ਤਰਨ ਤਾਰਨ ਚੋਣ ਤੋਂ ਸਬਕ ਲੈਣ ਦੀ ਲੋੜ

0
1

ਤਰਨ ਤਾਰਨ ਚੋਣ ਤੋਂ ਸਬਕ ਲੈਣ ਦੀ ਲੋੜ

ਕਿਰਪਾਲ ਸਿੰਘ ਬਠਿੰਡਾ

ਤਰਨ ਤਾਰਨ ਉੱਪ ਚੋਣ ਦੇ ਨਤੀਜਿਆਂ ਨੂੰ ਵੇਖੀਏ ਤਾਂ ਇਸ ’ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ, ਜੋ 39347 ਵੋਟਾਂ ਪ੍ਰਾਪਤ ਕਰ ਕੇ ਦੂਸਰੇ ਨੰਬਰ ’ਤੇ ਰਹੀ ਅਤੇ ਸਾਂਝਾ ਪੰਥਕ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 19620 ਵੋਟਾਂ ਲੈ ਕੇ ਤੀਸਰੇ ਨੰਬਰ ’ਤੇ ਆਇਆ ਹੈ। ਜੇ ਦੋਵਾਂ ’ਚੋਂ ਕੋਈ ਇੱਕ ਉਮੀਦਵਾਰ ਚੋਣ ਲੜਿਆ ਹੁੰਦਾ ਤਾਂ ਦੋਵਾਂ ਦੀਆਂ ਵੋਟਾਂ ਦਾ ਜੋੜ 58,967 (39347+19620) ਵੋਟਾਂ ਪ੍ਰਾਪਤ ਕਰ ਕੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨਾਲੋਂ 16318 (58,967-ਹਰਮੀਤ ਸਿੰਘ ਸੰਧੂ ਦੀਆਂ ਵੋਟਾਂ 42649) ਵੱਧ ਵੋਟਾਂ ਪ੍ਰਾਪਤ ਕਰਕੇ ਸ਼ਨਾਦਾਰ ਜਿੱਤ ਪ੍ਰਾਪਤ ਕੀਤੀ ਹੁੰਦੀ। ਇਸ ਲਈ ਇਹ ਚੋਣ ਨਤੀਜੇ ਸੰਕੇਤ ਦਿੰਦੇ ਹਨ ਕਿ ਜੇ ਸ੍ਰੋਮਣੀ ਅਕਾਲੀ ਦਲ ਦਾ 1920 ਵਾਲਾ ਰੁਤਬਾ ਬਹਾਲ ਕਰਨਾ ਹੈ ਤਾਂ ਆਪਣੇ ਨਿੱਜੀ ਮੁਫ਼ਾਦਾਂ ਦਾ ਤਿਆਗ ਕਰ ਸਮੁੱਚੇ ਅਕਾਲੀ ਦਲਾਂ ਦਾ ਇੱਕ ਸਾਂਝਾ ਚੋਣ ਮਨੋਰਥ ਮਿਥ ਕੇ ਏਕਤਾ ਅਤਿ ਜ਼ਰੂਰੀ ਹੈ, ਪਰ ਸੌਖਿਆਂ ਕੀਤਿਆਂ ਹਾਲ ਦੀ ਘੜੀ ਇਹ ਏਕਤਾ ਸੰਭਵ ਨਹੀਂ ਜਾਪਦੀ। ਕਾਰਨ ਇਹ ਹੈ ਕਿ ਸੁਖਬੀਰ ਬਾਦਲ ਅਤੇ ਉਸ ਦੇ ਸਮਰਥਕ ਬਹੁਤ ਵੱਡੇ ਭਰਮ ’ਚ ਹਨ ਕਿ 2024 ਦੀਆਂ ਲੋਕ ਸਭਾ ਚੋਣ ’ਚ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਇਸ ਹਲਕੇ ’ਚੋਂ ਕੇਵਲ 10896 ਵੋਟਾਂ ਪ੍ਰਾਪਤ ਕੀਤੀਆਂ ਸਨ ਜਦ ਕਿ ਇਸ ਵਾਰ ਉਨ੍ਹਾਂ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 39347 ਯਾਨੀ ਕਿ 2024 ਨਾਲੋਂ 28451 (39347-10896) ਵੱਧ ਵੋਟਾਂ ਪ੍ਰਾਪਤ ਕਰ ਗਈ, ਜੋ ਸੰਕੇਤ ਦਿੰਦਾ ਹੈ ਕਿ 2027 ’ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਉਹ ਇਕੱਲਿਆਂ ਹੀ ਸਰਕਾਰ ਬਣਾ ਸਕਦੇ ਹਨ। ਇਹ ਉਨ੍ਹਾਂ ਦੇ ਮੁੰਗੇਰੀ ਲਾਲ ਦੇ ਸੁਪਨੇ ਹਨ ਕਿਉਂਕਿ ਕੌਣ ਨਹੀਂ ਜਾਣਦਾ ਕਿ ਲੋਕ ਸਭਾ ਚੋਣਾਂ ਦੇ ਮੁੱਦੇ ਅਤੇ ਵੋਟਰਾਂ ਦੀ ਤਰਜੀਹ ਵਿਧਾਨ ਸਭਾ ਦੀਆਂ ਚੋਣਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਇਸ ਦੀ ਉਦਾਹਰਨ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਨੇ 117 ’ਚੋਂ 92 ਸੀਟਾਂ ਨਾਲ ਰਿਕਾਰਡਤੋੜ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਕਾਂਗਰਸ ਨੂੰ ਕੇਵਲ 18 ਸੀਟਾਂ ਹਾਸਲ ਹੋਣ ਕਾਰਨ ਨਮੋਸ਼ੀ ਭਰੀ ਹਾਰ ਦਾ ਸਾਮ੍ਹਣਾ ਕਰਨਾ ਪਿਆ ਸੀ। ਸੰਨ 2024 ਦੀਆਂ ਲੋਕ ਸਭਾ ਚੋਣਾਂ ’ਚ ਬਿਲਕੁਲ ਉਲ਼ਟ ਨਤੀਜੇ ਸਾਮ੍ਹਣੇ ਆਏ ਕਿਉਂਕਿ 92 ਵਿਧਾਇਕਾਂ ਵਾਲੀ ਆਪ ਦੇ ਹਿੱਸੇ ਉਨ੍ਹਾਂ ਦੀ ਆਪਣੀ ਸਰਕਾਰ ਹੋਣ ਦੇ ਬਾਵਜੂਦ 13 ’ਚੋਂ ਕੇਵਲ 3 ਸੀਟਾਂ ਆਈਆਂ ਅਤੇ 18 ਵਿਧਾਇਕਾਂ ਵਾਲੀ ਕਾਂਗਰਸ ਨੇ 7 ਸੀਟਾਂ ਹਾਸਲ ਕਰਕੇ ਲਗਭਗ 2019 ਵਾਲਾ ਆਪਣਾ ਰੁਤਬਾ ਬਹਾਲ ਕਰ ਲਿਆ ਸੀ। ਸੁਖਬੀਰ ਬਾਦਲ ਵਾਙ ਆਪ ਭੀ 13-0 ਜਿੱਤ ਪ੍ਰਾਪਤ ਕਰਨ ਦੇ ਮੁੰਗੇਰੀ ਲਾਲ ਵਰਗੇ ਸੁਪਨੇ ਲੈਂਦੀ ਸੀ। ਇਸੇ ਤਰ੍ਹਾਂ ਪੰਜਾਬ ਸਮੇਤ ਸਾਰੇ ਸੂਬਿਆਂ ’ਚ ਵਿਧਾਨ ਸਭਾ ਦੇ ਨਤੀਜੇ ਬਿਲਕੁਲ ਉਸੇ ਤਰ੍ਹਾਂ ਦੇ ਨਹੀਂ ਆਉਂਦੇ, ਜਿਸ ਤਰ੍ਹਾਂ ਦੇ ਲੋਕ ਸਭਾ ਚੋਣਾਂ ’ਚ ਆਉਂਦੇ ਹਨ।

ਸੋ 2024 ਦੀਆਂ ਲੋਕ ਸਭਾ ਚੋਣਾਂ ਨਾਲੋਂ ਇਸ ਉੱਪ ਚੋਣ ਦੇ ਨਤੀਜੇ ਦਾ ਮੁਕਾਬਲਾ ਕਰਨ ਦੀ ਬਜਾਏ ਜੇ 2012, 2017, 2022 ਦੀਆਂ ਆਮ ਚੋਣਾਂ ਅਤੇ 2025 ਦੀ ਉੱਪ ਚੋਣ ਦੇ ਨਤੀਜਿਆਂ ਦਾ ਮੁਕਾਬਲਾ ਕੀਤਾ ਜਾਵੇ ਤਾਂ ਅਕਾਲੀ ਦਲ ਦੇ ਉਮੀਦਵਾਰ ਵੱਲੋਂ 2012 ’ਚ ਕੁੱਲ ਪੋਲ ਹੋਈਆਂ ਵੋਟਾਂ ਦਾ 41.6 ਪ੍ਰਤੀਸ਼ਤ, 2017 ’ਚ 34.10 ਪ੍ਰਤੀਸ਼ਤ 2022 ’ਚ 30.06 ਇਸ ਉੱਪ ਚੋਣ ’ਚ ਅਕਾਲੀ ਦਲ ਦੀ ਉਮੀਦਵਾਰ ਨੇ ਕੇਵਲ 25.96 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਹਨ। ਵੋਟ ਪ੍ਰਤੀਸ਼ਤ ਵੇਖੀਏ ਤਾਂ 2012 ਤੋਂ ਬਾਅਦ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ; ਪਾਰਟੀ ਅਤੇ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਜੋ ਬੱਜਰ ਗਲਤੀਆਂ (ਜਿਨ੍ਹਾਂ ਨੂੰ ਖ਼ੁਦ ਇਨ੍ਹਾਂ ਨੇ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਮ੍ਹਣੇ ਪੇਸ਼ ਅਤੇ ਲਾਈਵ ਹੋ ਕੇ ਇਕੱਲੀ ਇਕੱਲੀ ਕਰਕੇ ਮੰਨਿਆ ਭੀ ਸੀ) ਕਾਰਨ ਅਕਾਲੀ ਦਲ ਦੀਆਂ ਕੁੱਲ ਪੋਲ ਹੋਈਆਂ ਵੋਟਾਂ ’ਚ ਲਗਾਤਾਰ ਪ੍ਰਤੀਸ਼ਤ ਘਟਿਆ ਅਤੇ ਅੱਗੇ ਤੋਂ ਹੋਰ ਘਟਣ ਦੀਆਂ ਸੰਭਾਵਨਾਵਾਂ ਹਨ।

ਸੁਖਬੀਰ ਬਾਦਲ ਦੇ ਸਮਰਥਕ ਦਲੀਲ ਦਿੰਦੇ ਹਨ ਕਿ ਜੋ ਪਿਛਲੀਆਂ ਗਲਤੀਆਂ ਹੋਈਆਂ ਸਨ, ਉਨ੍ਹਾਂ ਦੀ ਬੜੀ ਨਿਮਰਤਾ ਨਾਲ ਅਕਾਲ ਤਖ਼ਤ ਸਾਹਿਬ ’ਤੇ ਮੁਆਫ਼ੀ ਮੰਗ ਲਈ ਸੀ ਤਾਂ ਹੁਣ ਉਨ੍ਹਾਂ ਦਾ ਵਿਰੋਧ ਕਰਨ ਦੀ ਕੋਈ ਤੁਕ ਨਹੀਂ ਅਤੇ ਪੰਜਾਬ ਦੇ ਲੋਕ ਉਨ੍ਹਾਂ ਦੀ ਅਗਵਾਈ ਹੇਠ 2027 ’ਚ ਪੰਥਕ ਸਰਕਾਰ ਬਣਾਉਣਗੇ, ਜੋ ਪੰਜਾਬ ਅਤੇ ਪੰਥ ਦੇ ਸਾਰੇ ਮਸਲੇ ਹੱਲ ਕਰ ਮਿਸਾਲ ਪੈਦਾ ਕਰੇਗੀ? ਉਨ੍ਹਾਂ ਦੇ ਇਸ ਸੁਪਨਿਆਂ ਨੂੰ ਹੀ ਮੁੰਗੇਰੀ ਲਾਲ ਦੇ ਸੁਪਨੇ ਕਹਿਣਾ ਬਣਦਾ ਹੈ।  2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਅੱਗੇ ਮੰਨੀਆਂ ਗਈਆਂ ਗ਼ਲਤੀਆਂ ਕੌਮ ਮੁਆਫ਼ ਕਰ ਸਕਦੀ ਸੀ, ਜੇ ਉਸ ਹੁਕਮਨਾਮੇ ਦੀ ਸੁਖਬੀਰ ਬਾਦਲ ਨੇ ਹੂ-ਬਹੂ ਪਾਲਨਾ ਕੀਤੀ ਹੁੰਦੀ, ਪਰ ਉਸ ਨੇ ਤਾਂ 10 ਦਿਨਾਂ ਪਿੱਛੋਂ ਹੀ ਮੁਕਤਸਰ ਸਾਹਿਬ ਵਿਖੇ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਉਸ ਹੁਕਮਨਾਮੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੈ ਕੋਈ ਗਲਤੀ ਨਹੀਂ ਕੀਤੀ; ਇਹ ਤਾਂ ਗੱਲ ਮੁਕਾਉਣ ਲਈ ਐਵੇਂ ਹੀ ਮੈ ਮੰਨ ਲਿਆ ਸੀ। ਸਿਰਫ ਇੱਥੇ ਹੀ ਬੱਸ ਨਹੀਂ ਉਸ ਨੇ 2 ਦਸੰਬਰ ਦਾ ਹੁਕਮਨਾਮਾ ਸੁਣਾਉਣ ਵਾਲੇ ਤਿੰਨੇ ਜਥੇਦਾਰਾਂ ਨੂੰ ਬੇਇੱਜ਼ਤ ਕਰ ਆਪਣੇ ਅਹੁਦਿਆਂ ਤੋਂ ਹਟਾ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ’ਤੇ ਬਿਲਕੁਲ ਹੀ ਅਣਹੋਏ ਗੰਭੀਰ ਦੋਸ਼ ਲਾ ਕੇ ਕੁਝ ਦਿਨਾਂ ਬਾਅਦ ਹੀ ਬਰਖ਼ਾਸਤ ਕਰ ਦਿੱਤਾ ਤੇ ਬਾਕੀ ਦੇ ਦੋਵਾਂ ਜਥੇਦਾਰਾਂ ਨੂੰ ਆਪਣੇ ਅਹੁਦਿਆਂ ਤੋਂ ਹਟਾ ਕੇ ਕਰਮਵਾਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਗ੍ਰੰਥੀ ਦੇ ਅਹੁਦਿਆਂ ’ਤੇ ਭੇਜ ਦਿੱਤਾ। ਉਨ੍ਹਾਂ ਨੂੰ ਜਲੀਲ ਕਰਨਾ ਭੀ ਜਾਰੀ ਰਿਹਾ ਤਾਂ ਕਿ ਉਹ ਖ਼ੁਦ ਹੀ ਅਸਤੀਫ਼ਾ ਦੇ ਜਾਣ। ਗਿਆਨੀ ਰਘਵੀਰ ਸਿੰਘ ਨੂੰ ਤਾਂ ਦੁਨਿਆਵੀ ਅਦਾਲਤ ਦਾ ਬੂਹਾ ਖੜਕਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੀ ਇਸ ਕਾਰਵਾਈ ਦਾ ਪੰਥ ਨੇ ਬੁਰਾ ਭੀ ਮਨਾਇਆ ਕਿ ਜਦੋਂ ਪੰਥ ਉਨ੍ਹਾਂ ਦੀ ਪਿੱਠ ’ਤੇ ਖੜ੍ਹਾ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਦੇ ਅਹੁਦੇ ’ਤੇ ਹੁੰਦਿਆਂ, ਉਨ੍ਹਾਂ ਨੇ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਇਨਸਾਫ਼ ਦੀ ਆਸ ਛੱਡ ਕੇ ਦੁਨਿਆਵੀ ਅਦਾਲਤ ’ਚ ਪਹੁੰਚ ਕਰ ਇਨ੍ਹਾਂ ਅਸੀਮ ਅਹੁਦਿਆਂ ਅਤੇ ਸਰਬ ਉੱਚ ਸਥਾਨਾਂ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਸੰਗਤਾਂ ਦੇ ਇਸ ਦਬਾਅ ਕਾਰਨ ਉਨ੍ਹਾਂ ਨੂੰ ਆਪਣੀ ਰਿੱਟ ਵਾਪਸ ਲੈਣੀ ਪਈ।

ਜਿਨ੍ਹਾਂ ਨੂੰ ਸਿਆਸਤ ਦਾ ਨਸ਼ਾ ਚੜ੍ਹਿਆ ਹੋਵੇ, ਉਨ੍ਹਾਂ ਨੂੰ ਅਕਲ ਕਿੱਥੇ? ਉਹ ਤਾਂ ਇਸ ਨੂੰ ਵੀ ਸਗੋਂ ਆਪਣੀ ਜਿੱਤ ਸਮਝਦੇ ਰਹੇ ਕਿ ਸਾਡੇ ਹੱਥ ਤਾਕਤ ਹੈ, ਅਸੀਂ ਜੋ ਮਰਜ਼ੀ ਕਰੀਏ। ਇੱਕ ਸਟੇਜ ਸਾਂਝੀ ਕਰਨ ਸਮੇਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਆਹਮੋ ਸਾਮ੍ਹਣੇ ਹੋਏ ਤਾਂ ਖਿੜ੍ਹੇ ਮੱਥੇ ਗੁਰੂ ਦੀ ਬਖ਼ਸ਼ੀ ‘ਫ਼ਤਹਿ’ ਬੁਲਾਈ ਅਤੇ ਇੱਕ ਦੂਸਰੇ ਨਾਲ ਹੱਥ ਮਿਲਾ ਲਏ। ਤਾਕਤ ਦੇ ਨਸ਼ੇ ’ਚ ਗੜੁੱਚ ਸੱਤਾ ਧਿਰ ਬਾਦਲ ਨੇ ਗਿਆਨੀ ਸੁਲਤਾਨ ਸਿੰਘ ਨੂੰ ਸਬਕ ਸਿਖਾਉਣ ਲਈ ਤੁਰੰਤ ਮੁਕਤਸਰ ਵਿਖੇ ਗ੍ਰੰਥੀ ਵਜੋਂ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ। ਇਹ ਗ੍ਰੰਥੀ ਸਿੰਘਾਂ ਦੀ ਸੇਵਾ ਨਿਯਮਾਂ ਦੇ ਭੀ ਵਿਰੁੱਧ ਹੈ ਕਿਉਂਕਿ ਗਿਆਨੀ ਸੁਲਤਾਨ ਸਿੰਘ ਦੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਇੰਟਰਵਿਊ ਲੈ ਕੇ ਨਿਯੁਕਤੀ ਹੋਈ ਸੀ, ਜਿਨ੍ਹਾਂ ਨੂੰ ਬਾਕੀ ਦੇ ਗ੍ਰੰਥੀਆਂ ਨਾਲੋਂ ਸੀਨੀਅਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਬਾਹਰ ਕਿਸੇ ਹੋਰ ਗੁਰਦੁਆਰੇ ਦੇ ਗ੍ਰੰਥੀ ਵਜੋਂ ਨਿਯੁਕਤ ਨਹੀਂ ਕੀਤਾ ਜਾ ਸਕਦਾ। ਲੰਬਾ ਸਮਾਂ ਧਾਰਮਿਕ ਅਤੇ ਰਾਜਸੀ ਸੱਤਾ ’ਤੇ ਕਾਬਜ਼ ਰਹਿਣ ਨਾਲ਼ ਇਹ ਸਮਝਦੇ ਹਨ ਕਿ ਅਸੀਂ ਤਾਂ ਜਥੇਦਾਰਾਂ ਨੂੰ ਆਪਣੇ ਘਰ ਸੱਦ ਕੇ ਉਨ੍ਹਾਂ ਤੋਂ ਸਿੱਖੀ ਸਿਧਾਂਤ ਵਿਰੁੱਧ; ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਵਾਲੇ ਬਲਾਤਕਾਰ ਅਤੇ ਕਤਲਾਂ ਦੇ ਦੋਸ਼ੀ ਸੌਦਾ ਸਾਧ ਨੂੰ ਮੁਆਫ਼ੀ ਦੇ ਸਕਦੇ ਹਾਂ, ਪਰ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਕੀ ਮਿਜ਼ਾਲ ਕਿ ਬਾਦਲਾਂ ਵੱਲੋਂ ਹਟਾਏ ਗਏ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਗੁਰੂ ਕੀ ਫ਼ਤਹਿ ਭੀ ਸਾਂਝੀ ਕਰ ਲਵੇ?

ਬਾਦਲ ਪਰਵਾਰ ਦੀਆਂ ਇਹ ਮਨਮਾਨੀਆਂ ਤਾਂ ਉਸ ਧੜੇ ਨੂੰ ਹੋਰ ਵੀ ਰਸਾਤਲ ਵੱਲ ਧੱਕ ਰਹੀਆਂ ਹਨ। ਇਨ੍ਹਾਂ ’ਤੇ ਭੀ ਗੁਰਬਾਣੀ ਦਾ ਇਹ ਉਪਦੇਸ਼ ਢੁਕਦਾ ਹੈ, ‘‘ਪਾਪ ਕਰਹਿ ਪੰਚਾਂ ਕੇ ਬਸਿ ਰੇ ਤੀਰਥਿ ਨਾਇ, ਕਹਹਿ ਸਭਿ ਉਤਰੇ ਬਹੁਰਿ ਕਮਾਵਹਿ ਹੋਇ ਨਿਸੰਕ ਜਮ ਪੁਰਿ ਬਾਂਧਿ ਖਰੇ ਕਾਲੰਕ ’’ (ਮਹਲਾ ੫/੧੩੪੮) ਕਿਉਂਕਿ ਇਹ ਭੀ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਅੱਗੇ ਪਿਛਲੇ ਸਾਰੇ ਗੁਨਾਹ ਸਵੀਕਾਰ ਕੇ ਮੰਨ ਰਹੇ ਸਨ ਕਿ ਪਿਛਲੇ ਗੁਨਾਂਹ ਤਾਂ ਮੁਆਫ਼ ਹੋ ਗਏ ਹਨ ਅਤੇ ਅੱਗੇ ਤੋਂ ਹੋਰ ਗਲਤੀਆਂ ਕਰਨ ਲਈ ਹੁਣ ਅਗਲਾ ਲਾਇਸੰਸ ਮਿਲ ਗਿਆ। ਜਿਹੜਾ ਬੰਦਾ ਅਕਾਲ ਤਖ਼ਤ ਸਾਹਿਬ ਅੱਗੇ ਲਾਈਵ ਹੋ ਕੇ ਮੰਨੀਆਂ ਗਲਤੀਆਂ ਤੋਂ ਭੀ ਬਾਹਰ ਆ ਕੇ ਮੁੱਕਰ ਜਾਵੇ, ਉਸ ’ਤੇ ਲੋਕ ਕਿਵੇਂ ਭਰੋਸਾ ਕਰਨ ਕਿ ਉਹ ਪੰਜਾਬ ਦੀਆਂ ਮੰਗਾਂ ’ਤੇ ਪਹਿਰਾ ਦੇਵੇਗਾ, ਬੰਦੀ ਸਿੰਘਾਂ ਦੀ ਰਿਹਾਈ ਕਰਵਾਏਗਾ? ਜੇ ਪਿਛਲੇ 25 ਸਾਲਾਂ ਤੋਂ ਕੇਂਦਰੀ ਸੱਤਾ ’ਚ ਭਾਈਵਾਲ ਰਿਹਾ ਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹਿਣ ਸਮੇਂ ਇਨ੍ਹਾਂ ਮੰਗਾਂ ਲਈ ਕੋਈ ਆਵਾਜ਼ ਨਾ ਉਠਾਈ ਤਾਂ ਹੁਣ ਲੋਕ ਇਨ੍ਹਾਂ ’ਤੇ ਭਰੋਸਾ ਕਿਉਂ ਕਰਨ?

ਸੁਖਬੀਰ ਧੜੇ ਵੱਲੋਂ ਇਸ ਗੱਲੋਂ ਬਹੁਤਾ ਖ਼ੁਸ਼ ਹੋਣਾ ਵੀ ਉਨ੍ਹਾਂ ਦਾ ਭੁਲੇਖਾ ਹੈ ਕਿ ਉਸ ਨੇ ਸਾਂਝੇ ਪੰਥਕ ਅਜ਼ਾਦ ਉਮੀਦਵਾਰ ਨਾਲੋਂ ਵੱਧ ਵੋਟਾਂ ਲੈ ਕੇ 2027 ’ਚ ਮੁੜ ਵਾਪਸੀ ਦਾ ਮੁੱਢ ਬੰਨ੍ਹ ਲਿਆ ਹੈ। ਚੋਣ ਵਿਸ਼ੇਸ਼ਣਕਾਰਾਂ ਅਨੁਸਾਰ ਬੀਬੀ ਸੁਖਵਿੰਦਰ ਕੌਰ ਵੱਲੋਂ ਹਾਸਲ ਕੀਤੀਆਂ ਸਾਰੀਆਂ ਵੋਟਾਂ ਬਾਦਲ ਦਲ ਦੀਆਂ ਨਹੀਂ; ਉਨ੍ਹਾਂ ’ਚ ਵੱਡਾ ਹਿੱਸਾ ਕਈ ਕਾਰਨਾਂ ਕਰਕੇ ਉਮੀਦਵਾਰ ਦਾ ਆਪਣਾ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਉਹ ਧਰਮੀ ਫੌਜੀ ਦੀ ਪਤਨੀ ਹੋਣ ਦੇ ਨਾਤੇ ਲੋਕਾਂ ਵੱਲੋਂ ਕੁਰਬਾਨੀ ਵਾਲੇ ਪਰਵਾਰ ’ਚੋਂ ਸਮਝ ਕੇ ਉਸ ਨੂੰ ਵੋਟਾਂ ਪਾਈਆਂ। ਦੂਸਰਾ ਕਾਰਨ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਜ਼ਾਦ ਗਰੁੱਪ ਬਣਾ ਕੇ ਵਿਚਰ ਰਹੀ ਸੀ। ਆਜ਼ਾਦ ਗਰੁੱਪ ਵਜੋਂ ਉਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਲਈ ਪ੍ਰਚਾਰ ਕੀਤਾ। ਤਿੰਨ ਵਾਰ ਅਕਾਲੀ ਉਮੀਦਵਾਰ ਵਜੋਂ ਜਿੱਤੇ ਹਰਮੀਤ ਸਿੰਘ ਸੰਧੂ ਨੇ ਜਦੋਂ ਅਕਾਲੀ ਦਲ ਛੱਡ ਦਿੱਤਾ ਤਾਂ ਉਸ ਨਾਲ ਭੀ ਤਾਲਮੇਲ ਕਰਕੇ ਪ੍ਰਚਾਰ ਕੀਤਾ, ਜਿਸ ਕਾਰਨ ਉਨ੍ਹਾਂ ਦੀ ਇਲਾਕੇ ’ਚ ਪਹਿਚਾਣ ਬਣੀ ਹੋਈ ਸੀ। ਤੀਸਰਾ ਇਹ ਕਿ ਜਦੋਂ ਹਰਮੀਤ ਸਿੰਘ ਸੰਧੂ ਦਲਬਦਲੀ ਕਰਕੇ ਆਪ ’ਚ ਸ਼ਾਮਲ ਹੋਏ ਤਾਂ ਤੁਰੰਤ ਬੀਬੀ ਰੰਧਾਵਾ ਨੂੰ ਅਕਾਲੀ ਦਲ ’ਚ ਸ਼ਾਮਲ ਕਰਵਾ ਕੇ ਬਹੁਤ ਪਹਿਲਾਂ ਉਸ ਨੂੰ ਤਰਨ ਤਾਰਨ ਦੀ ਉਪ ਚੋਣ ਲਈ ਉਮੀਦਵਾਰ ਐਲਾਨ ਦਿੱਤਾ। ਪਾਰਟੀ ਦਾ ਚੋਣ ਨਿਸ਼ਾਨ ਤੇ ਪਹਿਲਾਂ ਹੀ ਰਾਜਨੀਤੀ ’ਚ ਵਿਚਰ ਰਹੀ ਹੋਣ ਦੇ ਨਾਤੇ ਉਸ ਨੂੰ ਪ੍ਰਚਾਰ ਕਰਨ ਲਈ ਬਾਕੀਆਂ ਦੇ ਮੁਕਾਬਲੇ ਬਹੁਤ ਵਾਧੂ ਸਮਾਂ ਮਿਲ ਗਿਆ। ਜਦੋਂ ਕਿ ਭਾਈ ਮਨਦੀਪ ਸਿੰਘ ਦਾ ਸਾਂਝੇ ਪੰਥਕ ਅਜ਼ਾਦ ਉਮੀਦਵਾਰ ਵਜੋਂ ਬਹੁਤ ਬਾਅਦ ’ਚ ਐਲਾਨ ਕੀਤਾ। ਸਿਆਸਤ ’ਚ ਅਤੇ ਤਰਨ ਤਾਰਨ ਹਲਕੇ ਲਈ ਨਵਾਂ ਚਿਹਰਾ ਹੋਣ ਦੇ ਨਾਤੇ ਬਹੁਤ ਘੱਟ ਸਮਾਂ ਹੋਣ ਕਾਰਨ ਭੀ ਇਲਾਕੇ ’ਚ ਉਸ ਦੀ ਉਹ ਪਛਾਣ ਨਾ ਬਣ ਸਕੀ, ਜੋ ਬੀਬੀ ਰੰਧਾਵਾ ਦੀ ਬਣ ਚੁੱਕੀ ਸੀ। ਅਜ਼ਾਦ ਉਮੀਦਵਾਰ ਹੋਣ ਦੇ ਨਾਤੇ ਉਸ ਨੂੰ ਚੋਣ ਨਿਸ਼ਾਨ 25 ਅਕਤੂਬਰ ਨੂੰ ਹੀ ਮਿਲਿਆ।  11 ਨਵੰਬਰ ਨੂੰ ਵੋਟਾਂ ਪੈਣੀਆਂ ਸਨ ਤੇ 10 ਨਵੰਬਰ ਨੂੰ ਪ੍ਰਚਾਰ ਬੰਦ ਹੋ ਗਿਆ। ਉਸ ਨੂੰ ਪ੍ਰਚਾਰ ਲਈ 26 ਅਕਤੂਬਰ ਤੋਂ 9 ਨਵੰਬਰ ਤੱਕ ਮਹਿਜ਼ ਦੋ ਹਫ਼ਤੇ ਹੀ ਮਿਲੇ।

ਉਸ ਦੇ ਸਮਰਥਨ ’ਚ ਮੁੱਖ ਤੌਰ ’ਤੇ ਦੋ ਪਾਰਟੀਆਂ, ਸ੍ਰੋਮਣੀ ਅਕਾਲੀ ਦਲ (ਵਿਰਸਾ ਪੰਜਾਬ ਦਾ) ਅਤੇ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਸਲੋਂ ਨਵੀਆਂ ਪਾਰਟੀਆਂ ਹੋਣ ਕਾਰਨ ਹਾਲੀ ਤੱਕ ਉਨ੍ਹਾਂ ਦਾ ਜਥੇਬੰਦਕ ਢਾਂਚਾ ਭੀ ਪੂਰੀ ਤਰ੍ਹਾਂ ਨਹੀਂ ਸੀ ਬਣਿਆ। ਇਸ ਇਲਾਕੇ ’ਚੋਂ  2024 ’ਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਉੱਠੀ ਜਬਰਦਸਤ ਲਹਿਰ ਦਾ ਅੰਦਾਜ਼ਾ ਲਾ ਕੇ ਉਨ੍ਹਾਂ ਦੇ ਸਮਰਥਕ ਇਸ ਭੁਲੇਖੇ ’ਚ ਰਹੇ ਕਿ ਭਾਈ ਮਨਦੀਪ ਸਿੰਘ ਦੇ ਹੱਕ ’ਚ ਵੀ ਉਸੇ ਤਰ੍ਹਾਂ ਲਹਿਰ ਖੜ੍ਹੀ ਹੋ ਜਾਵੇਗੀ ਤੇ ਇਹ ਸਹਿਜੇ ਹੀ ਜਿੱਤ ਜਾਣਗੇ। ਇਸੇ ਭੁਲੇਖੇ ਕਾਰਨ ਭਾਈ ਮਨਦੀਪ ਸਿੰਘ ਨੂੰ ਸਮਰਥਨ ਦੇਣ ਵਾਲੀਆਂ ਸਾਰੀਆਂ ਪਾਰਟੀਆਂ ਇੱਕ ਸਾਂਝੇ ਮੰਚ ’ਤੇ ਇੱਕ ਰੂਪ ਇਕੱਠੀਆਂ ਹੋਣ ’ਚ ਅਸਫਲ ਰਹੀਆਂ। ਸਮਰਥਨ ਦੇਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਇਕੱਠੇ ਕਰਨ ਦੀ ਮੁੱਖ ਤੌਰ ’ਤੇ ਜ਼ਿੰਮੇਵਾਰੀ ਸ੍ਰੋਮਣੀ ਅਕਾਲੀ ਦਲ (ਵਿਰਸਾ ਪੰਜਾਬ ਦਾ) ਦੇ ਕਾਰਜਕਾਰੀ ਪ੍ਰਧਾਨ ਭਾਈ ਤਰਸੇਮ ਸਿੰਘ ਦੀ ਬਣਦੀ ਸੀ ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਆਪਣੇ ਉਮੀਦਵਾਰ ਵਜੋਂ ਉਸ ਦ ਐਲਾਨ ਕੀਤਾ ਸੀ। ਬਾਕੀ ਦੀਆਂ ਪੰਥਕ ਪਾਰਟੀਆਂ ਨੇ ਬਾਅਦ ’ਚ ਉਸ ਨੂੰ ਸਮਰਥਨ ਦਿੱਤਾ ਸੀ। ਸ੍ਰੋਮਣੀ ਅਕਾਲੀ ਦਲ (ਵਿਰਸਾ ਪੰਜਾਬ ਦਾ) ਭਾਈ ਮਨਦੀਪ ਸਿੰਘ ਨੂੰ ਆਪਣੇ ਉਮੀਦਵਾਰ ਵਜੋਂ ਹੀ ਪ੍ਰਚਾਰਦਾ ਰਿਹਾ, ਇਸ ਲਈ ਸਮਰਥਨ ਦੇਣ ਵਾਲੀਆਂ ਬਾਕੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਤਰ ਕਰਨ ਤੇ ਸਾਂਝੇ ਰੂਪ ’ਚ ਚੋਣ ਮੁਹਿੰਮ ਚਲਾਉਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਵੱਧ ਸੀ, ਜਿਸ ਨੂੰ ਨਿਭਾਉਣ ’ਚ ਉਹ ਅਸਫਲ ਰਹੇ। ਪ੍ਰਚਾਰ ਲਈ ਪੈਸੇ ਦੀ ਘਾਟ ਭੀ ਵੱਡਾ ਕਾਰਨ ਰਿਹਾ। ਇਨ੍ਹਾਂ ਘਾਟਾਂ ਦੇ ਬਾਵਜੂਦ ਭਾਈ ਮਨਦੀਪ ਸਿੰਘ ਖ਼ਾਲਸਾ ਦਾ ਸਵਾ ਸੌ ਸਾਲ ਪੁਰਾਣੀ ਕੌਮੀ ਪਾਰਟੀ ਕਾਂਗਰਸ ਦੇ ਉਮੀਦਵਾਰ ਨੂੰ ਪਛਾੜ ਕੇ ਤੀਜੇ ਨੰਬਰ ’ਤੇ ਆਉਣਾ, ਕੋਈ ਛੋਟੀ ਗੱਲ ਨਹੀਂ।

ਆਪ ਪਾਰਟੀ ਦੀ ਲੀਡਰਸ਼ਿੱਪ ਤਾਂ ਇਹ ਦੋਸ਼ ਭੀ ਲਾ ਰਹੀ ਹੈ ਕਿ ਬੀਬੀ ਰੰਧਾਵਾ ਦਾ ਜਵਾਈ (ਅੰਮ੍ਰਿਤਪਾਲ ਸਿੰਘ ਬਾਠ) ਗੈਂਗਸਟਰ ਹੈ, ਜੋ ਕੈਨੇਡਾ ’ਚ ਬੈਠਾ ਡਰਾ ਧਮਕਾਅ ਕੇ ਆਪਣੀ ਸੱਸ (ਬੀਬੀ ਰੰਧਾਵਾ) ਦੇ ਹੱਕ ’ਚ ਵੋਟਾਂ ਪਵਾਉਣ ’ਚ ਸਫਲ ਰਿਹਾ। ਤਕਰੀਬਨ ਉਸ ਦੇ ਪ੍ਰਭਾਵ ਵਾਲੇ 25-26 ਪਿੰਡਾਂ ’ਚ ਉਸ ਨੇ ਹੋਰਾਂ ਪਾਰਟੀਆਂ ਦੇ ਬੂਥ ਤੱਕ ਨਹੀਂ ਲੱਗਣ ਦਿੱਤੇ। ਵੈਸੇ ਇਹ ਜਾਂਚ ਦਾ ਵਿਸ਼ਾ ਹੈ, ਜੋ ਇੱਕ ਦਿਨ ਸਾਮ੍ਹਣੇ ਆ ਜਾਵੇਗਾ।

ਮੰਨ ਲਓ (ਜੋ ਹਾਲ ਦੀ ਘੜੀ ਸੰਭਵ ਨਹੀਂ) ਕਿ 2027 ਤੱਕ ਨਵੀਆਂ ਪੰਥਕ ਪਾਰਟੀਆਂ ਆਪਣੇ ਆਪ ਨੂੰ ਜੇਤੂ ਹੋਣ ’ਚ ਲਿਆਉਣ ਲਈ ਨਾਕਾਮਯਾਬ ਰਹਿੰਦੀਆਂ ਹਨ ਤਾਂ ਵੀ ਬਾਦਲ ਧੜੇ ਨੂੰ ਅਤੀਤ ਯਾਦ ਰੱਖਣਾ ਪਏਗਾ ਜਦ ਸੰਨ 1999 ’ਚ ਤੀਜੀ ਖ਼ਾਲਸਾ ਸਥਾਪਨਾ ਸ਼ਤਾਬਦੀ ਮਿਲ ਕੇ ਮਨਾਉਣ ਦੀ ਅਪੀਲ ਕਰਨ ਵਾਲੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਬੇਇੱਜ਼ਤ ਕਰਕੇ ਪਹਿਲਾਂ ਹੀ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੀ ਵੱਖਰੀ ਸਰਬ ਹਿੰਦ ਸ੍ਰੋਮਣੀ ਅਕਾਲੀ ਦਲ ਬਣਾ ਕੇ 2002 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਉਸ ਸਮੇ ਜਥੇਦਾਰ ਟੌਹੜਾ ਦੇ ਸਰਬਹਿੰਦ ਦਲ ਨੂੰ ਮਹਿਜ 6-7 ਪ੍ਰਤੀਸ਼ਤ ਵੋਟਾਂ ਮਿਲੀਆਂ। ਇੰਨੀਆਂ ਵੋਟਾਂ ਦੇ ਫਰਕ ਨਾਲ ਹੀ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਆਪਣੀ ਸਰਕਾਰ ਬਣਾਉਣ ’ਚ ਸਫਲ ਹੋ ਗਈ ਸੀ ਤੇ ਬਾਦਲ+ਭਾਜਪਾ ਗਠੱਜੋੜ ਪਿਛੇ ਰਹਿ ਗਿਆ। ਹਾਰ ਖਾਣ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਕਲ ਆਈ ਅਤੇ ਉਸੇ ਟੌਹੜਾ ਨੂੰ ਮੁੜ ਪ੍ਰਧਾਨ ਬਣਾਉਣਾ ਪਿਆ।

ਜੇ ਟੌਹੜਾ ਗਰੁੱਪ ਵੱਲੋਂ ਪ੍ਰਾਪਤ ਕੀਤੀਆਂ ਮਹਿਜ 6-7 ਪ੍ਰਤੀਸ਼ਤ ਵੋਟਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਤਾ ਤੋਂ ਦੂਰ ਕਰ ਦਿੱਤਾ ਸੀ ਤਾਂ 16.67 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਵਾਲੇ ਭਾਈ ਮਨਦੀਪ ਸਿੰਘ ਖ਼ਾਲਸਾ ਵਰਗੇ 117 ਉਮੀਦਵਾਰ ਸੁਖਬੀਰ ਬਾਦਲ ਨੂੰ ਕਿੱਥੇ ਪਹੁੰਚਾਉਣਗੇ ਇਹ ਬਾਦਲ ਦੇ ਸੋਚਣ ਦਾ ਵਿਸ਼ਾ ਹੈ। ਸੁਖਬੀਰ ਬਾਦਲ ਦੀ ਸਿਆਸੀ ਸੂਝ ਵੇਖੋ ਕੇ 16.67 ਪ੍ਰਤੀਸ਼ਤ ਵੋਟਾਂ ਲੈਣ ਵਾਲੇ ਆਪਣੇ ਹੀ ਭਰਾਵਾਂ ਨਾਲ ਸਾਂਝ ਪਾਉਣ ਦੀ ਥਾਂ ਕੇਵਲ 5.3 ਪ੍ਰਤੀਸ਼ਤ ਵੋਟਾਂ ਲੈਣ ਵਾਲੀ ਭਾਜਪਾ ਨਾਲ ਸਾਂਝ ਪਾਉਣ ਲਈ ਅੰਦਰੋਂ ਅੰਦਰੀ ਤਰਲੋਮੱਛੀ ਹੋ ਰਿਹਾ ਹੈ। ਜਦੋਂ ਹੀ ਬਾਦਲ ਦਲ ਨੂੰ ਵੱਡਾ ਭਰਾ ਮੰਨਣ ਲਈ ਭਾਜਪਾ ਤਿਆਰ ਹੋ ਗਈ ਤਾਂ ਸੁਖਬੀਰ ਬਾਦਲ ਨੇ ਅੱਡੀਆਂ ਚੁੱਕ ਕੇ ਉਨ੍ਹਾਂ ਦੀ ਝੋਲ਼ੀ ’ਚ ਬੈਠ ਜਾਣਾ ਹੈ। ਦੋਵਾਂ ਤਿੰਨਾਂ ’ਚੋਂ ਜਿਹੜਾ ਵੀ ਅਕਾਲੀ ਧੜਾ ਪੰਜਾਬ ਅਤੇ ਪੰਥ ਦੇ ਚਿਰਾਂ ਤੋਂ ਲਟਕਦੇ ਮੁੱਦੇ ਵਿਸਾਰ ਕੇ ਕੇਵਲ ਸੱਤਾ ਤੱਕ ਪਹੁੰਚਣ ਲਈ ਅਜਿਹੇ ਕਿਸੇ ਸਮਝੌਤੇ ਹੇਠ ਭਾਜਪਾ ਨਾਲ ਸਾਂਝ ਪਾ ਗਿਆ, ਉਸ ਨੇ ਆਪਣੀ ਸਿਆਸਤ ਸਮੇਤ ਸੰਪੂਰਨ ਸ੍ਰੋਮਣੀ ਅਕਾਲੀ ਦਲ ਦੀ ਕਬਰ ’ਚ ਆਖਰੀ ਕਿੱਲ ਠੋਕ ਦੇਣਾ ਹੈ। ਘੱਟ ਗਿਣਤੀਆਂ ਅਤੇ ਲੋਕਤੰਤਰ ਵਿਰੋਧੀ ਪਾਰਟੀ ਨਾਲ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਕੇ ਵੱਡਾ ਨੁਕਸਾਨ ਕੀਤਾ ਹੈ ਤੇ ਭਾਜਪਾ ਨੂੰ ਪੰਜਾਬ ’ਚ ਪੈਰ ਪਸਾਰਨ ਲਈ ਇੰਨੀ ਜਗ੍ਹਾ ਦੇ ਦਿੱਤੀ ਕਿ ਉਹ ਪੰਜਾਬ ਜਿਹੇ ਸੂਬੇ ’ਚ ਅਕਾਲੀ ਦਲ ਨੂੰ ਛੋਟਾ ਭਰਾ ਬਣਾ ਕੇ ਸਮਝੌਤਾ ਕਰਨ ਦੀ ਮੰਗ ਕਰਨ ਲੱਗ ਪਏ ਹਨ।

ਜੇ ਅਕਾਲੀ ਦਲ ਦੇ ਸਾਰੇ ਧੜੇ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਇਕੱਠੇ ਹੋ ਕੇ ਲੜਨ ਤਾਂ ਇਨ੍ਹਾਂ ਨੂੰ ਨਿੱਜੀ ਹਿੱਤ ਤੇ ਅਹੁਦਿਆਂ ਦੀ ਆਸ ਛੱਡ ਸਾਂਝੇ ਮੁੱਦਿਆਂ ਦਾ ਏਜੰਡਾ ਤਿਆਰ ਕਰ ਉਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈਣਾ ਹੈ। ਘੱਟੋ ਘੱਟ ਸਾਂਝੇ ਮੁੱਦੇ ਕੀ ਹੋਣੇ ਚਾਹੀਦੇ ਹਨ। ਉਨ੍ਹਾਂ ’ਚ ਪਹਿਲਾ ਹੈ ਕਿ ਧਰਮ ਨੂੰ ਸਿਆਸਤ ’ਚੋਂ ਮੁਕਤ ਕਰਵਾਉਣ ਲਈ ਪੰਥਕ ਕੌਂਸਲ ਨੂੰ ਮਜ਼ਬੂਤ ਕਰਨਾ। ਪੰਥਕ ਕੌਂਸਲ ਦਾ ਮੁੱਖ ਕਾਰਜ ਹੋਵੇ ਕਿ ਜਿਹੜੇ ਮੁੱਦੇ ਪੰਥ ’ਚ ਵੰਡੀਆਂ ਪਾ ਰਹੇ ਹਨ; ਜਿਵੇਂ ਕਿ ਗੁਰਬਾਣੀ ਦੀ ਪਾਠ ਭੇਦ ਸੂਚੀ, ਜਿਹੜੀ 1952 ਤੋਂ ਲਟਕ ਰਹੀ ਹੈ। ਇਹ ਸੂਚੀ ਤਿਆਰ ਕਰਵਾਉਣ ਵਾਲੀ ਸ੍ਰੋਮਣੀ ਕਮੇਟੀ ਨੇ ਹੀ ਇਸ ਦਾ ਸੰਨ 1964 ’ਚ ਭੋਗ ਪਾ ਦਿੱਤਾ ਸੀ।

ਦੂਸਰਾ ਸਿੱਖ ਧਰਮ ਦੇ ਇਤਿਹਾਸਕ ਸਰੋਤਾਂ ’ਚ  ਪੰਥ ਵਿਰੋਧੀ ਸ਼ਕਤੀਆਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਮਿਲਾਵਟ ਕਰਕੇ ਸਿਧਾਂਤਕ ਰੂਪ ’ਚ ਇੰਨਾਂ ਵੱਡਾ ਨੁਕਸਾਨ ਕੀਤਾ ਗਿਆ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਪੂਰਿਆ ਨਹੀਂ ਜਾ ਸਕਦਾ ਅਤੇ ਵੱਖ ਵੱਖ ਪੰਥਕ ਧਿਰਾਂ ਇੱਕ ਦੂਸਰੇ ਦੇ ਸਹਿਯੋਗੀ ਹੋਣ ਦੇ ਬਜਾਏ ਇੱਕ ਦੂਸਰੇ ਵਿਰੁੱਧ ਕਿਰਪਾਨਾਂ ਤਾਣ ਕੇ ਖੜ੍ਹ ਜਾਂਦੀਆਂ ਹਨ। ਸਿਆਸਤ ਦੇ ਪ੍ਰਭਾਵ ਕਾਰਨ ਇਨ੍ਹਾਂ ਦੋਵਾਂ ਅਹਿਮ ਮੁੱਦਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਸਾਡੀ ਤਰਾਸਦੀ ਵੇਖੋ ਕੇ ਭਾਜਪਾ ਕੋਲ਼ ਸੱਤਾ ਆਈ ਤਾਂ ਉਹ ਇਤਿਹਾਸ ’ਚ ਤਬਦੀਲੀਆਂ ਕਰ ਆਪਣੇ ਖਲਨਾਇਕਾਂ ਨੂੰ ਨਾਇਕਾਂ ਵਜੋਂ ਉਭਾਰਨ ਲੱਗ ਪਏ ਜਦੋਂ ਕਿ ਸਾਡੇ ਮੂਲ ਸਰੋਤਾਂ ’ਚ ਪੰਥ ਵਿਰੋਧੀਆਂ ਵੱਲੋਂ ਕੀਤੀ ਮਿਲਾਵਟ ਕਾਰਨ ਸਾਡੇ ਮਹਾਂ ਨਾਇਕਾਂ (ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਆਦਿ) ਨੂੰ ਹੀ ਖਲਨਾਇਕਾਂ ਵਜੋਂ ਅਤੇ ਦੇਵੀ ਪੂਜਕ ਸਿੱਧ ਕਰਨ ਵਾਲੀਆਂ ਪੁਸਤਕਾਂ ਸ੍ਰੋਮਣੀ ਕਮੇਟੀ ਤੋਂ ਹੀ ਛਪਾ ਰਹੇ ਹਨ।

ਤੀਜਾ ਸਿੱਖ ਰਹਿਤ ਮਰਿਆਦਾ ਅਤੇ ਚੌਥਾ ਨਾਨਕਸ਼ਾਹੀ ਕੈਲੰਡਰ ਵਿਵਾਦ ਜਿਹੜੇ ਬੜੀ ਆਸਾਨੀ ਨਾਲ ਹੱਲ ਕੀਤੇ ਜਾ ਸਕਦੇ ਹਨ; ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਸ੍ਰੋਮਣੀ ਕਮੇਟੀ ਉਨ੍ਹਾਂ ਨੂੰ ਠੰਡੇ ਵਸਤੇ ’ਚ ਪਾਈ ਬੈਠੀ ਹੈ। ਪੰਥਕ ਕੌਂਸਲ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਚਾਰ ਅਹਿਮ ਮੁੱਦਿਆਂ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਲਈ 2 ਦਸੰਬਰ 2024 ਦਾ ਹੁਕਮਨਾਮਾ ਹੂ-ਬਹੂ ਲਾਗੂ ਕਰਵਾਉਣਾ ਮੁੱਖ ਟੀਚਾ ਹੋਵੇ। ਇਨ੍ਹਾਂ ਕਾਰਜਾਂ ਲਈ ਵਿਦਵਾਨਾਂ ਦੀ ਸ਼ਮੂਲੀਅਤ ਵਾਲੇ ਸੈਮੀਨਾਰਾਂ ਦਾ ਅਯੋਜਨ ਕਰਨ ਦਾ ਕਾਰਜ ਵਿੱਢੇ। ਪੰਥਕ ਕੌਂਸਲ ਦੇ ਕੰਮ ’ਚ ਦਖਲ ਅੰਦਾਜ਼ੀ ਕਰਨ ਦੀ ਥਾਂ ਰਾਜਸੀ ਵਿੰਗ ਇਸ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਦੇਵੇ।

ਰਾਜਸੀ ਵਿੰਗ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਅਤੇ ਪੰਥ ਦੇ ਮੁੱਦਿਆਂ ਦਾ ਘੱਟੋ ਘੱਟੋ ਸਾਂਝਾ ਏਜੰਡਾ ਤਿਆਰ ਕਰਕੇ ਉਨ੍ਹਾਂ ਦੀ ਪੂਰਤੀ ਲਈ ਸੰਘਰਸ਼ ਵਿੱਢੇ। ਇਨ੍ਹਾਂ ਸਾਂਝੇ ਮੁੱਦਿਆਂ ’ਚ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਖੇਤਰ; ਪੰਜਾਬ ’ਚ ਸ਼ਾਮਲ ਕਰਨੇ, ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਕਰਨੀ, ਪੰਜਾਬ ਦੇ ਆਰਥਕ ਸਾਧਨਾਂ, ਪੰਜਾਬ ਦੇ ਡੈਮਾਂ, ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਸੂਬੇ ਦੀ ਸਿੱਖਿਆ ਨੀਤੀ ਦਾ ਕੰਟਰੋਲ ਪੰਜਾਬ ਕੋਲ਼ ਹੋਵੇ, ਆਦਿ। ਅਕਾਲੀ ਦਲ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੇ ਅਹੁੱਦੇ ’ਤੇ ਆਪਣਾ ਹੱਕ ਜਿਤਾਉਣ ਦੀ ਥਾਂ ਜੇ ਇਨ੍ਹਾਂ ਮੁੱਦਿਆਂ ਲਈ ਅਨੰਦਪੁਰ ਸਾਹਿਬ ਦੇ ਮਤੇ ਅਤੇ ਲੁਧਿਆਣਾ ਵਿਖੇ 1978 ਦੀ ਅਕਾਲੀ ਕਾਨਫਰੰਸ ਦੌਰਾਨ ਪਾਸ ਕੀਤੇ ਮਤਿਆਂ ਨੂੰ ਆਧਾਰ ਮੰਨ ਕੇ ਸਮੁੱਚੇ ਅਕਾਲੀ ਧੜਿਆਂ ’ਚ ਏਕਤਾ ਹੋ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ 2027 ਦੀਆਂ ਚੋਣਾਂ ਸਮੇਂ ਨਿਰੋਲ ਆਪਣੀ ਸਰਕਾਰ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ। ਜੇ ਕੁੱਝ ਘਾਟ ਰਹੀ ਤਾਂ ਸਭ ਤੋਂ ਵੱਡੀ ਪਾਰਟੀ ਜਾਂ ਕਿੰਗ ਮੇਕਰ ਸ਼ਕਤੀ ਜ਼ਰੂਰ ਬਣਿਆ ਜਾ ਸਕਦਾ ਹੈ। ਸੀਮਤ ਸਮੇਂ ਲਈ ਇਸ ਸਮੇਂ ਕਿਸੇ ਕੌਮੀ ਪਾਰਟੀ ਨਾਲ ਸ਼ਰਤਾਂ ਅਧੀਨ ਗੱਠਜੋੜ ਕਰਨਾ ਭੀ ਮਾੜਾ ਨਹੀਂ, ਜੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 1997 ’ਚ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇਣ ਵਰਗਾ ਕਦਾਚਿਤ ਨਾ ਹੋਵੇ।

LEAVE A REPLY

Please enter your comment!
Please enter your name here