ਗੁਰਬਾਣੀ ’ਚ ਦਰਜ ਸੰਖਿਅਕ ਸੰਕੇਤ; ਗੁਰਮਤਿ ਹਨ ਜਾਂ ਮਿਸਾਲ ਮਾਤਰ ?
ਕਿਰਪਾਲ ਸਿੰਘ ਬਠਿੰਡਾ 88378-13661
ਗੁਰਮਤਿ; ਇੱਕ ਨਿਵੇਕਲੀ ਤੇ ਆਧੁਨਿਕ ਸੋਚ ਹੈ। ਇਸ ਦੁਆਰਾ ਕੀਤੀ ਗਈ ਧਰਮ ਦੀ ਵਿਆਖਿਆ ਨੂੰ ਹੀ ਅਜੋਕੇ ਸਾਇੰਸ ਯੁੱਗ ਦੀ ਸ਼ੁਰੂਆਤ ਮੰਨ ਸਕਦੇ ਹਾਂ। ਇਸ ਤੋਂ ਪਹਿਲਾਂ ਸਦੀਆ ਤੋਂ ਮਿਥਿਹਾਸ, ਕਰਮਕਾਂਡ, ਅੰਧਵਿਸ਼ਵਾਸ ਤੇ ਸਮਾਜਿਕ ਭੇਦ-ਭਾਵ ਨੂੰ ਹੀ ਧਰਮ ਦਾ ਨਾਂ ਦਿੱਤਾ ਹੋਇਆ ਸੀ। ਜਿਸ ਤਰ੍ਹਾਂ ਅਨੇਕਾਂ ਸਾਇੰਸਦਾਨਾਂ ਨੇ ਸੱਚ ਨੂੰ ਉਜਾਗਰ ਕਰਨ ਅਤੇ ਅਰਥਹੀਣ ਧਾਰਮਿਕ ਰਸਮੋ ਰਿਵਾਜ ਨੂੰ ਰੱਦ ਕਰਨ ਬਦਲੇ ਅਣਗਿਣਤ ਸਰੀਰਕ ਤਸੀਹੇ ਸਹਾਰੇ ਉਸੇ ਤਰ੍ਹਾਂ ਹੀ ਗੁਰਮਤਿ ਰਚੇਤਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਸੱਚ ਨੂੰ ਪ੍ਰਗਟ ਕਰਨ ਬਦਲੇ ਅਨੇਕਾਂ ਸ਼ਹੀਦੀਆਂ ਦੇਣੀਆਂ ਪਈਆਂ ਕਿਉਂਕਿ ਹਰ ਰਵਾਇਤੀ ਕਬੀਲੇ ਦੇ ਸਰਦਾਰ ਨੇ ਅਖੌਤੀ ਧਰਮ ਨੂੰ ਆਰਥਿਕਤਾ ਦਾ ਸਾਧਨ ਬਣਾ ਰੱਖਿਆ ਸੀ। ਇੱਕ ਪੱਖੋਂ ਵੇਖੀਏ ਤਾਂ ਸਾਇੰਸਦਾਨਾਂ ਅਤੇ ਗੁਰੂ ਸਾਹਿਬਾਨ ਦਾ ਟੀਚਾ ਇੱਕੋ ਸੀ ਕਿ ਧਰਮ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ, ਦੁਬਿਧਾ ਆਦਿਕ ਖ਼ਤਮ ਹੋਵੇ।
ਅਜੋਕੇ ਜੀਵ ਵਿਗਿਆਨ ਨੇ ਇਸ ਧਰਤੀ ਉੱਤੇ 90 ਲੱਖ ਤੋਂ ਲੈ ਕੇ ਇੱਕ ਅਰਬ (100 ਕ੍ਰੋੜ) ਤੱਕ ਜੀਵਾਂ ਦੀਆਂ ਨਸਲਾਂ ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ ਲਈ ਹੁਣ ਤੱਕ ਹੋਈ ਖੋਜ ਨੇ ਸੁੱਕੀ ਧਰਤੀ ਉੱਤੇ ਹੀ 65 ਲੱਖ ਜੀਵ-ਨਸਲਾਂ ਅਤੇ ਪਾਣੀ ਵਿੱਚ 22 ਲੱਖ ਜੀਵ-ਜੂਨਾਂ ਦੀ ਖੋਜ ਕਰ ਲਈ ਹੈ, ਪਰ ਧਾਰਮਿਕ ਗ੍ਰੰਥਾਂ ’ਚ ਜੂਨਾਂ ਦੀ ਸੰਖਿਆ 84 ਲੱਖ ਮੰਨੀ ਹੋਈ ਹੈ, ਜਿਸ ਵਿੱਚੋਂ 42 ਲੱਖ ਪਾਣੀ ਵਿੱਚ ਅਤੇ 42 ਲੱਖ ਸੁੱਕੀ ਧਰਤੀ ’ਤੇ ਹੋਣ ਬਾਰੇ ਧਾਰਮਿਕ ਗ੍ਰੰਥਾਂ ’ਚ ਲਿਖਿਆ ਹੈ ‘‘ਆਨੀਲੇ ਕੁੰਭ, ਭਰਾਈਲੇ ਊਦਕ; ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ, ਜਲ ਮਹਿ ਹੋਤੇ; ਬੀਠਲੁ ਭੈਲਾ ਕਾਇ ਕਰਉ ? ॥’’ (ਭਗਤ ਨਾਮਦੇਵ ਜੀ/੪੮੫) ਭਾਵ ਠਾਕਰ ਨੂੰ ਇਸ਼ਨਾਨ ਕਰਵਾਉਣ ਲਈ ਸੁੱਚਾ-ਸਾਫ਼ (ਪਵਿੱਤਰ) ਪਾਣੀ ਕਿੱਥੋਂ ਲਿਆਵਾਂ, 42 ਲੱਖ ਜੀਵ ਪਾਣੀ ’ਚ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਮਲ-ਮੂਤਰ ਨਾਲ਼ ਪਾਣੀ ਪਹਿਲਾਂ ਹੀ ਅਸ਼ੁੱਧ ਕਰ ਰੱਖਿਆ ਹੈ, ਮੈਂ ਹੁਣ ਸ਼ੁੱਧਤਾ ਕਿਵੇਂ ਰੱਖਾਂ ? ਸੋ, ਗੁਰਮਤਿ ਨੂੰ ਸਮਝਾਉਣ ਲਈ ਪ੍ਰਚਲਿਤ ਜੂਨ ਸੰਖਿਆ (84 ਲੱਖ) ਨੂੰ ਮਿਸਾਲ ਵਜੋਂ ਲਿਆ ਹੈ ਤਾਂ ਜੋ ਕਰਤਾਰ ਦੀ ਵਿਸ਼ਾਲਤਾ ਦਰਸਾਈ ਜਾ ਸਕੇ। ਗੁਰਮਤਿ ਦਾ ਇਹੀ ਨੁਕਤਾ ਵਿਚਾਰਨਾ ਹਥਲੇ ਲੇਖ ਦਾ ਮਕਸਦ ਹੈ।
ਉਕਤ ਕੀਤੀ ਗਈ ਵਿਚਾਰ ਕਿ ਪਰੰਪਰਾਵਾਦੀ ਧਰਮਾਂ ਦੀ ਮਨੌਤ ਅਨੁਸਾਰ ਮੰਨੇ ਗਏ ਕਈ ਅੰਕੜੇ ਗੁਰਬਾਣੀ ਵਿੱਚ ਉਦਾਹਰਣ ਦੇ ਤੌਰ ’ਤੇ ਦਿੱਤੇ ਹਨ। ਜਿਨ੍ਹਾਂ ਦਾ ਕਦਾਚਿਤ ਇਹ ਭਾਵ ਨਹੀਂ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਬਲਕਿ ਇਹ ਅੰਕੜੇ ਦੇਣ ਦਾ ਭਾਵ ਪ੍ਰਚਲਿਤ ਅਰਥਹੀਣ ਰਵਾਇਤਾਂ ਦੀ ਮਿਸਾਲ ਨਾਲ ਗੁਰਮਤਿ ਨੂੰ ਅੰਧ ਭਗਤ ਸਮਾਜ ਦੇ ਹਿਰਦੇ ’ਚ ਦ੍ਰਿੜ੍ਹ ਕਰਨਾ ਹੈ। ਪ੍ਰਚਲਿਤ ਅਖੌਤੀ ਮਨੌਤਾਂ ਦੀ ਇੱਕ ਇੱਕ ਅਸਲੀਅਤ ਨੂੰ ਨਿਰਮੂਲ ਸਿੱਧ ਕਰਨ ਲਈ ਇਸ ਦੇ ਮੁਕਾਬਲੇ ਰੱਬੀ ਵਿਸ਼ਾਲਤਾ ਨੂੰ ਰੂਪਮਾਨ ਕਰਨਾ ਗੁਰਮਤਿ ਦੀ ਪੇਸ਼ਕਾਰੀ ਰਿਹਾ ਹੈ; ਜਿਵੇਂ ਕਿ
(1). ਰਿਸ਼ੀ ਮੁਨੀਆਂ ਨੇ ਸਿੰਮ੍ਰਿਤੀਆਂ, ਪੁਰਾਣ ਵੀ ਗਹੁ ਨਾਲ ਵਾਚੇ, ਵੇਦਾਂ ਦੀ ਘੋਖ ਪੜਤਾਲ ਕਰ ਭੀ ਉੱਚੀ ਉੱੱਚੀ ਪੁਕਾਰਿਆ (ਪਰ ਰੱਬੀ ਭੇਦ ਨਾ ਜਾਣ ਸਕੇ ਕਿਉਂਕਿ ਰੱਬ ਕਰਕੇ ਪੇਸ਼ ਕੀਤੇ ਜਾ ਰਹੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੀ ਸ਼ਰਨ ਪੈਣ ਦੀ ਬਜਾਇ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸ਼ਰਨ ਪੈਣ ਨਾਲ਼ ਉਸ ਦੇ ਵਜੂਦ ਨੂੰ ਸਮਝਿਆ ਜਾਣਾ ਹੈ ਤਾਂ ਜੋ ਲੋਕ ਪਰਲੋਕ ਸੁਹੇਲੇ ਹੋਣ ‘‘ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ॥ ਕ੍ਰਿਪਾ ਸਿੰਧੁ ਸੇਵਿ, ਸਚੁ ਪਾਈਐ ; ਦੋਵੈ ਸੁਹੇਲੇ ਲੋਕ ॥’’ (ਮਹਲਾ ੫/੬੮੨)
(2). ਆਧੁਨਿਕ ਸਾਇੰਸ ਦਾ ਸਰੋਤ; ਗੁਰਮਤਿ ਇਸ ਲਈ ਹੈ ਕਿਉਂਕਿ ਪਰਮਾਤਮਾ ਤੋਂ ਹਵਾ ਬਣੀ, ਹਵਾ ਤੋਂ ਜਲ, ਜਲ ਤੋਂ ਸਾਰਾ ਜਗਤ, ਜਿਸ ਦੇ ਕਣ-ਕਣ ’ਚ ਪਰਮਾਤਮਾ ਦੀ ਜੋਤਿ ਸ਼ਕਤੀ ਹੈ ‘‘ਸਾਚੇ ਤੇ ਪਵਨਾ ਭਇਆ ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥” (ਮਹਲਾ ੧/੧੯) ਇਸ ਗੁਰਮਤਿ ਸਿਧਾਂਤ ਨੂੰ ਸਾਇੰਸ ਨਾਲ ਤੁਲਨਾਤਮਕ ਪੱਖੋਂ ਵੇਖਣਾ ਵੀ ਜ਼ਰੂਰੀ ਹੈ। ਸਾਇੰਸ ਹਵਾ ਤੋਂ ਪਾਣੀ ਦਾ ਵਜੂਦ ਤਾਂ ਮੰਨਦੀ ਹੈ ਪਰ ਸਾਚੇ ਤੋਂ ਹਵਾ ਦਾ ਵਜੂਦ ਬਣਨ ਬਾਰੇ ਅਤੇ ਸਾਚੇ ਦੀ ਅਦ੍ਰਿਸ਼-ਸ਼ਕਤੀ ਕਣ-ਕਣ ’ਚ ‘‘ਘਟਿ ਘਟਿ ਜੋਤਿ ਸਮੋਇ’’ ਬਾਰੇ ਸੰਦੇਹ ਹੈ ਭਾਵ ਹੋਰ ਖੋਜ ਕਰਨੀ ਬਾਕੀ ਹੈ।
ਰੱਬ; ਇੱਕ ਵਿਸ਼ਾਲ ਰਾਜਾ ਹੈ (ਜਿਸ ਦੇ ਸ਼ਾਮੀਆਨੇ ਦੀਆਂ) ਕਨਾਤਾਂ; ਚਾਰੇ ਦਿਸ਼ਾਵਾਂ ਹਨ। ਸਾਰਾ ਬੈਕੁੰਠ; ਉਸ ਦੇ ਤਸ਼ਵੀਰ-ਘਰ ਹਨ। ਸਾਰੇ ਜਗਤ ’ਚ ਉਸ ਦਾ ਹੁਕਮ ਇਕ-ਸਾਰ ਚੱਲਦਾ ਹੈ। ਜਿਸ ਦੇ ਮਹਲ ਵਿੱਚ ਲੱਛਮੀ; ਸਦਾ ਜੁਆਨ ਰਹਿੰਦੀ ਹੈ (ਭਾਵ ਜਿਸ ਦਾ ਵਜੂਦ ਕਦੇ ਅਲੋਪ ਨਹੀਂ ਹੁੰਦਾ), ਚੰਦ ਸੂਰਜ; (ਉਸ ਦੇ ਮਹਲ ’ਚ) ਨਿੱਕੇ ਜਿਹੇ ਦੀਵੇ ਹਨ। ਮੌਤ-ਕਾਲ (ਜੋ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਸ ਦੇ ਦਰ ਦਾ ਖਿਡੌਣਾ ਮਾਤਰ ਹੈ ‘‘ਜਾਂ ਚੈ ਘਰਿ, ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ, ਸਪਤ ਲੋਕ ਸਾਮਾਨਿ ਪੂਰੀਅਲੇ ॥ ਜਾਂ ਚੈ ਘਰਿ, ਲਛਿਮੀ ਕੁਆਰੀ ; ਚੰਦੁ ਸੂਰਜੁ ਦੀਵੜੇ, ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ ਸੁ ਐਸਾ ਰਾਜਾ ਸ੍ਰੀ ਨਰਹਰੀ ॥’’ (ਭਗਤ ਨਾਮਦੇਵ ਜੀ/੧੨੯੨)
(3) ਚਾਰ ਪਾਸੇ, ਚੌਦਾਂ ਲੋਕਾਂ ਵਿੱਚ ਪਰਮਾਤਮਾ ਦਾ ਨਿਵਾਸ ਹੈ। ਹੇ ਨਾਨਕ ! (ਉਸ ਦੇ ਭੰਡਾਰਿਆਂ ’ਚ) ਕੋਈ ਕਮੀ ਨਹੀਂ ਵੇਖੀਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ‘‘ਚਾਰਿ ਕੁੰਟ, ਚਉਦਹ ਭਵਨ ; ਸਗਲ ਬਿਆਪਤ ਰਾਮ ॥ ਨਾਨਕ ! ਊਨ ਨ ਦੇਖੀਐ ; ਪੂਰਨ ਤਾ ਕੇ ਕਾਮ ॥’’ (ਮਹਲਾ ੫/੨੯੯)
(4). ਮਨੁੱਖ, ਰੁੱਖ, ਤੀਰਥ, ਤਟ (ਨਦੀਆਂ) ਬੱਦਲ, ਖੇਤ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰੋਵਰ, ਮੇਰ ਆਦਿਕ ਪਰਬਤ, ਅੰਡਜ, ਜੇਰਜ, ਉਤਭੁਜ, ਸੇਤਜ (ਚਾਰੇ ਖਾਣੀਆਂ) ਦੇ ਜੀਵ ਜੰਤ ਆਦਿ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਆਪ ਹੀ ਜਾਣਦਾ ਹੈ (ਜਿਸ ਨੇ ਇਹ ਪੈਦਾ ਕੀਤੇ, ਨਾ ਕਿ 84 ਲੱਖ ਲਿਖ ਕਲਮਬੱਧ ਹੁੰਦਾ ਹੈ) ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਨ੍ਹਾਂ ਸਭਨਾਂ ਦੀ ਪਾਲਣਾ ਭੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲ਼ਨਾ ਦਾ ਫ਼ਿਕਰ ਭੀ ਉਸੇ ਨੂੰ ਹੈ। ਮੈਂ ਉਸ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਯਾਨੀ ਕਿ ਕਿਸੇ ਕਾਲਪਨਿਕ ਰੱਬ ਦੀ ਨਹੀਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ। ਹੇ ਨਾਨਕ ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਧਾਰਮਿਕ ਚਿੰਨ੍ਹ ਟਿੱਕਾ, ਜਨੇਊ ਆਦਿਕ ਅਰਥਹੀਣ ਹਨ ‘‘ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ ! ਸਰਾਂ ਮੇਰਾਂ ਜੰਤਾਹ ॥ ਨਾਨਕ ! ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ (ਜਗਤ) ਕੀਆ; ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ॥ ਤਿਸੁ ਜੋਹਾਰੀ, ਸੁਅਸਤਿ ਤਿਸੁ ; ਤਿਸੁ ਦੀਬਾਣੁ ਅਭਗੁ ॥ ਨਾਨਕ ! ਸਚੇ ਨਾਮ ਬਿਨੁ, ਕਿਆ ਟਿਕਾ ? ਕਿਆ ਤਗੁ ? ॥’’ (ਮਹਲਾ ੧/੪੬੭)
ਉਕਤ ਸ਼ਬਦਾਂ ’ਚ ਪ੍ਰਚਲਿਤ ਅਖੌਤੀ ਲੋਕ/ਭਵਨਾਂ ਦੀ ਗਿਣਤੀ; ਅਨਮਤੀ ਧਰਮਾਂ ਦੀ ਮਨੌਤ ਅਨੁਸਾਰ ਕਰਮਵਾਰ ਦੋ, ਤਿੰਨ, ਸੱਤ, ਚੌਦ੍ਹਾਂ ਅਤੇ ਇਨ੍ਹਾਂ ਲੋਕਾਂ ’ਚ ਵਸਦੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ ਦੱਸੀਆਂ ਹਨ ਪਰ ਇਨ੍ਹਾਂ ਸੰਖਿਅਕ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਕਿ ਗੁਰਬਾਣੀ; ਇਨ੍ਹਾਂ ਦੇ ਸਹੀ ਹੋਣ ਦੀ ਪੁਸ਼ਟੀ ਕਰਦੀ ਹੈ। ਦਰਅਸਲ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਗੁਰਮਤਿ ਸਮਝਾਉਣੀ ਹੁੰਦੀ ਸੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਆਧਾਰ ਬਣਾਇਆ ਹੈ। ਜੇਕਰ ਇਨ੍ਹਾਂ ਅੰਕੜਿਆਂ ਨੂੰ ਸਹੀ ਮੰਨੀਏ ਤਾਂ ਦੁਬਿਧਾ ਰਹੇਗੀ ਕਿ ਗੁਰੂ ਸਾਹਿਬ ਜੀ ਕਦੀ ਤਿੰਨ ਲੋਕ, ਕਦੀ ਸੱਤ ਲੋਕ ਅਤੇ ਕਦੀ ਚੌਦ੍ਹਾਂ ਲੋਕ ਕਹਿ ਰਹੇ ਹਨ। ਇਨ੍ਹਾਂ ਵਿੱਚੋਂ ਕਿਹੜੀ ਗਿਣਤੀ ਠੀਕ ਹੈ ? ਜਦੋਂ ਗੁਰੂ ਸਾਹਿਬ ਜੀ ਪ੍ਰਭੂ ਦੇ ਪੈਦਾ ਕੀਤੇ ਪਾਸਾਰੇ ਦੀ ਗੱਲ ਕਰਦੇ ਹਨ ਉਸ ਸਮੇਂ ਤਾਂ ਕੇਤੇ, ਕੇਤੀਆਂ, ਕਈ ਕੋਟਿ ਅਤੇ ਅਸੰਖ ਸ਼ਬਦਾਂ ਦੀ ਵਰਤੋਂ ਕਰਦੇ ਫ਼ੁਰਮਾਉਂਦੇ ਹਨ ਕਿ ਪ੍ਰਭੂ ਦੇ ਪਸਾਰੇ ਦਾ ਕੋਈ ਅੰਤ ਨਹੀਂ ਪੈ ਸਕਦਾ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥ (ਜਪੁ), ਬੇਸੁਮਾਰ ਬੇਅੰਤ ਸੁਆਮੀ ! ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥’’ (ਮਹਲਾ ੫/੬੭੪) ਸੋ ਰੱਬ ਦੇ ਵਡੱਪਣ ਬਾਰੇ ਕੋਈ ਸੰਖਿਅਕ ਸ਼ਬਦ ਹੀ ਨਹੀਂ। ਗਿਣਤੀ-ਮਿਣਤੀ ਨਾਲ਼ ਆਪਣੀ ਨਾਦਾਨੀ ਸਾਬਤ ਕਰਨਾ ਹੈ। ਕੋਈ ਵੀ ਮਨੁੱਖ ਪ੍ਰਭੂ ਦੇ ਪਾਸਾਰੇ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਆਪਣੀ ਰਚਨਾ ਦੀ ਸਹੀ ਗਿਣਤੀ ਮਿਣਤੀ, ਕੇਵਲ ਉਹ ਰਚਨਹਾਰ ਕਰਤਾਰ ਆਪ ਹੀ ਜਾਣਦਾ ਹੈ।
ਯਥਾ : 1. (ਅਕਾਲ ਪੁਰਖ ਦੀ ਰਚਨਾ ’ਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ। ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਤੇ ਉਨ੍ਹਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਬੇਅੰਤ ਚੰਦ੍ਰਮਾ, ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ, ਬੁੱਧ, ਨਾਥ ਅਤੇ ਬੇਅੰਤ ਦੇਵੀਆਂ ਦੇ ਸਰੂਪ ਹਨ। ਬੇਅੰਤ ਦੇਵਤੇ ਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ, (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ, ਬੇਅੰਤ ਬਾਣੀਆਂ (ਬੋਲੀਆਂ) ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਧਾਰੀ ਹਨ (ਜੋ ਮਨ ਇਕਾਗਰ ਕਰ ਬੈਠੇ ਹਨ), ਬੇਅੰਤ ਸੇਵਕ ਹਨ। ਕੋਈ ਅੰਤ ਨਹੀਂ ਪਾਇਆ ਜਾ ਸਕਦਾ ‘‘ਕੇਤੇ ਪਵਣ ਪਾਣੀ ਵੈਸੰਤਰ ; ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ; ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ, ਕੇਤੀਆ ਬਾਣੀ ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ ; ਨਾਨਕ ! ਅੰਤੁ ਨ ਅੰਤੁ ॥’’ (ਮਹਲਾ ੧/੭)
- (ਧਰਤੀ ਦੇ ਨੌ) ਖੰਡਾਂ (ਜੀਵ ਉਤਪਤੀ ਦੇ ਸਾਧਨ ਵੀ ਕੇਵਲ ਚਾਰ ਖਾਣੀਆਂ ਨਹੀਂ ਬਲਕਿ), ਕਰੋੜਾਂ ਹੀ ਖਾਣੀਆਂ ਹਨ, ਜਿਨ੍ਹਾਂ ਰਾਹੀਂ ਕਰੋੜਾਂ ਜੀਵ ਉਤਪੰਨ ਹੋਏ ਹਨ। ਆਕਾਸ਼ ਗੰਗਾ ’ਚ ਕਰੋੜਾਂ ਜੀਵ ਪੈਦਾ ਹੋ ਰਹੇ ਹਨ; (ਪ੍ਰਭੂ ਨੇ) ਕਈ ਤਰੀਕਿਆਂ ਨਾਲ ਜਗਤ ਰਚਨਾ ਕੀਤੀ ਹੈ; (ਮੁੜ ਇਸ ਨੂੰ ਸਮੇਟ ਕੇ) ਸਦਾ-ਇੱਕ ਆਪ ਹੀ ਰਹਿ ਜਾਂਦਾ ਹੈ; ਕਈ ਕਿਸਮਾਂ ਦੇ ਜੀਵ; ਪ੍ਰਭੂ ਤੋਂ ਪੈਦਾ ਹੋ ਕੇ ਫਿਰ ਉਸੇ ’ਚ ਲੀਨ ਹੋ ਜਾਂਦੇ ਹਨ। ਪ੍ਰਭੂ ਦਾ ਕੋਈ ਅੰਤ ਨਹੀਂ ਜਾਣਦਾ। ਪ੍ਰਭੂ ਵਰਗਾ ਉਹ ਆਪ ਹੀ ਹੈ ‘‘ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ; ਨ ਜਾਨੈ ਕੋਇ ॥ ਆਪੇ ਆਪਿ, ਨਾਨਕ ! ਪ੍ਰਭੁ ਸੋਇ॥’’ (ਮਹਲਾ ੫/੨੭੬)
- (ਸਿਰਜਣਹਾਰ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਸਿਰਜੇ ਹਨ (ਨਾ ਕਿ ਕੇਵਲ 24 ਅਵਤਾਰ)। ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜੋ ਕ੍ਰੋੜਾਂ ਸ਼ਿਵ ਪੈਦਾ ਕਰ (ਆਪਣੇ ’ਚ ਮੁੜ) ਲੀਨ ਕਰ ਲੈਂਦਾ ਹੈ। ਕ੍ਰੋੜਾਂ ਬ੍ਰਹਮੇ; ਜਗਤ ਪੈਦਾ ਕਰਨ ਲਾਏ ਹਨ ‘‘ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਕੋਟਿ ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ, ਜਗੁ ਸਾਜਣ ਲਾਏ ॥’’ (ਮਹਲਾ ੫/੧੧੫੬)
- ਅਕਾਲ ਪੁਰਖ ਦੀ ਰਚਨਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਜਦੋਂ ਗੁਰਬਾਣੀ ’ਚ ਜੀਵ ਉਤਪਤੀ ਵਾਲ਼ੀਆਂ ਖਾਣੀਆਂ ਦੀ ਗਿਣਤੀ ਅਤੇ ਉਨ੍ਹਾਂ ਰਾਹੀਂ ਜੀਵਾਂ ਦੀ ਪੈਦਾਇਸ਼ ਕਰਨ ਦੇ ਅਧਿਕਾਰ ਬ੍ਰਹਮੇ ਵਰਗੇ ਦੇਵਤਿਆਂ ਨੂੰ ਦਿੱਤਾ, ਮੰਨਿਆ ਗਿਆ ਸੀ, ਜੋ ਕਰੋੜਾਂ ਜਾਂ ਅਣਗਿਣਤ ਹਨ ਤਾਂ ਮਿਸਾਲ ਵਜੋਂ ਦਰਸਾਇਆ ਇੱਕ ਬ੍ਰਹਮਾ ਜਾਂ 84 ਲੱਖ ਗਿਣਤੀ ਨਿਰਮੂਲ ਜਾਪਦੀ ਹੈ। ਇਸੇ ਗਿਣਤੀ ਨੂੰ ਸੱਚ ਮੰਨ ਗੁਰਮਤਿ ਸੰਦੇਸ਼ ਸਮਝਣਾ; ਮਨਮਤ ਹੈ, ਪਰ ਹੈਰਾਨੀ ਹੋਈ ਜਦ ਇੱਕ ਪ੍ਰਸਿੱਧ ਕਥਾਵਾਚਕ ਨੇ ਗੁਰਦੁਆਰੇ ਕਥਾ ਕਰਦਿਆਂ ਕਿਹਾ ਕਿ ਮੇਰੀ ਤਾਂ ਕੋਈ ਸਮਰਥਾ ਨਹੀਂ ਕਿ ਪ੍ਰਭੂ ਦੀ ਜਗਤ ਰਚਨਾ ’ਚ ਪੈਦਾ ਕੀਤੇ ਜੀਵਾਂ ਦੀ ਗਿਣਤੀ ਕਰ ਸਕਾਂ ਪਰ ਜਿਸ ਗਿਣਤੀ ’ਤੇ ਗੁਰਬਾਣੀ ਨੇ ਆਪ ਮੋਹਰ ਲਾਈ ਹੋਵੇ ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ; ਜਿਵੇਂ ਕਿ ‘‘ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ; ਪ੍ਰਭਿ, ਦੀਈ ਵਡਿਆਈ ॥ ਇਸੁ ਪਉੜੀ ਤੇ, ਜੋ ਨਰੁ ਚੂਕੈ ; ਸੋ ਆਇ ਜਾਇ, ਦੁਖੁ ਪਾਇਦਾ ॥’’ (ਮਹਲਾ ੫/੧੦੭੫) ਭਾਵ ਜੂਨਾਂ ਕੁੱਲ 84 ਲੱਖ ਹਨ, ਜਿਨ੍ਹਾਂ ’ਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ। ਹੁਣ ਜੋ ਇਸ ਪੌੜੀ ਤੋਂ ਖੁੰਝ ਗਿਆ, ਉਹ ਜਨਮ ਮਰਨ ਦੇ ਗੇੜ ’ਚ ਪੈ ਕੇ ਦੁੱਖ ਭੋਗਦਾ ਹੈ।
ਗੁਰਬਾਣੀ ਦੀ ਉਕਤ ਵਿਆਖਿਆ ਸੁਣ ਜਗਿਆਸੂਆਂ ਦੇ ਮਨ ’ਚ ਸ਼ੰਕਾ ਉਪਜਦੀ ਹੈ ਕਿ ਇੱਕ ਪਾਸੇ ਗੁਰੂ ਸਾਹਿਬ ਜੀ ਜੀਵਾਂ ਨੂੰ ਪੈਦਾ ਕਰਨ ਵਾਲ਼ੇ ਬ੍ਰਹਮਿਆਂ ਦੀ ਗਿਣਤੀ ਕਈ ਕਰੋੜ ਦੱਸਦੇ ਪਏ ਹਨ, ਫਿਰ ਉਨ੍ਹਾਂ ਵੱਲੋਂ ਪੈਦਾ ਕੀਤੇ ਜੀਵ; ਕੇਵਲ 84 ਲੱਖ ਕਿਵੇਂ ਹੋ ਸਕਦੇ ਹਨ ? ਇਨ੍ਹਾਂ ਦੋਵਾਂ ’ਚੋਂ ਕਿਹੜੀ ਗੁਰਮਤਿ ਸਚਾਈ ਹੈ ਤੇ ਕਿਹੜੀ ਅਨਮਤ ? ਅਜਿਹੇ ਸ਼ੰਕਿਆਂ ’ਚ ਉਸ ਸਮੇਂ ਹੋਰ ਵਾਧਾ ਹੋ ਜਾਂਦਾ ਹੈ ਜਦੋਂ ਕੁਝ ਵਿਦਵਾਨ ‘‘ਏਕਾ ਮਾਈ, ਜੁਗਤਿ ਵਿਆਈ ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ॥’’ ਵਾਕ ਦੀ ਮਿਸਾਲ ਦੇ ਕੇ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੀ ਹੋਂਦ ਨੂੰ ਗੁਰੂ ਸਾਹਿਬ ਜੀ ਨੇ ਵੀ ਮੰਨਿਆ ਹੈ ਜਦਕਿ ਇਸੇ ਪਉੜੀ ’ਚ ਦਰਜ ‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ, ਓਨਾ ਨਦਰਿ ਨ ਆਵੈ ; ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥’’ (ਜਪੁ) ਨੂੰ ਭੀ ਵਿਚਾਰ ਕੇ ਵੇਖਦੇ ਹਾਂ ਤਾਂ ਸੋਝੀ ਹੁੰਦੀ ਹੈ ਕਿ ਇਸ ਪਉੜੀ ਦੇ ਉਹ ਅਰਥ ਨਹੀਂ, ਜੋ ਅਜਿਹੇ ਕਥਾਕਾਰਾਂ ਪਾਸੋਂ ਸੁਣਦੇ ਹਾਂ। ਸਮੁੱਚਾ ਪ੍ਰਸੰਗ ਇਹ ਸੂਝ ਬਖ਼ਸ਼ਦਾ ਹੈ ਕਿ ਪਉੜੀ ਦੀਆਂ ਅਰੰਭਕ ਦੋ ਤੁਕਾਂ; ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਮੱਤ ਨਹੀਂ ਬਲਕਿ ਇਨ੍ਹਾਂ ਨੂੰ ਨਿਰਾਕਾਰ ਪ੍ਰਭੂ ਦੀ ਵਿਸ਼ਾਲਤਾ ਸਾਮ੍ਹਣੇ ਤੁੱਛ ਸਾਬਤ ਕਰ ਰੱਦ ਕੀਤਾ ਹੈ ਕਿਉਂਕਿ ਇਹ ਤਿੰਨੇ ਦੇਵਤੇ; ਵੇਦਾਂ ਪੁਰਾਣਾਂ ’ਚ ਜਗਤ ਰਚੇਤਾ, ਜਗਤ ਪਾਲਕ ਅਤੇ ਜਗਤ ਦੇ ਵਿਨਾਸ਼ਕਾਰੀ ਮੰਨੇ ਗਏ ਹਨ, ਜੋ ਇੱਕ ਮਾਇਆ ਤੋਂ ਉਪਜੇ। ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮੇ, ਮੰਨ ਲਏ ਗਏ; ਜਿਵੇਂ ਕਿ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਵਾਲ਼ਾ), ਇਕ (ਵਿਸ਼ਨੂੰ) ਪਦਾਰਥ-ਭੰਡਾਰ ਦਾ ਮਾਲਕ ਬਣ ਗਿਆ (ਭਾਵ ਜੀਵਾਂ ਨੂੰ ਰਿਜ਼ਕ ਦੇਣ ਵਾਲ਼ਾ) ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ ਜੀਵਾਂ ਨੂੰ ਮਾਰਨ ਵਾਲ਼ਾ)।
ਉਕਤ ਮਿਸਾਲ ਉਪਰੰਤ ਪਉੜੀਆਂ ਦੀਆਂ ਅਗਲੀਆਂ ਤੁਕਾਂ ’ਚ ਗੁਰੂ ਸਾਹਿਬ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਮਝਾਉਂਦੇ ਹਨ ਕਿ (ਦਰਅਸਲ ਸਚਾਈ ਇਹ ਹੈ ਕਿ ਇਨ੍ਹਾਂ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਦੇ ਹੱਥ ਕੁੱਝ ਨਹੀਂ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ। ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹ ਬੜਾ ਹੈਰਾਨ ਕਰਨ ਵਾਲ਼ਾ ਖੇਲ ਹੈ ਕਿ ਉਹ ਅਕਾਲ ਪੁਰਖ (ਇਨ੍ਹਾਂ ਤਿੰਨਾਂ ਸਮੇਤ ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਇਨ੍ਹਾਂ ਨੂੰ ਅਕਾਲ ਪੁਰਖ ਫਿਰ ਭੀ ਨਜ਼ਰ ਨਹੀਂ ਆਉਂਦਾ। ਇਸ ਲਈ (ਬ੍ਰਹਮਾ, ਵਿਸ਼ਨੂੰ, ਸ਼ਿਵ ਦੀ ਬਜਾਇ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸ੍ਰਿਸ਼ਟੀ ਦਾ) ਮੁੱਢ ਹੈ, ਜੋ ਨਿਰਮਲ ਸਰੂਪ ਹੈ, ਪਰ ਉਸ ਦਾ ਆਪਣਾ ਕੋਈ ਮੁੱਢ ਭੀ ਨਹੀਂ ਭਾਵ ਚਾਰੋਂ ਤਰਫ਼ ਫੈਲਿਆ ਹੈ, ਜੋ ਨਾਸ ਰਹਿਤ ਹੈ ਅਤੇ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਯਾਨੀ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਸਮੇਤ ਹਰ ਜੀਵ ਵਾਙ ਜੰਮਦਾ ਮਰਦਾ ਨਹੀਂ।
ਗੁਰੂ ਸਾਹਿਬ ਜੀ; ਸੰਸਾਰਕ ਜੀਵਾਂ ਵਾਂਙ ਇਨ੍ਹਾਂ ਤਿੰਨੇ ਦੇਵਤਿਆਂ ਨੂੰ ਭੀ ਮਾਇਆਧਾਰੀ ਭਾਵ ਰੋਗੀ ਕਹਿ ਰਹੇ ਹਨ ‘‘ਬ੍ਰਹਮਾ ਬਿਸਨੁ ਮਹਾਦੇਉ, ਤ੍ਰੈ ਗੁਣ ਰੋਗੀ ; ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ, ਤਿਸਹਿ ਨ ਚੇਤਹਿ ਬਪੁੜੇ; ਹਰਿ, ਗੁਰਮੁਖਿ ਸੋਝੀ ਪਾਈ ॥’’ (ਮਹਲਾ ੪/੭੩੫) ਅਰਥ : ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ, ਸਤੋ) ਦੇ ਪ੍ਰਭਾਵ ਕਾਰਨ ਬ੍ਰਹਮਾ, ਵਿਸ਼ਨੂੰ, ਸ਼ਿਵ (ਵੱਡੇ ਦੇਵਤੇ ਭੀ) ਰੋਗੀ ਰਹੇ ਕਿਉਂਕਿ ਉਨ੍ਹਾਂ ਨੇ ਹਉਮੈ ’ਚ ਕਾਰ ਕੀਤੀ। ਜਿਸ ਪਰਮਾਤਮਾ ਨੇ ਉਨ੍ਹਾਂ ਨੂੰ ਪੈਦਾ ਕੀਤਾ, ਉਸ ਨੂੰ ਨਾ ਸਮਝ ਸਕੇ । ਸੋ ਪਰਮਾਤਮਾ ਬਾਰੇ ਸੂਝ ਗੁਰੂ ਦੀ ਸ਼ਰਨ ਪਿਆਂ ਹੁੰਦੀ ਹੈ (ਜਿਸ ਨੂੰ ਉਹ ਧਾਰਨ ਨਾ ਕਰ ਸਕੇ ਤਾਹੀਓਂ) ‘‘ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ; ਰੋਗੀ ਸਗਲ ਸੰਸਾਰਾ ॥ ਹਰਿ ਪਦੁ ਚੀਨਿ, ਭਏ ਸੇ ਮੁਕਤੇ ; ਗੁਰ ਕਾ ਸਬਦੁ ਵੀਚਾਰਾ ॥’’ (ਮਹਲਾ ੧/੧੧੫੩) ਅਰਥ : ਬ੍ਰਹਮਾ, ਵਿਸ਼ਨੂ ਤੇ ਸ਼ਿਵ ਹਉਮੈ ਰੋਗ ਤੋਂ ਪੀੜਤ ਹਨ, (ਜਿਸ ਤਰ੍ਹਾਂ) ਸਾਰਾ ਸੰਸਾਰ ਹੀ ਇਸ ਰੋਗ ਵਿੱਚ ਗ੍ਰਸਿਆ ਹੋਇਆ ਹੈ। ਇਸ ਰੋਗ ਤੋਂ ਉਹੀ ਮੁਕਤ ਹੋਏ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹਰੀ ਦਾ ਵਜੂਦ ਜਾਣ ਲਿਆ ਤੇ ਆਪਣਾਪਣ ਮਿਟਾ ਲਿਆ।
ਉਕਤ ਗੁਰਬਾਣੀ ਵਿੱਚ ਭਾਵੇਂ ਦੇਵਤਿਆਂ ਨੂੰ ਮਿਸਾਲ ਵਜੋਂ ਸ਼ਾਮਲ ਕੀਤਾ ਹੈ ਕਿਉਂਕਿ ਹਿੰਦੂ ਸਮਾਜ ਇਨ੍ਹਾਂ ਨੂੰ ਹੀ ਰੱਬ ਸਮਝਦਾ ਆ ਰਿਹਾ ਹੈ, ਪਰ ਸਚਾਈ ਇਹ ਕਿ ਗੁਰੂ ਜੀ ਇਹ ਸਪਸ਼ਟ ਭੀ ਕਰਦੇ ਹਨ ਕਿ ਦੇਵਤੇ ਦਰਅਸਲ ਰਾਜੇ ਸਨ, ਜਿਨ੍ਹਾਂ ਨੂੰ ਪੁਜਾਰੀ ਵਰਗ ਨੇ ਵਿਸ਼ਨੂੰ ਅਵਤਾਰ ਬਣਾ ਦਿੱਤਾ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਵਿਸ਼ਨੂੰ ਅਵਤਾਰ ਬਣਾਏ ਗਏ ਸਾਰੇ ਰਾਜੇ ਸਨ ਜਾਂ ਕੁੱਝ ਕਾਲਪਨਿਕ ਅਵਤਾਰ ਭੀ ਸਨ, ਇਸ ਬਾਰੇ ਗੁਰਬਾਣੀ ਕੋਈ ਪੁਸ਼ਟੀ ਨਹੀਂ ਕਰਦੀ; ਜਿਵੇਂ ਕਿ ਕੀ ਇੱਕ ਬੰਦੇ ਦੇ ਚਾਰ ਸਿਰ ਹੋ ਸਕਦੇ ਹਨ; ਜਿਵੇਂ ਕਿ ਬ੍ਰਹਮਾ ਦੇ ਮੰਨ ਗਏ ਹਨ ਆਦਿ।
ਸੋ ਸਿੱਖ ਨੂੰ ਗੁਰਬਾਣੀ ’ਚ ਦਰਜ ਕਿਸੇ ਗਿਣਤੀ-ਮਿਣਤੀ ਨੂੰ ਗੁਰਮਤਿ ਮੰਨਣ ਦੀ ਬਜਾਇ ਉਸ ਅਕਾਲ ਪੁਰਖ ਨਾਲ਼ ਜੁੜਨਾ ਚਾਹੀਦਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ। ਉਹੀ ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲਾ ਅਤੇ ਨਾਸ਼ ਕਰਨ ਵਾਲ਼ਾ ਹੈ ‘‘ਨਾਨਕ ! ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ ਜਿਨਿ ਕਰਤੈ, ਕਰਣਾ (ਜਗਤ) ਕੀਆ; ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ॥’’ (ਸੁਖਮਨੀ/ਮਹਲਾ ੫/੭੫), ਜਗਤ ਵਿੱਚ ਜੀਵਾਂ ਦਾ ਜੰਮਣਾ ਮਰਨਾ ਕਿਸੇ ਮਨੁੱਖ ਦੇ ਹੱਥ ਨਹੀਂ ਹੋ ਸਕਦਾ, ਜੋ ਖ਼ੁਦ ਭੀ ਮੌਤ ਦੇ ਮੂੰਹ ’ਚ ਸਮਾਇਆ ਹੋਵੇ। ਇਸ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਗੁਰਬਾਣੀ ’ਚ ਵਰਤੇ ਗਏ ਸੰਖਿਆਕ ਸੰਕੇਤ; ਕੇਵਲ ਰਵਾਇਤੀ ਧਾਰਨਾ ਮਾਤਰ ਹਨ, ਨਾ ਕਿ ਗੁਰਮਤਿ।