ਬਿਕ੍ਰਮੀ ਕੈਲੰਡਰ ਦੇ ਦੋ ਕੱਟੜ ਹਿਮਾਇਤੀ; ਗੁਰ ਪੁਰਬ ਦੀਆਂ ਤਰੀਖਾਂ ਸਬੰਧੀ ਨਹੀਂ ਹਨ ਆਪਸ ਵਿੱਚ ਸਹਿਮਤ

0
568

ਬਿਕ੍ਰਮੀ ਕੈਲੰਡਰ ਦੇ ਦੋ ਕੱਟੜ ਹਿਮਾਇਤੀ; ਗੁਰ ਪੁਰਬ ਦੀਆਂ ਤਰੀਖਾਂ ਸਬੰਧੀ ਨਹੀਂ ਹਨ ਆਪਸ ਵਿੱਚ ਸਹਿਮਤ

ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀ ਵਿਦਵਾਨਾਂ ਦੀ ਪੜ੍ਹੋ ਲੜੀਵਾਰ ਵੀਚਾਰ ਚਰਚਾ

ਪੱਤਰ ਨੰ: 1     ਸ: ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ :- ਸੰਮਤ 550 ਨਾਨਕਸ਼ਾਹੀ

ਮਿਤੀ 7 ਚੇਤ, ਸੰਮਤ 550 ਨਾਨਕਸ਼ਾਹੀ (03/20/2018)

ਨਿਸ਼ਾਨ ਜੀ !  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਜਾਰੀ ਕੀਤੇ ਗਏ, ਧੁਮੱਕੜਸ਼ਾਹੀ ਕੈਲੰਡਰ ਮੁਤਾਬਕ, ਜਦੋਂ ਆਪ ਜੀ ਵੱਲੋਂ ਬਣਾਏ ਗਏ ਕੈਲੰਡਰ, “ਸੰਮਤ ਨਾਨਕਸ਼ਾਹੀ 550 ਵਿੱਚ ਆਉਣ ਵਾਲੇ ਪੁਰਬ” (ਗੁਰ ਪੁਰਬ ਦਰਪਣ, ਪੰਨਾ 85) ਦੀ ਪੜਤਾਲ ਕੀਤੀ ਤਾਂ ਕੁਝ ਤਾਰੀਖ਼ਾਂ ਵਿੱਚ ਫ਼ਰਕ ਨਜ਼ਰੀ ਆਇਆ। ਜੋ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ।

‘‘ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ ॥’’ (ਮਾਝ ਬਾਰਹਮਾਹਾ/ਮ: ੫/੧੩੩) ਤੋਂ ਆਰੰਭ ਹੋਣ ਵਾਲਾ ਚੇਤ, ਸੂਰਜੀ ਕੈਲੰਡਰ ਦਾ ਮਹੀਨਾ ਹੈ। ਇਸ ਚੇਤ ਤੋਂ ਹੀ ਸੰਮਤ 550 ਨਾਨਕਸ਼ਾਹੀ ਦਾ ਆਰੰਭ ਹੁੰਦਾ ਹੈ। ਤੁਹਾਡੇ ਕੈਲੰਡਰ ਮੁਤਾਬਕ ਤਾਂ 1 ਚੇਤ ਸੰਮਤ 549 (14 ਮਾਰਚ 2018)  ਦਰਜ ਹੈ, ਇਸ ਲਈ ਇਥੇ ਤਾਂ ਇਕ ਸਾਲ ਦਾ ਫਰਕ ਹੈ।

ਤੁਸੀਂ ਚੇਤ ਸੁਦੀ 1 ਤੋਂ ਸੰਮਤ 550 ਦਾ ਆਰੰਭ ਕੀਤਾ ਹੈ। ਬੇਨਤੀ ਹੈ ਕਿ ਚੇਤ ਸੁਦੀ 1 (18 ਮਾਰਚ) ਚੰਦ ਦੇ ਸਾਲ ਦਾ ਪਹਿਲਾ ਦਿਨ ਹੈ। “ਬਿਕ੍ਰਮੀ ਤਿਥ ਪੱਤ੍ਰਕਾ” ਅਨੁਸਾਰ ਇਸ ਦਿਨ ਤੋਂ ਬਿਕ੍ਰਮੀ 2075 ਦਾ ਆਰੰਭ ਹੁੰਦਾ ਹੈ।  

ਗੁਰਗੱਦੀ ਗੁਰੂ ਤੇਗ ਬਹਾਦਰ ਜੀ ਅਤੇ ਜੋਤੀ ਜੋਤ ਗੁਰੂ ਹਰਿ ਰਾਏ ਜੀ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਤਾਂ 16 ਚੇਤ / 29 ਮਾਰਚ ਨੂੰ ਦਰਜ ਹੈ ਪਰ ਤੁਹਾਡੇ ਕੈਲੰਡਰ ਵਿੱਚ ਇਹ ਦੋਵੇਂ ਦਿਹਾੜੇ 30 ਮਾਰਚ ਦੇ ਦਰਜ ਹਨ।

ਸ਼ਹੀਦੀ ਗੁਰੂ ਅਰਜਨ ਦੇਵ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਤਾਂ 3 ਹਾੜ/ 17 ਜੂਨ ਦੀ ਦਰਜ ਹੈ ਪਰ ਤੁਹਾਡੇ ਕੈਲੰਡਰ ਵਿੱਚ 29 ਮਈ ਦੀ ਤਾਰੀਖ ਦਰਜ ਹੈ। ਇਥੇ ਤਾਂ ਇਕ ਮਹੀਨੇ ਦਾ ਫਰਕ ਹੈ।

ਨਿਸ਼ਾਨ ਜੀ ! ਜਦੋਂ ਇਕ ਦਿਹਾੜੇ ਦੀਆਂ ਤਾਰੀਖ਼ਾਂ, ਦੋ ਕੈਲੰਡਰਾਂ `ਚ ਵੱਖ-ਵੱਖ ਹੋਣ ਤਾਂ ਸਪੱਸ਼ਟ ਹੈ ਕਿ ਦੋਵੇਂ ਸਹੀ ਨਹੀਂ ਹੋ ਸਕਦੀਆਂ। ਇਕ ਕੈਲੰਡਰ ਵਿੱਚ ਦਰਜ ਤਾਰੀਖ਼ਾਂ ਜਰੂਰ ਗਲਤ ਹੀ ਹਨ। ਇਹ ਜਾਣਕਾਰੀ ਸਾਂਝੀ ਕਰਨ ਦੀ ਖੇਚਲ ਕਰੋ, ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਕੀਤਿਆਂ ਗਈਆਂ ਤਾਰੀਖ਼ਾਂ ਗਲਤ ਹਨ ਜਾਂ ਤੁਹਾਡੇ ਵੱਲੋਂ ਬਣਾਏ ਗਏ ਕੈਲੰਡਰ ਦੀਆਂ ਤਾਰੀਖ਼ਾਂ ਗਲਤ ਹਨ ?

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ ਸੰਪਰਕ ਨੰ: +1 916-230-2102