ਮੁਖਿ ਆਵਤ ਤਾ ਕੈ ਦੁਰਗੰਧ ॥

0
346

ਮੁਖਿ ਆਵਤ ਤਾ ਕੈ ਦੁਰਗੰਧ ॥

ਗੁਰਦੇਵ ਸਿੰਘ ਸੱਧੇਵਾਲੀਆ

ਕਿਉਕਿ ਵਿਚਾਰਾਂ ਵਿਚ ਦੁਰਗੰਧ ਹੈ। ਜੋ ਅੰਦਰ ਹੋਊ, ਉਹੀ ਬਾਹਰ ਨਿਕਲੂ। ਮੂੰਹ ਯਾਣੀ ਜ਼ਬਾਨ ਤਾਂ ਕੇਵਲ ਜਰੀਆ ਅਸਲ ਵਿਚ ਦੁਰਗੰਧ ਤਾਂ ਵਿਚਾਰਾਂ ਵਿਚੋਂ ਆ ਰਹੀ ਹੈ। ਦੁਰਗੰਧ ਹੁੰਦੀ ਹੀ ਵਿਚਾਰਾਂ ਵਿਚ ਹੈ। ਆਸਾ ਕੀ ਵਾਰ ਵਿਚ ਬਾਬਾ ਜੀ ਆਪਣੇ ਕਹਿੰਦੇ,

ਜੋ ਜੀਇ ਹੋਇ ਸੁ ਉਗਵੈ.. ॥ (ਮ: ੨/੪੭੪)

ਮੂੰਹ ਦੀ ਨਿਕਲੀ ਤਾਂ ਹਵਾ ਹੈ, ਜਿਸ ਨੂੰ ਜ਼ਬਾਨ ਅਤੇ ਦੰਦਾ ਨੇ ਰਲ ਕੇ ਲਫਜਾਂ ਵਿਚ ਘੜਿਆ। ਹਵਾ ਖੁਦ ਹੀ ਲਫਜ ਥੋੜੋਂ ਘੜਦੀ, ਜ਼ਬਾਨ ਤੇ ਦੰਦ ਹਵਾ ਨੂੰ ਆਪੇ ਥੋੜੋਂ ਚਿੱਥ ਕੇ ਲਫਜ ਦਿੰਦੇ। ਪੋਟੇ ਆਪੇ ਥੋੜੋਂ ਚੱਲ ਪੈਂਦੇ ਅੱਖਰਾਂ ’ਤੇ। ਪੋਟਿਆਂ ਨੂੰ ਕੋਈ ਚਲਾ ਰਿਹਾ, ਪੋਟਿਆਂ ਨਾਲ ਕੋਈ ਖੇਡ ਰਿਹੈ ਤੇ ਉਹ ਖੇਡਣ ਵਾਲੇ ਨੇ ਵਿਚਾਰ। ਅੱਖਰ ਹਵਾ ਵਿਚੋਂ ਨਹੀ ਆਉਂਦੇ ਬੰਦੇ ਦੇ ਧੁਰ ਅੰਦਰੋਂ ਆਉਂਦੇ। ਸਕਰੀਨ ਤਾਂ ਇੱਕ ਜਰੀਆ ਹੈ ਮੂਰਤ ਦੇਖਣ ਦਾ, ਵਿੰਡੋ ਤਾਂ ਘੜੀ ਹੋਈ ਮੂਰਤ ਨੂੰ ਦੇਖਣ ਲਈ ਸਾਧਨ ਹੈ, ਅਸਲ ਮੂਰਤਾਂ ਤਾਂ ਪਿੱਛੇ ਪਈਆਂ !

ਵਿਚਾਰਾਂ ਵਿਚਲੀ ਦੁਰਗੰਧ ਜਦ ਅੱਖਰ ਬਣ ਕੇ ਬਾਹਰ ਆਉਂਦੀ ਤਾਂ ਵਾਤਾਵਰਣ ਪ੍ਰਦੂਸ਼ਿਤ ਤਾਂ ਹੋਏਗਾ ਹੀ ਨਾ।

ਦੁਰਗੰਧ ਵਾਲੇ ਬਚਨਾਂ ਤੋਂ ਪਹਿਲਾਂ ਬਾਬਾ ਜੀ ਆਪਣੇ ਇਸ ਪਹਿਰੇ ਵਿਚ ਸਾਕਤ ਤੋਂ ਗੱਲ ਸ਼ੁਰੂ ਕਰਦੇ ਹਨ, ਜਿਵੇਂ

ਬਿਰਥੀ ਸਾਕਤ ਕੀ ਆਰਜਾ ॥ (ਮ: ੫/੨੬੯)

ਸਾਕਤ ਕੇਵਲ ਰੱਬ ਨੂੰ ਨਾ ਮੰਨਣ ਕਾਰਨ ਹੀ ਨਹੀਂ ਹੁੰਦਾ, ਦੁਨੀਆਂ ਉੱਪਰ ‘ਧਾਰਮਿਕ’ ਸਾਕਤਾਂ ਜਿਹੜਾ ਧਮਾਲ ਪਾਇਆ ਹੋਇਆ ਕਿਤੇ ? ਦੂਜਿਆਂ ਸਾਕਤਾਂ ਦੀ ਦੁਰਗੰਧ ਤਾਂ ਜਿਹੜੀ ਹੈ, ਸੋ ਹੈ ਹੀ, ਪਰ ਜਿਹੜੀ ਆਪਣੇ ਵਾਲਿਆਂ ਖਲਾਰੀ ਪਈ !  ਪਹਿਲਾਂ ਤਾਂ ਦੋਸ਼ ਡੇਰਿਆਂ ਉੱਪਰ ਸੀ, ਕਿ ਅਗਿਆਨਤਾ ਦੀ ਦੁਰਗੰਧ ਖਿਲਾਰ ਰਹੇ ਨੇ ਪਰ ਗਿਆਨੀ ਹੋ ਚੁੱਕੇ ? ਜਾਗ ਚੁੱਕੇ ? ਜਾਗਣ ਦਾ ਹੋਕਾ ਦੇਣ ਵਾਲੇ ?

ਨਾ ਸਵਾਲ ਕਦੇ ਮੁੱਕੇ ਨਾ ਜਵਾਬ। ਮੁੱਕ ਸਕਦੇ ਹੀ ਨਹੀ। ਹਜ਼ਾਰਾਂ, ਲੱਖਾਂ, ਕ੍ਰੋੜਾਂ ਸਵਾਲ ਤੇ ਜਵਾਬ ਮਰਦੇ ਤੇ ਜੰਮਦੇ ਬੰਦੇ ਅੰਦਰ ! ਤੁਹਾਡੀ ਦੇਹ ਦੇ ਸੈੱਲਾਂ ਦੀ ਤਰ੍ਹਾਂ। ਮਰਨ ਵਾਲੇ ਹਾਲੇ ਮਰ ਹੀ ਰਹੇ ਹੁੰਦੇ ਹਨ ਕਿ ਨਵੇਂ ਜੰਮ ਵੀ ਪੈਂਦੇ। ਇਵੇਂ ਹੀ ਸਵਾਲ ਨੇ ਤੇ ਉਨ੍ਹਾਂ ਦੇ ਜਵਾਬ। ਇਹ ਜੰਮਣ ਤੇ ਮਰਨ ਦਾ ਗੇੜ ਚੱਲਦਾ ਰਹਿੰਦਾ। ਪਹਿਲਾਂ ਸਵਾਲ ਜੰਮਦੇ ਸਨ ਉਨ੍ਹਾਂ ਦੇ ਦੂਜੇ ਤੱਕ ਪਹੁੰਚਣ ਤੱਕ ਉਈਂ ਮਰ ਜਾਂਦੇ ਸਨ ਪਰ ਹੁਣ ਸਵਾਲ ਉੱਠਿਆ ਨਹੀਂ ਕਿ ਤੁਸੀਂ ਚਾਰ ਉਗਲਾਂ ਮਾਰੀਆਂ ਚੱਲ ਪੂਰੀ ਦੁਨੀਆਂ ਵਿਚ ਤੇ ਅਗਲੇ ਕੋਲੇ ਵੀ ਉਹੀ ਹਥਿਆਰ ਤਿਆਰ। ਬਾਹਾਂ ਟੰਗੀ ਖੜ੍ਹਾ ਅਗਲਾ, ਅਗਲੇ ਜਵਾਬ ਲਈ। ਤੁਹਾਡੇ ਹਾਲੇ ਦੂਜੇ ਸਵਾਲ ਲਈ ਪੋਟਿਆਂ ਵਿਚ ਖੁਰਕ ਹੋ ਹੀ ਰਹੀ ਹੁੰਦੀ ਕਿ ਅਗਲਾ ਜਵਾਬ ਇੱਟ ਦੀ ਤਰ੍ਹਾਂ ਤੁਹਾਡੇ ਮੱਥੇ ਵਿਚ ਮਾਰਦਾ।  ਇਹ ਸਿਲਸਲਾ ਜਿਉਂ ਜਾਰੀ ਹੁੰਦਾ ਕਿ ਫੇਸ ਬੁੱਕਾਂ ਉੱਪਰ ਬਹਿਸਣ ਵਾਲਿਆਂ ਦੀ ਰਾਤਾਂ ਦੀ ਨੀਂਦ ਗਾਇਬ।

ਵਿਚਾਰਾਂ ਦੇ ਇਸ ਅਥਾਹ ਸਾਗਰ ਵਿਚ ਬੜਾ ਕੁਝ ਚੰਗਾ ਵੀ ਪਿਆ ਪਰ ਮੈਂ ਕਿਹੜਾ ਹੇਠਾਂ ਜਾਣਾ। ਹੇਠਾਂ ਜਾਣ ਲਈ ਸਮਾਂ ਲੱਗਣਾ ਮੈਂ ਉੱਪਰੋਂ ਉੱਪਰੋਂ ਜੋ ਹੱਥ ਆਉਂਦਾ ਚੁੱਕ ਚੁੱਕ ਸੁੱਟੀ ਜਾਨਾ ਇੱਕ ਦੂਏ ਵੰਨੀ। ਕਈ ਵਾਰ ਤਾਂ ਇੱਟ ਰੋੜਾ ਵੀ ਜਦ ਹੱਥ ਨਹੀਂ ਲੱਗਦਾ ਤਾਂ ਚਿੱਕੜ ਹੀ ਸਹੀ। ਰੇਤੇ ਦਾ ਬੁੱਕ ਹੀ ਸਹੀ। ਕੁਝ ਤਾਂ ਜਾਣਾ ਚਾਹੀਦਾ ਅਗਲੇ ਵੰਨੀ। ਹਾਰਨ ਲਈ ਪੈਦਾ ਹੋਇਆਂ ਮੈਂ ? ਇੰਨੀ ਵੱਡੀ ਜੰਗ ਚੱਲ ਰਹੀ ਹੋਵੇ ਤਾਂ ਤੁਸੀਂ ਅਗਲੇ ਨੂੰ ਜਵਾਬ ਹੀ ਨਾ ਦੋਵੋ ? ਫਿਰ ਜੋ ਕੁੱਤਾ, ਕੰਜਰਾ, ਹਰਾਮਜ਼ਾਦਾ, ਹਰਾਮਜ਼ਾਦੇ, ਬੂਝੜ, ਬੂਥਲ ਆਉਂਣ ਦਿਉ, ਜੋ ਆਉਂਦੈ ! ਪਿੰਡ ਦੀਆਂ, ਵਿਹੜੇ ਵਾਲੀਆਂ ਵੀ ਸ਼ਰਮਿੰਦੀਆਂ ਹੋ ਜਾਣ।

ਵਿਚਾਰ ਵਿਚ ਹਾਲੇ ਕੋਈ ਸਾਰਥਿਕਤਾ ਨਹੀਂ ਸੀ ਆਈ। ਛੋਟੀ ਜਿਹੀ ਉੱਬੀ ਵੱਜੀ ਸੀ ਸਾਗਰ ਵਿਚ। ਅੰਦਰ ਉਤਰਦਿਆਂ ਹੀ ਮੈਂ ਬੌਂਦਲ ਗਿਆ।  ਮੈਂ ਸੋਚਿਆ ਹੀ ਨਾ ਕਿ ਕਮਲਿਆ  ! ਹੇਠਾਂ ਤਾਂ ਜਾ ਲੈਂਦਾ। ਥੋੜਾ ਉਤਰ ਤਾਂ ਲੈਂਦਾ। ਥੋੜਾ ਗੋਤਾ ਤਾਂ ਖਾ ਲੈਂਦਾ। ਥੋੜਾ ਭਿੱਜ ਤਾਂ ਲੈਂਦਾ। ਪੈਰ ਵੀ ਨਾ ਭਿੱਜੇ ਹਾਲੇ ਤੇ ਤੂੰ ਗਿਆਨ ਦੇ ਅਥਾਹ ਸਾਗਰ ਗੁਰੂ ਨੂੰ ਵੀ ਮਿਣਨ ਲੱਗ ਗਿਆ ? ਹੱਥ ਫੀਤਾ ਫੜ ਲਿਆ ਕਿ ਬੱਸ ਇੰਨਾ ਕੁ ਹੀ ਹੈ। ਆਮ ਜਿਹਾ ਹੀ। ਮੇਰੇ ਕੁ ਵਰਗਾ ਹੀ ਬੱਸ ? ਆਉ ਇਸ ਨੂੰ ਇਥੇ ਖੜ੍ਹ ਕੇ ਸਮਝੀਏ ਜੇ ਸਮਝਣਾ। ਮੇਰੀ ਵਾਲੀ ਥਾਂ ਤੇ ? ਐਵੇਂ ਭੁਲੇਖਾ ਹੀ ਸੀ ਕਿ ਬਹੁਤ ਡੂੰਘਾ ਆਹ ਦੇਖੋ, ਮੈਂ ਮਿਣ ਲਿਆ ਜੇ !

ਇਸ ਹੰਕਾਰ ਨੇ ਕੀ ਕੀਤਾ ਕਿ ਵਿਚਾਰਾਂ ਵਿਚ ਦੁਰਗੰਧ ਭਰ ਗਈ। ਉਹ ਦੁਰਗੰਧ ਲਫ਼ਜ਼ਾਤ ਬਣ ਕੇ ਜਦ ਮੂੰਹ ਉੱਪਰ ਆਈ ਤਾਂ ਵਾਤਾਵਰਣ ਪ੍ਰਦੂਸ਼ਿਤ ਹੋ ਗਿਆ ਵਾਤਾਵਰਣ ਵਿਚ ਬਦਬੂ ਫੈਲ ਗਈ। ਅੱਖਰਾਂ ਦੀ ਬਦਬੂ, ਲਫ਼ਜ਼ਾਂ ਦੀ, ਲਲਕਾਰਿਆਂ ਦੀ ਬਦਬੂ, ਕੰਜਰਾ ਕੁੱਤਿਆ ਦੀ ਬਦਬੂ !

ਉਹ ਵੀ ਛੱਡੋ ਉਧਰ ਦੇਖ, ਦੂਜੇ ਗਿਆਨੀਆਂ ਵੀ ਮੌਜੇ ਲਾਹ ਲਏ ਕਿ ਧੂਹੋ ਇਸ ਨੂੰ। ਹੁਣ ਇੱਕ ਸਾਗਰ ਨੂੰ ਮਿਣਨ ਲਈ ਫੀਤਾ ਫੜੀ ਖੜ੍ਹਾ ਜੀਵ ਕਿੱਡਾ ਕੁ ਹੋ ਸਕਦਾ ਜਿਸ ਨੂੰ ਤੁਸੀਂ ਧੂਣ ਤੁਰ ਪਏ। ਕੋਈ ਘੁੱਗੀ ਨੂੰ ਮਾਰਨ ਲਈ ਤੋਪ ਬੀੜੀ ਖੜ੍ਹਾ ਹੋਵੇ ਉਹ ਕਿੰਨਾ ਕੁ ਸਿਆਣਾ ਹੋਵੇਗਾ ਤੇ ਦੁਰਗੰਧ ਦਾ ਜਵਾਬ ਦੁਰਗੰਧ ਕਿਵੇਂ ਹੋਈ ?