ਮੂਰਤਿ ਹਰਿਗੋਬਿੰਦ ਸਵਾਰੀ
-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8, ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ)-9463132719
ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਲੁਕਾਈ ਨੂੰ ਮਿਆਰੀ, ਪਰਉਪਕਾਰੀ ਅਤੇ ਵਿਵਹਾਰੀ (ਅਮਲੀ) ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਹੈ, ਉੱਥੇ ਸਿਰ ਨੂੰ ਤਲੀ ’ਤੇ ਧਰ ਕੇ ਪ੍ਰੇਮ (ਰੱਬ) ਦੀ ਖੇਡ ਖੇਡਣ ਦੀ ਵੰਗਾਰ ਵੀ ਦਿੱਤੀ ਹੈ। ਇਸ ਖੇਡ ਨੂੰ ਖੇਡਣ ਲਈ ਸੰਤ ਸੁਭਾਅ ਦੇ ਨਾਲ-ਨਾਲ ਸਿਪਾਹੀਅਤ (ਜੂਝਾਰੂ ਬਿਰਤੀ) ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ, ‘‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥’’ (ਮਹਲਾ ੧/੧੪੨)
ਇਸ ਪਤਿ ਦੀ ਸਲਾਮਤੀ ਹਿੱਤ ਅਤੇ ਸਿੱਖੀ ਨੂੰ ਅਣਖ ਦੀ ਪਾਣ ਚੜ੍ਹਾਈ (ਸ਼ਸਤਰਧਾਰੀ ਹੋ ਕੇ) ਰੱਖਣ ਲਈ ਛੇਵੇਂ ਨਾਨਕ; ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਗੁਰਿਆਈ ਦੇ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ; ਜਿਸ ਨੂੰ ਸਿੱਖ ਇਤਿਹਾਸ ’ਚ ਮੀਰੀ ਅਤੇ ਪੀਰੀ ਦਾ ਨਾਂ ਦਿੱਤਾ ਗਿਆ ਹੈ। ਧਰਮ ਅਤੇ ਰਾਜਨੀਤੀ ਦੀ ਇਸ ਨਿਵੇਕਲੀ ਤੇ ਚਿਰਸਥਾਈ ਸਾਂਝ ਨਾਲ ਸਿੱਖ ਧਰਮ ਇਕ ਅਤਿ ਅਣਖੀਲੇ ਅਤੇ ਕ੍ਰਾਂਤੀਕਾਰੀ ਮੋੜ ਵੱਲ ਮੁੜ ਗਿਆ; ਜਿਸ ਨੂੰ ਭਾਈ ਗੁਰਦਾਸ ਜੀ ਨੇ ਇਞ ਬਿਆਨਿਆ ਹੈ :-
ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੮)
ਪੀੜੀ ਭਾਵੇਂ ਸੋਢੀਆਂ ਦੀ ਹੀ ਸੀ ਅਤੇ ਹੁਕਮ ਵੀ ਪੰਚਮ ਪਾਤਿਸ਼ਾਹ ਜੀ ਦਾ ਹੀ ਵਰਤ ਰਿਹਾ ਸੀ, ਪਰ ਅਭਿਆਸੀ ਰੂਪ ’ਚ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿੱਸੇ ਆਇਆ ਹੈ। ਇਸ ਨੂੰ ਅਮਲੀ ਜਾਮਾ ਪਹਿਨਾ ਕੇ ਜਿੱਥੇ ਛੇਵੇਂ ਪਾਤਿਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਫ਼ਿਲਾਸਫ਼ੀ ਦੀ ‘ਸੰਤ ਬਲ’ ਅਤੇ ‘ਰਾਜ ਬਲ’ ਨਾਲ ਆਪਸੀ ਸਾਂਝ ਪੁਆਈ, ਉੱਥੇ ਸੰਤਾਂ ਨੂੰ ਸਿਪਾਹੀ ਬਣਾਉਣ ਵਾਲਾ ਮੁਹਾਂਦਰਾ ਵੀ ਪ੍ਰਦਾਨ ਕੀਤਾ ਕਿਉਂਕਿ ਗੁਰੂ ਸਾਹਿਬ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਗੁਰੂ ਨਾਨਕ ਜੀ ਦੇ ਘਰ ’ਚ ਸੰਤਤਾਈ ਅਤੇ ਸਿਪਾਹੀਅਤ ਇਕੋ ਹੀ ਸਿੱਕੇ ਦੇ ਦੋ ਪਾਸੇ ਹੋਣਗੇ ਭਾਵ ਇਕ ਚੰਗਾ ਸੰਤ; ਇਕ ਚੰਗਾ ਸਿਪਾਹੀ ਅਤੇ ਇਕ ਚੰਗਾ ਸਿਪਾਹੀ ਭੀ ਇਕ ਚੰਗਾ ਸੰਤ ਸਾਬਤ ਹੋ ਸਕਦਾ ਹੈ।
ਗੁਰੂ ਨਾਨਕ ਪਾਤਿਸ਼ਾਹ ਦੀ ਛੇਵੀਂ ਜੋਤਿ ਗੁਰੂ ਹਰਗੋਬਿੰਦ ਜੀ ਦਾ ਜਨਮ ੨੧ ਹਾੜ ਸੰਮਤ ੧੬੫੨ ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਅਤੇ 14 ਜੂਨ ਬਾਰੇ ਵੀ ਹੈ) ਨੂੰ ਇਤਿਹਾਸਿਕ ਸ਼ਹਰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵਸੇ ਨਗਰ ਵਡਾਲੀ (ਗੁਰੂ ਕੀ ਵਡਾਲੀ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ।
ਛੇਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀਆਂ ਜਿੱਥੇ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੇ ਭਰਪੂਰ ਖੁਸ਼ੀਆਂ ਮਨਾਈਆ, ਉੱਥੇ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਅਫ਼ਸੋਸ ਹੋਇਆ। ਇਨ੍ਹਾਂ ਦੋਖੀਆ ’ਚ ਪ੍ਰਮੁੱਖ ਨਾਂ ਪ੍ਰਿਥੀ ਚੰਦ ਦਾ ਸੀ, ਜੋ ਪਰਵਾਰਕ ਤੌਰ ’ਤੇ ਗੁਰੂ ਸਾਹਿਬ ਦੇ ਤਾਇਆ ਜੀ ਲੱਗਦੇ ਸਨ। ਗੁਰਗੱਦੀ ’ਤੇ ਕਬਜ਼ਾ ਕਰਨ ਹਿੱਤ ਈਰਖਾਲੂ ਪ੍ਰਿਥੀ ਚੰਦ; ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਦੀਆਂ ਵਿਓਂਤ ਬੰਦੀਆਂ ਕਰਨ ਲੱਗਾ। ਇਨ੍ਹਾਂ ਵਿਓਂਤ ਬੰਦੀਆਂ ਤਹਿਤ ਪਹਿਲਾਂ ਤਾਂ ਉਸ ਨੇ ਇਕ ਜ਼ਹਰੀਲੇ ਦੁੱਧ ਵਾਲੀ ਦਾਈ ਨੂੰ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ, ਪਰ ਦਾਈ ਦੇ ਦੁੱਧ ਨੂੰ ਲੱਗਾ ਜ਼ਹਰ, ਉਸ ਦੇ ਆਪਣੇ ਆਪ ਲਈ ਹੀ ਘਾਤਕ ਸਾਬਤ ਹੋ ਗਿਆ। ਇਸ ਤੋਂ ਬਾਅਦ ਪ੍ਰਿਥੀਏ ਨੇ ਇਕ ਸਪੇਰੇ ਨੂੰ ਗੰਢ ਲਿਆ। ਉਸ ਨੇ ਬਲਕ ਵੱਲ ਇਕ ਫ਼ਨੀਅਰ ਸੱਪ ਨੂੰ ਛੱਡ ਦਿੱਤਾ, ਪਰ (ਗੁਰੂ) ਹਰਿਗੋਬਿੰਦ ਜੀ ਉਸ ਤੋਂ ਭੀ ਬਚ ਗਏ।
ਗੁਰੂ ਅਰਜਨ ਦੇਵ ਜੀ; ਜੋ ਸਰਬਤ ਦੇ ਭਲੇ ਅਤੇ ਗੁਰਸਿੱਖੀ ਦੇ ਪ੍ਰਚਾਰ ਲਈ ਲਾਹੌਰ ਗਏ ਹੋਏ ਸਨ। ਉਹ ਪਰਵਾਰ ਸਮੇਤ 1597 ਈ: ਨੂੰ ਵਡਾਲੀ ਗੁਰੂ ਕੀ ਵਿਖੇ ਆ ਗਏ। ਵਡਾਲੀ ਤੋਂ ਗੁਰੂ ਜੀ ਨੂੰ ਅੰਮ੍ਰਿਤਸਰ ਆਉਣਾ ਪਿਆ। ਪ੍ਰਿਥੀ ਚੰਦ ਵੀ ਅੰਮ੍ਰਿਤਸਰ ਵਿਖੇ ਰਹਿੰਦਾ ਸੀ। ਉਸ ਦੀਆਂ ਉਕਤ ਦੋ ਕਰਤੂਤਾਂ ਕਾਰਨ, ਉਸ ਦੇ ਹੱਥ ਪੱਲੇ ਤਾਂ ਕੁੱਝ ਨਹੀਂ ਪਿਆ ਸਗੋਂ ਨਮੋਸ਼ੀ ਹੀ ਸਹਿਣੀ ਪਈ। ਇਸ ਵਾਰ ਉਹ ਥੋੜ੍ਹਾ ਜਿਹਾ ਵਧੇਰੇ ਚੌਕਸ ਹੋ ਗਿਆ। ਇਸ ਵਾਰੀ ਉਸ ਨੇ ਬਾਲਕ ’ਤੇ ਤੀਸਰਾ ਹਮਲਾ ਕਰ ਦਿੱਤਾ। ਇਸ ਹਮਲੇ ਤਹਿਤ ਉਸ ਨੇ ਇਕ ਖਿਡਾਵੇ ਨੂੰ ਲਾਲਚ ਦੇ ਕੇ ਬਾਲਕ ਨੂੰ ਦਹੀਂ ’ਚ ਜ਼ਹਰ ਮਿਲਾ ਕੇ ਦੇਣ ਲਈ ਕਿਹਾ, ਪਰ ਬਲਾਕ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਖਿਡਾਵਾ ਕੋਈ ਧੱਕੇਸ਼ਾਹੀ ਕਰਦਾ, ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਵੀ ਉੱਥੇ ਪਹੁੰਚ ਗਏ। ਖਿਡਾਵੇ ਨੂੰ ਆਪਣੀ ਅਤਿ ਨੀਚ ਹਰਕਤ ਦੀ ਕੀਮਤ (ਸੂਲ ਪੈ ਜਾਣ ਕਾਰਨ) ਜਾਨੋਂ ਹੱਥ ਧੋ ਕੇ ਚੁਕਾਉਣੀ ਪਈ।
ਅਕਤੂਬਰ 1605 ਈ: ’ਚ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਉਦਾਰ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ-ਦਿਲ ਅਤੇ ਫਿਰਕਾਪ੍ਰਸਤ ਮੁਸਲਿਮਾਨਾਂ ਦੇ ਹੱਥ ’ਚ ਆ ਗਿਆ। ਇਨ੍ਹਾਂ ਕੱਟੜ ਪੰਥੀਆਂ ਨੇ ਗੈਰ-ਮੁਸਲਿਮਾਨਾਂ ਪ੍ਰਤੀ ਨਫ਼ਰਤ ਭਰਨਾ ਸ਼ੁਰੂ ਕਰ ਦਿੱਤਾ। ਇਸ ਦਾ ਜਵਾਬ ’ਚ ਗੁਰੂ ਅਰਜਨ ਸਾਹਿਬ ਦੇ ਹੁਕਮਾ ਅਨੁਸਾਰ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਧਰਮ-ਫ਼ਲਸਫ਼ਾ ਦ੍ਰਿੜ੍ਹ ਕਰਵਾਇਆ, ਉੱਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਆਦਿਕ ਜੰਗੀ ਕਰਤਬਾਂ ਦੀ ਸਿਖਲਾਈ ਭੀ ਦਿੱਤੀ। ਗੁਰੂ ਸਾਹਿਬ ਆਪਣੀ ਦੂਰ-ਅੰਦੇਸ਼ੀ ਨਾਲ ਭਾਂਪ ਗਏ ਸਨ ਕਿ ਮੁਗਲ ਹਕੂਮਤ ਨਾਲ ਸਿੱਖਾਂ ਨੂੰ ਦੋ ਹੱਥ ਕਰਨੇ ਹੀ ਪੇਣੈ ਹਨ।
6 ਅਪੈ੍ਰਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋਂ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫ਼ਤਿਆਂ ਬਾਅਦ (27 ਅਪ੍ਰੈਲ) ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾ ’ਚ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਖੁਸਰੋ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਦੀ ਫੂਕ ਮਾਰੀ ਗਈ। ਜਹਾਂਗੀਰ ’ਤੇ ਫੂਕ ਦਾ ਐਸਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਮਈ 1606 ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁੱਖੀ ਸਿੱਖਾਂ ਨਾਲ ਤਤਕਾਲੀ ਰਾਜਨੀਤਕ ਹਾਲਤਾਂ ਉੱਪਰ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਸ਼੍ਰੀ ਗਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। ਇਸ ਸਮੇਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇਕ ਮੀਰੀ ਤੇ ਦੂਜੀ ਪੀਰੀ) ਪਹਿਨਾਈਆਂ, ਜੋ ਸੰਸਾਰਕ ਅਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਭਰਦੀਆਂ ਸਨ।
ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਉਮਰ ਭਾਵੇਂ ਅਜੇ 11 ਕੁ ਸਾਲ ਸੀ, ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਸਮਝ ਲਿਆ ਕਿ ਮੁਗਲ ਹਕੂਮਤ ਦੀ ਅਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ। ਐਸੇ ਲੋਕ; ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਭੀ ਕੋਸ਼ਸ਼ ਕਰਨਗੇ। ਹਕੂਮਤ ਦੀ ਇਸ ਰਣਨੀਤੀ ਨੂੰ ਅਸਫ਼ਲ ਕਰਨ ਲਈ ਛੇਵੇਂ ਪਾਤਿਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ; ਜਿਸ ’ਤੇ ਸਫ਼ਲਤਾ ਪੂਰਵਕ ਚੱਲਣ ਲਈ ਮਸੰਦਾਂ ਰਾਹੀ ਆਪਣੇ ਸਿੱਖਾਂ (ਵਿਸ਼ੇਸ਼ ਕਰਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ’ਚੋਂ ਵਧੀਆ ਘੋੜੇ ਅਤੇ ਸ਼ਸਤਰ ਖ਼ਰੀਦ ਕੇ ਭੇਜਿਆ ਕਰਨ। ਇਸ ਤਰ੍ਹਾਂ ਸਿੱਖਾਂ ਕੋਲ ਜਿੱਥੇ ਘੋੜਿਆਂ ਦੀ ਗਿਣਤੀ ’ਚ ਵਾਧਾ ਹੋਇਆ, ਉੱਥੇ ਗੁਰੂ ਘਰ ਦਾ ਅਸਲਾਖਾਨਾ ਵੀ ਚੰਗਿਆਂ ਸ਼ਸਤਰਾਂ ਨਾਲ ਭਰਨ ਲੱਗ ਪਿਆ।
ਘੋੜੇ ਅਤੇ ਹਥਿਆਰ ਦੀ ਵਰਤੋਂ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਭੀ ਯੋਗ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵੱਧਣ ਲੱਗੀ। ਦੂਰੋਂ-ਨੇੜਿਓਂ ਕਈ ਗਭਰੂ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂ ਬੱਧੀ ਪੜਾਅ ਕਰਦੇ ਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰਕੇ ਵਾਪਸ ਘਰ ਪਰਤ ਜਾਂਦੇ।
ਉਸ ਵਕਤ ਫੌਜਾਂ ਰੱਖਣ ਅਤੇ ਸ਼ਿਕਾਰ ਖੇਡਣ ਦਾ ਅਧਿਕਾਰ ਸਿਰਫ ਰਾਜਿਆਂ-ਮਹਾਂ ਰਾਜਿਆਂ ਨੂੰ ਸੀ। ਬਾਕੀਆਂ ਲਈ ਇਹ ਵੰਗਾਰਾਤਮਕ ਸਾਬਤ ਹੋ ਰਹੀਆਂ ਸਨ। ਇਹ ਵੰਗਾਰ; ਉਸ ਵਕਤ ਤਾਂ ਹੋਰ ਵੀ ਸਪਸ਼ਟ ਰੂਪ ਧਾਰਨ ਕਰ ਗਈ ਜਦੋਂ ਜੂਨ 1608 ’ਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ। ਇਸ ਉਸਾਰੀ ਦਾ ਅਰਥ ਅਕਾਲ-ਪੁਰਖ ਦਾ ਸਦੀਵੀ ਸਿੰਘਾਸਨ ਕਾਇਮ ਕਰਨਾ ਸੀ। ਅਕਾਲ ਤਖਤ ਦੇ ਸਾਮ੍ਹਣੇ ਦੋ ਨਿਸ਼ਾਨ ਸਾਹਿਬ (ਰਾਜਨੀਤੀ ਤੇ ਧਰਮ ਦੇ ਪ੍ਰਤੀਕ ਵਜੋਂ) ਸਥਾਪਤ ਕੀਤੇ ਗਏ। ਇਸ ਤਖਤ ਉੱਪਰ ਗੁਰੂ ਹਰਗੋਬਿੰਦ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਤੇ ਸੰਗਤਾਂ ਲਈ ਹੁਕਮਨਾਮੇ ਵੀ ਜਾਰੀ ਕਰਿਆ ਕਰਦੇ ਸਨ। ਇਸ ਤਖਤ ਦੇ ਸਾਮ੍ਹਣੇ ਦੀਵਾਨ ਸਜਾ ਕੇ ਢਾਡੀਆਂ ਦੀਆਂ ਵਾਰਾਂ ਨਾਲ ਸਿੱਖ ਸੰਗਤਾਂ ’ਚ ਬੀਰ ਰਸ ਦਾ ਸੰਚਾਰ ਭੀ ਕੀਤਾ ਜਾਂਦਾ ਸੀ। ਇਸ ਦੇ ਪ੍ਰਭਾਵ ਸਦਕਾ ਸਿੱਖ ਫੌਜੀਆਂ ਦੀ ਗਿਣਤੀ ਕਾਫ਼ੀ ਵਧ ਗਈ ਸੀ। ਜਿਸ ਨੂੰ ਪੰਜ ਕਮਾਡਰਾਂ (ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ, ਭਾਈ ਪੈੜਾ ਅਤੇ ਭਾਈ ਮੋਖਾ ਜੀ) ਦੀ ਕਮਾਂਡ ਹੇਠ ਵੰਡ ਦਿੱਤਾ ਗਿਆ।
ਜਦੋਂ ਜਹਾਂਗੀਰ; ਆਗਰਾ ਛੱਡ ਕੇ ਦੱਖਣੀ ਦਿਸ਼ਾ ਵੱਲ ਗਿਆ ਤਾਂ ਗੁਰੂ ਘਰ ਲਈ ਕੁੱਝ ਸ਼ਾਂਤ ਮਹੌਲ ਰਿਹਾ। ਇਸ ਦਾ ਲਾਹਾ ਗੁਰੂ ਜੀ ਨੇ ਮਾਲਵੇ ਅਤੇ ਦੁਆਬੇ ’ਚ ਸਿੱਖੀ ਦਾ ਪ੍ਰਚਾਰ ਕਰਕੇ ਲਿਆ। ਦੁਆਬੇ ’ਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਨੂੰ ਭਾਗ ਲਗਾਏ। ਪੈਂਦੇ ਖਾਂ ਵੀ ਇੱਥੇ ਹੀ ਗੁਰੂ ਕੀ ਫ਼ੌਜ ’ਚ ਭਰਤੀ ਹੋਇਆ।
ਦੁਆਬੇ ਤੋਂ ਬਾਅਦ ਗੁਰੂ ਜੀ ਆਪਣੇ ਸਾਂਢੂ (ਸਾਂਈ ਦਾਸ) ਦੇ ਪਿੰਡ ‘ਡਰੋਲੀ ਭਾਈ ਕੀ’ ਵਿਖੇ ਆ ਗਏ। ਇੱਥੇ ਆਪ ਨੇ ਜਿੱਥੇ ਲੋੜਵੰਦਾਂ ਦੀ ਸਹਾਇਤਾ ਕੀਤੀ; ਉੱਥੇ ਰੱਬੀ ਬਾਣੀ ਦਾ ਸੰਦੇਸ਼ ਵੀ ਘਰ ਘਰ ’ਚ ਪਹੁੰਚਾਇਆ। ਕਸ਼ਮੀਰ ਨੂੰ ਬੇਸ਼ੱਕ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ, ਪਰ ਥੁੜ੍ਹਾਂ ਮਾਰੀ ਲੁਕਾਈ ਲਈ ਇਹ ਸਵਰਗੀ (ਆਨੰਦ) ਕਿੱਥੋਂ ? ਗਿਲਟੀ ਤਾਪ ਦੀ ਤਪਸ਼ ਨਾਲ ਕਸ਼ਮੀਰ ਦਾ ਗਰੀਬ-ਗੁਰਬਾ ਕੁਰਲਾ ਰਿਹਾ ਸੀ। ਇਹ ਕੁਰਲਾਹਟ ਜਦੋਂ 6ਵੇਂ ਨਾਨਕ ਤੱਕ ਪਹੁੰਚੀ ਤਾਂ ਦੁਖੀਆਂ ਦਾ ਦਰਦ ਵੰਡਾਉਣ ਲਈ ਆਪ ਕਸ਼ਮੀਰ ਪਹੁੰਚ ਗਏ। ਦੇਸ਼-ਪ੍ਰਦੇਸ਼ ਤੋਂ ਆਉਂਦੀ ਦਸਵੰਧ-ਰਕਮ; ਰੋਗੀਆਂ ਲਈ ਭੀ ਵਰਤਣੀ ਆਰੰਭ ਕਰ ਦਿੱਤੀ। ਇੱਥੋਂ ਹੀ ਆਪ ਸਿਆਲਕੋਟ ਅਤੇ ਲਾਹੌਰ ਦੀਆਂ ਸੰਗਤਾਂ ਦੀਆਂ ਤਕਲੀਫ਼ਾਂ ਦੂਰ ਕਰਨ ਲਈ ਜਾਇਆ ਕਰਦੇ ਸਨ।
ਗੁਰੂ ਸਾਹਿਬ ਦੀ ਸੇਵਾ-ਭਾਵਨਾ ਤੇ ਇਨਸਾਫ਼-ਪਸੰਦੀ ਨੂੰ ਦੇਖ ਕੇ ਕਈ ਗ਼ੈਰ ਧਰਮਾਂ (ਖਾਸ ਕਰਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਨਾਲ ਜੁੜਨ ਲੱਗੇ। ਇਹ ਬਦਲਾਅ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋਈ ਜਾ ਰਿਹਾ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਨਜ਼ਰਬੰਦ ਕਰ ਦਿੱਤਾ। ਇਹ ਕਿਲ੍ਹਾ; ਸ਼ਾਹੀ ਕੈਦੀਆਂ ਅਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ’ਤੇ ਬਣਵਾਇਆ ਗਿਆ ਸੀ। ਕਈਆਂ ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਹੀ ਭੇਟ ਚੜ੍ਹ ਜਾਂਦਾ ਸੀ। ਜਦੋਂ ਛੇਵੇਂ ਪਾਤਿਸ਼ਾਹ ਕਿਲੇ੍ਹ ’ਚ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਤੇ ਸ਼ਿਵਾਲਕ ਪਹਾੜੀਆਂ ਦੇ ਰਾਜੇ ਵੀ ਕੈਦ ਕਟ ਰਹੇ ਸਨ। ਇਨ੍ਹਾਂ ਦੀ ਗਿਣਤੀ 52 ਦੇ ਕਰੀਬ ਸੀ। ਗੁਰੂ ਜੀ ਦੀ ਆਮਦ ਨਾਲ ਇਹ ਮਨਹੂਸ ਕਿਲ੍ਹਾ ਇਕ ਧਰਮਸ਼ਾਲਾ ਦਾ ਰੂਪ ਵਟਾ ਗਿਆ। ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਅਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਵਿਚਾਲੇ ਵਾਤਾਵਰਣ ਨੂੰ ਹੀ ਬਦਲ ਕੇ ਰੱਖ ਦਿੱਤਾ। ਇਥੋਂ ਤੱਕ ਕਿ ਕਿਲੇ੍ਹ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਣੋ ਨਾ ਰਹਿ ਸਕਿਆ।
ਇੱਧਰ ਜਦੋਂ ਸੰਗਤਾਂ ਨੂੰ ਆਪਣੇ ਸੱਚੇ ਪਾਤਿਸ਼ਾਹ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ; ਪਿੰਡਾਂ, ਸ਼ਹਰਾਂ ਤੇ ਕਸਬਿਆਂ ’ਚੋਂ ਚੌਕੀਆਂ ਕੱਢ ਕੇ ਕਰਨਾ ਸ਼ੁਰੂ ਕਰ ਦਿੱਤਾ।
ਗੁਰੂ ਸਾਹਿਬ ਦੀ ਗ੍ਰਿਫਤਾਰੀ ਦੀ ਸਭ ਤੋਂ ਵੱਧ ਖੁਸ਼ੀ ਚੰਦੂ ਬ੍ਰਾਹਮਣ ਨੂੰ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਗੁਰੂ ਜੀ ਬਾਹਰ ਆ ਗਏ ਤਾਂ ਉਸ ਨੂੰ ਆਪਣੇ ਕੀਤੇ ਹੋਏ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ (ਭਾਵ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ’ਚ ਨਿਭਾਈ ਗਈ ਇਸ ਦੀ ਭੂਮਿਕਾ ਗੁਰੂ ਘਰ ਵਿਰੁਧ ਸੀ)। ਉਸ ਨੇ ਦਰੋਗੇ ਹਰੀਦਾਸ ਰਾਹੀਂ ਗੁਰੂ ਸਾਹਿਬ ਨੂੰ ਖਤਮ ਕਰਨ ਦਾ ਨਾਕਾਮ ਯਤਨ ਭੀ ਕੀਤਾ।
ਜਹਾਂਗੀਰ ਜੋਬਨ ਰੁੱਤ ਤੋਂ ਹੀ ਸ਼ਰਾਬ-ਪਿਆਲੇ ਦਾ ਸ਼ੌਕੀਨ ਸੀ, ਪਰ ਉਮਰ ਵੱਡੀ ਹੋਣ ਨਾਲ ਉਸ ਨੂੰ ਇਹ ਸ਼ੌਕ ਕੁੱਝ ਮਹਿੰਗਾ ਪੈਣ ਲੱਗਾ। ਲੋੜੋਂ ਵੱਧ ਸੇਵਨ ਸਦਕਾ ਉਹ ਸਖਤ ਬਿਮਾਰ ਹੋ ਗਿਆ। ਜਦੋਂ ਦੁਆ ਅਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬੰਦੇ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਮੁਸੀਬਤ ’ਚ ਫਸੇ ਹੋਣ ਕੀਰਨ ਗੱਲ ਉਸ ਦੇ ਵੀ ਮਨ ਨੂੰ ਜਾ ਲੱਗੀ। ਉਸ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਸਿਆਸੀ ਕੈਦੀ ਰਾਜਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ ‘ਸੱਚੇ ਪਾਤਿਸ਼ਾਹ ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁੱਟਕਾਰਾ ਦਿਵਾ ਦਿਓ’। ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ’ਚੋਂ ਬਾਹਰ ਆਉਣਗੇ ਜੇ ਇਨ੍ਹਾਂ ਸਾਰੇ ਰਾਜਿਆਂ ਨੂੰ ਭੀ ਰਿਹਾ ਕੀਤਾ ਜਾਵੇਗਾ। ਜਹਾਂਗੀਰ ਬਾਦਿਸ਼ਾਹ ਨੇ ਗੁਰੂ ਸਾਹਿਬ ਦੀ ਗੱਲ ਮੰਨਦੇ ਹੋਏ, ਚਿਰਾਂ ਤੋਂ ਬੰਦ ਕੀਤੇ ਹੋਏ ਇਨ੍ਹਾਂ ਸਿਆਸੀ ਰਾਜਿਆਂ ਨੂੰ ਭੀ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ। ਜਿਨ੍ਹਾਂ ਦੀ ਗਿਣਤੀ ਇਤਿਹਾਸ ’ਚ 52 ਦੱਸੀ ਜਾਂਦੀ ਹੈ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਹਰਗੋਬਿੰਦ ਜੀ; ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਥਾਪਤ ਕੀਤੇ ਸਾਂਝੀਵਾਲਤਾ ਦੇ ਸਿਧਾਂਤ ਦੇ ਪਹਿਰੇਦਾਰ ਵੀ ਸਨ। ਇਸ ਪਹਿਰੇਦਾਰੀ ਦੀ ਗਵਾਹੀ ਲਾਹੌਰ ਦੇ ਰਹਿਣ ਵਾਲੇ ਸ਼ਾਹੀ ਕਾਜੀ ਦੀ ਬੇਟੀ ਬੀਬੀ ਕੌਲਾ ਦੇ ਆਪ ਜੀ ਪ੍ਰਤੀ ਪ੍ਰਗਟਾਏ ਪਿਆਰ ਅਤੇ ਸਤਿਕਾਰ ਤੋਂ ਭਲੀ-ਭਾਂਤ ਮਿਲ ਜਾਂਦੀ ਹੈ। ਗੁਰੂ ਘਰ ਪ੍ਰਤੀ ਬੀਬੀ ਕੌਲਾ ਦਾ ਅਥਾਹ ਪਿਆਰ; ਉਸ ਦੇ ਪਿਤਾ ਤੋਂ ਸਹਾਰਿਆ ਨਾ ਗਿਆ ਤੇ ਉਸ ਨੇ ਆਪਣੀ ਲਾਡਲੀ ਦੇ ਖਿਲਾਫ਼ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਇਸ ਫ਼ਤਵੇ ਦੇ ਅਮਲ ’ਚ ਆਉਣ ਤੋਂ ਪਹਿਲਾਂ ਹੀ ਪੰਚਮ ਪਾਤਿਸ਼ਾਹ ਦੇ ਪਰਮ-ਮਿੱਤਰ ਅਤੇ ਗੁਰੂ ਨਾਨਕ ਦੀ ਸੋਚ ਪ੍ਰਤੀ ਆਸਥਾ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਨੇ ਆਪਣੇ ਖਾਸ ਮੁਰੀਦਾਂ ਦੀ ਮਦਦ ਨਾਲ ਬੀਬੀ ਕੌਲਾਂ ਨੂੰ ਅੰਮ੍ਰਿਤਸਰ ਗੁਰੂ ਸਾਹਿਬ ਦੀ ਸ਼ਰਨ ’ਚ ਭੇਜ ਦਿੱਤਾ। ਬਾਬੇ ਨਾਨਕ ਦਾ ਦਰ; ਸ਼ਰਨ ’ਚ ਆਏ ਦੀ ਹਮੇਸ਼ਾ ਲਾਜ ਰੱਖਦਾ ਆਇਆ ਹੈ ਤੇ ਬੀਬੀ ਦੀ ਲਾਜ ਰੱਖਣ ਲਈ ਛੇਵੇਂ ਨਾਨਕ ਨੇ ਉਸ ਦੀ ਰਿਹਾਇਸ਼ ਦਾ ਵੱਖਰਾ ਬੰਦੋਬਸਤ ਕਰ ਦਿੱਤਾ।
ਗੁਰੂ ਸਾਹਿਬ; ਸਿੱਖ ਧਰਮ ਦਾ ਪ੍ਰਚਾਰ ਕੇਂਦਰ ਲਾਹੌਰ ਤੋਂ ਕੁੱਝ ਹਟਾ ਕੇ ਬਣਾਉਣਾ ਚਾਹੁੰਦੇ ਸਨ। ਇਸ ਚਾਹਤ ਲਈ ਉਨ੍ਹਾਂ ਨੇ ਆਪਣੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਦੀ ਪਹਾੜੀ ਇਲਾਕੇ ’ਚ ਕੋਈ ਯੋਗ ਸਥਾਨ ਚੁਣਨ ਦੀ ਸੇਵਾ ਲਗਾਈ। ਬਾਬਾ ਜੀ ਨੇ ਉਹ ਸਥਾਨ; ਰੋਪੜ ਤੋਂ ਨੰਗਲ ਸੜਕ ’ਤੇ ਵੱਸੇ ਨਗਰ (ਸ੍ਰੀ ਕੀਰਤਪੁਰ ਸਾਹਿਬ) ਨੂੰ ਚੁਣਿਆ। ਇਹ ਨਗਰ ਸਿੱਖ ਸਮਾਜ ਲਈ ਬਹੁਤ ਹੀ ਮੁਕੱਦਸ ਅਤੇ ਸਤਿਕਾਰ ਵਾਲਾ ਬਣ ਗਿਆ।
ਗੁਰੂ ਹਰਗੋਬਿੰਦ ਸਾਹਿਬ ਦੀਆਂ ਸਰਗਰਮੀਆਂ; ਜਿਵੇ ਆਪਣੀ ਫੌਜ ਰੱਖਣਾ, ਨਗਾਰਾ ਵਜਾਉਣਾ, ਸ਼ਿਕਾਰ ਖੇਡਣਾ ਤੇ ਕਲਗੀ ਸਜਾ ਕੇ ਸ਼੍ਰੀ ਅਕਾਲ ਤਖ਼ਤ ’ਤੇ ਬੈਠਣਾ ਆਦਿ ਮੁਗਲ ਸਰਕਾਰ ਲਈ ਸਿੱਧੀ ਵੰਗਾਰ ਸੀ।
28 ਅਕਤੂਬਰ 1627 ’ਚ ਜਹਾਂਗੀਰ ਮਰ ਗਿਆ। ਇਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ। ਕੱਟੜ ਪੰਥੀ ਮੁਸਲਿਮਾਨਾਂ ਨੂੰ ਖੁਸ਼ ਕਰਨ ਲਈ ਉਸ ਨੇ ਗੈਰ ਮੁਸਲਿਮ ਭਾਈਚਾਰੇ ’ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਨੂੰ ਠੱਲ ਪਾਉਣ ਲਈ ਆਪ ਨੂੰ ਸਮੇ-ਸਮੇਂ ਕਈ ਜੰਗਜੂ ਕਾਰਵਾਈਆਂ/ਲੜਾਈਆਂ ਵੀ ਕਰਨੀਆ ਪਈਆ; ਜਿਵੇਂ ਕਿ ਆਪ ਨੂੰ ਰੁਹਲੇ (ਸ਼੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ।
ਗੁਰੂ ਸਾਹਿਬ ਦੀ ਦੂਸਰੀ ਜੰਗ ਲੋਹਗੜ੍ਹ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ ਵਿਚਕਾਰ ਹੋਈ। ਇਸ ਲੜਾਈ ’ਚ ਗੁਰੂ ਕੀਆਂ ਫੌਜਾਂ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅਪ੍ਰੈਲ 1634 ਦਾ ਹੈ।
ਤੀਸਰੀ ਲੜਾਈ ਮਰਾਝ ਦੇ ਨਜਦੀਕ ਇਕ ਢਾਬ ਉੱਤੇ ਮੋਰਚੇ ਕਾਇਮ ਕਰਕੇ ਲੜੀ ਗਈ। ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ ਦੋ ਘੋੜਿਆ ਨੂੰ ਲਾਹੌਰ ਦੇ ਕਿਲ੍ਹੇ ’ਚੋ ਕੱਢ ਕੇ ਗੁਰੂ ਦਰਬਾਰ ’ਚ ਅਪੜਾਉਣਾ ਸੀ, ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਹ ਸਮਾਂ ਦੰਸਬਰ 1634 ਦਾ ਹੈ।
ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ, ਜੋ ਸਿੱਖ ਇਤਿਹਾਸ ’ਚ ਅਹਿਮ ਸਥਾਨ ਹੈ। ਇਸ ਜੰਗ ਦਾ ਕਾਰਨ ਸਿੱਖ ਫੌਜ ਦੇ ਇਕ ਸਾਬਕਾ ਜਰਨੈਲ ਪੈਂਦੇ ਖਾਨ ਦੀ ਗੁਰੂ ਘਰ ਨਾਲ ਗਦਾਰੀ ਅਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ। ਸੋ ਇਨ੍ਹਾਂ ਦੁਸ਼ਟਾਂ ਨੇ ਮਿਲਵੇ ਰੂਪ ’ਚ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਇਹ ਜੰਗ ਅਪ੍ਰੈਲ 1635 ’ਚ ਲਗਾਤਾਰ ਤਿੰਨ ਦਿਨ ਚੱਲੀ।
ਗੁਰੂ ਸਾਹਿਬ ਦੀ ਪੰਜਵੀ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ। 29 ਅਪ੍ਰੈਲ 1635 ਈ: ਨੂੰ ਸ਼ਾਹੀ ਫੌਜਾਂ ਨੇ ਗੁਰੂ ਕੀਆਂ ਫੌਜਾਂ ’ਤੇ ਅਚਾਨਕ ਹਮਲਾ ਬੋਲ ਦਿੱਤਾ। ਹਮਲਾ ਭਾਵੇਂ ਕਹਿਰੀ ਸੀ, ਪਰ ਸਿੱਖਾਂ ਨੇ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ। ਇਸ ਤਰ੍ਹਾਂ ਸ਼ਾਹੀ ਫੌਜਾਂ ਨੂੰ ਨਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਉਮਰ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਗਾ ਦਿੱਤੀ। ਇਸ ਵਿੱਚ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ। ਜਿੱਥੇ ਗੁਰੂ ਸਾਹਿਬ ਨੇ ਆਪਣੀ ਕਹਿਣੀ ਤੇ ਕਰਣੀ ਨੂੰ ਇੱਕ ਸਮਾਨ ਰੱਖਿਆ; ਉੱਥੇ ਆਪਣੇ ਵਿਸ਼ਵਾਸ ਪਾਤਰਾਂ ਨੂੰ ਸੇਵਾ ਅਤੇ ਸਿਮਰਨ ਨਾਲ ਵੀ ਜੋੜੀ ਰੱਖਿਆ।
ਆਪਣੀ ਸੰਸਾਰਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਆਪ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਗੁਰਿਆਈ ਬਖ਼ਸ਼ਣ ਤੋਂ ਬਾਅਦ ਆਪ 3 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ।