋਮਨਾਈਜ਼ੇਸ਼ਨ ਸਮੇਂ M ਦੀ ਥਾਂ N ਨੂੰ ਲਿਆਂਦਾ ਗਿਆ ਹੈ, ਜੋ ਕਿ ‘ਓਅੰਕਾਰ’ ਦੇ ਸਰੂਪ ਅਤੇ ਸਿਧਾਂਤ ਦਾ ਸਰਵਨਾਸ਼ ਕਰਨ ਤੁਲ ਹੈ। ‘ਓਅੰਕਾਰ’ ਦੇ ਓ, ਅ, ਮ ਅੱਖਰ ਇਸ ਦੀ ਦਾਰਸ਼ਨਿਕਤਾ ਅਤੇ ਅਧਿਆਤਮਕਤਾ ਦੇ ਸਤੰਬ (ਥੰਮ) ਹਨ। ਇਨ੍ਹਾਂ ਵਿੱਚੋਂ ਕੋਈ ਰੱਤਾ ਜਿਤਨਾ ਵੀ ਟੇਢਾ ਹੋ ਜਾਵੇ, ਤਾਂ ਸਮਝੋ ਗੁਰੂ ਗ੍ਰੰਥ ਸਾਹਿਬ ਰੂਪ ਇਮਾਰਤ ਢਹਿ ਗਈ। ‘ਓਅੰਕਾਰ’ ਹੀ ਦੂਸ਼ਿਤ ਹੋ ਜਾਵੇ, ਤਾਂ ਉਸ ਦੇ ਵਿਸਤਾਰ ਰੂਪ ਗ੍ਰੰਥ ਦਾ ਕੀ ਬਣੇਗਾ ? ਓ, ਅ, ਮ ਦੇ ਕੁਝ ਵੀ ਅਰਥ (ਬ੍ਰਹਮ, ਜਗਤ, ਜੀਵ ਜਾਂ ਬ੍ਰਹਮਾ, ਵਿਸ਼ਣੁ, ਸ਼ਿਵ, ਜਾਂ ਰਜ, ਤਮ, ਸਤੋ ਆਦਿ) ਬਣਾ ਲਓ, ਪਰ ‘ਮ’ ਨੂੰ ‘ਨ’ ਵਿੱਚ ਬਦਲਿਆਂ ਸਮੁੱਚੇ ਸਿਧਾਂਤ ਢਹਿ ਜਾਂਦੇ ਹਨ। ਕਿਸੇ ਵੀ ਲਿਪੀ ਵਿੱਚ ਲਿਖੋ, ਤਿੰਨ ਅੱਖਰ ਓ, ਅ, ਮ ਨੂੰ ਅਪਰਿਵਰਤਿਤ ਰੱਖਣਾ ਪਰਮ-ਆਵਸ਼ਕ ਹੈ। ਇਸ ਨੂੰ Omkar ਵੀ ਨਹੀਂ ਲਿਖ ਸਕਦੇ। ਓ (O), ਅ (A) ਅਤੇ ਮ (M) ਦੇ ਸੰਯੋਜਨ ਬਿਨਾਂ ਕਦਾਚਿਤ ‘ਓਅੰਕਾਰ’ ਨਹੀਂ ਬਣ ਸਕਦਾ। ਇੱਥੇ ਐਸੇ ਅਨਪੜ੍ਹ ਟੀਕਾਕਾਰ ਆ ਗਏ ਹਨ, ਕਿ ‘Onkar’ ਲਿਖ ਕਿ ‘ਮ’ ਨੂੰ ਤਾਂ ਬਦਲਿਆ ਹੀ ਹੈ, (ਅ) ਨੂੰ ਵੀ ਉੱਡਾ ਦਿੱਤਾ ਹੈ। ਓਅੰਕਾਰ ਨੂੰ ਇਸ ਤੋਂ ਵੱਧ ਮਲੀਨ ਕੀਤਾ ਹੀ ਨਹੀਂ ਜਾ ਸਕਦਾ।
‘ਮ’ ਅਖਰ ਜੀਵ ਦੇ ‘ਮੰਤਵ’ ਦਾ ਪਰਿਚਾਇਕ ਹੈ ਅਤੇ ਇਹ ਜੀਵਵਾਦੀ/ਜੀਵਨਵਾਦੀ ਉੱਚਤਮ ਅੱਖਰ ਹੈ, ਜਿਸ ਤੋਂ ਸਾਰੀਆਂ ਅਨੁਨਾਸਿਕੀ ਧੁਨੀਆਂ ਉਤਪੰਨ ਹੁੰਦੀਆਂ ਹਨ। ਇਸ ਦੇ ਮਹੱਤਵ ਨੂੰ ਵੇਖ ਕੇ ਕਬੀਰ ਜੀ ਨੇ ਆਪਣੀ ‘ਬਾਵਨ ਅੱਖਰੀ’ ਬਾਣੀ ਵਿੱਚ ਇਸ ਨੂੰ ਤਿੰਨ ਪਉੜੀਆਂ ਦਿੱਤੀਆਂ ਸਨ, ਜਦੋਂ ਕਿ ਹੋਰ ਅੱਖਰਾਂ ਨੂੰ ਇੱਕ-ਇੱਕ ਪਉੜੀ ਜਾਂ ਇੱਕ-ਇੱਕ ਪਦ ਦਿੱਤਾ ਹੈ। ‘ਨ’ ਇੱਕ ਨਾਂਹਵਾਚੀ ਅੱਖਰ ਹੈ। ਪਰਮੇਸ਼ਰਵਾਚੀ ਸ਼ਬਦ ਵਿੱਚ ਇਸ ਦੀ ਸ਼ਮੂਲੀਅਤ ਹੋ ਕਿਵੇਂ ਸਕਦੀ ਹੈ? ਓ, ਅ, ਮ ਤਾਂ ਸ਼ਾਸਤ੍ਰ ਨੇ ਸਥਾਪਿਤ ਕੀਤਾ ਹੋਇਆ ਸੀ ਕਿ ਇਹ ਬ੍ਰਹਮ, ਜਗਤ ਅਤੇ ਜੀਵ ਦੇ ਤ੍ਰਿਏਕ ਵਾਸਤੇ ਹਨ। ‘ਨ’ ਲਗਾਉਣ ਨਾਲ ਭਾਵ ਕੀ ਨਿਕਲੇਗਾ ? ਇਹੋ ਕਿ ਨਾ ‘ਓ’ (ਪਰਮਸ਼ੇਰ) ਹੈ, ਨਾ ਹੀ ‘ਅ’ (ਜਗਤ) ਹੈ। ਬਿਲਕੁਲ ਅਸਲੋਂ ਸ਼ੂਨਯਵਾਦ, ਅਨੀਸ਼ਵਰਵਾਦ। ਐਸੇ-ਐਸੇ ਅਗਿਆਨੀ ਲਿਖਾਰੀ ਸਿੱਖ ਪੰਥ ਵਿੱਚ ਅਵਤ੍ਰਿਤ ਹੋ ਗਏ ਹਨ, ਕਿ ਸਿੱਖ ਪੰਥ ਨੂੰ ਅਨੀਸ਼ਵਰਵਾਦੀ, ਅਵਿਸ਼ਵਾਸੀ ਪੰਥ ਬਣਾ ਰਹੇ ਹਨ।
‘ਨ’ ਅੱਖਰ ਦਾ ਚਿੰਤਨ ਕਰਦਿਆਂ, ਧਿਆਨ ਆਇਆ ਕਿ ‘ਮਨ’ ਵਿੱਚ ‘ਨ’ ਦਾ ਕੀ ਮਤਲਬ ਰਿਹਾ ਹੋਵੇਗਾ ? ਕੋਈ ਸ਼ਬਦ-ਇਤਿਹਾਸ, ਕੋਈ ਕੋਸ਼ ਅੱਜ ਇਸ ਦੀ ਗਾਥਾ ਦੱਸ ਨਹੀਂ ਸਕੇਗਾ ਕਿਉਂਕਿ ਇਸ ਦੇ ਆਵਿਸ਼ਕਾਰ ਦਾ ਇਤਿਹਾਸ ਸਾਡੇ ਕੋਲ ਨਹੀਂ ਹੈ। ਇਹ ਇੱਕੋ ਪਦ ਬਣ ਕੇ ਰਹਿ ਗਿਆ ਹੈ। ‘ਮ’ ਅਤੇ ‘ਨ’ ਦਾ ਸੰਧੀ-ਛੇਦ ਕਰਨਾ ਮੁਸ਼ਕਿਲ ਜਿਹਾ ਹੋ ਗਿਆ ਹੈ, ਜਦੋਂ ਕਿ ਇਹ ਬਿਲਕੁਲ ਸਤਿ ਹੈ, ਕਿ ਇਨ੍ਹਾਂ ਦੋਹਾਂ ਪਦਾਂ ਦੇ ਸੰਜੋਗ ਤੋਂ ਬਿਨਾ ਇਹ ਹੋਂਦ ਵਿੱਚ ਨਹੀਂ ਆ ਸਕਦਾ ਸੀ। ਅੱਖਰ ਐਵੇਂ ਇੱਕ ਦੂਜੇ ਨਾਲ ਨਹੀਂ ਜਾ ਜੁੜੇ। ਚਿੰਤਕਾਂ ਨੇ (ਵਿਕਾਸ-ਪ੍ਰਕ੍ਰਿਆ ਨੇ) ਭਾਵ ਮਿਲਾ ਕੇ ਅੱਖਰ ਜੋੜੇ ਹਨ, ਜਿਨ੍ਹਾਂ ਤੋਂ ਸਜੀਵ ਸ਼ਬਦ ਕ੍ਰਿਆਸ਼ੀਲ ਹਨ। ‘ਮ’ ਅੱਖਰ ਜੀਵ ਵਾਸਤੇ ਹੈ, ਜੀਵ ਦੀ ਵਾਸਤਵਿਕ ਦੈਵੀ-ਪਵਿੱਤ੍ਰਤਾ ਵਾਸਤੇ ਹੈ। ਇਸੇ ਭਾਵ ਵਿੱਚ ‘ਓਅੰਕਾਰ’ ਵਿੱਚ ਹੈ। ‘ਨ’ ਨਾਂਹਵਾਚੀ ਹੈ। ਮਾਇਆ ਹੈ, ਮਾਇਆਵਾਦੀ ਪ੍ਰਵ੍ਰਿਤੀਆਂ ਦਾ ਸੂਚਕ ਹੈ। ਇੰਞ ‘ਮਨ’ ਉਹ ਚੇਤਨਾ ਹੈ, ਜਿਸ ਦਾ ਮੂਲ ‘ਜੀਵ’ ਹੈ ਭਾਵ ਸ਼ੁਧਾਤਮਾ ਹੈ, ਸ਼ੁੱਧ ਪ੍ਰਵ੍ਰਿਤੀਆਂ ਹੈ, ਪਰ ਉਨ੍ਹਾਂ ਸ਼ੁਧ ਪ੍ਰਵ੍ਰਿਤੀਆਂ ਉੱਤੇ ਜਦੋਂ ਮਾਇਆ ਦੀ ਨਾਹਵਾਚਿਕਤਾ ਦਾ ਲੇਪਨ ਹੋ ਜਾਂਦਾ ਹੈ, ਤਾਂ ਉਹ ‘ਮਨ’ ਬਣ ਜਾਂਦਾ ਹੈ। ਸ਼ੁਭ-ਅਸ਼ੁਭ, ਦੈਵੀ-ਮਾਇਆਵੀ ਪ੍ਰਵ੍ਰਿਤੀਆਂ ਦਾ ਸੰਮਿਸ਼੍ਰਣ ਮਨ ਹੈ। ਇਸੇ ਲਈ ਦੁਵਿਧਾ ਵਿੱਚ ਡੋਲਦਾ ਹੈ। ਦਿਵਯਤਾ ਵੱਲ ਜਾਵਾਂ ਕਿ ਮਾਇਆ (ਅੰਧਕਾਰ) ਵੱਲ।
‘‘ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ..॥੫॥’’ (ਆਸਾ, ਮ: ੩, ਅੰਗ ੪੪੧) ਦਾ ਭਾਵ ਇਹੋ ਹੈ, ਕਿ ਤੇਰਾ ਮੂਲ ਤਾਂ ‘ਮ’ ਅਰਥਾਤ ਜੀਵ ਦੀ ਸੁਭਾਵਿਕ ਦੈਵੀ-ਪਵਿੱਤ੍ਰਤਾ ਸੀ, ਪਰ ਉਸ ਤੋਂ ਹਟਣ ਕਾਰਣ ਦੁਵਿਧਾ ਵਿੱਚ ਹੈਂ। ਵੇਖੋ ਜਿੱਥੇ ਉਕਤ ਪੰਕਤੀ (ਸ਼ਬਦ ਦੇ ਪੰਜਵੇਂ ਬੰਦ ਦੀ ਪਹਿਲੀ ਤੁਕ) ਵਿੱਚ ‘ਮਨ’ ਨੂੰ ਜੋਤਿ-ਸਰੂਪ ਕਿਹਾ ਹੈ, ਉੱਥੇ ਅਗਲੇ (ਛੇਵੇਂ) ਬੰਦ ਦੀ ਪਹਿਲੀ ਪੰਕਤੀ ਵਿੱਚ ‘‘ਮਨ ! ਤੂੰ ਗਾਰਬਿ ਅਟਿਆ; ਗਾਰਬਿ ਲਦਿਆ ਜਾਹਿ ॥ ਮਾਇਆ ਮੋਹਣੀ ਮੋਹਿਆ; ਫਿਰਿ ਫਿਰਿ ਜੂਨੀ ਭਵਾਹਿ ..॥੬॥’’ (ਆਸਾ, ਮ: ੩, ਅੰਗ ੪੪੨) ਦੀ ਮਾਇਆਵਾਦੀ ਨਾਹਵਾਚਿਕਤਾ ਆ ਗਈ ਹੈ। ‘ਨ’ ਇਸੇ ਦਾ ਪ੍ਰਤੀਕ ਹੈ। ਇਸੇ ਕਾਰਣ ਕਬੀਰ ਜੀ ਨੇ ਘੋਸ਼ਿਤ ਕੀਤਾ ਕਿ ‘‘ਮਨ ਕਉ ਮਾਰਿ; ਕਹਹੁ, ਕਿਸੁ ਤਾਰੈ ?॥੧॥ ਰਹਾਉ ॥’’ (ਗਉੜੀ, ਭਗਤ ਕਬੀਰ ਜੀ, ਅੰਗ ੩੨੯) ਭਾਵ ਇਸ ਨੂੰ ਮਾਰਣ ਦੀ ਕੋਈ ਜ਼ਰੂਰਤ ਨਹੀਂ। ‘ਮਨ’ ਤਾਂ ਮਰੇਗਾ ਜੇ ‘ਮ’ ਅਤੇ ‘ਨ’ ਦੋਹਾਂ ਦਾ ਘਾਤ ਕੀਤਾ ਜਾਵੇ। ‘ਮਨ’ ਮਾਰਣ ਦਾ ਭਾਵ ਹੈ, ‘ਮ’ ਅਰਥਾਤ ਜੀਵ ਦਾ ਅਸਤਿਤ੍ਵ ਵੀ ਨਸ਼ਟ ਕਰਣਾ। ਪਵਿਤ੍ਰਤਾ, ਅਪਵਿਤ੍ਰਤਾ ਦੋਵੇਂ ਥੋੜ੍ਹੀਆਂ ਨਸ਼ਟ ਕਰਣੀਆਂ ਹਨ। ਇਸ ਤੋਂ ਕੇਵਲ ਨਾਂਹਵਾਚੀ ਪ੍ਰਵ੍ਰਿਤੀਆਂ ਹਟਾਉਣੀਆਂ ਹਨ, ‘ਨ’ ਤੋਂ ਖਹਿੜਾ ਛੁਡਵਾ ਕੇ ਸ਼ੁਧ ਅਤੇ ਕੇਵਲ ‘ਮ’ ਪ੍ਰਗਟ ਕਰਣਾ ਹੈ। ਇਹੋ ਕੈਵਲਯ ਹੈ। ‘ਮ’ ਰਹਿ ਗਿਆ, ‘ਨ’ ਉੱਡਾ ਦਿੱਤਾ।
ਇਹ ਵਿਆਖਿਆ ‘ਨ’ ਦਾ ਭਾਵ ਦੱਸਣ ਵਿੱਚ ਹੀ ਸਨਮੁਖ ਆ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ‘‘ਏਕਮ, ਏਕੰਕਾਰੁ ਪ੍ਰਭੁ; ਕਰਉ ਬੰਦਨਾ ਧਿਆਇ ॥’’ (ਗਉੜੀ ਥਿਤੀ, ਮ: ੫, ਅੰਗ ੨੯੬) ਅਤੇ ‘‘ਏਕਮ; ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥’’ (ਬਿਲਾਵਲੁ ਥਿਤੀ, ਮ: ੧, ਅੰਗ ੮੩੯) ਵਿੱਚ ‘ਏਕੰਕਾਰੁ’ ਵਿਚਲੀ ਟਿੱਪੀ ਨੂੰ ‘ਏਕਮ’ ਦਾ ‘ਮ’ ਸਪਸ਼ਟ ਕਰ ਦਿੱਤਾ ਹੈ। ਜੇ ‘ਏਕੰਕਾਰ’ ਵਿੱਚ ਇਹ ‘ਮ’ ਹੈ ਅਤੇ ਇਸ ਨੂੰ ‘ਏਕਨਕਾਰ’ ਨਹੀਂ ਲਿਖਿਆ ਜਾ ਸਕਦਾ, ਤਾਂ ‘ਓਅੰਕਾਰ’ ਨੂੰ ਓਨਕਾਰ ਜਾਂ ਓਅਨਕਾਰ’ ਕਿਵੇਂ ਲਿਖਿਆ ਜਾ ਸਕਦਾ ਹੈ? ਕੀ ‘‘ਕਹੁ ਨਾਨਕ ਸੁਣਿ ਭਰਥਰਿ ਜੋਗੀ! ਪਾਰਬ੍ਰਹਮ ਲਿਵ ਏਕੰ ॥’’ (ਆਸਾ, ਮ: ੧, ਅੰਗ ੩੬੦) ਵਿੱਚ ‘ਏਕੰ’ ਨੂੰ ‘ਏਕਮ੍’ ਕਹਾਂਗੇ ਜਾਂ ‘ਏਕਨ’ ? ਇੰਞ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ‘ਬਾਵਨ ਅਖਰੀ’ ਦੀਆਂ ਤੁਕਾਂ ‘‘ਓਅੰ; ਸਾਧ ਸਤਿਗੁਰ ਨਮਸਕਾਰੰ ॥’’ (ਗਉੜੀ ਬ.ਅ., ਮ: ੫, ਅੰਗ ੨੫੦) ਅਤੇ ‘‘ਓਅੰ; ਗੁਰਮੁਖਿ ਕੀਓ ਅਕਾਰਾ ॥’’ (ਗਉੜੀ ਬ.ਅ., ਮ: ੫, ਅੰਗ ੨੫੦) ਵਿਚ ‘ਓਅੰ’ ਨੂੰ ‘ਓਅਨ’ (Oan) ਜਾਂ ‘ਓਨ’ (Oan) ਲਿਖਣਾ ਵਿਦਿਆ ਅਤੇ ਗਿਆਨ ਦਾ ਵੱਡਾ ਅਨਾਦਰ ਹੈ। ਇਹ ਸ਼ਬਦ ‘ਓਅਮ’ ਹੈ ਅਤੇ ਇਸ ਦਾ ਉਚਾਰਣ ‘ਮ’ ਨਾਲ ਹੀ ਹੋਣਾ ਹੈ। ਮੈਂ ਕਿਸੇ ਅਣਜਾਣ ਜਿਹੇ ਧਰਮ-ਲੇਖਕ ਦੀ ਟਿਪਣੀ ਪੜ੍ਹ ਰਿਹਾ ਸੀ, ਉਹ ਕਹਿਣ ਲਗਾ ਕਿ ਸੰਸਕ੍ਰਿਤ ਵਿੱਚ ਅਨੁਨਾਸਿਕੀ ਪਦ ਦੇ ਅੱਗੇ ‘ਕ’ ਲਗਿਆ ਹੋਵੇ, ਤਾਂ ਉਚਾਰਣ ‘ਙ’ ਹੋ ਜਾਵੇਗਾ। ਇਹ ਬਿਲਕੁਲ ਦਰੁਸਤ ਹੈ। ਇੱਥੇ ‘ਕ’ ਅੱਗੇ ਲੱਗਣ ਕਾਰਣ ਨਿਰਯਤਨ ਅਤੇ ਕੁਦਰਤਨ ਹੀ ਆਪ-ਮੁਹਾਰੇ ਉਚਾਰਣ ‘ਙ’ ਹੋ ਜਾਂਦਾ ਹੈ, ਪਰ ਇੱਥੇ ‘ਕਾਰ’ ਅਤੇ ‘ਓਅੰ’ ਦੋ ਸ਼ਬਦ ਹਨ, ਨਾ ਕਿ ਇੱਕ; ਇਸ ਲਈ ਅਨੁਨਾਸਿਕੀ ਪਦ ‘ਙ’ ਦੀ ਥਾਂ ‘ਮ’ ਹੀ ਉਚਾਰਿਆ ਅਤੇ ‘ਮ’ ਹੀ ਲਿਖਿਆ ਜਾਏਗਾ। ‘ਓਅੰਕਾਰ’ ਨਾਲੋਂ ਜਦੋਂ ਵੀ ‘ਕਾਰ’ ਪਦ ਹਟਾਇਆ ਜਾਵੇਗਾ, ਤਾਂ ਇਸ ਦਾ ਉਚਾਰਣ ‘ਓਅਮ’ ਹੀ ਰਹੇਗਾ, ‘ਓਅਨ’ ਜਾਂ ਓਅਙ’ ਨਹੀਂ।
ਸੋ ਸਾਵਧਾਨ ਭਰਾਓ ! ਧਰਮ-ਅੰਧਤਾ ਵਿੱਚ ਪਰਮੇਸ਼ਰ ਦਾ ਸ੍ਵਰੂਪ ਨਾ ਵਿਗਾੜੋ। ਗੁਰੂ ਗ੍ਰੰਥ ਸਾਹਿਬ ਦੇ ਉਚਾਰਣ, ਸ਼ਬਦਾਰਥ ਅਤੇ ਭਾਵਾਰਥ ਬਦਲਣ ਦੇ ਕੋਝੇਪਨ ਤੋਂ ਦੂਰ ਰਹੋ। ‘ਓਅੰਕਾਰ’; ਨਾ ਹਿੰਦੂ ਹੈ, ਨਾ ਸਿੱਖ, ਨਾ ਮੁਸਲਮਾਨ ਹੈ। ਉਹ ਨਿਰਗੁਣ ਸਰੂਪ ਹੈ, ਜਿਸ ਦੇ ਸਰਗੁਣ ਸਰੂਪ ਵਿੱਚ ਜਗਤ ਅਤੇ ਜੀਵ ਸ਼ਾਮਲ ਹਨ। ‘ਜੀਵ’ ਕੇਵਲ ਮਨੁੱਖ ਨਹੀਂ, ਸਮੁੱਚੀ ਚੇਤਨਾ ਦਾ ਨਾਮ ਹੈ। ‘ਓਅੰਕਾਰ’ ਪਦ ਨੂੰ ਰੋਮਨ ਅਖਰਾਂ ਵਿੱਚ ਵੀ ਤ੍ਰਿਮਾਤ੍ਰਿਕ ‘Oamkar’ ਹੀ ਲਿਖਿਆ ਜਾਣਾ ਜ਼ਰੂਰੀ ਹੈ, ‘Omkar’ ਲਿਖਿਆਂ ਵੀ ‘ਅ’ ਦੀ ਮਾਤ੍ਰਾ ਲੁਪਤ ਹੋ ਜਾਂਦੀ ਹੈ।
ਪਰਮੇਸ਼ਰ ਨੂੰ ਅਪੰਗ ਨਾ ਕੀਤਾ ਜਾਵੇ। ਪਰਮੇਸ਼ਰ ਨੂੰ ਆਪਣੇ ਲੰਗੜੇ ਗਿਆਨ ਕਾਰਣ ਲੂਲ੍ਹਾ, ਪਿੰਗੁਲਾ ਨਾ ਬਣਾਓ। ਹੋਰ ਕਿਸੇ ਦਾ ਲਿਹਾਜ਼ ਨਹੀਂ ਕਰ ਸਕਦੇ, ਤਾਂ ਆਪਣੇ ਪਿਤਾ ਪਰਮੇਸ਼ਰ ਦਾ ਲਿਹਾਜ਼ ਤਾਂ ਜ਼ਰੂਰ ਕਰੋ- ‘‘ਜਿਨਿ ਕਨ ਕੀਤੇ; ਅਖੀ ਨਾਕੁ ॥ ਜਿਨਿ ਜਿਹਵਾ ਦਿਤੀ; ਬੋਲੇ ਤਾਤੁ ॥’’ (ਧਨਾਸਰੀ, ਮ: ੧, ਅੰਗ ੬੬੨) ਉਸ ਨੇ ਤੁਹਾਨੂੰ ਪਰਿਪੂਰਨ ਰੂਪ ਦਿੱਤਾ, ਤੁਸੀਂ ਉਸੇ ਨੂੰ ਅਪੂਰਨ ਕਰਣ ਵੱਲ ਵਧ ਰਹੇ ਹੋ।