ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਂ ਇਕ ਖ਼ੱਤ (ਚਿੱਠੀ ਨੰਬਰ 43)

0
451

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।

ਵਿਸ਼ਾ:- ਦਿਵਾਲੀ ਦੀ ਤਾਰੀਖ

ਤਾਰੀਖ:- 19 ਕੱਤਕ ਨਾਨਕਸ਼ਾਹੀ ਸੰਮਤ 550 (2 ਨਵੰਬਰ 2018 ਈ:)

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ! ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਤੁਹਾਡੀ ਕਿਤਾਬ, “ਗੁਰ ਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਿਰ ਸਭੁ ਕੋ, ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ ਸੀ, ਪਰ ਆਪ ਜੀ ਨੇ ਕੋਈ ਉਸਾਰੂ ਹੁੰਗਾਰਾ ਨਹੀਂ ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ’ਤੇ ਤੁਸੀਂ ਖ਼ੁਦ ਅਮਲ ਕਰਨਾ ਹੈ ਜਾਂ ਨਹੀਂ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ। ਖੈਰ, ਇਸ ਪੱਤਰ ਰਾਹੀਂ ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ। ਇਹ ਗਲਤੀ ਹੈ ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ।

ਕਰਨਲ ਨਿਸ਼ਾਨ ਜੀ, ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸੇ ਨੁਕਤੇ ਨੂੰ ਅਧਾਰ ਬਣਾ ਕੇ ਤੁਸੀਂ, ਆਉਣ ਵਾਲੇ 85 ਸਾਲਾਂ (2015 ਈ: ਤੋਂ 2100 ਈ:) ਦੀਆਂ ਤਾਰੀਖ਼ਾਂ, ਆਪਣੀ ਕਿਤਾਬ ਦੇ ਪੰਨਾ 79 ’ਤੇ ਦਰਜ ਕੀਤੀਆਂ ਹਨ। ਜਦੋਂ ਇਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਤੁਹਾਡੀਆਂ ਸਾਰੀਆਂ ਤਾਰੀਖ਼ਾਂ ਉਸ ਕਿਤਾਬ “Calendrical Tabulations 1900-2200” ਨਾਲ ਮੇਲ ਖਾਂਦੀਆਂ ਹਨ, ਜਿਸ ਬਾਰੇ ਆਪ ਜੀ ਨੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ Canadian Sikh Study and Teaching Society ਵੱਲ ਕਰਵਾਏ ਗਏ ਸੈਮੀਨਾਰ ਵਿਚ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਚੰਗਾ ਹੁੰਦਾ ਜੇ ਆਪ ਜੀ “Calendrical Tabulations 1900-2200” ਤੋਂ ਨਕਲ ਕਰਨ ਤੋਂ ਪਹਿਲਾਂ ਪੁਜਾਰੀ ਵੱਲੋਂ ਬਣਾਇਆ ਸਿਧਾਂਤ ਵੀ ਪੜ੍ਹ-ਵਿਚਾਰ ਲੈਂਦੇ ਤਾਂ ਆਪ ਨੂੰ ਪਤਾ ਹੋਣਾ ਸੀ ਕਿ ਕੱਤਕ ਦੀ ਹਰ ਮੱਸਿਆ ਨੂੰ ਦਿਵਾਲੀ ਨਹੀਂ ਹੁੰਦੀ।

ਆਓ ਵੇਖੀਏ, ਕਿ ਦਿਵਾਲੀ ਕਦੋਂ ਮਨਾਈ ਜਾਂਦੀ ਹੈ।

ਚੰਦ ਦੇ ਕੈਲੰਡਰ ਵਿਚ ਮਹੀਨੇ ਨੂੰ ਦੋ ਤਰ੍ਹਾਂ ਗਿਣਿਆ ਜਾਂਦਾ ਹੈ ਮੱਸਿਆ ਤੋਂ ਮੱਸਿਆ ਜਿਸ ਨੂੰ ਅਮੰਤਾ ਕਹਿੰਦੇ ਹਨ ਅਤੇ ਪੁੰਨਿਆ ਤੋਂ ਪੁੰਨਿਆ ਜਿਸ ਨੂੰ ਪੂਰਨਮੰਤਾ ਕਹਿੰਦੇ ਹਨ। ਇਸ ਦੀ ਲੰਬਾਈ 29.53 ਦਿਨ ਮੰਨੀ ਗਈ ਹੈ। ਇਸ ਦੌਰਾਨ ਚੰਦ ਦੇ ਆਪਣੇ 30 ਦਿਨ ਹੁੰਦੇ ਹਨ, ਜਿਸ ਨੂੰ ਤਿੱਥ ਕਹਿੰਦੇ ਹਨ। ਇਕ ਤਿੱਥ 12° (360/30=12°) ਦੇ ਬਰਾਬਰ ਹੁੰਦੀ ਹੈ। ਚੰਦ ਦੀ ਧਰਤੀ ਤੋਂ ਦੂਰੀ ਵਧਦੀ ਘਟਦੀ ਰਹਿੰਦੀ ਹੈ। ਜਦੋਂ ਚੰਦ ਧਰਤੀ ਦੇ ਨੇੜੇ ਹੁੰਦਾ ਹੈ ਤਾਂ 12° ਦਾ ਸਫਰ ਲੱਗ ਭੱਗ 20 ਘੰਟੇ ਵਿਚ ਅਤੇ ਜਦੋਂ ਚੰਦ ਧਰਤੀ ਤੋਂ ਦੂਰ ਹੁੰਦਾ ਹੈ ਤਾਂ ਇਹ ਸਫਰ ਲੱਗ ਭੱਗ 26 ਘੰਟੇ ਵਿਚ ਪੂਰਾ ਕਰਦਾ ਹੈ। ਚੰਦ ਦੀ ਅੱਜ ਕਿਹੜੀ ਤਿੱਥ ਹੈ ? ਇਹ ਸਵੇਰ ਨੂੰ ਸੂਰਜ ਚੜਨ ਵੇਲੇ ਜੋ ਤਿੱਥ ਹੋਵੇਗੀ, ਉਹ ਹੀ ਅੱਜ ਦੀ ਤਿੱਥ ਗਿਣੀ ਜਾਵੇਗੀ, ਜਿਵੇ 7 ਨਵੰਬਰ (2018 ਈ:) ਦਿਨ ਬੁੱਧਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ ਕੱਤਕ ਦੀ ਮੱਸਿਆ ਹੈ। ਇਸ ਲਈ ਵੀਰਵਾਰ ਨੂੰ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ।  ਬੁੱਧਵਾਰ ਦੀ ਰਾਤ ਨੂੰ ਦਿਵਾਲੀ ਭਾਵ ਲਛਮੀ ਦੀ ਪੂਜਾ ਕੀਤੀ ਜਾਵੇਗੀ, ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਪੁਜਾਰੀਆਂ ਵੱਲੋਂ ਬਣਾਏ ਗਏ ਵਿਧੀ ਵਿਧਾਨ ਮੁਤਾਬਕ ਦਿਵਾਲੀ ਦੀ ਰਾਤ ਨੂੰ, ਜਿਸ ਵੇਲੇ ਲਛਮੀ ਦੀ ਪੂਜਾ ਕੀਤੀ ਜਾਂਦੀ ਹੈ, ਉਸ ਵੇਲੇ ਮੱਸਿਆ ਦੀ ਤਿੱਥ ਹੋਣੀ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਹਰ ਸਾਲ ਮੱਸਿਆ ਵਾਲੇ ਦਿਨ ਇਹ ਸਥਿਤੀ ਹੋਵੇ। ਜੇ ਅਜਿਹਾ ਨਹੀਂ ਹੈ ਤਾਂ ਦਿਵਾਲੀ ਕੱਤਕ ਦੀ ਚੌਦਸ ਨੂੰ ਮਨਾਈ ਜਾਵੇਗੀ, ਜਿਵੇਂ ਇਸ ਸਾਲ, ਮੱਸਿਆ ਦੀ ਤਿੱਥ 6 ਨਵੰਬਰ ਦਿਨ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਮੇਂ ਮੁਤਾਬਕ, ਲੱਗਭੱਗ ਰਾਤ ਦੇ 10.27 ਵਜੇ ਆਰੰਭ ਹੋਵੇਗੀ। ਬੁੱਧਵਾਰ ਨੂੰ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਣ ਕਾਰਨ, ਬੁੱਧਵਾਰ ਨੂੰ ਹੀ ਮੱਸਿਆ ਹੋਵੇਗੀ। ਇਹ ਤਿੱਥ ਬੁੱਧਵਾਰ ਦੀ ਰਾਤ ਨੂੰ 9.32 ਵਜੇ ਖਤਮ ਹੋ ਜਾਵੇਗੀ। ਲਛਮੀ ਦੀ ਪੂਜਾ ਬੁੱਧਵਾਰ ਦੀ ਰਾਤ ਨੂੰ ਹੋਵੇਗੀ। ਇਸ ਲਈ ਇਥੇ ਤੁਹਾਡੇ ਵੱਲੋਂ ਦਰਜ ਕੀਤੀ ਗਈ ਤਾਰੀਖ 7 ਨਵੰਬਰ 2018 ਈ: ਠੀਕ ਹੈ। ਆਓ, ਹੁਣ ਤੁਹਾਡੇ ਵੱਲੋਂ ਦਰਜ ਕੀਤੀ ਗਈ 28 ਅਕਤੂਬਰ 2019 ਦੀ ਤਾਰੀਖ ਦੀ ਪੜਤਾਲ ਕਰੀਏ। (ਪੰਨਾ 79)

ਤੁਸੀਂ ਇਹ ਮੰਨ ਕੇ, ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ। “Calendrical Tabulations 1900-2200” ਤੋਂ ਵੇਖ ਕੇ 28 ਅਕਤੂਬਰ 2019 ਈ: ਦੀ ਤਾਰੀਖ ਦਰਜ ਕਰ ਦਿੱਤੀ ਹੈ। ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇਹ ਤਾਰੀਖ ਗ਼ਲਤ ਪਾਈ ਗਈ। ਇਹ ਠੀਕ ਹੈ ਕਿ 28 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਵੇਗੀ ਅਤੇ ਅਗਲੇ ਦਿਨ ਭਾਵ ਮੰਗਲਵਾਰ ਦੇ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ, ਪਰ ਇਸ ਦਿਨ ਦਿਵਾਲੀ ਨਹੀਂ ਹੋਵੇਗੀ ਕਿਉਂਕਿ ਮੱਸਿਆ ਦੀ ਤਿੱਥ ਸੋਮਵਾਰ ਸਵੇਰੇ 9.08 ਵਜੇ ਖਤਮ ਹੋ ਜਾਵੇਗੀ। ਇਸ ਲਈ ਤੁਹਾਡੇ ਵੱਲੋਂ ਦਿੱਤੀ ਗਈ ਤਾਰੀਖ 28 ਅਕਤੂਬਰ ਨੂੰ ਸ਼ਾਮ ਵੇਲੇ ਜਦੋਂ ਪੂਜਾ ਕੀਤੀ ਜਾਣੀ ਹੈ, ਉਸ ਵੇਲੇ ਕੱਤਕ ਸੁਦੀ ਏਕਮ ਹੋਵੇਗੀ ਅਤੇ ਬ੍ਰਾਹਮਣ ਵੱਲੋਂ ਬਣਾਏ ਗਏ ਵਿਧੀ ਵਿਧਾਨ ਅਨੁਸਾਰ ਉਸ ਵੇਲੇ ਲਛਮੀ ਦੀ ਪੂਜਾ ਨਹੀਂ ਕੀਤੀ ਜਾ ਸਕੇਗੀ। ਮੱਸਿਆ ਦੀ ਤਿੱਥ ਦਾ ਆਰੰਭ 27 ਅਕਤੂਬਰ 2019, ਦਿਨ ਐਤਵਾਰ ਨੂੰ ਦੁਪਹਿਰ ਵੇਲੇ (ਲੱਗ ਭੱਗ) 12.23 ਵਜੇ ਹੋਵੇਗਾ ਅਤੇ ਇਹ ਸੋਮਵਾਰ ਸਵੇਰੇ 9.08 (ਲੱਗ ਭੱਗ) ਖਤਮ ਹੋਵੇਗੀ। ਇਸ ਲਈ ਲਛਮੀ ਦੀ ਪੂਜਾ 27 ਅਕਤੂਬਰ, ਐਤਵਾਰ ਦੀ ਰਾਤ ਨੂੰ ਕੀਤੀ ਜਾਵੇਗੀ। ਤੁਹਾਡੇ ਵੱਲੋਂ “Calendrical Tabulations 1900-2200” ਤੋਂ ਵੇਖ ਕੇ ਲਿਖੀ ਗਈ 28 ਅਕਤੂਬਰ 2019 ਈ: ਗ਼ਲਤ ਹੈ। ਇਸੇ ਤਰ੍ਹਾਂ ਹੀ ਤੁਹਾਡੇ ਵੱਲੋਂ ਲਿਖੀ ਗਈ ਅਗਲੇ ਸਾਲ ਦੀ ਤਾਰੀਖ 15 ਨਵੰਬਰ 2020 ਈ: ਵੀ, ਪੜਤਾਲ ਕਰਨ ’ਤੇ ਗ਼ਲਤ ਪਾਈ ਗਈ ਹੈ।

ਕੱਤਕ ਦੀ ਮੱਸਿਆ ਦਾ ਆਰੰਭ 14 ਨਵੰਬਰ 2020 ਈ: ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ  (ਲੱਗ ਭੱਗ) 2.17 ਵਜੇ ਹੋਵੇਗਾ ਅਤੇ 15 ਨਵੰਬਰ 2020 ਨੂੰ ਐਤਵਾਰ ਸਵੇਰ 10.36 ਵਜੇ ਖਤਮ ਹੋਵੇਗੀ। ਮੱਸਿਆ ਗਿਣੀ ਐਤਵਾਰ ਨੂੰ ਹੀ ਜਾਵੇਗੀ, ਪਰ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਦਿਵਾਲੀ 14 ਨਵੰਬਰ ਦਿਨ ਸ਼ਨਿਚਰਵਾਰ ਨੂੰ ਹੀ ਮਨਾਈ ਜਾਵੇਗੀ ਕਿਉਂਕਿ ਐਤਵਾਰ ਸ਼ਾਮ ਨੂੰ ਤਾਂ ਕੱਤਕ ਸੁਦੀ ਏਕਮ ਹੋਵੇਗੀ। ਇਸ ਲਈ ਤੁਹਾਡੀ ਇਹ ਤਾਰੀਖ ਵੀ ਗ਼ਲਤ ਸਾਬਤ ਹੋਈ ਹੈ। ਪੜਤਾਲ ਕਰਨ ’ਤੇ 4 ਨਵੰਬਰ 2021ਈ: ਦੀ ਤਾਰੀਖ ਸਹੀ ਪਾਈ ਗਈ ਹੈ, ਪਰ 28 ਅਕਤੂਬਰ 2022 ਈ: ਅਤੇ 13 ਨਵੰਬਰ 2023 ਈ: ਦੀ ਤਾਰੀਖ ਗ਼ਲਤ ਸਿੱਧ ਹੋਈ ਹੈ। ਇਸੇ ਤਰ੍ਹਾਂ ਹੀ ਬਾਕੀ ਤਾਰੀਖ਼ਾਂ ਦੀ ਪੜਤਾਲ ਵੀ ਕੀਤੀ ਜਾ ਸਕਦੀ ਹੈ।

ਕਰਨਲ ਨਿਸ਼ਾਨ ਜੀ ! ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ ਕੁਝ ਜਾਣਕਾਰੀ ਆਪ ਜੀ ਨਾਲ ਉਕਤ ਸਾਂਝੀ ਕੀਤੀ ਹੈ। ਤੁਹਾਡੀ ਜਾਣਕਾਰੀ ਹਿੱਤ ਬੇਨਤੀ ਹੈ ਕਿ “Calendrical Tabulations 1900-2200” ਵਿੱਚ ਕੱਤਕ ਦੀ ਮੱਸਿਆ ਬਾਰੇ ਜੋ ਤਾਰੀਖ਼ਾਂ ਦਰਜ ਹਨ ਉਨਾਂ ਦੀ ਹੀ ਤੁਸੀਂ ਨਕਲ ਕੀਤੀ ਹੈ ਭਾਵੇਂ ਕਿ ਉਹ ਦਿਵਾਲੀ ਦੀਆਂ ਤਾਰੀਖਾਂ ਨਹੀਂ ਹਨ। ਇਸ ਤੋਂ ਤੁਹਾਡਾ ਇਹ ਦਾਅਵਾ ਝੂਠਾ ਸਿੱਧ ਹੋਇਆ ਹੈ ਕਿ, “ਇਹ ਗਣਿਤ ਮੈਂ ਆਪ ਕੀਤਾ ਹੈ” ਕਿਉਂਕਿ ਤੁਸੀਂ ਸਭ ਤੋਂ ਸੌਖੀ ਅਤੇ ਮੁੱਢਲੀ ਜਾਣਕਾਰੀ ਤੋਂ ਹੀ ਸੱਖਣੇ ਹੋਣ ਕਰ ਕੇ, ਆਪ ਨੇ ਦਿਵਾਲੀ ਦੀਆਂ ਗ਼ਲਤ ਤਾਰੀਖ਼ਾਂ ਦਰਜ ਕਰ ਦਿੱਤੀਆਂ ਹਨ ਅਜੇ ਤਾਂ ਹੋਰ ਵੀ ਗੁੰਝਲਾਂ ਹਨ, ਜਿਵੇ ਕਿ ਜੇ ਕੱਤਕ ਮੱਸਿਆ ਦੋ ਦਿਨ ਹੋਵੇ ਜਾਂ ਮੱਸਿਆ ਹੋਵੇ ਹੀ ਨਾਂ, ਤਾਂ ਲਛਮੀ ਦੀ ਪੂਜਾ ਕਦੋਂ ਹੋਵੇਗੀ ?

ਕਰਨਲ ਨਿਸ਼ਾਨ ਜੀ ! ਤੁਹਾਡੇ ਲਿਖੇ ਸ਼ਬਦਾਂ ਮੁਤਾਬਕ, “ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”। (ਪੰਨਾ 17) ਮੈਂ ਆਪਣਾ ਫ਼ਰਜ਼ ਸਮਝਦੇ ਹੋਏ ਕੁਝ ਹੋਰ ਤਰੁੱਟੀਆਂ ਨੂੰ ਤੁਹਾਡੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਣ ਆਪ ਜੀ ਦੀ ਮਰਜ਼ੀ ਹੈ ਕਿ ਆਪ ਨੇ ਦਿਵਾਲੀ ਦੀਆਂ ਗ਼ਲਤ ਤਾਰੀਖ਼ਾਂ ਸਮੇਤ ਹੋਰ ਵੀ ਬਹੁਤ ਸਾਰੀਆਂ ਗ਼ਲਤ ਤਾਰੀਖ਼ਾ, ਜੋ ਪਿਛਲੇ ਸਾਲ-ਸਵਾ ਸਾਲ ਤੋਂ ਤੁਹਾਡੇ ਧਿਆਨ ਵਿੱਚ ਲਿਆਦੀਆਂ ਗਈਆਂ ਹਨ, ’ਤੇ ਮੁੜ ਵਿਚਾਰ ਕਰਨੀ ਹੈ ਜਾਂ ਨਹੀਂ, ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ।

ਹਾਂ ! ਜੇ ਕਰ ਆਪ ਜੀ ਦਾ ਕੋਈ ਸਵਾਲ ਜਾਂ ਸ਼ੰਕਾ ਹੋਇਆ ਤਾਂ ਲਿਖ ਭੇਜਣਾ ਤਾਂ ਜੋ ਉਸ ’ਤੇ ਵਿਚਾਰ ਕੀਤੀ ਜਾ ਸਕੇ।

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ