ਮੁੱਖ ਵਾਕ ਪੰਨਾ ਨੰਬਰ 606
ਸੋਰਠਿ ਮਹਲਾ ੪ ॥
ਆਪੇ ਕੰਡਾ, ਆਪਿ ਤਰਾਜੀ; ਪ੍ਰਭਿ, ਆਪੇ ਤੋਲਿ ਤੋਲਾਇਆ ॥
(ਜਗਤ ਰਚੇਤਾ) ਆਪ ਹੀ (ਸੰਸਾਰ ਦਾ ਸੰਤੁਲਨ ਰੱਖਣ ਵਾਲ਼ਾ) ਕੰਡਾ (ਕੰਟਕ, ਤਰਾਜ਼ੂ ਦੇ ਵਿਚਕਾਰਲੀ ਸੂਈ ਜੋ ਹਮੇਸ਼ਾਂ ਭਾਰ ਵੱਲ ਝੁਕਦੀ ਹੈ) ਹੈ, ਆਪ ਹੀ ਤਰਾਜ਼ੂ ਹੈ। ਪ੍ਰਭੂ ਨੇ ਆਪ ਹੀ ਤੋਲ (ਭਾਰ, ਵੱਟੇ) ਨਾਲ਼ (ਕੁਦਰਤੀ ਸੰਤੁਲਨ ਨੂੰ) ਤੋਲਿਆ ਹੋਇਆ ਹੈ ਭਾਵ ਕਾਬੂ ਜਾਂ ਹੁਕਮ ਵਿੱਚ ਰੱਖਿਆ ਹੋਇਆ ਹੈ।
ਆਪੇ ਸਾਹੁ, ਆਪੇ ਵਣਜਾਰਾ; ਆਪੇ ਵਣਜੁ ਕਰਾਇਆ ॥ ਉਚਾਰਨ ਸੇਧ: ਸ਼ਾਹ।
ਆਪ ਹੀ (ਹੱਟੀ ਵਿੱਚ ਬੈਠਾ) ਸੇਠ ਹੈ ਤੇ ਆਪ ਹੀ (ਹੱਟੀ ’ਤੇ ਵਾਪਾਰ ਕਰਨ ਲਈ ਆਉਣ ਵਾਲ਼ਾ) ਵਪਾਰੀ ਹੈ ਤੇ ਆਪ ਹੀ (ਚੰਗਾ ਮੰਦਾ) ਸੌਦਾ ਖਰੀਦਣ ਲਈ ਪ੍ਰੇਰਦਾ ਹੈ।
ਆਪੇ ਧਰਤੀ ਸਾਜੀਅਨੁ, ਪਿਆਰੈ; ਪਿਛੈ ਟੰਕੁ ਚੜਾਇਆ ॥੧॥ ਉਚਾਰਨ ਸੇਧ: ਚੜ੍ਹਾਇਆ।
ਆਪ ਹੀ ਉਸ ਪਿਆਰੇ (ਪ੍ਰਭੂ) ਨੇ (ਵਸਤੂ ਖਰੀਦਣ ਲਈ) ਧਰਤੀ ਬਣਾਈ ਤੇ (ਕੁਦਰਤ ਦੇ ਸੰਤੁਲਨ ਨੂੰ ਬਣਾਏ ਰੱਖਣ ਲਈ ਤਰਾਜ਼ੂ ਦੇ) ਪਿਛਲੇ (ਦੂਸਰੇ) ਪਾਸੇ ਰਤਾ ਕੁ ਹੀ ਭਾਰ ਰੱਖਿਆ।
(ਨੋਟ: ਚੌਲ਼ਾਂ ਦੇ ਛਿਲਕਾ ਰਹਿਤ 8 ਦਾਣੇ= ਇੱਕ ਰੱਤੀ, 8 ਰੱਤੀ = ਇੱਕ ਮਾਸਾ, 4 ਮਾਸਾ = ਇੱਕ ਟੰਕ ਭਾਰ ਭਾਵ ਤਮਾਮ ਕੁਦਰਤ ਨੂੰ ਕਾਬੂ (ਸੰਤੁਲਨ) ’ਚ ਰੱਖਣ ਲਈ ਤੱਕੜੀ ਦੇ ਦੂਸਰੇ ਪਾਸੇ ਮਾਤਰ ਚਾਰ ਮਾਸੇ ਦਾ ਹੀ ਵੱਟਾ ਪਾਇਆ ਭਾਵ ਪ੍ਰਭੂ ਲਈ ਇਹ ਕਾਰਜ ਬਿਲਕੁਲ ਵੀ ਮੁਸ਼ਕਲ ਨਹੀਂ ਹੈ।)
ਮੇਰੇ ਮਨ ! ਹਰਿ ਹਰਿ ਧਿਆਇ, ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ, ਪਿਆਰਾ; ਗੁਰਿ ਪੂਰੈ, ਮੀਠਾ ਲਾਇਆ ॥ ਰਹਾਉ ॥
ਹੇ ਮੇਰੇ ਮਨ ! ਕੁਦਰਤ ਦੇ ਮਾਲਕ ਹਰੀ ਦਾ ਨਾਮ ਸਦਾ ਯਾਦ ਕਰਕੇ ਅਨੰਦ (ਸਥਿਰਤਾ, ਸ਼ਾਂਤੀ) ਮਿਲਦਾ ਹੈ ਕਿਉਂਕਿ ਹਰੀ ਦਾ ਨਾਮ ਲਾਭਕਾਰੀ ਖ਼ਜ਼ਾਨਾ ਹੈ, ਪਰ ਮਨੁੱਖਾ ਹਿਰਦੇ ਵਿੱਚ ਪੂਰਨ ਗੁਰੂ ਨੇ ਹੀ (ਇਸ ਖ਼ਜ਼ਾਨੇ ਦਾ ਵਣਜ ਕਰਨ ਲਈ) ਤੀਬਰਤਾ ਪੈਦਾ ਕੀਤੀ ਹੈ ਜਾਂ ਕਰਨੀ ਹੈ।
ਆਪੇ ਧਰਤੀ, ਆਪਿ ਜਲੁ, ਪਿਆਰਾ; ਆਪੇ ਕਰੇ ਕਰਾਇਆ ॥
(ਸ੍ਰਿਸ਼ਟੀ ਦਾ ਮਾਲਕ) ਪਿਆਰ ਭਰੀ ਦ੍ਰਿਸ਼ਟੀ ਵਾਲ਼ਾ ਆਪ ਹੀ ਧਰਤੀ (ਮਾਤਾ) ਹੈ ਤੇ ਆਪ ਹੀ ਪਾਣੀ (ਪਿਤਾ ਬਿੰਦ) ਹੈ। ਆਪ ਹੀ (ਜਗਤ ਉਤਪਤੀ) ਕਰਦਾ ਹੈ ਤੇ (ਤਮਾਮ ਕੰਮ) ਕਰਵਾਉਂਦਾ ਹੈ।
ਆਪੇ ਹੁਕਮਿ ਵਰਤਦਾ, ਪਿਆਰਾ; ਜਲੁ ਮਾਟੀ ਬੰਧਿ ਰਖਾਇਆ ॥
ਪਿਆਰਾ ਮਾਲਕ ਆਪ ਹੀ (ਸੇਵਕ ਬਣ) ਹੁਕਮ ਵਿੱਚ ਜੀਵਨ ਬਤੀਤ ਕਰਦਾ ਹੈ ਤੇ ਜਲ (ਅੰਮ੍ਰਿਤ ਨਾਮ, ਆਪਣੀ ਹੋਂਦ) ਨੂੰ ਮਿੱਟੀ (ਸਰੀਰ, ਆਕਾਰ) ਨਾਲ਼ ਬੰਨ੍ਹ (ਢੱਕ) ਕੇ ਰੱਖਦਾ ਹੈ।
ਆਪੇ ਹੀ ਭਉ ਪਾਇਦਾ, ਪਿਆਰਾ; ਬੰਨਿ ਬਕਰੀ ਸੀਹੁ ਹਢਾਇਆ ॥੨॥ ਉਚਾਰਨ ਸੇਧ: ਪਾਇੰਦਾ, ਬੰਨ੍ਹ, ਸੀਂਹ, ਹੰਢਾਇਆ।
ਪਿਆਰਾ ਮਾਲਕ ਆਪ ਹੀ (ਆਪਣੇ ਵਜੂਦ ਦਾ ਰੱਬੀ ਡਰ-ਅਦਬ ਹਿਰਦੇ) ਪੈਦਾ ਕਰਦਾ ਹੈ। ਆਪ ਹੀ ਬੱਕਰੀ (ਨਿਮਰਤਾ) ਨੇ ਸ਼ੇਰ (ਅਹੰਕਾਰ) ਨੂੰ ਕਾਬੂ ਕਰਕੇ ਰੱਖਿਆ ਹੈ।
(ਨੋਟ: ਟੀਕਾਕਾਰਾਂ ਦੁਆਰਾ ਕੀਤੇ ਗਏ ‘‘ਬੰਨਿ ਬਕਰੀ ਸੀਹੁ ਹਢਾਇਆ’’ ਦੇ ਅਰਥਾਂ ਵਿੱਚੋਂ ਵਿਰੋਧੀ ਸ਼ਕਤੀਆਂ ਦਾ ਸੁਮੇਲ ਵਧੇਰੇ ਪ੍ਰਤੀਤ ਹੁੰਦਾ ਜਾਪਦਾ ਹੈ; ਜਿਵੇਂ ਕਿ ਸ਼ਬਦਾਰਥ ਵਿਦਵਾਨਾਂ ਨੇ ਅਰਥ ਕੀਤੇ ਹਨ ‘ਬੱਕਰੀ ਤੇ ਸ਼ੇਰ ਨੂੰ ਇਕੱਠਾ ਬੰਨ੍ਹ ਕੇ ਤੋਰਦਾ ਹੈ।’, ਪਰ ਇਨ੍ਹਾਂ ਅਰਥਾਂ ’ਚ ਬੱਕਰੀ, ਸ਼ੇਰ ਦੀ ਵਿਰੋਧੀ ਸ਼ਕਤੀ ਨਹੀਂ ਹੋ ਸਕਦੀ, ਤਾਂ ਤੇ ਕੇਵਲ ਸ਼ੇਰ ਦੀ ਬੱਕਰੀ ਨਾਲ਼ ਹਮਦਰਦੀ ਜਤਾਉਣਾ ਹੀ ‘‘ਬੰਨਿ ਬਕਰੀ ਸੀਹੁ ਹਢਾਇਆ’’ ਭਾਵਾਰਥ ਬਣੇਗਾ, ਜੋ ਕਿ ਪੂਰਨ ਸ਼ਬਦਾਰਥ ਨਹੀਂ ਕਿਉਂਕਿ ਬੱਕਰੀ ਨੂੰ ਬੰਨ੍ਹਣ ਦੀ ਕੀ ਜ਼ਰੂਰਤ ਹੈ ?)
ਆਪੇ ਕਾਸਟ, ਆਪਿ ਹਰਿ, ਪਿਆਰਾ; ਵਿਚਿ ਕਾਸਟ ਅਗਨਿ ਰਖਾਇਆ ॥ ਉਚਾਰਨ ਸੇਧ: ਕਾਸ਼ਟ।
ਪਿਆਰਾ ਮਾਲਕ ਆਪ ਹੀ ਲੱਕੜ (ਬਨਸਪਤੀ) ਹੈ ਤੇ ਆਪ ਹੀ ਇਸ ਵਿਚ ਅੱਗ ਰੂਪ ਹੋ ਕੇ ਮੌਜੂਦ ਹੈ।
(ਨੋਟ: ਇਸ ਤੁਕ ਦਾ ਭਾਵਾਰਥ ਦ੍ਰਿਸ਼ਮਾਨ ਦੇ ਚਲਾਇਮਾਨ ਵੱਲ ਸੰਕੇਤ ਕਰਦਾ ਹੈ ਭਾਵ ਜਿਵੇਂ ਲੋਹੇ ਨੂੰ ਜ਼ੰਗ (ਜ਼ੰਗਾਲ ਜਾਂ ਹਵਾ ਤੇ ਨਮੀ ਭਾਵ ਆਕਸੀਜਨ ਲੋਹੇ ਨੂੰ) ਨਸ਼ਟ ਕਰਦੀ ਹੈ, ਇਸੇ ਤਰ੍ਹਾਂ ਹਰਿਆਲੀ (ਬਨਸਪਤੀ) ਨੂੰ ਸੁੱਕਾਪਣ (ਨਮੀ ਰਹਿਤ), ਖ਼ਤਮ ਕਰਦਾ ਹੈ।)
ਆਪੇ ਹੀ ਆਪਿ ਵਰਤਦਾ, ਪਿਆਰਾ; ਭੈ ਅਗਨਿ ਨ ਸਕੈ ਜਲਾਇਆ ॥
(ਖ਼ਤਮ ਹੋਣ ਵਾਲ਼ੀ ਤੇ ਖ਼ਤਮ ਕਰਨ ਵਾਲ਼ੀ ਸ਼ਕਤੀ, ਦੋਵਾਂ ਵਿੱਚ) ਪਿਆਰਾ ਮਾਲਕ ਆਪ ਹੀ ਆਪ ਵਿਆਪਕ (ਮੌਜੂਦ) ਹੈ, (ਇਸ ਲਈ ਖ਼ਤਮ ਕਰਨ ਵਾਲ਼ੀ ਸ਼ਕਤੀ) ਅੱਗ (ਖ਼ੁਸ਼ਕੀ, ਰੁੱਖਾਪਣ; ਰੱਬੀ) ਡਰ ਜਾਂ ਹੁਕਮ ਕਾਰਨ (ਸਮੇਂ ਤੋਂ ਪਹਿਲਾਂ ਬਨਸਪਤੀ ਨੂੰ) ਜਲਾ (ਸਾੜ) ਨਹੀਂ ਸਕਦੀ।
ਆਪੇ ਮਾਰਿ, ਜੀਵਾਇਦਾ ਪਿਆਰਾ; ਸਾਹ ਲੈਦੇ ਸਭਿ, ਲਵਾਇਆ ॥੩॥ ਉਚਾਰਨ ਸੇਧ: ਜੀਵਾਇੰਦਾ, ਲੈਂਦੇ।
ਪਿਆਰਾ ਮਾਲਕ ਆਪ ਹੀ (ਹਰ ਵਸਤੂ ਨੂੰ) ਸੁੱਕਾ ਕੇ ਜੀਵਨ (ਹਰਿਆਲੀ) ਬਖ਼ਸ਼ਦਾ ਹੈ, (ਇਸ ਲਈ ਉਸ ਦੇ) ਪ੍ਰੇਰੇ ਹੋਏ ਹੀ ਤਮਾਮ ਵਜੂਦ ਸੁਆਸ ਲੈਂਦੇ ਹਨ।
ਆਪੇ ਤਾਣੁ ਦੀਬਾਣੁ ਹੈ, ਪਿਆਰਾ; ਆਪੇ, ਕਾਰੈ ਲਾਇਆ ॥
ਪਿਆਰਾ ਮਾਲਕ ਆਪ ਹੀ ਤਾਕਤ ਬਖ਼ਸ਼ਦਾ ਹੈ (ਤੇ ਉਸ ਦੇ ਦੁਰਪ੍ਰਯੋਗ ਉਪਰੰਤ) ਆਪ ਹੀ (ਸਜ਼ਾ ਦੇਣ ਲਈ) ਅਦਾਲਤ ਲਗਾਉਂਦਾ ਹੈ (ਜਿੱਥੋਂ ਮਿਲ਼ੇ ਫਲ਼ ਅਨੁਸਾਰ) ਆਪ ਹੀ (ਮੁੜ ਚੰਗੇ-ਮੰਦੇ) ਕਾਰਜ ਕਰਨ ਵਿੱਚ ਲਗਾ ਦਿੰਦਾ ਹੈ।
ਜਿਉ ਆਪਿ ਚਲਾਏ, ਤਿਉ ਚਲੀਐ ਪਿਆਰੇ ! ਜਿਉ ਹਰਿ ਪ੍ਰਭ ਮੇਰੇ ਭਾਇਆ ॥ ਉਚਾਰਨ ਸੇਧ: ਜਿਉਂ, ਤਿਉਂ।
ਜਿਸ-ਜਿਸ ਤਰ੍ਹਾਂ (ਦੀ ਬਣਾਵਟ) ਮੇਰੇ ਪਿਆਰੇ ਹਰੀ ਮਾਲਕ ਨੂੰ ਪਸੰਦ ਹੈ ਅਤੇ ਜਿਵੇਂ-ਜਿਵੇਂ ਉਹ ਆਪ (ਜੀਵਾਂ ਨੂੰ) ਚਲਾਉਣਾ ਚਾਹੁੰਦਾ ਹੈ, ਵੈਸੇ-ਵੈਸੇ ਹੀ (ਜੀਵਾਂ ਪਾਸੋਂ) ਚੱਲਿਆ ਜਾ ਸਕਦਾ ਹੈ।
ਆਪੇ ਜੰਤੀ ਜੰਤੁ ਹੈ, ਪਿਆਰਾ; ਜਨ ਨਾਨਕ ! ਵਜਹਿ ਵਜਾਇਆ ॥੪॥੪॥ ਸੋਰਠਿ (ਮ: ੪/੬੦੬) ਉਚਾਰਨ ਸੇਧ: ਵਜਹਿਂ।
(ਕਿਉਂਕਿ) ਹੇ ਨਾਨਕ ਜਨ! (ਪਿਆਰਾ ਮਾਲਕ) ਆਪ ਹੀ ਵਾਜਾ ਹੈ ਤੇ ਆਪ ਹੀ ਵਾਜਾ ਵਜਾਉਣ ਵਾਲ਼ਾ ਹੈ (ਸਾਰੇ ਜੀਵ ਵਾਜੇ ਵੈਸੇ ਹੀ) ਵੱਜਦੇ ਹਨ ਜਿਵੇਂ ਉਸ ਨੇ ਵਜਾਏ ਹੋਏ ਹੁੰਦੇ ਹਨ।