ਚਿੱਠੀ ਨੰ: 33 (ਕਿਰਪਾਲ ਸਿੰਘ ਬਠਿੰਡਾ ਵੱਲੋਂ ਲੈਫ: ਕਰਨਲ ਨਿਸ਼ਾਨ ਨੂੰ ਪੱਤਰ- ਮਿਤੀ 8 ਮਈ 2018)

0
346

ਚਿੱਠੀ ਨੰ: 33   (ਕਿਰਪਾਲ ਸਿੰਘ ਬਠਿੰਡਾ ਵੱਲੋਂ ਲੈਫ: ਕਰਨਲ ਨਿਸ਼ਾਨ ਨੂੰ ਪੱਤਰ- ਮਿਤੀ 8 ਮਈ 2018)

ਸਤਿਕਾਰਯੋਗ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀਉ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ:      ਕੈਲੰਡਰ

1.  ਨਿਸ਼ਾਨ ਸਾਹਿਬ ਜੀ ! ਅੱਜ ਮੈਂ ਆਪਣੀ ਈਮੇਲ ਚੈੱਕ ਕੀਤੀ ਤਾਂ ਵੇਖਿਆ ਕਿ ਸਾਡੇ ਪੱਤਰਾਂ ਦੇ ਜਵਾਬ ਵਿੱਚ ਤੁਹਾਡਾ ਪੱਤਰ ਪਹੁੰਚ ਚੁੱਕਾ ਹੈ। ਪੱਤਰ ਲਈ ਆਪ ਜੀ ਦਾ ਧੰਨਵਾਦ ਪਰ ਆਪ ਜੀ ਨੂੰ ਚੇਤਾ ਕਰਵਾਇਆ ਜਾਂਦਾ ਹੈ ਕਿ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਤੁਹਾਡੀ ਪੁਸਤਕ “ਗੁਰਪੁਰਬ ਦਰਪਣ” ਵੱਡੀ ਗਿਣਤੀ ਵਿੱਚ ਛਪਵਾ ਕੇ ਵੰਡ ਚੁੱਕੇ ਹਨ ਅਤੇ ਬਹੁਤ ਵੱਡਾ ਸਟਾਕ ਉਨ੍ਹਾਂ ਪਾਸ ਹੁਣ ਵੀ ਵੰਡਣ ਲਈ ਪਿਆ ਹੈ ਜਿਸ ਦਾ ਸਬੂਤ ਇਹ ਹੈ ਕਿ ਜਦ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅੱਗੇ ਵੰਡਣ ਲਈ ਮੈਨੂੰ ਕੁਝ ਪੁਸਤਕਾਂ ਚਾਹੀਦੀਆਂ ਹਨ ਤਾਂ ਉਨ੍ਹਾਂ ਨੇ ਬੜੇ ਹੀ ਖੁਸ਼ ਹੋ ਕੇ ਜਵਾਬ ਦਿੱਤਾ ਸੀ ਕਿ ਸਾਡੇ ਗੁਰਦੁਆਰਾ ਸਾਹਿਬ ਆ ਜਾਉ ਤੇ 200-300 ਜਾਂ ਜਿੰਨੀਆਂ ਵੀ ਪੁਸਤਕਾਂ ਤੁਹਾਨੂੰ ਚਾਹੀਦੀਆਂ ਹਨ, ਲਿਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਖ਼ੁਦ ਜਿੱਥੇ ਵੀ ਜਾਂਦੇ ਹੋ ਤੇ ਕਿਸੇ ਪੰਥਕ ਸ਼ਖ਼ਸੀਅਤ ਨੂੰ ਮਿਲਦੇ ਹੋ ਤਾਂ ਉਸ ਨੂੰ ਆਪਣੀ ਇਹ ਪੁਸਤਕ ਜਰੂਰ ਭੇਟ ਕਰਦੇ ਹੋ ? ਇਸ ਤੋਂ ਵੀ ਵੱਧ ਸੋਸ਼ਲ ਮੀਡੀਏ ਦੀ ਵਰਤੋਂ ਕਰ ਰਹੇ ਹਰ ਵਿਅਕਤੀ ਪਾਸ ਇਸ ਦੀ ਪੀਡੀਐੱਫ ਫਾਈਲ ਪਹੁੰਚ ਚੁੱਕੀ ਹੈ; ਇਸ ਲਈ ਕੋਈ ਵੀ ਵਿਅਕਤੀ ਜਿਹੜਾ ਤੁਹਾਡੀ ਇਹ ਪੁਸਤਕ ਪੜ੍ਹਦਾ ਹੈ ਉਹ ਉਸ ਪੁਸਤਕ ਵਿੱਚੋਂ ਕੋਈ ਵੀ ਸਵਾਲ ਪੁੱਛਣ ਦਾ ਹੱਕ ਰੱਖਦਾ ਹੈ। ਇਸੇ ਕਾਰਨ ਤੁਹਾਥੋਂ ਸੰਮਤ 549 ਅਤੇ 550 ਦੇ ਸਿਰਫ ਦੋ ਕੈਲੰਡਰਾਂ ਵਿੱਚ ਛਪੀਆਂ ਕੇਵਲ 4-4 ਤਰੀਖਾਂ ਬਾਰੇ ਹੀ ਪੁੱਛਿਆ ਗਿਆ ਸੀ ਤੁਸੀਂ ਉਨ੍ਹਾਂ ਨੂੰ ਸਹੀ ਤਾਂ ਆਖਦੇ ਰਹੇ ਪਰ ਕੈਲੰਡਰ ਦੇ ਕਿਸ ਨਿਯਮ ਤਹਿਤ ਇਹ ਠੀਕ ਹਨ ; ਇਹ ਡੇਢ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਹਾਲੀ ਤੱਕ ਸਮਝਾ ਨਹੀਂ ਰਹੇ, ਉਲਟਾ ਵਾਰ ਵਾਰ ਲਿਖ ਰਹੇ ਹੋ ਕਿ ਕਿਰਪਾਲ ਸਿੰਘ ਅਕਤੂਬਰ, ਨਵੰਬਰ ਵਿੱਚ ਚੰਡੀਗੜ੍ਹ ’ਚ ਸਥਿਤ ਤੁਹਾਡੇ ਘਰ ਆ ਜਾਵੇ ਅਤੇ ਸਰਬਜੀਤ ਸਿੰਘ ਤੁਹਾਡੇ ਸਰੀ (ਕੈਨੇਡਾ) ਵਿੱਚ ਸਥਿਤ ਘਰ ਜਦੋਂ ਦਿਲ ਚਾਹੇ, ਆ ਜਾਵੇ ਤਾਂ ਸਾਡੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਜਾਣਗੇ।

 ਨਿਸ਼ਾਨ ਸਾਹਿਬ ਜੀ ! ਤੁਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਕੈਲੰਡਰ ਦਾ ਮਸਲਾ ਕੇਵਲ ਤੁਹਾਡਾ, ਮੇਰਾ ਅਤੇ ਸ: ਸਰਬਜੀਤ ਸਿੰਘ ਦਾ ਮਸਲਾ ਨਹੀਂ ਸਗੋਂ ਇਹ ਸਮੁੱਚੇ ਪੰਥ ਲਈ ਇਕ ਅਹਿਮ ਮੁੱਦਾ ਹੈ ਭਾਵੇਂ ਜ਼ਾਹਰਾ ਤੌਰ ’ਤੇ ਇਹ ਪੱਤਰ ਵਿਹਾਰ ਆਪਣੇ ਤਿੰਨਾਂ ਵਿਚਕਾਰ ਹੀ ਹੋ ਰਿਹਾ ਹੈ ਪਰ ਕੈਲੰਡਰ ਸਬੰਧੀ ਚਿੰਤਤ ਕਿਤਨੇ ਹੀ ਗੁਰਸਿੱਖ ਬੜੀ ਗੰਭੀਰਤਾ ਨਾਲ ਸਾਡੇ ਸਭਨਾ ਦੇ ਪੱਤਰਾਂ ਅਤੇ ਜਵਾਬ-ਉਲ-ਜਵਾਬ ਦੀ ਆਪਣੇ ਆਪਣੇ ਢੰਗ ਨਾਲ ਪਰਖ ਪੜਚੋਲ ਕਰ ਰਹੇ ਹਨ। ਸੋ ਤੁਹਾਡੇ ਘਰ ਅਸੀਂ ਦੋ ਵਿਅਕਤੀ ਵੱਖਰੇ ਵੱਖਰੇ ਆ ਕੇ ਕੈਲੰਡਰ ਦਾ ਮਸਲਾ ਕਦਾਚਿਤ ਵੀ ਹੱਲ ਨਹੀਂ ਕਰ ਸਕਦੇ। ਢੁਕਵਾਂ ਤਰੀਕਾ ਇਹੋ ਹੈ ਕਿ ਲਿਖਤੀ ਸਵਾਲ ਜਵਾਬ ਇਸੇ ਤਰ੍ਹਾਂ ਚਲਦੇ ਰਹਿਣੇ ਚਾਹੀਦੇ ਹਨ ਤੇ ਦਿਲਚਸਪੀ ਰੱਖਣ ਵਾਲਾ ਹਰ ਗੁਰਸਿੱਖ ਘਰ ਬੈਠਿਆਂ ਹੀ ਇਨ੍ਹਾਂ ਨੂੰ ਤਰਤੀਬਵਾਰ ਪੜ੍ਹ ਕੇ ਠੀਕ ਗਲਤ ਦਾ ਫੈਸਲਾ ਕਰ ਸਕੇ। ਹਾਂ ਜੇ ਤੁਹਾਨੂੰ ਈਮੇਲ ਗਰੁੱਪ ਦੇ ਕਿਸੇ ਮੈਂਬਰ ਦੀ ਸ਼ਬਦਾਵਲੀ ਜਾਂ ਆਪਣੇ ਇਹ ਪੱਤਰ ਅਪਡੇਟ ਕਰ ਰਹੀ ਵੈੱਬ ਸਾਈਟ http://gurparsad.com/category/nanakshahi-calendar-debate/ ’ਤੇ ਇਤਰਾਜ਼ ਹੈ ਤਾਂ ਕਿਸੇ ਵੀ ਇਤਰਾਜਯੋਗ ਸ਼ਬਦ ਵਰਤਣ ਵਾਲੇ ਵਿਅਕਤੀ ਦੀ ਈਮੇਲ ਬਲਾਕ ਕੀਤੀ ਜਾ ਸਕਦੀ ਹੈ ਤੇ ਤੁਹਾਡੀ ਪੁਸਤਕ ਛਪਵਾ ਕੇ ਵੰਡਣ ਵਾਲੇ ਸੰਤ ਸੇਵਾ ਸਿੰਘ ਜਾਂ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਇਸ ਕੰਮ ਲਈ ਵਰਤੀ ਜਾ ਸਕਦੀ ਹੈ। ਸਾਨੂੰ ਕਿਸੇ ਵੀ ਵਿਅਕਤੀ ਜਾਂ ਵੈੱਬ ਸਾਈਟ ’ਤੇ ਕੋਈ ਇਤਰਾਜ ਨਹੀਂ ਹੈ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਹਾਡੀ ਪੁਸਤਕ ਵਿੱਚ ਛਪੀ ਕਿਸੇ ਵੀ ਤਰੀਖ ਸਬੰਧੀ ਪੁੱਛੇ ਸਵਾਲ ਲਈ ਤੁਹਾਡਾ ਜਵਾਬਦੇਹ ਹੋਣਾ ਇਖ਼ਲਾਕੀ ਫਰਜ਼ ਹੈ ਜਿਹੜਾ ਕਿ ਤੁਹਾਨੂੰ ਨਿਭਾਉਣਾ ਚਾਹੀਦਾ ਹੈ। ਹਾਂ, ਜੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਦੇ ਤਾਂ ਆਪਣੀ ਪੁਸਤਕ ਨੂੰ ਵਾਪਸ ਲੈ ਕੇ ਗੱਲ ਨੂੰ ਖਤਮ ਕੀਤਾ ਜਾਵੇ।

2. ਤੁਸੀਂ ਲਿਖਿਆ ਹੈ ਕਿ “ਮੈਂ 1999 ਦਸੰਬਰ ਦੀ ਮੀਟਿੰਗ ਵਿਚ ਤੁਹਾਡੇ ਵਾਲੇ ਸੂਰਜੀ ਕਲੰਡਰ ਦੀਆਂ ਤਾਰੀਖ਼ਾਂ ਅਕਾਲ ਤਖ਼ਤ ’ਤੇ ਹੋਈ ਮੀਟਿੰਗ ਵਿਚ ਪੁਰੇਵਾਲ ਦੀ ਹਾਜ਼ਰੀ ਵਿਚ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਗ਼ਲਤ ਸਿੱਧ ਕਰ ਚੁੱਕਿਆਂ ਹਾਂ। ਜੇ ਜ਼ਰੂਰਤ ਪਈ ਤਾਂ ਅਕਾਲ ਤਖ਼ਤ ਤੇ ਫਿਰ ਸਿੱਧ ਕਰ ਦਿਆਂਗਾ।”

 ਕਰਨਲ ਸਾਹਿਬ ਜੀ ! ਤੁਸੀਂ ਨਾ ਤਾਂ ਕਦੀ ਗਲਤ ਸਿੱਧ ਕਰ ਸਕੇ ਹੋ ਅਤੇ ਨਾ ਹੀ ਗਲਤ ਸਿੱਧ ਕਰ ਸਕਦੇ ਹੋ ਪਰ ਕੇਵਲ ਗਲਤ ਕਹਿਣ ਦੀ ਰੱਟ ਲਾਈ ਹੈ; ਜਿਸ ਨੂੰ ਮੰਨਿਆ ਨਹੀਂ ਸੀ ਗਿਆ। ਜੇ ਗਲਤ ਸਿੱਧ ਕੀਤਾ ਹੁੰਦਾ ਤਾਂ ਉਹ ਜਰੂਰ ਮੰਨਿਆ ਜਾਣਾ ਸੀ। ਜਿਸ ਨਿਯਮ ਰਾਹੀਂ ਗਲਤ ਦੱਸ ਰਹੇ ਹੋ; ਤੁਹਾਡਾ ਉਹ ਨਿਯਮ ਹੀ ਸਿਰੇ ਤੋਂ ਗਲਤ ਹੈ। ਤੁਸੀਂ ਲਿਖ ਰਹੇ ਹੋ “ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਨ ਦੀ ਜੇ ਵਿਗਿਆਨਕ ਢੰਗ ਨਾਲ ਤਰੀਖ ਕੱਢੀ ਹੁੰਦੀ ਤਾਂ ਉਹ 1 ਜਨਵਰੀ / ਨਾਨਕਸ਼ਾਹੀ ਕੈਲੰਡਰ ਦੀ 19 ਪੋਹ ਹੁੰਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਵਾਲੇ ਦਿਨ ਦੀ ਜੂਲੀਅਨ 22.12.1666 ਤਰੀਖ ਵੀ ਸੋਧ ਤੋਂ ਬਾਅਦ 1.1.1667 ਹੀ ਬਣਦੀ ਹੈ।”

ਕਰਨਲ ਸਾਹਿਬ ਜੀ ! ਤੁਹਾਡੀ ਇਹ ਲਿਖਤ ਸਿੱਧ ਕਰਦੀ ਹੈ ਕਿ ਤੁਹਾਨੂੰ ਕੈਲੰਡਰਾਂ ਸਬੰਧੀ ਭੋਰਾ ਭਰ ਵੀ ਗਿਆਨ ਨਹੀਂ ਹੈ। ਕੀ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਕਿ 1666/67 ਵਿੱਚ ਨਾ ਹੀ ਜੂਲੀਅਨ ਕੈਲੰਡਰ ਅਤੇ ਨਾ ਹੀ  ਗ੍ਰੈਗੋਰੀਅਨ ਕੈਲੰਡਰ ਭਾਰਤ ਵਿੱਚ ਲਾਗੂ ਸਨ ਇਸ ਲਈ ਸਾਡੇ ਲਈ ਮੂਲ ਸਰੋਤ 22 ਦਸੰਬਰ ਜਾਂ 1 ਜਨਵਰੀ ਨਹੀਂ ਬਲਕਿ 23 ਪੋਹ ਹੈ; ਇਸ ਲਈ ਗੁਰਪਰਬ ਦੀ ਤਰੀਖ 23 ਪੋਹ ਹੀ ਨਿਸ਼ਚਿਤ ਕਰਨੀ ਹੈ। ਜੇ ਨਾਨਕਸ਼ਾਹੀ ਕੈਲੰਡਰ 1666 ਵਿੱਚ ਲਾਗੂ ਕੀਤਾ ਹੁੰਦਾ ਤਾਂ ਨਾਨਕਸ਼ਾਹੀ 23 ਪੋਹ ਨੂੰ ਸਾਂਝੇ ਕੈਲੰਡਰ ਵਿੱਚ ਤਬਦੀਲ ਕੀਤਿਆਂ ਇਸ ਨੇ 1 ਜਨਵਰੀ ਹੀ ਹੋਣਾ ਸੀ ਅਤੇ 1699 ਦੀ ਵੈਸਾਖੀ 29 ਮਾਰਚ ਦੀ ਥਾਂ 8 ਅਪ੍ਰੈਲ ਹੋਣੀ ਸੀ, ਪਰ ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ 1666 ਵਿੱਚ ਨਹੀਂ ਬਲਕਿ 1999 ਦੀ ਵੈਸਾਖੀ ਨੂੰ ਲਾਗੂ ਕੀਤਾ ਗਿਆ, ਜਿਸ ਦਿਨ 14 ਅਪ੍ਰੈਲ ਸੀ। ਇਸ ਤਰੀਖ ਤੋਂ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਨਿਲ਼ਚਿਤ ਕੀਤੇ ਗਏ ਦਿਨਾਂ ਦੀ ਗਿਣਤੀ ਪੂਰੀ ਕਰਨ ਉਪ੍ਰੰਤ ਅੱਗੇ ਤੋਂ ਹਮੇਸ਼ਾਂ ਲਈ ਨਵੇਂ ਸਾਲ ਦਾ ਅਰੰਭ 1 ਚੇਤ – 14 ਮਾਰਚ, 1 ਵੈਸਾਖ – 14 ਅਪ੍ਰੈਲ  (ਵੈਸਾਖੀ), ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 28 ਜੇਠ – 11 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ – 16 ਜੂਨ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦਾ ਦਿਹਾੜਾ 8 ਪੋਹ – 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ – 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ – 5 ਜਨਵਰੀ ਹੀ ਆਉਂਦਾ ਰਹੇਗਾ ਅਤੇ ਇਸੇ ਤਰ੍ਹਾਂ ਹੀ ਬਾਕੀ ਦੇ ਹੋਰ ਸਾਰੇ ਦਿਹਾੜੇ ਨਿਸ਼ਚਿਤ ਤਰੀਖਾਂ ਨੂੰ ਆਉਂਦੇ ਰਹਿਣਗੇ।

2003 ਤੋਂ 2010 ਤੱਕ ਜਿੰਨਾਂ ਸਮਾਂ ਨਾਨਕਸ਼ਾਹੀ ਕੈਲੰਡਰ ਲਾਗੂ ਰਿਹਾ, ਇਸ ਦੌਰਾਨ ਕਦੀ ਵੀ ਇਸ ਤਰ੍ਹਾਂ ਗੁਰਪੁਰਬ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਪੈਦਾ ਨਹੀਂ ਹੋਇਆ ਜਿਸ ਤਰ੍ਹਾਂ ਧੁੰਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਨਾਲ 2011 ਤੋਂ ਅੱਜ ਤੱਕ ਪੈਦਾ ਹੋ ਰਿਹਾ ਹੈ। ਤੁਹਾਡੀ ਲਿਖਤ ਸਿੱਧ ਕਰਦੀ ਹੈ ਕਿ ਤੁਸੀਂ 23 ਪੋਹ ਨਾਲੋਂ ਅੰਗਰੇਜੀ ਕੈਲੰਡਰ ਦੀ 1 ਜਨਵਰੀ ਨੂੰ ਵੱਧ ਤਰਜ਼ੀਹ ਦੇ ਰਹੇ ਹੋ। ਜਰਾ ਦੱਸਣ ਦੀ ਖੇਚਲ ਤਾਂ ਕਰਨੀ ਕਿ ਦਸੰਬਰ 1999 ਨੂੰ ਅਕਾਲ ਤਖ਼ਤ ਉੱਪਰ ਸ: ਪਾਲ ਸਿੰਘ ਦੀ ਹਾਜਰੀ ਵਿੱਚ ਕਿਹੜੇ ਕੈਲੰਡਰ ਵਿਦਵਾਨਾਂ ਅੱਗੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਨੂੰ ਗਲਤ ਅਤੇ ਆਪਣੇ ਵੱਲੋਂ ਸੁਝਾਈਆਂ ਤਰੀਖਾਂ ਨੂੰ ਸਹੀ ਸਿੱਧ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕਿਹੜੇ ਕਿਹੜੇ ਕੈਲੰਡਰ ਵਿਗਿਆਨੀ ਤੁਹਾਡੇ ਸਬੂਤਾਂ ਨਾਲ ਸਹਿਮਤ ਹੋਏ ਸਨ। ਕਿਸੇ ਸਵਾਲ ਦਾ ਜਵਾਬ ਨਾ ਦੇਣਾ ਅਤੇ ਆਪਣੀਆਂ ਤਰੀਖਾਂ ਨੂੰ ਸਹੀ ਦੱਸਣ ਦੀ ਲਾਈ ‘ਰੱਟ’ ਵਾਸਤੇ ਜੇ ਤੁਸੀਂ ‘ਸਿੱਧ ਕੀਤਾ’ ਸ਼ਬਦ ਵਰਤ ਰਹੇ ਹੋ ਤਾਂ ਇਹ ਸ਼ਬਦਾਂ ਦੀ ਦੁਰਵਰਤੋਂ ਹੈ। ਕਰਨਲ ਸਾਹਿਬ ਜੀ ! ਧਿਆਨ ਨਾਲ ਸੋਚ ਕੇ ਤਾਂ ਵੇਖੋ ਕਿ ਜੇ ਤੁਸੀਂ 1 ਜਨਵਰੀ ਨੂੰ 19 ਪੋਹ ਮੰਨ ਰਹੇ ਹੋ ਤਾਂ ਕੀ 5 ਜਨਵਰੀ ਨੂੰ 23 ਪੋਹ ਨਹੀਂ ਬਣੇਗੀ ? ਤੁਹਾਡੀ ਲਿਖਤ ਤਾਂ ਸਿੱਧ ਕਰਦੀ ਹੈ ਕਿ ਤੁਸੀਂ ਇਤਨੇ ਕਨਫਿਊਜ਼ਡ (Confused) ਵਿਅਕਤੀ ਹੋ, ਕਿ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਤਰਜੀਹ 23 ਪੋਹ ਨੂੰ ਦੇਣੀ ਹੈ ਜਾਂ 1 ਜਨਵਰੀ ਨੂੰ।

ਜੇ ਤੁਸੀਂ 1699 ’ਚ 8 ਅਪ੍ਰੈਲ ਨੂੰ ਆਉਣ ਵਾਲੀ ਵੈਸਾਖੀ ਨੂੰ 1999 ਵਿੱਚ 14 ਅਪ੍ਰੈਲ ਮੰਨ ਸਕਦੇ ਹੋ ਤਾਂ ਕੈਲੰਡਰ ਦੇ ਕਿਹੜੇ ਨਿਯਮਾਂ ਨਾਲ 1 ਜਨਵਰੀ 1667 ਵਾਲੀ 23 ਪੋਹ ਨੂੰ 1999 ਵਿੱਚ 5 ਜਨਵਰੀ ਮੰਨਣ ਤੋਂ ਇਨਕਾਰੀ ਹੋ ਰਹੇ ਹੋ ? ਜੇ ਤੁਸੀਂ ਮੰਨਦੇ ਹੋ ਕਿ ਵੈਸਾਖੀ, 8 ਅਪ੍ਰੈਲ ਦੀ ਬਜਾਏ 14 ਅਪ੍ਰੈਲ ਹੋਣ ਨਾਲ 6 ਦਿਨ ਦਾ ਫਰਕ ਬਣਦਾ ਹੈ ਤਾਂ 23 ਪੋਹ 1 ਜਨਵਰੀ ਦੀ ਥਾਂ 5 ਜਨਵਰੀ ਕਰਨ ਨਾਲ, ਕੇਵਲ 4 ਦਿਨ ਦਾ ਹੀ ਫਰਕ ਕਿਉਂ ? ਭਾਵ ਫਿਰ ਇਹ 6 ਦਿਨ ਦਾ ਫਰਕ ਕਿਉਂ ਨਹੀਂ ? ਤਾਂ ਕੈਲੰਡਰ ਦੇ ਮਾਹਰ ਹੋਣ ਦੇ ਨਾਤੇ ਤੁਹਾਡਾ ਇਹ ਬਹੁਤ ਹੀ ਬੇਸਮਝੀ ਵਾਲਾ ਸਵਾਲ ਹੋਵੇਗਾ ਅਤੇ ਤੁਸੀਂ ਇਸ ਤਰ੍ਹਾਂ ਦੇ ਸਵਾਲ ਕਰ ਵੀ ਰਹੇ ਹੋ ਜਦੋਂ ਕਈ ਥਾਂ ਲਿਖ ਚੁੱਕੇ ਹੋ ਕਿ 1999 ਵਿੱਚ 23 ਪੋਹ 7 ਜਨਵਰੀ ਆਇਆ ਸੀ, ਇਸ ਲਈ ਗੁਰਪੁਰਬ ਦੀ ਤਰੀਖ 23 ਪੋਹ – 7 ਜਨਵਰੀ ਰੱਖਣੀ ਚਾਹੀਦੀ ਸੀ।”

ਨਿਸ਼ਾਨ ਸਾਹਿਬ ਜੀ ! ਬਿਕ੍ਰਮੀ ਕੈਲੰਡਰ ਦੇ ਮਾਹਰ ਵਿਦਵਾਨ ਹੋਣ ਦੇ ਨਾਤੇ, ਕੀ ਤੁਸੀ ਇਸ ਗੱਲ ਤੋਂ ਅਣਜਾਣ ਹੋ, ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਬਦਲ ਜਾਣ ਕਰ ਕੇ ਕੁਝ ਸੰਗਰਾਂਦਾਂ ਵਿੱਚ ਹਰ ਸਾਲ ਹੀ 1 ਜਾਂ 2 ਦਿਨਾਂ ਦਾ ਫਰਕ ਪੈ ਜਾਂਦਾ ਹੈ ਇਸ ਲਈ ਕੁਝ ਤਰੀਖਾਂ ਵਿੱਚ 1-2 ਦਿਨਾਂ ਦਾ ਫਰਕ ਰਹਿਣਾ ਸੁਭਾਵਕ ਹੀ ਹੈ; ਪਰ ਸਾਡੇ ਲਈ 1 ਵੈਸਾਖ ਨਾਨਕਸ਼ਾਹੀ ਸੰਮਤ 531 (14 ਅਪ੍ਰੈਲ 1999) ਤੋਂ ਬਾਅਦ ਬਿਕ੍ਰਮੀ ਕੈਲੰਡਰ ਖਤਮ ਅਤੇ ਸਾਰੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਨਾਲ ਹੀ ਆਉਣਗੀਆਂ ਹਨ, ਜੋ ਹਮੇਸ਼ਾਂ ਹਮੇਸਾਂ ਲਈ ਸਥਿਰ ਰਹਿਣਗੀਆਂ। ਇਸੇ ਕਾਰਨ ਤੁਸੀਂ ਨਾਨਕਸ਼ਾਹੀ ਤਰੀਖਾਂ ਨੂੰ ਗਲਤ ਤਾਂ ਜਰੂਰ ਕਿਹਾ ਸੀ ਪਰ ਸਿੱਧ ਨਾ ਹੀ ਉਸ ਸਮੇਂ ਕਰ ਸਕੇ ਸੀ ਅਤੇ ਨਾ ਹੀ ਅੱਜ ਗਲਤ ਸਿੱਧ ਕਰ ਸਕਦੇ ਹੋ ? ਜੇ ਤੁਹਾਡੇ ਵਿੱਚ ਮਰਦਾਂ ਵਾਲੀ ਹਿੰਮਤ ਹੈ ਤਾਂ ਸ: ਸਰਬਜੀਤ ਸਿੰਘ ਨਾਲ ਕਿਸੇ ਪੰਥਕ ਸਟੇਜ ਜਾਂ ਮੀਡੀਏ ਅੱਗੇ ਬੈਠ ਕੇ ਜਵਾਬ ਦੇਣ ਤੋਂ ਕਿਉਂ ਝਿਜਕ ਰਹੇ ਹੋ ? ਤੁਹਾਡੇ ਆਪਣੇ ਘਰ ਦੀ ਚਾਰ ਦੀਵਾਰੀ ਤੱਕ ਆਪਣੇ ਸਬੂਤਾਂ ਨੂੰ ਸੀਮਤ ਰੱਖਣ ਵਿੱਚ ਤੁਹਾਡੀ ਕੀ ਮਜਬੂਰੀ ਹੈ ?

3. ਤੁਸੀਂ ਮੇਰੇ ਬਾਬਤ ਲਿਖਿਆ ਹੈ: “ਤੁਹਾਡਾ ਇਹ ਦਾਅਵਾ ਕਿ ਗੁਰਪੁਰਬ ਦਰਪਣ ਵਿਚ 30% ਤਾਰੀਖ਼ਾਂ ਗ਼ਲਤ ਹਨ ਮੈਨੂੰ ਬੜਾ ਹੈਰਾਨੀ ਵਾਲਾ ਲੱਗਿਆ। ਗੁਰਪੁਰਬ ਦਰਪਣ ਵਿਚ ਤਕਰੀਬਨ 2700 ਦੇ ਕਰੀਬ ਤਾਰੀਖ਼ਾਂ ਹਨ ਜਿਸ ਦਾ 30% ਤਕਰੀਬਨ 800 ਬਣਦਾ ਹੈ। ਜੇ ਕਰ ਤੁਹਾਨੂੰ ਯਕੀਨ ਹੈ ਕਿ 30% ਤਾਰੀਖ਼ਾਂ ਗ਼ਲਤ ਹਨ ਤਾਂ ਮੈਨੂੰ ਗ਼ਲਤ ਤਾਰੀਖ਼ਾਂ ਅਤੇ ਉਨ੍ਹਾਂ ਦੇ ਮੁਕਾਬਲੇ ਠੀਕ ਤਾਰੀਖ਼ਾਂ ਲਿਖ ਕੇ ਭੇਜ ਦਿਓ”

ਕਰਨਲ ਸਾਹਿਬ ਜੀ !  ਤੁਸੀਂ ਦੱਸੋ ਤਾਂ ਸਹੀ ਕਿ ਆਪਣੀਆਂ ਤਰੀਖਾਂ ਕੈਲੰਡਰ ਦੇ ਕਿਹੜੇ ਨਿਯਮ ਨਾਲ ਕੈਲਕੂਲੇਟ ਕੀਤੀਆਂ ਹਨ ਤਾਂ ਉਹੀ ਨਿਯਮ ਬਾਕੀ ਦੀਆਂ ਤਰੀਖਾਂ ਉੱਪਰ ਲਾਗੂ ਕਰ ਕੇ ਤੁਹਾਡੀਆਂ ਗਲਤ ਤਰੀਖਾਂ ਅਤੇ ਉਨ੍ਹਾਂ ਦੀ ਗਿਣਤੀ ਦੱਸ ਦਿੱਤੀ ਜਾਵੇਗੀ। ਅਸੀਂ ਚਾਰ ਤਰੀਖਾਂ ਦੇ ਫਰਕ ਦੀ ਗੱਲ ਕੀਤੀ ਸੀ ਉਨ੍ਹਾਂ ਵਿੱਚੋਂ ਦੋ (ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ) ਤਾਂ ਸ਼੍ਰੋਮਣੀ ਕਮੇਟੀ ਨੇ ਹੀ ਗਲਤ ਸਿੱਧ ਕਰ ਦਿੱਤੇ ਹਨ ਕਿਉਂਕਿ ਤੁਸੀਂ ਆਪਣੀ ਪੁਸਤਕ ਦੇ ਪੰਨਾ ਨੰ: 85 ’ਤੇ ਇਹ ਦੋਵੇਂ ਦਿਹਾੜੇ ਕਰਮਵਾਰ 8 ਮਈ ਤੇ 19 ਮਈ ਵਿਖਾਏ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜੇ 7 ਜੂਨ ਅਤੇ 17 ਜੂਨ ਨੂੰ ਮਨਾ ਰਹੀ ਹੈ। ਬਿਕ੍ਰਮੀ ਕੈਲੰਡਰ ਦੇ ਇੱਕ ਹੋਰ ਵੱਡੇ ਸਮਰਥਕ ਬਾਬਾ ਬਲਜਿੰਦਰ ਸਿੰਘ (ਈਸ਼ਰ ਮਾਈਕਰੋ ਮੀਡੀਆ ਵਾਲਾ) 2003 ਤੋਂ ਪਹਿਲਾਂ ਵਾਲੇ ਕੈਲੰਡਰ ਨੂੰ ਸਹੀ ਦੱਸ ਰਹੇ ਹਨ। ਜੇ ਉਨਾਂ ਦੀ ਗੱਲ ਮੰਨ ਲਈ ਜਾਵੇ ਤਾਂ ਤੁਹਾਡੀ 19 ਮਈ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੀ ਤਰੀਖ ਗਲਤ ਹੈ ਅਤੇ ਸ਼੍ਰੋਮਣੀ ਕਮੇਟੀ ਦੀ 7 ਜੂਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਵਾਲੀ ਤਰੀਖ ਗਲਤ ਹੈ, ਪਰ ਠੀਕ ਉਹ ਖ਼ੁਦ ਵੀ ਨਹੀਂ ਹਨ ਕਿਉਂਕਿ ਉਨਾਂ ਮੁਤਾਬਕ ਸਿੱਖ ਇਤਿਹਾਸ ਦੀਆਂ ਇਹ ਦੋਵੇਂ ਅਹਿਮ ਘਟਨਾਵਾਂ ਵਿਚਕਾਰ (8 ਮਈ ਤੋਂ 17 ਜੂਨ ਤੱਕ) 40 ਦਿਨਾਂ ਦਾ ਫਰਕ ਹੈ ਜਿਹੜਾ ਕਿ ਇਤਿਹਾਸਕ ਸਚਾਈ ਤੋਂ ਕੋਹਾਂ ਦੂਰ ਹੈ। 40 ਦਿਨਾਂ ਦੇ ਇਸ ਫਰਕ ਨੂੰ ਤੁਸੀਂ ਅਤੇ ਸ਼੍ਰੋਮਣੀ ਕਮੇਟੀ ਵੀ ਗਲਤ ਮੰਨਦੀ ਹੋ, ਇਸੇ ਕਾਰਨ ਤੁਸੀਂ ਕੈਲੰਡਰ ਦੇ ਨਿਯਮਾਂ ਦੀ ਉਲੰਘਨਾ ਕਰ ਕੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਖ ਆਪਣੀ ਮਨਮਰਜੀ ਨਾਲ ਹੀ 19 ਮਈ ਦਰਜ ਕਰ ਲਈ ਅਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀ ਤਰੀਖ 8 ਮਈ, ਕੈਲੰਡਰ ਦੇ ਨਿਯਮਾਂ ਨੂੰ ਭੰਗ ਕਰ ਕੇ 30 ਦਿਨ ਪਿੱਛੇ ਲਟਕਾ ਕੇ ਇਸ ਨੂੰ 7 ਜੂਨ ਮਿਥ ਲਿਆ। ਹੁਣ ਵੇਖਦੇ ਹਾਂ ਕਿ ਬਾਬਾ ਬਲਜਿੰਦਰ ਸਿੰਘ ਜੀ, ਤੁਹਾਡੇ ਦੋਵਾਂ ਵਿੱਚੋਂ ਕਿਸ ਨਾਲ ਸਹਿਮਤ ਹੁੰਦੇ ਹਨ ? ਜੇ ਬਿਕ੍ਰਮੀ ਕੈਲੰਡਰ ਦੇ ਤੁਸੀਂ ਤਿੰਨੇ ਸਮਰਥਕ ਹੀ ਆਪਸ ਵਿੱਚ ਸਹਿਮਤ ਨਹੀਂ ਹੋ ਤਾਂ ਬਿਕ੍ਰਮੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਤਾਂ ਤੁਹਾਡੀਆਂ ਸਾਰੀਆਂ ਤਰੀਖਾਂ ਨੂੰ ਗਲਤ ਕਹਿਣਗੇ ਹੀ ਕਹਿਣਗੇ। ਕੇਵਲ ਵਦੀ ਸੁਦੀ ਦੀਆਂ ਤਿਥਾਂ ਲਿਖ ਕੇ ਆਪਣੇ ਆਪਣੇ ਕੈਲੰਡਰ ਨੂੰ ਸਹੀ ਕਹੀ ਜਾਣਾ ਪਰ ਇਹ ਦੱਸਣ ਤੋਂ ਅਸਮਰਥ ਰਹਿਣਾ ਕਿ ਤੁਹਾਡੀ ਜੇਠ ਵਦੀ 8 ਅਤੇ ਜੇਠ ਸੁਦੀ 4 ਕਦੋਂ ਆਉਣਗੀਆਂ;  ਸਚਾਈ ਤੋਂ ਅੱਖਾਂ ਮੀਟਣ ਦੇ ਤੁਲ ਹੈ ਜਿਹੜਾ ਕਿ ਤੁਹਾਡੇ ਵਰਗੇ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਵਰਗੀ ਸਿੱਖਾਂ ਦੀ ਸਰਬਉੱਚ ਸੰਸਥਾ ਲਈ ਕਦਾਚਿਤ ਸ਼ੋਭਾ ਨਹੀਂ ਦਿੰਦਾ।

4. ਆਪਣੇ ਪੱਤਰ ਦੇ ਨੁਕਤਾ ਨੰ: 4 ਵਿੱਚ ਤੁਸੀਂ ਲਿਖਿਆ ਹੈਕਿ “ ਮੈਂ ਤਾਂ ਆਪਣੀ ਪੁਸਤਕ ਵਿਚ ਪਹਿਲਾਂ ਹੀ ਕਬੂਲ ਕਰ ਚੁੱਕਿਆ ਹਾਂ ਕਿ ”ਭੁੱਲਣ ਅੰਦਰਿ ਸਭੁ ਕੋ……” ਅਤੇ ਗ਼ਲਤੀਆਂ ਦੀ ਸੋਧ ਲਈ ਬੇਨਤੀ ਕੀਤੀ ਹੈ ਪਰ ਤੁਹਾਡੇ ਵੱਲੋਂ ਇਹ ਲਿਖਿਆ ਜਾਣਾ ਕਿ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲ ਸ਼ੇਖ਼ੀ ਮਾਰੀ ਹੈ…… ਇਹੋ ਜਿਹੇ ਸ਼ਬਦ ਲਿਖਣੇ ਤੁਹਾਡੀ ਮੇਰੇ ਪ੍ਰਤੀ ਗ਼ੁੱਸੇ ਅਤੇ ਨਫ਼ਰਤ ਦਾ ਹੀ ਪ੍ਰਤੀਕ ਹਨ।”  

ਕਰਨਲ ਸਾਹਿਬ ਜੀ ! ਤੁਸੀਂ ਆਪਣੇ ਹੀ ਉਪ੍ਰੋਕਤ ਸ਼ਬਦਾਂ ’ਤੇ ਖ਼ਰੇ ਉਤਰਦੇ ਪ੍ਰਤੀਤ ਨਹੀਂ ਹੋ ਰਹੇ। ਸੰਮਤ 550  ਦੇ ਕੈਲੰਡਰ ਵਿੱਚੋਂ ਅਸੀਂ ਤੁਹਾਥੋਂ 4 ਤਰੀਕਾਂ ਬਾਰੇ ਪੁੱਛਿਆ ਸੀ। ਉਨ੍ਹਾਂ ਵਿੱਚੋਂ ਦੋ ਤਰੀਖਾਂ ਤਾਂ ਸ਼੍ਰੋਮਣੀ ਕਮੇਟੀ ਨੇ ਹੀ ਰੱਦ ਕਰ ਦਿੱਤੀਆਂ ਹਨ ਅਤੇ ਤੁਸੀਂ ਲਿਖ ਚੁੱਕੇ ਹੋ ਕਿ “ਸ਼੍ਰੋਮਣੀ ਕਮੇਟੀ ਦੇ ਫੈਸਲੇ ’ਤੇ ਕਿੰਤੂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਇਸ ਦਾ ਭਾਵ ਹੈ ਕਿ ਤੁਸੀਂ ਅਸਿੱਧੇ ਢੰਗ ਨਾਲ ਆਪਣੀਆਂ ਤਰੀਖਾਂ ਨੂੰ ਇਖ਼ਲਾਕੀ ਤੌਰ ’ਤੇ ਗਲਤ ਮੰਨ ਚੁੱਕੇ ਹੋ ਪਰ ਫਿਰ ਵੀ ਤੁਸੀਂ ਆਪਣੀਆਂ ਤਰੀਖਾਂ ਨੂੰ ਸਹੀ ਸਿੱਧ ਕਰਨ ਲਈ ਇੱਕ ਫੌਜੀ ਦੀ ਤਰ੍ਹਾਂ ਡਟੇ ਰਹਿਣ ਦਾ ਕਾਰਨ ਨਹੀਂ ਦੱਸ ਰਹੇ ਤਾਂ ਤੁਹਾਡੇ ਵੱਲੋਂ “ਗ਼ਲਤੀਆਂ ਦੀ ਸੋਧ ਲਈ ਬੇਨਤੀ ਕੀਤੀ ਹੈ” ਲਿਖੇ ਜਾਣ ਦਾ ਕੀ ਅਰਥ ਰਹਿ ਜਾਂਦਾ ਹੈ ਜਦੋਂ ਕਿ ਤੁਸੀਂ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂ ਹੋ।

5. ਨੁਕਤਾ ਨੰ: 5 ਵਿੱਚ ਤੁਸੀਂ ਲਿਖਿਆ ਹੈ ਕਿ “ਕਲੰਡਰ ਜਿਹਾ ਗੰਭੀਰ ਪੰਥਕ ਮੁੱਦਾ ਇੱਕ ਦੂਜੇ ’ਤੇ ਚਿੱਕੜ ਉਛਾਲ ਕੇ ਨਹੀਂ ਸੁਲਝਾਇਆ ਜਾ ਸਕਦਾ। ਇਸ ਲਈ ਬੜੇ ਸੁਹਿਰਦ ਵਾਤਾਵਰਨ ਦੀ ਲੋੜ ਹੁੰਦੀ ਹੈ। ਜੋ ਮੈਨੂੰ ਇਸ ਵਿਚਾਰ ਚਰਚਾ ਵਿਚ ਮਹਿਸੂਸ ਨਹੀਂ ਹੋਇਆ ਇਸੇ ਲਈ ਵਿਚਾਰ ਚਰਚਾ ਤੋਂ ਲਾਂਬੇ ਹੋ ਗਿਆ ਹਾਂ।”

ਨਿਸ਼ਾਨ ਸਾਹਿਬ ਜੀ ! ਮਹਿਸੂਸ ਹੋ ਰਿਹਾ ਹੈ ਕਿ ਹਾਲੀ ਤੱਕ ਤੁਸੀਂ ਆਪਣੇ ਆਪ ਨੂੰ ਵਿਦਵਾਨ ਨਹੀਂ ਬਲਕਿ ਫੌਜੀ ਅਫਸਰ ਹੀ ਸਮਝ ਰਹੇ ਹੋ ! ਫੌਜ ਵਿੱਚ ਕਰਨਲ ਸਾਹਿਬ ਜਿੱਧਰ ਵੀ ਜਾਵੇ ਹਰ ਪਾਸੇ ਸਲੂਟ ਹੀ ਸਲੂਟ ਮਿਲਦੇ ਹਨ ਅਤੇ ਉਸ ਦੀ ਕਮਾਂਡ ਹੇਠਲੇ ਕਿਸੇ ਫੌਜੀ ਦੀ ਹਿੰਮਤ ਨਹੀਂ ਹੁੰਦੀ ਕਿ ਆਪਣੇ ਕਰਨਲ ਦੇ ਹੁਕਮਾਂ ਦੀ ਕੋਈ ਹੁਕਮ ਅਦੂਲੀ ਕਰੇ ਜਾਂ ਉਸ ਨੂੰ ਕੋਈ ਸਵਾਲ ਪੁੱਛ ਸਕੇ ਇਸੇ ਕਾਰਨ ਤੁਹਾਨੂੰ ‘ਜੈੱਸ ਸਰ’ ਸੁਣਨ ਦੀ ਆਦਤ ਹੀ ਪਈ ਹੁੰਦੀ ਹੈ, ਪਰ ਸੇਵਾ ਮੁਕਤ ਹੋਣ ਪਿੱਛੋਂ ਤਾਂ ਸਭ ਬਰਾਬਰ ਹਨ ਅਤੇ ਖਾਸ ਕਰ ਕੇ ਕੈਲੰਡਰ ਵਰਗੇ ਗੰਭੀਰ ਮੁੱਦੇ ’ਤੇ ਜਿਸ ਉੱਪਰ ਕੌਮ, ਦੋ ਹਿੱਸਿਆਂ ਵਿੱਚ ਵੰਡੀ ਪਈ ਹੋਵੇ ਉਸ ਸਮੇਂ ਜਦੋਂ ਕੋਈ ਇੱਕ ਵਿਦਵਾਨ ਇੱਕ ਪੱਖ ਨੂੰ ਪ੍ਰੋਮੋਟ ਕਰ ਰਿਹਾ ਹੋਵੇ ਪਰ ਵਿਰੋਧੀ ਧਿਰ ਦੇ ਸਵਾਲ ਨੂੰ ਇਸ ਤਰ੍ਹਾਂ ਅਣਗੌਲ਼ਿਆ ਕਰੀ ਰੱਖੇ ਜਾਂ ਜਾਣ ਬੁੱਝ ਕੇ ਟਾਲ਼ੀ ਜਾਵੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਤਾਂ ਕੋਈ ਸ: ਅਜੀਤ ਸਿੰਘ ਵਰਗਾ ਵਿਅਕਤੀ ਜਿਹੜਾ 1989 ਭਾਵ ਪਿਛਲੇ 29 ਸਾਲਾਂ ਤੋਂ ਗੁਰਪੁਰਬਾਂ ਦੀਆਂ ਤਰੀਖਾਂ ਪੱਕੇ ਤੌਰ ’ਤੇ ਨਿਸ਼ਚਿਤ ਕਰਨ/ਕਰਵਾਉਣ ਲਈ ਸਿਰ ਤੋੜ ਜਤਨ ਕਰ ਰਿਹਾ ਹੋਵੇ, ਉਸ ਨੂੰ ਸਹੀ ਜਵਾਬ ਨਾ ਮਿਲਣ ਤਾਂ ਆਖਰ ਉਹ ਖਿਝ ਦਾ ਸ਼ਿਕਾਰ ਹੋ ਹੀ ਜਾਂਦਾ ਹੈ ਤੇ ਸਿੱਟੇ ਵਜੋਂ ਕੁਝ ਅਣਸੁਖਾਵੇਂ ਸ਼ਬਦ ਵਰਤ ਹੀ ਲੈਂਦਾ ਹੈ ਭਾਵੇਂ ਕਿ ਅਸੀਂ ਸਮਝਦੇ ਹਾਂ ਕਿ ਅਜਿਹੇ ਸ਼ਬਦ ਸ਼ੋਭਨੀਕ ਨਹੀਂ ਹਨ ਅਤੇ ਨਹੀਂ ਵਰਤਣੇ ਚਾਹੀਦੇ। ਜਿੱਥੋਂ ਤੱਕ ਮੈਨੂੰ ਪਤਾ ਹੈ ਉਸ ਨੇ ਦੁਬਾਰਾ ਅਜੇਹੇ ਸ਼ਬਦ ਵਰਤੇ ਵੀ ਨਹੀਂ ਅਤੇ ਨਾ ਹੀ ਆਪਣੀ ਵੀਚਾਰ ਚਰਚਾ ਵਿੱਚ ਕਦੀ ਹਿੱਸਾ ਲਿਆ ਹੈ ਤਾਂ ਕੀ ਪਿਛਲੇ ਡੇਢ ਮਹੀਨੇ ਤੋਂ ਸ: ਅਜੀਤ ਸਿੰਘ ਦਾ ਨਾਮ ਵਰਤ ਕੇ ਵੀਚਾਰ ਚਰਚਾ ’ਚੋਂ ਪਿੱਛੇ ਹਟ ਜਾਣਾ ਤੁਹਾਨੂੰ ਸ਼ੋਭਾ ਦਿੰਦਾ ਹੈ ? ਅਤੇ ਕੀ ਵੀਚਾਰ ਚਰਚਾ ’ਚੋਂ ਇਸ ਬਹਾਨੇ ਹਟ ਜਾਣਾ ਪੰਥਕ ਹਿਤ ਵਿੱਚ ਹੈ ?  ਨਿਸ਼ਾਨ ਸਾਹਿਬ ਜੀ ! ਗੁਰਮਤਿ ਤਾਂ ਕਹਿੰਦੀ ਹੈ ਕਿ ਸੇਵਕ ਲਈ ਆਪਣਾ ਸ੍ਵੈ-ਮਾਨ ਅਪਮਾਨ ਕੋਈ ਮਾਅਨਾ ਹੀ ਨਹੀਂ ਰੱਖਦਾ ਅਤੇ ਇਸ ਵਿੱਚ ਫਸਿਆ ਮਨੁੱਖ ਆਪਣੇ ਆਪ ਨੂੰ ਸੇਵਕ ਨਹੀਂ ਅਖਵਾ ਸਕਦਾ। ਗੁਰ ਫ਼ੁਰਮਾਨ ਹੈ: “ਮਾਨ ਅਭਿਮਾਨ ਮੰਧੇ ;  ਸੋ, ਸੇਵਕੁ ਨਾਹੀ ॥”  (ਪਾਵਨ ਅੰਕ ੫੧)

ਸੋ ਜੇ ਤੁਸੀਂ ਆਪਣੇ ਆਪ ਨੂੰ ਪੰਥ ਦਾ ਅਤੇ ਗੁਰੂ ਦਾ ਸੇਵਕ ਅਖਵਾਉਂਦੇ ਹੋ ਤਾਂ ਆਪਣੇ ਮਾਨ ਸਨਮਾਨ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਹੁਣ ਤੱਕ ਦੀਆਂ ਸਾਰੀਆਂ ਚਿੱਠੀਆਂ ਦੇ ਲਿਖਤੀ ਜਵਾਬ ਦੇਣ ਅਤੇ ਸ: ਸਰਬਜੀਤ ਸਿੰਘ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਅੱਗੇ ਆਉਣ ਦੀ ਖੇਚਲ ਕਰਨੀ ਬਣਦੀ ਹੈ।

6. ਖਾਸ ਕਰ ਕੇ ਇਹ ਦੱਸਣ ਦੀ ਖੇਚਲ ਵੀ ਕਰਨੀ ਜੀ ਕਿ ਤੁਸੀਂ ਵਾਰ ਵਾਰ ਲਿਖਦੇ ਹੋ ਕਿ ਤੁਸੀਂ ਤਰੀਖਾਂ ਗੁਰਮਤਿ ਅਤੇ ਇਤਿਹਾਸ ਮੁਤਾਬਿਕ ਬਿਲਕੁਲ ਠੀਕ ਨਿਸ਼ਚਿਤ ਕੀਤੀਆਂ ਹਨ। ਇਸ ਲਈ ਤੁਹਾਡੇ ਲਈ ਸਵਾਲ ਹਨ (ਜਿਹੜੇ ਕਿ ਕਈ ਵਾਰ ਪਹਿਲਾਂ ਵੀ ਕਰ ਚੁੱਕੇ ਹਾਂ) ਕਿ ਬਹੁਤ ਘੋਖ ਪੜਤਾਲ ਕਰ ਕੇ ਵੇਖ ਲਿਆ ਹੈ ਪਰ ਮੈਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਵਦੀ, ਸੁਦੀ, ਮਲ ਮਾਸ ਜਾਂ ਸਾਲ ਵਿੱਚ 13 ਮਹੀਨਿਆਂ ਦਾ ਜ਼ਿਕਰ ਕੀਤਾ ਨਹੀਂ ਮਿਲਿਆ। ਮਾਝ ਰਾਗੁ ਅਤੇ ਤਿਲੰਗ ਰਾਗੁ ਵਿੱਚ ਦੋ ਬਾਰਹ ਮਾਹਾ ਦਰਜ ਹਨ ; ਦੋਵਾਂ ਵਿੱਚ ਕੇਵਲ 12-12 ਮਹੀਨਿਆਂ ਦਾ ਜ਼ਿਕਰ ਹੈ ਅਤੇ ਕਿਧਰੇ ਵੀ 13ਵੇਂ ਮਹੀਨੇ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ।

“ਥਿਤੀ ਗਉੜੀ ਮਹਲਾ ੫ ॥” , “ਰਾਗੁ ਗਉੜੀ ਥਿਤੀੰ ਕਬੀਰ ਜੀ ਕੀੰ ॥” ਅਤੇ “ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ” ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ ਜਿਨ੍ਹਾਂ ਵਿੱਚ ਕਰਮ ਅਨੁਸਾਰ ਏਕਮ, ਦੁਤੀਆ, ਤ੍ਰਿਤੀਆ, ਚਾਉਥਿ ਆਦਿਕ ਪੰਦਰਾਂ ਤਿਥਾਂ ਦਾ ਹੀ ਜਿਕਰ ਹੈ ਕਿਸੇ ਵੀ ਤਿਥ ਨਾਲ ਵਦੀ ਜਾਂ ਸੁਦੀ ਸ਼ਬਦ ਦਰਜ ਨਹੀਂ ਹਨ। ਹਾਂ ਇਹ ਜਰੂਰ ਲਿਖਿਆ ਹੈ ਕਿ “ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥” ਨਾ ਹੀ ਕਿਧਰੇ ਇਹ ਲਿਖਿਆ ਹੋਇਆ ਲੱਭਾ ਹੈ ਕਿ ਗੁਰਪੁਰਬ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ ਮੰਨਾਏ ਜਾਣ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮੰਨਾਏ ਜਾਣ, ਪਰ ਤੁਸੀਂ ਜਿਹੜਾ ਕੈਲੰਡਰ ਕੌਮ ’ਤੇ ਠੋਸਣ ਲਈ ਪਿਛਲੇ 20 ਸਾਲਾਂ ਤੋਂ ਸਿਰ ਤੋੜ ਯਤਨ ਕਰ ਰਹੇ ਹੋ ਉਹ ਵਦੀ, ਸੁਦੀ, ਮਲ ਮਾਸ ਭਾਵ 13 ਮਹੀਨਿਆਂ ਵਾਲਾ ਚੰਦਰ-ਸੂਰਜੀ ਕੈਲੰਡਰ ਹੀ ਹੈ।

ਸੋ ਐਸੇ ਕੈਲੰਡਰ ਨੂੰ ਤੁਸੀਂ ਗੁਰਮਤਿ ਅਨੁਸਾਰੀ ਹੋਣ ਦਾ ਸਰਟੀਫਿਕੇਟ ਕਿਸ ਆਧਾਰ ’ਤੇ ਦੇ ਰਹੇ ਹੋ ? ਕੀ ਬਿਕ੍ਰਮੀ ਕੈਲੰਡਰ ਦੀਆਂ ਤਿਥਾਂ ਲਈ ‘ਗੁਰਮਤਿ ਅਨੁਸਾਰ’ ਦੱਸਣਾ ‘ਗੁਰਮਤਿ ਸ਼ਬਦ ਦੀ ਉਸੇ ਤਰ੍ਹਾਂ ਦੁਰਵਰਤੋਂ ਨਹੀਂ ਹੈ ਜਿਸ ਤਰ੍ਹਾਂ ਦਿੱਲੀ ਵਾਲੇ ਦੇਹ ਧਾਰੀ ਭੇਖੀ ਬਾਬੇ ਆਪਣੇ ਲਈ ‘ਨਿਰੰਕਾਰੀ’ ਸ਼ਬਦ ਦੀ ਦੁਰਵਰਤੋਂ ਕਰ ਰਹੇ ਹਨ ? ਤੁਸੀਂ ਇਸ ਸਵਾਲ ਦਾ ਜਵਾਬ ਵੀ ਨਹੀਂ ਦੇ ਰਹੇ ਕਿ ਜੇਕਰ ਵੈਸਾਖੀ ਸੂਰਜੀ ਮਹੀਨੇ ਦੀ 1 ਵੈਸਾਖ ਨੂੰ ਮਨਾਈ ਜਾਂਦੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਅਤੇ ਇਸੇ ਤਰ੍ਹਾਂ ਬਾਕੀ ਦੀਆਂ ਸਾਰੀਆਂ ਤਰੀਖਾਂ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮਨਾਉਣ ਨਾਲ ਇਤਿਹਾਸ ਵਿੱਚ ਕੀ ਵਿਗਾੜ ਪੈ ਜਾਵੇਗਾ ?

                                                                 ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797

ਮਿਤੀ 8 ਮਈ 2018