ਬਿਹਾਰੀਆਂ ਦੀ ਬਜਾਇ ਸਿੱਖ ਸਿਕਲੀਗਰ ਭਰਾਵਾਂ ਨੂੰ ਪੰਜਾਬ ਵਿਚ ਵਸਾਉਣ ਦੀ ਜ਼ਰੂਰਤ : ਗਿ. ਜਗਤਾਰ ਸਿੰਘ ਜਾਚਕ
12 ਮਈ (ਕਿਰਪਾਲ ਸਿੰਘ, ਬਠਿੰਡਾ) ਹਿੰਦੂ-ਰਾਸ਼ਟਰਵਾਦ ਦੇ ਹਕੂਮਤੀ ਦੌਰ ਵਿੱਚ ਪੰਜਾਬ ਦੀ ਜਨ-ਗਣਨਾ ਤੇ ਰਾਜਨੀਤਕ ਸਥਿਤੀ ਅਤੇ ਮੱਧ ਪ੍ਰਦੇਸ਼ ਆਦਿਕ ਇਲਾਕਿਆਂ ਵਿੱਚ ਵਸਦੇ ਕ੍ਰੋੜਾਂ ਸਿਕਲੀਗਰ ਸਿੱਖਾਂ ਦੀ ਆਰਥਕ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਦੇ ਸਿੱਖ ਕਿਸਾਨ ਤੇ ਇੰਡਸਟ੍ਰੀਅਲ ਸੱਜਣ ਹੁਣ ਬਿਹਾਰੀ ਕਾਮਿਆਂ ਦੀ ਥਾਂ ਸਿਕਲੀਗਰ ਸਿੱਖ ਭਰਾਵਾਂ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਇਥੇ ਵਸਾਉਣ ਦਾ ਯਤਨ ਕਰਨ ਕਿਉਂਕਿ ਸ਼ੀਘਰਕਾਲੀ ਤੇ ਸੁਖਾਲਾ ਇਹੀ ਇੱਕ ਢੰਗ ਸੁੱਝਦਾ ਹੈ, ਜਿਸ ਸਦਕਾ ਪੰਜਾਬ ਸਿੱਖ ਸੂਬਾ ਬਣਿਆ ਰਹਿ ਸਕਦਾ ਹੈ ਅਤੇ ਮੱਧ ਪ੍ਰਦੇਸ਼ ਦੇ ਸਿਕਲੀਗਰ-ਭਰਾ ਆਰਥਕ ਤੌਰ ’ਤੇ ਮਜ਼ਬੂਤ ਹੋ ਕੇ ਹਿੰਦੂਤਵ ਦੀ ਔਰੰਗਜ਼ੇਬੀ-ਚੱਕੀ ਵਿੱਚ ਪਿੱਸਣ ਤੋਂ ਵੀ ਬਚ ਸਕਦੇ ਹਨ । ਸ਼੍ਰੋਮਣੀ ਕਮੇਟੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਬੇਅੰਤ ਜ਼ਮੀਨ ਹੈ, ਜਿੱਥੇ ਉਨ੍ਹਾਂ ਨੂੰ ਵਸਾਇਆ ਜਾ ਸਕਦਾ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਆਪਣੇ ਪ੍ਰੈਸ-ਨੋਟ ਵਿੱਚ ਕਹੇ ।
ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਜ਼ਿਲਾ ਬਰਹਾਨਪੁਰ ਦੇ ਪਿੰਡ ਪਚੌਰੀ ਦੇ ਜਿਹੜੇ 150 ਸਿਕਲੀਗਰ ਸਿੱਖਾਂ ਨੇ ਗ਼ਰੀਬੀ ਅਤੇ ਪੁਲੀਸ ਤਸ਼ੱਦਦ ਤੋਂ ਦੁਖੀ ਹੋ ਕੇ ਧਰਮ ਪ੍ਰੀਵਰਤਨ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਨੂੰ ਹੁਣ ਤਾਂ ਬ੍ਰਿਟਿਸ਼ ਸਿੱਖ ਕੌਂਸਲ ਦੇ ਗੁਰਬਚਨ ਸਿੰਘ ਬਹਾਦਰਗੜ ਅਤੇ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਕੁਝ ਪਤਵੰਤੇ ਸੱਜਣਾਂ ਸਮਝਾ ਕੇ ਤੇ ਸਹਾਇਤਾ ਦਾ ਦਿਲਾਸਾ ਦੇ ਕੇ ਹਿੰਦੂ ਹੋਣ ਤੋਂ ਰੋਕ ਲਿਆ ਹੈ । ਪਰ, ਲੋੜ ਹੈ ਕੋਈ ਪੱਕਾ ਬਾਨ੍ਹਣੂ ਬੰਨ੍ਹਣ ਦੀ । ਮੱਧ ਪ੍ਰਦੇਸ਼ ਵਿਖੇ ਗੁਰਮਤ ਪ੍ਰਚਾਰ ਦੌਰੇ ’ਤੇ ਪਹੁੰਚੇ ਗਿ. ਸੁਰਿੰਦਰ ਸਿੰਘ ਨਿਊਜ਼ੀਲੈਂਡ ਅਤੇ ਅਤੇ ਸ੍ਰ. ਸੁਰਜੀਤ ਸਿੰਘ ਮੈਕਸੀਕੋ ਵਾਲਿਆਂ ਮੁਤਾਬਕ ਉਥੇ ਸ਼ੀਘਰਲੋੜ ਹੈ ਗੁਰੂ ਕਾ ਲੰਗਰ ਚਲਾਉਣ ਦੀ । ਕਿਉਂਕਿ ਉਸ ਇਲਾਕੇ ਵਿੱਚ ਮੁਖ ਲੋੜ ਹੈ ਰੋਟੀ । ਜੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਮਿਲ ਕੇ ਉਥੇ ਛੇ ਮਹੀਨੇ ਲਈ ਨਿਰੰਤਰ ਰਾਸ਼ਨ ਦੀ ਰਸਦ ਭੇਜਣ, ਤਾਂ ਉਨ੍ਹਾਂ ਲਈ ਇਹ ਇੱਕ ਬਹੁਤ ਵੱਡਾ ਕੌਮੀ ਦਿਲਾਸਾ ਤੇ ਸਹਾਇਤਾ ਹੋਏਗੀ । ਇਸ ਤੋਂ ਇਲਾਵਾ ਦਸਤਾਰਾਂ, ਕਛਿਹਰੇ, ਰੈਡੀਮੇਡ ਸ਼ਰਟਾਂ, ਜ਼ੀਨਾ ਅਤੇ ਸਾੜੀਆਂ ਆਦਿਕ ਵੀ ਭੇਜੀਆਂ ਜਾ ਸਕਦੀਆਂ ਹਨ ।
ਗਿਆਨੀ ਜੀ ਨੇ ਦੱਸਿਆ ਕਿ ਸ੍ਰ. ਸੁਰਜੀਤ ਸਿੰਘ ਮੈਕਸੀਕੋ ਵਾਲਿਆਂ ਨੇ ਅਰੰਭਕ ਪੂੰਜੀ ਲਾ ਕੇ ਉਥੋਂ ਦੇ 20 ਨੌਜਵਾਨਾਂ ਨੂੰ ਰੈਡੀਮੇਡ ਕੱਪੜੇ ਦੀਆਂ ਦੁਕਾਨਾਂ ਖੋਲ ਦਿੱਤੀਆਂ ਹਨ, ਜੋ ਦਿੱਲੀ ਤੋਂ ਹੋਲਸੇਲ ਕੱਪੜੇ ਲਿਜਾ ਕੇ ਵੇਚਣਗੇ । ਦੇਸ਼ ਵਿਦੇਸ਼ ਦੇ ਅਮੀਰਾਂ ਵੱਲੋਂ ਕੁਝ ਅਜਿਹੇ ਹੀ ਢੰਗ ਵੀ ਅਪਨਾਏ ਜਾ ਸਕਦੇ ਹਨ ਉਨ੍ਹਾਂ ਦੀ ਆਰਥਕ ਖੁਸ਼ਹਾਲੀ ਲਈ । ਉਮੀਦ ਹੈ ਕਿ ਸਿੱਖ ਜਥੇਬੰਦੀਆਂ ਤੇ ਡੇਰੇਦਾਰ ਸਿੱਖ ਬਾਬੇ ਇਸ ਪਾਸੇ ਸ਼ੀਘਰ ਧਿਆਨ ਦੇਣਗੇ ਅਤੇ ਇੱਕ ਸਾਂਝੀ ‘ਸਿਕਲੀਗਰ ਸਿੱਖ ਵਸੇਬਾ’ ਕਮੇਟੀ ਬਣਾ ਕੇ ਬਿਨਾਂ ਦੇਰੀ ਯਤਨਸ਼ੀਲ ਹੋਣਗੇ ।